DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੀਮ ਨੂੰ ਡਾ. ਭੀਮ ਰਾਓ ਅੰਬੇਡਕਰ ਬਣਾਉਣ ਵਾਲੀ ਰਾਮਾਬਾਈ

ਭਾਰਤ ਦੇ ਇਤਿਹਾਸ ਵਿੱਚ ਕਈ ਅਜਿਹੀਆਂ ਔਰਤਾਂ ਹੋਈਆਂ ਹਨ ਜਿਨ੍ਹਾਂ ਨੇ ਆਪਣੀ ਸ਼ਕਤੀ, ਸਹਿਣਸ਼ੀਲਤਾ ਅਤੇ ਸਮਰਪਣ ਨਾਲ ਨਾ ਸਿਰਫ਼ ਆਪਣੇ ਪਰਿਵਾਰ ਬਲਕਿ ਪੂਰੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਇਹ ਔਰਤਾਂ ਕਦੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਨਹੀਂ ਬਣੀਆਂ, ਪਰ ਉਨ੍ਹਾਂ ਦੀ...

  • fb
  • twitter
  • whatsapp
  • whatsapp
featured-img featured-img
ਡਾ. ਭੀਮ ਰਾਓ ਅੰਬੇਡਕਰ (ਖੱਬਿਓਂ ਦੂਜੇ) ਉਨ੍ਹਾਂ ਦੇ ਖੱਬੇ ਪਾਸੇ ਪੁੱਤਰ ਯਸ਼ਵੰਤ ਅਤੇ ਸੱਜੇ ਪਾਸੇ ਪਤਨੀ ਰਾਮਾਬਾਈ ਅਤੇ ਉਨ੍ਹਾਂ ਦੀ ਭਰਜਾਈ ਲਕਸ਼ਮੀ ਬਾਈ ਦੀ ਗੋਦੀ ’ਚ ਬੈਠਾ ਗੰਗਾਧਰ।
Advertisement

ਭਾਰਤ ਦੇ ਇਤਿਹਾਸ ਵਿੱਚ ਕਈ ਅਜਿਹੀਆਂ ਔਰਤਾਂ ਹੋਈਆਂ ਹਨ ਜਿਨ੍ਹਾਂ ਨੇ ਆਪਣੀ ਸ਼ਕਤੀ, ਸਹਿਣਸ਼ੀਲਤਾ ਅਤੇ ਸਮਰਪਣ ਨਾਲ ਨਾ ਸਿਰਫ਼ ਆਪਣੇ ਪਰਿਵਾਰ ਬਲਕਿ ਪੂਰੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਇਹ ਔਰਤਾਂ ਕਦੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਨਹੀਂ ਬਣੀਆਂ, ਪਰ ਉਨ੍ਹਾਂ ਦੀ ਭੂਮਿਕਾ ਇਤਿਹਾਸ ਰਚਣ ਵਾਲੇ ਪੁਰਸ਼ਾਂ ਦੀ ਕਾਮਯਾਬੀ ਦੀ ਨੀਂਹ ਬਣੀ। ਇਨ੍ਹਾਂ ’ਚੋਂ ਇੱਕ ਮਹਾਨ ਔਰਤ ਨਾਂ ਹੈ ਰਾਮਾਬਾਈ, ਜਿਹੜੀ ਨਾ ਸਿਰਫ਼ ਡਾ. ਭੀਮ ਰਾਓ ਅੰਬੇਡਕਰ ਦੀ ਜੀਵਨ ਸਾਥਣ ਸੀ, ਸਗੋਂ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪਲ ਦੀ ਸਾਥੀ, ਮਦਦਗਾਰ ਅਤੇ ਪ੍ਰੇਰਕ ਸ਼ਕਤੀ ਸੀ। ਡਾ. ਅੰਬੇਡਕਰ ਨੂੰ ਸਮਾਜ ਸੁਧਾਰਕ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਮਸੀਹੇ ਵਜੋਂ ਜਾਣਿਆ ਜਾਂਦਾ ਹੈ ਪਰ ਉਨ੍ਹਾਂ ਦੀ ਸਫ਼ਲਤਾ ਪਿੱਛੇ ਰਾਮਾਬਾਈ (ਰਮਾਬਾਈ, ਰਮਾਈ) ਅੰਬੇਡਕਰ ਦਾ ਅਹਿਮ ਯੋਗਦਾਨ ਹੈ। ਰਾਮਾਬਾਈ ਨੇ ਸਮਾਜਿਕ ਅਤੇ ਆਰਥਿਕ ਤੰਗੀਆਂ ਦੇ ਬਾਵਜੂਦ ਆਪਣੇ ਪਤੀ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਭਾਰਤੀ ਸਮਾਜ ਦੀ ਖ਼ਾਮੋਸ਼ ਨਾਇਕਾ ਹੈ, ਜਿਸ ਬਾਰੇ ਘੱਟ ਹੀ ਲਿਖਿਆ ਗਿਆ ਹੈ।

ਰਾਮਾਬਾਈ ਦਾ ਜਨਮ 7 ਫਰਵਰੀ 1898 ਨੂੰ ਮਹਾਰਾਸ਼ਟਰ ਦੇ ਇੱਕ ਗ਼ਰੀਬ ਮਛੇਰੇ ਪਰਿਵਾਰ ਵਿੱਚ ਹੋਇਆ। ਉਹ ਬਹੁਤ ਔਖੀਆਂ ਸਥਿਤੀਆਂ ਵਿੱਚ ਪਲੀ। ਉਸ ਦਾ ਪਰਿਵਾਰ ਉਸ ਸਮੇਂ ਦੀਆਂ ਸਮਾਜਿਕ ਪਾਬੰਦੀਆਂ ਅਤੇ ਜਾਤੀਵਾਦ ਦੀ ਮਾਰ ਝੱਲ ਰਿਹਾ ਸੀ। ਰਾਮਾਬਾਈ ਦਾ ਜੀਵਨ, ਗ਼ਰੀਬੀ ਅਤੇ ਤ੍ਰਾਸਦੀਆਂ ਦੇ ਪਰਛਾਵੇਂ ਵਿੱਚ ਹੀ ਗੁਜ਼ਰਿਆ। ਇਹ ਤਜਰਬਾ ਹੀ ਸੀ ਜਿਸ ਨੇ ਉਨ੍ਹਾਂ ਨੂੰ ਸਹਿਣਸ਼ੀਲ, ਮਜ਼ਬੂਤ ਅਤੇ ਸੰਘਰਸ਼ਸ਼ੀਲ ਬਣਾਇਆ।

