DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹੀਦ ਸੁਖਦੇਵ ਅਤੇ ਉਸ ਦੀ ਨਿਸ਼ਾਨੀ

ਇੱਕ ਸਮਾਜ ਅਤੇ ਕੌਮ ਦੇ ਤੌਰ ’ਤੇ ਅਸੀਂ ਆਪਣੇ ਸ਼ਹੀਦਾਂ ਦੀ ਵਿਰਾਸਤ ਸੰਭਾਲਣ ਪੱਖੋਂ ਅਵੇਸਲੇ ਰਹੇ ਹਾਂ। ਬੋਲੇ ਹੋਏ ਸ਼ਬਦ ਸਮੇਂ ਨਾਲ ਧੁੰਦਲੇ ਪੈ ਜਾਂਦੇ ਹਨ ਅਤੇ ਲਿਖੇ ਹੋਏ ਸਮੇਂ ਦੀ ਧੂੜ ਹੇਠ ਕਿਤੇ ਗੁਆਚ ਜਾਂਦੇ ਹਨ। ਸ਼ਹੀਦਾਂ ਦੇ ਘਰ...

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਦੇ ਨੌਘਰਾ ਮੁਹੱਲਾ ’ਚ ਸਥਿਤ ਸ਼ਹੀਦ ਸੁਖਦੇਵ ਦੀ ਯਾਦਗਾਰ।
Advertisement

ਇੱਕ ਸਮਾਜ ਅਤੇ ਕੌਮ ਦੇ ਤੌਰ ’ਤੇ ਅਸੀਂ ਆਪਣੇ ਸ਼ਹੀਦਾਂ ਦੀ ਵਿਰਾਸਤ ਸੰਭਾਲਣ ਪੱਖੋਂ ਅਵੇਸਲੇ ਰਹੇ ਹਾਂ। ਬੋਲੇ ਹੋਏ ਸ਼ਬਦ ਸਮੇਂ ਨਾਲ ਧੁੰਦਲੇ ਪੈ ਜਾਂਦੇ ਹਨ ਅਤੇ ਲਿਖੇ ਹੋਏ ਸਮੇਂ ਦੀ ਧੂੜ ਹੇਠ ਕਿਤੇ ਗੁਆਚ ਜਾਂਦੇ ਹਨ। ਸ਼ਹੀਦਾਂ ਦੇ ਘਰ ਅਤੇ ਕਾਰਜਾਂ ਨਾਲ ਜੁੜੇ ਸਥਾਨ ਵਕਤ ਦੀ ਮਾਰ ਹੇਠ ਖੰਡਰ ਹੋ ਜਾਂਦੇ ਹਨ ਅਤੇ ਇਨ੍ਹਾਂ ਖੱਪਿਆਂ ਦੀ ਪੂਰਤੀ ਲਈ ਅਸੀਂ ਫਿਰ ਮਿਥਿਹਾਸ ਸਿਰਜ ਸਕਦੇ ਹਾਂ। ਸਮੇਂ ਦੇ ਚੱਕਰ ਵਿੱਚ ਇੱਕ ਦੋ ਸਦੀਆਂ ਕੋਈ ਲੰਮਾ ਵਕਫ਼ਾ ਨਹੀਂ ਹੁੰਦਾ ਅਤੇ ਸਾਡੀ ਜੰਗ-ਏ-ਆਜ਼ਾਦੀ ਨੂੰ ਵਾਪਰਿਆਂ ਹਾਲੇ ਇੰਨਾ ਕੁ ਸਮਾਂ ਹੀ ਬੀਤਿਆ ਹੈ। ਵਿਰਾਸਤਾਂ ਦੀ ਸੰਭਾਲ ਪ੍ਰਤੀ ਅਣਗਹਿਲੀ ਦਾ ਪੂਰਾ ਦੋਸ਼ ਉਦੋਂ ਦੀ ਅੰਗਰੇਜ਼ ਸਰਕਾਰ ਦੇ ਸਿਰ ਵੀ ਨਹੀਂ ਮੜ੍ਹਿਆ ਜਾ ਸਕਦਾ। ਸਾਨੂੰ ਆਜ਼ਾਦ ਹੋਇਆਂ ਹੁਣ 79 ਵਰ੍ਹੇ ਹੋਣ ਵਾਲੇ ਹਨ। ਇਹ ਵੀ ਕਿਹਾ ਨਹੀਂ ਜਾ ਸਕਦਾ ਕਿ ਸਾਡਾ ਤਾਂ ਸਭ ਕੁਝ ਲਹਿੰਦੇ ਪੰਜਾਬ ਵਿੱਚ ਰਹਿ ਗਿਆ ਕਿਉਂਕਿ ਇਧਰਲੀ ਵਿਰਾਸਤ ਨੂੰ ਕਿਹੜਾ ਅਸੀਂ ਸੰਭਾਲ ਲਿਆ। ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਆਜ਼ਾਦੀ ਅੰਦੋਲਨ ਵਿੱਚ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਫਾਂਸੀਆਂ ਚੜ੍ਹੇ, ਕਾਲੇਪਾਣੀ ਗਏ ਅਤੇ ਜੇਲ੍ਹਾਂ ਭੁਗਤੀਆਂ, ਪਰ ਇਨ੍ਹਾਂ ਸਭ ਦੀਆਂ ਯਾਦਗਾਰਾਂ ਕਿੱਥੇ ਹਨ? ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿੱਚ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੇ ਅਕਸ ਕਿਵੇਂ ਉੱਘੜਨਗੇ? ਜਿਹੜੀਆਂ ਥਾਵਾਂ ’ਤੇ ਉਹ ਜੰਮੇ, ਜਿਨ੍ਹਾਂ ਗਲੀਆਂ ਮੁਹੱਲਿਆਂ ਵਿੱਚ ਉਨ੍ਹਾਂ ਦਾ ਬਚਪਨ ਬੀਤਿਆ, ਜਿਨ੍ਹਾਂ ਸਕੂਲਾਂ, ਕਾਲਜਾਂ ਵਿੱਚ ਉਨ੍ਹਾਂ ਵਿਦਿਆ ਹਾਸਲ ਕੀਤੀ, ਜਿਨ੍ਹਾਂ ਥਾਵਾਂ ’ਤੇ ਉਨ੍ਹਾਂ ਜ਼ਿੰਦਗੀ ਦੇ ਕਾਰ ਵਿਹਾਰ ਕੀਤੇ ਅਤੇ ਜਿਹੜੀਆਂ ਥਾਵਾਂ ’ਤੇ ਉਨ੍ਹਾਂ ਦੇਸ਼ ਦੀ ਆਜ਼ਾਦੀ ਦੇ ਘੋਲ ਲਈ ਕਾਰਜ ਕੀਤੇ, ਸਭ ਦੀ ਨਿਸ਼ਾਨਦੇਹੀ ਅਤੇ ਸੰਭਾਲ ਸਾਡਾ ਨੈਤਿਕ ਫ਼ਰਜ਼ ਹੈ।

