ਅਣਗੌਲਿਆ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ
ਬਾਬੂ ਹਰਨਾਮ ਸਿੰਘ ਦਾ ਜਨਮ ਸੰਨ 1884 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਾਹਰੀ ਵਿੱਚ ਪਿਤਾ ਲਾਭ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਹੋਇਆ। ਪਿੰਡ ਸਾਹਰੀ ਹੁਸ਼ਿਆਰਪੁਰ ਤੋਂ ਫਗਵਾੜਾ ਜਾਣ ਵਾਲੀ ਸੜਕ ਦੇ ਲਹਿੰਦੇ ਪਾਸੇ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੀ...
ਬਾਬੂ ਹਰਨਾਮ ਸਿੰਘ ਦਾ ਜਨਮ ਸੰਨ 1884 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਾਹਰੀ ਵਿੱਚ ਪਿਤਾ ਲਾਭ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਹੋਇਆ। ਪਿੰਡ ਸਾਹਰੀ ਹੁਸ਼ਿਆਰਪੁਰ ਤੋਂ ਫਗਵਾੜਾ ਜਾਣ ਵਾਲੀ ਸੜਕ ਦੇ ਲਹਿੰਦੇ ਪਾਸੇ ਹੁਸ਼ਿਆਰਪੁਰ ਤੋਂ 12 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਸਾਹਰੀ ਨੂੰ ਸੰਤਾਂ ਮਹਾਪੁਰਖਾਂ ਦੀ ਨਗਰੀ ਵੀ ਕਿਹਾ ਜਾਂਦਾ ਹੈ। ਇੱਥੇ ਹਰ ਭਾਈਚਾਰੇ ਦੇ ਲੋਕ ਮੋਹ ਮੁਹੱਬਤ ਨਾਲ ਵੱਸਦੇ ਸਨ। ਪਿੰਡ ਦੇ ਇਸ ਅਪਣੱਤ ਭਰੇ ਮਾਹੌਲ ਨੇ ਬਾਬੂ ਹਰਨਾਮ ਸਿੰਘ ਦੀ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਉਸਾਰੂ ਰੋਲ ਅਦਾ ਕੀਤਾ। ਪਿੰਡ ਵਿੱਚ ਉਨ੍ਹਾਂ ਦਾ ਪਰਿਵਾਰ ਸਾਊ ਪਰਿਵਾਰ ਅਖਵਾਉਂਦਾ ਸੀ। ਹਲੀਮੀ, ਨਿਮਰਤਾ ਅਤੇ ਦੂਜਿਆਂ ਦੇ ਹਿੱਤਾਂ ਲਈ ਯਤਨਸ਼ੀਲ ਰਹਿਣਾ ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਿਲ ਸੀ। ਬਾਬੂ ਜੀ ਦੇ ਵੱਡੇ ਭਰਾ ਦਾ ਨਾਮ ਬਸੰਤ ਸਿੰਘ ਅਤੇ ਛੋਟੇ ਭਰਾ ਦਾ ਨਾਮ ਭਗਵਾਨ ਸਿੰਘ ਸੀ। ਤਿੰਨਾਂ ਭਰਾਵਾਂ ਤੋਂ ਛੋਟੀ ਇੱਕ ਭੈਣ ਸੀ, ਜਿਸ ਦਾ ਨਾਂ ਹਰਨਾਮ ਕੌਰ ਸੀ। ਮੁੱਢਲੀ ਵਿਦਿਆ ਬਾਬੂ ਜੀ ਨੇ ਆਪਣੇ ਨਗਰ ਤੋਂ ਹੀ ਪ੍ਰਾਪਤ ਕੀਤੀ ਅਤੇ ਆਪਣੇ ਘਰਦਿਆਂ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ। ਉਨ੍ਹਾਂ ਦਾ ਵਿਆਹ ਜਲੰਧਰ ਜ਼ਿਲ੍ਹੇ ਦੇ ਪਿੰਡ ਕੋਟਲੀ ਦੀ ਰਾਅ ਕੌਰ ਨਾਲ ਹੋਇਆ। ਪਰਿਵਾਰ ਦੀ ਆਰਥਿਕਤਾ ਨੂੰ ਚੰਗੇਰੀ ਕਰਨ ਦੇ ਮਕਸਦ ਨਾਲ ਉਹ 18 ਸਾਲ ਦੀ ਉਮਰ ਵਿੱਚ ਰਸਾਲੇ (ਫ਼ੌਜ) ਵਿੱਚ ਭਰਤੀ ਹੋ ਗਏ, ਪਰ ਆਜ਼ਾਦ ਤਬੀਅਤ ਦੇ ਮਾਲਕ ਹੋਣ ਕਰ ਕੇ ਇੱਥੇ ਜ਼ਿਆਦਾ ਦੇਰ ਟਿਕ ਨਾ ਸਕੇ ਅਤੇ ਛੇਤੀ ਹੀ ਅਸਤੀਫ਼ਾ ਦੇ ਕੇ ਘਰ ਵਾਪਸ ਆ ਗਏ।
ਘਰ ਆ ਕੇ ਵੀ ਬਾਬੂ ਜੀ ਦਾ ਮਨ ਨਾ ਲੱਗਾ। ਸੰਨ 1904 ਦੇ ਅਖ਼ੀਰ ’ਚ ਉਹ ਹਾਂਗਕਾਂਗ ਚਲੇ ਗਏ ਅਤੇ ਇੱਥੇ ਤਿੰਨ ਸਾਲ ਇਲੈਕਟ੍ਰਿਕ ਟ੍ਰਾਮ ਕੰਪਨੀ ਵਿੱਚ ਸਟੋਰ ਕੀਪਰ ਵਜੋਂ ਨੌਕਰੀ ਕੀਤੀ। ਇੱਥੇ ਰਹਿੰਦਿਆਂ ਉਨ੍ਹਾਂ ਦਾ ਮੇਲ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਯਾਤਰੀਆਂ ਨਾਲ ਹੁੰਦਾ ਰਹਿੰਦਾ ਸੀ। ਇਨ੍ਹਾਂ ਤੋਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਕੈਨੇਡਾ ਅਮਰੀਕਾ ਵਿੱਚ ਕਮਾਈ ਕਾਫ਼ੀ ਹੈ ਅਤੇ ਮਿਹਨਤ ਦਾ ਸਹੀ ਮੁੱਲ ਪੈਂਦਾ ਹੈ। ਉਨ੍ਹਾਂ ਪੈਸੇ ਦਾ ਬੰਦੋਬਸਤ ਕੀਤਾ ਅਤੇ 31 ਅਗਸਤ 1907 ਨੂੰ ਵਿਕਟੋਰੀਆ ਪਹੁੰਚ ਗਏ। ਉੱਥੇ ਪੁੱਜ ਕੇ ਉਨ੍ਹਾਂ ਪਹਿਲਾਂ ਰੋਜ਼ੀ ਦਾ ਪ੍ਰਬੰਧ ਕੀਤਾ ਅਤੇ ਫੇਰ ਲਿੰਕਨ ਹਾਈ ਸਕੂਲ ਤੇ ਯੂਨੀਵਰਸਿਟੀ ਕਾਲਜ ਸਿਆਟਲ ’ਚ ਪੜ੍ਹਾਈ ਕੀਤੀ।