Advertisement

ਜਦੋਂ ਰਾਮਾਬਾਈ ਦੀ ਉਮਰ ਸਿਰਫ਼ 9 ਸਾਲ ਸੀ, ਉਨ੍ਹਾਂ ਦਾ ਵਿਆਹ 15 ਸਾਲ ਦੇ ਭੀਮ ਰਾਓ ਅੰਬੇਡਕਰ ਨਾਲ ਹੋ ਗਿਆ। ਉਸ ਸਮੇਂ ‘ਬਾਲ ਵਿਆਹ’ ਦੀ ਰੀਤ ਪ੍ਰਚੱਲਿਤ ਸੀ। ਭੀਮ ਰਾਓ, ਜੋ ਬਾਅਦ ਵਿੱਚ ਡਾ. ਅੰਬੇਡਕਰ ਵਜੋਂ ਪ੍ਰਸਿੱਧ ਹੋਏ, ਉਸ ਸਮੇਂ ਆਪਣੀ ਪੜ੍ਹਾਈ ਵਿੱਚ ਰੁੱਝੇ ਹੋਏ ਸਨ ਅਤੇ ਸਮਾਜਿਕ ਅਸਮਾਨਤਾ ਖ਼ਿਲਾਫ਼ ਆਪਣੀ ਜੰਗ ਸ਼ੁਰੂ ਕਰ ਰਹੇ ਸਨ। ਸਮਾਜਿਕ ਭੇਦ-ਭਾਵ, ਗ਼ਰੀਬੀ ਅਤੇ ਆਰਥਿਕ ਮੁਸ਼ਕਲਾਂ ਨੇ ਰਾਮਾਬਾਈ ਦੀ ਜ਼ਿੰਦਗੀ ਨੂੰ ਹੋਰ ਜਟਿਲ ਬਣਾਇਆ। ਫਿਰ ਵੀ, ਉਨ੍ਹਾਂ ਨੇ ਆਪਣੇ ਪਤੀ ਦੀ ਪੜ੍ਹਾਈ ਅਤੇ ਸਮਾਜ ਸੁਧਾਰ ਦੇ ਮਿਸ਼ਨ ਵਿੱਚ ਪੂਰਨ ਸਹਿਯੋਗ ਦਿੱਤਾ। ਜਦੋਂ ਭੀਮ ਰਾਓ ਆਪਣੇ ਕਮਰੇ ਵਿੱਚ ਪੜ੍ਹ ਰਹੇ ਹੁੰਦੇ, ਉਸ ਸਮੇਂ ਰਾਮਾਬਾਈ ਨਾ ਤਾਂ ਬੱਚਿਆਂ ਨੂੰ ਰੌਲਾ ਪਾਉਣ ਦਿੰਦੀ ਤੇ ਨਾ ਹੀ ਉਨ੍ਹਾਂ ਦੇ ਕਮਰੇ ਵੱਲ ਜਾਣ ਦਿੰਦੀ। ਅੰਬੇਡਕਰ ਦਾ ਸੁਭਾਗ ਸੀ ਕਿ ਉਸ ਨੂੰ ਰਾਮਾਬਾਈ ਵਰਗੀ ਜੀਵਨ ਸਾਥਣ ਮਿਲੀ।

Advertisement

ਰਾਮਾਬਾਈ ਨੇ ਘਰ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕੀਤੀ। ਇੱਕ ਵਾਰ ਛੋਟਾ ਬੱਚਾ ਗੰਗਾਧਰ ਸਖ਼ਤ ਬਿਮਾਰ ਹੋ ਗਿਆ। ਦਵਾਈ ਲਈ ਪੈਸੇ ਨਹੀਂ ਸਨ। ਰਾਮਾਬਾਈ ਨੇ ਅੰਬੇਡਕਰ ਨੂੰ ਚਿੱਠੀ ਰਾਹੀਂ ਇਸ ਸਥਿਤੀ ਬਾਰੇ ਦੱਸਿਆ। ਭੀਮ ਰਾਓ ਅੰਬੇਡਕਰ ਨੇ 25 ਨਵੰਬਰ 1920 ਨੂੰ ਰਾਮਾਬਾਈ ਨੂੰ ਲੰਡਨ ਤੋਂ ਚਿੱਠੀ ਭੇਜ ਕੇ ਇਸ ਦਾ ਜਵਾਬ ਲਿਖਿਆ, ‘‘ਮੈਂ ਪੈਸਿਆਂ ਦੀ ਘਾਟ ਕਾਰਨ ਬਹੁਤ ਮੁਸ਼ਕਲ ਨਾਲ ਆਪਣੀ ਪੜ੍ਹਾਈ ਕਰ ਰਿਹਾ ਹਾਂ। ਇੱਥੋਂ ਤੱਕ ਕਿ ਮੈਨੂੰ ਖਾਣ-ਪੀਣ ਲਈ ਵੀ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੈਂ ਤੁਹਾਨੂੰ ਘਰ ਦੇ ਖ਼ਰਚ ਵਾਸਤੇ ਪੈਸੇ ਨਹੀਂ ਭੇਜ ਰਿਹਾ ਹਾਂ। ਤੁਸੀਂ ਆਪਣੇ ਗਹਿਣੇ ਵੇਚ ਕੇ ਘਰ ਦਾ ਗੁਜ਼ਾਰਾ ਕਰੋ। ਮੈਂ ਵਾਪਸ ਆਉਣ ’ਤੇ ਆਪ ਨੂੰ ਦੁਬਾਰਾ ਗਹਿਣੇ ਬਣਵਾ ਦੇਵਾਂਗਾ।’’

ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪਹਿਲੂ ਉਨ੍ਹਾਂ ਦੇ ਬੱਚਿਆਂ ਦੀ ਮੌਤ ਸੀ। ਰਾਮਾਬਾਈ ਅਤੇ ਭੀਮ ਰਾਓ ਦੇ ਪੰਜ ਬੱਚੇ ਸਨ, ਯਸ਼ਵੰਤ ਰਾਓ, ਗੰਗਾਧਰ, ਰਮੇਸ਼, ਇੰਦੂ ਅਤੇ ਰਾਜਰਤਨ ਪਰ ਯਸ਼ਵੰਤ ਰਾਓ ਨੂੰ ਛੱਡ ਕੇ ਸਾਰੇ ਬੱਚਿਆਂ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ। ਉਸ ਦੀ ਸਿਹਤ ਵੀ ਖ਼ਰਾਬ ਰਹਿੰਦੀ ਸੀ। ਰਾਮਾਬਾਈ ਯਸ਼ਵੰਤ ਦੀ ਬਿਮਾਰੀ ਕਰ ਕੇ ਕਾਫ਼ੀ ਚਿੰਤਤ ਰਹਿੰਦੀ ਪਰ ਫੇਰ ਵੀ ਉਹ ਇਸ ਗੱਲ ਦਾ ਪੂਰਾ ਖ਼ਿਆਲ ਰੱਖਦੀ ਸੀ ਕਿ ਅੰਬੇਡਕਰ ਦੇ ਕੰਮਾਂ ਵਿੱਚ ਕੋਈ ਵਿਘਨ ਨਾ ਪਵੇ ਅਤੇ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਨਾ ਹੋਵੇ। ਚਾਰ ਬੱਚਿਆਂ ਦਾ ਦੁਨੀਆ ਤੋਂ ਚਲੇ ਜਾਣਾ ਰਾਮਾਬਾਈ ਲਈ ਦੁਖਦਾਇਕ ਵੱਡਾ ਮਨੋਵਿਗਿਆਨਕ ਝਟਕਾ ਸੀ। ਇਸ ਦੁੱਖ ਨੂੰ ਰਾਮਾਬਾਈ ਨੇ ਸਹਿਣ ਕੀਤਾ ਅਤੇ ਫਿਰ ਵੀ ਆਪਣੇ ਪਤੀ ਦੇ ਮਿਸ਼ਨ ਵਿੱਚ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਡਾ. ਅੰਬੇਡਕਰ ਅਕਸਰ ਕਹਿੰਦੇ ਸਨ ਕਿ ਜੇ ਰਾਮਾਬਾਈ ਨਾ ਹੁੰਦੀ ਤਾਂ ਮੈਂ ਇਹ ਸਭ ਕੁਝ ਕਦੇ ਨਾ ਕਰ ਸਕਦਾ।

ਭਾਵੇਂ ਉਹ ਇੱਕ ਆਮ ਘਰੇਲੂ ਔਰਤ ਸੀ ਪਰ ਉਸ ਦਾ ਸੰਘਰਸ਼ ਅਤੇ ਸਮਰਪਣ ਅਸਾਧਾਰਨ ਸੀ। ਜਦੋਂ ਭੀਮ ਰਾਓ ਅਮਰੀਕਾ, ਲੰਡਨ, ਅਤੇ ਜਰਮਨੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਸਨ, ਉਸ ਸਮੇਂ ਰਾਮਾਬਾਈ ਮੁੰਬਈ ਦੀਆਂ ਝੁੱਗੀਆਂ ਵਿੱਚ ਘਰ ਚਲਾ ਰਹੀ ਹੁੰਦੀ। ਭੀਮ ਰਾਓ ਨੂੰ ਅਰਥਸ਼ਾਸਤਰ ਅਤੇ ਕਾਨੂੰਨ ਵਿੱਚ ਡਿਗਰੀਆਂ ਹਾਸਲ ਕਰਨ ਲਈ ਸਕਾਲਰਸ਼ਿਪ ਮਿਲੀ। ਉਹ ਆਪਣੇ ਵਜ਼ੀਫ਼ੇ ਦਾ ਕੁਝ ਹਿੱਸਾ ਘਰ ਭੇਜ ਦਿੰਦੇ ਸਨ ਪਰ ਇਹ ਸੀਮਤ ਸੀ ਤੇ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਾਕਾਫ਼ੀ ਸੀ। ਅਜਿਹੇ ਸਮੇਂ ਵਿੱਚ ਰਾਮਾਬਾਈ ਨੇ ਘਰ ਦੇ ਖ਼ਰਚੇ ਚਲਾਉਣ ਲਈ ਨਿਮਾਣੇ ਕੰਮ ਕੀਤੇ ਅਤੇ ਆਪਣੀ ਸਾਦਗੀ ਅਤੇ ਸਮਰਪਣ ਨਾਲ ਪਰਿਵਾਰ ਨੂੰ ਸੰਭਾਲਿਆ। ਉਸ ਦੀ ਇਹ ਕੁਰਬਾਨੀ ਭੀਮ ਰਾਓ ਨੂੰ ਆਪਣੀ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦਗਾਰ ਸਾਬਤ ਹੋਈ।

