ਤਸਵੀਰਾਂ ਨਾਲ ਸਜਿਆ ਸਾਡਾ ਸੰਵਿਧਾਨ
ਦੇਸ਼ ਦੇ ਸੰਵਿਧਾਨ ’ਤੇ ਹਸਤਾਖ਼ਰ ਕਰਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ। ਸੰਵਿਧਾਨ ਨੂੰ ਨਿਯਮਾਂ ਦੀ ਕਿਤਾਬ ਆਖਿਆ ਜਾਂਦਾ ਹੈ। ਇਹ ਇੱਕ ਅਜਿਹਾ ਲਿਖਤੀ ਦਸਤਾਵੇਜ਼ ਹੈ, ਜੋ ਕਿਸੇ ਦੇਸ਼ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਸਾਡੇ ਭਾਰਤ ਦੇਸ਼ ਦਾ...
ਸੰਵਿਧਾਨ ਨੂੰ ਨਿਯਮਾਂ ਦੀ ਕਿਤਾਬ ਆਖਿਆ ਜਾਂਦਾ ਹੈ। ਇਹ ਇੱਕ ਅਜਿਹਾ ਲਿਖਤੀ ਦਸਤਾਵੇਜ਼ ਹੈ, ਜੋ ਕਿਸੇ ਦੇਸ਼ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਸਾਡੇ ਭਾਰਤ ਦੇਸ਼ ਦਾ ਪ੍ਰਸ਼ਾਸਨ ਵੀ ਸੰਵਿਧਾਨ ਵਿੱਚ ਲਿਖੇ ਨਿਯਮਾਂ ਦੇ ਆਧਾਰ ’ਤੇ ਹੀ ਚੱਲਦਾ ਹੈ। ਭਾਰਤ ਦਾ ਸੰਵਿਧਾਨ ਵਿਸ਼ਾਲ, ਸੁੁਚੱਜਾ, ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖ ਕੇ ਬਣਾਇਆ ਗਿਆ ਹੈ। ਸਾਡੇ ਦੇਸ਼ ਦੇ ਸੰਵਿਧਾਨ ਨਾਲ ਕਈ ਰੋਚਕ ਤੱਥ ਜੁੜੇ ਹਨ, ਜਿਵੇਂ ਇਸ ਉਪਰ ਕੀਤੀ ਕੈਲੀਗ੍ਰਾਫੀ, ਹਰੇਕ ਪੰਨੇ ਉੱਤੇ ਕੀਤੀ ਸਜਾਵਟ ਆਦਿ। ਸੰਵਿਧਾਨ ਨਾਲ ਸਬੰਧਿਤ ਇੱਕ ਰੋਚਕ ਤੱਥ ਇਸ ਵਿੱਚ ਛਪੇ ਚਿੱਤਰ ਵੀ ਹਨ। ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਨੇ ਸੰਵਿਧਾਨ ਦੀ ਡਰਾਫਟਿੰਗ ਦੀ ਅੰਤਿਮ ਭੂਮਿਕਾ ਵੇਲੇ ਸੰਵਿਧਾਨ ਵਿੱਚ ਚਿੱਤਰ ਲਿਪੀਆਂ ਬਣਾਉਣ ਦੀ ਚਰਚਾ ਕੀਤੀ। ਉਸ ਸਮੇਂ ਸੰਵਿਧਾਨ ਸਭਾ ਨੇ ਸ਼ਾਂਤੀ ਨਿਤੇਕਨ ਦੇ ਪ੍ਰਸਿੱਧ ਚਿੱਤਰਕਾਰ ਨੰਦ ਲਾਲ ਬੋਸ ਨੂੰ ਇਹ ਕੰਮ ਸੌਂਪਿਆ। ਉਨ੍ਹਾਂ ਆਪਣੀ ਟੀਮ ਨਾਲ ਮਿਲ ਕੇ ਮਹਾਤਮਾ, ਗੁਰੂ, ਸ਼ਾਸਕ ਅਤੇ ਮਹਾਨ ਪੁਰਖਾਂ ਦੇ ਚਿੱਤਰਾਂ ਨਾਲ ਸਾਡੇ ਸੰਵਿਧਾਨ ਦੇ ਵੱਖ-ਵੱਖ ਭਾਗਾਂ ਨੂੰ ਸਜਾਇਆ। ਮੈਂ ਆਪਣੇ ਇਸ ਲੇਖ ਰਾਹੀਂ ਇਨ੍ਹਾਂ ਚਿੱਤਰਾਂ ਉਪਰ ਥੋੜ੍ਹਾ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੀ।
