DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇੱਕ ਤਾਰਾ ਟੁੱਟਿਆ ਨੀਂ..!

ਲਗਪਗ 38 ਵਰ੍ਹੇ ਬਾਅਦ ਚੇਤਿਆਂ ’ਚ ਵੱਸੇ ਸ਼ਹਿਰ ਦੇਹਰਾਦੂਨ ਜਾਣ ਦਾ ਸਬੱਬ ਬਣਿਆ। ਉਨ੍ਹਾਂ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਫੇਰਾ ਪਾਉਣ ਦੀ ਚਾਹਤ ਸੀ, ਜਿੱਥੋਂ ਸਕੂਲੀ ਤੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਸੀ। ਸਾਰਾ ਦਿਨ ਘੁੰਮਦਾ-ਘੁੰਮਾਉਂਦਾ ਸ਼ਾਮ ਨੂੰ ਡੀ ਏ ਵੀ...

  • fb
  • twitter
  • whatsapp
  • whatsapp
Advertisement

ਲਗਪਗ 38 ਵਰ੍ਹੇ ਬਾਅਦ ਚੇਤਿਆਂ ’ਚ ਵੱਸੇ ਸ਼ਹਿਰ ਦੇਹਰਾਦੂਨ ਜਾਣ ਦਾ ਸਬੱਬ ਬਣਿਆ। ਉਨ੍ਹਾਂ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਫੇਰਾ ਪਾਉਣ ਦੀ ਚਾਹਤ ਸੀ, ਜਿੱਥੋਂ ਸਕੂਲੀ ਤੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਸੀ। ਸਾਰਾ ਦਿਨ ਘੁੰਮਦਾ-ਘੁੰਮਾਉਂਦਾ ਸ਼ਾਮ ਨੂੰ ਡੀ ਏ ਵੀ ਕਾਲਜ ਪੁੱਜਾ। ਪੂਰੇ ਸੱਤ ਵਰ੍ਹੇ ਇਸੇ ਕਾਲਜ ਵਿੱਚ ਗੁਜ਼ਾਰੇ ਸਨ। ਸ਼ਾਮ ਦੇ ਘੁਸਮੁਸੇ ਵਿੱਚ ਝਾਉਲਾ ਜਿਹਾ ਪਿਆ ਜਿਵੇਂ ਮੇਰਾ 40 ਸਾਲ ਪੁਰਾਣਾ ਬੀ ਐੱਡ ਦਾ ਜਮਾਤੀ ਮੋਹਨੀ ਤੁਰਿਆ ਆ ਰਿਹਾ ਹੋਵੇ। ਫਿਲਮੀ ਹੀਰੋ ਵਰਗਾ ਕੱਦ-ਕਾਠ ਤੇ ਚਿਹਰਾ। ਬੁੱਲ੍ਹਾਂ ਨਾਲੋਂ ਅੱਖਾਂ ਵੱਧ ਬੋਲਦੀਆਂ। ਰਿਸੈਪਸ਼ਨ ਪਾਰਟੀ ਵਿੱਚ ਵੈੱਲ ਡਰੈੱਸਡ ਤੇ ਵੈੱਲ ਮੈਨਰਡ ਦਾ ਖ਼ਿਤਾਬ ਜਿੱਤਣ ਵਾਲਾ। ਆਪਣੀ ਫਰਾਟੇਦਾਰ ਅੰਗਰੇਜ਼ੀ, ਗਾਇਕੀ ਅਤੇ ਸਾਹਿਤਕ ਗਿਆਨ ਨਾਲ ਮੋਹਨੀ ਨੇ ਸਾਰੇ ਅਧਿਆਪਕਾਂ ਅਤੇ ਜਮਾਤੀਆਂ ਦਾ ਮਨ ਮੋਹ ਲਿਆ ਸੀ। ਸਾਡੀ ਦੋਸਤੀ ਦੇ ਤਾਰ ਜੁੜੇ ਅਤੇ ਅਸੀਂ ਇਕੱਠਿਆਂ ਹੀ ਇੱਕੋ ਬੈਂਚ ’ਤੇ ਬੈਠ ਪੀਰੀਅਡ ਲਾਉਣੇ ਸ਼ੁਰੂ ਕਰ ਦਿੱਤੇ। ਮੋਹਨੀ ਦੂਸਰੇ ਕਾਲਜ ’ਚੋਂ ਐੱਮ ਐੱਸਸੀ ਕਰ ਕੇ ਇੱਥੇ ਦਾਖ਼ਲ ਹੋਇਆ ਸੀ। ਇੱਕ ਦਿਨ ਉਹ ਜਮਾਤ ਵਿੱਚ ਪਹਿਲਾਂ ਥੋੜ੍ਹਾ ਕੰਬਿਆ, ਫਿਰ ਬੇਹੋਸ਼ ਜਿਹਾ ਹੋ ਕੇ ਡੈਸਕ ’ਤੇ ਡਿੱਗ ਪਿਆ। ਮੈਂ ਨੀਮ ਬੇਹੋਸ਼ ਮੋਹਨੀ ਨੂੰ ਉਸ ਦੇ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਲੈ ਲਈ।