ਪੜ੍ਹਾਈ ਦੌਰਾਨ ਉਨ੍ਹਾਂ ਦਾ ਮੇਲ ਜੀ ਡੀ ਕੁਮਾਰ ਜਿਹੇ ਸਿਰਕੱਢ ਦੇਸ਼ਭਗਤ ਨਾਲ ਹੋਇਆ। ਇਸ ਸਮੇਂ ਤੱਕ ਆਲੇ-ਦੁਆਲੇ ਦੇ ਮਾਹੌਲ ਦਾ ਚਿੰਤਨ ਕਰ ਕੇ ਉਨ੍ਹਾਂ ਦੇ ਮਨ ਵਿੱਚ ਬਰਤਾਨਵੀ ਹਕੂਮਤ ਖ਼ਿਲਾਫ਼ ਵਿਰੋਧ ਦੀ ਭਾਵਨਾ ਪਨਪ ਚੁੱਕੀ ਸੀ। ਅਸਲ ਗ਼ੁਲਾਮੀ ਦਾ ਅਹਿਸਾਸ ਉਨ੍ਹਾਂ ਨੂੰ ਇੱਧਰ ਆ ਕੇ ਹੀ ਹੋਇਆ। ਪੈਰ-ਪੈਰ ’ਤੇ ਹੁੰਦੇ ਵਿਤਕਰੇ ਨੇ ਉਨ੍ਹਾਂ ਦਾ ਹਿਰਦਾ ਪੱਛ ਸੁੱਟਿਆ। ਇੱਥੋਂ ਹੀ ਉਨ੍ਹਾਂ ਨੇ ਆਪਣੇ ਪਿਤਾ ਨੂੰ ਪੱਤਰ ਲਿਖਿਆ, ‘‘ਪਿਤਾ ਜੀ, ਤੁਸੀਂ ਮੇਰੇ ਕੋਲੋਂ ਹੁਣ ਆਪਣੇ ਕੰਮਾਂ ਅਤੇ ਆਰਥਿਕ ਮਦਦ ਦੀ ਆਸ ਨਾ ਰੱਖਿਓ। ਮੈਂ ਆਪਣੀ ਜਿੰਦ ਦੇਸ਼ ਦੇ ਨਾਂ ਲਿਖ ਦਿੱਤੀ ਹੈ। ਜਦ ਤੱਕ ਮੇਰੇ ਅੰਦਰ ਸਾਹਾਂ ਦੀ ਗਤੀ ਚਲਦੀ ਰਹੇਗੀ, ਮੈਂ ਅੰਗਰੇਜ਼ੀ ਹਕੂਮਤ ਖ਼ਿਲਾਫ਼ ਲੜਦੇ ਹੋਏ ਆਜ਼ਾਦੀ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਾਂਗਾ।’’ ਇਸ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਨਾਲ ਕੋਈ ਵਾਹ-ਵਾਸਤਾ ਨਹੀਂ ਰੱਖਿਆ।
ਜੀ ਡੀ ਕੁਮਾਰ ਨਾਲ ਮਿਲ ਕੇ ਬਾਬੂ ਹਰਨਾਮ ਸਿੰਘ ਨੇ ਜਨਵਰੀ 1910 ਨੂੰ ਆਪਣੀ ਰਿਹਾਇਸ਼ 1632-ਦੂਜਾ, ਐਵੇਨਿਊ ਵੈਸਟ ਫੇਅਰਵਿਊ ਵੈਨਕੂਵਰ ਤੋਂ ‘ਸੁਦੇਸ਼ ਸੇਵਕ’ ਨਾਂ ਦਾ ਪਰਚਾ ਸ਼ੁਰੂ ਕੀਤਾ। ਵਿਦੇਸ਼ੀ ਧਰਤੀ ਉੱਪਰ ਛਪਣ ਵਾਲਾ ਇਹ ਪਹਿਲਾ ਪੰਜਾਬੀ ਪਰਚਾ ਸੀ। ਬਾਬੂ ਜੀ ਇਸ ਪਰਚੇ ਦੇ ਸੰਪਾਦਕ ਵੀ ਸਨ ਤੇ ਸਰਪ੍ਰਸਤ ਵੀ। ਇਸ ਪਰਚੇ ਦੇ ਅੱਠ ਸਫ਼ੇ, ਕੀਮਤ ਦਸ ਸੈਂਟ ਤੇ ਸਾਲ ਦਾ ਚੰਦਾ ਇੱਕ ਡਾਲਰ ਸੀ। ਇਸ ਦੇ ਪਹਿਲੇ ਸਫ਼ੇ ’ਤੇ ਇੱਕ ਉਰਦੂ-ਨੁਮਾ ਸ਼ਿਅਰ ਗੁਰਮੁਖੀ ਲਿਪੀ ਵਿੱਚ ਅੰਕਿਤ ਹੁੰਦਾ ਸੀ:
ਮਰਨਾ ਭਲਾ ਉਸਕਾ ਜੋ ਅਪਨੇ ਲੀਏ ਜੀਏ।
ਜੀਤਾ ਹੈ ਵੋਹ ਜੋ ਮਰ ਚੁਕਾ ਹੈ ਇਨਸਾਨ ਕੇ ਲੀਏ।