ਅਸ਼ੋਕ ਸਤੰਭ: ਨੰਦ ਲਾਲ ਬੋਸ ਨੇ ਸੰਵਿਧਾਨ ਦਾ ਮੁੱਖ ਪ੍ਰਤੀਕ ਚਿੰਨ੍ਹ ਅਸ਼ੋਕ ਸਤੰਭ ਤੋਂ ਲਿਆ। ਸੰਵਿਧਾਨ ਸਭਾ ਨੇ ਆਪਣਾ ਪ੍ਰਤੀਕ ਚਿੰਨ੍ਹ ਸ਼ੇਰ ਦੇ ਮੁੱਖ ਵਾਲਾ ਅਖੰਡ ਭਾਰਤ ਅਪਣਾਇਆ। ਇਸ ਕਾਰਨ ਉਨ੍ਹਾਂ ਨੇ ਅਸ਼ੋਕ ਦੁਆਰਾ ਬਣਾਏ ਗਏ ਤ੍ਰਿਮੂਰਤੀ ਨੂੰ ਲਿਆ ਕਿਉਂਕਿ ਰਾਜਾ ਅਸ਼ੋਕ ਨੇ ਅਖੰਡ ਭਾਰਤ ਉੱਤੇ ਰਾਜ ਕੀਤਾ ਸੀ। 1946 ਈਸਵੀ ਵਿੱਚ ਸੰਵਿਧਾਨ ਸਭਾ ਦੇ ਗਠਨ ਤੱਕ ਦੇਸ਼ ਵਾਸੀਆਂ ਅਤੇ ਸੰਵਿਧਾਨ ਸਭਾ ਨੂੰ ਅੰਦਾਜ਼ਾ ਨਹੀਂ ਸੀ ਕਿ ਦੇਸ਼ ਦੀ ਵੰਡ ਹੋਵੇਗੀ ਤਾਂ ਹੀ ਉਨ੍ਹਾਂ ਨੇ ਆਪਣਾ ਅਤੇ ਸੰਵਿਧਾਨ ਦਾ ਮੁੱਖ ਪ੍ਰਤੀਕ ਚਿੰਨ੍ਹ ਤ੍ਰਿਮੂਰਤੀ ਨੂੰ ਲਿਆ।
ਭਗਵਾਨ ਸ਼ਿਵ ਦੇ ਵਾਹਨ ਨੰਦੀ ਦੀ ਤਸਵੀਰ: ਇਹ ਤਸਵੀਰ ਸੰਵਿਧਾਨ ਦੇ ਭਾਗ-1 ਵਿੱਚ ਦਰਸਾਈ ਗਈ ਹੈ, ਜਿਸ ਦਾ ਵਿਸ਼ਾ ਹੈ ਰਾਸ਼ਟਰ ਅਤੇ ਉਸ ਦੇ ਰਾਜ ਕੇਂਦਰ ਦੀਆਂ ਸੀਮਾਵਾਂ ਅਤੇ ਵਿਸਤਾਰ। ਇਹ ਤਸਵੀਰ 4500 ਸਾਲ ਪਹਿਲਾਂ ਮੋਹਿੰਜੋਦੜੋ ਸੱਭਿਅਤਾ ਦੇ ਜੈਬੂ ਬੈਲ ਦੀ ਲਈ ਗਈ ਹੈ। ਮੋਹਿੰਜੋਦੜੋ ਅਖੰਡ ਭਾਰਤ ਦੀ ਰਾਜਧਾਨੀ ਸੀ। ਇਹ ਇੱਕ ਸ਼ਕਤੀਸ਼ਾਲੀ ਸੰਸਕ੍ਰਿਤਕ ਰਾਜਧਾਨੀ ਸੀ। ਉਨ੍ਹਾਂ ਨੇ ਆਪਣੀ ਮੋਹਰ ਵਜੋਂ ਭਗਵਾਨ ਸ਼ਿਵ ਦੇ ਵਾਹਨ ਨੰਦੀ ਬੈਲ (ਜੈਬੂ ਬੈਲ) ਦੀ ਤਸਵੀਰ ਨੂੰ ਅਪਣਾਇਆ ਸੀ ਜੋ ਕਿ ਰਾਸ਼ਟਰ ਦੀ ਜੈਬੂ ਬੈਲ ਦੀ ਤਰ੍ਹਾਂ ਤਾਕਤ ਨੂੰ ਦਰਸਾਉਂਦਾ ਹੈ।
ਗੁਰੂਕੁਲ: ਇਹ ਤਸਵੀਰ ਸੰਵਿਧਾਨ ਦੇ ਭਾਗ-2 ਵਿੱਚ ਸ਼ਾਮਲ ਹੈ, ਜਿਸ ਦਾ ਵਿਸ਼ਾ ਹੈ ਨਾਗਰਿਕਤਾ। ਨੰਦ ਲਾਲ ਬੋਸ ਨੇ ਗੁਰੂਕੁਲ ਨੂੰ ਭਾਰਤੀ ਸਿੱਖਿਆ ਪ੍ਰਣਾਲੀ ਦੀ ਅਹਿਮ ਕੜੀ ਮੰਨਦੇ ਹੋਏ ਵਧੀਆ ਨਾਗਿਰਕਾਂ ਦੀ ਜਨਮ ਭੂਮੀ ਮੰਨਿਆ ਹੈ। ਇਸ ਤਸਵੀਰ ਵਿੱਚ ਕੁਦਰਤ ਦੀ ਗੋਦ ਵਿੱਚ ਬਣੇ ਗੁਰੂਕੁਲ ਵਿੱਚ ਵਿਦਿਆਰਥੀ ਦਾ ਦਾਖਲਾ ਭਗਵਾਨ ਪ੍ਰਤੀ ਆਸਥਾ, ਮੰਦਰ, ਘਰ ਅਤੇ ਸਮਾਜ ਦਾ ਤਾਲਮੇਲ ਕਰਦੇ ਹੋਏ ਗੁਰੂਕੁਲ ਦੀ ਤਸਵੀਰ ਸ਼ਾਮਿਲ ਹੈ।