ਉਸ ਨੂੰ ਡਿੱਗਦੇ-ਢਹਿੰਦੇ ਨੂੰ ਸਹਾਰਾ ਦੇ ਕੇ ਉਸ ਦੇ ਘਰ ਪਹੁੰਚਾਇਆ। ਅਫਸਰ ਪਿਤਾ, ਉੱਚ ਯੋਗਤਾ ਪ੍ਰਾਪਤ ਜ਼ਹੀਨ ਬੰਗਾਲੀ ਪਰਿਵਾਰ। ਮੈਂ ਫ਼ਿਕਰਮੰਦ ਹੁੰਦਿਆਂ ਉਸ ਦੇ ਮਾਤਾ-ਪਿਤਾ ਨੂੰ ਮੋਹਨੀ ਦੀ ਸਿਹਤ ਨਾਸਾਜ਼ ਹੋਣ ਦੀ ਸੂਚਨਾ ਦਿੱਤੀ ਪਰ ਉਸ ਦੇ ਘਰਦਿਆਂ ਨੇ ਬੜੀ ਹੀ ਬੇਫ਼ਿਕਰੀ ਨਾਲ ਕਿਹਾ ਸੀ, ‘‘ਕੁਝ ਨ੍ਹੀਂ ਹੋਇਆ ਇਸ ਨੂੰ, ਥੋੜ੍ਹੀ ਦੇਰ ਵਿੱਚ ਠੀਕ ਹੋ ਜਾਵੇਗਾ।’’ ਮੈਂ ਉਨ੍ਹਾਂ ਦਾ ਆਪਣੇ ਹੋਣਹਾਰ ਪੁੱਤਰ ਪ੍ਰਤੀ ਰਵੱਈਆ ਦੇਖ ਕੇ ਹੈਰਾਨ ਸੀ। ਪਰਤਦਿਆਂ ਗੇਟ ਤੱਕ ਛੱਡਣ ਆਏ ਮੋਹਨੀ ਦੇ ਪਿਤਾ ਨੇ ਮੈਨੂੰ ਹਦਾਇਤ ਕੀਤੀ, ‘‘ਤੂੰ ਭਲੇ ਘਰ ਦਾ ਮੁੰਡਾ ਲਗਦੈਂ, ਮੋਹਨੀ ਦੀ ਸੰਗਤ ਛੱਡ ਦੇ, ਇਸ ਤੋਂ ਦੂਰ ਰਹਿਣ ਵਿੱਚ ਹੀ ਤੇਰੀ ਭਲਾਈ ਹੈ।’’ ਉਸ ਦੇ ਘਰ ਦਾ ਮਾਹੌਲ ਅਤੇ ਉਨ੍ਹਾਂ ਦੀਆਂ ਗੱਲਾਂ ਮੇਰੇ ਲਈ ਰਹੱਸਮਈ ਸਨ। ਉਸ ਸਮੇਂ ਤਾਂ ਮੈਨੂੰ ਕੁਝ ਵੀ ਪੁੱਛਣ ਦੀ ਹਿੰਮਤ ਨਹੀਂ ਸੀ ਹੋਈ, ਪਰ ਮੈਂ ਸਾਰੀ ਵਾਟ ਸੋਚਦਾ ਰਿਹਾ ਕਿ ਮੋਹਨੀ ਦੇ ਪਿਤਾ ਨੇ ਅਜਿਹਾ ਕਿਉਂ ਕਿਹਾ? ਫਿਰ ਕਈ ਦਿਨ ਮੋਹਨੀ ਕਾਲਜ ਨਹੀਂ ਸੀ ਆਇਆ। ਜੀਅ ਕੀਤਾ ਕਿ ਉਸ ਦੇ ਘਰ ਜਾ ਕੇ ਖ਼ਬਰਸਾਰ ਲਵਾਂ, ਪਰ ਉਸ ਦੇ ਪਿਤਾ ਦੇ ਕਹੇ ਬੋਲ ਮੇਰੇ ਪੈਰਾਂ ਦੀਆਂ ਜ਼ੰਜੀਰਾਂ ਬਣ ਗਏ। ਕੁਝ ਦਿਨਾਂ ਬਾਅਦ ਮੋਹਨੀ ਕਾਲਜ ਆਇਆ। ਸਾਰਾ ਦਿਨ ਜਮਾਤੀਆਂ ਨਾਲ ਹੱਸਦਾ, ਖੇਡਦਾ, ਗਾਉਂਦਾ, ਗੱਲਾਂ-ਬਾਤਾਂ ਕਰਦਾ ਰਿਹਾ। ਕਾਲਜ ਛੁੱਟੀ ਹੋਣ ਮਗਰੋਂ ਉਹ ਕਲਾਸਰੂਮ ਦੇ ਬੈਂਚ ’ਤੇ ਬੇਹੋਸ਼ ਪਿਆ ਸੀ। ਕਾਲਜ ਵਾਲਿਆਂ ਨੇ ਉਸ ਦੇ ਘਰ ਫੋਨ ਕੀਤਾ। ਉਸ ਦੇ ਪਿਤਾ ਨੇ ਆਪਣੀ ਕਾਰ ਭੇਜੀ ਤੇ ਡਰਾਈਵਰ ਡਿੱਗਦੇ-ਢਹਿੰਦੇ ਮੋਹਨੀ ਨੂੰ ਲੈ ਗਿਆ। ਇਹ ਗੱਲ ਮੇਰੀ ਸਮਝ ਤੋਂ ਪਰ੍ਹੇ ਸੀ ਕਿ ਚੰਗੇ-ਭਲੇ ਮੋਹਨੀ ਨੂੰ ਅਚਾਨਕ ਕੀ ਹੋ ਜਾਂਦਾ ਹੈ? ਫਿਰ ਡਰਾਈਵਰ ਮੂੰਹੋਂ ਨਿਕਲੀ ਗੱਲ ਸਾਰੇ ਕਾਲਜ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਮੋਹਨੀ ਨਸ਼ੇ ਕਰਦਾ ਹੈ। ਉਸ ਦੇ ਘਰ ਦੇ ਬਹੁਤ ਲਾਚਾਰ ਹਨ।