ਜੇ ਸ਼ਹੀਦਾਂ ਦੇ ਨਾਂ ਲੈਣ ਲੱਗੀਏ ਤਾਂ ਗਿਣਨੇ ਔਖੇ ਹੋ ਜਾਂਦੇ ਹਨ। ਭਾਵੇਂ ਲੋਕ ਚੇਤੇ ਵਿੱਚ ਕੁਝ ਕੁ ਨਾਂ ਹੀ ਵੱਸਦੇ ਹਨ: ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਭਗਵਤੀ ਚਰਨ ਵੋਹਰਾ, ਹਰੀਕਿਸ਼ਨ, ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ। ਭਗਤ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਤੀਹ ਤੋਂ ਵੱਧ ਸ਼ਹੀਦਾਂ ਦੀਆਂ ਜੀਵਨੀਆਂ ਦਰਜ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਅੱਜ ਪੰਜਾਬੀ ਸ਼ਾਇਦ ਮਦਨ ਲਾਲ ਢੀਂਗਰਾ ਅਤੇ ਕਰਤਾਰ ਸਿੰਘ ਸਰਾਭਾ ਨੂੰ ਛੱਡ ਕੇ ਕਿਸੇ ਨੂੰ ਨਹੀਂ ਜਾਣਦੇ। ‘ਚਾਂਦ’ ਰਸਾਲੇ ਨੇ 1929 ਵਿੱਚ ਫਾਂਸੀ ਵਿਸ਼ੇਸ਼ ਅੰਕ ਛਾਪਿਆ ਸੀ, ਜਿਸ ਵਿੱਚ ਆਜ਼ਾਦੀ ਲਈ ਫਾਂਸੀ ਚੜ੍ਹੇ ਸ਼ਹੀਦਾਂ ਦੀਆਂ ਜੀਵਨੀਆਂ ਦਰਜ ਸਨ। ਅੱਜ ਸਤਾਨਵੇਂ ਵਰ੍ਹੇ ਬੀਤਣ ਮਗਰੋਂ ਕੋਈ ਵੀ ਅਜਿਹਾ ਉਪਰਾਲਾ ਮੁੜ ਨਹੀਂ ਹੋਇਆ, ਯਾਦਗਾਰਾਂ ਬਣਨੀਆਂ ਤਾਂ ਦੂਰ ਦੀ ਗੱਲ ਹਨ। ਇਨ੍ਹਾਂ ਗੱਲਾਂ ਦੇ ਅਪਵਾਦ ਵਜੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਸਾਂਭ-ਸੰਭਾਲ ਅਤੇ ਉਸ ਨਾਲ ਜੁੜਿਆ ਵੱਡਾ ਸਮਾਰਕ ਉਸਾਰਿਆ ਜਾ ਚੁੱਕਿਆ ਹੈ ਜਾਂ ਹੁਸੈਨੀਵਾਲਾ ਵਿਖੇ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸਮਾਰਕ ਬਣਿਆ ਹੈ। ਮਦਨ ਲਾਲ ਢੀਂਗਰਾ ਦਾ ਜੱਦੀ ਘਰ ਢੱਠ ਚੁੱਕਿਆ ਹੈ ਅਤੇ ਸੁਖਦੇਵ ਦਾ ਘਰ ਵੀ ਸੰਭਾਲੇ ਨਾ ਜਾਣ ਦੀ ਸੂਰਤ ਵਿੱਚ ਢੱਠ ਸਕਦਾ ਹੈ।

Advertisement

ਸੁਖਦੇਵ ਦਾ ਜਨਮ 15 ਮਈ 1907 ਨੂੰ ਪੁਰਾਣੇ ਲੁਧਿਆਣੇ ਦੇ ਨੌਘਰਾ ਮੁਹੱਲੇ ਵਿੱਚ ਹੋਇਆ ਸੀ। ਨੌਘਰਾ ਮੁਹੱਲੇ ਦਾ ਨਾਂ ਇੱਥੇ ਵਸੇ ਥਾਪਰਾਂ ਦੇ ਨੌਂ ਘਰਾਂ ਸਦਕਾ ਸੀ, ਜਿਹੜੇ ਇੱਕ ਵੱਡੇ ਅਹਾਤੇ ਦੇ ਦੁਆਲੇ ਉਸਰੇ ਸਨ। ਇਹ ਇੱਕ ਤੰਗ ਰਸਤੇ ਰਾਹੀਂ ਬਾਜ਼ਾਰ ਨਾਲ ਜੁੜਦਾ ਸੀ। ਇਹ ਮੁਹੱਲਾ ਪੁਰਾਣੇ ਲੋਧੀ ਕਿਲ੍ਹੇ ਵਿੱਚ ਵਸਿਆ ਸੀ, ਜਿਸ ਉੱਤੇ 1526 ਈਸਵੀ ਦੀ ਪਾਣੀਪਤ ਦੀ ਲੜਾਈ ਦੌਰਾਨ ਲੋਧੀ ਖਾਨਦਾਨ ਦੇ ਢਹਿੰਦੀ ਕਲਾ ਵਿੱਚ ਜਾਣ ਵੇਲੇ ਥਾਪਰਾਂ ਦੇ ਖਾਨਦਾਨ ਦਾ ਕਬਜ਼ਾ ਹੋ ਗਿਆ ਸੀ। ਨੌਘਰਾ ਮੁਹੱਲਾ ਕਿਲ੍ਹੇ ਦੀਆਂ ਹਵੇਲੀਆਂ ਵਿੱਚੋਂ ਇੱਕ ਸੀ। ਸੁਖਦੇਵ ਦੇ ਦਾਦਾ ਬਾਂਕਾਮੱਲ ਦੇ ਦੋ ਪੁੱਤਰ ਅਤੇ ਇੱਕ ਧੀ ਸਨ: ਰਾਮਲਾਲ, ਗਣੇਸ਼ੀ ਦੇਵੀ ਅਤੇ ਰਾਮਜੀ ਦਾਸ। ਰਾਮਜੀ ਦਾਸ ਦੀ ਮੌਤ ਬਚਪਨ ਵਿੱਚ ਹੀ ਹੋ ਗਈ ਸੀ। ਬਾਂਕਾਮੱਲ ਦੇ ਭਾਈ ਵਰਿੰਦਾਮੱਲ ਦੇ ਦੋ ਪੁੱਤਰ ਚਿੰਤਰਾਮ ਅਤੇ ਬਲੀਰਾਮ ਹੋਏ। ਬਾਂਕਾਮੱਲ ਦੇ ਤੀਜੇ ਭਾਈ ਸਾਵਣ ਮੱਲ ਦੀ ਕੋਈ ਔਲਾਦ ਨਹੀਂ ਸੀ।

Advertisement

ਨਹਿਰੀ ਕਲੋਨੀਆਂ ਦੇ ਵਿਕਾਸ ਨਾਲ ਪੰਜਾਬ ਵਿੱਚ ਤਰੱਕੀ ਅਤੇ ਵਪਾਰ ਦਾ ਤਵਾਜ਼ਨ ਬਦਲ ਗਿਆ। ਥਾਪਰ ਖਾਨਦਾਨ ਵਿੱਚੋਂ ਵੀ ਜੀਵਾਰਾਮ ਨੇ ਰਾਵਲਪਿੰਡੀ ਵਿੱਚ ਪ੍ਰੈੱਸ ਖੋਲ੍ਹ ਲਈ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਦਾ ਕਾਰੋਬਾਰ ਵਿੱਢ ਲਿਆ, ਜਿਸ ਨੇ ਬਹੁਤ ਤਰੱਕੀ ਕੀਤੀ। ਉਸ ਨੇ ਆਪਣੀ ਮਦਦ ਲਈ ਲੁਧਿਆਣੇ ਤੋਂ ਚਿੰਤਰਾਮ ਨੂੰ ਬੁਲਾ ਲਿਆ, ਜਿਹੜਾ ਦਸਵੀਂ ਪਾਸ ਕਰਕੇ ਉਸ ਸਮੇਂ ਆਰੀਆ ਸਮਾਜ ਅਤੇ ਹੋਰ ਅਜਿਹੇ ਸਮਾਜਸੇਵੀ ਕਾਰਜਾਂ ਵਿੱਚ ਲੱਗਿਆ ਹੋਇਆ ਸੀ। ਕੰਮ ਨੂੰ ਦੇਖਦਿਆਂ ਚਿੰਤਰਾਮ ਨੇ ਆਪਣੇ ਚਚੇਰੇ ਭਾਈ ਰਾਮਲਾਲ ਵੀ ਨੂੰ ਬੁਲਾ ਲਿਆ ਤਾਂ ਜੋ ਲਾਇਲਪੁਰ ਵਿੱਚ ਨਵਾਂ ਕੰਮ ਸ਼ੁਰੂ ਕੀਤਾ ਜਾ ਸਕੇ। ਰਾਮਲਾਲ ਨੇ ਲਾਇਲਪੁਰ ਦੇ ਗੋਲ ਬਾਜ਼ਾਰ ਵਿੱਚ ਦੁਕਾਨ ਅਲਾਟ ਕਰਵਾ ਲਈ ਅਤੇ ਕਣਕ ਤੇ ਕਪਾਹ ਦੀਆਂ ਫ਼ਸਲਾਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ, ਜਿਹੜਾ ਵਧੀਆ ਚੱਲ ਪਿਆ। ਲੁਧਿਆਣੇ ਤੋਂ ਬਲੀਰਾਮ ਨੂੰ ਵੀ ਬੁਲਾ ਲਿਆ ਗਿਆ ਅਤੇ ਚਿੰਤਰਾਮ ਵੀ ਰਾਵਲਪਿੰਡੀ ਛੱਡ ਕੇ ਲਾਇਲਪੁਰ ਆ ਗਏ। ਸੁਖਦੇਵ ਦੇ ਜਨਮ ਪਿੱਛੋਂ ਰਾਮਲਾਲ ਵੀ ਆਪਣੇ ਪਰਿਵਾਰ ਨੂੰ ਲਾਇਲਪੁਰ ਲੈ ਆਏ ਅਤੇ ਇਨ੍ਹਾਂ ਮਗਰੋਂ ਸਾਰਿਆਂ ਦੇ ਪਰਿਵਾਰ ਹੀ ਲਾਇਲਪੁਰ ਆ ਗਏ।

ਲੁਧਿਆਣਾ ਦੇ ਨੌਘਰਾ ਮੁਹੱਲਾ ਸਥਿਤ ਸ਼ਹੀਦ ਸੁਖਦੇਵ ਦੇ ਘਰ ਦੇ ਬਾਹਰ ਸਥਾਪਤ ਉਨ੍ਹਾਂ ਦਾ ਬੁੱਤ।
ਲੁਧਿਆਣਾ ਦੇ ਨੌਘਰਾ ਮੁਹੱਲਾ ਸਥਿਤ ਸ਼ਹੀਦ ਸੁਖਦੇਵ ਦੇ ਘਰ ਦੇ ਬਾਹਰ ਸਥਾਪਤ ਉਨ੍ਹਾਂ ਦਾ ਬੁੱਤ।

ਸੰਨ 1910 ਵਿੱਚ ਰਾਮਲਾਲ ਦਾ ਦੇਹਾਂਤ ਹੋ ਗਿਆ। ਸੁਖਦੇਵ ਦੇ ਭਰਾ ਮਥਰਾਦਾਸ ਦਾ ਜਨਮ ਪਿਤਾ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਹੋਇਆ ਸੀ। ਚਿੰਤਰਾਮ ਦਬੰਗ ਸਨ ਅਤੇ ਰਾਜਨੀਤਕ ਤੌਰ ’ਤੇ ਵੀ ਸਰਗਰਮ ਸਨ। ਇਸ ਲਈ ਉਨ੍ਹਾਂ ਨੂੰ ‘ਲਾਇਲਪੁਰ ਦਾ ਸ਼ੇਰ’ ਆਖਿਆ ਜਾਂਦਾ ਸੀ। ਹੁਣ ਉਹ ਪਰਿਵਾਰ ਦੇ ਮੁਖੀ ਸਨ ਅਤੇ ਦੋਵੇਂ ਭਰਾਵਾਂ ਸੁਖਦੇਵ ਤੇ ਮਥਰਾਦਾਸ ਅਤੇ ਉਨ੍ਹਾਂ ਦੀ ਮਾਤਾ ਰੱਲੀ ਦੇਵੀ ਦੀ ਦੇਖਭਾਲ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਆਪਣੇ ਸਿਰ ਲੈ ਲਈ ਸੀ। ਲਾਲਾ ਚਿੰਤਰਾਮ ਦੇ ਆਪਣੇ ਚਾਰ ਬੱਚੇ ਸਨ: ਪ੍ਰਕਾਸ਼ਚੰਦ, ਜਗਦੀਸ਼, ਗੌਰਾਂਦੇਵੀ ਅਤੇ ਕ੍ਰਿਸ਼ਨਾ। ਉਨ੍ਹਾਂ ਦੇ ਭਰਾ ਬਲੀਰਾਮ ਵੀ ਨਾਲ ਹੀ ਰਹਿੰਦੇ ਸਨ ਅਤੇ ਉਨ੍ਹਾਂ ਦੇ ਦੋ ਬੱਚੇ ਸਨ: ਜੈਦੇਵ ਅਤੇ ਕ੍ਰਿਸ਼ਨ ਲਾਲ। ਇਨ੍ਹਾਂ ਵਿੱਚੋਂ ਗੌਰਾਂਦੇਵੀ ਵੱਡੀ ਸੀ ਅਤੇ ਉਸ ਨੇ ਹੀ ਸੁਖਦੇਵ ਦੀ ਮਾਂ ਵਾਂਗ ਦੇਖਭਾਲ ਕੀਤੀ ਸੀ। ਬਲੀਰਾਮ ਦਾ ਪੁੱਤਰ ਜੈਦੇਵ, ਸੁਖਦੇਵ ਦਾ ਜਮਾਤੀ ਸੀ।

ਗੌਰਾਂਦੇਵੀ ਅਨੁਸਾਰ, ਬਚਪਨ ਵਿੱਚ ਸੁਖਦੇਵ ਬਹੁਤ ਜ਼ਿੱਦੀ ਤੇ ਚਿੜਚਿੜਾ ਸੀ ਅਤੇ ਰੋਂਦਾ ਵੀ ਬਹੁਤ ਸੀ। ਜੈਦੇਵ ਸੁਖਦੇਵ ਦੀ ਬਚਪਨ ਵੇਲੇ ਦੀ ਸ਼ਰਾਰਤ ਬਾਰੇ ਦੱਸਦੇ ਹਨ ਕਿ ਆਰੀਆ ਸਮਾਜ ਗਲੀ ਵਿੱਚ ਉਨ੍ਹਾਂ ਦਾ ਨਵਾਂ ਮਕਾਨ ਬਣ ਰਿਹਾ ਸੀ ਅਤੇ ਉਹ ਚਿਨਿਓਟ ਬਾਜ਼ਾਰ ਵਿੱਚ ਹੁੰਦਿਆਂ ਉਧਰ ਜਾ ਰਹੇ ਸਨ ਤਾਂ ਅਚਾਨਕ ਰਾਹ ਵਿੱਚ ਇੱਕ ਘੋੜਾ ਖੜ੍ਹਾ ਦੇਖ ਕੇ ਸੁਖਦੇਵ ਨੇ ਉਸ ਨੂੰ ਘੋੜੇ ਵੱਲ ਧੱਕ ਦਿੱਤਾ ਅਤੇ ਹੜਬੜੀ ਵਿੱਚ ਘੋੜੇ ਨੇ ਉਸ ਦਾ ਪੈਰ ਮਿੱਧ ਦਿੱਤਾ। ਇਸ ਸ਼ਰਾਰਤ ਕਾਰਨ ਜੈਦੇਵ ਦੇ ਪੈਰ ਦੀ ਇੱਕ ਉਂਗਲ ਸਦਾ ਲਈ ਕੱਟੀ ਗਈ ਸੀ। ਜੈਦੇਵ ਹੋਰ ਦੱਸਦੇ ਹਨ ਕਿ ਦੀਵਾਲੀ ਦੇ ਸਮੇਂ ਸੁਖਦੇਵ ਸਿਰਫ਼ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਤਸਵੀਰ ਹੀ ਖਰੀਦਦੇ ਸਨ ਜਦੋਂਕਿ ਬਾਕੀ ਦੇ ਬੱਚੇ ਮਠਿਆਈਆਂ, ਪਟਾਕੇ ਅਤੇ ਹੋਰ ਤਸਵੀਰਾਂ ਆਦਿ ਖਰੀਦਣ ’ਚ ਰੁਚੀ ਰੱਖਦੇ ਸਨ। ਲਕਸ਼ਮੀ ਬਾਈ ਦੀ ਤਸਵੀਰ ਆਪਣੀ ਮਾਂ ਨੂੰ ਦਿਖਾ ਕੇ ਸੁਖਦੇਵ ਕਹਿੰਦਾ, ‘‘ਮਾਂ, ਮੈਂ ਅਜਿਹਾ ਹੀ ਬਣਾਂਗਾ।’’