ਭਗਵਾਨ ਰਾਮ, ਲਛਮਣ ਅਤੇ ਸੀਤਾ ਜੀ ਦੀ ਤਸਵੀਰ: ਸੰਵਿਧਾਨ ਦਾ ਭਾਗ-3 ਮੌਲਿਕ ਅਧਿਕਾਰਾਂ ਬਾਰੇ ਦੱਸਦਾ ਹੈ। ਉਸ ਵਿੱਚ ਭਗਵਾਨ ਰਾਮ, ਲਛਮਣ ਅਤੇ ਸੀਤਾ ਜੀ ਦੀ ਲੰਕਾ ਤੋਂ ਵਾਪਸ ਆਉਣ ਦੀ ਤਸਵੀਰ ਸ਼ਾਮਿਲ ਕੀਤੀ ਗਈ ਹੈ ਕਿਉਂਕਿ ਸੰਵਿਧਾਨ ਸਭਾ ਦਾ ਕੇਂਦਰ ਬਿੰਦੂ ਰਾਮ ਰਾਜ ਸੀ ਅਤੇ ਰਾਮ ਰਾਜ ਵਿੱਚ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਦਾ ਧਿਆਨ ਬਾਖੂਬੀ ਰੱਖਿਆ ਜਾਂਦਾ ਸੀ। ਸੰਵਿਧਾਨ ਦੇ ਭਾਗ ਤਿੰਨ ਵਿੱਚ ਸੱਤਾ ਵਿੱਚ ਬੈਠੇ ਨੇਤਾ, ਨਿਆਂਪਾਲਿਕਾ ਜਾਂ ਲੋਕ, ਸਭ ਲਈ ਰਾਮ ਰਾਜ ਦੀ ਕਲਪਨਾ ਹੀ ਕੀਤੀ ਗਈ ਹੈ।
ਸ੍ਰੀ ਕ੍ਰਿਸ਼ਨ ਦੁਆਰਾ ਗੀਤਾ ਦਾ ਉਪਦੇਸ਼: ਸੰਵਿਧਾਨ ਦੇ ਭਾਗ-4 ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਤਾਂ ਦੀ ਵਿਆਖਿਆ ਕੀਤੀ ਗਈ ਹੈ। ਇਸ ਭਾਗ ਵਿੱਚ ਅਰਜਨ ਨੂੰ ਗੀਤਾ ਦਾ ਉਪਦੇਸ਼ ਦੇਣ ਦਾ ਚਿੱਤਰ ਦਰਸਾਇਆ ਗਿਆ ਹੈ। ਪੈਰਾ 36 ਤੋਂ ਪੈਰਾ 51 ਤੱਕ 16 ਪੈਰਿਆਂ ਵਿੱਚ ਲਿਖੇ ਸਿਧਾਤਾਂ ਦੀ ਵਿਆਖਿਆ ਗੀਤਾ ਵਿੱਚ ਵੀ ਕੀਤੀ ਗਈ ਹੈ। ਨੰਦ ਲਾਲ ਬੋਸ ਦਾ ਮੰਨਣਾ ਸੀ ਕਿ ਜੇਕਰ ਸ੍ਰੀ ਕ੍ਰਿਸ਼ਨ ਵਰਗੇ ਨੀਤੀ ਨਿਰਧਾਰਕ ਅਤੇ ਅਰਜਨ ਵਰਗੇ ਪਾਰਥ ਹੋਣ ਤਾਂ ਜਿੱਤ ਯਕੀਨੀ ਹੁੰਦੀ ਹੈ।
ਭਗਵਾਨ ਮਹਾਤਮਾ ਬੁੱਧ: ਸੰਵਿਧਾਨ ਦੇ ਭਾਗ-5 ਵਿੱਚ ਇਹ ਰੱਖਿਆ ਗਿਆ ਕਿ ਦੇਸ਼ ਦੀ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦਾ ਲੋਕਾਂ ਪ੍ਰਤੀ ਰਵੱਈਆ ਕਿਹੋ ਜਿਹਾ ਹੋਵੇ, ਇਹ ਰੱਖਿਆ ਗਿਆ ਹੈ। ਇਸ ਭਾਗ ਵਿੱਚ ਬੁੱਧ ਅਤੇ ਉਨ੍ਹਾਂ ਦੇ ਅਨੁਯਾਈਆਂ ਦੀ ਤਸਵੀਰ ਸ਼ਾਮਿਲ ਹੈ। ਇਸ ਚਿੱਤਰ ਵਿੱਚ ਭਗਵਾਨ ਬੁੱਧ ਦੇ ਅਨੁਯਾਈ ਇੱਕ ਸੰਘ ਦੇ ਰੂਪ ਵਿੱਚ ਇਕਾਗਰ ਮਨ ਨਾਲ ਡੂੰਘੇ ਵਿਚਾਰਾਂ ਨਾਲ ਹਰ ਇੱਕ ਸਿੱਖਿਆ ਨੂੰ ਗ੍ਰਹਿਣ ਕਰਦੇ ਹੋਏ ਦਿਖਾਏ ਗਏ ਹਨ। ਇਸੇ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਜੇਕਰ ਦੇਸ਼ ਦੇ ਤਿੰਨੇ ਮੁੱਖ ਅੰਗ ਇਕਾਗਰ ਹੋ ਕੇ ਡੂੰਘੇ ਵਿਚਾਰਾਂ ਦਾ ਰਸਤਾ ਅਪਣਾਉਣ ਤਾਂ ਦੇਸ਼ ਵਿਕਾਸ ਦੇ ਰਾਹ ’ਤੇ ਜਾਵੇਗਾ।
