ਔਰਤ ਦਾ ਸਤਿਕਾਰ ਕਰੋ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ ਗੁਰੂ ਨਾਨਕ ਜੀ ਦੇ ਸ਼ਬਦਾਂ ਨੂੰ ਦਿਲ ਤੋਂ ਸਵੀਕਾਰ ਕਰੋ, ਔਰਤ ਹੈ ਜੱਗ ਦੀ ਜਣਨੀ, ਔਰਤ ਦਾ ਸਤਿਕਾਰ ਕਰੋ। ਜੀਵਨ ਦੇ ਵਿੱਚ ਇਸ ਔਰਤ ਦੇ ਹੋਵਣ ਰੂਪ ਅਨੇਕਾਂ, ਮਾਂ ਵੀ ਬਣਨਾ, ਧੀ ਵੀ ਬਣਨਾ, ਪਤਨੀ ਵੀ ਵਿੱਚ...
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਗੁਰੂ ਨਾਨਕ ਜੀ ਦੇ ਸ਼ਬਦਾਂ ਨੂੰ ਦਿਲ ਤੋਂ ਸਵੀਕਾਰ ਕਰੋ,
ਔਰਤ ਹੈ ਜੱਗ ਦੀ ਜਣਨੀ, ਔਰਤ ਦਾ ਸਤਿਕਾਰ ਕਰੋ।
ਜੀਵਨ ਦੇ ਵਿੱਚ ਇਸ ਔਰਤ ਦੇ ਹੋਵਣ ਰੂਪ ਅਨੇਕਾਂ,
ਮਾਂ ਵੀ ਬਣਨਾ, ਧੀ ਵੀ ਬਣਨਾ, ਪਤਨੀ ਵੀ ਵਿੱਚ ਲੇਖਾਂ।
ਮਾਣ ਦਿਓ ਤੇ ਇੱਜ਼ਤ ਵਾਲਾ ਹਰ ਥਾਂ ’ਤੇ ਵਿਹਾਰ ਕਰੋ,
ਔਰਤ ਹੈ ਜੱਗ ਦੀ ਜਣਨੀ ਔਰਤ ਦਾ ਸਤਿਕਾਰ ਕਰੋ।
ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਦੇ ਨਾਲ ਖਲੋਵੇ,
ਫਿਰ ਕਾਹਤੋਂ ਇਹ ਭਾਰ ਹੀਣਤਾ ਵਾਲਾ ਲੋਕੋ ਢੋਹਵੇ।
ਨੀਵੀਂ ਕਹਿ ਕੇ ਔਰਤ ਦੇ ਹਿਰਦੇ ’ਤੇ ਨਾ ਵਾਰ ਕਰੋ,
ਔਰਤ ਹੈ ਜੱਗ ਦੀ ਜਣਨੀ ਔਰਤ ਦਾ ਸਤਿਕਾਰ ਕਰੋ।
ਮਦਰ ਟੈਰੇਸਾ, ਪੀ ਟੀ ਊਸ਼ਾ, ਕਿਰਨ ਬੇਦੀ ਨਾਂ ਦੱਸਾਂ,
ਪ੍ਰਤਿਭਾ ਸਿੰਘ ਤੇ ਦ੍ਰੋਪਤੀ ਮੁਰਮੂ ਜੀ ਨੂੰ ਸਿਜਦੇ ਲੱਖਾਂ।
ਇਸ ਔਰਤ ਦੇ ਰੂਪ ’ਚੋਂ ਸੀਤਾ ਮਾਤਾ ਦਾ ਦੀਦਾਰ ਕਰੋ,
ਔਰਤ ਹੈ ਜੱਗ ਦੀ ਜਣਨੀ ਔਰਤ ਦਾ ਸਤਿਕਾਰ ਕਰੋ।
ਹਰ ਘਰ ਦੀ ਹੀ ਹੋਂਦ ਕਾਇਮ ਹੈ ਇਸ ਔਰਤ ਦੇ ਕਰਕੇ,
ਹਰ ਰਿਸ਼ਤੇ ਨੂੰ ਖ਼ੂਬ ਨਿਭਾਵੇ ਇਹ ਔਰਤ ਜੀਅ ਭਰਕੇ।
ਇਸ ਦੀ ਕੁੱਖ ’ਚ ਹਰ ਰਿਸ਼ਤਾ, ਹਰ ਰਿਸ਼ਤੇ ਨੂੰ ਪਿਆਰ ਕਰੋ,
ਔਰਤ ਹੈ ਜੱਗ ਦੀ ਜਣਨੀ ਔਰਤ ਦਾ ਸਤਿਕਾਰ ਕਰੋ।
ਐ ਦੁਨੀਆ ਦੇ ਲੋਕੋ ਆਓ ਸੋਚ ਨਵੀਂ ਅਪਣਾਈਏ,
ਅਸੀਂ ਔਰਤ ਦਾ ਰੁਤਬਾ, ਅਹੁਦਾ ਹਰ ਥਾਂ ਹੋਰ ਵਧਾਈਏ।
‘ਪਾਰਸ’ ਆਖੇ ਏਸ ਸੋਚ ਦਾ ਦੁਨੀਆ ’ਤੇ ਪ੍ਰਚਾਰ ਕਰੋ,
ਔਰਤ ਹੈ ਜੱਗ ਦੀ ਜਣਨੀ ਔਰਤ ਦਾ ਸਤਿਕਾਰ ਕਰੋ।
ਸੰਪਰਕ: 99888-11681
* * *

