ਬਲਵੰਤ ਗਾਰਗੀ ਨੂੰ ਯਾਦ ਕਰਦਿਆਂ...
ਪੰਜਾਬੀ ਵਾਰਤਕ ਦਾ ਜੌਹਰੀ, ਨਾਟਕਾਂ ਦਾ ਉੱਤਮ ਘਾੜਾ, ਪੰਜਾਬੀ ਭਾਸ਼ਾ ਦਾ ਉੱਚ ਕੋਟੀ ਦਾ ਸ਼ਿਲਪੀ ਅਤੇ ਸਾਹਿਤ ਦਾ ਅਨੋਖਾ ਵਣਜਾਰਾ ਬਲਵੰਤ ਗਾਰਗੀ ਪੰਜਾਬੀ ਸਾਹਿਤ ਦੇ ਖ਼ਜ਼ਾਨੇ ਨੂੰ ਕਦੇ ਨਾ ਮੁੱਕਣ ਵਾਲੀ ਅਮੀਰੀ ਬਖ਼ਸ਼ ਕੇ ਗਿਆ ਹੈ। ਬਲਵੰਤ ਗਾਰਗੀ ਦੀ ਕਲਮ ਨੇ ਪੰਜਾਬੀ ਜਗਤ ਨੂੰ ਉੱਚ ਦਰਜੇ ਦਾ, ਪਾਏਦਾਰ ਅਤੇ ਸ਼ਕਤੀਸ਼ਾਲੀ ਸਾਹਿਤ ਦਿੱਤਾ ਹੈ। ਗਾਰਗੀ ਆਪਣੇ ਨਾਟਕਾਂ ਕਰਕੇ ਵੀ ਜਾਣਿਆ ਜਾਂਦਾ ਹੈ, ਗਲਪ ਕਰਕੇ ਵੀ ਤੇ ਵਾਰਤਕ ਕਰਕੇ ਵੀ। ਉਸ ਦੇ ਲਿਖੇ ਰੇਖਾ-ਚਿੱਤਰਾਂ ਵਿੱਚ ਉਸ ਦੀ ਲੇਖਣੀ ਦਾ ਹੁਨਰ ਕਮਾਲ ਦੇ ਤਲਿੱਸਮ ਜਗਾਉਂਦਾ ਹੈ। ਉਸ ਦੇ ਸਵੈ-ਜੀਵਨੀ ਆਧਾਰਤ ਨਾਵਲ ‘ਨੰਗੀ ਧੁੱਪ’ ਨੇ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਦੇ ਸਾਹਿਤਕ ਹਲਕਿਆਂ ਵਿੱਚ ਭਰਪੂਰ ਚਰਚਾ ਕਰਵਾਈ। ਸਿਰਜਣਾ ਦੇ ਸੁਰਮੇ ਦੀ ਸਲਾਈ ਨਾਲ ਜ਼ਿੰਦਗੀ ਦੀ ਅੱਖ ਨੂੰ ਸਜਾਉਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਅਣਗਿਣਤ ਹੋਣਗੀਆਂ ਪਰ ਇਸ ਸੁਰਮੇ ਨੂੰ ਜਿਵੇਂ ਗਾਰਗੀ ਨੇ ਮਟਕਾਇਆ, ਕੋਈ ਨਹੀਂ ਮਟਕਾ ਸਕਿਆ।
ਆਪਣੇ ਸਮਕਾਲੀ ਕਿਰਦਾਰਾਂ ਨੂੰ ਮੈਟਾਫਰੀ ਬਿਆਨਾਂ ਦੇ ਚੌਖਟੇ ’ਚ ਸਜਾ ਕੇ ਰੇਖਾ ਚਿਤਰਾਂ ’ਚ ਉਲੀਕਣ ਵਾਲੇ ਗਾਰਗੀ ਨੇ ਪੰਜਾਬੀ ਨਾਟਕ ਨੂੰ ਪਹਿਲੀ ਵਾਰ ਕਿਰਦਾਰ ਦੀ ਕਦਰ ਪਾਉਣੀ ਸਿਖਾਈ। ਈਸ਼ਵਰ ਚੰਦਰ ਨੰਦਾ ਦੀ ਲੀਹ ’ਤੇ ਚੱਲਦੇ ਪੰਜਾਬੀ ਨਾਟਕਕਾਰਾਂ ਨੇ ਨਾਟਕ ਨੂੰ ਸਮਕਾਲੀ ਸਥਿਤੀਆਂ ਅਤੇ ਸਮਾਜਿਕ-ਇਤਿਹਾਸਕ ਘਟਨਾਵਾਂ ਤੱਕ ਕੇਂਦਰਿਤ ਰੱਖਿਆ ਸੀ ਪਰ ‘ਲੋਹਾਕੁੱਟ’, ‘ਕੇਸਰੋ’ ਅਤੇ ‘ਕਣਕ ਦੀ ਬੱਲੀ’ ਵਰਗੇ ਨਾਟਕ ਸਿਰਜ ਕੇ ਗਾਰਗੀ ਨੇ ਨਾਟਕ ਵਿੱਚ ਕਿਰਦਾਰ ਦੀ ਜੋ ਅਹਿਮੀਅਤ ਬਣਾਈ, ਉਸ ਨੇ ਨਾਟਕਕਾਰੀ ਅਤੇ ਅਭਿਨੈਕਾਰੀ ਨੂੰ ਨਵੇਂ ਅਰਥ ਦਿੱਤੇ।