ਭਗਵਾਨ ਮਹਾਵੀਰ: ਸੰਵਿਧਾਨ ਦਾ ਇਹ ਭਾਗ-6 ਰਾਜ ਨਾਲ ਸਬੰਧਿਤ ਹੈ। ਭਗਵਾਨ ਮਹਾਵੀਰ ਨੇ ਜੈਨ ਧਰਮ ਦਾ ਵਿਸਤਾਰ ਪੂਰੇ ਦੇਸ਼ ਵਿੱਚ ਕੀਤਾ ਅਤੇ ਸਮਾਜ ਵਿੱਚ ਖੁਸ਼ਹਾਲੀ ਲਿਆਉਣ ਅਤੇ ਜੀਵਨ ਨੂੰ ਸਹੀ ਸੇਧ ਵਿੱਚ ਲਿਜਾਣ ਦਾ ਮੁੱਖ ਟੀਚਾ ਰੱਖਿਆ। ਇਸ ਚਿੱਤਰ ਵਿੱਚ ਭਗਵਾਨ ਮਹਾਵੀਰ ਸ਼ਾਂਤੀਪੂਰਵਕ ਧਿਆਨ ਮਗਨ ਹਨ ਅਤੇ ਇੱਕ ਮੋਰ ਖ਼ੁਸ਼ੀ ਭਾਵ ਵਿੱਚ ਦਰਸਾਇਆ ਗਿਆ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਪ੍ਰਸਿਥਿਤੀਆ ਕਿਹੋ ਜਿਹੀਆਂ ਵੀ ਹੋਣ, ਉਨ੍ਹਾਂ ਨੂੰ ਸਵੀਕਾਰ ਕਰਦੇ ਹੋਏ ਆਪਣੇ ਆਪ ਨੂੰ ਹਰ ਪਰਿਵਰਤਨ ਅਨੁਸਾਰ ਢਾਲਦੇ ਹੋਏ ਸਮਾਜ ਨੂੰ ਤਰੱਕੀ ਦੇ ਰਾਹ ਵੱਲ ਵਧਾਉਂਦੇ ਰਹਿਣਾ ਚਾਹੀਦਾ ਹੈ।
ਕੁਬੇਰ ਦਾ ਚਿੱਤਰ: ਸੰਵਿਧਾਨ ਦੇ ਭਾਗ-8 ਵਿੱਚ ਸੰਘ ਰਾਜ ਖੇਤਰ ਵਿੱਚ ਧਨ ਦੀ ਵਿਵਸਥਾ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਹਨ। ਆਜ਼ਾਦੀ ਤੋਂ ਬਾਅਦ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਧਨ ਦੀ ਜ਼ਰੂਰਤ ਸੀ। ਇਸੇ ਲਈ ਨੰਦ ਲਾਲ ਬੋਸ ਨੇ ਇਸ ਵਿੱਚ ਕੁਬੇਰ ਦੀ ਛਾਲ ਮਾਰਨ ਵਾਲੀ ਤਸਵੀਰ ਸ਼ਾਮਿਲ ਕੀਤੀ ਹੈ। ਇਸ ਤਸਵੀਰ ਵਿੱਚ ਕੁਬੇਰ ਜੀ ਨੂੰ ਹਨੂੰਮਾਨ ਜੀ ਦੀ ਤਰ੍ਹਾਂ ਛਾਲ ਮਾਰਦਿਆਂ ਦਿਖਾਇਆ ਗਿਆ ਹੈ। ਜੇਕਰ ਅਸੀਂ ਮਜ਼ਬੂਤ ਅਰਥ ਵਿਵਸਥਾ ਚਾਹੁੰਦੇ ਹਨ ਤਾਂ ਧਨ ਦੀ ਵਿਵਸਥਾ ਨੂੰ ਸਹੀ ਢੰਗ ਨਾਲ ਅਪਣਾਉਣਾ ਹੀ ਪਵੇਗਾ।
ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਆਜ਼ਾਦ ਹਿੰਦ ਫ਼ੌਜ: ਸੰਵਿਧਾਨ ਦਾ ਭਾਗ-19 ਰਾਸ਼ਟਰਪਤੀ ਅਤੇ ਰਾਜਪਾਲ ਦੇ ਅਧਿਕਾਰ ਖੇਤਰ ਨਾਲ ਸਬੰਧਿਤ ਹੈ। ਨੇਤਾ ਜੀ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕੀਤੀ। ਇਸ ਵਿੱਚ ਉਨ੍ਹਾਂ ਨੇ ਆਪਣੀ ਫ਼ੌਜ ਦੇ ਹਰ ਅਧਿਕਾਰੀ ਲਈ ਅਧਿਕਾਰ ਖੇਤਰ ਨਿਸ਼ਚਿਤ ਕਰ ਦਿੱਤੇ ਤੇ ਅੰਡੇਮਾਨ ਤੇ ਨਿਕੋਬਾਰ ਨੂੰ ਆਜ਼ਾਦ ਕਰਵਾਇਆ। ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਇੱਕ ਸਹੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਸੀ।