ਪੰਦਰਾਂ ਅਪਰੈਲ 1919 ਨੂੰ ਸਾਰੇ ਪੰਜਾਬ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ ਸੀ। ਲਾਲਾ ਚਿੰਤਰਾਮ ਵੀ ਨਜ਼ਰਬੰਦ ਕਰ ਦਿੱਤੇ ਗਏ ਸਨ। ਸਾਰੇ ਦਫ਼ਤਰਾਂ ਅਤੇ ਸਕੂਲਾਂ ਵਿੱਚ ਫ਼ੌਜੀ ਅਫਸਰ ਤਾਇਨਾਤ ਹੋ ਗਏ ਸਨ। ਸਵੇਰ ਦੀ ਪਰੇਡ ਸਮੇਂ ਫ਼ੌਜੀ ਅਫ਼ਸਰ ਨੂੰ ਸਲਾਮੀ ਦੇਣ ਦਾ ਹੁਕਮ ਹੋਇਆ। ਸੁਖਦੇਵ ਆਪਣੀ ਥਾਂ ’ਤੇ ਖੜ੍ਹਾ ਰਿਹਾ ਅਤੇ ਸਲਾਮੀ ਨਾ ਦਿੱਤੀ। ਬਹੁਤ ਡੰਡਾ ਵਰ੍ਹਿਆ, ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਅਫਸਰ ਉਸ ਨੂੰ ਅਤੇ ਅਧਿਆਪਕਾਂ ਨੂੰ ਅਗਾਂਹ ਤੋਂ ਅਜਿਹਾ ਨਾ ਹੋਣ ਦੇਣ ਦਾ ਹੁਕਮ ਕਰ ਕੇ ਚਲਾ ਗਿਆ। ਜਦੋਂ ਤੱਕ ਮਿਲਟਰੀ ਅਫਸਰ ਦੀ ਸਕੂਲ ਵਿੱਚ ਤਾਇਨਾਤੀ ਰਹੀ, ਸੁਖਦੇਵ ਸਕੂਲ ਹੀ ਨਾ ਗਿਆ। ਉਸ ਸਮੇਂ ਉਹ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਸੁਖਦੇਵ ਦੀ ਯਾਦਦਾਸ਼ਤ ਤੇਜ਼ ਸੀ। ਬਸ ਸਕੂਲ ਵਿੱਚ ਹੀ ਪੜ੍ਹਦਾ, ਘਰ ਆ ਕੇ ਉਸ ਕਦੇ ਕਿਤਾਬ ਨਹੀਂ ਸੀ ਚੁੱਕੀ। ਜੈਦੇਵ ਦੀ ਯਾਦਦਾਸ਼ਤ ਓਨੀ ਹੀ ਮਾੜੀ ਸੀ। ਉਹ ਸਕੂਲੇ ਵੀ ਪੜ੍ਹਦਾ, ਘਰ ਆ ਕੇ ਵੀ ਪੜ੍ਹਦਾ, ਪਰ ਫਿਰ ਵੀ ਪਿੱਛੇ ਰਹਿ ਜਾਂਦਾ। ਤੰਗ ਆ ਕੇ ਉਸ ਦੇ ਪਿਤਾ ਬਲੀਰਾਮ ਨੇ ਉਸ ਦੀ ਫੀਸ ਜਮ੍ਹਾਂ ਨਾ ਕਰਵਾਈ। ਸੁਖਦੇਵ ਨੇ ਦੁਕਾਨ ਦੇ ਗੱਲੇ ਵਿੱਚੋਂ ਪੈਸੇ ਲੈ ਕੇ ਉਸ ਦੀ ਫੀਸ ਜਮ੍ਹਾਂ ਕਰਵਾ ਦਿੱਤੀ ਅਤੇ ਉਸ ਨੂੰ ਆਪਣੇ ਨਾਲ ਪੜ੍ਹਾਉਣ ਲੱਗ ਪਿਆ। ਜੈਦੇਵ ਨੇ ਉਸ ਦੇ ਨਾਲ ਹੀ 1922 ਵਿੱਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਦੋਵੇਂ ਨੈਸ਼ਨਲ ਕਾਲਜ ਵਿੱਚ ਦਾਖਲ ਹੋ ਗਏ।

