DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਧਿਆਤਮਕ ਸ਼ਾਂਤੀ ਅਤੇ ਕੁਦਰਤੀ ਸੁਹੱਪਣ ਦਾ ਸੁਮੇਲ ਮੈਕਲੌਡਗੰਜ

ਹਿਮਾਚਲ ਪ੍ਰਦੇਸ਼ ਦੀ ਸਰਦ ਰੁੱਤ ਦੀ ਰਾਜਧਾਨੀ ਧਰਮਸ਼ਾਲਾ ਕਈ ਪਹਿਲੂਆਂ ਤੋਂ ਵਿਲੱਖਣ ਸ਼ਹਿਰ ਹੈ। ਸ਼ਹਿਰ ਦੀ ਪਿੱਠ ਨਾਲ ਖਹਿੰਦੀਆਂ ਧੌਲਾਧਾਰ ਦੀਆਂ ਪਹਾੜੀਆਂ ਉੱਤੇ ਚਮਕਦੀ ਬਰਫ਼ ਦੀ ਚਾਦਰ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਸੰਘਣੇ ਚੀੜ ਅਤੇ ਦਿਓਦਾਰ (ਦੇਵਦਾਰ) ਦੇ ਰੁੱਖ,...

  • fb
  • twitter
  • whatsapp
  • whatsapp
Advertisement
ਹਿਮਾਚਲ ਪ੍ਰਦੇਸ਼ ਦੀ ਸਰਦ ਰੁੱਤ ਦੀ ਰਾਜਧਾਨੀ ਧਰਮਸ਼ਾਲਾ ਕਈ ਪਹਿਲੂਆਂ ਤੋਂ ਵਿਲੱਖਣ ਸ਼ਹਿਰ ਹੈ। ਸ਼ਹਿਰ ਦੀ ਪਿੱਠ ਨਾਲ ਖਹਿੰਦੀਆਂ ਧੌਲਾਧਾਰ ਦੀਆਂ ਪਹਾੜੀਆਂ ਉੱਤੇ ਚਮਕਦੀ ਬਰਫ਼ ਦੀ ਚਾਦਰ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਸੰਘਣੇ ਚੀੜ ਅਤੇ ਦਿਓਦਾਰ (ਦੇਵਦਾਰ) ਦੇ ਰੁੱਖ, ਸੁੰਦਰ ਝੀਲਾਂ ਅਤੇ ਠੰਢੀਆਂ ਪੌਣਾਂ ਇੱਥੇ ਪੁੱਜੇ ਯਾਤਰੀਆਂ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੀ ਥਕਾਵਟ ਲਾਹੁੰਦੀਆਂ ਅਤੇ ਉਨ੍ਹਾਂ ਦੇ ਮਨਾਂ ਨੂੰ ਸਕੂਨ ਦਿੰਦੀਆਂ ਜਾਪਦੀਆਂ ਹਨ। ਧਰਮਸ਼ਾਲਾ ਅਤੇ ਮੈਕਲੌਡਗੰਜ ਨਾਲ ਜੁੜੇ ਅਹਿਮ ਸਥਾਨਾਂ ਬਾਰੇ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ।

