DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੱਬੀਆਂ ਵਿੱਚ ਬੰਦ ਲੋਕ

ਸਿਡਨੀ ਪਰਵਾਸ ਦੌਰਾਨ ਅਸੀਂ ਦੋਵੇਂ ਜੀਅ ਹਰ ਸ਼ਾਮ ਧੀ ਦੇ ਘਰ ਨੇੜਲੇ ਪਾਰਕ ਵਿੱਚ ਸੈਰ ਕਰਨ ਜਾਂਦੇ ਹਾਂ। ਪਾਰਕ ਕਾਹਦੀ, ਪੂਰੀ ਵੱਡੀ ਸੈਰਗਾਹ ਹੈ। ਵਾਹਵਾ ਦੂਰ ਤੱਕ ਫੈਲੀ ਹੋਈ। ਲੱਗਦਾ ਦਸ ਕਿੱਲਿਆਂ ਜਿੰਨੇ ਰਕਬੇ ’ਚ ਹੋਵੇਗੀ। ਚਾਰੇ ਪਾਸੇ ਉੱਚੇ ਲੰਮੇ...

  • fb
  • twitter
  • whatsapp
  • whatsapp
Advertisement

ਸਿਡਨੀ ਪਰਵਾਸ ਦੌਰਾਨ ਅਸੀਂ ਦੋਵੇਂ ਜੀਅ ਹਰ ਸ਼ਾਮ ਧੀ ਦੇ ਘਰ ਨੇੜਲੇ ਪਾਰਕ ਵਿੱਚ ਸੈਰ ਕਰਨ ਜਾਂਦੇ ਹਾਂ। ਪਾਰਕ ਕਾਹਦੀ, ਪੂਰੀ ਵੱਡੀ ਸੈਰਗਾਹ ਹੈ। ਵਾਹਵਾ ਦੂਰ ਤੱਕ ਫੈਲੀ ਹੋਈ। ਲੱਗਦਾ ਦਸ ਕਿੱਲਿਆਂ ਜਿੰਨੇ ਰਕਬੇ ’ਚ ਹੋਵੇਗੀ। ਚਾਰੇ ਪਾਸੇ ਉੱਚੇ ਲੰਮੇ ਹਰੇ ਭਰੇ ਦਰੱਖ਼ਤ ਹੀ ਦਰੱਖ਼ਤ, ਵੱਖ-ਵੱਖ ਖੇਡਾਂ ਲਈ ਬਲਾਂ ਵੱਡਾ ਮਖ਼ਮਲੀ ਮੈਦਾਨ, ਚਾਰੇ ਪਾਸੇ ਉੱਚੇ ਲੰਮੇ ਪੋਲਾਂ ’ਤੇ ਲੱਗੀਆਂ ਫਲੋਰਾ ਲਾਈਟਾਂ। ਸੈਰ ਕਰਦੇ ਤੁਸੀਂ ਕਿਸੇ ਪਾਸੇ ਵੀ ਗੇੜਾ ਦੇ ਆਓ, ਸਾਫ਼-ਸੁਥਰੇ ਪੱਧਰ ਕੀਤੇ ਸੋਹਣੇ ਮਨਮੋਹਣੇ ਘਾਹ ਦੇ ਮੈਦਾਨ, ਕਿਤੇ ਕੋਈ ਕੂੜਾ ਨਹੀਂ, ਕੋਈ ਗੰਦਗੀ ਨਹੀਂ। ਸੈਰ ਕਰਦਿਆਂ ਸਾਫ਼, ਸ਼ੁੱਧ ਸਰਸਰਾਹਟ ਕਰਦੀ, ਸੁਗੰਧੀਆਂ ਬਿਖੇਰਦੀ ਵਗਦੀ ਤਾਜ਼ਾ ਹਵਾ ਤੇ ਠੰਢਕ, ਤੁਹਾਨੂੰ ਅੰਦਰੋਂ-ਬਾਹਰੋਂ ਠਾਰ ਦਿੰਦੀ ਹੈ। ਇੱਥੇ ਏ ਕਿਊ ਆਈ ਅਕਸਰ ਵੀਹ ਪੱਚੀ ਰਹਿੰਦਾ ਹੈ।