ਰਾਮਾਬਾਈ ਆਪਣੇ ਪਰਿਵਾਰ ਤੋਂ ਇਲਾਵਾ ਆਪਣੇ ਜੇਠ ਦੇ ਟੱਬਰ ਦੀ ਵੀ ਦੇਖਭਾਲ ਕਰਦੀ ਸੀ। ਪਤੀ ਵਿਦੇਸ਼ ਹੋਵੇ ਅਤੇ ਖ਼ਰਚ ਵੀ ਖੁੱਲ੍ਹਾ ਨਾ ਹੋਵੇ, ਇਹੋ ਜਿਹੇ ਔਖੇ ਸਮੇਂ ਵੀ ਉਨ੍ਹਾਂ ਨੇ ਮੱਥੇ ’ਤੇ ਤਿਉੜੀਆਂ ਨਹੀਂ ਪਾਈਆਂ ਅਤੇ ਨਾ ਹੀ ਕੋਈ ਸ਼ਿਕਵਾ ਕੀਤਾ। ਕਈ ਵਾਰ ਮਾਚਿਸ ਦੀ ਇੱਕ ਡੱਬੀ ਨਾਲ ਉਹ ਪੂਰਾ ਮਹੀਨਾ ਕੰਮ ਚਲਾ ਲੈਂਦੀ ਸੀ। ਰਾਮਾਬਾਈ ਨੇ ਬਿਮਾਰੀ, ਦੁੱਖ, ਦੁਨੀਆ ਦੇ ਤ੍ਰਿਸਕਾਰ ਦਾ ਚੁੱਪ ਅਤੇ ਸਹਿਣਸ਼ੀਲਤਾ ਨਾਲ ਟਾਕਰਾ ਕੀਤਾ। ਉਹ ਬਾਜਰੇ ਦੀਆਂ ਰੋਟੀਆਂ ਬਣਾ ਕੇ ਕਦੇ ਆਚਾਰ ਤੇ ਕਦੇ ਪਿਆਜ਼ ਨਾਲ ਖਾ ਕੇ ਗੁਜ਼ਾਰਾ ਕਰਦੀ। ਕਈ ਵਾਰ ਉਸ ਨੂੰ ਭੁੱਖਾ ਰਹਿਣਾ ਪੈਂਦਾ ਸੀ। ਬੱਚਿਆਂ ਨੂੰ ਸਮਝਾਉਣਾ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਤੇ ਉਨ੍ਹਾਂ ਨੂੰ ਲਾਚਾਰ ਮਹਿਸੂਸ ਨਾ ਹੋਣ ਦੇਣਾ, ਇਹ ਸਾਰਾ ਕੰਮ ਰਾਮਾਬਾਈ ਨੇ ਧੀਰਜ ਅਤੇ ਮਮਤਾ ਨਾਲ ਕੀਤਾ। ਰਾਮਾਬਾਈ ਨੇ ਮਾਂ ਅਤੇ ਪਿਤਾ ਦੋਵਾਂ ਦੀ ਭੂਮਿਕਾ ਨਿਭਾਈ। ਘਰ ਦੇ ਗੁਜ਼ਾਰੇ ਲਈ ਉਹ ਕਈ ਵਾਰ ਕਿਸੇ ਪਿੰਡ ਵਿੱਚ ਜਾਂਦੀ ਤੇ ਘੱਟ ਪੈਸੇ ਖ਼ਰਚ ਕੇ ਪਾਥੀਆਂ ਦਾ ਢੇਰ ਖ਼ਰੀਦਦੀ। ਫਿਰ ਦੋ ਮੀਲ ਦੂਰ ਤੋਂ ਪਾਥੀਆਂ ਦਾ ਟੋਕਰਾ ਲੈ ਕੇ ਪੈਦਲ ਹੀ ਘਰ ਆਉਂਦੀ। ਜਦੋਂ ਉਹ ਸਿਰ ਉੱਤੇ ਪਾਥੀਆਂ ਦਾ ਟੋਕਰਾ ਚੁੱਕ ਕੇ ਆ ਰਹੀ ਹੁੰਦੀ ਸੀ ਤਾਂ ਔਰਤਾਂ ਮਜ਼ਾਕੀਆ ਲਹਿਜੇ ਵਿੱਚ ਕਹਿੰਦੀਆਂ, ‘‘ਦੇਖੋ ਬੈਰਿਸਟਰ ਦੇ ਘਰ ਵਾਲੀ ਪਾਥੀਆਂ ਸਿਰ ’ਤੇ ਰੱਖ ਕੇ ਆ ਰਹੀ ਹੈ। ਆਪਣੇ ਬੈਰਿਸਟਰ ਪਤੀ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀ ਹੈ। ਇਸ ਨੂੰ ਆਪਣੇ ਪਤੀ ਦੀ ਇੱਜ਼ਤ ਦੀ ਜ਼ਰਾ ਦੀ ਪ੍ਰਵਾਹ ਨਹੀਂ ਹੈ।’’ ਪ੍ਰੰਤੂ ਰਾਮਾਬਾਈ ਇਨ੍ਹਾਂ ਔਰਤਾਂ ਦੀਆਂ ਗੱਲਾਂ ਦੀ ਪ੍ਰਵਾਹ ਨਾ ਕਰਦੀ ਤੇ ਆਪਣੇ ਕੰਮ ’ਚ ਮਗ਼ਨ ਰਹਿੰਦੀ।