ਵਿਕਰਮ ਆਦਿੱਤਿਆ: ਸੰਵਿਧਾਨ ਦਾ ਭਾਗ-9 ਸਾਸ਼ਨ ਦੇ ਵਿਕੇਦਰੀਂਕਰਨ ਨਾਲ ਸਬੰਧਿਤ ਹੈ। ਇਹ ਪੰਚਾਇਤਾਂ ਅਤੇ ਨਗਰ-ਪਾਲਿਕਾਵਾਂ ਦੇ ਅਧਿਕਾਰਾਂ ਨਾਲ ਸਬੰਧਿਤ ਹੈ। ਸੰਵਿਧਾਨ ਘਾੜਿਆਂ ਦਾ ਮੰਨਣਾ ਸੀ ਕਿ ਨਿਆਂ ਵਿਵਸਥਾ ਹੇਠਲੇ ਪੱਧਰ ਤੋਂ ਸਹੀ ਢੰਗ ਨਾਲ ਸ਼ੁਰੂ ਹੋਣੀ ਚਾਹੀਦੀ ਹੈ। ਵਿਕਰਮ ਆਦਿੱਤਿਆ ਦੇ ਰਾਜ ਵਿੱਚ ਨਿਆਂ ਵਿਵਸਥਾ ਹੇਠਲੇ ਪੱਧਰ ਤੋਂ ਉਪਰਲੇ ਪੱਧਰ ਤੱਕ ਬਹੁਤ ਮਜ਼ਬੂਤ ਸੀ। ਕਿਸੇ ਵੀ ਵਿਅਕਤੀ ਨਾਲ ਅਨਿਆਂ ਦੀ ਗੁੰਜਾਇਸ਼ ਨਹੀਂ ਸੀ।
ਅਸ਼ਵਮੇਘ ਯੱਗ ਦੀ ਤਸਵੀਰ: ਸੰਵਿਧਾਨ ਦਾ ਭਾਗ-11 ਸੰਘ ਅਤੇ ਰਾਜਾਂ ਵਿਚਕਾਰ ਤਾਕਤ ਦੀ ਵੰਡ ਬਾਰੇ ਪ੍ਰਗਟ ਕਰਦਾ ਹੈ। ਰਾਜਾਂ ਉੱਪਰ ਕੇਂਦਰ ਦਾ ਕੰਟਰੋਲ ਅਤੇ ਨਾਲ ਹੀ ਰਾਜਾਂ ਦੀ ਆਪਣੀ ਹੋਂਦ ਵੀ ਬਣੀ ਰਹੇ ਇਸ ਦੇ ਸੁਮੇਲ ਨੂੰ ਪ੍ਰਗਟ ਕਰਦੀ ਅਸ਼ਵਮੇਘ ਯੱਗ ਦੀ ਤਸਵੀਰ ਆਪਣੇ ਆਪ ਵਿੱਚ ਇਸ ਭਾਗ ਨੂੰ ਸੰਪੂਰਨ ਕਰਦੀ ਹੈ। ਇਸ ਤਸਵੀਰ ਵਿੱਚ ਇੱਕ ਸਮਰਾਟ ਆਪਣਾ ਅਜਿੱਤ ਘੋੜਾ ਯਾਤਰਾ ’ਤੇ ਲਿਜਾਂਦਾ ਹੋਇਆ ਅਤੇ ਇੱਕ ਸ਼ਰਨਾਗਤ ਨੂੰ ਸਵੀਕਾਰ ਕਰਦਾ ਇੱਕ ਰਾਜਾ ਦਿਖਾਇਆ ਗਿਆ ਹੈ।
ਨਾਲੰਦਾ ਯੂਨੀਵਰਸਿਟੀ: ਸੰਵਿਧਾਨ ਦਾ ਭਾਗ-10 ਅਨੁਸੂਚਿਤ ਜਾਤੀਆਂ ਅਤੇ ਕਬਾਇਲੀ ਖੇਤਰਾਂ ਦੇ ਪ੍ਰਸ਼ਾਸਨ ਨਾਲ ਸਬੰਧਿਤ ਹੈ। ਇਸ ਭਾਗ ਵਿੱਚ ਨਾਲੰਦਾ ਯੂਨੀਵਰਸਿਟੀ ਦੀ ਫੋਟੋ ਅਤੇ ਉਸ ਦੀ ਮੋਹਰ ਅੰਕਿਤ ਹੈ ਕਿਉਂਕਿ ਨਾਲੰਦਾ ਯੂਨੀਵਰਸਿਟੀ ਵਿੱਚ ਬਿਨਾਂ ਕਿਸੇ ਭੇਦ-ਭਾਵ ਤੋਂ ਸਾਰੇ ਤਬਕਿਆਂ ਦੇ ਲੋਕਾਂ ਨੂੰ ਪੜ੍ਹਨ ਦੀ ਆਗਿਆ ਸੀ। ਇਹ ਤਸਵੀਰ ਦਰਸਾਉਣ ਦਾ ਮੁੱਖ ਮਕਸਦ ਹੈ ਕਿ ਸਿੱਖਿਆ ਗ੍ਰਹਿਣ ਕਰਨ ਉੱਪਰ ਹਰ ਇੱਕ ਭਾਈਚਾਰੇ ਅਤੇ ਜਨਜਾਤੀ ਦਾ ਬਰਾਬਰ ਅਧਿਕਾਰ ਹੈ।
ਅਕਬਰ ਦਾ ਦਰਬਾਰ: ਸੰਵਿਧਾਨ ਦਾ ਭਾਗ-14 ਕੇਂਦਰ ਅਤੇ ਰਾਜਾਂ ਦੀਆਂ ਸੀਮਾਵਾਂ ਨਿਰਧਾਰਿਤ ਕਰਦਾ ਹੈ ਅਤੇ ਦੇਸ਼ ਨੂੰ ਚਲਾਉਣ ਲਈ ਇੱਕ ਅਜਿਹੀ ਵਿਵਸਥਾ ਦੀ ਵਕਾਲਤ ਕਰਦਾ ਹੈ ਜਿੱਥੇ ਸਾਰੇ ਵਰਗਾਂ ਨੂੰ ਬਰਾਬਰ ਥਾਂ ਮਿਲੇ, ਜਿਸ ਤਰ੍ਹਾਂ ਮੁਗ਼ਲ ਸਮਰਾਟ ਅਕਬਰ ਦੇ ਦਰਬਾਰ ਵਿੱਚ ਨੌਂ ਰਤਨਾਂ ਵਿੱਚ ਵੱਖ ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਸ਼ਾਮਿਲ ਸਨ। ਇਸ ਤੋਂ ਭਾਵ ਹੈ ਕਿ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਦਾ ਬਰਾਬਰ ਸਨਮਾਨ ਸੀ ਜੋ ਦੇਸ਼ ਦੀ ਵਿਵਸਥਾ ਨੂੰ ਚਲਾਉਣ ਵਾਲੇ ਇੱਕ ਵਧੀਆ ਪ੍ਰਸ਼ਾਸਨਿਕ ਅਮਲੇ ਦੀ ਮਿਸਾਲ ਸੀ।