ਧਰਮਸ਼ਾਲਾ ਕ੍ਰਿਕਟ ਸਟੇਡੀਅਮ: ਪਠਾਨਕੋਟ ਤੋਂ ਮੈਕਲੌਡਗੰਜ (ਧਰਮਸ਼ਾਲਾ) ਨੂੰ ਜਾਂਦਿਆਂ ਸਭ ਤੋਂ ਪਹਿਲਾਂ ਧਰਮਸ਼ਾਲਾ ਸ਼ਹਿਰ ਰਸਤੇ ਵਿੱਚ ਆਉਂਦਾ ਹੈ। ਇਹ ਸ਼ਹਿਰ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇੱਥੋਂ ਦਾ ਵਾਤਾਵਰਨ ਬੇਹੱਦ ਸਾਫ਼-ਸੁਥਰਾ ਹੈ ਅਤੇ ਇਮਾਰਤਾਂ ਬਹੁਤ ਖ਼ੂਬਸੂਰਤ ਹਨ। ਇੱਕ ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਲੋਕ ਸ਼ਾਂਤਮਈ ਜ਼ਿੰਦਗੀ ਬਤੀਤ ਕਰਦੇ ਹਨ। ਸ਼ਹਿਰ ਦੇ ਬਾਹਰਵਾਰ ਕੌਮਾਂਤਰੀ ਕ੍ਰਿਕਟ ਸਟੇਡੀਅਮ ਹੈ। ਸਟੇਡੀਅਮ ਭਾਵੇਂ ਆਮ ਕ੍ਰਿਕਟ ਮੈਦਾਨਾਂ ਨਾਲੋਂ ਛੋਟਾ ਹੈ, ਪਰ ਇਸ ਦੇ ਪਿਛਲੇ ਪਾਸੇ ਪਹਾੜ ਅਤੇ ਉਨ੍ਹਾਂ ਉੱਤੇ ਅਠਖੇਲੀਆਂ ਕਰਦੇ ਬੱਦਲ ਬੇਹੱਦ ਦਿਲ-ਖਿੱਚਵਾਂ ਦ੍ਰਿਸ਼ ਪੇਸ਼ ਕਰਦੇ ਹਨ। ਇਸ ਸਟੇਡੀਅਮ ਵਿੱਚ ਸੂਬਾਈ, ਰਣਜੀ ਟਰਾਫ਼ੀ ਅਤੇ ਕੌਮਾਂਤਰੀ ਮੈਚ ਕਰਵਾਏ ਜਾਂਦੇ ਹਨ।

Advertisement

Advertisement

ਸ਼ਹੀਦ ਯਾਦਗਾਰੀ ਸਮਾਰਕ: ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਰਾਜ ਸਰਕਾਰ ਵੱਲੋਂ ਸ਼ਹਿਰ ਦੇ ਬਾਹਰਵਾਰ ਸ਼ਾਨਦਾਰ ਸਮਾਰਕ ਉਸਾਰਿਆ ਗਿਆ ਹੈ। ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸੂਰਬੀਰਾਂ ਦੇ ਨਾਂ ਵੱਡ-ਆਕਾਰੀ ਕਾਲੇ ਰੰਗ ਦੇ ਗ੍ਰੇਨਾਈਟ ਪੱਥਰ ਉੱਤੇ ਉੱਕਰੇ ਹੋਏ ਹਨ। ਸੰਨ 1965 ਅਤੇ 1971 ਦੀਆਂ ਜੰਗਾਂ ਵਿੱਚ ਵਰਤਿਆ ਗਿਆ ‘ਜੀ ਐੱਨ ਏ ਟੀ’ ਕਿਸਮ ਦਾ ਜਹਾਜ਼ ਇਸ ਸਮਾਰਕ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਂਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਮਿਆਂ ’ਤੇ ਵਰਤੀਆਂ ਗਈਆਂ ਤੋਪਾਂ ਅਤੇ ਇੱਕ ਸਮੁੰਦਰੀ ਬੇੜਾ ਵੀ ਸਮਾਰਕ ਦੀ ਸ਼ਾਨ ਵਧਾ ਰਿਹਾ ਹੈ। ਧਰਮਸ਼ਾਲਾ ਪਹੁੰਚੇ ਕਿਸੇ ਵੀ ਯਾਤਰੀ ਦੀ ਅਸਲੀ ਮੰਜ਼ਿਲ ਮੈਕਲੌਡਗੰਜ ਹੁੰਦੀ ਹੈ। ਮੈਕਲੌਡਗੰਜ ਭਾਵੇਂ ਧਰਮਸ਼ਾਲਾ ਤੋਂ 10 ਕੁ ਕਿਲੋਮੀਟਰ ਦੀ ਦੂਰੀ ’ਤੇ ਹੈ, ਪਰ ਉੱਚੀ ਪਹਾੜੀ ’ਤੇ ਹੋਣ ਕਰ ਕੇ ਇਸ ਦਾ ਰਸਤਾ ਤਿੱਖੀ ਚੜ੍ਹਾਈ ਵਾਲਾ ਹੈ। ਇਸ ’ਤੇ ਚਲਦਿਆਂ ਯਾਤਰੀ ਅਕਸਰ ਆਪਣੇ ਆਪ ਨੂੰ ਚਲਦੇ ਫਿਰਦੇ ਬੱਦਲਾਂ ਵਿੱਚ ਘਿਰੇ ਹੋਣ ਕਰ ਕੇ ਆਲੇ-ਦੁਆਲੇ ਦੀ ਠੰਢਕ ਨੂੰ ਮਹਿਸੂਸ ਕਰਦੇ ਹਨ। ਜਿਹੜੇ ਯਾਤਰੀ ਥੋੜ੍ਹਾ ਵੱਧ ਖ਼ਰਚ ਕਰ ਸਕਦੇ ਅਤੇ ਛੇਤੀ ਮੈਕਲੌਡਗੰਜ ਪਹੁੰਚਣਾ ਚਾਹੁੰਦੇ ਹਨ, ਉਹ ਰੋਪਵੇਅ ਜਾਂ ਸਕਾਈਵੇਅ ਰਾਹੀਂ ਵੀ ਜਾ ਸਕਦੇ ਹਨ। ਮੈਕਲੌਡਗੰਜ ਵਿੱਚ ਯਾਤਰੀਆਂ ਲਈ ਖਿੱਚ ਦਾ ਪਹਿਲਾ ਕੇਂਦਰ ਦਲਾਈ ਲਾਮਾ ਦਾ ਮੰਦਰ ਹੀ ਹੁੰਦਾ ਹੈ।

ਦਲਾਈ ਲਾਮਾ ਦਾ ਮੰਦਰ: ਮੈਕਲੌਡਗੰਜ ਦੀ ਪ੍ਰਮੁੱਖ ਸੜਕ ਤੋਂ ਹੇਠਾਂ ਨੂੰ ਜਾਂਦਿਆਂ ਤਿੱਬਤੀਆਂ ਦੇ ਗੁਰੂ ਦਲਾਈ ਲਾਮਾ ਦਾ ਪ੍ਰਸਿੱਧ ਮੰਦਰ ਹੈ। ਇਸ ਮੰਦਰ ਦਾ ਵਾਤਾਵਰਨ ਇਕਦਮ ਸ਼ਾਂਤ ਹੈ। ਗੇਟ ’ਤੇ ਦਾਖ਼ਲ ਹੋਣ ਤੋਂ ਬਾਅਦ ਤਕਰੀਬਨ ਵੀਹ ਪੌੜੀਆਂ ਚੜ੍ਹਨ ਮਗਰੋਂ ਮੰਦਰ ਆਉਂਦਾ ਹੈ। ਇਸ ਦੇ ਦਾਖ਼ਲਾ ਦੁਆਰ ਦੁਆਲੇ ਤਿੰਨ ਪਾਸੇ ਵੇਲਣੇ ਦੇ ਆਕਾਰ ਦੇ ‘ਮਨੀ ਪਰੇਅਰ ਵ੍ਹੀਲ’ ਭਾਵ ਪ੍ਰਾਰਥਨਾ ਪਹੀਏ ਲੱਗੇ ਹੋਏ ਹਨ। ਇਨ੍ਹਾਂ ਉੱਤੇ ਤਿੱਬਤੀ ਭਾਸ਼ਾ ਵਿੱਚ ਮੰਤਰ ਲਿਖੇ ਹੋਏ ਹਨ। ਇਨ੍ਹਾਂ ਮੰਤਰਾਂ ਨੂੰ ‘ਓਮ ਮਨੀ ਪੱਦਮੇ ਹਮ’ ਮੰਤਰ ਆਖਿਆ ਜਾਂਦਾ ਹੈ। ਬੁੱਧ ਧਰਮ ਨਾਲ ਜੁੜੇ ਤਿੱਬਤੀ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਪਹੀਆਂ ਨੂੰ ਘੁਮਾਉਣ ਨਾਲ ਲੱਖਾਂ ਮੰਤਰਾਂ ਦੇ ਜਾਪ ਦਾ ਫ਼ਲ ਮਿਲਦਾ ਹੈ। ਮੰਦਰ ਦੇ ਅੰਦਰ ਭਗਵਾਨ ਬੁੱਧ ਦੀ ਵੱਡ-ਆਕਾਰੀ ਮੂਰਤੀ ਹੈ ਅਤੇ ਇੱਥੇ ਹੀ ਦਲਾਈ ਲਾਮਾ ਦਾ ਆਸਣ ਹੈ। ਮੰਦਰ ਦੇ ਹਾਲ ਵਿੱਚ ਦਲਾਈ ਲਾਮਾ ਜਾਂ ਸੰਨਿਆਸੀਆਂ ਵੱਲੋਂ ਆਪਣੇ ਅਨੁਯਾਈਆਂ ਨੂੰ ਧਾਰਮਿਕ ਉਪਦੇਸ਼ ਦਿੱਤੇ ਜਾਂਦੇ ਹਨ। ਇਸ ਮੰਦਰ ’ਚ ਗੂੜ੍ਹੇ ਲਾਲ ਜਾਂ ਲਾਖੇ ਰੰਗ ਦੇ ਲਿਬਾਸ ਵਿੱਚ ਤਿੱਬਤੀ ਸੰਨਿਆਸੀਆਂ ਨੂੰ ਵੱਡੀ ਗਿਣਤੀ ਆਮ ਦੇਖਿਆ ਜਾ ਸਕਦਾ ਹੈ। ਉਹ ਹੱਥ ਵਿੱਚ ਮਾਲਾ ਫੇਰਦੇ ਆਪਣੇ ਮੰਤਰਾਂ ਦਾ ਜਾਪ ਕਰਦੇ ਰਹਿੰਦੇ ਹਨ। ਇਨ੍ਹਾਂ ਨੂੰ ਤਿੱਬਤੀ ਭਾਸ਼ਾ ਵਿੱਚ ਟ੍ਰਾਪਾ (ਵਿਦਿਆਰਥੀ) ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਵਿਦਿਆ ਦੇਣ ਵਾਲੇ ਉਸਤਾਦ ਨੂੰ ਲਾਮਾ ਆਖਦੇ ਹਨ।