ਡਾ. ਭੀਮ ਰਾਓ ਅੰਬੇਡਕਰ ਇੱਕ ਵਾਰ ਬ੍ਰਿਟਿਸ਼ ਕਾਨੂੰਨ ਦੀਆਂ ਕਿਤਾਬਾਂ ਦੇ 5 ਭਾਗ, ਪੰਜ ਸੌ ਰੁਪਏ ਵਿੱਚ ਖ਼ਰੀਦ ਕੇ ਘਰ ਲੈ ਆਏ। ਘਰ ਆਉਂਦਿਆਂ ਹੀ ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ, ‘‘ਰਾਮੂ! ਦੇਖ ਅੱਜ ਮੈਂ ਕਾਨੂੰਨ ਦੀਆਂ ਕਿਤਾਬਾਂ ਬਹੁਤ ਘੱਟ ਮੁੱਲ ’ਤੇ ਖ਼ਰੀਦੀਆਂ ਹਨ। ਇਨ੍ਹਾਂ ਵਿੱਚ ਬ੍ਰਿਟਿਸ਼ ਕਾਨੂੰਨ ਬਾਰੇ ਵੇਰਵਾ ਹੈ।’’ ਇੰਨੀ ਦੇਰ ਨੂੰ ਰਾਮਾਬਾਈ ਨੇ ਖਾਣਾ ਪਰੋਸ ਦਿੱਤਾ। ਪਰੰਤੂ ਡਾ. ਅੰਬੇਡਕਰ ਕਾਨੂੰਨ ਦੀ ਇੱਕ ਕਿਤਾਬ ਨੂੰ ਪੜ੍ਹਨ ਵਿੱਚ ਰੁੱਝੇ ਹੋਏ ਸਨ। ਰਾਮਾਬਾਈ ਨੇ ਕਿਹਾ, ‘‘ਸਾਬ੍ਹ, ਖਾਣਾ ਠੰਢਾ ਹੋ ਰਿਹਾ ਹੈ।’’ ਡਾ. ਅੰਬੇਡਕਰ ਕਹਿਣ ਲੱਗੇ, ‘ਮੈਂ ਕੁਝ ਪੰਨੇ ਪੜ੍ਹ ਕੇ ਖਾਂਦਾ ਹਾਂ।’’ ਇਹ ਸੁਣ ਕੇ ਰਾਮਾਬਾਈ ਕਹਿਣ ਲੱਗੀ, ‘‘ਸਾਬ੍ਹ। ਕੀ ਇਸ ਕਿਤਾਬ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਪਤੀ ਨੂੰ ਆਪਣੀ ਪਤਨੀ, ਬੱਚਿਆਂ ਅਤੇ ਪਰਿਵਾਰ ਦੀ ਦੇਖ-ਭਾਲ ਨਹੀਂ ਕਰਨੀ ਚਾਹੀਦੀ ਹੈ।’’ ਡਾ. ਅੰਬੇਡਕਰ ਆਪਣੀ ਪਤਨੀ ਦੇ ਭੋਲੇਪਣ ’ਤੇ ਹੱਸ ਪਏ ਅਤੇ ਕਿਤਾਬ ਬੰਦ ਕਰਕੇ ਖਾਣਾ ਖਾਣ ਲੱਗ ਪਏ। ਫੇਰ ਉਹ ਕਹਿਣ ਲੱਗੇ,‘‘ਤੈਨੂੰ ਇਹ ਸ਼ਿਕਾਇਤ ਹੈ ਕਿ ਮੈਂ ਘਰ ਵੱਲ ਧਿਆਨ ਨਹੀਂ ਦਿੰਦਾ, ਹਾਂ, ਮੈਨੂੰ ਧਿਆਨ ਦੇਣਾ ਚਾਹੀਦਾ ਹੈ।’’ ਇਹ ਗੱਲ ਸੁਣ ਕੇ ਰਾਮਾਬਾਈ ਕਹਿਣ ਲੱਗੀ, ‘‘ਘਰ ਵਿੱਚ ਆਟਾ ਦਾਣਾ, ਸਬਜ਼ੀ, ਤੇਲ, ਨਮਕ, ਮਿਰਚ ਹੈ ਜਾਂ ਨਹੀਂ ਇਸ ਬਾਰੇ ਵੀ ਪਤੀ ਨੂੰ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਕਦੀ-ਕਦੀ ਬਾਹਰ ਘੁਮਾਉਣ ਲਈ ਲੈ ਜਾਣਾ ਚਾਹੀਦਾ ਹੈ। ਪਰੰਤੂ ਤੁਸੀਂ ਉੱਠਦੇ-ਬੈਠਦੇ, ਸੌਂਦੇ-ਜਾਗਦੇ ਕਿਤਾਬਾਂ ਹੀ ਪੜ੍ਹਦੇ ਰਹਿੰਦੇ ਹੋ। ਇਨ੍ਹਾਂ ਕਿਤਾਬਾਂ ਉੱਤੇ ਪੰਜ ਸੌ ਰੁਪਿਆ ਖ਼ਰਚ ਕਰਨ ਦੀ ਕੀ ਜ਼ਰੂਰਤ ਸੀ। ਥੋੜ੍ਹੇ ਦਿਨਾਂ ਬਾਅਦ ਦੁਸੀਂ ਇੱਕ ਹੋਰ ਬੱਚੇ ਦੇ ਬਾਪ ਬਣਨੇ ਵਾਲੇ ਹੋ। ਤੁਹਾਨੂੰ ਇਸ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ।’’ ਡਾ. ਅੰਬੇਡਕਰ ਨੇ ਉਸ ਦੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਵਾਅਦਾ ਕੀਤਾ ਕਿ ਉਹ ਅੱਗੋਂ ਧਿਆਨ ਰੱਖਣਗੇ।

ਦੂਜੇ ਦਿਨ ਘਰ ਪਰਤਣ ਤੋਂ ਪਹਿਲਾ ਡਾ. ਅੰਬੇਡਕਰ ਸਬਜ਼ੀ ਮੰਡੀ ਗਏ। ਢੇਰ ਸਾਰੀ ਸਬਜ਼ੀ ਖ਼ਰੀਦੀ ਤੇ ਘਰ ਲੈ ਆਏ। ਇੰਨੀ ਸਬਜ਼ੀ ਦੇਖ ਕੇ ਉਨ੍ਹਾਂ ਦੀ ਭਰਜਾਈ ਲਕਸ਼ਮੀ ਬਾਈ ਨੇ ਕਿਹਾ, ‘ਇੰਨੀ ਸਬਜ਼ੀ ਨੂੰ ਇੱਕ ਦਿਨ ਵਿੱਚ ਕੌਣ ਖਾਊਗਾ? ਦੋ ਤਿੰਨ ਦਿਨਾਂ ਵਿੱਚ ਇਹ ਸਬਜ਼ੀ ਖ਼ਰਾਬ ਹੋ ਜਾਵੇਗੀ।’ ਡਾ. ਅੰਬੇਡਕਰ ਨੇ ਆਪਣੀ ਭਰਜਾਈ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਸਿੱਧੇ ਰਮਾ ਪਾਸ ਚਲੇ ਗਏ। ਉਸ ਦੇ ਸਾਹਮਣੇ ਸਾਰੀ ਸਬਜ਼ੀ ਰੱਖ ਦਿੱਤੀ। ਰਾਮਾਬਾਈ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਨ੍ਹਾਂ ਦਾ ਪਤੀ ਹੁਣ ਘਰ ਵੱਲ ਦਿਲਚਸਪੀ ਲੈਣ ਲੱਗਾ ਹੈ। ਉਸ ਨੇ ਆਪਣੀ ਜੇਠਾਣੀ ਦੀ ਵੀ ਗੱਲ ਸੁਣ ਲਈ ਸੀ।

