ਮਾਂ ਬੋਲੀ
ਮਾਂ ਬੋਲੀ ਲਈ ਜਦ ਵੀ ਮਨ ’ਚ ਵਿਚਾਰ ਆਉਂਦਾ ਏ ਤਾਂ ਸੱਚ ਦੱਸਾਂ ਦਿਲੋਂ ਸਤਿਕਾਰ ਆਉਂਦਾ ਏ, ਬਚਪਨ ਵਿੱਚ ਜਦੋਂ ਬੱਚਾ ਮਾਂ-ਮਾਂ ਬੋਲਦਾ ਦਿਲ ਵਿੱਚ ਲੁਕੇ ਭਾਵ ਪੰਜਾਬੀ ਵਿੱਚ ਖੋਲ੍ਹਦਾ, ਪੰਜਾਬੀ ਹੀ ਪੰਜਾਬ ਦੀ ਅਸਲ ਪਛਾਣ ਜੀ ਪੰਜਾਬੀ ਹੀ ਨਾ...
ਮਾਂ ਬੋਲੀ ਲਈ ਜਦ ਵੀ ਮਨ ’ਚ ਵਿਚਾਰ ਆਉਂਦਾ ਏ
ਤਾਂ ਸੱਚ ਦੱਸਾਂ ਦਿਲੋਂ ਸਤਿਕਾਰ ਆਉਂਦਾ ਏ,
ਬਚਪਨ ਵਿੱਚ ਜਦੋਂ ਬੱਚਾ ਮਾਂ-ਮਾਂ ਬੋਲਦਾ
ਦਿਲ ਵਿੱਚ ਲੁਕੇ ਭਾਵ ਪੰਜਾਬੀ ਵਿੱਚ ਖੋਲ੍ਹਦਾ,
ਪੰਜਾਬੀ ਹੀ ਪੰਜਾਬ ਦੀ ਅਸਲ ਪਛਾਣ ਜੀ
ਪੰਜਾਬੀ ਹੀ ਨਾ ਮੰਨਦੇ ਇਹਨੂੰ ਗੱਲ ਕੋਈ ਮਾਣ ਦੀ,
ਊੜਾ ਐੜਾ ਈੜੀ ਬੱਚੇ ਪੜ੍ਹਨ ਤੋਂ ਸੰਗਦੇ
ਪੰਜਾਬੀ ਦੀ ਵੀ ਕਿਤਾਬ ਅੰਗਰੇਜ਼ੀ ਵਿੱਚ ਮੰਗਦੇ,
ਪੈਂਤੀ ਦੇ ਅੱਖਰਾਂ ਨੂੰ ਗਲ਼ ਨਾਲ ਲਗਾ ਲਓ
ਸਿਹਾਰੀਆਂ ਬਿਹਾਰੀਆਂ ਨੂੰ ਆਪਣਾ ਬਣਾ ਲਓ,
ਜਨਵਰੀ ਫਰਵਰੀ ਨਾਲੋਂ ਪੋਹ ਮਾਘ ਕਹਿਣਾ ਚੰਗਾ ਏ
ਜਿੰਨਾ ਹੋ ਸਕੇ ਪੰਜਾਬੀ ਨਾਲ ਜੁੜੇ ਰਹਿਣਾ ਚੰਗਾ ਏ,
ਹਰ ਇੱਕ ਬੱਚੇ ਨੂੰ ਪਾਠ ਪੰਜਾਬੀ ਦਾ ਪੜ੍ਹਾਓ
ਇੱਕ-ਇੱਕ ਕਰ ਕੇ ਪੌੜੀ ਪੈਂਤੀ ਦੀ ਚੜ੍ਹਾਓ,
ਹਰ ਇੱਕ ਦੇਸ਼ ਦੀ ਪਛਾਣ ਮਾਂ ਬੋਲੀ ਹੀ ਕਰਾਉਂਦੀ ਏ
ਜਿਹੜੀ ਹਰ ਪੱਖ ’ਚ ਮਾਂ ਦਾ ਰਿਸ਼ਤਾ ਨਿਭਾਉਂਦੀ ਏ,
ਪੰਜਾਬੀ ਦੇ ਮਿੱਠੇ ਸਵਰਾਂ ਨੂੰ ਵਲੈਤ ਨੇ ਖਾ ਲਿਆ
ਅੰਗਰੇਜ਼ੀ ਨੂੰ ਹੀ ਸਭ ਨੇ ਮਾਤ-ਭਾਸ਼ਾ ਬਣਾ ਲਿਆ,
ਪੰਜਾਬੀਓ ਪੰਜਾਬੀ ਨੂੰ ਤੁਸੀਂ ਹੀ ਜੇ ਭੁੱਲ ਗਏ
ਸਮਝਲੋ ਮਾਂ ਬੋਲੀ ਦੇ ਹਸੀਨ ਦਿਨ ਰੁਲ ਗਏ,
ਫੁੱਲਾਂ ਵਰਗੇ ਨੇ ਬੋਲ ਮਾਂ ਬੋਲੀ ਦੇ ਪਿਆਰੇ
ਆਓ ਕਰੀਏ ਸੰਭਾਲ ਰਲ ਮਿਲ ਅਸੀਂ ਸਾਰੇ,
ਦੀਪਕ’ ਨੂੰ ਮਾਣ ਮਾਂ ਬੋਲੀ ਉੱਤੇ ਬੜਾ ਏ
ਅੱਧਕਾਂ ਤੇ ਟਿੱਪੀਆਂ ਨਾਲ ਮੋਢਾ ਜੋੜ ਖੜ੍ਹਾ ਏ।
ਸੰਪਰਕ: 90411-80165s