ਦਲਾਈ ਲਾਮਾ: ਤਿੱਬਤੀਆਂ ਦੇ ਸਭ ਤੋਂ ਵੱਡੇ ਗੁਰੂ ਨੂੰ ਦਲਾਈ ਲਾਮਾ ਆਖਿਆ ਜਾਂਦਾ ਹੈ। ਮੌਜੂਦਾ ਸਮੇਂ ਦੇ ਦਲਾਈ ਲਾਮਾ, ਜੋ ਉਨ੍ਹਾਂ ਦੇ 14ਵੇਂ ਗੁਰੂ ਹਨ, ਦਾ ਨਾਂ ਤੇਨਜਿਨ ਗਾਇਸੂ ਹੈ। ਛੇ ਜੁਲਾਈ 1935 ਨੂੰ ਤਿੱਬਤ ਦੇ ਪਿੰਗਨ ਜ਼ਿਲ੍ਹੇ ਦੇ ਟੱਕਸਰ ਪਿੰਡ ਵਿੱਚ ਕਿਸਾਨ ਦੇ ਘਰ ਜਨਮੇ ਦਲਾਈ ਲਾਮਾ ਨੂੰ ਇਹ ਰੁਤਬਾ 22 ਫਰਵਰੀ 1940 ਨੂੰ ਲਹਾਸਾ ਵਿੱਚ ਮਿਲਿਆ ਸੀ। ਲਹਾਸਾ ਸ਼ਹਿਰ ਤਿੱਬਤੀਆਂ ਦੀਆਂ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੈ। ਹੁਣ ਜ਼ਿਆਦਾਤਰ ਤਿੱਬਤੀ ਲੋਕ ਮੈਕਲੌਡਗੰਜ ਵਿੱਚ ਰਹਿੰਦੇ ਹਨ। ਇਸ ਲਈ ਮੈਕਲੌਡਗੰਜ ਨੂੰ ‘ਲਿੱਟਲ ਲਹਾਸਾ’ ਭਾਵ ਛੋਟਾ ਲਹਾਸਾ ਵੀ ਕਹਿੰਦੇ ਹਨ। ਤਿੱਬਤ ਦਾ ਸ਼ਹਿਰ ਲਹਾਸਾ ਦੁਨੀਆ ਦੇ ਸਭ ਤੋਂ ਵੱਧ ਉੱਚਾਈ ਵਾਲੇ ਸ਼ਹਿਰਾਂ ਦੀ ਗਿਣਤੀ ਵਿੱਚ ਸ਼ੁਮਾਰ ਹੈ।