ਰਾਣੀ ਲਕਸ਼ਮੀ ਬਾਈ ਅਤੇ ਟੀਪੂ ਸੁਲਤਾਨ: ਸੰਵਿਧਾਨ ਦੇ ਭਾਗ-16 ’ਚ ਵਿਧਾਨ ਸਭਾ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਲਈ ਰਾਖਵੀਆਂ ਸੀਟਾਂ, ਪੱਛੜੇ ਵਰਗਾਂ ਲਈ ਕਮਿਸ਼ਨ ਦਾ ਗਠਨ ਆਦਿ ਸ਼ਾਮਿਲ ਕੀਤਾ ਗਿਆ ਹੈ। ਇਸ ਭਾਗ ਵਿੱਚ ਸੰਵਿਧਾਨ ਦੇ ਭਾਗ-16 ਲਈ ਇਨ੍ਹਾਂ ਤਸਵੀਰ ਦੀ ਚੋਣ ਇਸ ਲਈ ਕੀਤੀ ਗਈ ਕਿਉਂਕਿ ਭਾਰਤ ਦੇ ਹਰ ਸਦਨ ਵਿੱਚ ਸਭ ਨੂੰ ਪ੍ਰਤੀਨਿਧ ਕਰਨ ਦਾ ਅਧਿਕਾਰ ਹੈ। ਭਾਰਤ ਦੇ ਉੱਤਰ ਵਿੱਚ ਹਿੰਦੀ ਅਤੇ ਦੱਖਣ ਵਿੱਚ ਕਈ ਉਪਭਾਸ਼ਾਵਾਂ ਬੋਲੀਆਂ ਜਾਂਦੀਆ ਹਨ। ਇਹ ਦੋਵੇਂ ਸ਼ਖ਼ਸੀਅਤਾਂ ਵੱਖ ਵੱਖ ਧਰਮਾਂ ਅਤੇ ਉਲਟ ਸੁਭਾਅ ਵਾਲੀਆਂ ਸਨ ਪਰ ਦੋਵਾਂ ਦਾ ਮਕਸਦ ਇੱਕ ਸੀ ਅਤੇ ਦੋਵੇਂ ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦ ਹੋਏ।
ਸਵਾਸਤਿਕ ਅਤੇ ਨਟਰਾਜ ਦਾ ਚਿੰਨ੍ਹ: ਸੰਵਿਧਾਨ ਦਾ ਭਾਗ-12 ਵਿੱਤ ਅਤੇ ਸੰਪਤੀ ਨਾਲ ਜੁੜਿਆ ਹੈ। ਜੇਕਰ ਵਿੱਤ ਅਤੇ ਸੰਪਤੀ ਦੀ ਵੰਡ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਦੇਸ਼ ਵਿੱਚ ਆਨੰਦਮਈ ਵਾਤਾਵਰਨ ਹੋਣਾ ਸੁਭਾਵਿਕ ਹੈ ਅਤੇ ਆਨੰਦ ਦਾ ਸਰਵ ਸ੍ਰੇਸ਼ਠ ਚਿੰਨ੍ਹ ਨਟਰਾਜ ਨੂੰ ਮੰਨਿਆ ਜਾਂਦਾ ਹੈ। ਇਹ ਆਨੰਦ ਸਹੀ ਰਾਹ ਦੀ ਚੋਣ ਕਰਕੇ ਪ੍ਰਾਪਤ ਕੀਤੀ ਸੰਪਤੀ ਨਾਲ ਹੀ ਆਉਂਦਾ ਹੈ ਅਤੇ ਇਸ ਸ਼ੁਭ ਮਾਰਗ ਦਾ ਚਿੰਨ੍ਹ ‘ਸਵਾਸਤਿਕ’ ਨੂੰ ਮੰਨਿਆ ਜਾਂਦਾ ਹੈ।
ਛਤਰਪਤੀ ਸ਼ਿਵਾਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ: ਸੰਵਿਧਾਨ ਦਾ ਇਹ ਭਾਗ-15 ਚੋਣ ਨਾਲ ਸਬੰਧਿਤ ਹੈ ਪਰ ਸੰਵਿਧਾਨ ਵਿੱਚ ‘‘ਸਾਡਾ ਨੇਤਾ ਕਿਹੋ ਜਿਹਾ ਹੋਵੇ’’ ਦੀ ਉਦਾਹਰਨ ਨਹੀਂ ਲਿਖੀ ਜਾ ਸਕਦੀ ਸੀ। ਇਸੇ ਵਿਚਾਰ ਨੂੰ ਪ੍ਰਗਟ ਕਰਨ ਲਈ ਨੰਦ ਲਾਲ ਬੋਸ ਨੇ ਛਤਰਪਤੀ ਸ਼ਿਵਾਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਸ਼ਾਮਿਲ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਲਈ ਆਪਣੇ ਸਰਬੰਸ ਵਾਰ ਦਿੱਤਾ ਅਤੇ ਛਤਰਪਤੀ ਸ਼ਿਵਾਜੀ ਨੇ ਆਪਣੀ ਬਹਾਦਰੀ ਨਾਲ ਹਿੰਦੂ ਸਮਾਜ ਦੀ ਸਥਾਪਨਾ ਕੀਤੀ।