ਪਰਚੇ ਵਿੱਚ ਬਾਬੂ ਹਰਨਾਮ ਸਿੰਘ ਬੇਝਿਜਕ ਹੋ ਕੇ ਲਿਖਦੇ ਸਨ ਕਿ ਸਾਨੂੰ ਭਾਰਤੀਆਂ ਨੂੰ ਇੱਥੇ ਖੁੱਲ੍ਹੇ ਤੌਰ ’ਤੇ ਆਉਣ ਦੀ ਇਜਾਜ਼ਤ ਨਹੀਂ ਹੈ। ਜਪਾਨੀਆਂ-ਚੀਨੀਆਂ ਲਈ ਹੋਰ ਕਾਨੂੰਨ ਹਨ ਅਤੇ ਸਾਡੇ ਲਈ ਹੋਰ। ਅਸੀਂ ਹਿੰਦੋਸਤਾਨ ਤੋਂ ਕੈਨੇਡਾ ਸਿੱਧੇ ਨਹੀਂ ਆ ਸਕਦੇ। ਇਸ ਕਰ ਕੇ ਬਰਾਸਤਾ ਹਾਂਗਕਾਂਗ ਆਉਣ ਨਾਲ ਸਾਡਾ ਬਹੁਤ ਸਾਰਾ ਧਨ ਅਤੇ ਸਮਾਂ ਖ਼ਰਾਬ ਹੁੰਦਾ ਹੈ। ਲੋਕਾਂ ਦੇ ਦੁੱਖਾਂ ਦਰਦਾਂ ਨੂੰ ਉਨ੍ਹਾਂ ਨੇ ਆਪਣੇ ਪਰਚੇ ਦਾ ਅੰਗ ਰੱਖਿਆ। ਇਹ ਗੱਲ ਉਨ੍ਹਾਂ ਸ਼ਿੱਦਤ ਨਾਲ ਮਹਿਸੂਸ ਕਰ ਲਈ ਸੀ ਕਿ ਆਪਣੀ ਗੱਲ ਕਹਿਣ ਅਤੇ ਆਪਣੇ ਦੇਸ਼ ਵਾਸੀਆਂ ਨਾਲ ਰਾਬਤਾ ਕਾਇਮ ਕਰਨ ਲਈ ਅਖ਼ਬਾਰ ਕਿੰਨਾ ਜ਼ਰੂਰੀ ਹੈ। ਬਾਬੂ ਜੀ ਆਪਣੀ ਰਿਹਾਇਸ਼ ’ਤੇ ਲੋਕਾਂ ਨੂੰ ਪੜ੍ਹਾਉਣ ਲਈ ਕਲਾਸਾਂ ਲਗਾਉਂਦੇ ਸਨ। ਕਾਰਖਾਨਿਆਂ ਅਤੇ ਹੋਰ ਜਿਨ੍ਹਾਂ ਥਾਵਾਂ ’ਤੇ ਮਜ਼ਦੂਰ ਆਸਾਨੀ ਨਾਲ ਇਕੱਠੇ ਹੋ ਜਾਂਦੇ ਸਨ, ਉਹ ਉੱਥੇ ਜਾ ਕੇ ਉਨ੍ਹਾਂ ਨੂੰ ਲੈਕਚਰ ਦਿੰਦੇ ਅਤੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਸਨ। ਵੱਡੇ-ਵੱਡੇ ਇਕੱਠਾਂ ਵਿੱਚ ਉਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਤੇ ਸਾਫ਼-ਸੁਥਰੇ ਰਹਿਣ ਅਤੇ ਇੱਕਜੁਟ ਹੋਣ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ। ‘ਸੁਦੇਸ਼ ਸੇਵਕ’ ਅਖ਼ਬਾਰ ਵਿੱਚ ਭਾਈ ਬਿਸ਼ਨ ਸਿੰਘ ਦੀ ਕੋਰੜਾ ਛੰਦ ਵਿੱਚ ਛਪੀ ਇੱਕ ਕਵਿਤਾ ਦੀਆਂ ਕੁਝ ਸਤਰਾਂ ਪੜ੍ਹਾਈ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ:
ਸੁਣੋ ਪਿਆਰੇ ਭਾਈ ਕੋਰੜਾ ਮੈਂ ਗਾਂਵਦਾ, ਵਿਦਿਆ ਦਾ ਹਾਲ ਯਾਰੋ ਹਾਂ ਸੁਣਾਂਵਦਾ।
ਆਖ ਕੇ ਸੁਣਾਵਾਂ ਇੱਕ ਗੱਲ ਸੱਜਣੋਂ, ਰੱਖਣਾ ਧਿਆਨ ਇਹਦੇ ਵੱਲ ਸੱਜਣੋਂ।