ਡਾ. ਅੰਬੇਡਕਰ ਨੇ ਸਬਜ਼ੀ ਵਾਲੀ ਘਟਨਾ ਦਾ ਜ਼ਿਕਰ ਆਪਣੇ ਦਫ਼ਤਰ ਵਿੱਚ ਆਪਣੇ ਸਾਥੀਆਂ ਕੋਲ ਕੀਤਾ। ਉਹ ਵੀ ਸਾਰੇ ਹੱਸਣ ਲੱਗ ਪਏ। ਡਾ. ਅੰਬੇਡਕਰ ਕਹਿਣ ਲੱਗੇ, ‘‘ਘਰ ਗ੍ਰਹਿਸਥੀ ਵੱਲ ਧਿਆਨ ਦੇਣ ਲਈ ਮੇਰੇ ਕੋਲ ਸਮਾਂ ਨਹੀਂ ਹੈ ਅਤੇ ਨਾ ਹੀ ਮੈਨੂੰ ਇਸ ਬਾਰੇ ਕੋਈ ਤਜਰਬਾ ਹੈ। ਘਰ ਪਤਨੀ ਤੇ ਭਾਬੀ ਹੈ ਤਾਂ ਘਰ ਠੀਕ ਚੱਲਦਾ ਹੈ। ਮੈਨੂੰ ਤਾਂ ਕੇਵਲ ਕਿਤਾਬਾਂ ਚਾਹੀਦੀਆਂ ਹਨ, ਰੋਟੀ ਮਿਲੇ ਜਾਂ ਨਾ ਮਿਲੇ।’’ ਰਾਮਾਬਾਈ ਆਦਰ-ਸਤਿਕਾਰ ਨਾਲ ਡਾ. ਅੰਬੇਡਕਰ ਨੂੰ ‘ਸਾਹਿਬ’ ਕਹਿ ਕੇ ਪੁਕਾਰਦੀ ਸੀ। ਡਾ. ਅੰਬੇਡਕਰ ਅਕਸਰ ਕਹਿੰਦੇ ਸਨ, ‘‘ਮੈਨੂੰ ਬਣਾਉਣ ਵਾਲੀ ਰਾਮਾਬਾਈ ਹੈ।’’ ਇਹ ਸ਼ਬਦ ਉਨ੍ਹਾਂ ਦੀ ਪਤਨੀ ਪ੍ਰਤੀ ਉਨ੍ਹਾਂ ਦੇ ਅਥਾਹ ਸਤਿਕਾਰ ਅਤੇ ਪਿਆਰ ਨੂੰ ਦਰਸਾਉਂਦੇ ਹਨ। ਰਾਮਾਬਾਈ ਨੇ ਨਾ ਸਿਰਫ਼ ਘਰ ਦੀ ਜ਼ਿੰਮੇਵਾਰੀ ਨਿਭਾਈ, ਸਗੋਂ ਭੀਮ ਰਾਓ ਨੂੰ ਸਮਾਜਿਕ ਅਸਮਾਨਤਾ ਅਤੇ ਜਾਤੀਵਾਦ ਦੇ ਖ਼ਿਲਾਫ਼ ਲੜਨ ਦੀ ਹਿੰਮਤ ਵੀ ਦਿੱਤੀ।

ਦੁਖਦਾਈ ਗੱਲ ਇਹ ਹੈ ਕਿ ਰਾਮਾਬਾਈ ਦੀ ਜ਼ਿੰਦਗੀ ਬਹੁਤ ਛੋਟੀ ਸੀ। ਲੰਮੀ ਬਿਮਾਰੀ ਅਤੇ ਆਰਥਿਕ ਤੰਗੀ ਕਾਰਨ 27 ਮਈ 1935 ਨੂੰ, 37 ਸਾਲ ਦੀ ਉਮਰ ਵਿੱਚ ਉਸ ਦਾ ਦੇਹਾਂਤ ਹੋ ਗਿਆ। ਉਸ ਦੀ ਮੌਤ ਨੇ ਡਾ. ਅੰਬੇਡਕਰ ਨੂੰ ਡੂੰਘਾ ਸਦਮਾ ਦਿੱਤਾ। ਉਨ੍ਹਾਂ ਨੇ ਆਪਣੀ ਜੀਵਨੀ ਵਿੱਚ ਲਿਖਿਆ, ‘‘ਰਾਮਾ ਗਈ, ਤੇ ਮੇਰੇ ਜੀਵਨ ਦੀ ਆਧਾਰਸ਼ਿਲਾ ਵੀ ਨਾਲ ਹੀ ਟੁੱਟ ਗਈ।’’ ਉਨ੍ਹਾਂ ਨੇ ਆਪਣੀ ਪਤਨੀ ਦੀ ਯਾਦ ਵਿੱਚ ਕਈ ਪੱਤਰ ਅਤੇ ਲਿਖਤਾਂ ਰਾਹੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰ ਦਿੱਤਾ। ਡਾ. ਅੰਬੇਡਕਰ ਪਿਆਰ ਨਾਲ ਰਾਮਾਬਾਈ ਨੂੰ ‘ਰਾਮੂ’ ਤੇ ਕਦੇ ‘ਰਮਾਈ’ ਕਹਿ ਕੇ ਪੁਕਾਰਦੇ ਸਨ। ਦਸੰਬਰ 1940 ਵਿੱਚ ਡਾ. ਅੰਬੇਡਕਰ ਨੇ ਆਪਣੀ ਕਿਤਾਬ ‘ਥੌਟਸ ਔਨ ਪਾਕਿਸਤਾਨ’, ਆਪਣੀ ਪਤਨੀ ‘ਰਾਮੂ’ ਨੂੰ ਭੇਟ ਕਰਦਿਆਂ ਲਿਖਿਆ; ‘‘ਮੈਂ ਇਹ ਕਿਤਾਬ ‘ਰਾਮੂ’ ਨੂੰ ਉਸ ਦੇ ਦਿਲ ਦੀ ਚੰਗਿਆਈ, ਮਨ ਦੀ ਨੇਕੀ, ਸਦਾਚਾਰ ਦੀ ਪਵਿੱਤਰਤਾ ਅਤੇ ਮੇਰੇ ਨਾਲ ਦੁੱਖ ਕੱਟਣ, ਥੁੜ੍ਹ ਅਤੇ ਪ੍ਰੇਸ਼ਾਨੀ ਦੇ ਦਿਨਾਂ ਵਿੱਚ ਜਦੋਂ ਸਾਡਾ ਕੋਈ ਮਦਦਗਾਰ ਨਹੀਂ ਸੀ, ਅਤਿ ਦੀ ਸਹਿਣਸ਼ੀਲਤਾ ਅਤੇ ਰਜ਼ਾਮੰਦੀ ਦਿਖਾਉਣ ਦੀ ਪ੍ਰਸ਼ੰਸਾ ਬਦਲੇ ਭੇਟ ਕਰਦਾ ਹਾਂ।’’