ਗਾਰਗੀ ਦਾ ਜਨਮ ਮਾਲਵਾ ਇਲਾਕੇ ਦੇ ਪਿੰਡ ਸ਼ਹਿਣਾ ਵਿੱਚ 4 ਦਸੰਬਰ 1916 ਨੂੰ ਹੋਇਆ। ਬਲਵੰਤ ਗਾਰਗੀ ਬਠਿੰਡਾ ਦੇ ਰੇਤਲੇ ਟਿੱਬਿਆਂ ਵਿੱਚ ਪਲਿਆ। ਲਾਹੌਰ ਦੇ ਐਫ਼.ਸੀ. ਕਾਲਜ ਤੋਂ ਐਮ.ਏ. ਪਾਸ ਕਰਕੇ ਉਸ ਨੇ ਰੇਡੀਓ ਤੇ ਮੰਚ ਲਈ ਨਾਟਕ ਲਿਖੇ। ਦੇਸ਼ ਦੀ ਵੰਡ ਪਿੱਛੋਂ ਉਹ ਦਿੱਲੀ ਆ ਕੇ ਰਹਿਣ ਲੱਗਾ। ਉਸ ਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਅਮਰੀਕਾ ਤੇ ਇੰਗਲੈਂਡ ਵਿੱਚ ਖੇਡੇ ਗਏ ਹਨ। ਉਸ ਨੇ ਅੰਤਰਰਾਸ਼ਟਰੀ ਨਾਟ-ਕਾਨਫ਼ਰੰਸਾਂ ਵਿੱਚ ਜਾ ਕੇ ਭਾਰਤੀ ਤੇ ਪੰਜਾਬੀ ਨਾਟਕ ਦਾ ਨਾਂ ਉੱਚਾ ਕੀਤਾ। 1962 ਵਿੱਚ ਉਸ ਨੂੰ ਪੁਸਤਕ ‘ਰੰਗਮੰਚ’ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਉਸ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾਏ ਤੇ ਉਨ੍ਹਾਂ ਦਾ ਨਿਰਦੇਸ਼ਨ ਵੀ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਥੀਏਟਰ ਡਿਪਾਰਟਮੈਂਟ ਕਾਇਮ ਕੀਤਾ ਤੇ ਅੱਠ ਸਾਲ ਇੱਥੇ ਨਾਟਕ ਖੇਡਦਿਆਂ ਨਵੇਂ ਨਾਟ-ਤਜਰਬੇ ਕੀਤੇ। ਲਾਹੌਰ ਅਤੇ ਅੰਮ੍ਰਿਤਸਰ ਤੋਂ ਸਾਹਿਤ ਦੀ ਜਾਗ ਹਾਸਲ ਕੀਤੀ ਅਤੇ ਲਿਖਣਕਾਰੀ ਦੇ ਅਮਲ ਵਿੱਚ ਪੈ ਗਿਆ। ਬਲਵੰਤ ਗਾਰਗੀ ਅਤੇ ਸੰਤ ਸਿੰਘ ਸੇਖੋਂ ਉਨ੍ਹਾਂ ਮੁੱਢਲੀਆਂ ਪੰਜਾਬੀ ਸ਼ਖ਼ਸੀਅਤਾਂ ’ਚੋਂ ਹਨ ਜਿਨ੍ਹਾਂ ਨੇ ਪੰਜਾਬੀ ਤੋਂ ਪਹਿਲਾਂ ਅੰਗਰੇਜ਼ੀ ਦੀ ਐਮ.ਏ. ਕੀਤੀ ਅਤੇ ਅੰਗਰੇਜ਼ੀ ਸਾਹਿਤ ਤੋਂ ਪ੍ਰੇਰਿਤ ਹੋਏ। ਆਪਣੀ ਜ਼ਿੰਦਗੀ ਕੇ ਕੁਝ ਸੁਨਹਿਰੀ ਵਰ੍ਹੇ ਗਾਰਗੀ ਨੇ ਚੰਡੀਗੜ੍ਹ ’ਚ ਬਿਤਾਏ। ‘ਰੰਗਮੰਚ’ ਤੇ ‘ਲੋਕ ਨਾਟਕ’ ਨਾਂ ਦੀਆਂ ਟਕਸਾਲੀ ਖੋਜ ਪੁਸਤਕਾਂ ਪੰਜਾਬੀ ’ਚ ਲਿਖੀਆਂ ਤੇ ਪੰਜਾਬ ਯੂਨੀਵਰਸਿਟੀ ਵਿੱਚ ਇੰਡੀਅਨ ਥੀਏਟਰ ਵਿਭਾਗ ਦੀ ਚੇਅਰਮੈਨੀ ਸੰਭਾਲੀ। ਯੂਨੀਵਰਸਿਟੀ ਦਾ ਥੀਏਟਰ ਵਿਭਾਗ ਅੱਜ ਜੋ ਹੈ, ਗਾਰਗੀ ਦੀ ਬਦੌਲਤ ਹੈ। ਮੈਨੂੰ ਯਾਦ ਹੈ ਮੁੱਢਲੇ ਸੱਤਰ੍ਹਵਿਆਂ ਵਿੱਚ ਇਸ ਵਿਭਾਗ ਦੀ ਹੋਂਦ ਅਤੇ ਕਾਰਗੁਜ਼ਾਰੀਆਂ ਦੇ ਚਰਚੇ ਚਲਦੀ ਪੌਣ ਦੇ ਬੁੱਲ੍ਹਿਆਂ ’ਚ ਹੁੰਦੇ ਸਨ। ਸਕੱਤਰੇਤ ਦੇ ਆਈ.