ਮੈਕਲੌਡਗੰਜ ਨੂੰ ਇੱਥੇ ਰਹਿੰਦੇ ਤਿੱਬਤੀ ਲੋਕਾਂ ਦੀ ਮੌਜੂਦਗੀ ਕਰ ਕੇ ਵਿਸ਼ੇਸ਼ ਤੌਰ ’ਤੇ ਪਛਾਣਿਆ ਜਾਂਦਾ ਹੈ। ਇਸ ਕਸਬੇ ਵਿੱਚ ਤਿੱਬਤੀ ਲੋਕਾਂ ਦੀ ਗਿਣਤੀ ਵੀਹ ਤੋਂ ਤੀਹ ਹਜ਼ਾਰ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸੰਨ 1959 ਵਿੱਚ ਦਲਾਈਲਾਮਾ ਦੇ ਚੀਨ ਤੋਂ ਜਲਾਵਤਨ ਹੋਣ ਮਗਰੋਂ ਮੈਕਲੌਡਗੰਜ ਵਿੱਚ ‘ਤਿੱਬਤ ਦੀ ਜਲਾਵਤਨ ਸਰਕਾਰ’ ਚੱਲ ਰਹੀ ਹੈ। ਇਸ ਕਸਬੇ ਦੇ ਬਾਜ਼ਾਰ ਵਿੱਚ ਅੱਧੇ ਦੇ ਕਰੀਬ ਦੁਕਾਨਾਂ ਅਤੇ ਵਪਾਰਕ ਅਦਾਰੇ ਤਿੱਬਤੀਆਂ ਦੇ ਹੀ ਹਨ।