ਉਸ ਦਿਨ ਵੀ ਅਸੀਂ ਗੱਲੀਂ ਲੱਗੇ ਆਪਣੇ ਧਿਆਨ ’ਚ ਸੈਰ ਕਰਦੇ ਤੁਰੇ ਜਾ ਰਹੇ ਸੀ। ਸਾਡੇ ਮੂਹਰੇ ਹੀ ਇੱਕ ਘਰੋਂ ਨਿਕਲ ਕੇ ਗੇੜਾ ਕੱਢ ਰਹੀ ਸੱਠਵਿਆਂ ਤੋਂ ਉੱਪਰ ਉਮਰ ਦੀ ਬੀਬੀ ਨੇ ਸਾਨੂੰ ਦੇਖ, ਮੇਰੀ ਪਤਨੀ ਨੂੰ ਹਾਕ ਮਾਰ ਕੇ ਪੁੱਛ ਲਿਆ, ‘‘ਭੈਣ ਜੀ ਕਿੱਥੋਂ, ਪੰਜਾਬ ਤੋਂ?’’ ‘‘ਹਾਂ ਜੀ, ਅਸੀਂ ਲੁਧਿਆਣੇ ਤੋਂ।’’ ‘‘ਅੱਛਾ, ਅਸੀਂ ਰਾਜਪੁਰੇ ਤੋਂ।’’ ਉਸ ਨੂੰ ਜਿਵੇਂ ਚਿਰਾਂ ਤੋਂ ਕੁਝ ਗੁਆਚਿਆ ਲੱਭ ਗਿਆ ਹੋਵੇ, ਜਿਵੇਂ ਸੁੰਨ ਬੀਆਬਾਨ ’ਚ ਉਸ ਨੂੰ ਚਿਰਾਂ ਤੋਂ ਵਿਛੜਿਆ ਕੋਈ ਮਿਲ ਗਿਆ ਹੋਵੇ। ਖੜ੍ਹਿਆਂ-ਖੜ੍ਹਿਆਂ ਦੋਵੇਂ ਜਣੀਆਂ ਦਾ ਗੱਲਾਂ ਦਾ ਸਿਲਸਿਲਾ ਅਗਾਂਹ ਦੀ ਅਗਾਂਹ ਤੁਰੀ ਗਿਆ। ਮੈਂ ਹੂੰ ਹਾਂ ਕਰਦਾ ਪੱਕਾ ਸਰੋਤਾ ਬਣ ਸੁਣੀ ਗਿਆ। ‘‘ਭੈਣ ਜੀ, ਕਾਹਦੀ ਗੱਲ ਐ ਇੱਥੇ ਤਾਂ ਕੋਈ ਕਿਸੇ ਨੂੰ ਬੁਲਾਉਂਦਾ ਈ ਹੈ ਨ੍ਹੀਂ। ਮੇਰਾ ਤਾਂ ਜਮਾਂ ਈ ਜੀਅ ਨ੍ਹੀਂ ਲੱਗਦਾ ਐਥੇ। ਦੋ ਮਹੀਨੇ ਹੋ ਗਏ ਇੱਥੇ ਆਈ ਨੂੰ, ਮਨ ਜਮਾਂ ਓਦਰਿਆ ਪਿਐ। ਕੁੜੀ ਆ ਮੇਰੀ ਐਥੇ, ਉਹਨੂੰ ਅੱਠ ਸਾਲ ਹੋ ਗਏ ਆਈ ਨੂੰ, ਹੁਣੇ ਪੱਕੀ ਹੋਈ ਐ। ਮੰਗੀ ਐ ਅਜੇ ਥੋੜ੍ਹੀ ਦੇਰ ਪਹਿਲਾਂ। ਹੁਣ ਉਸੇ ਨਾਲ ਹੀ, ਕੀ ਇਹ ਸਹੁਰੀ ਦਾ ਲਵ ਇਨ ਕਿ ਲਿਵ ਇਨ ’ਚ ਰਹਿੰਦੇ ਆ ਦੋਵੇਂ ਜੀਅ। ਲੁਧਿਆਣੇ ਦੇ ਰਾਏਕੋਟ ਲਾਗੇ ਪਿੰਡ ਐ ਮੁੰਡੇ ਦਾ। ਏਸ ਨਵੰਬਰ ’ਚ ਵਿਆਹਾਂਗੇ।’’ ਗੱਲਾਂ ਕਰਦਿਆਂ ਨੂੰ ਉਸ ਦੀ ਧੀ ਵੀ ਆਪਣੀ ਕਾਰ ਲੈ ਕੇ ਆ ਖੜ੍ਹੀ। ਉਹ ਸਿਡਨੀ ’ਚ ਬਜ਼ੁਰਗਾਂ ਦੀ ਦੇਖਭਾਲ ਦਾ ਕੰਮ ਕਰਦੀ ਹੈ। ‘‘ਹੈਲੋ’’ ਕਹਿ ਉਸ ਨੇ ਸਤਿਕਾਰ ਤੇ ਜ਼ੋਰ ਨਾਲ ਸਾਨੂੰ ਘਰ ਅੰਦਰ ਸੱਦ ਲਿਆ। ਸਾਡੇ ਨਾਂਹ-ਨੁੱਕਰ ਕਰਨ ’ਤੇ ਦੋਵੇਂ ਮਾਂ ਧੀ ਨੇ ਮੇਰੀ ਪਤਨੀ ਨੂੰ ਬਾਂਹ ਤੋਂ ਫੜ ਅੰਦਰ ਕਰ ਲਿਆ। ਦਰਵਾਜ਼ੇ ’ਤੇ ਅਸੀਂ ਜੁੱਤੀ ਲਾਹੁਣ ਲੱਗੇ ਤਾਂ ਬੋਲ ਪਈ, ‘‘ਕੋਈ ਗੱਲ ਨ੍ਹੀਂ ਵੀਰ ਜੀ, ਲੰਘ ਆਓ।’’ ਪਰ ਅਸੀਂ ਦੋਵੇਂ ਜੀਅ ਜੁੱਤੀਆਂ ਲਾਹ ਉਸ ਦੇ ਨਾਲ ਹੀ ਅੰਦਰ ਪੁਰਾਣੇ ਜਿਹੇ ਸੋਫੇ ’ਤੇ ਜਾ ਬੈਠੇ। ਧੀ ਫਟਾਫਟ ਗਲਾਸਾਂ ’ਚ ਠੰਢਾ ਪਾ ਲਿਆਈ। ‘‘ਸ਼ੁਕਰ ਐ ਭੈਣ ਜੀ, ਤੁਸੀਂ ਮਿਲ ਗਏ। ਏਥੇ ਤਾਂ ਕੋਈ ਕਿਸੇ ਵੱਲ ਝਾਕਦਾ ਈ ਨ੍ਹੀਂ, ਬੁਲਾਉਣਾ ਤਾਂ ਦੂਰ ਰਿਹਾ। ਕਿਸੇ ਦੇ ਘਰੇ ਆਉਣਾ-ਜਾਣਾ ਤਾਂ ਹੋਰ ਵੀ ਦੂਰ। ਸਾਡੇ ਤਾਂ ਰਾਜਪੁਰੇ ਮੁਹੱਲੇ ’ਚ ਆਂਢ-ਗੁਆਂਢ ਬੁੜ੍ਹੀਆਂ ਤਾਂ ਸਾਡੀ ਦੇਹਲੀ ਤੋਂ ਈ ਨ੍ਹੀਂ ਸੀ ਉੱਠਦੀਆਂ। ਏਥੇ ਤਾਂ ਇੰਜ ਆ, ਜਿਵੇਂ ਦਿਨੇ ਹੀ ਕਰਫਿਊ ਲੱਗਾ ਹੋਵੇ। ਕੋਈ ਵਿਰਲੀ ਟਾਵੀਂ ਕਾਰ ਲੰਘਦੀ ਤੋਂ ਲੱਗਦੈ ਕਿ ਆਸਟਰੇਲੀਆ ’ਚ ਵੀ ਭਾਈ ਲੋਕ ਵਸਦੇ ਐ। ਜਾਂ ਪਤਾ ਲੱਗਦੈ ਸਟੋਰਾਂ ਜਾਂ ਮੌਲਾਂ ਤੋਂ। ਕੁੜੀ ਨਾਲ ਗਰੌਸਰੀ ਲੈਣ ਗਈ ਭਾਈ, ਮੈਂ ਤਾਂ ਬੈਂਚ ਜਿਹੇ ’ਤੇ ਬਹਿ ਜਾਂਦੀ ਹਾਂ। ਕਾਲੇ ਗੋਰੇ, ਅੱਧ-ਪਚੱਧ ਨੰਗ-ਧੜੰਗੇ ਰੇਹੜੀਆਂ ਜਿਹੀਆਂ ਲੈਂਦੇ ਆ, ਭਰ-ਭਰ ਕੇ ਗੱਡੀਆਂ ’ਚ ਲੱਦ ਮੁੜ ਜਾਂਦੇ ਐ। ਇੱਕੋ ਛੱਤ ਹੇਠ ਦੁਨੀਆ ਭਰ ਦਾ ਲੋਹੜਿਆਂ ਦਾ ਸਮਾਨ। ਬਾਕੀ ਤਾਂ ਭਾਈ ਇੰਝ ਲੱਗਦੈ ਜਿਵੇਂ ਘਰ ਤੋਂ ਗੱਡੀ ਚੁੱਕੀ ਕੰਮ ਤੇ ਕੰਮ ਤੋਂ ਗੱਡੀ ਚੁੱਕੀ ਘਰੇ। ਬਸ ਫਿਰ ਤਾਂ ਇਹ ਡੱਬੀਆਂ ਜਿਹੀਆਂ ’ਚ ਬੰਦ ਹੋ ਜਾਂਦੇ ਐ। ਕੋਈ ਕਿਸੇ ਗੁਆਂਢੀ ਨੂੰ ਨ੍ਹੀਂ ਜਾਣਦਾ। ਕੋਈ ਹਾਲ ਨ੍ਹੀਂ ਪੁੱਛਦਾ, ਕੋਈ ਚਾਲ ਨ੍ਹੀਂ ਪੁੱਛਦਾ। ਇਹ ਕਾਹਦੀ ਜ਼ਿੰਦਗੀ ਐ ਭੈਣ ਜੀ! ਮੈਂ ਤਾਂ ਅੱਕੀ ਪਈ ਆਂ। ਬੰਦਾ ਭਲਾ ਟੀ ਵੀ ਵੀ ਕਿੰਨੀ ਕੁ ਦੇਰ ਦੇਖ ਸਕਦੈ। ਮੈਂ ਤਾਂ ਅਗਲੇ ਮਹੀਨੇ ਇੰਡੀਆ ਮੁੜ ਜਾਣੈ।’’ ‘‘ਆਹੋ ਮੁੜ ਜਾਣੈ...!’’ ਉਸ ਦੀ ਧੀ ਨੇ ਵਿਚਾਲਿਓਂ ਟੋਕ ਦਿੱਤਾ, ‘‘ਨਾ ਤਾਂ ਮੰਮੀ ਦਾ ਐਥੇ ਜੀਅ ਲੱਗੇ ਤੇ ਨਾ ਰਾਜਪੁਰੇ।’’ ਅਸੀਂ ਦੋਵੇਂ ਹੱਸ ਪਏ। ‘‘ਕਾਹਨੂੰ ਆਂਟੀ, ਮੈਂ ਤਾਂ ਮੰਮੀ ਨੂੰ ਕਿਹਾ ਕਿ ਮੋਬਾਈਲ ’ਤੇ ਐਡ ਦਿੰਨੇ ਆਂ ਬਈ ਕੋਈ ਸਾਡੀ ਮੰਮੀ ਦੀ ਸਹੇਲੀ ਬਣ ਜਾਵੇ, ਪਰ ਇਹ ਮੰਨਦੀ ਈ ਨ੍ਹੀਂ।’’

Advertisement