ਏ.ਐੱਸ. ਅਧਿਕਾਰੀ ਆਪਣੇ ਨਿੱਜੀ ਅਮਲੇ ਨੂੰ ਭੇਜ ਕੇ ਗਾਰਗੀ ਦੇ ਵਿਭਾਗ ਦੀਆਂ ਪ੍ਰੋਡਕਸ਼ਨਾਂ ਦੇ ਕੰਪਲੀਮੈਂਟਰੀ ਪਾਸ ਮੰਗਾਇਆ ਕਰਦੇ ਸਨ ਕਿਉਂਕਿ ਗਾਰਗੀ ਵੱਲੋਂ ਉਨ੍ਹਾਂ ਨੂੰ ਟੈਲੀਫੋਨ ’ਤੇ ਵਧੀਆ ਥੀਏਟਰ ਵੇਖਣ ਆਉਣ ਲਈ ਜ਼ੁਬਾਨੀ ਸੂਚਨਾ ਦਿੱਤੀ ਜਾਂਦੀ ਤੇ ਨਾਲ ਹੀ ਇਹ ਹਦਾਇਤ ਵੀ ਕਰ ਦਿੱਤੀ ਜਾਂਦੀ ਕਿ ਪਾਸ ਮੰਗਵਾਉਣ ਦੀ ਖੇਚਲ ਕਰ ਲਓ। ਇਹ ਗਾਰਗੀ ਦਾ ਆਪਣੇ ਵਿਭਾਗ ਦੀ ਮਸ਼ਹੂਰੀ ਕਰਨ ਦਾ ਢੰਗ ਸੀ। ਉਸ ਨੇ ਥੀਏਟਰ ਨੂੰ ਚੰਡੀਗੜ੍ਹ ਸ਼ਹਿਰ ਦੇ ਸੂਝਵਾਨ ਹਲਕਿਆਂ ’ਚ ਪਾਪੂਲਰ ਕਰ ਦਿੱਤਾ।
ਗਾਰਗੀ ਆਪਣੇ ਸਾਧਾਰਨ ਵਿਹਾਰ ਵਿੱਚ ਸਾਰਿਆਂ ਦਾ ਮਿੱਤਰ ਸੀ। ਛੋਟੇ-ਵੱਡੇ ਹਰ ਉਮਰ ਵਰਗ ਦੇ ਬੰਦੇ ਨਾਲ ਉਸ ਦੀ ਬਣਦੀ ਸੀ। ਉਸ ਦੇ ਚਿਹਰੇ ਦੀ ਮੁਸਕਾਨ ਉਸ ਦੀ ਤੱਕਣੀ ’ਚੋਂ ਡਲ੍ਹਕਾਂ ਮਾਰਦੀ। ਇੱਕ ਹੋਰ ਖਾਸੀਅਤ ਇਹ ਸੀ ਕਿ ਉਹ ਕਦੇ ਵੀ ਉਪ-ਭਾਵੁਕਤਾ ’ਚ ਨਾ ਪਿਆ। ਉਹ ਸੱਤਰ੍ਹਵਿਆਂ-ਅੱਸੀਵਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨਾਟਕ ਕਲਾ ਵਿਭਾਗ ਵਿੱਚ ਵੀ ‘ਵਿਜ਼ਿਟਿੰਗ ਫੈਕਲਟੀ’ ਦੇ ਤੌਰ ’ਤੇ ਆਉਂਦਾ ਰਿਹਾ। ਉਹ ਨਾਟਕ ਨਿਰਦੇਸ਼ਨ ਕਰਦਾ ਵੀ ਕਦੇ ਉੱਚੀ ਨਾ ਬੋਲਦਾ ਤੇ ਨਾ ਹੀ ਸਥਾਪਤ ਨਿਰਦੇਸ਼ਕਾਂ ਵਾਂਗ ਕਿਸੇ ਉੱਚੀ ਥਾਂ ਤੋਂ ਨਿਰਦੇਸ਼ ਦਿੰਦਾ। ਉਹ ਤ੍ਰਿੰਝਣ ’ਚ ਬਹਿ ਕੇ ਫੁਲਕਾਰੀ ਕੱਢਦੀ ਕੁੜੀ ਵਾਂਗ ਵਿਦਿਆਰਥੀਆਂ, ਤਕਨੀਸ਼ੀਅਨਾਂ ਤੇ ਹੋਰ ਅਧਿਆਪਕਾਂ ਆਦਿ ਵਿੱਚ ਰਲ ਜਾਂਦਾ। ਕੰਮ ਦੌਰਾਨ ਜਿਹੜਾ ਵੀ ਗਾਰਗੀ ਨੂੰ ਸਲਾਹ-ਮਸ਼ਵਰਾ ਦੇ ਕੇ ਤਿਲ ਫੁੱਲ ਪਾਉਂਦਾ ਜਾਂਦਾ ਉਹ ਸਭ ਪ੍ਰੋਡਕਸ਼ਨ ਦਾ ਹਿੱਸਾ ਬਣ ਜਾਂਦਾ। ਉਹ ਹਰ ਸਲਾਹ ਖਿੜੇ ਮੱਥੇ ਸੁਣਦਾ ਤੇ ਕਹਿ ਦਿੰਦਾ, ‘ਹਾਂ ਤੁਸੀਂ ਹੀ ਇਹ ਕਰਵਾ ਦਿਓ ਨਾ!’ ਉਹ ਜਦੋਂ ਸਾਡੇ ਕੋਲ ‘ਕਣਕ ਦੀ ਬੱਲੀ’ ਖਿਡਾਉਣ ਆਇਆ ਤਾਂ ਆਪਣੇ ਨਾਵਲ ‘ਨੰਗੀ ਧੁੱਪ’ ਕਰਕੇ ਵਿਵਾਦਾਂ ’ਚ ਘਿਰਿਆ ਹੋਇਆ ਸੀ। ਸ਼ਾਮ ਨੂੰ ਵਿਭਾਗ ਦੇ ਸਟੂਡੀਓ ਜਾਂ ਖੁੱਲ੍ਹੇ ਮੰਚ ’ਤੇ ਨਾਟਕ ਦੀ ਤਿਆਰੀ ਦੌਰਾਨ ਹੋਸਟਲਾਂ ਦੇ ਮੁੰਡੇ (ਕਿਉਂਕਿ ਹੋਸਟਲ ਸਾਹਮਣੇ ਹੀ ਪੈਂਦੇ ਸਨ) ‘ਓ ਗਾਰਗੀ, ਗਾਰਗੀ ਓਏ’ ਕਰਦੇ ਚਾਂਗਰਾਂ ਮਾਰਦੇ, ਹੂਟਿੰਗ ਕਰਦੇ ਪਰ ਗਾਰਗੀ ਕਹਿ ਦਿੰਦਾ, ‘ਆਪਾਂ ਨ੍ਹੀਂ ਇਨ੍ਹਾਂ ਗੱਲਾਂ ਦੀ ਪ੍ਰਵਾਹ ਕਰਦੇ, ਇਨ੍ਹਾਂ ਦੀਆਂ ਤਾਂ ਗਾਲ੍ਹਾਂ ਵੀ ਮੈਨੂੰ ਘਿਉ ਵਾਂਗ ਨੇ।’ ਹੱਦੋਂ ਵੱਧ ਬੇਬਾਕ ਗਾਰਗੀ ਸਦਾ ਸ਼ਾਂਤ ਰਹਿਣ ਵਾਲੀ ਸ਼ਖ਼ਸੀਅਤ ਸੀ।
ਇਸ ਨਾਟਕ ਦੀ ਤਿਆਰੀ ਦੌਰਾਨ ਉਹ ਛੋਟੇ ਜਿਹੇ ਵਿਭਾਗੀ ਸਟੂਡੀਓ ਵਿੱਚ ਘੰਟਿਆਂ-ਬੱਧੀ ਚੁੱਪਚਾਪ ਬੈਠ ਕੇ ਰਿਹਰਸਲ ਦੇਖਦਾ, ਵਿੱਚ-ਵਿੱਚ ਮਹਿੰਦਰ ਕੁਮਾਰ ਡਿਜ਼ਾਈਨਰ ਤੇ ਹੋਰ ਸਹਿ-ਕਲਾਕਾਰਾਂ ਨਾਲ ਉਹ ਸੰਖੇਪ ਗੱਲਬਾਤ ਕਰਦਾ। ਆਮ ਮੰਚ ਨਿਰਦੇਸ਼ਕਾਂ ਵਾਂਗ ਹਦਾਇਤਾਂ ਦੇਣ ਦਾ ਤੌਖ਼ਲਾ ਉਸ ਨੂੰ ਉੱਕਾ ਨਾ ਹੁੰਦਾ। ਅਸੀਂ ਵਿਭਾਗੀ ਅਧਿਆਪਕ ਮਦਦ ਕਰਨ ਲਈ ਬੈਠ ਜਾਂਦੇ ਤਾਂ ਉਹ ਹਰੇਕ ਦੀ ਸਲਾਹ ਨੂੰ ਖਿੜੇ ਮੱਥੇ ਕਬੂਲਦਾ। ਇੰਜ ਸਾਰਿਆਂ ਦੀਆਂ ਸਲਾਹਾਂ ਦਾ ਸ਼ੁਮਾਰ ਕਰ ਕੇ ਅਤੇ ਡਿਜ਼ਾਈਨਿੰਗ ਤੇ ਪੁਸ਼ਾਕਾਂ ’ਤੇ ਚੋਖੇ ਪੈਸੇ ਖਰਚ ਕੇ ਪੇਸ਼ਕਾਰੀ ਦਾ ਰੰਗ ਚੋਖਾ ਹੁੰਦਾ ਜਾਂਦਾ। ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚੋਂ ਗਾਰਗੀ ਆਪਣੀ ਰੋਟੀ ਸਟੂਡੀਓ ਵਿੱਚ ਹੀ ਮੰਗਵਾ ਲੈਂਦਾ। ਸਾਡੇ ਸਾਰਿਆਂ ਦੇ ਨਾਂਹ-ਨਾਂਹ ਕਰਨ ’ਤੇ ਵੀ ਇਕ-ਇਕ ਫੁਲਕਾ ਸਭ ਦੇ ਹੱਥਾਂ ’ਤੇ ਧਰ ਦਿੰਦਾ ਤੇ ਕਹਿੰਦਾ ‘ਮੇਰੇ ਨਾਲ ਖਾਓ।’
