ਵੀਜ਼ਾ ਟਿਕਟ ਬਣਦੀਆਂ ਪੰਜਾਬ ਦੀਆਂ ਧੀਆਂ
ਕੈਨੇਡਾ ਪਰਵਾਸ ਲਈ ਆਪਣੇ ਵੀਜ਼ੇ ਵਾਸਤੇ ਫੋਟੋਗ੍ਰਾਫਰ ਕੋਲ ਤਸਵੀਰ ਖਿਚਵਾਉਣ ਆਈ ਉਸ ਅਠਾਰਾਂ ਕੁ ਸਾਲਾਂ ਦੀ ਮਾਸੂਮ ਬੱਚੀ ਦਾ ਚਿਹਰਾ ਕਦੇ ਨਹੀਂ ਭੁੱਲਦਾ, ਜਿਸ ਦਾ ਬਾਪ ਆਪਮੁਹਾਰੇ ਹੁੱਬ-ਹੁੱਬ ਕੇ ਦੱਸ ਰਿਹਾ ਸੀ, ‘‘ਪਰਿਵਾਰ ’ਤੇ ਉੱਪਰ ਵਾਲੇ ਦੀ ਮਿਹਰ ਹੋ ਗਈ...
ਕੈਨੇਡਾ ਪਰਵਾਸ ਲਈ ਆਪਣੇ ਵੀਜ਼ੇ ਵਾਸਤੇ ਫੋਟੋਗ੍ਰਾਫਰ ਕੋਲ ਤਸਵੀਰ ਖਿਚਵਾਉਣ ਆਈ ਉਸ ਅਠਾਰਾਂ ਕੁ ਸਾਲਾਂ ਦੀ ਮਾਸੂਮ ਬੱਚੀ ਦਾ ਚਿਹਰਾ ਕਦੇ ਨਹੀਂ ਭੁੱਲਦਾ, ਜਿਸ ਦਾ ਬਾਪ ਆਪਮੁਹਾਰੇ ਹੁੱਬ-ਹੁੱਬ ਕੇ ਦੱਸ ਰਿਹਾ ਸੀ, ‘‘ਪਰਿਵਾਰ ’ਤੇ ਉੱਪਰ ਵਾਲੇ ਦੀ ਮਿਹਰ ਹੋ ਗਈ ਹੈ ਜੀ। ਅੱਠ ਬੈਂਡ ਆ ਗਏ ਸੀ ਤੇ ਨਾਲ ਹੀ ਚੰਗਾ ਰਿਸ਼ਤਾ ਵੀ ਮਿਲ ਗਿਆ। ਬੜੇ ਚੰਗੇ ਬੰਦੇ ਨੇ ਜੀ, ਕਹਿੰਦੇ ਤੁਸੀਂ ਕੁੜੀ ਨੂੰ ਭੇਜੋ, ਸਾਰਾ ਖ਼ਰਚਾ ਅਸੀਂ ਕਰਾਂਗੇ। ਬੇਟੀ ਦੀ ਐਡਮਿਸ਼ਨ ਤਾਂ ਹੋ ਹੀ ਗਈ ਹੈ, ਸਾਡਾ ਪ੍ਰਾਹੁਣਾ ਵੀ ਸਪਾਊਸ ਵੀਜ਼ੇ ’ਤੇ ਨਾਲ ਹੀ ਚਲਿਆ ਜਾਵੇਗਾ। ਆਪੇ ਸੈਟਲ ਹੋ ਜਾਣਗੇ ਉੱਥੇ। ਚਹੁੰ ਸਾਲਾਂ ਨੂੰ ਭਾਈ ਵੀ ਜਵਾਨ ਹੋਇਆ ਸਮਝੋ, ਉਹਨੂੰ ਵੀ ਬੁਲਾ ਲਊਗੀ। ਸਾਡੀ ਚਿੰਤਾ ਮੁੱਕੂ, ਇੱਥੇ ਵੀ ਭਲਾ ਕੀ ਰੱਖਿਐ?’’
