ਮਿੰਦਰ: ਸ਼ਾਇਦ ਮੈਂ ਵਾਪਿਸ ਚਲਾ ਜਾਵਾਂ...
ਪੰਜਾਬੀ ਕਵੀ ਮਿੰਦਰ ਬੀਤੇ ਦਿਨੀਂ ਸਦਾ ਲਈ ਵਿਛੋੜਾ ਦੇ ਗਿਆ। ਦੇਹਾਂਤ ਭਾਵ ਦੇਹ ਦਾ ਅੰਤ। ਲੇਖਕਾਂ/ਕਲਾਕਾਰਾਂ ’ਤੇ ਇਹ ਗੱਲ ਪੂਰੀ ਢੁੱਕਦੀ ਹੈ। ਇਨ੍ਹਾਂ ਦੀ ਸਿਰਫ਼ ਦੇਹ ਦਾ ਅੰਤ ਹੁੰਦਾ ਹੈ, ਇਹ ਖ਼ੁਦ ਤਾਂ ਆਪਣੀ ਰਚਨਾ ਵਿੱਚ ਮੁੜ ਜਨਮ ਲੈ ਲੈਂਦੇ...
ਪੰਜਾਬੀ ਕਵੀ ਮਿੰਦਰ ਬੀਤੇ ਦਿਨੀਂ ਸਦਾ ਲਈ ਵਿਛੋੜਾ ਦੇ ਗਿਆ। ਦੇਹਾਂਤ ਭਾਵ ਦੇਹ ਦਾ ਅੰਤ। ਲੇਖਕਾਂ/ਕਲਾਕਾਰਾਂ ’ਤੇ ਇਹ ਗੱਲ ਪੂਰੀ ਢੁੱਕਦੀ ਹੈ। ਇਨ੍ਹਾਂ ਦੀ ਸਿਰਫ਼ ਦੇਹ ਦਾ ਅੰਤ ਹੁੰਦਾ ਹੈ, ਇਹ ਖ਼ੁਦ ਤਾਂ ਆਪਣੀ ਰਚਨਾ ਵਿੱਚ ਮੁੜ ਜਨਮ ਲੈ ਲੈਂਦੇ ਨੇ। ਮਿੰਦਰ ਹੁਣ ਆਪ ਕਵਿਤਾ ਬਣ ਗਿਆ ਹੈ। ਇਸ ਮੌਤ ਬਾਰੇ ਮਿੰਦਰ ਆਪਣੀ ਕਵਿਤਾ ‘ਸ਼ਾਇਦ ਮੈਂ ਵਾਪਿਸ ਚਲਾ ਜਾਵਾਂ’ ਦੇ ਅੰਤ ’ਚ ਲਿਖਦਾ ਹੈ, ‘ਮੇਰੀ ਮੌਤ ਦਾ ਕੋਈ ਸਿੰਬਲ ਨਹੀਂ, ਨਾ ਕੋਈ ਮੈਟਾਫ਼ਰ, ਨਾ ਕੋਈ ਸਿਧਾਂਤ। ਮਰਨਾ, ਮੌਤ ਨਹੀਂ ਹੁੰਦੀ। ਸਗੋਂ ਅੱਖਾਂ ਮੀਟਣ ਅਤੇ ਅੱਖਾਂ ਖੋਲ੍ਹਣ ਵਿਚਲੀ ਕਿਰਿਆ ਹੁੰਦੀ ਹੈ। ਮੇਰੇ ਵਿਚਕਾਰੋਂ ਇੱਕ ਸੰਸਾਰ ਨਿਕਲ ਗਿਆ ਹੈ। ਸੰਸਾਰ ਤੋਂ ਛੋਟੀ ਚੀਜ਼ ਕੋਈ ਨਹੀਂ।’ ਇਹ ਇਨਕਾਰ ਆਪਣੇ ਆਪ ਵਿੱਚ ਬਹੁਤ ਅਰਥਪੂਰਣ ਹੈ ਕਿਉਂਕਿ ਆਮ ਤੌਰ ’ਤੇ ਮੌਤ ਨੂੰ ਸਮਝਣ ਲਈ ਮਨੁੱਖ ਰੂਪਕਾਂ ਅਤੇ ਪ੍ਰਤੀਕਾਂ ਦਾ ਸਹਾਰਾ ਲੈਂਦਾ ਹੈ। ਇੱਥੇ ਲੇਖਕ ਦੱਸਦਾ ਹੈ ਕਿ ਕੁਝ ਅਨੁਭਵ ਇੰਨੇ ਨਿੱਜੀ ਅਤੇ ਤਿੱਖੇ ਹੁੰਦੇ ਨੇ ਕਿ ਉਹ ਕਿਸੇ ਭਾਸ਼ਾ ਵਿੱਚ ਬੰਨ੍ਹੇ ਨਹੀਂ ਹੋ ਸਕਦੇ। ਅੱਖਾਂ ਮੀਟਣ ਅਤੇ ਖੋਲ੍ਹਣ ਦੇ ਵਿਚਕਾਰ ਦਾ ਖਾਲੀ ਪਲ ਮਨੁੱਖੀ ਚੇਤਨਾ, ਯਾਦ ਅਤੇ ਅਸਤਿਤਵ ਦੀ ਛਿਣ-ਭੰਗਰਤਾ ਵੱਲ ਇਸ਼ਾਰਾ ਹੈ। ਇਹ ਵਿਚਾਰ ਆਪਣੀ ਹੋਂਦ ਨਾਲ ਜੁੜਿਆ ਹੋਇਆ ਹੈ, ਜਿੱਥੇ ਮੌਤ ਸਰੀਰਕ ਘਟਨਾ ਤੋਂ ਵੱਧ ਅੰਦਰੂਨੀ ਅਹਿਸਾਸ ਬਣ ਜਾਂਦੀ ਹੈ। ਇਸ ਤਰ੍ਹਾਂ ਦੀ ਵੱਖਰੀ ਸ਼ੈਲੀ ਵਾਲੇ ਕਵੀ ਦੀ ਇੱਕ ਹੋਰ ਕਵਿਤਾ ਦੀਆਂ ਦੋ ਸਤਰਾਂ ਯਾਦ ਆਉਂਦੀਆਂ ਨੇ: “ਕਵਿਤਾ- ਕਿਸੇ ਅਦ੍ਰਿਸ਼ ਯਾਤਰਾ ਉਪਰ ਨਿਕਲੀ ਕਵਿਤਰੀ ਹੀ ਹੈ।” ਸੋ ਅਸੀਂ ਹੁਣ ਇਹਦੀ ਅਦ੍ਰਿਸ਼ ਯਾਤਰਾ ਦਾ ਮਗਰਾ ਕਰਨਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਿੰਦਰ ਆਪਣੀ ਅੱਸੀ ਸਾਲਾਂ ਦੀ ਉਮਰ ਤੱਕ ਬੇਕਿਤਾਬਾ ਕਵੀ ਹੀ ਰਿਹਾ। ਇਹ ਤਾਂ ਸ਼ਿਵਦੀਪ ਤੇ ਤਨਵੀਰ ਦੇ ਉੱਦਮ ਕਰ ਕੇ ਉਹਦੀ ਚੋਣਵੀਂ ਕਵਿਤਾ ‘ਸ਼ਾਇਦ ਮੈਂ ਹਰ ਥਾਂ ਹਾਜ਼ਰ ਨਾ ਹੋ ਸਕਾਂ’ ਪ੍ਰਕਾਸ਼ਿਤ ਹੋ ਗਈ ਤੇ ਉਹ ਹਰ ਥਾਂ ਹਾਜ਼ਰ ਹੋ ਗਿਆ। ਪਿਛਲੇ ਵਰ੍ਹੇ ਉੁਸ ਦੀ ਸਾਰੀ ਕਵਿਤਾ ‘ਮਿੰਦਰ’ ਨਾਂ ਹੇਠ ਸਾਹਮਣੇ ਆਈ ਤੇ ਬਸ..., ਕਈ ਦਿਨਾਂ ਤੋਂ ਇਹ ਕਿਤਾਬ ਮੇਰੇ ਨਾਲ਼-ਨਾਲ਼ ਹੈ। ਸਰਵਰਕ ’ਤੇ ਉਸ ਦੀ ਆਪਣੀ ਹੀ ਫੋਟੋ ਹੈ। ਇਹਨੂੰ ਕਵਿਤਾ ਵਾਂਗ ਹੀ ਵੇਖ ਸਕਦੇ ਹੋ। ਕਵਿਤਾਵਾਂ ਪੜ੍ਹਦਿਆਂ ਮੈਂ ਕਈ ਵਾਰ ਟਾਈਟਲ ’ਤੇ ਮੁੜ ਆਉਂਦਾ ਹਾਂ। ਕਿੰਨਾ-ਕਿੰਨਾ ਚਿਰ ਇਹਨੂੰ ਵੇਖਦਾ ਹਾਂ। ਫੋਟੋਕਾਰ ਦੇਵ ਇੰਦਰ ਦਾ ਕਮਾਲ ਹੈ ਕਿ ਉਹ ਧੜਕ ਰਹੀ ਹੈ, ਜਿਊਂਦਿਆਂ ਤੋਂ ਵੱਧ ਜਿਊਂਦੀ ਹੈ। ਮੈਂ ਆਪਣੇ ਸੱਜੇ ਹੱਥ ਦਾ ਅੰਗੂਠਾ ਉਸੇ ਥਾਂ ਆਪਣੇ ਬੁੱਲ੍ਹਾਂ ’ਤੇ ਰੱਖਦਾ ਹਾਂ। ਮਿੰਦਰ ਆਖਦਾ ਹੈ:
ਇੱਕ ਦਿਨ ਸੋਨੇ ਦੇ ਹਿਰਨ ’ਚ ਖੁੱਭੀ ਸੱਭਿਅਤਾ ਨੇ ਮੰਦਿਰ ਲੱਭ ਲਿਆ
ਠੋਕਣੀ ਚਾਹੀ ਚਮਕਦੀ ਮੇਖ ਮੇਰੀ ਪੋਲੀ ਲੱਕੜ ਅੰਦਰ
ਤਾਂ ਮੈਂ ਗ਼ੈਰਹਾਜ਼ਰ ਹੋ ਗਿਆ
ਪਰ ਮੈਂ ਹੁਣ ਵੀ ਓਥੇ ਹੀ ਹਾਂ
ਕਿਸ਼ਤੀ ਦੇ ਪੈਰਾਂ ’ਚ
ਜਿੱਥੇ ਮੇਰਾ ਜਨਮ ਹੋਇਆ ਸੀ, ਜਿੱਥੇ ਮੇਰਾ ਆਰੰਭ ਹੈ
ਜਿੱਥੇ ਮੇਰਾ ਅੰਤ ਹੈ
ਉਕਤ ਸਤਰਾਂ ਮਿੰਦਰ ਦੀ ਪਹਿਲੀ ਕਵਿਤਾ ‘ਮੈਨੂੰ ਪਿਕਾਸੋ ਦੀਆਂ ਲਕੀਰਾਂ ਨੇ ਰੋਕ ਲਿਆ’ ਦੀਆਂ ਨੇ। ਮਨੁੱਖ ‘ਪੋਲੀ ਲੱਕੜ’ ਵਾਂਗ ਨਰਮ ਤੇ ਸੰਵੇਦਨਸ਼ੀਲ ਹੈ, ਜਿਸ ਵਿੱਚ ਸੱਭਿਆਚਾਰ ਦੀ ਮੇਖ ਠੋਕੀ ਜਾਣ ਨਾਲ ਉਸ ਦੀ ਅਸਲੀ ਹਸਤੀ ਗੁੰਮ ਹੋ ਜਾਂਦੀ ਹੈ ਪਰ ਆਖ਼ਰ ਇਹ ਸਮਝ ਆਉਂਦੀ ਹੈ ਕਿ ਗ਼ੈਰਹਾਜ਼ਰੀ ਦੇ ਬਾਵਜੂਦ ਉਹ ਆਪਣੇ ਮੂਲ ਤੋਂ ਵੱਖਰਾ ਨਹੀਂ ਹੋਇਆ। ‘ਕਿਸ਼ਤੀ ਦੇ ਪੈਰਾਂ ’ਚ ਜਨਮ ਹੋਣਾ’ ਆਰੰਭ ਅਤੇ ਅੰਤ ਦੇ ਇਕੱਠੇ ਹੋਣ ਦਾ ਦਾਰਸ਼ਨਿਕ ਸੰਕੇਤ ਹੈ। ਇਹ ਸਤਰਾਂ ਅਸਤਿਤਵ ਦੀ ਯਾਤਰਾ ਅਤੇ ਮਨੁੱਖ ਦੇ ਆਪਣੇ ਮੂਲ ਨਾਲ ਅਟੁੱਟ ਸੰਬੰਧ ਨੂੰ ਪ੍ਰਗਟ ਕਰਦੀਆਂ ਨੇ।
ਮਿੰਦਰ ਬਾਰੇ ਇੰਟਰਨੈੱਟ ’ਤੇ ਕੁਝ ਲੱਭਣ ਲੱਗੋ ਤਾਂ ਕੁਝ ਨਹੀਂ ਲੱਭਦਾ। ਲੱਭੂ ਵੀ ਕਿਵੇਂ? ਇਹਦੇ ਲਈ ਤੁਹਾਨੂੰ ਥਾਂ ਥਾਂ ’ਤੇ ਛਪਣਾ ਪਊ, ਦਿਸਣਾ ਪਊ, ਕਵੀ ਦਰਬਾਰਾਂ ਵਿੱਚ ਹਾਜ਼ਰ ਹੋਣਾ ਪਊ। ਪਰ ਮਿੰਦਰ ਤਾਂ ਕਹਿੰਦਾ ਸੀ ਕਿ ਕਵੀ ਦਰਬਾਰ ਹੋਣੇ ਹੀ ਨਹੀਂ ਚਾਹੀਦੇ, ਕਵਿਤਾ ਹੋਵੇ ਤੇ ਕਵਿਤਾ ਬਾਰੇ ਗੱਲਬਾਤ। ‘ਨਾਗਮਣੀ’ ਤੋਂ ਬਿਨਾਂ ਛਪਿਆ ਵੀ ਨਾਂ-ਮਾਤਰ ਹੈ। ਮਿੰਦਰ ਖ਼ੁਦ ਕਵਿਤਾ ਸੀ ਤੇ ਕਵਿਤਾ ਨਾਲ ਹੀ ਸਾਰੀ ਉਮਰ ਰਿਹਾ ਹੈ ਕਿਉਂਕਿ ਕਵਿਤਾ ਇਹਦੇ ਅੰਦਰ ਘਰ ਕਰ ਗਈ ਸੀ। ਦਸਵੀਂ ਤੱਕ ਪੜ੍ਹਦਿਆਂ ਦੁਨੀਆ ਭਰ ਦੇ ਸਾਹਿਤ ਦੀਆਂ ਪੰਜ ਛੇ ਸੌ ਕਿਤਾਬਾਂ ਆਪਣੇ ਪਿੰਡ ਵਿੱਚ ਬਣੀ ਟੈਗੋਰ ਲਾਇਬਰੇਰੀ ਵਿੱਚੋਂ ਪੜ੍ਹ ਗਿਆ ਸੀ। ਇਹ ਉਹਦਾ ਆਧਾਰ ਸੀ ਕਿ ਕਵਿਤਾ ਉਸ ਤੋਂ ਛੱਡੀ ਨਹੀਂ ਗਈ। ਇੱਥੋਂ ਇਹ ਵੀ ਸਮਝ ਆਉਂਦੀ ਹੈ ਕਿ ਪੜ੍ਹਨਾ ਕਿੰਨਾ ਜ਼ਰੂਰੀ ਹੈ। ਲਿਖਣਾ, ਛਪਣ ਤੋਂ ਕਿਤੇ ਵੱਧ ਜ਼ਰੂਰੀ। ਨਵੀਂ ਕਵਿਤਾ ਲਈ ਮਿੰਦਰ ‘ਕੇਂਦਰ’ ਨਾਂ ਦਾ ਰਸਾਲਾ ਵੀ ਕੱਢਦਾ ਰਿਹਾ ਹੈ।
ਮਿੰਦਰ ਲੇਖਕ ਕਿਵੇਂ ਬਣਿਆ? ਉਸ ਨੇ ਇੱਕ ਮੁਲਾਕਾਤ ਵਿੱਚ ਦੱਸਿਆ, ‘‘ਸ਼ਾਇਦ ਮੈਂ ਲੇਖਕ ਨਾ ਹੀ ਬਣਦਾ, ਜਾਂ ਲਿਖਦਾ ਈ ਨਾ ਜੇ ਅੰਮ੍ਰਿਤਾ ਓਨ ਨਾ ਕਰਦੀ। ‘ਨਾਗਮਣੀ’ ’ਚ ਮੇਰੇ ਨਾਟਕ, ਕਵਿਤਾਵਾਂ ਛਪਦੀਆਂ ਰਹੀਆਂ, ਹਾਲਾਂਕਿ ਇਹਦਾ ਕੋਈ ਰਿਕਾਰਡ ਜਾਂ ਅੰਕ ਮੇਰੇ ਕੋਲ ਨਹੀਂ। ਕਈ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਵੀ, ‘ਮਿੰਦਰ ਨੂੰ ਛਾਪ ਕੇ ਤੁਸੀਂ ਆਹ ਪੰਜ-ਸੱਤ ਸਫ਼ੇ ਖਰਾਬ ਕਿਉਂ ਕਰਦੇ ਹੋ?’ ਤਾਂ ਉਨ੍ਹਾਂ ਕਹਿਣਾ, ‘ਤੁਸੀਂ ਇਹ ਪੰਜ-ਸੱਤ ਸਫ਼ੇ ਨਾ ਪੜ੍ਹਿਆ ਕਰੋ।’ ਮਤਲਬ ਉਨ੍ਹਾਂ (ਅੰਮ੍ਰਿਤਾ) ਨੇ ਮੇਰੇ ਸਾਰੇ ਐਕਸਪੈਰੀਮੈਂਟਸ ਨੂੰ ‘ਨਾਗਮਣੀ’ ’ਚ ਛਾਪਿਆ। ਇੱਕ ਗੱਲ ਇਹ ਵੀ ਹੋ ਗਈ ‘ਨਾਗਮਣੀ’ ਖ਼ਤਮ ਹੋ ਗਈ, ਸਭ ਨਾਲ ਹੀ ਚਲਾ ਗਿਆ। ਅੱਗੇ ਉਨ੍ਹਾਂ ਚਿੱਠੀ ਲਿਖਣੀ, ‘ਮਿੰਦਰ ਇਨ੍ਹਾਂ ਦਿਨਾਂ ’ਚ ਜੋ ਨਵਾਂ ਪੰਜ-ਸੱਤ ਸਫ਼ਿਆਂ ਦਾ ਐਕਸਪੈਰੀਮੈਂਟ ਕੀਤਾ ਭੇਜ।’ ਮੈਂ ਭੇਜ ਦੇਣਾ।’’
ਮਿੰਦਰ ਉਹ ਕਵੀ ਹੈ, ਜਿਸ ਦੀਆਂ ਕਵਿਤਾਵਾਂ ਵਿੱਚ ਹੈਰਾਨ ਕਰਨ ਵਾਲੀ ਪ੍ਰਸੰਗਿਕਤਾ ਹੈ। ਇਹ ਕਵਿਤਾ ਮਨੁੱਖੀ ਜ਼ਿੰਦਗੀ ਦੇ ਬੜੇ ਬਾਰੀਕ ਮਸਲਿਆਂ ਅਤੇ ਸੁਆਲਾਂ ਨਾਲ਼ ਉਲਝਦੀ ਤੇ ਸੁਲਝਦੀ ਹੈ। ਮੈਨੂੰ ਇਹਦੀ ਹਰ ਕਵਿਤਾ ਏਸੇ ਲਈ ਆਪਣੀ ਲਗਦੀ ਹੈ ਕਿ ਇਹਦੀ ਹਰ ਸਤਰ ਉਹੋ ਜਿਹੀ ਹੁੰਦੀ ਹੈ, ਜਿਹੋ ਜਿਹੀ ਮੈਂ ਇਸ ਤੋਂ ਪਹਿਲਾਂ ਕਦੇ ਸੁਣੀ/ਸੋਚੀ ਨਹੀਂ ਹੁੰਦੀ। ਮੇਰੇ ਲਈ ਚੰਗੀ ਕਵਿਤਾ ਦੀ ਇਹੋ ਕਸਵੱਟੀ ਹੈ ਕਿ ਉਹ ਮੈਨੂੰ ਅਜਿਹੇ ਸੰਸਾਰ ਵਿੱਚ ਲੈ ਜਾਵੇ ਜਿੱਥੇ ਜਾਣ ਬਾਰੇ ਮੈਂ ਸੋਚਿਆ ਵੀ ਨਹੀਂ ਹੁੰਦਾ। ਜਿਹੜੀ ਗੱਲ ਦਾ ਮੈਨੂੰ ਪਹਿਲਾਂ ਹੀ ਪਤਾ ਹੈ ਜੇਕਰ ਲੇਖਕ ਵੀ ਉਹੀ ਦੱਸਦਾ ਹੈ ਫੇਰ ਉਹ ਕਾਹਦਾ ਲੇਖਕ ਹੈ। ਅਜਿਹੇ ਕਵੀਆਂ ਦੀ ਭਰਮਾਰ ਹੈ, ਇਸੇ ਲਈ ਮਿੰਦਰ ਵੱਖਰਾ ਹੈ ਤੇ ਮੈਨੂੰ ਭਾਉਂਦਾ ਹੈ।
ਜਿਨ੍ਹਾਂ ਨੂੰ ਤੁਸੀਂ ਸ਼ਬਦ ਕਹਿੰਦੇ ਹੋ,
ਜਿਨ੍ਹਾਂ ਨੂੰ ਤੁਸੀਂ ਸ਼ਬਦ ਪੜ੍ਹਦੇ ਹੋ
ਉਹ ਸ਼ਬਦ ਨਹੀਂ ਹਨ
ਮਿੰਦਰ ਦੀ ਹਰ ਸਤਰ ਕਿਤਾਬ ਦਾ ਸਿਰਲੇਖ ਹੋ ਸਕਦੀ ਹੈ ਸਗੋਂ ਹਰ ਸਿਰਲੇਖ ਇੱਕ ਕਵਿਤਾ। ਕਵਿਤਾਵਾਂ ਦੇ ਨਾਂ ਦੇਖੋ: ਕਿਸ਼ਤੀ ਦੇ ਸੁਰਾਖ਼ ਅੰਦਰ ਬਿਰਖ, ਰੱਬ ਦੇ ਟਾਇਰਾਂ ਵਿੱਚੋਂ ਨਿਕਲਦੀ ਫੂਕ, ਗ਼ਲਤ ਹੋਣ ’ਚ ਗ਼ਲਤੀ ਕੀ ਹੈ, ਆਦਮੀ ਰਹਿਤ ਆਦਮੀ, ਜ਼ਰੂਰਤ ਤੋਂ ਵੱਧ ਗੁਲਾਬੀ ਰੰਗ, ਅੰਬਰ ਬਦਲਣ ਬਾਰੇ ਕੀ ਰਾਇ ਹੈ। ਇਹ ਇੱਕ-ਸਤਰੀ ਕਵਿਤਾਵਾਂ ਹੀ ਨੇ। ਅਰਜਨਟੀਨਾ ਦੇ ਕਵੀ ਅੰਤੋਨੀਓ ਪੋਰਚੀਆ ਦੀ ਯਾਦ ਆਉਂਦੀ ਹੈ। ਉਹਦੀਆਂ ਇੱਕ ਸਤਰੀ ਕਵਿਤਾਵਾਂ ਅਜਿਹੀਆਂ ਆਵਾਜ਼ਾਂ ਨੇ। ਕਵਿਤਾ ‘ਮੇਰਾ ਜ਼ਿੰਦਾ ਰਹਿਣਾ ਜਾਰੀ ਹੈ’ ਜਿਹੀਆਂ ਸਤਰਾਂ ਨਾਲ਼ ਮੈਂ ਆਪ ਸਭ ਨੂੰ ਮਿੰਦਰ ਦੀ ਕਵਿਤਾ ਨੂੰ ਪੜ੍ਹਨ, ਗੁੜ੍ਹਨ, ਮਾਨਣ, ਸਮਝਣ ਤੇ ਭੁੱਲ ਜਾਣ ਲਈ ਆਖਦਾ ਹਾਂ।
ਬਹੁਤ ਸਾਰੇ ਜੀਵਾਂ ਵਾਂਗ
ਮੈਂ ਵੀ ਸ਼ਾਮਿਲ ਹਾਂ ਸਮੇਂ ਦੀ ਪਿਲੱਤਣ ’ਚ ਜਿਊਣ ਲਈ
ਆਵਾਗਵਣ ਜਦੋਂ ਮੈਦਾਨ ’ਚ ਫੈਲ ਜਾਂਦਾ
ਤਾਂ ਪਤਾ ਨਹੀਂ ਚਲਦਾ ਕਿ
ਕੌਣ ਡੁੱਬ ਰਿਹਾ
ਕੌਣ ਉੱਡ ਰਿਹਾ
ਪਰ ਬਿੱਗ ਬੈਂਗ ਵਾਪਰਨ ਸਮੇਂ ਵੀ,
ਮੇਰਾ ਜ਼ਿੰਦਾ ਰਹਿਣਾ ਜਾਰੀ ਰਹਿੰਦਾ ਹੈ।