ਸੁਖਦੇਵ ਦੇ ਜਨਮ ਸਥਾਨ ਦੀ ਇੰਨੀ ਸਪੱਸ਼ਟ ਨਿਸ਼ਾਨਦੇਹੀ ਦੇ ਬਾਵਜੂਦ ਇਹ ਸਿਰਫ਼ ਲੋਕ ਸਮ੍ਰਿਤੀ ਤੋਂ ਹੀ ਨਹੀਂ ਵਿਸਰਿਆ ਸਗੋਂ ਸਰਕਾਰੀ ਬੇਧਿਆਨੀ ਦਾ ਵੀ ਸ਼ਿਕਾਰ ਹੋਇਆ। ਜੇਕਰ ਸਮਾਜਸੇਵੀ ਐਡਵੋਕੇਟ ਐੱਚ ਸੀ ਅਰੋੜਾ ਇਸ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਲੋਕ ਹਿੱਤ ਪਟੀਸ਼ਨ ਦਾਖਲ ਨਾ ਕਰਦੇ ਤਾਂ ਇਸ ਦਾ ਹਸ਼ਰ ਵੀ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਵਰਗਾ ਹੋ ਸਕਦਾ ਸੀ। ‘ਦਿ ਟ੍ਰਿਬਿਊਨ’ ਵਿੱਚ 18 ਮਾਰਚ 2007 ਨੂੰ ਕੰਚਨ ਵਾਸੂਦੇਵ ਦਾ ਇੱਕ ਲੇਖ ਛਪਿਆ ਸੀ, ਜਿਸ ਵਿੱਚ ਲਾਲਾ ਚਿੰਤਰਾਮ ਦੇ ਪੋਤਰੇ ਭਾਰਤ ਭੂਸ਼ਣ ਦਾ ਹਵਾਲਾ ਸੀ ਕਿ ਉਨ੍ਹਾਂ ਸਰਕਾਰ ਨੂੰ ਇਹ ਮਕਾਨ ਦੇਣ ਦੀ ਕਿੰਨੀ ਵਾਰ ਪੇਸ਼ਕਸ਼ ਕੀਤੀ ਸੀ ਤਾਂ ਜੋ ਸ਼ਹੀਦ ਸੁਖਦੇਵ ਦੀ ਇੱਥੇ ਯਾਦਗਾਰ ਬਣ ਸਕੇ, ਪਰ ਸਰਕਾਰੀ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਹੋਇਆ। ਭਾਰਤ ਭੂਸ਼ਣ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੀ ਸਾਂਝੇ ਪਰਿਵਾਰ ਵਿੱਚ ਇਸ ਮਕਾਨ ਵਿੱਚ ਰਹਿੰਦੇ ਸਨ। ਇੱਕ ਐੱਨ ਜੀ ਓ ਸ਼ਹੀਦ ਸੁਖਦੇਵ ਯਾਦਗਾਰ ਕਮੇਟੀ ਲੁਧਿਆਣਾ ਨੇ ਦੱਸਿਆ ਸੀ ਕਿ ਉਨ੍ਹਾਂ ਆਪਣੇ ਖਰਚੇ ’ਤੇ ਘਰ ਦੇ ਬਾਹਰਲੇ ਮੱਥੇ ਦੀ ਮੁਰੰਮਤ ਕਰਵਾਈ ਸੀ ਅਤੇ ਦਰਵਾਜ਼ੇ ’ਤੇ ਸ਼ਹੀਦ ਦਾ ਬੁੱਤ ਸਥਾਪਤ ਕੀਤਾ ਸੀ। ਇਸ ਦੇ ਨਾਲ ਇਹ ਵੀ ਦੱਸਿਆ ਕਿ ਰਾਜ ਬੱਬਰ ਆਏ ਸਨ ਅਤੇ ਉਨ੍ਹਾਂ ਸ਼ਹੀਦ ਦੀ ਯਾਦਗਾਰ ਦੀ ਬੇਹੁਰਮਤੀ ਬਾਰੇ ਬਹੁਤ ਰੌਲਾ ਪਾਇਆ ਸੀ ਅਤੇ ਸਹਾਇਤਾ ਭੇਜਣ ਦਾ ਭਰੋਸਾ ਦਿੱਤਾ ਸੀ, ਜਿਹੜੀ ਸਰਕਾਰੀ ਵਾਅਦਿਆਂ ਵਾਂਗ ਵਫ਼ਾ ਨਾ ਹੋਈ। ਇਸ ਤੋਂ ਪਹਿਲਾਂ ਵੀ ‘ਦਿ ਟ੍ਰਿਬਿਊਨ’ ਨੇ 24 ਜੁਲਾਈ 2000 ਨੂੰ ਇਸ ਮੁਤੱਲਕ ਪੱਤਰਕਾਰ ਜੁਪਿੰਦਰਜੀਤ ਸਿੰਘ ਦੀ ਰਿਪੋਰਟ ਛਾਪੀ ਸੀ ਅਤੇ ਇੱਕ ਰਿਪੋਰਟ 12 ਜੂਨ 2006 ਨੂੰ ਛਪੀ ਸੀ। ਐਡਵੋਕੇਟ ਐੱਚ ਸੀ ਅਰੋੜਾ ਨੇ ਅਖ਼ਬਾਰ ਦੀਆਂ ਇਨ੍ਹਾਂ ਰਿਪੋਰਟਾਂ ਨੂੰ ਆਧਾਰ ਬਣਾਉਂਦਿਆਂ ਲੋਕ ਹਿੱਤ ਪਟੀਸ਼ਨ (ਪੀ ਆਈ ਐੱਲ) ਦਾਇਰ ਕਰ ਕੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਨੂੰ ਇਸ ਸਬੰਧੀ ਲੋੜੀਂਦੇ ਹੁਕਮ ਦੇਵੇ ਅਤੇ ਸ਼ਹੀਦ ਸੁਖਦੇਵ ਦੇ ਜੱਦੀ ਮਕਾਨ ਨੂੰ ਕੌਮੀ ਯਾਦਗਾਰ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।

ਸ਼ਹੀਦ ਦੇ ਘਰ ਵਿੱਚ ਲੱਗੀ ਹੋਈ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਮਾਤਾ ਰੱਲੀ ਦੇਵੀ ਦੀ ਤਸਵੀਰ।
ਸ਼ਹੀਦ ਦੇ ਘਰ ਵਿੱਚ ਲੱਗੀ ਹੋਈ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਮਾਤਾ ਰੱਲੀ ਦੇਵੀ ਦੀ ਤਸਵੀਰ।

ਯਾਦਗਾਰ ਬਾਰੇ ਚੁੱਕੇ ਗਏ ਕਾਨੂੰਨੀ ਕਦਮਾਂ ਦੀ ਹੋਰ ਗੱਲ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਸ਼ਹੀਦ ਸੁਖਦੇਵ ਬਾਰੇ ਕੁਝ ਹੋਰ ਜਾਣ ਲਈਏ ਕਿ ਉਹ ਕੌਣ ਸੀ। ਇਸ ਲਈ ਉਸ ਨੂੰ ਫਾਂਸੀ ਦਾ ਹੁਕਮ ਸੁਣਾਉਣ ਵਾਲੇ ਜਸਟਿਸ ਜੀ ਸੀ ਹਿਲਟਨ ਤੋਂ ਬਿਹਤਰ ਵਿਅਕਤੀ ਹੋਰ ਕੌਣ ਹੋ ਸਕਦਾ ਹੈ, ਜਿਸ ਨੇ ਆਪਣੇ ਫ਼ੈਸਲੇ ਵਿੱਚ ਸੁਖਦੇਵ ਦਾ ਬਿਉਰਾ ਦਰਜ ਕਰਦੇ ਹੋਏ ਲਿਖਿਆ ਸੀ ਕਿ ਉਹ ਪੰਜਾਬ ਵਿੱਚ ਇਨਕਲਾਬੀ ਲਹਿਰ ਦਾ ਮੁੱਖ ਧੁਰਾ ਸੀ।

ਲਾਹੌਰ ਸਾਜ਼ਿਸ਼ ਕੇਸ ਦੇ ਮੁੁਕੱਦਮੇ ਲਈ ਬਣਾਏ ਗਏ ਟ੍ਰਿਬਿਊਨਲ ਅਨੁਸਾਰ ਸੁਖਦੇਵ ਪੰਜਾਬ ਵਿੱਚ ਨਵੇਂ ਮੈਂਬਰਾਂ ਦੀ ਭਰਤੀ ਕਰਦਾ ਸੀ ਅਤੇ ਉਹ ਹਿੰਦੋਸਤਾਨ ਸੋਸ਼ਲਿਸਟ ਰੈਵੋਲਿਊਸ਼ਨਰੀ ਐਸੋਸੀਏਸ਼ਨ ਦੀ ਕੇਂਦਰੀ ਕਮੇਟੀ ਦਾ ਮੈਂਬਰ ਅਤੇ ਪੰਜਾਬ ਦਾ ਮੁਖੀ ਸੀ। ਉਹ ਐੱਚ ਐੱਸ ਆਰ ਏ ਵੱਲੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਗਤੀਵਿਧੀਆਂ ਤੋਂ ਜਾਣੂੰ ਸੀ। ਜੇ ਪੀ ਸਾਂਡਰਸ ਦੇ ਕਤਲ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਡਕੈਤੀ ਦੀ ਕੋਸ਼ਿਸ਼ ਬਾਰੇ ਵੀ ਜਾਣਦਾ ਸੀ। ਆਗਰਾ ਵਿੱਚ ਬੰਬ ਬਣਾਉਣ ਵਾਲਿਆਂ ਦਾ ਸਾਥੀ ਅਤੇ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਫ਼ੈਸਲਾ ਲੈਣ ਵਾਲਿਆਂ ਵਿੱਚੋਂ ਇੱਕ ਸੀ।