ਲਾਠੀ ਲੈ ਕੇ ਚਲਦੇ ਗਾਂਧੀ ਜੀ ਦੀ ਤਸਵੀਰ: ਸੰਵਿਧਾਨ ਦਾ ਭਾਗ-17 ਰਾਜ ਭਾਸ਼ਾ ਨਾਲ ਸਬੰਧਿਤ ਹੈ। ਗਾਂਧੀ ਜੀ ਰਾਜ ਭਾਸ਼ਾ ਦੇ ਵਿਕਾਸ ਨੂੰ ਵਿਸ਼ੇਸ਼ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਦੇਸ਼ ਦੇ ਵਿਕਾਸ ਲਈ ਰਾਜਭਾਸ਼ਾ ਦਾ ਵਿਕਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਗੁਜਰਾਤੀ ਹੁੰਦੇ ਹੋਏ ਹਿੰਦੀ ਭਾਸ਼ਾ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਇਆ।
ਗਾਂਧੀ ਜੀ ਦਾ ਡਾਂਡੀ ਮਾਰਚ: ਸੰਵਿਧਾਨ ਦੇ ਭਾਗ-18 ਵਿੱਚ ਦੇਸ਼ ਉੱਪਰ ਬਾਹਰੀ ਹਮਲੇ ਜਾਂ ਅੰਦਰੂਨੀ ਅਸ਼ਾਂਤੀ ਸਮੇਂ ਰਾਜਾਂ ਵਿੱਚ ਸੰਵਿਧਾਨਕ ਸਿਸਟਮ ਦਾ ਫੇਲ੍ਹ ਹੋ ਜਾਣ ਵਰਗੇ ਹਾਲਾਤ ਨਾਲ ਸਿੱਝਣ ਲਈ ਵਿਸ਼ੇਸ਼ ਉਪਬੰਧ ਲਿਖੇ ਹੋਏ ਹਨ। ਇਸੇ ਕਾਰਨ ਇਸ ਭਾਗ ਲਈ ਮਹਾਤਮਾ ਗਾਂਧੀ ਦੀ ਇਸ ਤਸਵੀਰ ਨੂੰ ਚੁਣਿਆ ਅਤੇ ਇਹ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਲਾਤ ਕਿਹੋ ਜਿਹੇ ਵੀ ਹੋਣ, ਸੱਤਿਆਗ੍ਰਹਿ ਦਾ ਰਾਹ ਚੁਣ ਕੇ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ।
ਭਗੀਰਥ ਦਾ ਗੰਗਾ ਨੂੰ ਧਰਤੀ ’ਤੇ ਲਿਆਉਣ ਦਾ ਯਤਨ: ਸੰਵਿਧਾਨ ਦਾ ਭਾਗ-13 ਰਾਜਾਂ ਤੇ ਕੇਂਦਰ ਵਿਚਕਾਰ ਵਣਜ-ਵਪਾਰ ਨਾਲ ਸਬੰਧਤ ਹੈ। ਇਸ ਭਾਗ ਵਿੱਚ ਭਗੀਰਥ ਦੁਆਰਾ ਮਾਤਾ ਗੰਗਾ ਜੀ ਨੂੰ ਧਰਤੀ ਉੱਤੇ ਲਿਆਉਣ ਲਈ ਕੀਤੇ ਗਏ ਯਤਨ ਵਾਲੀ ਤਸਵੀਰ ਨੂੰ ਦਿਖਾਇਆ ਗਿਆ ਹੈ ਕਿਉਂਕਿ ਸੰਵਿਧਾਨ ਨਿਰਮਾਤਾਵਾਂ ਅਨੁਸਾਰ ਆਜ਼ਾਦੀ ਤੋਂ ਬਾਅਦ ਰਾਜਾਂ ਅਤੇ ਕੇਂਦਰ ਵਿਚਕਾਰ ਵਣਜ-ਵਪਾਰ ਦਾ ਤਾਲਮੇਲ ਬਣਾ ਕੇ ਇੱਕ ਖੁਸ਼ਹਾਲ ਭਾਰਤ ਦਾ ਨਿਰਮਾਣ ਕਰਨਾ ਔਖਾ ਕੰਮ ਸੀ। ਇਸੇ ਵਿਚਾਰ ਨੂੰ ਪ੍ਰਗਟ ਕਰਨ ਲਈ ਨੰਦ ਲਾਲ ਬੋਸ ਨੇ ਭਗੀਰਥ ਦੁਆਰਾ ਗੰਗਾ ਨੂੰ ਲਿਆਉਣ ਵਾਲੇ ਯਤਨ ਅਤੇ ਫਿਰ ਗੰਗਾ ਜੀ ਦੇ ਆਉਣ ਨਾਲ ਗੰਗਾ ਕਿਨਾਰੇ ਫੈਲੀ ਖੁਸ਼ਹਾਲੀ ਵਾਲੀ ਤਸਵੀਰ ਸ਼ਾਮਿਲ ਕੀਤੀ ਹੈ।