ਡਾ. ਅੰਬੇਡਕਰ ਨੂੰ ਵਾਇਸਰਾਏ ਹਿੰਦ ਦੀ ਕਾਰਜ ਸਾਧਕ ਕੌਂਸਲ ਵਿੱਚ ਸੁਰੱਖਿਆ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। 21 ਜੁਲਾਈ 1942 ਨੂੰ ਹਜ਼ਾਰਾਂ ਲੋਕ ਬਾਬਾ ਸਾਹਿਬ ਨੂੰ ਨਵੀਂ ਦਿੱਲੀ ਰਵਾਨਾ ਕਰਨ ਲਈ ਬੰਬਈ ਦੇ ਸੈਂਟਰਲ ਸਟੇਸ਼ਨ ’ਤੇ ਪੁੱਜੇ ਹੋਏ ਸਨ। ਚਾਰੇ ਪਾਸੇ ‘ਬਾਬਾ ਸਾਹਿਬ ਡਾ. ਅੰਬੇਡਕਰ’ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ। ਪਰੰਤੂ ਡਾ. ਅੰਬੇਡਕਰ ਚੁੱਪ-ਚਾਪ ਬੈਠੇ ਸਨ। ਉਨ੍ਹਾਂ ਦੇ ਪੈਰੋਕਾਰਾਂ ਨੇ ਉਨ੍ਹਾਂ ਦੇ ਗਲੇ ਵਿੱਚ ਹਾਰ ਪਾਏ। ਉਹ ਉਦਾਸ ਸਨ ਤੇ ਸੋਚ ਰਹੇ ਸਨ, ‘‘ਕਾਸ਼! ਅੱਜ ਰਾਮਾਬਾਈ ਜ਼ਿੰਦਾ ਹੁੰਦੀ ਤਾਂ ਕਿੰਨਾ ਖੁਸ਼ ਹੁੰਦੀ।’’ ਡਾ. ਅੰਬੇਡਕਰ ਆਪਣੇ ਵਿਚਾਰਾਂ ਵਿੱਚ ਗੁੰਮ ਸਨ। ਬਾਹਰ ਉਨ੍ਹਾਂ ਦੇ ਨਾਂ ਦੀ ਜੈ-ਜੈ ਕਾਰ ਹੋ ਰਹੀ ਸੀ। ਗਾਰਡ ਨੇ ਸੀਟੀ ਵਜਾਈ, ਹਰੀ ਝੰਡੀ ਦਿੱਤੀ ਅਤੇ ਗੱਡੀ ਹੌਲੀ-ਹੌਲੀ ਨਵੀਂ ਦਿੱਲੀ ਵੱਲ ਚੱਲ ਪਈ। ਡਾ. ਅੰਬੇਡਕਰ ਦੇ ਸਾਹਮਣੇ ਰਾਮਾਬਾਈ ਦਾ ਚਿਹਰਾ ਘੁੰਮ ਰਿਹਾ ਸੀ। ਇੱਕ ਪਾਸੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਰਹੇ ਸਨ ਅਤੇ ਦੂਜੇ ਪਾਸੇ ਫਰੰਟੀਅਰ-ਮੇਲ ਪੂਰੀ ਰਫ਼ਤਾਰ ਨਾਲ ਜਾ ਰਹੀ ਸੀ।