ਫ਼ੈਸਲੇ ਵਿੱਚ ਜੱਜ ਨੇ ਬਿਨਾਂ ਕਿਸੇ ਦੁਚਿੱਤੀ ਦੇ ਲਿਖਿਆ ਕਿ ‘ਸੁਖਦੇਵ ਕੁੱਲ ਸਾਜ਼ਿਸ਼ ਦਾ ਦਿਮਾਗ਼ ਸੀ’ ਜਦੋਂਕਿ ‘ਭਗਤ ਸਿੰਘ ਇਸ ਨੂੰ ਨੇਪਰੇ ਚਾੜ੍ਹਨ ਵਿੱਚ ਉਸ ਦੀ ਸੱਜੀ ਬਾਂਹ’ ਸੀ। ਅਦਾਲਤ ਨੇ ਕਿਹਾ ਕਿ ਉਸ ਦਾ ਗੁਨਾਹ ਕਿਵੇਂ ਵੀ ਭਗਤ ਸਿੰਘ ਤੋਂ ਘੱਟ ਨਹੀਂ ਹੈ। ਇਸ ਲਈ ਉਸ ਨੂੰ ਵੀ ਫਾਂਸੀ ਦੀ ਸਜ਼ਾ ਦੇਣੀ ਜ਼ਰੂਰੀ ਹੈ। ਅਸੀਂ ਭਾਵੇਂ ਟ੍ਰਿਬਿਊਨਲ ਦੀ ਕਾਨੂੰਨੀ ਵਾਜਬਤਾ ਜਾਂ ਇਸ ਨਾਲ ਜੁੜੇ ਰਾਜਨੀਤਕ ਪਹਿਲੂਆਂ ਬਾਰੇ ਬਹਿਸ ਕਰ ਲਈਏ, ਪਰ ਇਸ ਸੱਚ ਦੀ ਗਵਾਹੀ ਉਨ੍ਹਾਂ ਦੇ ਸਾਥੀਆਂ ਦੀਆਂ ਬਾਅਦ ਦੀਆਂ ਲਿਖਤਾਂ ਦਿੰਦੀਆਂ ਹਨ ਕਿ ਸੁਖਦੇਵ ਪੰਜਾਬ ਵਿੱਚ ਇਨਕਲਾਬੀ ਲਹਿਰ ਦਾ ਧੁਰਾ ਸੀ।

ਸੁਖਦੇਵ ਇਨਕਲਾਬੀ ਲਹਿਰ ਲਈ ਮੈਂਬਰਾਂ ਦੀ ਸਿਰਫ਼ ਭਰਤੀ ਹੀ ਨਹੀਂ ਕਰਦਾ ਸੀ, ਸਗੋਂ ਉਨ੍ਹਾਂ ਦੇ ਹਰ ਦੁੱਖ ਸੁਖ ਦਾ ਧਿਆਨ ਵੀ ਰੱਖਦਾ ਸੀ। ਉਨ੍ਹਾਂ ਦੇ ਕੱਪੜੇ, ਖਾਣਾ, ਸਫ਼ਰ, ਰਿਹਾਇਸ਼, ਇਨਕਲਾਬੀ ਪੜ੍ਹਾਈ ਅਤੇ ਸਿਖਲਾਈ ਆਦਿ ਸਾਰੇ ਪਹਿਲੂਆਂ ਦਾ ਨਿੱਜੀ ਤੌਰ ’ਤੇ ਪ੍ਰਬੰਧ ਕਰਦਾ ਸੀ। ਇਸ ਸਭ ਕੁਝ ਦਾ ਪ੍ਰਬੰਧ ਕਰਨ ਲਈ ਉਹ ਪੈਸਿਆਂ ਦਾ ਪ੍ਰਬੰਧ ਵੀ ਕਰਦਾ, ਜੋ ਅਕਸਰ ਹੀ ਉਸ ਕੋਲ ਨਹੀਂ ਸੀ ਹੁੰਦੇ। ਉਸ ਦੀ ਭੈਣ ਗੌਰਾਂਦੇਵੀ, ਜਿਸ ਦਾ ਉਸ ਸਮੇਂ ਤੱਕ ਵਿਆਹ ਹੋ ਚੁੱਕਿਆ ਸੀ, ਪਿਆਰ ਅਤੇ ਪ੍ਰੇਸ਼ਾਨੀ ਨਾਲ ਉਸ ਨੂੰ ਯਾਦ ਕਰਦਿਆਂ ਕਹਿੰਦੀ ਹੈ ਕਿ ਸੁਖਦੇਵ ਹਮੇਸ਼ਾ ਪੈਸੇ ਤੋਂ ਟੁੱਟਿਆ ਰਹਿੰਦਾ ਸੀ ਅਤੇ ਕਦੇ ਵੀ ਪੈਸੇ ਮੰਗਣ ਵਿੱਚ ਕੋਈ ਝਿਜਕ ਜਾਂ ਸ਼ਰਮ ਮਹਿਸੂਸ ਨਹੀਂ ਸੀ ਕਰਦਾ। ਜਿਸ ਤੋਂ ਜੋ ਵੀ ਮਿਲਦਾ, ਲੈ ਲੈਂਦਾ। ਜਿਹੜੇ ਵੀ ਕੱਪੜੇ ਮਿਲਦੇ, ਲੈ ਜਾਂਦਾ। ਜੇ ਆਖਦੇ ਕਿ ਜਿਹੜੇ ਕੱਪੜੇ ਪਹਿਲਾਂ ਲੈ ਗਿਆ ਸੀ ਉਨ੍ਹਾਂ ਦਾ ਕੀ ਕੀਤਾ ਤਾਂ ਕਹਿ ਦਿੰਦਾ, ਦੋਸਤਾਂ ਨੇ ਪਾ ਲਏ। ਉਹ ਨੈਸ਼ਨਲ ਕਾਲਜ ਦੇ ਅਧਿਆਪਕਾਂ, ਸੰਗੀ ਸਾਥੀਆਂ, ਲਾਲਾ ਲਾਜਪਤ ਰਾਏ, ਭਾਈ ਪਰਮਾਨੰਦ ਆਦਿ ਜੋ ਵੀ ਉਸ ਨੂੰ ਮਿਲ ਜਾਂਦਾ, ਉਨ੍ਹਾਂ ਤੋਂ ਪੈਸੇ ਮੰਗ ਲੈਂਦਾ। ਕਿਤੋਂ ਪੱਕੇ ਤੌਰ ’ਤੇ ਅਤੇ ਕਿਤੋਂ ਉਧਾਰ, ਹਾਲਾਂਕਿ ਉਧਾਰ ਫੜਿਆ ਵੀ ਉਸ ਨੇ ਕਿਹੜਾ ਮੋੜਨਾ ਹੁੰਦਾ ਸੀ।

ਸੁਖਦੇਵ ਨੇ ਆਪਣੇ ਇੱਕ ਸਾਥੀ ਨੂੰ ਲਿਖੇ ਪੱਤਰ ਵਿੱਚ ਦੱਸਿਆ ਸੀ ਕਿ ਪੈਸੇ ਦੀ ਲੋੜ ਦੀ ਪੂਰਤੀ ਲਈ ਪੈਸੇ ਮੰਗਣ ਤੋਂ ਇਲਾਵਾ ਉਸ ਕੋਲ ਕੋਈ ਸਾਧਨ ਨਹੀਂ ਸੀ। ਸਮਕਾਲੀ ਲਿਖਤਾਂ ਦੱਸਦੀਆਂ ਹਨ ਕਿ ਪੰਜਾਬ ਕਾਂਗਰਸ ਦੇ ਸਾਰੇ ਨੇਤਾ ਵੇਲੇ-ਕੁਵੇਲੇ ਉਨ੍ਹਾਂ ਦੀ ਮਾਲੀ ਸਹਾਇਤਾ ਕਰਦੇ ਸਨ। ਸੁਖਦੇਵ ਅਨੁਸਾਰ ਸਾਂਡਰਸ ਦੇ ਕਤਲ ਮਗਰੋਂ ਪੈਸੇ ਸਬੰਧੀ ਉਨ੍ਹਾਂ ਦੀ ਤੰਗੀ ਮੁੱਕ ਗਈ ਸੀ ਅਤੇ ਲੋੜੀਂਦੇ ਪੈਸੇ ਆਸਾਨੀ ਨਾਲ ਮਿਲ ਜਾਂਦੇ ਸਨ।