ਸਾਲ 1998 ਦੀ ਗੱਲ ਹੈ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਦੋ ਸਾਲ ਲਈ ਫੈਲੋਸ਼ਿਪ ਦੇ ਕੇ ਗਾਰਗੀ ਨੂੰ ਕੈਂਪਸ ਵਿੱਚ ਰਿਹਾਇਸ਼ ਦੇ ਦਿੱਤੀ। ਮੈਂ ਗਾਰਗੀ ਤੋਂ ਸਮਾਂ ਲਿਆ ਤੇ ਆਪਣੀ ਇਕ ਖੋਜਾਰਥਣ ਨੂੰ ਨਾਲ ਲੈ ਕੇ ਉਸ ਦੇ ਘਰ ਗਈ। ਕੈਂਪਸ ਵਿਚਲੇ ਮਕਾਨ ਨੰਬਰ ਸੀ-2 ਦੀ ਕਾਇਆਕਲਪ ਕਰ ਕੇ ਉਸ ਨੂੰ ਗਾਰਗੀ ਦੀ ਪਸੰਦ ਦਾ ਬਣਾ ਦਿੱਤਾ ਗਿਆ ਸੀ। ਗਾਰਗੀ ਨੇ ਡਰਾਇੰਗ ਰੂਮ ਵਿੱਚ ਹੱਥੀਂ ਚਾਹ ਬਣਾ ਕੇ ਸਾਨੂੰ ਪਿਲਾਈ। ਗੱਲਾਂ ਦਾ ਸਿਲਸਿਲਾ ਚਲਦਾ ਰਿਹਾ। ਖੋਜਾਰਥਣ ਕੁੜੀ ਸਵਾਲ ਕਰਦੀ ਰਹੀ, ਉਸ ਨੇ ਥੀਸਿਸ ਦਾ ਢਿੱਡ ਜੋ ਭਰਨਾ ਸੀ। ਗਾਰਗੀ ਸਾਬ੍ਹ ਸਮ੍ਰਿਤੀਆਂ ਦੀ ਮਿਠਾਸ ਦੀ ਲੋਰ ਵਿੱਚ ਆਪਣੇ ਅਨੁਭਵ, ਆਪਣੇ ਕੰਮ ਤੇ ਆਪਣੀਆਂ ਲੱਭਤਾਂ ਬਿਆਨਦੇ ਰਹੇ। ਕੁਝ ਦਿਨਾਂ ਬਾਅਦ ਸਰਦੀਆਂ ਦੀ ਇਕ ਸ਼ਾਮ ਗਾਰਗੀ ਨੂੰ ਸਾਗ ਤੇ ਮੱਕੀ ਦੀ ਰੋਟੀ ਖਾਣ ਲਈ ਰਾਜ਼ੀ ਕਰ ਲਿਆ। ਬੜੇ ਸੁਆਦ ਨਾਲ ਉਸ ਨੇ ਖਾਣਾ ਖਾਧਾ ਤੇ ਮੇਰੇ ਘਰਦਿਆਂ ਨਾਲ ਢੇਰ ਗੱਲਾਂ ਕੀਤੀਆਂ। ਪਰ ਉਸ ਸ਼ਾਮ ਗਾਰਗੀ ਸਚਮੁੱਚ ਬਜ਼ੁਰਗ ਹੋ ਗਿਆ ਲਗਦਾ ਸੀ। ਗਰਮ ਸੂਟ ਪਾਇਆ ਹੋਇਆ ਸੀ ਤੇ ਉਤੋਂ ਸ਼ਾਲ ਤੇ ਮਫਲਰ ਵੀ ਲਪੇਟੇ ਹੋਏ ਸਨ ਫਿਰ ਵੀ ਉਸ ਨੂੰ ਠੰਢ ਲੱਗ ਰਹੀ ਸੀ। ਕੁਝ ਦਿਨ ਬਾਅਦ ਪੰਜਾਬੀ ਯੂਨੀਵਰਸਿਟੀ ਦੀ ਸੜਕ ’ਤੇ ਗਾਰਗੀ ਆਪਣੀ ਇਕ ਸ਼ਾਗਿਰਦ ਨਾਲ ਸੈਰ ਕਰਦਾ ਮਿਲਿਆ। ਕਦੇ ਕਦੇ ਗਾਰਗੀ ਵਿਭਾਗ ਵਿੱਚ ਮੁਖੀ ਦੇ ਕਮਰੇ ਵਿੱਚ ਸੋਫ਼ੇ ਉਤੇ ਬੈਠਾ ਮਿਲਦਾ। ਦੁਆ ਸਲਾਮ ਕਰਦਿਆਂ ਉਹ ਕੋਲ ਬਿਠਾ ਲੈਂਦਾ ਤੇ ਬਿਠਾਈ ਹੀ ਰੱਖਦਾ। ਉੱਚਾ ਤਾਂ ਪਹਿਲਾਂ ਹੀ ਸੁਣਨ ਲੱਗ ਪਿਆ ਸੀ ਪਰ ਹੁਣ ਲਗਦਾ ਸੀ ਕਿ ਯਾਦਦਾਸ਼ਤ ਵੀ ਜਵਾਬ ਦੇ ਰਹੀ ਸੀ। ਫਿਰ ਕਦੇ-ਕਦੇ ਰਿਕਸ਼ੇ ਵਿੱਚ ਬੈਠੇ ਟੱਕਰਦੇ ਗਾਰਗੀ ਸਾਬ੍ਹ ਹੌਲੀ-ਹੌਲੀ ਕੈਂਪਸ ਦੇ ਦ੍ਰਿਸ਼ ਤੋਂ ਅਲੋਪ ਹੋ ਗਏ।