ਉਸ ਬੱਚੀ ਦੇ ਚਿਹਰੇ ’ਤੇ ਕੋਈ ਭਾਵ ਨਹੀਂ ਸੀ। ਲੱਗਦਾ ਨਹੀਂ ਸੀ ਕਿ ਆਈਲੈਟਸ (ਆਇਲਜ਼) ਕਰਨ ਤੋਂ ਪਹਿਲਾਂ ਉਹ ਕਦੇ ਸ਼ਹਿਰ ਵੀ ਇਕੱਲੀ ਗਈ ਹੋਵੇਗੀ। ਪਤਾ ਨਹੀਂ ਉਹ ਬਾਪ ਕਿਹੜੇ ਸੁਪਨਿਆਂ ਦੀ ਉਧੇੜ-ਬੁਣ ਵਿੱਚ ਸੀ, ‘‘ਪਹਿਲਾਂ ਮੇਰੀ ਭੂਆ ਦੇ ਮੁੰਡੇ ਦੀ ਕੁੜੀ ਵੀ ਗਈ ਸੀ ਉੱਥੇ, ਵਧੀਆ ਨਜ਼ਾਰੇ ਮਾਣ ਰਹੀ ਐ। ਸੁੱਖ ਨਾਲ ਹੁਣ ਤਾਂ ਦੋ ਜੁਆਕ ਨੇ ਉਹਦੇ। ਪਹਿਲਾ ਛਿਲਾ ਕਟਾਉਣ ਉਹਦੀ ਸੱਸ ਗਈ ਸੀ ਤੇ ਐਤਕੀਂ ਮੇਰੀ ਭੂਆ ਦਾ ਮੁੰਡਾ ਤੇ ਉਹਦੀ ਘਰਵਾਲੀ ਛੇ ਮਹੀਨੇ ਨਜ਼ਾਰੇ ਲੈ ਕੇ ਆਏ ਨੇ।’’
ਅੱਜ ਜਦੋਂ ਪੰਜਾਬ ਦਾ ਹਰ ਦੂਜਾ ਘਰ ਵਿਦੇਸ਼ ਜਾਣ ਦੇ ਸੁਪਨੇ ਵੇਖ ਰਿਹਾ ਹੈ, ਉੱਥੇ ਇਸ ਦੀ ਸਭ ਤੋਂ ਵੱਡੀ ਕੀਮਤ ਧੀਆਂ ਨੂੰ ਚੁਕਾਉਣੀ ਪੈ ਰਹੀ ਹੈ। ਪਰਵਾਸ ਦੇ ਨਾਂ ’ਤੇ ਧੀਆਂ ਦੇ ਜਜ਼ਬਾਤ, ਸੁਪਨਿਆਂ, ਸੁਰੱਖਿਆ ਅਤੇ ਹੋਂਦ ਦੀ ਬਲੀ ਦਿੱਤੀ ਜਾ ਰਹੀ ਹੈ। ਅੱਜ ਪੰਜਾਬ ਵਿੱਚ ਪੜ੍ਹੀ-ਲਿਖੀ ਅਤੇ ਆਇਲਜ਼ ਪਾਸ ਲੜਕੀ ਨੂੰ ਇੱਕ ਇਨਸਾਨ ਦੀ ਬਜਾਏ ‘ਵੀਜ਼ਾ ਟਿਕਟ’ ਵਜੋਂ ਦੇਖਿਆ ਜਾਣ ਲੱਗਾ ਹੈ। ‘ਭੂਆ ਦੇ ਮੁੰਡੇ ਦੀ ਕੁੜੀ’ ਵਾਲੇ ਨਸੀਬ ਸਾਰੀਆਂ ਧੀਆਂ ਦੇ ਨਹੀਂ ਹੁੰਦੇ। ਬਹੁਤ ਸਾਰੇ ਪਰਿਵਾਰ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਅਜਿਹੀ ਲੜਕੀ ਦੀ ਤਲਾਸ਼ ਕਰਦੇ ਹਨ, ਜਿਸ ਦੇ ਬੈਂਡ ਸਕੋਰ ਚੰਗੇ ਹੋਣ। ਅਜਿਹੇ ਹਾਲਾਤ ਵਿੱਚ ਲੜਕੀ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਨਹੀਂ ਸਗੋਂ ਇੱਕ ‘ਸਾਧਨ’ ਵਜੋਂ ਵਰਤਿਆ ਜਾਂਦਾ ਹੈ। ਲੜਕੇ ਦਾ ਪਰਿਵਾਰ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਲਾਲਚ ਦਿੰਦਾ ਹੈ, ਪਰ ਦੁਖਾਂਤ ਉਦੋਂ ਵਾਪਰਦਾ ਹੈ ਜਦੋਂ ਵਿਦੇਸ਼ ਪਹੁੰਚਦਿਆਂ ਹੀ ਅਕਸਰ ਲੜਕੀ ਨੂੰ ਛੱਡ ਦਿੱਤਾ ਜਾਂਦਾ ਹੈ ਜਾਂ ਉਸ ’ਤੇ ਪੈਸੇ ਭੇਜਣ ਦਾ ਅੰਨ੍ਹੇਵਾਹ ਦਬਾਅ ਪਾਇਆ ਜਾਂਦਾ ਹੈ। ਇੰਝ ਲੜਕੀ ਦੀ ਸਿੱਖਿਆ ਅਤੇ ਭਵਿੱਖ ਵੀਜ਼ੇ ਦੀ ਭੇਂਟ ਚੜ੍ਹ ਜਾਂਦੇ ਹਨ।
ਅਜਿਹੇ ਵਿਆਹ ਅਕਸਰ ਪਿਆਰ ਜਾਂ ਸਾਂਝ ’ਤੇ ਨਹੀਂ ਸਗੋਂ ਇੱਕ ਵਪਾਰਕ ਸਮਝੌਤੇ ’ਤੇ ਟਿਕੇ ਹੁੰਦੇ ਹਨ। ਲੜਕੀ ਦੇ ਮਾਪੇ ਸਿਰਫ਼ ਗ਼ਰੀਬੀ ਜਾਂ ਮਜਬੂਰੀ ਕਾਰਨ ਹੀ ਨਹੀਂ, ਸਗੋਂ ਕਈ ਵਾਰ ਆਪਣੇ ਪੁੱਤਾਂ ਨੂੰ ਬਾਹਰ ਭੇਜਣ ਖ਼ਾਤਰ ਜਾਂ ਖ਼ੁਦ ਵਿਦੇਸ਼ ਜਾਣ ਦੇ ਸੁਪਨੇ ਪੂਰੇ ਕਰਨ ਲਈ ਆਪਣੀ ਧੀ ਨੂੰ ਅਜਿਹੇ ਰਿਸ਼ਤੇ ਵਿੱਚ ਬੰਨ੍ਹ ਦਿੰਦੇ ਹਨ, ਜਿੱਥੇ ਉਸ ਦੀ ਆਪਣੀ ਪਸੰਦ ਜਾਂ ਇੱਛਾ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਪੰਜਾਬ ਵਿੱਚੋਂ ਕੈਨੇਡਾ, ਆਸਟਰੇਲੀਆ ਅਤੇ ਇੰਗਲੈਂਡ ਜਾਣ ਦਾ ਜਨੂੰਨ ਇੰਨਾ ਵਧ ਗਿਆ ਹੈ ਕਿ ‘ਕੰਟਰੈਕਟ ਮੈਰਿਜ’ ਇੱਕ ਕਾਰੋਬਾਰ ਦਾ ਰੂਪ ਲੈ ਚੁੱਕੀ ਹੈ। ਸਮਾਜਿਕ ਅਤੇ ਨੈਤਿਕ ਗਿਰਾਵਟ ਇਸ ਹੱਦ ਤੱਕ ਜਾ ਪੁੱਜੀ ਹੈ ਕਿ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ‘ਪੀ.ਐੱਮ.’ (ਪੇਪਰ ਮੈਰਿਜ) ਅਰਥਾਤ ਕੰਟਰੈਕਟ ਮੈਰਿਜ ਦੀ ਗੱਲ ਸ਼ਰ੍ਹੇਆਮ ਲਿਖੀ ਹੁੰਦੀ ਹੈ।