ਪਾਰਟੀ ਦਾ ਕਾਰਜ ਨਿੱਠ ਕੇ ਚਲਾਉਣਾ ਹੀ ਸੁਖਦੇਵ ਦਾ ਇਕਲੌਤਾ ਗੁਣ ਨਹੀਂ ਸੀ। ਸਾਥੀ ਸ਼ਿਵ ਵਰਮਾ, ਸੁਖਦੇਵ ਬਾਰੇ ਆਪਣੀਆਂ ਯਾਦਾਂ ਵਿੱਚ ਲਿਖਦੇ ਹਨ ਕਿ ਉਹ ਖ਼ੁਦ ਕੋਈ ਨਵਾਂ ਕੱਪੜਾ ਨਹੀਂ ਸੀ ਪਹਿਨਦਾ ਸਗੋਂ ਹੋਰ ਸਾਥੀਆਂ ਨੂੰ ਦੇ ਕੇ ਖ਼ੁਸ਼ ਹੋ ਜਾਂਦਾ ਸੀ। ਆਪਣੀ ਭੁੱਖ, ਤਕਲੀਫ਼ ਉਸ ਨੂੰ ਕਦੇ ਯਾਦ ਨਹੀਂ ਸੀ ਆਉਂਦੀ। ਉਹ ਭਾਵੁਕ ਵੀ ਬਹੁਤ ਸੀ। ਉਸ ਦੀ ਬਾਂਹ ’ਤੇ ਉਸ ਦਾ ਨਾਂ ਅਤੇ ਓਮ ਖੁਣੇ ਹੋਏ ਸਨ। ਇਸ ਡਰੋਂ ਕਿ ਜੇਕਰ ਉਹ ਫੜਿਆ ਗਿਆ ਤਾਂ ਉਸ ਦੀ ਪਛਾਣ ਜ਼ਾਹਿਰ ਹੋ ਜਾਵੇਗੀ ਅਤੇ ਸਾਥੀ ਮੁਸੀਬਤ ਵਿੱਚ ਫਸ ਜਾਣਗੇ, ਉਸ ਨੇ ਬੰਬ ਬਣਾਉਣ ਲਈ ਲਿਆਂਦੇ ਸ਼ੋਰੇ ਦਾ ਤੇਜ਼ਾਬ ਆਪਣੀ ਬਾਂਹ ’ਤੇ ਪਾ ਲਿਆ ਸੀ। ਬਾਂਹ ਸੁੱਜ ਕੇ ਕੁੱਪੇ ਵਰਗੀ ਹੋ ਗਈ, ਬੁਖ਼ਾਰ ਚੜ੍ਹ ਗਿਆ ਪਰ ਉਸ ਨੇ ਉਫ਼ ਨਾ ਕੀਤੀ। ਜਦੋਂ ਪੁੱਛਿਆ ਕਿ ਉਸ ਨੇ ਇਹ ਕੀ ਬੇਵਕੂਫ਼ੀ ਕੀਤੀ ਹੈ ਤਾਂ ਕਹਿਣ ਲੱਗਿਆ ਕਿ ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਕਿੰਨੀ ਕੁ ਪੀੜ ਜਰ ਸਕਦਾ ਹਾਂ। ਇੱਕ ਹੋਰ ਮੌਕੇ ਉਹ ਬ੍ਰਾਂਡੀ ਦੀ ਅੱਧੀ ਬੋਤਲ ਪੀ ਗਿਆ, ਸਿਰਫ਼ ਇਹ ਦੇਖਣ ਲਈ ਕਿ ਇਸ ਵਿੱਚ ਅਜਿਹਾ ਕੀ ਸੀ ਕਿ ਲੋਕ ਇਸ ਨੂੰ ਪੀਣ ਲਈ ਇੰਨੇ ਉਤਾਵਲੇ ਰਹਿੰਦੇ ਸਨ। ਨਿੱਕੀਆਂ ਨਿੱਕੀਆਂ ਗੱਲਾਂ ’ਤੇ ਵੀ ਉਹ ਰੱਜ ਕੇ ਹੱਸਦਾ ਸੀ, ਉੱਚੀ-ਉੱਚੀ। ਸ਼ਿੱਦਤ, ਜ਼ਿੱਦ, ਉਦਾਰਤਾ ਅਤੇ ਹਾਸਾ ਭਾਵੇਂ ਕਿੰਨੇ ਵੀ ਆਪਾ-ਵਿਰੋਧੀ ਲੱਗਣ, ਉਸ ਦੇ ਮੀਰੀ ਗੁਣ ਸਨ।

ਐੱਸ ਡੀ ਹਾਈ ਸਕੂਲ ਲਾਇਲਪੁਰ ਤੋਂ 1922 ਵਿੱਚ ਦਸਵੀਂ ਪਾਸ ਕਰ ਕੇ ਉਹ ਆਪਣੇ ਚਚੇਰੇ ਭਾਈ ਜੈਦੇਵ ਥਾਪਰ ਨਾਲ ਨੈਸ਼ਨਲ ਕਾਲਜ, ਲਾਹੌਰ ਵਿੱਚ ਦਾਖਲ ਹੋ ਗਿਆ। ਉਸ ਦੇ ਤਾਇਆ ਲਾਲਾ ਚਿੰਤਰਾਮ ਉਸ ਸਮੇਂ ਅੰਦੋਲਨ ਦੌਰਾਨ ਜੇਲ੍ਹ ਵਿੱਚ ਸਨ। ਉਨ੍ਹਾਂ ਸੁਨੇਹਾ ਭੇਜਿਆ ਸੀ ਕਿ ਉਹ ਡੀ ਏ ਵੀ ਕਾਲਜ ਵਿੱਚ ਦਾਖਲਾ ਲੈ ਲਵੇ, ਪਰ ਉਹ ਨਾ ਮੰਨਿਆ ਤੇ ਨੈਸ਼ਨਲ ਕਾਲਜ ਪੁੱਜ ਗਿਆ। ਇੱਥੇ ਉਸ ਦਾ ਵਾਹ ਭਗਤ ਸਿੰਘ ਨਾਲ ਪਿਆ ਅਤੇ ਦੋਵਾਂ ਦੀ ਦੋਸਤੀ ਇੱਥੇ ਹੀ ਪਰਵਾਨ ਚੜ੍ਹੀ। ਯਸ਼ਪਾਲ, ਭਗਵਤੀਚਰਨ ਵੋਹਰਾ ਅਤੇ ਝੰਡਾ ਸਿੰਘ ਵੀ ਇੱਥੇ ਹੀ ਸਨ। ਉਨ੍ਹਾਂ ਇਤਿਹਾਸ, ਸਾਹਿਤ, ਰਾਜਨੀਤਕ ਸਿਧਾਂਤ, ਅਰਥ ਸ਼ਾਸਤਰ ਅਤੇ ਸਾਹਿਤ ਨਿੱਠ ਕੇ ਪੜ੍ਹਿਆ। ਦਵਾਰਕਾਦਾਸ ਲਾਇਬ੍ਰੇਰੀ ਤਾਂ ਜਿਵੇਂ ਉਨ੍ਹਾਂ ਲਈ ਹੀ ਬਣੀ ਸੀ ਅਤੇ ਉੱਥੋਂ ਦੇ ਲਾਇਬ੍ਰੇਰੀਅਨ ਰਾਜਾਰਾਮ ਸ਼ਾਸਤਰੀ ਉਨ੍ਹਾਂ ਲਈ ਹਰ ਕਿਤਾਬ ਉਪਲੱਬਧ ਕਰਨ ਲਈ ਤਤਪਰ ਰਹਿੰਦੇ ਸਨ। ਇਹ ਸਾਰੇ ਵਿਦਿਆਰਥੀ ਇੱਕ ਇੱਕ ਨੁਕਤੇ ’ਤੇ ਘੰਟਿਆਂਬੱਧੀ ਬਹਿਸ ਕਰਦੇ। ਸ਼ਿਵ ਵਰਮਾ ਨੇ ਲਿਖਿਆ ਹੈ ਕਿ ਭਗਤ ਸਿੰਘ ਤੋਂ ਇਲਾਵਾ ਸਮਾਜਵਾਦ ਬਾਰੇ ਸੁਖਦੇਵ ਤੋਂ ਵੱਧ ਕਿਸੇ ਨੇ ਵੀ ਗੰਭੀਰਤਾ ਨਾਲ ਅਧਿਐਨ ਨਹੀਂ ਕੀਤਾ ਸੀ। ਭਗਤ ਸਿੰਘ ਤੇ ਭਗਵਤੀਚਰਨ ਵੋਹਰਾ ਪਾਰਟੀ ਦੀ ਨੀਤੀ ਘੜਦੇ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਲੇਖ ਲਿਖਦੇ, ਸੁਖਦੇਵ ਦੇ ਹਿੱਸੇ ਜ਼ਿਆਦਾਤਰ ਪਾਰਟੀ ਨੂੰ ਖੜ੍ਹਾ ਕਰਨ ਅਤੇ ਚਲਾਉਣ ਦੀ ਜ਼ਿੰਮੇਵਾਰੀ ਆਉਂਦੀ, ਜਿਸ ਦਾ ਅਕਸਰ ਕੋਈ ਜ਼ਿਕਰ ਨਹੀਂ ਹੁੰਦਾ ਸੀ।