1976 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਨਾਟਕ ਕਲਾ ਵਿਭਾਗ ਵਿੱਚ ਡਾ. ਸੁਰਜੀਤ ਸਿੰਘ ਸੇਠੀ ਨੇ ਜਦੋਂ ਸਟੇਜ ਡਾਇਰੈਕਟਰਜ਼ ਵਰਕਸ਼ਾਪ ਲਗਾਈ ਤਾਂ ਬਲਵੰਤ ਗਾਰਗੀ ਨੂੰ ਵੀ ਬਤੌਰ ਡਾਇਰੈਕਟਰ ਸੱਦਿਆ ਗਿਆ। ਗਾਰਗੀ ਲਈ ‘ਰੋਸਟ੍ਰਮ’ (ਭਾਸ਼ਣ ਦੇਣ ਲਈ ਮੰਚ) ’ਤੇ ਬਹਿ ਕੇ ਇਕੱਠ ਨੂੰ ਸੰਬੋਧਨ ਕਰਨਾ ਬਹੁਤ ਔਖਾ ਸੀ। ਅਸਲ ਵਿਚ ਗਾਰਗੀ ਕੁਝ ਵੀ ਹੋਣ ਤੋਂ ਪਹਿਲਾਂ ਇਕ ਲੇਖਕ ਸੀ। ਪਰੰਪਰਾਗਤ ਅਧਿਆਪਕ ਜਾਂ ਨਿਰਦੇਸ਼ਕ ਤਾਂ ਉਹ ਉੱਕਾ ਹੀ ਨਹੀਂ ਸੀ। ਉਹ ਸਟੇਜ ’ਤੇ ਹੇਠਾਂ ਵੱਲ ਲੱਤਾਂ ਲਮਕਾ ਕੇ ਬੈਠ ਗਿਆ ਤੇ ਦਰਸ਼ਕਾਂ ਨੇੜੇ ਹੋ ਕੇ ਕਹਿਣ ਲੱਗਾ, ‘ਜ਼ਰਾ ਨੇੜੇ ਨੇੇੜੇ ਹੋ ਜਾਓ, ਆਪਾਂ ਨਿੱਠ ਕੇ ਗੱਲ ਕਰ ਸਕੀਏ।’ ਉਹ ਫਿਰ ਵੀ ਕੁਝ ਖ਼ਾਸ ਨਹੀਂ ਸੀ ਬੋਲ ਸਕਿਆ ਅਤੇ ਆਪਣੇ ਨਾਲ ਲਿਆਂਦੀਆਂ ਬਰਲਿਨ ’ਚ ਕੀਤੀਆਂ ਪੇਸ਼ਕਾਰੀਆਂ ਦੀਆਂ ਕੁਝ ਤਸਵੀਰਾਂ ਆਦਿ ਪ੍ਰਾਜੈਕਟਰ ’ਤੇ ਵਿਖਾ ਦਿੱਤੀਆਂ।
ਨਾਟਕਕਾਰ ਡਾ. ਸੁਰਜੀਤ ਸਿੰਘ ਸੇਠੀ ਕਹਿੰਦੇ ਹੁੰਦੇ ਸਨ ਕਿ ਗਾਰਗੀ ਵਰਗਾ ਨਾਟਕੀ ਮੁਹਾਵਰਾ ਪੰਜਾਬੀ ਦੇ ਕਿਸੇ ਹੋਰ ਨਾਟਕਕਾਰ ਕੋਲ ਨਹੀਂ। ਉਸ ਦੇ ਨਾਟਕਾਂ ਵਿੱਚੋਂ ਓ’ਨੀਲ, ਪੀਰਾਂਦੈਲੋ, ਲੋਰਕਾ, ਬ੍ਰੈਖ਼ਤ, ਸ਼ਾਅ ਅਤੇ ਇਬਸਨ ਸਾਰਿਆਂ ਦਾ ਝਾਉਲਾ ਪੈਂਦਾ ਹੈ। ਪਰ ਦੋ ਤਰ੍ਹਾਂ ਦੀਆਂ ਸੰਵੇਦਨਾਵਾਂ ਉਸ ਤੋਂ ਅਣਛੋਹੀਆਂ ਹੀ ਰਹੀਆਂ- ਇਕ ਹੈ ਅਧਿਆਤਮਵਾਦ ਤੇ ਦੂਜੀ- ਔਰਤ ਦੇ ਮਨ ਦੀ ਡੂੰਘਾਈ ਅਤੇ ਜੀਰਾਂਦ। ਪਰ ਉਸ ਨੂੰ ਆਪਣੀ ਮੌਲਿਕਤਾ ’ਤੇ ਅੰਤਾਂ ਦਾ ਮਾਣ ਸੀ। ਇਹੋ ਕਾਰਨ ਹੈ ਕਿ ਉਸ ਦੀ ਲਿਖੀ ਆਲੋਚਨਾ ਵੀ ਸਿਰਜਣਾਤਮਕ ਹੈ। ਉਸ ਦੀਆਂ ਪੁਸਤਕਾਂ ‘ਰੰਗਮੰਚ’ ਅਤੇ ‘ਲੋਕ ਨਾਟਕ’ ਇਸ ਤੱਥ ਦਾ ਪ੍ਰਮਾਣ ਹਨ। ਉਸ ਦੇ ਲਿਖੇ ਇਤਿਹਾਸਕ ਨਾਟਕ ‘ਸੁਲਤਾਨ ਰਜ਼ੀਆ’ ਵਿੱਚ ਅਰਬੀ ਫ਼ਾਰਸੀ ਦੇ ਆਧਾਰ ਵਾਲੀ ਬੋਲੀ ਦਾ ਪ੍ਰਗਟਾਅ ਦੇਖਣ ਸੁਣਨ ਵਾਲੀ ਚੀਜ਼ ਹੈ। ਇਹ ਨਾਟਕ ਬੋਲੀ ਅਤੇ ਬਣਤਰ ਪੱਖੋਂ ਗਿਰੀਸ਼ ਕਰਨਾਡ ਦੇ ਨਾਟਕ ‘ਤੁਗ਼ਲਕ’ ਦਾ ਮੁਕਾਬਲਾ ਕਰਦਾ ਹੈ। ਇਸ ਨਾਟਕ ਨੂੰ ਅਲਕਾਜ਼ੀ ਨੇ ਦਿੱਲੀ ਵਿੱਚ ਐਨ.ਐਸ.ਡੀ. ਲਈ ਨਿਰਦੇਸ਼ਿਤ ਕੀਤਾ।