Advertisement

ਇਹ ਜਾਣ ਕੇ ਪਤਾ ਨਹੀਂ ਮੇਰੇ ਸਿਰ ’ਤੇ ਕਿਹੜਾ ਜਨੂੰਨ ਚੜਿ੍ਹਆ ਕਿ ਮੈਂ ਮੋਹਨੀ ਦੀ ਇਹ ਆਦਤ ਛੁਡਾਉਣ ਦਾ ਪ੍ਰਣ ਕਰ ਲਿਆ। ਮੈਂ ਉਸ ਦੇ ਪਿਤਾ ਦੀ ਹਦਾਇਤ ਨੂੰ ਦਰਕਿਨਾਰ ਕਰਦਿਆਂ ਵੱਧ ਤੋਂ ਵੱਧ ਸਮਾਂ ਮੋਹਨੀ ਨਾਲ ਗੁਜ਼ਾਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਘਰੋਂ ਨਾਲ ਲੈ ਕੇ ਕਾਲਜ ਤੇ ਫਿਰ ਛੁੱਟੀ ਮਗਰੋਂ ਘਰ ਛੱਡ ਕੇ ਆਉਂਦਾ। ਉਸ ਦੀਆਂ ਜੇਬਾਂ ਦੀ ਤਲਾਸ਼ੀ ਲੈਂਦਾ। ਉਸ ਨੂੰ ਆਪਣੀ ਦੋਸਤੀ ਦਾ ਵਾਸਤਾ ਪਾਉਂਦਾ। ਉਸ ਦੀ ਢਹਿੰਦੀ ਕਲਾ ਨੂੰ ਮੁੜ ਚੜ੍ਹਦੀਕਲਾ ਵਿੱਚ ਲਿਆਉਣ ਲਈ ਉਸ ਤੋਂ ਕਿੰਨੀ-ਕਿੰਨੀ ਦੇਰ ਗੀਤ ਸੰਗੀਤ ਸੁਣਦਾ। ਉਸ ਵੱਲੋਂ ਪੜ੍ਹੇ ਟੈਗੋਰ, ਕ੍ਰਿਸ਼ਨ ਚੰਦਰ, ਵਿਮਲ ਚੰਦਰ ਆਦਿ ਦੇ ਸਾਹਿਤ ਸਬੰਧੀ ਵਿਚਾਰ-ਚਰਚਾ ਕਰਦਾ। ਮੋਹਨੀ ਦੇ ਮਨ ਵਿੱਚ ਬੈਠੀ ਇਹ ਭਾਵਨਾ ਕਿ ਹੁਣ ਉਹ ਕਦੇ ਵੀ ਨਸ਼ਾ ਨਹੀਂ ਛੱਡ ਸਕੇਗਾ, ਨੂੰ ਮੈਂ ਕਾਫ਼ੀ ਹੱਦ ਤੀਕ ਦੂਰ ਕਰਨ ਵਿੱਚ ਕਾਮਯਾਬ ਵੀ ਹੋ ਗਿਆ। ਮੇਰੀਆਂ ਇਨ੍ਹਾਂ ਕੋਸ਼ਿਸ਼ਾਂ ਤੋਂ ਉਸ ਦੇ ਮਾਤਾ-ਪਿਤਾ ਬਹੁਤ ਖ਼ੁਸ਼ ਸਨ ਕਿ ਮੋਹਨੀ ਮੁੜ ਸਾਧਾਰਨ ਜ਼ਿੰਦਗੀ ਵੱਲ ਪਰਤ ਰਿਹਾ ਹੈ। ਉਹ ਮੈਨੂੰ ਸਾਵਧਾਨ ਕਰਦੇ ਕਿ ਹਰ ਵੇਲੇ ਮੋਹਨੀ ਨਾਲ ਰਹਿਣ ਕਰ ਕੇ ਉਸ ਨੂੰ ਨਸ਼ਾ ਪਹੁੰਚਾਉਣ ਵਾਲੇ ਗੈਂਗ ਦੀਆਂ ਅੱਖਾਂ ਵਿੱਚ ਮੈਂ ਰੜਕਣ ਲੱਗ ਪਿਆ ਹਾਂ, ਉਹ ਮੈਨੂੰ ਕੋਈ ਨੁਕਸਾਨ ਵੀ ਪਹੁੰਚਾ ਸਕਦੇ ਹਨ, ਪਰ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ।

Advertisement

ਉਹ ਮਨ ਹੀ ਮਨ ਡਰਦੇ ਸਨ ਕਿ ਕਿਧਰੇ ਮੈਂ ਵੀ ਮੋਹਨੀ ਵਾਂਗ ਨਸ਼ਿਆਂ ਦਾ ਆਦੀ ਨਾ ਹੋ ਜਾਵਾਂ। ਮੋਹਨੀ ਦਾ ਮੁੜਦਾ ਆਤਮ-ਵਿਸ਼ਵਾਸ ਅਤੇ ਉਸ ਦੇ ਕਾਇਆ ਕਲਪ ਨੂੰ ਦੇਖ ਕੇ ਸਾਰੇ ਹੀ ਖ਼ੁਸ਼ ਤੇ ਹੈਰਾਨ ਸਨ। ਇੱਕ ਦਿਨ ਸਾਡੇ ਕਾਲਜ ਦੀ ਸਭ ਤੋਂ ਖ਼ੂਬਸੂਰਤ ਤੇ ਸਾਡੀ ਜਮਾਤਣ ਕੁੜੀ ਨੇ ਮੋਹਨੀ ਦੇ ਇਸ ਕਾਇਆਕਲਪ ਤੋਂ ਖ਼ੁਸ਼ ਹੋ ਕੇ ਸਾਨੂੰ ਆਪਣੇ ਘਰ ਪਾਰਟੀ ’ਤੇ ਬੁਲਾਇਆ। ਉਸ ਨੇ ਮੇਰੇ ਸਾਹਮਣੇ ਮੋਹਨੀ ਨੂੰ ਪੇਸ਼ਕਸ਼ ਕੀਤੀ, ‘‘ਮੋਹਨੀ, ਜੇ ਤੂੰ ਇੰਜ ਹੀ ਵਧੀਆ ਜ਼ਿੰਦਗੀ ਗੁਜ਼ਾਰਨ ਦਾ ਵਚਨ ਦੇਵੇਂ ਤਾਂ ਮੈਂ ਤੇਰੀ ਜੀਵਨ ਸਾਥਣ ਬਣ ਕੇ ਉਮਰ ਭਰ ਸਾਥ ਨਿਭਾਉਣ ਲਈ ਤਿਆਰ ਹਾਂ।’’ ਮੋਹਨੀ ਉਸ ਸਮੇਂ ਕੁੜੀਆਂ ਵਾਂਗ ਸ਼ਰਮਾ ਗਿਆ ਤੇ ਉਸ ਨੇ ਵਾਅਦਾ ਕਰ ਲਿਆ। ਲੜਕੀ ਦੀ ਸ਼ਰਤ ਸੀ ਕਿ ਤੈਨੂੰ ਘੱਟੋ-ਘੱਟ ਇੱਕ ਸਾਲ ਇਸੇ ਤਰ੍ਹਾਂ ਨਸ਼ਿਆਂ ਤੋਂ ਦੂਰ ਰਹਿ ਕੇ ਦਿਖਾਉਣਾ ਹੋਵੇਗਾ। ਮੋਹਨੀ ਨੇ ਫਿਰ ਹਾਂ ਵਿੱਚ ਸਿਰ ਹਿਲਾ ਦਿੱਤਾ ਸੀ। ਬੀ ਐੱਡ ਮਗਰੋਂ ਮੈਂ ਪੰਜਾਬ ਆ ਕੇ ਅਧਿਆਪਕ ਭਰਤੀ ਹੋ ਗਿਆ ਸੀ। ਮੋਹਨੀ ਨੂੰ ਉਸ ਦੀ ਦੋਸਤ ਕੁੜੀ ਦੇ ਸਹਾਰੇ ਛੱਡ ਆਇਆ। ਉਨ੍ਹਾਂ ਨਾਲ ਮੇਰਾ ਨਾਲ ਸੰਪਰਕ ਟੁੱਟ ਗਿਆ ਸੀ। ਲਗਪਗ ਦੋ ਸਾਲ ਬਾਅਦ ਵਿਆਹ ਹੋਣ ਮਗਰੋਂ ਮੈਂ ਆਪਣੀ ਪਤਨੀ ਨਾਲ ਦੇਹਰਾਦੂਨ-ਮਸੂਰੀ ਘੁੰਮਣ ਗਿਆ ਤਾਂ ਬੜੇ ਹੀ ਚਾਅ ਨਾਲ ਮੋਹਨੀ ਦੇ ਘਰ ਗਿਆ। ਮੋਹਨੀ ਘਰ ਵਿੱਚ ਨਹੀਂ ਸੀ। ਸੱਦੇ ਦੇ ਬਾਵਜੂਦ ਮੇਰੇ ਵਿਆਹ ’ਤੇ ਨਾ ਆਉਣ ਦਾ ਮੈਂ ਉਸ ਦੇ ਮਾਤਾ ਪਿਤਾ ਨਾਲ ਗਿਲਾ ਕਰਦਾ ਰਿਹਾ।