ਇਨਕਲਾਬੀ ਇਤਿਹਾਸ ਨੂੰ ਇੱਕ ਵੱਡਾ ਮੋੜ ਦੇਣ ਵਾਲਾ ਫ਼ੈਸਲਾ ਵੀ ਸੁਖਦੇਵ ਨੇ ਹੀ ਕੀਤਾ ਸੀ। ਅਸੈਂਬਲੀ ਵਿੱਚ ਬੰਬ ਸੁੱਟਣ ਲਈ ਭਗਤ ਸਿੰਘ ਦੀ ਚੋਣ ਨਹੀਂ ਹੋਈ ਸੀ, ਹੋਰ ਸਾਥੀਆਂ ਦੀ ਹੋਈ ਸੀ। ਜਦੋਂ ਸੁਖਦੇਵ ਨੂੰ ਪਤਾ ਲੱਗਿਆ ਤਾਂ ਉਹ ਭੜਕ ਪਿਆ ਅਤੇ ਉਸ ਨੂੰ ਲੱਗਿਆ ਕਿ ਸ਼ਾਇਦ ਭਗਤ ਸਿੰਘ ਇਸ ਐਕਸ਼ਨ ਤੋਂ ਪਾਸਾ ਵੱਟ ਗਿਆ ਸੀ। ਹਾਲਾਂਕਿ ਭਗਤ ਸਿੰਘ ਨੇ ਆਪਣਾ ਨਾਂ ਪੇਸ਼ ਕੀਤਾ ਸੀ, ਪਰ ਕਮੇਟੀ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਪੁਲੀਸ ਪਹਿਲਾਂ ਹੀ ਸਾਂਡਰਸ ਕਤਲ ਕੇਸ ਵਿੱਚ ਉਸ ਦੀ ਭਾਲ ਕਰ ਰਹੀ ਹੈ ਤੇ ਇਸ ਦੌਰਾਨ ਉਹ ਫੜਿਆ ਜਾਵੇਗਾ ਅਤੇ ਸਾਂਡਰਸ ਕੇਸ ਵੀ ਉਸ ਜ਼ਿੰਮੇ ਆ ਜਾਵੇਗਾ। ਸੁਖਦੇਵ ਦੀ ਦਲੀਲ ਸੀ ਕਿ ਇਹ ਐਕਸ਼ਨ ਨਿਰੋਲ ਰੂਪ ਵਿੱਚ ਪਾਰਟੀ ਦੇ ਵਿਚਾਰਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਲਈ ਕੀਤਾ ਜਾ ਰਿਹਾ ਸੀ ਅਤੇ ਇਸ ਨੂੰ ਭਗਤ ਸਿੰਘ ਤੋਂ ਵਧੀਆ ਕੋਈ ਪੇਸ਼ ਨਹੀਂ ਸੀ ਕਰ ਸਕਦਾ। ਜੇ ਐਕਸ਼ਨ ਦਾ ਸਿੱਟਾ ਹੀ ਚੰਗਾ ਨਾ ਨਿਕਲਣਾ ਹੋਵੇ ਤਾਂ ਐਕਸ਼ਨ ਕਰਨ ਦਾ ਕੀ ਲਾਭ? ਇਸੇ ਲਈ ਪਾਰਟੀ ਨੇ ਆਪਣਾ ਫ਼ੈਸਲਾ ਬਦਲ ਕੇ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਲਈ ਭੇਜਿਆ। ਸੁਖਦੇਵ ਦਾ ਕਹਿਣਾ ਸੀ ਕਿ ਅਸੀਂ ਅਸੈਂਬਲੀ ਵਿੱਚ ਸੁੱਟੇ ਬੰਬ ਦੇ ਬਹਾਨੇ ਆਪਣੇ ਵਿਚਾਰਾਂ ਦਾ ਬੰਬ ਅਦਾਲਤ ਵਿੱਚ ਸੁੱਟਣਾ ਹੈ ਤਾਂ ਜੋ ਦੇਸ਼ ਦਾ ਬੱਚਾ-ਬੱਚਾ ਪਾਰਟੀ ਦੇ ਵਿਚਾਰਾਂ ਅਤੇ ਸਿਧਾਂਤਾਂ ਤੋਂ ਜਾਣੂੰ ਹੋ ਜਾਵੇ ਅਤੇ ਹੋਇਆ ਵੀ ਇਹੀ।

ਸੁਖਦੇਵ ਅਨੁਸਾਰ ਇਹ ਬੰਬਾਂ ਦੀ ਨਹੀਂ ਸਗੋਂ ਵਿਚਾਰਾਂ ਦੀ ਜੰਗ ਸੀ। ਇਸ ਲਈ ਉਹ ਆਪਣੇ ਸਭ ਤੋਂ ਪਿਆਰੇ ਮਿੱਤਰ ਨੂੰ ਦਾਅ ’ਤੇ ਲਾਉਣ ਲਈ ਇੱਕ ਪਲ ਵੀ ਨਾ ਝਿਜਕਿਆ। ਇਸ ਘਟਨਾ ਨੇ ਇਨਕਲਾਬੀ ਲਹਿਰ ਦਾ ਮੂੰਹ ਮੱਥਾ ਹੀ ਨਹੀਂ ਸਗੋਂ ਦੇਸ਼ ਦਾ ਇਤਿਹਾਸ ਵੀ ਬਦਲ ਦਿੱਤਾ।

ਐਡਵੋਕੇਟ ਐੱਚ ਸੀ ਅਰੋੜਾ ਦੀ ਪਾਈ ਪਟੀਸ਼ਨ ