DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੈਨੂੰ ਸਾਡਾ ਆਖ਼ਰੀ ਸਲਾਮ ਦੋਸਤਾ !

ਲੰਘੀ 10 ਫਰਵਰੀ ਨੂੰ ਬਾਅਦ ਦੁਪਹਿਰ ਕਰੀਬ 2 ਵਜੇ ਜਦੋਂ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਨਸ਼ਰ ਹੋਈ ਕਿ ‘ਪੰਜਾਬ ਦਾ ਨਿਕੋਲਾਈ ਉਸਤਰੋਵਸਕੀ’ ਕਹਾਉਣ ਵਾਲਾ ਰਣਜੀਤ ਲਹਿਰਾ ਨਹੀਂ ਰਿਹਾ ਤਾਂ ਪੰਜਾਬ ਦੇ ਖੱਬੇ ਪੱਖੀ ਹਲਕਿਆਂ ’ਚ ਸੋਗ ਦੀ ਲਹਿਰ ਫ਼ੈਲ ਗਈ।...

  • fb
  • twitter
  • whatsapp
  • whatsapp
Advertisement

ਲੰਘੀ 10 ਫਰਵਰੀ ਨੂੰ ਬਾਅਦ ਦੁਪਹਿਰ ਕਰੀਬ 2 ਵਜੇ ਜਦੋਂ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਨਸ਼ਰ ਹੋਈ ਕਿ ‘ਪੰਜਾਬ ਦਾ ਨਿਕੋਲਾਈ ਉਸਤਰੋਵਸਕੀ’ ਕਹਾਉਣ ਵਾਲਾ ਰਣਜੀਤ ਲਹਿਰਾ ਨਹੀਂ ਰਿਹਾ ਤਾਂ ਪੰਜਾਬ ਦੇ ਖੱਬੇ ਪੱਖੀ ਹਲਕਿਆਂ ’ਚ ਸੋਗ ਦੀ ਲਹਿਰ ਫ਼ੈਲ ਗਈ। ਦਰਅਸਲ ਉਹ ਪਿਛਲੇ ਲਗਭਗ 40 ਸਾਲਾਂ ਤੋਂ ਮੌਤ ਨਾਲ ਲੁਕਣਮੀਟੀ ਖੇਡਦਾ ਆ ਰਿਹਾ ਸੀ। ਖ਼ਾਸ ਕਰਕੇ ਸਰਦੀਆਂ ’ਚ ਉਸ ਦਾ ਖੂਨ ਬੇਹੱਦ ਗਾੜ੍ਹਾ ਹੋ ਜਾਂਦਾ ਤੇ ਕਈ ਵਾਰ ਕਢਾਉਣਾ ਵੀ ਪੈਂਦਾ ਸੀ। ਇੱਕ ਵਿਸ਼ੇਸ਼ ਮਸ਼ੀਨ ਰਾਹੀਂ ਉਸ ਨੂੰ ਵਾਰ ਵਾਰ ਆਕਸੀਜਨ ਵੀ ਦੇਣੀ ਪੈਂਦੀ ਸੀ।

ਰਣਜੀਤ ਲਹਿਰਾ 1979 ’ਚ ਆਈ ਟੀ ਆਈ ਬੁਢਲਾਡਾ ਵਿੱਚ ਇਲੈਕਟ੍ਰੀਸ਼ਨ ਦਾ ਕੋਰਸ ਕਰਦਿਆਂ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ‘ਪੰਜਾਬ ਸਟੂਡੈਂਟਸ ਯੂਨੀਅਨ’ ਦਾ ਮੈਂਬਰ ਬਣਿਆ। ਇੱਕ ਵਾਰੀ ਇਸ ਜਥੇਬੰਦੀ ਦਾ ਹਿੱਸਾ ਬਣਨ ਪਿੱਛੋਂ ਰਣਜੀਤ ਲਹਿਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਾ ਦੇਖਿਆ। ਪੀ ਐੱਸ ਯੂ ਦੀਆਂ ਸਰਗਰਮੀਆਂ ਤੋਂ ਇਲਾਵਾ ਇਸੇ ਸਮੇਂ ਉਸ ਨੇ ਗੁਰਨੇ ਕਲਾਂ ਦੇ ਮਾਸਟਰ ਰਾਮ ਚੰਦ ਚੰਨ ਦੀ ਨਿਰਦੇਸ਼ਨਾ ਹੇਠ ਬਣਾਏ ਗਏ ‘ਲੋਕ ਨਾਟਕ ਕਲਾ ਕੇਂਦਰ ਬੁਢਲਾਡਾ’ (ਬਾਅਦ ਵਿੱਚ ਮਾਲਵਾ ਨਾਟਕ ਕਲਾ ਕੇਂਦਰ) ਵਿੱਚ ਵੀ ਕੰਮ ਕੀਤਾ। ਉਹ 1986 ਤੱਕ ਵਿਦਿਆਰਥੀ ਲਹਿਰ ’ਚ ਸਰਗਰਮ ਰਿਹਾ। ਇਸ ਸਮੇਂ ਦੌਰਾਨ ਉਸ ਨੇ 1979 ’ਚ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ ਦੇ ਕਤਲ ਵਿਰੁੱਧ ਚੱਲੇ ਘੋਲ ਵਿੱਚ, ਇਸੇ ਸਾਲ ਬਰੇਟਾ ਪੁਲੀਸ ਨਾਲ ਹੋਏ ਜ਼ਬਰਦਸਤ ਟਕਰਾਅ ਵਿੱਚ ਅਤੇ 1980-81 ਵਿੱਚ ਬੱਸ ਕਿਰਾਇਆਂ ’ਚ 43 ਫੀਸਦੀ ਵਾਧੇ ਖ਼ਿਲਾਫ਼ ਚੱਲੇ ਪੰਜਾਬ ਪੱਧਰੀ ਸਾਂਝੇ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਈ। ਕਿਰਾਇਆ ਘੋਲ ਦੌਰਾਨ ਹੀ ਜਨਵਰੀ 1981 ’ਚ ਰੱਲਾ ਵਿੱਚ ਪੁਲੀਸ ਗੋਲੀ ਦਾ ਸ਼ਿਕਾਰ ਹੋਏ ਲਾਭ ਸਿੰਘ ਮਾਨਸਾ ਦੀ ਅਧ-ਸੜੀ ਲਾਸ਼ ਨੂੰ ਮਾਨਸਾ ਪਹੁੰਚਾਉਣ ਵਾਲੀ ਜਸਵੰਤ ਫੱਤਾ ਮਾਲੋਕਾ ਅਤੇ ਨਾਜਰ ਬਾਗੀ ਹੋਰਾਂ ਦੀ ਟੀਮ ਦਾ ਵੀ ਉਹ ਹਿੱਸਾ ਰਿਹਾ ਸੀ। ਇਸੇ ਸੰਘਰਸ਼ ਦੌਰਾਨ ਬੁਢਲਾਡਾ ਪੁਲੀਸ ਵੱਲੋਂ ਉਸ ਨੂੰ ਪਹਿਲੀ ਵਾਰ 7 ਫਰਵਰੀ 1981 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਪਰੈਲ 1981 ’ਚ ਬਠਿੰਡਾ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਈ ਹੋਈ, ਪਰ ਮਈ 1981 ’ਚ ਬੁਢਲਾਡਾ ਪੁਲੀਸ ਨੇ ਫਿਰ ਗ੍ਰਿਫ਼ਤਾਰ ਕਰ ਲਿਆ। ਸਿੱਟੇ ਵਜੋਂ ਉਹ ਲਗਭਗ ਸਾਢੇ ਪੰਜ ਮਹੀਨੇ ਮਾਨਸਾ ਅਤੇ ਬਠਿੰਡਾ ਦੀਆਂ ਜੇਲ੍ਹਾਂ ਵਿੱਚ ਰਿਹਾ। 1983 ਵਿੱਚ ਡਾਕਟਰਾਂ ਵੱਲੋਂ ਉਸ ਦੀ ਬਿਮਾਰੀ ਦਾ ਸਹੀ ਕਾਰਨ (ਦਿਲ ਵਿੱਚ ਜਮਾਂਦਰੂ ਛੇਕ ਹੋਣਾ ਤੇ ਗੰਦੇ ਤੇ ਸਾਫ਼ ਖ਼ੂਨ ਦਾ ਆਪਸ ’ਚ ਮਿਲਣਾ) ਲੱਭੇ ਜਾਣ ’ਤੇ ਵੀ ਉਸ ਦੀ ਇਨਕਲਾਬੀ ਪ੍ਰਤੀਬੱਧਤਾ ਅਤੇ ਦ੍ਰਿੜਤਾ ਵਿੱਚ ਕੋਈ ਕਮੀ ਨਹੀਂ ਆਈ। ਉਸ ਨੇ ਡਾਕਟਰਾਂ ਦੀ ਨਸੀਹਤ ’ਤੇ ਅਮਲ ਕਰਦਿਆਂ ਸਰੀਰਕ ਭੱਜ-ਨੱਠ ਵਾਲੀਆਂ ਸਰਗਰਮੀਆਂ ਤਿਆਗ ਕੇ ਕਲਮ ਨੂੰ ਆਪਣਾ ਹਥਿਆਰ ਬਣਾ ਲਿਆ।

Advertisement

ਬਠਿੰਡਾ ਦੇ ਰਾਜਿੰਦਰਾ ਕਾਲਜ ਵਿੱਚ ਪੜ੍ਹਦਿਆਂ ਹੀ ਉਸ ਨੇ ਇਨਕਲਾਬੀ ਜਮਹੂਰੀ ਪੇਪਰ ‘ਪ੍ਰਚੰਡ’ ਨਾਲ ਨਾਤਾ ਜੋੜ ਲਿਆ ਸੀ ਤੇ ਉਸ ਦੀ ਪਰੂਫ ਰੀਡਿੰਗ ਕਰਦਾ ਰਿਹਾ ਸੀ। ਬਾਅਦ ’ਚ ‘ਕੌਮਾਂਤਰੀ ਰਾਜਨੀਤੀ’ ਅਤੇ ‘ਲਾਲ ਪਰਚਮ’ ਦੇ ਸੰਪਾਦਕੀ ਅਦਾਰਿਆਂ ਦਾ ਹਿੱਸਾ ਵੀ ਰਿਹਾ। ਕਲਮ ਨਾਲ ਉਸ ਦਾ ਐਸਾ ਇਸ਼ਕ ਹੋਇਆ ਕਿ ਇਨਕਲਾਬੀ ਜਮਹੂਰੀ ਪਰਚਿਆਂ ਤੋਂ ਇਲਾਵਾ ਉਹ ‘ਪੰਜਾਬੀ ਟ੍ਰਿਬਿਊਨ’ ’ਚ ਛਪਦੇ ‘ਮਿਡਲ’ ਦਾ ਵੀ ਬੇਹੱਦ ਹਰਮਨਪਿਆਰਾ ਲੇਖਕ ਸੀ। ਉਸ ਨੂੰ ਪਾਠਕਾਂ ਵੱਲੋਂ ‘ਪੰਜਾਬ ਦਾ ਨਿਕੋਲਾਈ ਉਸਤਰੋਵਸਕੀ’ ਕਿਹਾ ਗਿਆ। ਉਸ ਦੀਆਂ ਲਿਖਤਾਂ (ਜੋ ਜੂਝੇ ਆਜ਼ਾਦੀ ਲਈ, ਪ੍ਰਸਿੱਧ ਕਿਸਾਨ ਲਹਿਰਾਂ, ਜੈਤੋ ਦਾ ਇਤਿਹਾਸਕ ਮੋਰਚਾ ਅਤੇ ਮੋਰਚੇ ਦੀ ਵੀਰਾਂਗਣਾ ਮਾਤਾ ਸੋਧਾਂ, ਕਲਮ ਦਾ ਇਸ਼ਕ (ਪੰਜਾਬੀ ਟ੍ਰਿਬਿਊਨ ’ਚ ਛਪੇ ਲੇਖਾਂ ’ਤੇ ਅਧਾਰਿਤ), ਜ਼ਿੰਦਗੀ ਦੇ ਰਾਹਾਂ ’ਤੇ) ਸੰਘਰਸ਼ਸ਼ੀਲ ਲੋਕਾਂ ਲਈ ਸਦਾ ਪ੍ਰੇਰਣਾ ਸਰੋਤ ਬਣੀਆਂ ਰਹਿਣਗੀਆਂ। ਰਣਜੀਤ ਲਹਿਰਾ ਇੱਕ ਚੰਗਾ ਅਨੁਵਾਦਕ ਵੀ ਸੀ। ਉਸ ਨੇ ਸੰਸਾਰ ਪ੍ਰਸਿੱਧ ਲੇਖਕ ਹਾਰਵਰਡ ਫਾਸਟ ਦੇ ਨਾਵਲ ‘ਅਮਰੀਕਨ’ ਅਤੇ ਐਨਾ ਲੂਈ ਸਟਰੌਂਗ ਦੀ ਪੁਸਤਕ ‘ਸਟਾਲਿਨ ਯੁੱਗ’ ਦਾ ਅਨੁਵਾਦ ਪੰਜਾਬੀ ਪਾਠਕਾਂ ਦੀ ਝੋਲੀ ਪਾਇਆ। ਸਾਥੋਂ ਸਦਾ ਲਈ ਵਿਛੜਨ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਮੈਨੂੰ ਫੋਨ ’ਤੇ ਕਿਹਾ ਸੀ ਕਿ ਪੁਸਤਕ ‘ਜ਼ਿੰਦਗੀ ਦੇ ਰਾਹਾਂ ’ਤੇ’ ਦਾ ਸਟਾਕ ਖਤਮ ਹੋ ਗਿਆ ਹੈ। ਤੀਸਰੀ ਵਾਰ ਥੋੜ੍ਹੇ ਵਾਧਿਆਂ ਸਮੇਤ ਛਾਪਣੀ ਹੈ। ਅਫਸੋਸ! ਇਹ ਇੱਛਾ ਉਹ ਆਪਣੇ ਨਾਲ ਲੈ ਕੇ ਹੀ ਤੁਰ ਗਿਆ।

Advertisement

ਰਣਜੀਤ ਲਹਿਰਾ ਨੇ ਕਮਾਲ ਦੀ ਇੱਛਾ ਸ਼ਕਤੀ ਦਿਖਾਉਂਦਿਆਂ ਦਿਲ ਦੀ ਜਮਾਂਦਰੂ ਬੀਮਾਰੀ ਨੂੰ ਲੰਬਾ ਸਮਾਂ ਮਾਤ ਦਿੱਤੀ। ਉਹ ਲਗਭਗ 64 ਸਾਲ ਦੀ ਉਮਰ ਤੱਕ ਜੀਵਿਆ। ਮੈਡੀਕਲ ਖੇਤਰ ਦੇ ਮਾਹਿਰਾਂ ਦੇ ਉਸ ਬਾਰੇ ‘ਵੱਧ ਤੋਂ ਵੱਧ 40 ਸਾਲ ਦੀ ਉਮਰ ਤੱਕ ਜਿਊਣ’ ਦੇ ਲਾਏ ਅੰਦਾਜ਼ੇ ਵੀ ਉਸ ਨੇ ਫੇਲ੍ਹ ਕਰ ਦਿੱਤੇ। ਇਸ ਮੌਕੇ ਉਸ ਦਾ ਵਿਛੋੜਾ ਸਾਡੇ ਲਈ ਇਹ ਧਰਮ ਸੰਕਟ ਪੈਦਾ ਕਰ ਗਿਆ ਹੈ ਕਿ ਅਸੀਂ ਉਸ ਦੇ ਲੰਬੇ ਅਰਸੇ ਤੱਕ ਜਿਊਂਦੇ ਰਹਿਣ ਦੀ ਦਾਦ ਦੇਈਏ ਜਾਂ ਉਸ ਦੇ ਤੁਰ ਜਾਣ ’ਤੇ ਕਹੀਏ ‘ਯਾਰ ਇੰਝ ਨ੍ਹੀਂ ਕਰੀਦਾ।’ ਲਹਿਰਾ ਨੇ 2012 ’ਚ ਇੱਕ ਜੇਤੂ ਭਲਵਾਨ ਦੇ ਅੰਦਾਜ਼ ’ਚ ਆਪਣੇ ਦੋਸਤਾਂ ਮਿੱਤਰਾਂ ਸੰਗ ਆਪਣੇ 50ਵੇਂ ਜਨਮ ਦਿਨ ਦੀ ਮਹਿਫਿਲ ਸਜਾਈ ਸੀ। 1983 ਤੋਂ ਸਮੇਂ ਸਮੇਂ ਉਸ ਦਾ ਇਲਾਜ ਕਰਨ ਵਾਲੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਸਿੱਧੂ ਲਈ ਵੀ ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਸੀ। ਇਸ ਵਿਲੱਖਣ ਮੌਕੇ ’ਤੇ ਖੁਸ਼ੀ ਸਾਂਝੀ ਕਰਨ ਲਈ ਆਪਣਾ ਹਾਰਮੋਨੀਅਮ ਲੈ ਕੇ ਲਹਿਰਾ ਪਹੁੰਚੇ ਡਾ. ਧਰਮਵੀਰ ਗਾਂਧੀ ਨੇ ਤਾਂ ਤਸੱਲੀ ਵਾਲੇ ਲਹਿਜੇ ’ਚ ਇੱਥੋਂ ਤੱਕ ਕਹਿ ਦਿੱਤਾ ਸੀ, “ਕਾਮਰੇਡੋ ਇਹਨੂੰ ਕੁਝ ਨ੍ਹੀਂ ਹੁੰਦਾ, ਤੁਸੀਂ ਆਪਣਾ ਖਿਆਲ ਕਰਿਓ।”