ਆਖਦਾ ਹੈ ਦਾਸ ਜੋ ਮੁੱਖੋਂ ਪੁਕਾਰ ਕੇ, ਸਿੱਖ ਲਵੋ ਵਿਦਿਆ ਦਲੀਲ ਧਾਰ ਕੇ।
ਗਿਣਤੀ ਵਿਚ ਇੰਡੀਆ ਬੜਾ ਕਹਾ ਗਿਆ, ਵਿਦਿਆ ਦੇ ਵਿੱਚ ਯਾਰੋ ਹਾਰ ਖਾ ਗਿਆ।
ਸੰਨ 1913 ਵਿੱਚ ਬਾਬੂ ਹਰਨਾਮ ਸਿੰਘ ਕੈਨੇਡਾ ਪੁੱਜਣ ਵਿੱਚ ਕਾਮਯਾਬ ਹੋ ਗਏ ਅਤੇ ਵਿਕਟੋਰੀਆ ਆ ਕੇ ਰਹਿਣ ਲੱਗੇ। ਬਾਬੂ ਜੀ ਬਹੁਤ ਪੜ੍ਹੇ ਲਿਖੇ ਸਨ। ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਚੀਨੀ, ਜਪਾਨੀ ਭਾਸ਼ਾਵਾਂ ਦਾ ਖ਼ਾਸਾ ਗਿਆਨ ਸੀ। ਅੰਗਰੇਜ਼ੀ ਤਾਂ ਉਹ ਫਰਾਟੇਦਾਰ ਬੋਲਦੇ ਸਨ। ਜ਼ਿਆਦਾ ਪੜ੍ਹੇ-ਲਿਖੇ ਹੋਣ ਕਰਕੇ ਹੀ ਉਨ੍ਹਾਂ ਦੇ ਨਾਂ ਨਾਲ ਬਾਬੂ ਸ਼ਬਦ ਜੁੜ ਗਿਆ। ਉਹ ਬੋਲਦੇ ਬਹੁਤ ਘੱਟ ਸਗੋਂ ਚੁੱਪ ਰਹਿੰਦੇ ਸਨ, ਪਰ ਮਨ ਵਿੱਚ ਵਿਚਾਰਾਂ ਦੀ ਲੜੀ ਹਮੇਸ਼ਾ ਚਲਦੀ ਰਹਿੰਦੀ ਸੀ। ਨਵੰਬਰ 1913 ਵਿੱਚ ਗ਼ਦਰ ਪਾਰਟੀ ਹੋਂਦ ਵਿੱਚ ਆਈ ਤਾਂ ਉਹ ਉਸ ਦੇ ਸਰਗਰਮ ਮੈਂਬਰ ਬਣ ਗਏ। ‘ਗ਼ਦਰ’ ਅਖ਼ਬਾਰ ਵਿੱਚ ਵੀ ਉਨ੍ਹਾਂ ਦੀਆਂ ਲਿਖਤਾਂ ਛਪਦੀਆਂ ਰਹਿੰਦੀਆਂ ਸਨ। ਅਖ਼ਬਾਰ ਵਿੱਚ ਉਨ੍ਹਾਂ ਅੰਗਰੇਜ਼ ਪ੍ਰਸ਼ਾਸਨ ਦੀਆਂ ਵਧੀਕੀਆਂ ਨੂੰ ਕਾਰਟੂਨ ਬਣਾ ਕੇ ਉਜਾਗਰ ਕੀਤਾ ਸੀ।
ਕੌਮਾ ਗਾਟਾਮਾਰੂ ਦੀ ਘਟਨਾ ਵਾਲੇ ਮੁਸਾਫ਼ਿਰਾਂ ਦੀ ਮਦਦ ਲਈ ਕੈਨੇਡਾ ਵਿੱਚ ਪੰਦਰਾਂ ਮੈਂਬਰੀ ‘ਸ਼ੋਅਰ’ ਕਮੇਟੀ ਬਣੀ। ਬਾਬੂ ਹਰਨਾਮ ਸਿੰਘ ਵੀ ਇਸ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਦੇ ਜ਼ਿੰਮੇ ਮੁਸਾਫ਼ਿਰਾਂ ਨੂੰ ਖਾਣਾ, ਗ਼ਦਰੀ ਸਾਹਿਤ ਅਤੇ ਹਥਿਆਰ ਪਹੁੰਚਾਉਣਾ ਸੀ। ਬਾਬੂ ਹਰਨਾਮ ਸਿੰਘ 16 ਜੁਲਾਈ 1914 ਨੂੰ ਆਪਣੇ ਸਾਥੀਆਂ ਨਾਲ ਸਰਹੱਦ ਪਾਰ ਕਰ ਕੇ ਅਮਰੀਕਾ ਦੇ ਸ਼ਹਿਰ ਸੁਮਾਸ ਚਲੇ ਗਏ, ਪਰ ਬਦਕਿਸਮਤੀ ਨਾਲ ਉਹ ਇੱਥੇ ਆਪਣੇ ਸਾਥੀਆਂ ਭਾਈ ਭਾਗ ਸਿੰਘ, ਬਰਕਤਉੱਲਾ ਅਤੇ ਭਾਈ ਬਲਵੰਤ ਸਿੰਘ ਨਾਲ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਏ ਗਏ। ਬਾਕੀ ਸਾਥੀਆਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ, ਪਰ ਬਾਬੂ ਜੀ ਨੂੰ ਹੋਰ ਕਈ ਕਾਨੂੰਨੀ ਧਾਰਾਵਾਂ ਲਾ ਕੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੌਰਾਨ ਸਤੰਬਰ ਦੇ ਦੂਜੇ ਹਫ਼ਤੇ ਬਾਬੂ ਜੀ ਦੀ ਅਮਰੀਕਾ ਵਿਚਲੀ ਰਿਹਾਇਸ਼ ’ਤੇ ਪੁਲੀਸ ਨੇ ਛਾਪਾ ਮਾਰਿਆ। ਉੱਥੋਂ ਮਿਲੀਆਂ ਚਿੱਠੀਆਂ ਤੋਂ ਪਤਾ ਲਗਦਾ ਸੀ ਕਿ ਉਹ ਬੰਬ ਬਣਾਉਣ ਦੀ ਵੀ ਮੁਹਾਰਤ ਰੱਖਦੇ ਸਨ। ਬਾਬੂ ਜੀ ’ਤੇ ਹੋਰ ਸੰਗੀਨ ਧਾਰਾਵਾਂ ਲਗਾ ਕੇ 26 ਸਤੰਬਰ 1914 ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ। ਡਿਪੋਰਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਜਹਾਜ਼ ਜਪਾਨ ਦੀ ਬੰਦਰਗਾਹ ਯੋਕੋਹਾਮਾ ਪੁੱਜਾ। ਉਹ ਯੋਕੋਹਾਮਾ ਦੀ ਬੰਦਰਗਾਹ ਤੋਂ ਖਿਸਕ ਗਏ। ਉਹ 14 ਅਕਤੂਬਰ 1914 ਤੋਂ 2 ਜਨਵਰੀ 1915 ਤੱਕ ਯੋਕੋਹਾਮਾ ਵਿੱਚ ਹੀ ਰਹੇ। ਇੱਥੇ ਪ੍ਰਸਿੱਧ ਗ਼ਦਰੀ ਯੋਧੇ ਸੋਹਨ ਲਾਲ ਪਾਠਕ ਨੂੰ ਮਿਲੇ ਅਤੇ ਉਸ ਨੂੰ ਮੁੜ ਬੈਂਕਾਕ ਵਿੱਚ ਮਿਲਣ ਦਾ ਵਾਅਦਾ ਲਿਆ। ਜਾਪਾਨ ਵਿੱਚ ਹੀ ਬਾਬੂ ਜੀ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਸ ਕੋਲੋਂ ਅੰਗਰੇਜ਼ਾਂ ਦੇ ਖ਼ਿਲਾਫ਼ ਮਦਦ ਮੰਗੀ। ਇੱਥੇ ਉਨ੍ਹਾਂ ਬਹੁਤ ਸਾਰੇ ਗ਼ਦਰੀਆਂ ਨਾਲ ਮੇਲ ਮਿਲਾਪ ਕੀਤਾ।