ਡਾ. ਅੰਬੇਡਕਰ ਨੇ 20 ਜਨਵਰੀ 1944 ਨੂੰ ਨਵੀਂ ਦਿੱਲੀ ਵਿੱਚ ਆਪਣੀ ਜੀਵਨ ਸਾਥਣ ਦੀ ਦੁੱਖਾਂ ਭਰੀ ਦਾਸਤਾਨ ਦੱਸਦਿਆਂ ਕਿਹਾ, ‘‘ਮੇਰੀ ਰਾਮੂ ਬਹੁਤ ਭੋਲੀ ਸੀ। ਉਸ ਦੇ ਦਿਲ ਵਿੱਚ ਛਲ-ਕਪਟ ਵਾਸਤੇ ਕੋਈ ਜਗ੍ਹਾ ਨਹੀਂ ਸੀ। ਜੇ ਮੈਂ ਕਦੇ ਬਿਮਾਰ ਹੋ ਜਾਂਦਾ ਸੀ ਤਾਂ ਉਹ ਦਿਨ ਰਾਤ ਮੇਰੀ ਸੇਵਾ ਕਰਦੀ। ਉਹ ਸੁਭਾਅ ਦੀ ਜ਼ਿੱਦੀ ਅਤੇ ਆਪਣੀ ਗੱਲ ’ਤੇ ਅਟੱਲ ਰਹਿਣ ਵਾਲੀ ਸੀ। ਪਰੰਤੂ ਬਹੁਤ ਨਰਮ ਦਿਲ ਵਾਲੀ ਔਰਤ ਸੀ। ਉਸ ਦਾ ਦਿਲ ਸੇਵਾ ਅਤੇ ਤਿਆਗ ਦੀ ਭਾਵਨਾ ਨਾਲ ਭਰਿਆ ਹੋਇਆ ਸੀ। ਮਹਾੜ ਅੰਦੋਲਨ ਤੋਂ ਬਾਅਦ ਮੇਰੇ ਕੋਲ ਲੋਕਾਂ ਦਾ ਆਉਣਾ ਬਹੁਤ ਵਧ ਗਿਆ ਸੀ। ਉਹ ਆਏ ਹੋਏ ਮਹਿਮਾਨਾਂ ਦੀ ਬਹੁਤ ਸੇਵਾ ਅਤੇ ਸਤਿਕਾਰ ਕਰਦੀ ਸੀ। ਦਿਨ ਹੋਵੇ ਜਾਂ ਰਾਤ ਉਹ ਹਰੇਕ ਮਹਿਮਾਨ ਵਾਸਤੇ ਚਾਹ-ਪਾਣੀ ਦਾ ਪ੍ਰਬੰਧ ਕਰਦੀ ਸੀ। ਉਹ ਬਹੁਤ ਮਜ਼ੇਦਾਰ ਖਾਣਾ ਪਕਾਉਂਦੀ ਸੀ ਅਤੇ ਸਾਰਿਆਂ ਨੂੰ ਖੁਆਉਂਦੀ ਸੀ। ਮਹਾੜ ਅੰਦੋਲਨ ਵਿੱਚ ਮੈਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਬਾਰੇ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਬਹੁਤ ਡਰ ਗਈ ਸੀ। ਉਹ ਕਿਹਾ ਕਰਦੀ ਸੀ ਕਿ ਉਹ ਵੀ ਮੇਰੇ ਨਾਲ ਬਾਹਰ ਜਾਇਆ ਕਰੇਗੀ। ਇਸ ਤਰ੍ਹਾਂ ਮੇਰੇ ਅੰਗ-ਸੰਗ ਰਹਿ ਕੇ ਮੇਰੀ ਰੱਖਿਆ ਕਰਿਆ ਕਰੇਗੀ। ਮੈਂ ਉਸ ਨੂੰ ਸਮਝਾ ਦਿੰਦਾ ਕਿ ਬੱਚਿਆਂ ਨੂੰ ਸੰਭਾਲਣ ਅਤੇ ਘਰ ਦੇ ਸਾਰੇ ਪਰਿਵਾਰ ਦੀ ਦੇਖਭਾਲ ਦੀ ਵੀ ਉਸ ਦੀ ਜ਼ਿੰਮੇਵਾਰੀ ਹੈ। ਉਹ ਮੇਰੀ ਗੱਲ ’ਤੇ ਰਾਜ਼ੀ ਹੋ ਜਾਂਦੀ ਸੀ। ਉਸ ਦੀ ਨੇਕੀ ਅਤੇ ਮਨ ਦੀ ਪਵਿੱਤਰਤਾ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਦਾ।’’

ਰਾਮਾਬਾਈ ਦੀ ਮੌਤ ਤੋਂ ਬਾਅਦ, ਡਾ. ਅੰਬੇਡਕਰ ਨੇ ਆਪਣੇ ਸਮਾਜ ਸੁਧਾਰ ਦੇ ਕੰਮ ਨੂੰ ਹੋਰ ਅਸਰਦਾਰ ਢੰਗ ਨਾਲ ਅੱਗੇ ਵਧਾਇਆ, ਜਿਸ ਵਿੱਚ ਭਾਰਤੀ ਸੰਵਿਧਾਨ ਦੀ ਰਚਨਾ ਅਤੇ ਦਲਿਤ ਵਰਗ ਦੇ ਉਥਾਨ ਲਈ ਯਤਨ ਸ਼ਾਮਿਲ ਸਨ। ਰਾਮਾਬਾਈ ਦੀ ਮੌਤ ਨੇ ਡਾ. ਅੰਬੇਡਕਰ ਨੂੰ ਭਾਵਨਾਤਮਕ ਅਤੇ ਮਾਨਸਿਕ ਤੌਰ ’ਤੇ ਤੋੜ ਦਿੱਤਾ, ਪਰ ਉਹ ਰਾਮਾਬਾਈ ਦੀਆਂ ਸਿੱਖਿਆਵਾਂ ਅਤੇ ਸਮਰਪਣ ਨੂੰ ਅੱਗੇ ਲੈ ਕੇ ਗਏ। ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਅੱਜ ਵੀ ਸਤਿਕਾਰ ਵਜੋਂ ਉਨ੍ਹਾਂ ਨੂੰ ‘ਮਾਤਾ ਰਾਮਾਬਾਈ ਅੰਬੇਡਕਰ’ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਰਾਮਾਬਾਈ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਪਿਆਰ, ਸਮਰਪਣ ਅਤੇ ਕੁਰਬਾਨੀ ਨਾਲ ਵੱਡੇ ਸੁਫ਼ਨੇ ਸਾਕਾਰ ਕੀਤੇ ਜਾ ਸਕਦੇ ਹਨ। ਅੱਜ, ਜਦੋਂ ਅਸੀਂ ਡਾ. ਅੰਬੇਡਕਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹਾਂ, ਤਾਂ ਸਾਨੂੰ ਮਾਤਾ ਰਾਮਾਬਾਈ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਨੂੰ ਵੀ ਨਹੀਂ ਭੁੱਲਣਾ ਚਾਹੀਦਾ, ਜਿਨ੍ਹਾਂ ਦੀ ਦ੍ਰਿੜਤਾ ਅਤੇ ਸਮਰਥਨ ਨੇ ਸਾਨੂੰ ਇੱਕ ਮਹਾਨ ਸਮਾਜ ਸੁਧਾਰਕ ਦਿੱਤਾ।

ਸੰਪਰਕ: 98140-96108

Advertisement
×