ਰੋਪਵੇਅ ਕਾਰ: ਮੈਕਲੌਡਗੰਜ ਦੇ ਦਲਾਈ ਲਾਮਾ ਮੰਦਰ ਨੂੰ ਜਾਂਦੀ ਸੜਕ ਤੋਂ ‘ਰੋਪਵੇਅ’ ਜਾਂ ‘ਸਕਾਈ ਵੇਅ’ ਕੇਬਲ ਕਾਰ ਚੱਲਦੀ ਹੈ। ਇਸ ਵਿੱਚ ਹਵਾਈ ਸਫ਼ਰ ਕਰਨ ਲਈ ਇੱਕ ਆਦਮੀ ਦੀ ਆਉਣ ਅਤੇ ਜਾਣ ਦੀ ਟਿਕਟ 700 ਰੁਪਏ ਹੈ। ਇਸ ਦਾ ਮੈਕਲੌਡਗੰਜ ਤੋਂ ਧਰਮਸ਼ਾਲਾ ਤੱਕ ਦਾ ਸਫ਼ਰ ਦਸ-ਬਾਰਾਂ ਮਿੰਟਾਂ ਵਿੱਚ ਪੂਰਾ ਹੁੰਦਾ ਹੈ। ਇਸ ਸਵਾਰੀ ਦੀ ਖਾਸੀਅਤ ਇਹ ਹੈ ਕਿ ਸਵਾਰੀ ਕਰਨ ਤੋਂ ਪਹਿਲਾਂ ਡਰ ਲਗਦਾ ਹੈ, ਪਰ ਇੱਕ ਵਾਰੀ ਜਦੋਂ ਇਹ ਚੱਲਣ ਲੱਗਦੀ ਹੈ ਤਾਂ ਬੇਹੱਦ ਵਧੀਆ ਲੱਗਦਾ ਹੈ। ਇਸ ਵਿੱਚੋਂ ਹੇਠਾਂ ਦੀਆਂ ਇਮਾਰਤਾਂ ਅਤੇ ਰੁੱਖ ਦੇਖ ਕੇ ਲੱਗਦਾ ਹੈ ਜਿਵੇਂ ਉਹ ਕਿਸੇ ਪੰਛੀ ਵਾਂਗ ਹਵਾ ਵਿੱਚ ਉੱਡ ਰਿਹਾ ਹੋਵੇ। ਕਈ ਵਾਰ ਇਹ ਰੋਪਵੇਅ ਕਾਰ ਬੱਦਲਾਂ ਵਿੱਚੋਂ ਲੰਘਦੀ ਹੈ ਅਤੇ ਕਈ ਵਾਰ ਬੱਦਲ ਹੇਠਾਂ ਤੋਂ ਲੰਘਦੇ ਨਜ਼ਰ ਆਉਂਦੇ ਹਨ, ਜੋ ਨਜ਼ਾਰਾ ਬੇਹੱਦ ਦਿਲ-ਖਿੱਚਵਾਂ ਹੈ। ਇਸ ਕੇਬਲ ਕਾਰ ਦੀ ਸ਼ੁਰੂਆਤ ਜਨਵਰੀ 2022 ਵਿੱਚ ਹੋਈ ਸੀ।

ਭਾਗਸੂਨਾਗ ਮੰਦਰ ਤੇ ਝਰਨਾ: ਮੈਕਲੌਡਗੰਜ ਤੋਂ ਤਕਰੀਬਨ ਦੋ ਕਿਲੋਮੀਟਰ ਦੀ ਦੂਰੀ ’ਤੇ ਭਾਗਸੂਨਾਗ ਪਿੰਡ ਵਿੱਚ ਭਗਵਾਨ ਸ਼ਿਵ ਦਾ ਬਹੁਤ ਹੀ ਪੁਰਾਣਾ ਮੰਦਰ ਹੈ, ਜਿਸ ਦੇ ਨੇੜੇ ਠੰਢੇ ਪਾਣੀ ਦਾ ਤਲਾਅ ਹੈ। ਇੱਥੇ ਪਹੁੰਚੇ ਸ਼ਰਧਾਲੂ ਠੰਢੇ ਪਾਣੀ ਵਿੱਚ ਚੁੱਭੀਆਂ ਲਾ ਕੇ ਤਾਜ਼ਾਦਮ ਹੁੰਦੇ ਹਨ। ਇਸ ਇਲਾਕੇ ਵਿੱਚ ਦਸਤਕਾਰੀ ਦੀਆਂ ਵਸਤਾਂ ਦਾ ਇੱਕ ਬਾਜ਼ਾਰ ਵੀ ਹੈ, ਜਿੱਥੋਂ ਲੋਕ ਆਪਣੀਆਂ ਮਨਪਸੰਦ ਚੀਜ਼ਾਂ ਦੀ ਖ਼ਰੀਦਦਾਰੀ ਕਰਦੇ ਹਨ। ਇਸ ਬਾਜ਼ਾਰ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ’ਤੇ ਭਾਗਸੂ ਝਰਨਾ ਹੈ, ਜਿਸ ਨੂੰ ਜਾਂਦਾ ਰਸਤਾ ਉੱਬੜ-ਖਾਬੜ ਅਤੇ ਥਕਾਉਣ ਵਾਲਾ ਹੈ। ਹਰ ਸੈਲਾਨੀ ਝਰਨੇ ਕੋਲ ਪਹੁੰਚ ਕੇ ਬੇਹੱਦ ਸ਼ਾਂਤੀ ਅਤੇ ਸਕੂਨ ਮਹਿਸੂਸ ਕਰਦਾ ਹੈ। ਝਰਨੇ ਤੋਂ ਹੇਠਾਂ ਡਿੱਗਦੇ ਠੰਢੇ ਪਾਣੀ ਵਿੱਚ ਬੈਠ ਕੇ ਸੈਲਾਨੀ ਆਪਣੇ ਲੰਮੇ ਸਫ਼ਰ ਦਾ ਅਕੇਵਾਂ ਤੇ ਥਕਾਵਟ ਦੂਰ ਕਰਦੇ ਹਨ ਅਤੇ ਖਾਣ-ਪੀਣ ਦੀਆਂ ਸਥਾਨਕ ਵਸਤਾਂ ਖਾ ਕੇ ਪਿਕਨਿਕ ਦਾ ਆਨੰਦ ਮਾਣਦੇ ਹਨ।