ਰਣਜੀਤ ਲਹਿਰਾ ਵਿੱਚ ਦਿਲ ਦੇ ਦਰਦ ਨੂੰ ਲੁਕੋ ਕੇ ਹਾਸਿਆਂ ਦੀ ਛਣਕਾਰ ਪਾਉਣ ਦੀ ਅਥਾਹ ਸਮਰੱਥਾ ਸੀ। ਦਰਦਮੰਦਾਂ ਦਾ ਇਹ ਦਰਦੀ ਹਾਸਰਸ ਦੇ ਅਮੁੱਕ ਭੰਡਾਰ ਦਾ ਮਾਲਕ ਸੀ। ਉਹ ਠੇਠ ਲੋਕ ਮੁਹਾਵਰੇ ’ਚ ਗੱਲ ਕਰਦਾ ਸੀ। ਉਸ ਦਾ ਦੂਜਿਆਂ ਦੀ ਸੁਣੀ-ਸੁਣਾਈ ਗੱਲ ਨੂੰ ਪੇਸ਼ ਕਰਨ ਦਾ ਢੰਗ ਵੀ ਅਜਿਹਾ ਸੀ ਕਿ ਪੜ੍ਹਨ ਵਾਲੇ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਪੱਤਰਕਾਰ ਗਰਾਊਂਡ ਜ਼ੀਰੋ ਤੋਂ ਗੱਲ ਕਰ ਰਿਹਾ ਹੋਵੇ। ਉਸ ਦਾ ਬਿਆਨੀਆ ਅੰਦਾਜ਼ ਇੰਨਾ ਦਿਲਚਸਪ ਰਿਹਾ ਹੈ ਕਿ ਕਈ ਵਾਰ ਉਸ ਦੀ ਲਿਖਤ ਪੜ੍ਹਦਾ ਪੜ੍ਹਦਾ ਬੰਦਾ ਇਕੱਲਾ ਹੀ ਹੱਸੀ ਜਾਂਦਾ ਹੈ। ਉਸ ਦੇ ਨਾਲ ਰਹੇ ਸੰਗੀ ਸਾਥੀਆਂ ਬਾਰੇ ਜਦੋਂ ਉਹ ਲਿਖਦਾ ਸੀ, ਉਹ ਤਾਂ ਬਸ ਲਾਈਵ ਕਮੈਂਟਰੀ ਹੀ ਕਰ ਰਿਹਾ ਹੁੰਦਾ ਸੀ। ਖਾਸ ਘਟਨਾਵਾਂ ਨੂੰ ਬਿਆਨ ਕਰਦਿਆਂ ਉਨ੍ਹਾਂ ’ਚੋਂ ਆਮ ਸਿੱਟੇ ਕੱਢਣਾ ਵੀ ਉਸ ਦੀ ਲਿਖਣ ਸ਼ੈਲੀ ਦਾ ਮਹੱਤਵਪੂਰਨ ਹਾਸਲ ਹੈ।

ਇਹ ਰਣਜੀਤ ਲਹਿਰਾ ਹੀ ਲਿਖ ਸਕਦਾ ਸੀ:

“1983 ਵਿੱਚ ਮੇਰੀ ਬਿਮਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਦਿਲ ਦੇ ਰੋਗਾਂ ਦੇ ਵਿਭਾਗ ਦੇ ਮੁਖੀ ਡਾਕਟਰ ਗੁਰਪ੍ਰੀਤ ਸਿੰਘ ਸਿੱਧੂ ਹੋਰਾਂ ਦੇ ਸਮਝ ਵਿੱਚ ਆਈ ਤੇ ਪਤਾ ਚੱਲਿਆ ਕਿ ਇਹ ਤਾਂ ‘ਦਿਲ ਦਾ ਮਾਮਲਾ’ ਹੈ।...ਕੁਲ ਮਿਲਾ ਕੇ ਦੋਸਤਾਂ ਦੀਆਂ ਦੁਆਵਾਂ ਤੇ ਦੁਸ਼ਮਣਾਂ ਦੀਆਂ ਬਦਦੁਆਵਾਂ ਨਾਲ ਜ਼ਿੰਦਗੀ ਚੱਲੀ ਜਾ ਰਹੀ ਹੈ।” ਦੂਸਰੇ ਪਾਸੇ ਇਹ ਵੀ ਓਨਾ ਹੀ ਸੱਚ ਹੈ ਕਿ ਜਦੋਂ ਉਹ ਆਪਣੇ ਕਿਸੇ ਸੰਗੀ ਸਾਥੀ ਦੇ ਵਿਵਹਾਰ ਦਾ ਮੁਲਾਂਕਣ ਕਰਦਾ ਸੀ ਤਾਂ ਵੱਡੇ ਛੋਟੇ ਦੀ ਪਰਵਾਹ ਕੀਤੇ ਬਿਨਾਂ, ਕਿਸੇ ਦੀ ਧਰੀ ਢਕੀ ਨਹੀਂ ਰਹਿਣ ਦਿੰਦਾ ਸੀ। ਉਹ ‘ਚਾਰ ਕੁ ਬੰਦੇ ਮੋਢਾ ਦੇਣ ਲਈ’ ਰੱਖਣ ਵਾਸਤੇ ਕਦੇ ਵੀ ਫਿਕਰਮੰਦ ਨਹੀਂ ਹੋਇਆ ਸੀ। ਲਹਿਰਾ ਚਮਤਕਾਰੀ ਯਾਦਦਾਸ਼ਤ ਦਾ ਮਾਲਕ ਸੀ। ਆਪਣੇ ਨਾਲ ਵਿਚਰੇ 100 ਤੋਂ ਵੱਧ ਸਾਥੀਆਂ ਦੇ ਸੁਭਾਅ ਅਤੇ ਕੰਮ ਕਰਨ ਦੇ ਢੰਗ ਨੂੰ ਲੋੜ ਪੈਣ ’ਤੇ ਕਿਸੇ ਵੀ ਸਮੇਂ ਬਿਆਨ ਕਰ ਸਕਦਾ ਸੀ।

ਇੱਕ ਗੱਲ ਦਾ ਮੈਨੂੰ ਸਦਾ ਹੀ ਪਛਤਾਵਾ ਰਹੇਗਾ ਕਿ ਮੈਂ 5 ਅਪਰੈਲ 2024 ਨੂੰ ਰਣਜੀਤ ਲਹਿਰਾ ਨਾਲ ਉਸ ਦੇ ਘਰ ਵਿੱਚ ਇੱਕ ਵੀਡੀਓ ਇੰਟਰਵਿਊ ਕੀਤੀ ਪਰ ਸਮਾਂ ਘਟ ਜਾਣ ਕਰਕੇ ਉਸ ਬਾਰੇ ਉਸ ਦੀ ਜੀਵਨ ਸਾਥਣ ਰਾਜਪਾਲ ਅਤੇ ਬੇਟੀ ਅਰਸ਼ਦੀਪ ਅਰਸ਼ੀ ਨਾਲ ਗੱਲਬਾਤ ਰਿਕਾਰਡ ਨਾ ਕਰ ਸਕਿਆ। ਇਸ ਦਾ ਮੈਨੂੰ ਬੇਹੱਦ ਪਛਤਾਵਾ ਹੈ। ਦਰਅਸਲ ਰਣਜੀਤ ਦੀ ਹਾਜ਼ਰੀ ’ਚ ਮੈਂ ਉਨ੍ਹਾਂ ਕੋਲੋਂ ਉਸ ਦੇ ਜੀਵਨ ਦੀਆਂ ਕੁਝ ਅਣ-ਫੋਲੀਆਂ ਪਰਤਾਂ ਬਾਰੇ ਜਾਣਕਾਰੀ ਲੈਣੀ ਸੀ ਤੇ ਉਸ ਆਧਾਰ ’ਤੇ ਉਸ ਨਾਲ ਹਲਕੀ ਫੁਲਕੀ ਦੋਸਤਾਨਾ ਨੋਕ-ਝੋਕ ਕਰਨੀ ਚਾਹੁੰਦਾ ਸੀ ਜੋ ਹੁਣ ਕਦੇ ਵੀ ਸੰਭਵ ਨਹੀਂ ਹੋ ਸਕੇਗੀ। ਇਸ ਲੋਕ ਨਾਇਕ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਦੇ ਸੰਗੀ ਸਾਥੀ ਲਹਿਰਾ ਪਹੁੰਚੇ।

ਸਲਾਮ ਪਿਆਰੇ ਨਿਕੋਲਾਈ!

*ਸਾਬਕਾ ਸੂਬਾ ਜਨਰਲ ਸਕੱਤਰ ਪੰਜਾਬ ਸਟੂਡੈਂਟਸ ਯੂਨੀਅਨ

ਸੰਪਰਕ: 78887-38476

Advertisement
×