ਨਿੱਘੀ ਤਬੀਅਤ ਅਤੇ ਖੁੱਲ੍ਹੇ ਸੁਭਾਅ ਦੇ ਗਾਰਗੀ ਨੂੰ ਮੈਂ ਸੱਤਰਵਿਆਂ ਤੋਂ ਲੈ ਕੇ ਵੀਹਵੀਂ ਸਦੀ ਦੇ ਅੰਤ ਤਕ ਕਦੇ ਕਦਾਈਂ ਆਪਣੇ ਵਿਦਿਆਰਥੀਆਂ ਦੇ ਖੋਜ-ਕੰਮ ਦੇ ਸਿਲਸਲੇ ’ਚ ਮਿਲਦੀ ਰਹੀ। ਹਰ ਵਾਰੀ ਗਾਰਗੀ ਨੇ ਆਪਣੇ ਹੱਥੀਂ ਚਾਹ ਦਾ ਕੱਪ ਪਿਆਉਣਾ। 1998 ਦੀਆਂ ਸਰਦੀਆਂ ਦੀ ਗੱਲ ਹੈ। ਗਾਰਗੀ ਨਾਲ ਸਮਾਂ ਤੈਅ ਕਰਕੇ ਮੈਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿਚਲੇ ਉਸ ਦੇ ਘਰ ਆਪਣੀ ਇਕ ਖੋਜਾਰਥਣ ਨੂੰ ਲੈ ਕੇ ਗਈ। ਨ੍ਰਿਤ ਅਤੇ ਨਾਟਕ ਦੇ ਵਿਸ਼ੇ ’ਤੇ ਖੋਜ ਕਰ ਰਹੀ ਉਹ ਕੁੜੀ ਗਾਰਗੀ ਸਾਬ੍ਹ ਤੋਂ ਕੁਝ ਪੁਛਣਾ ਚਾਹੁੰਦੀ ਸੀ। ਮੈਂ ਵੀ ਇਕ ਬਹਾਨਾ ਬਣਾ ਲਿਆ। ਮੈਂ ‘ਐਕਸਪ੍ਰੈੱਸ ਨਿਊਜ਼ਲਾਈਨ’ ਲਈ ਗਾਰਗੀ ਨੂੰ ਇੰਟਰਵਿਊ ਕਰਨਾ ਸੀ। ਗਾਰਗੀ ਨੇ ਆਪਣੀ ਤਾਜ਼ਾ ਖਿਚਵਾਈ ਫੋਟੋ ਛਾਪਣ ਲਈ ਦਿੱਤੀ। ਸਦਾ ਵਾਂਗ ਆਪਣੇ ਹੱਥੀਂ ਚਿੱਟੀ ਚਮਕਦੀ ਕੇਤਲੀ ਵਿੱਚੋਂ ਚਾਹ ਪਾਉਂਦਿਆਂ ਉਹ ਗੱਲਾਂ ਕਰਦਾ ਰਿਹਾ। ਮੈਨੂੰ ਸਾਲ 1977 ਵਾਲੀ ਚਾਹ ਵੀ ਯਾਦ ਹੈ ਜੋ ਪਹਿਲੀ ਖੋਜ-ਮੁਲਾਕਾਤ ਵੇਲੇ ਚੰਡੀਗੜ੍ਹ ਦੇ ਸੈਕਟਰ 19 ਵਿਚਲੇ ਆਪਣੇ ਭਾਈ ਦੇ ਸ਼ਾਪ-ਕਮ-ਫ਼ਲੈਟ ਵਾਲੇ ਕਮਰੇ ’ਚ ਗਾਰਗੀ ਨੇ ਪਿਆਈ ਸੀ, ਬਿਲਕੁਲ ਉਸੇ ਅੰਦਾਜ਼ ਵਿੱਚ। ਮੈਨੂੰ 1998-99 ਵਾਲੇ ਗਾਰਗੀ ਅਤੇ 1977 ਵਾਲੇ ਗਾਰਗੀ ’ਚ ਉਸ ਵੇਲੇ ਕੋਈ ਫਰਕ ਨਾ ਜਾਪਿਆ। ਉਸ ਵਿਚ ਗੱਲਾਂ ਕਰਨ ਦੀ ਅਤੇ ਚੇਤਿਆਂ ਦੀ ਡਾਇਰੀ ਵਿੱਚੋਂ ਤੱਥ ਫਰੋਲ ਕੇ ਲਿਆ ਧਰਨ ਦੀ ਸਮਰੱਥਾ ਓਨੀ ਹੀ ਲਿਸ਼ਲਿਸ਼ ਕਰ ਰਹੀ ਸੀ। ਪਰ ਉਸ ਤੋਂ ਛੇਤੀ ਹੀ ਮਗਰੋਂ ਸਾਲ 2000 ਚੜ੍ਹਦਿਆਂ ਹੀ ਗਾਰਗੀ ਨੂੰ ਸਰੀਰਕ ਅਤੇ ਮਾਨਸਿਕ ਕਮਜ਼ੋਰੀਆਂ ਨੇ ਘੇਰ ਲਿਆ ਸੀ। ਮੇਰੇ ਵਿਭਾਗ ਵਿੱਚ ਛੇਕੜਲੀਆਂ ਫੇਰੀਆਂ ਸਮੇਂ ਗਾਰਗੀ ਬਹੁਤ ਕਮਜ਼ੋਰ ਜਾਪਦਾ ਸੀ। ਉਸ ਦਾ ਨੌਕਰ-ਕਮ-ਡਰਾਈਵਰ ਵੀ ਛੁੱਟੀ ਚਲਾ ਗਿਆ ਸੀ। ਕਦੇ ਰਿਕਸ਼ਾ ’ਚ ਬਹਿਕੇ ਵਿਭਾਗ ਆਉਂਦਾ ਤੇ ਮੁਖੀ ਦੇ ਕਮਰੇ ’ਚ ਸੋਫ਼ੇ ’ਤੇ ਚੁਪਚਾਪ ਬੈਠਾ ਰਹਿੰਦਾ। ਹਰ ਆਉਣ ਵਾਲੇ ਵਿਅਕਤੀ ਵੱਲ ਜਦੋਂ ਵੇਖਦਾ ਤਾਂ ਅੱਖਾਂ ’ਚ ਚਮਕ ਭਰ ਜਾਂਦੀ। ਜੇ ਅਗਲਾ ਹਾਲ-ਚਾਲ ਪੁੱਛਣ ਲਈ ਕੋਲ ਬਹਿ ਜਾਂਦਾ ਤਾਂ ਉਸ ਦਾ ਹੱਥ ਫੜ ਕੇ ਕਿੰਨੀ-ਕਿੰਨੀ ਦੇਰ ਨਾ ਛੱਡਦਾ। ਗੱਲ ਸਮਝਣ-ਸਮਝਾਉਣ ਵਿੱਚ ਵੀ ਗਾਰਗੀ ਨੂੰ ਔਖ ਹੋਣ ਲੱਗ ਪਈ ਸੀ।
ਹੁਣ ਉਮਰ ਵੀ ਬਹੁਤ ਹੋ ਚੱਲੀ ਸੀ। ਗਾਰਗੀ 87 ਵਰ੍ਹਿਆਂ ਦਾ ਸੀ। ਨੌਰਵੇ ਦਾ ਨਾਟਕਕਾਰ ਹੈਨਰਿਕ ਇਬਸਨ 78 ਵਰ੍ਹਿਆਂ ਦੀ ਉਮਰ ਵਿੱਚ ਹੀ ਅਜਿਹੀ ਅਵਸਥਾ ਨੂੰ ਪੁੱਜ ਗਿਆ ਸੀ ਕਿ ਉਸ ਨੂੰ ਆਪਣੀ ਭਾਸ਼ਾ ਦੇ ਅੱਖਰ ਵੀ ਭੁੱਲ ਗਏ ਸਨ। ਸਿਰਜਕ ਲੇਖਕਾਂ ਨਾਲ ਅਕਸਰ ਅਜਿਹਾ ਵਾਪਰਦਾ ਹੈ ਜਦੋਂ ਅੰਤਲੀ ਉਮਰੇ ਮਾਨਸਿਕ ਸ਼ਕਤੀਆਂ ਖੀਣ ਹੋ ਜਾਂਦੀਆਂ ਹਨ। ਗਾਰਗੀ ਬਾਰੇ ਡਾ. ਸੁਨੀਤਾ ਧੀਰ ਤੋਂ ਏਨੀ ਖ਼ਬਰ ਮਿਲੀ ਕਿ ਉਹ ਅੱਜਕੱਲ ਮੁੰਬਈ ਵਿੱਚ ਹਨ। ਇਸੇ ਦੌਰਾਨ ਗਾਰਗੀ ਦੇ ਨਵੇਂ ਛਪੇ ਨਾਵਲ ‘ਜੂਠੀ ਰੋਟੀ’ ਦਾ ਚਰਚਾ ਪੜ੍ਹਨ ਸੁਣਨ ਨੂੰ ਮਿਲਦਾ ਰਿਹਾ। ਪੰਜਾਬੀ ਮਾਂ ਦੀ ਝੋਲੀ ਨੂੰ ਮਹਾਨ ਰਚਨਾਵਾਂ ਨਾਲ ਅਮੀਰ ਕਰਨ ਵਾਲਾ ਫੱਕਰ ਤੇ ਮਲੰਗ, ਕਲਮ ਦਾ ਧਨੀ ਗਾਰਗੀ ਸਚਮੁੱਚ ਮਹਾਨ ਸੀ। 21 ਅਪਰੈਲ 2003 ਨੂੰ ਗਾਰਗੀ ਮੁੰਬਈ ਵਿੱਚ ਆਪਣੇ ਬੇਟੇ ਮੰਨੂ ਕੋਲ ਰਹਿੰਦਿਆਂ ਰੱਬ ਨੂੰ ਪਿਆਰਾ ਹੋ ਗਿਆ।
ਗਾਰਗੀ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਜਗਤ ਦੀ ਪ੍ਰਮੁੱਖ ਵਿਰਾਸਤ ਹਨ। ਉਹ ਇਕ ਨਾਯਾਬ ਲੇਖਕ, ਨਿੱਘਾ ਮਨੁੱਖ ਅਤੇ ਖ਼ਰਾ ਤੇ ਅਸਲੀ ਪੰਜਾਬੀ ਕਿਰਦਾਰ ਸੀ। ਪੰਜਾਬੀ ਸਭਿਆਚਾਰ ਵਰਗਾ ‘ਕੰਪੋਜ਼ਿਟ’ ਕਿਰਦਾਰ! 2017 ਵਿਚ ਭਾਰਤ ਸਰਕਾਰ ਨੇ ਪ੍ਰੋ. ਬਲਵੰਤ ਗਾਰਗੀ ਦੇ ਨਾਂ ਦੀ ਡਾਕ ਟਿਕਟ ਜਾਰੀ ਕੀਤੀ ਸੀ।
ਸੰਪਰਕ: 98149-02564