ਨੱਡੀ ਵਿਊ ਪੁਆਇੰਟ: ਮੈਕਲੌਡਗੰਜ ਤੋਂ ਤਕਰੀਬਨ ਚਾਰ-ਪੰਜ ਕਿਲੋਮੀਟਰ ਦੂਰ ਨੱਡੀ ਪਿੰਡ ਦਾ ਨਜ਼ਾਰਾ ਯਾਤਰੀਆਂ ਦੇ ਮਨਾਂ ਨੂੰ ਸਕੂਨ ਦੇਣ ਵਾਲਾ ਸਥਾਨ ਹੈ। ਚੀਲ, ਬਲੂਤ ਅਤੇ ਦਿਓਦਾਰ ਦੇ ਰੁੱਖਾਂ ਦੁਆਲੇ ਘੁੰਮਦੇ ਬੱਦਲ ਅਤੇ ਇਨ੍ਹਾਂ ਰੁੱਖਾਂ ਨਾਲ ਘਿਰੀ ਡੱਲ ਝੀਲ ਉੱਤੇ ਪੈਂਦੀਆਂ ਮੀਂਹ ਦੀਆਂ ਬੂੰਦਾਂ ਠੰਢਕ ਪੈਦਾ ਕਰਦੀਆਂ ਹਨ ਅਤੇ ਸ਼ਹਿਰਾਂ ਦੀ ਦੌੜ-ਭੱਜ ਵਾਲੀ ਜ਼ਿੰਦਗੀ ਨੂੰ ਭੁਲਾ ਦਿੰਦੀਆਂ ਹਨ। ਥੋੜ੍ਹਾ ਅੱਗੇ ਜਾ ਕੇ ਪਿੰਡ ਦੇ ਇੱਕ ਕੋਨੇ ਤੋਂ ਧੌਲਾਧਾਰ ਪਹਾੜੀਆਂ ਦਾ ਦ੍ਰਿਸ਼ ਮਨ ਨੂੰ ਯੂਰੋਪੀ ਦੇਸ਼ਾਂ ਦੇ ਸ਼ੁੱਧ ਅਤੇ ਸ਼ਾਂਤ ਵਾਤਾਵਰਨ ਵਾਲੇ ਪਹਾੜੀ ਇਲਾਕਿਆਂ ਦੀ ਯਾਦ ਦਿਵਾਉਂਦਾ ਹੈ।

ਸੰਪਰਕ: 62842-20595

Advertisement
×