ਉਨ੍ਹਾਂ ਡੂੰਘਾ ਹਉਕਾ ਭਰ ਕੇ ਕਿਹਾ, ‘‘ਅਸੀਂ ਕਿਵੇਂ ਆਉਂਦੇ? ਤੇਰੇ ਜਾਣ ਮਗਰੋਂ ਉਸ ਨੇ ਮੁੜ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇੱਕ ਰਾਤ ਮੋਹਨੀ ਟਰੱਕ ਹੇਠ ਆ ਕੇ ਮਰ ਗਿਆ ਸੀ ਨਸ਼ੇ ਦੀ ਲੋਰ ਵਿੱਚ। ਪਤਾ ਨਹੀਂ ਕਿੰਨੀਆਂ ਗੱਡੀਆਂ ਉਸ ਦੀ ਲੋਥ ਦੇ ਉੱਪਰੋਂ ਲੰਘੀਆਂ ਸਨ। ਦੂਜੇ ਦਿਨ ਸੜਕ ਤੋਂ ਖੁਰਚ ਕੇ ਉਸ ਦਾ ਜਿਸਮ ਇੱਕਠਾ ਕੀਤਾ ਸੀ। ਕੁੱਤੇ ਦੀ ਮੌਤ ਮਰਿਆ ਸੀ ਉਹ।’’ ਇਹ ਸੁਣ ਕੇ ਮੇਰਾ ਤ੍ਰਾਹ ਨਿਕਲ ਗਿਆ। ਅੱਜ 40 ਵਰ੍ਹੇ ਮਗਰੋਂ ਲੱਗ ਰਿਹਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ। ਹਨੇਰਾ ਵਧ ਗਿਆ ਸੀ ਤੇ ਕਾਲਜ ਦੇ ਵਿਹੜੇ ’ਚ ਖੜੋਤਿਆਂ ਮੇਰੀਆਂ ਪਥਰਾਈਆਂ ਨਜ਼ਰਾਂ ਮੋਹਨੀ ਨੂੰ ਤਲਾਸ਼ ਰਹੀਆਂ ਸਨ। ਸੋਚਦਾ ਹਾਂ ਕਿ ਯੁੱਧ ਨਸ਼ਿਆਂ ਵਿਰੁੱਧ ਜਾਰੀ ਹੈ। ਫਿਰ ਵੀ ਪੰਜਾਬ ਰੋਜ਼ਾਨਾ ਕਿੰਨੇ ਮੋਹਨੀਆਂ ਤੋਂ ਹੱਥ ਧੋ ਰਿਹਾ ਹੈ, ਨਿੱਤ ਕਿੰਨੇ ਅੱਖਾਂ ਦੇ ਤਾਰੇ ਬੇਵਕਤ ਟੁੱਟ ਰਹੇ ਹਨ।

ਸੰਪਰਕ: 98761-56964

Advertisement
×