‘‘ਏਥੇ ਕਿਸੇ ਕੋਲ ਟੈਮ ਹੈ ਨਹੀਂ ਭਾਈ।’’ ਮੈਂ ਕਿਹਾ, ‘‘ਧੀਏ, ਇਨ੍ਹਾਂ ਮੁਲਕਾਂ ’ਚ ਸਾਰੀ ਦੁਨੀਆ ਦੇ ਦੇਸ਼ਾਂ ਤੋਂ ਆਏ ਭਿੰਨ-ਭਿੰਨ ਰੰਗਾਂ ਦੇ, ਭਿੰਨ-ਭਿੰਨ ਬੋਲੀਆਂ, ਵੱਖ-ਵੱਖ ਮਾਨਤਾਵਾਂ ਦੇ, ਸੱਭਿਆਚਾਰਾਂ ਦੇ ਲੋਕ ਵਸਦੇ ਐ। ਸਾਡੇ ਜੀਵਨ ’ਚ, ਸਾਡੇ ਸੱਭਿਆਚਾਰ ’ਚ ਹੋ ਰਹੀ ਇਹ ਟੁੱਟ-ਭੱਜ ਉਨ੍ਹਾਂ ਸਾਰੇ ਪਰਵਾਸੀਆਂ ਦਾ, ਉਨ੍ਹਾਂ ਦੇ ਮਾਪਿਆਂ ਦਾ ਇੱਕ ਅਜਿਹਾ ਸਰਾਪ ਬਣ ਚੁੱਕੀ ਹੈ ਜਿਸ ਦਾ ਸੰਤਾਪ ਨਿਰੰਤਰ ਦੋਹਾਂ ਪੀੜ੍ਹੀਆਂ ਨੇ ਭੋਗਣਾ ਹੀ ਭੋਗਣਾ ਹੈ। ਜੜਾਂ ਤੋਂ ਉੱਖੜਿਆ ਬਿਰਖ ਦੂਜੀ ਥਾਂ ਜਾ ਕੇ ਬੜੀ ਹਿੰਮਤ ਨਾਲ ਈ ਹਰਾ ਹੁੰਦੈ ਭਾਈ। ਸੰਸਾਰ ਭਰ ’ਚ ਇਸ ਪਰਵਾਸ ਦੀ ਜੜ੍ਹ ਸਾਡੀ ਆਰਥਿਕਤਾ ਹੈ।

Advertisement

ਹੁਣ ਤਾਂ ਪਾਣੀਆਂ ਦੇ ਓਹਲੇ ਨਵੇਂ ਪਰਵਾਸੀਆਂ ਦੀਆਂ ਦਰਦ ਕਹਾਣੀਆਂ ਪੰਦਰਾਂ ਵੀਹ ਸਾਲ ਪਹਿਲਾਂ ਨਾਲੋਂ ਕਿਤੇ ਵੱਧ ਪੀੜ ਭਰੀਆਂ ਤੇ ਦਰਦਨਾਕ ਨੇ। ਜਦੋਂ ਅੰਬਰਸਰ ਹਵਾਈ ਅੱਡੇ ’ਤੇ ਬੇੜੀਆਂ ਜਕੜੇ ਭਾਰਤੀ ਉਤਰਦਿਆਂ ਦੀਆਂ ਤਸਵੀਰਾਂ ਦੇਖੀਆਂ ਸਨ ਤਾਂ ਕੌਣ ਹਿੱਕ ਠੋਕ ਕੇ ਕਹਿ ਸਕਦਾ ਸੀ ਬਈ ਅਸੀਂ ਆਜ਼ਾਦ ਹਾਂ। ਭਾਈ, ਸ਼ੁਕਰ ਕਰ ਆਪਣੇ ਬੱਚੇ ਇੱਥੇ ਪੱਕੇ ਹੋ ਗਏ। ਲੇਬਰ ਕਰਨ ਜਾਂ ਕੋਈ ਹੋਰ ਕੰਮ, ਪਤੈ ਬਈ ਰੋਟੀ ਤਾਂ ਵਧੀਆ ਹੀ ਖਾਣਗੇ, ਭਾਵੇਂ ਰੋਟੀ ਇਨ੍ਹਾਂ ਮੁਲਕਾਂ ’ਚ ਵੀ ਮਹਿੰਗੀ ਹੋ ਰਹੀ ਹੈ।’’ ਫਿਰ ਉਹ ਸਾਡੇ ਨਾਲ ਹੀ ਪੂਰੇ ਚਾਅ ਨਾਲ ਸੈਰ ’ਤੇ ਤੁਰ ਪਈ ਸੀ। ਗੱਲਾਂ ਕਰਦਿਆਂ ਅਸੀਂ ਤਿੰਨੇ ਕਦੋਂ ਦੂਰ ਤੱਕ ਨਿਕਲ ਗਏ, ਪਤਾ ਹੀ ਨਾ ਲੱਗਾ। ਮੈਂ ਕਿਹਾ, ‘‘ਭੈਣ ਜੀ, ਅਸਲ ’ਚ ਦੁਨੀਆ ਭਰ ’ਚ ਆਰਥਿਕਤਾ ਦੇ ਖੇਤਰ ’ਚ ਆਇਆ ਤਿੱਖਾ ਅਸਾਵਾਂਪਣ ਹੀ ਸਾਡੇ ਇਸ ਸੰਤਾਪ ਦੀ ਜੜ੍ਹ ਹੈ, ਪਰਵਾਸ ਦੀ ਜੜ੍ਹ ਹੈ।’’ ਪਤਾ ਨਹੀਂ ਇਹ ਗੱਲ ਉਸ ਨੂੰ ਸਮਝ ਆਈ ਕਿ ਨਹੀਂ! ਅਸੀਂ ਮੁੱਕ ਜਾਵਾਂਗੇ। ਜੜ੍ਹਾਂ ਟੁੱਟ ਜਾਣਗੀਆਂ। ਜਦੋਂ ਬਜ਼ੁਰਗਾਂ ਦੇ ਚਿਹਰੇ, ਉਨ੍ਹਾਂ ਦਾ ਪਿਆਰ, ਦੁਲਾਰ ਤੇ ਫ਼ਿਕਰ ਵੱਟਸਐਪ ’ਤੇ ਮੁੱਕ-ਮੁਕਾਅ ਜਾਵੇਗਾ ਤਾਂ ਕਹਾਣੀ ਵੀ ਮੁੱਕ-ਮੁਕਾਅ ਜਾਵੇਗੀ, ਸਭ ਕੁਝ ਖ਼ਤਮ ਹੋ ਜਾਵੇਗਾ। ਸਾਡੀ ਅਗਲੀ ਤੋਂ ਅਗਲੀ ਪੀੜ੍ਹੀ ਦੀਆਂ ਜੜ੍ਹਾਂ ਤਾਂ ਇੱਥੇ ਹੀ ਫੁੱਟੀਆਂ ਨੇ, ਇੱਥੇ ਹੀ ਪੁੰਗਰਨਗੀਆਂ, ਇੱਥੇ ਹੀ ਜੰਮਣਗੀਆਂ। ਸਾਡੇ ਤੋਂ ਬਾਅਦ ਇਹ ਤੀਜੀ ਪੀੜ੍ਹੀ ਫਿਰ ਪਰਵਾਸੀ ਨਹੀਂ ਕਹਾਵੇਗੀ। ਇਹ ਇੱਥੇ ਹੀ ਇੱਕ-ਮਿੱਕ ਹੋ ਜਾਵੇਗੀ। ਕੁਦਰਤ ਦਾ ਇਹੀ ਵਰਤਾਰਾ ਹੈ‌। ਨਵੇਂ ਰਿਸ਼ਤੇ, ਨਵੀਆਂ ਕਦਰਾਂ, ਨਵਾਂ ਸੱਭਿਆਚਾਰ ਹੌਲੀ-ਹੌਲੀ ਇਨ੍ਹਾਂ ਦੀ ਪਛਾਣ ਬਣ ਜਾਵੇਗਾ। ਇਹ ਪੀੜ੍ਹੀ, ਆਉਣ ਵਾਲੀਆਂ ਪੀੜ੍ਹੀਆਂ, ਸ਼ਾਲਾ! ਜਿੱਥੇ ਵੀ ਰਹਿਣ, ਸੁਖੀ ਵਸਣ, ਖ਼ੁਸ਼ੀਆਂ ਮਾਣਨ। ਵਧਣ ਫੁੱਲਣ।’’ ਇਹ ਗੱਲਾਂ ਸੁਣ ਕੇ ਭੈਣ ਜੀ ਨੇ ਠੰਢਾ ਹਾਉਕਾ ਭਰਿਆ। ਸ਼ਾਇਦ ਭੈਣ ਜੀ ਨੂੰ ਥੋੜ੍ਹਾ ਸਕੂਨ ਮਿਲਿਆ ਸੀ।

ਸੰਪਰਕ: 94170-67344

Advertisement
×