ਮੌਰੀਆ ਕਾਲ: ਸੰਵਿਧਾਨ ਦੇ ਭਾਗ-7 ਪਹਿਲੀ ਅਨੁਸੂਚੀ ਦੇ ਭਾਗ-ਖ ਦੇ ਰਾਜਾਂ ਨਾਲ ਸਬੰਧਿਤ ਹੈ। ਇਸ ਭਾਗ ਵਿੱਚ ਮੌਰੀਆ ਕਾਲ ਦੀ ਤਸਵੀਰ ਸ਼ਾਮਿਲ ਹੈ। ਇਹ ਸਾਡੀ ਭਾਰਤੀ ਸੱਭਿਅਤਾ ਦਾ ਸੁਨਹਿਰੀ ਕਾਲ ਸੀ, ਜਿਸ ਸਮੇਂ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਭਾਰਤ ਵਿੱਚ ਆਦਮੀ ਤੇ ਔਰਤਾਂ ਬਿਨਾਂ ਕਿਸੇ ਭੇਦ-ਭਾਵ ਅਤੇ ਨਿਡਰ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਸੀ। ਇਹ ਕਾਲ ਸਮਰਾਟ ਅਸ਼ੋਕ ਦੇ ਸੁਪਨਿਆਂ ਦੇ ਭਾਰਤ ਨੂੰ ਦਰਸਾਉਂਦਾ ਹੈ ਪਰ 1956 ਵਿੱਚ 7ਵੀਂ ਸੰਵਿਧਾਨਕ ਸੋਧ ਨਾਲ ਇਸ ਨੂੰ ਸੰਵਿਧਾਨ ਵਿੱਚੋਂ ਹਟਾ ਦਿੱਤਾ ਗਿਆ ਹੈ।
ਆਕਾਸ਼, ਧਰਤੀ ਅਤੇ ਸਮੁੰਦਰ ਦੀ ਤਸਵੀਰ: ਸੰਵਿਧਾਨ ਦੇ ਭਾਗ-20, ਭਾਗ-21, ਭਾਗ-22 ਉੱਪਰ ਕ੍ਰਮਵਾਰ ਖੁੱਲ੍ਹਾ ਆਕਾਸ਼ ਅਤੇ ਹਿਮਾਲਿਆ, ਵਿਸ਼ਾਲ ਮਾਰੂਥਲ ਅਤੇ ਮਹਾਸਾਗਰ ਦਰਸਾਇਆ ਗਿਆ ਹੈ ਜਿਸ ਤੋਂ ਭਾਰਤ ਦੇ ਅਮੀਰ ਵਿਰਸੇ ਸੰਸਕ੍ਰਿਤੀ ਅਤੇ ਪ੍ਰਕਿਰਿਤਿਕ ਖ਼ਜ਼ਾਨਿਆਂ ਬਾਰੇ ਪਤਾ ਲੱਗਦਾ ਹੈ। ਇਹ ਭਾਗ ਸਾਡੇ ਸੰਵਿਧਾਨ ਦੀ ਲਚਕਤਾ ਨੂੰ ਦਰਸਾਉਂਦੇ ਹੋਏ ਸੰਵਿਧਾਨਕ ਸੋਧ ਨਾਲ ਸਬੰਧਿਤ ਹਨ।
ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਇਹ ਚਿੱਤਰ ਭਾਰਤੀ ਸੰਵਿਧਾਨ ਨੂੰ ਇੱਕ ਦਸਤਾਵੇਜ਼ ਦੇ ਦਰਜੇ ਤੋਂ ਅੱਗੇ ਤੋਰ ਕੇ ਭਾਰਤ ਦੀ ਆਤਮਾ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਸੰਵਿਧਾਨ ਰਚਨਾ ਦਾ ਕੰਮ ਸੰਵਿਧਾਨ ਘਾੜਨੀ ਸਭਾ ਨੇ ਕੀਤਾ। ਇਸ ਨੂੰ ਲਿਖਣ ਅਤੇ ਸਜਾਵਟ ਦਾ ਕੰਮ ਖਰੜਾ ਕਮੇਟੀ ਨੇ ਕੀਤਾ ਪਰ ਇਸ ਵਿੱਚ ਰੂਹ ਨੰਦ ਲਾਲ ਬੋਸ ਨੇ ਪਾਈ। ਸੰਵਿਧਾਨ ਵਿੱਚ ਸ਼ਾਮਿਲ ਇਹ ਤਸਵੀਰਾਂ ਇਸ ਦੇ ਹਰ ਭਾਗ ਨੂੰ ਸਹਿਜ ਅਤੇ ਸਰਲ ਰੂਪ ਵਿੱਚ ਸਮਝਣ ਦੇ ਯੋਗ ਬਣਾਉਂਦੀਆਂ ਹਨ।
ਸੰਪਰਕ: 84271-01620