ਮਿੰਦਰ ਆਨੰਦਪੁਰ ਸਾਹਿਬ ਦੇ ਵਾਸੀ ਸਨ, ਜਿਨ੍ਹਾਂ ਨੂੰ ਪ੍ਰੋ. ਮਹਿੰਦਰ ਸਿੰਘ ਬਾਗ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਹ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦੇ ਰਹੇ ਤੇ 2003 ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ। ਪੰਜਾਬੀ ਕਵੀ ਹਰਨਾਮ, ਸਤੀ ਕੁਮਾਰ, ਸੋਹਣ ਕਾਦਰੀ, ਦੇਵ ਅਤੇ ਦੇਵਨੀਤ ਵਾਂਗ ਮਿੰਦਰ ਦੇ ਨਾਂ ’ਤੇ ਵੀ ਕੋਈ ਮੇਲਾ ਨਹੀਂ ਲੱਗਣਾ, ਨਾ ਹੀ ਕੋਈ ਐਵਾਰਡ ਸਥਾਪਿਤ ਹੋਣਾ ਹੈ ਤੇ ਨਾ ਹੀ ਕਿਸੇ ਯੂਨੀਵਰਸਿਟੀ ਵਿੱਚ ਚੇਅਰ ਬਣਨੀ ਹੈ। ਮਿੰਦਰ ਤੋਂ ਬਾਅਦ ਜੇ ਕੁਝ ਬਚਣਾ ਹੈ ਤਾਂ ਇਹ ਹੈ ਇਹਦੀ ਕਵਿਤਾ। ਇਹਦੀ ਕਵਿਤਾ ਨੂੰ ਪੜ੍ਹਿਆ ਜਾਣਾ ਹੀ ਕਵਿਤਾ ਦਾ ਸਤਿਕਾਰ ਹੈ। ਅਖੀਰ ਉਸ ਦੀ ਕਵਿਤਾ ‘ਧਰੂ ਤਾਰੇ ਦੀ ਫੋਟੋ’ ਦੀਆਂ ਆਖ਼ਰੀ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ:
ਅਸੀਂ ਜੋ ਮਰ ਚੁੱਕੇ ਬ੍ਰਹਿਮੰਡ ਨੂੰ ਨਜ਼ਰਅੰਦਾਜ਼ ਕਰਕੇ
ਫਰਜ਼ੀ ਸਿਤਾਰਿਆਂ ਦੀ ਭਾਲ ’ਚ ਜੀਅ ਰਹੇ ਹਾਂ
ਧਰਤੀ ਉਪਰ ਰਹਿਣ ਦੇ ਵੀ ਕਾਬਿਲ ਨਹੀਂ ਹਾਂ
ਇਸ ਤੋਂ ਪਹਿਲਾਂ ਕਿ ਮਨੁੱਖ ਹਮਕ ਮਾਰਨ ਲੱਗੇ
ਮਸ਼ੀਨਾਂ ਨੂੰ ਕਹੋ ਕਿ ਜੇਕਰ ਸੰਭਵ ਹੈ ਤਾਂ ਆਓ
ਮਨੁੱਖ ਦੀ ਸਾਂਝੀ ਤਸਵੀਰ ਖਿੱਚ ਕੇ ਸੰਭਾਲ ਲਈਏ।
ਸੰਪਰਕ: 98723-75898