ਗ਼ਦਰ ਪਾਰਟੀ ਦੀ ਸਿਆਮ-ਬਰਮਾ ਪਲੈਨ ਦੀ ਜ਼ਿੰਮੇਵਾਰੀ ਬਾਬੂ ਹਰਨਾਮ ਸਿੰਘ, ਸੋਹਨ ਲਾਲ ਪਾਠਕ ਅਤੇ ਸੰਤੋਖ ਸਿੰਘ ਧਰਦਿਓ ਵਰਗੇ ਗ਼ਦਰੀ ਯੋਧਿਆਂ ਦੇ ਹੱਥ ਵਿੱਚ ਸੀ। ਬਾਬੂ ਜੀ ਅਤੇ ਪੰਡਤ ਸੋਹਨ ਲਾਲ ਦੀ ਸਿਦਕਦਿਲੀ ਦੇਖੋ, ਉਨ੍ਹਾਂ ਬਰਮਾ ਜਾ ਕੇ ਗ਼ਦਰ ਕਰਨ ਤੋਂ ਪਹਿਲਾਂ ਉੱਥੇ ਬਹਾਦਰ ਸ਼ਾਹ ਜ਼ਫ਼ਰ ਦੀ ਕਬਰ ਲੱਭੀ ਤੇ ਉਸ ਮੂਹਰੇ ਖੜ੍ਹ ਕੇ ਸਹੁੰ ਖਾਧੀ ਕਿ ਆਪਣੇ ਖ਼ੂਨ ਦੇ ਆਖ਼ਰੀ ਤੁਪਕੇ ਤੱਕ ਉਹ ਹਿੰਦੋਸਤਾਨ ਦੀ ਆਜ਼ਾਦੀ ਲਈ ਜੂਝਣਗੇ।
ਬਰਮਾ ਵਿੱਚ ਉਨ੍ਹਾਂ ਮਿੱਥੇ ਪ੍ਰੋਗਰਾਮ ਤਹਿਤ ਫ਼ੌਜੀ ਬੈਰਕਾਂ ਵਿੱਚ ਫ਼ੌਜੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਲਿਆ। ਥਾਉਂ-ਥਾਈਂ ਆਪਣੇ ਸਾਥੀ ਪਹੁੰਚਾ ਦਿੱਤੇ, ਪਰ ਇਨ੍ਹੀਂ ਦਿਨੀਂ ਬਾਬੂ ਹੋਰਾਂ ਦਾ ਇੱਕ ਸਾਥੀ ਚਾਲੀਆ ਰਾਮ ਗ਼ਦਰੀ ਸਾਹਿਤ ਲੈ ਕੇ ਆਉਂਦਾ ਹੋਇਆ ਫੜਿਆ ਗਿਆ। ਪ੍ਰਸ਼ਾਸਨ ਨੂੰ ਉਨ੍ਹਾਂ ਦੇ ਗੁਪਤ ਮਿਸ਼ਨ ਦੀ ਸੂਹ ਮਿਲ ਗਈ। ਸਾਥੀਆਂ ਦੀ ਫੜੋ-ਫੜੀ ਸ਼ੁਰੂ ਹੋ ਗਈ। ਉਨ੍ਹਾਂ ਨੇ ਬਰਮਾ ਦੀ ਇੱਕ ਬੈਰਕ ’ਤੇ ਕਬਜ਼ਾ ਵੀ ਕਰ ਲਿਆ ਸੀ, ਪਰ ਸਾਥੀਆਂ ਦੀ ਤਾਦਾਦ ਅਤੇ ਲੋੜੀਂਦਾ ਗੋਲੀ ਸਿੱਕਾ ਘੱਟ ਹੋਣ ਕਰਕੇ ਸਫ਼ਲਤਾ ਹੱਥ ਨਾ ਲੱਗੀ।
ਮਾੜਾ ਸਮਾਂ ਭਾਂਪ ਕੇ ਬਾਬੂ ਹਰਨਾਮ ਸਿੰਘ ਨੇ ਆਪਣੇ ਸਾਥੀਆਂ ਨੂੰ ਦੂਰ ਪਰ੍ਹੇ ਲੁਕ-ਛੁਪ ਜਾਣ ਲਈ ਕਹਿ ਦਿੱਤਾ। ਉਹ ਖ਼ੁਦ ਵੀ ਰੰਗੂਨ ਤੋਂ ਤਾਂ ਬਚ ਕੇ ਨਿਕਲ ਗਏ, ਪਰ ਬਰਮਾ ਵਾਲੇ ਪਾਸੇ ਮਾਆਵਡੀ ਦੇ ਕੋਲ ਫੜੇ ਗਏ। ਬਾਬੂ ਜੀ ਨੂੰ ਮੌਲਮੀਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਇਸ ਜੇਲ੍ਹ ਵਿੱਚ ਹੋਰ ਵੀ ਬਹੁਤ ਸਾਰੇ ਗ਼ਦਰੀ ਸਨ। ਬਾਬੂ ਹਰਨਾਮ ਸਿੰਘ 1 ਸਤੰਬਰ 1915 ਨੂੰ ਆਪਣੇ ਦੋ ਸਾਥੀਆਂ ਨਾਲ ਜੇਲ੍ਹ ਦੀਆਂ ਸੀਖਾਂ ਤੋੜ ਕੇ ਭੱਜ ਨਿਕਲੇ। ਮੌਲਮੀਨ ਦਰਿਆ ਕਿਸ਼ਤੀ ਰਾਹੀਂ ਪਾਰ ਕਰਦੇ ਸਮੇਂ ਉਨ੍ਹਾਂ ਨੂੰ ਪੁਲੀਸ ਦਾ ਘੇਰਾ ਪੈ ਗਿਆ। ਪੁਲੀਸ ਨੇ ਗ੍ਰਿਫ਼ਤਾਰ ਕਰ ਕੇ ਮੁੜ ਮੌਲਮੀਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਬਰਮਾ ਵਿੱਚ ਬਾਬੂ ਹਰਨਾਮ ਸਿੰਘ ਸਮੇਤ 17 ਗ਼ਦਰੀਆਂ ’ਤੇ ‘ਫਸਟ ਬਰਮਾ ਕਾਂਸੀਪਿਰੇਸੀ ਕੇਸ’ ਨਾਂ ਦਾ ਮੁਕੱਦਮਾ ਚਲਾਇਆ ਗਿਆ, ਜੋ ਲਾਹੌਰ ਸਾਜ਼ਿਸ਼ ਕੇਸ ਦਾ ਹੀ ਦੂਜਾ ਰੂਪ ਸੀ। ਉਨ੍ਹਾਂ ਉੱਪਰ ਦੋਸ਼ ਲਾਏ ਗਏ ਕਿ ਉਨ੍ਹਾਂ ਨੇ ਬਾਦਸ਼ਾਹ ਸਲਾਮਤ ਦੇ ਉਲਟ ਸਾਜ਼ਿਸ਼ ਘੜ ਕੇ ਫ਼ੌਜਾਂ ਨੂੰ ਬਾਗ਼ੀ ਹੋਣ ਲਈ ਉਕਸਾਇਆ ਹੈ, ਬ੍ਰਿਟਿਸ਼ ਸਰਕਾਰ ਦਾ ਤਖ਼ਤਾ ਪਲਟਾਉਣ ਲਈ ਹਥਿਆਰਾਂ ਦੀ ਵਰਤੋਂ ਕੀਤੀ ਹੈ ਅਤੇ ਬਾਦਸ਼ਾਹ ਸਲਾਮਤ ਦੀ ਆਗਿਆਕਾਰ ਰਿਆਸਤ ਵਿੱਚ ਬੇਦਿਲੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਕੇਸ ਵਿੱਚ 90 ਗਵਾਹੀਆਂ ਭੁਗਤੀਆਂ। ਚਾਰ ਵਿਅਕਤੀਆਂ ਨੂੰ ਪੁਖ਼ਤਾ ਸਬੂਤ ਨਾ ਹੋਣ ਕਾਰਨ ਛੱਡ ਦਿੱਤਾ ਗਿਆ। ਨਵਾਬ ਸਿੰਘ ਅਤੇ ਜੋਧ ਸਿੰਘ ਵਰਗੇ ਗ਼ਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਾਬੂ ਹਰਨਾਮ ਸਿੰਘ ਸਮੇਤ ਸੱਤ ਦੇਸ਼ਭਗਤਾਂ ਨੂੰ ਫਾਂਸੀ ਅਤੇ ਛੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਫ਼ਾਂਸੀ ਦੀ ਸਜ਼ਾ ਸੁਣ ਕੇ ਬਾਬੂ ਹਰਨਾਮ ਸਿੰਘ ਦਾ ਚਿਹਰਾ ਹੋਰ ਦਗਣ ਲੱਗ ਪਿਆ। ਉਹ ਜੇਲ੍ਹ ਵਿੱਚ ਅਕਸਰ ਦੇਸ਼ਭਗਤੀ ਦੇ ਗੀਤ ਗਾਉਂਦੇ ਰਹਿੰਦੇ ਸਨ। ਸਾਹਰੀ ਪਿੰਡ ਦਾ ਇਹ ਮਾਣਮੱਤਾ ਨਾਇਕ ਵਿਦੇਸ਼ੀ ਧਰਤੀ ’ਤੇ ਸੁਤੰਤਰਤਾ ਦੀ ਜੰਗ ਲੜਦਿਆਂ 14 ਨਵੰਬਰ 1916 ਨੂੰ ਫਾਂਸੀ ਦਾ ਰੱਸਾ ਚੁੰਮ ਕੇ ਸ਼ਹਾਦਤ ਦਾ ਜਾਮ ਪੀ ਗਿਆ ਅਤੇ ਮਿੱਟੀ ਵਿੱਚ ਰਮ ਕੇ ਲੋਕ ਨਾਇਕ ਬਣ ਗਿਆ।
ਸੰਪਰਕ: 98158-25999