ਜੇਕਰ ਰਿਸ਼ਤੇ ਗੁਣਾਂ ਜਾਂ ਸੰਸਕਾਰਾਂ ਦੀ ਥਾਂ ਸਿਰਫ਼ ‘ਬੈਂਡ ਸਕੋਰ’ ਜਾਂ ਸ਼ਰਤਾਂ ਦੇ ਆਧਾਰ ’ਤੇ ਤੈਅ ਹੋਣੇ ਹਨ ਤਾਂ ਉਨ੍ਹਾਂ ਦੇ ਨਿਭਣ ਦੀ ਉਮੀਦ ਵੀ ਕਿਵੇਂ ਕੀਤੀ ਜਾ ਸਕਦੀ ਹੈ। ਇਹ ਅਕਸਰ ਪੜ੍ਹਨ ਨੂੰ ਮਿਲਦਾ ਹੈ ਕਿ ਲੜਕੇ ਨੇ ਵਿਦੇਸ਼ ਪਹੁੰਚ ਕੇ ਲੜਕੀ ਨੂੰ ਛੱਡ ਦਿੱਤਾ। ਕਈ ਵਾਰ ਅਜਿਹੀਆਂ ਖ਼ਬਰਾਂ ਵੀ ਆਉਂਦੀਆਂ ਹਨ ਕਿ ਲੜਕੀ ਨੇ ਵਿਦੇਸ਼ ਜਾ ਕੇ ਲੜਕੇ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਅਜਿਹੇ ਹਾਲਾਤ ਵਿੱਚ ਕਈ ਵਾਰ ਲੜਕੀਆਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੀਆਂ ਹੁੰਦੀਆਂ ਹਨ, ਖ਼ਾਸ ਕਰਕੇ ਉਦੋਂ ਜਦੋਂ ਕੋਈ ਹੋਰ ਪਹਿਲਾਂ ਹੀ ਉੱਥੇ ਮੌਜੂਦ ਹੁੰਦਾ ਹੈ, ਜਿਸ ਬਾਰੇ ਮਾਪੇ ਵੀ ਬੇਖ਼ਬਰ ਹੁੰਦੇ ਹਨ।
ਧੀਆਂ ਨੂੰ ਵਿਦੇਸ਼ ਵਿਆਹ ਕੇ ਗਿਣਤੀਆਂ-ਮਿਣਤੀਆਂ ਕਰਨ ਵਾਲੇ ਮਾਪਿਆਂ ਦੀ ਵੀ ਕੋਈ ਘਾਟ ਨਹੀਂ, ਜਿਨ੍ਹਾਂ ਨੂੰ ਜਾਪਦਾ ਹੈ ਕਿ ਅਸਲੀ ‘ਸਵਰਗ’ ਸਿਰਫ਼ ਵਿਦੇਸ਼ ਵਿੱਚ ਹੀ ਹੈ ਅਤੇ ਉਹ ਧੀਆਂ ਦੇ ਮੋਢਿਆਂ ’ਤੇ ਚੜ੍ਹ ਕੇ ਉੱਥੇ ਵਸਣਾ ਲੋਚਦੇ ਹਨ। ਅਜਿਹੇ ਵਿੱਚ ਐੱਨ.ਆਰ.ਆਈ. ਮੁੰਡਾ ਦੇਖ ਕੇ ਵਿੱਤੋਂ ਬਾਹਰ ਜਾ ਕੇ ਦਾਜ-ਦਹੇਜ ਦਿੱਤਾ ਜਾਂਦਾ ਹੈ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ। ਕਈ ਵਾਰ ਇਹ ਵਿਦੇਸ਼ੀ ਲਾੜੇ ਵਿਆਹ ਨੂੰ ਮਹਿਜ਼ ‘ਛੁੱਟੀਆਂ ਦਾ ਮਨੋਰੰਜਨ’ ਸਮਝਦੇ ਹਨ। ਲੜਕਾ ਪੰਜਾਬ ਆਉਂਦਾ ਹੈ, ਧੂਮ-ਧਾਮ ਨਾਲ ਵਿਆਹ ਹੁੰਦਾ ਹੈ ਅਤੇ ਕੁਝ ਦਿਨਾਂ ਬਾਅਦ ਕਾਗਜ਼ੀ ਕਾਰਵਾਈ ਦਾ ਬਹਾਨਾ ਲਾ ਕੇ ਵਿਦੇਸ਼ ਉੱਡ ਜਾਂਦਾ ਹੈ। ਉਹ ਕੁੜੀ ਸਾਰੀ ਉਮਰ ਪੰਜਾਬ ਵਿੱਚ ਹੀ ਉਡੀਕ ਕਰਦੀ ਰਹਿ ਜਾਂਦੀ ਹੈ। ਅਜਿਹੀਆਂ ਹਜ਼ਾਰਾਂ ਔਰਤਾਂ ਪਤੀਆਂ ਦੇ ਜਿਊਂਦੇ ਹੋਣ ਦੇ ਬਾਵਜੂਦ ਪੰਜਾਬ ਵਿੱਚ ਵਿਧਵਾਵਾਂ ਜਿਹੀ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਇਹ ਉਨ੍ਹਾਂ ਦੀ ਜਵਾਨੀ ਅਤੇ ਉਮੀਦਾਂ ਦਾ ਕਤਲ ਹੈ।
ਜਿਹੜੀਆਂ ਲੜਕੀਆਂ ਵਿਦੇਸ਼ੀ ਧਰਤੀ ’ਤੇ ਪਹੁੰਚ ਵੀ ਜਾਂਦੀਆਂ ਹਨ, ਉਨ੍ਹਾਂ ਨੂੰ ਕਈ ਵਾਰ ਦੂਹਰੀ ਮਾਰ ਹੰਢਾਉਣੀ ਪੈਂਦੀ ਹੈ। ਭਾਵੇਂ ਇਹ ਸਭ ਦਾ ਸੱਚ ਨਹੀਂ ਹੈ। ਅਣਗਿਣਤ ਕੁੜੀਆਂ ਉੱਥੇ ਆਪਣਾ ਉਹੀ ਸੁਖੀ ਜੀਵਨ ਵੀ ਬਤੀਤ ਕਰ ਰਹੀਆਂ ਹਨ, ਜਿਨ੍ਹਾਂ ਦੇ ਉਨ੍ਹਾਂ ਨੇ ਸੁਪਨੇ ਲਏ ਹੁੰਦੇ ਹਨ ਪਰ ਸੌਦੇਬਾਜ਼ੀ ’ਤੇ ਟਿਕੇ ਰਿਸ਼ਤੇ ਅਕਸਰ ਖੋਖਲੇ ਸਾਬਤ ਹੁੰਦੇ ਹਨ। ਬੇਗਾਨੀ ਧਰਤੀ ’ਤੇ ਸਮਾਜਿਕ ਸਹਾਰਾ ਨਾ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਰੱਖਿਆ ਜਾਂਦਾ ਹੈ। ਉਨ੍ਹਾਂ ਦੀ ਕਮਾਈ ਪਤੀ ਜਾਂ ਸਹੁਰੇ ਪਰਿਵਾਰ ਵੱਲੋਂ ਖੋਹ ਲਈ ਜਾਂਦੀ ਹੈ ਅਤੇ ਵਿਰੋਧ ਕਰਨ ’ਤੇ ਡਿਪੋਰਟ ਕਰਵਾਉਣ ਦੀ ਧਮਕੀ ਦਿੱਤੀ ਜਾਂਦੀ ਹੈ। ਇੱਥੇ ਉਨ੍ਹਾਂ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ।
ਅਜਿਹੇ ਹਾਲਾਤ ਤੋਂ ਬਚਣ ਲਈ ਜ਼ਰੂਰੀ ਹੈ ਕਿ ਵਿਆਹ ਨੂੰ ਵਿਦੇਸ਼ ਜਾਣ ਦਾ ਜ਼ਰੀਆ ਜਾਂ ਸੌਦਾ ਸਮਝਣ ਦੀ ਬਜਾਏ, ਇਸ ਨੂੰ ਦੋ ਇਨਸਾਨਾਂ ਦੀ ਸਾਂਝ ਵਜੋਂ ਦੇਖਿਆ ਜਾਵੇ। ਧੀਆਂ ਦੇ ‘ਬੈਂਡ ਸਕੋਰ’ ਨੂੰ ਦਾਜ ਦੀ ਵਸਤੂ ਨਾ ਬਣਾਇਆ ਜਾਵੇ। ਜੇਕਰ ਕੋਈ ਪਰਿਵਾਰ ਸਿਰਫ਼ ਵੀਜ਼ੇ ਜਾਂ ਪੈਸੇ ਦੇ ਲਾਲਚ ਵਿੱਚ ਰਿਸ਼ਤਾ ਕਰ ਰਿਹਾ ਹੈ ਤਾਂ ਉਸ ਨੂੰ ਦੂਰੋਂ ਹੀ ਮੱਥਾ ਟੇਕ ਦਿੱਤਾ ਜਾਵੇ। ਰਿਸ਼ਤਿਆਂ ਤੋਂ ਇਲਾਵਾ ਹੁਣ ਚਾਰ ਪੈਸੇ ਕਮਾਉਣ ਲਈ ਵਿਦੇਸ਼ ਗਈਆਂ ਲੜਕੀਆਂ ਨੂੰ ਇੱਕ ਨਵੇਂ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਅਕਸਰ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਖਾੜੀ ਦੇਸ਼ਾਂ ਵਿੱਚ ਘਰੇਲੂ ਨੌਕਰਾਣੀਆਂ ਵਜੋਂ ਜਾਂਦੀਆਂ ਹਨ, ਜਿੱਥੇ ਕਈ ਵਾਰ ਪਾਸਪੋਰਟ ਖੋਹ ਕੇ ਉਨ੍ਹਾਂ ਨੂੰ ਅਣਮਨੁੱਖੀ ਹਾਲਤਾਂ ਵਿੱਚ ਰੱਖਿਆ ਜਾਂਦਾ ਹੈ। ਕਈ ਵਾਰ ਜਿਸਮਾਨੀ ਸ਼ੋਸ਼ਣ ਅਤੇ ਖ਼ਰੀਦ-ਫ਼ਰੋਖ਼ਤ ਵਰਗੀਆਂ ਵਹਿਸ਼ੀਆਨਾ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ। ਇਹ ਗ਼ਰੀਬੀ ਹੱਥੋਂ ਔਰਤ ਦੀ ਇੱਜ਼ਤ ਅਤੇ ਜ਼ਿੰਦਗੀ ਦੀ ਸਭ ਤੋਂ ਵੱਡੀ ਬਲੀ ਹੈ।
ਔਰਤਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਹੋਣ। ਜਿਸ ਦੇਸ਼ ਵਿੱਚ ਉਹ ਜਾ ਰਹੀਆਂ ਹਨ, ਉੱਥੋਂ ਦੇ ਐਮਰਜੈਂਸੀ ਨੰਬਰ, ਸਫ਼ਾਰਤਖਾਨਿਆਂ ਦੇ ਸੰਪਰਕ ਅਤੇ ਸਥਾਨਕ ਮਹਿਲਾ ਸਹਾਇਤਾ ਕੇਂਦਰਾਂ ਬਾਰੇ ਜਾਣਕਾਰੀ ਪਹਿਲਾਂ ਹੀ ਕੋਲ ਰੱਖਣ। ਕਿਸੇ ਵੀ ਏਜੰਟ ਜਾਂ ਅਣਜਾਣ ਵਿਅਕਤੀ ਕੋਲ ਆਪਣਾ ਅਸਲ ਪਾਸਪੋਰਟ ਸੌਂਪਣ ਦੀ ਗ਼ਲਤੀ ਕਦੇ ਨਾ ਕੀਤੀ ਜਾਵੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਔਰਤਾਂ ਆਪਣੇ ਅੰਦਰ ਇੰਨਾ ਆਤਮ-ਵਿਸ਼ਵਾਸ ਪੈਦਾ ਕਰਨ ਕਿ ਉਹ ਕਿਸੇ ਵੀ ਕਿਸਮ ਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾ ਸਕਣ। ਵਿਦੇਸ਼ ਜਾਣ ਦਾ ਸੁਪਨਾ ਜ਼ਰੂਰ ਦੇਖੋ, ਪਰ ਆਪਣੀ ਹੋਂਦ, ਇੱਜ਼ਤ ਅਤੇ ਸੁਰੱਖਿਆ ਦੀ ਕੀਮਤ ’ਤੇ ਨਹੀਂ।
ਸੰਪਰਕ: 98780-19889

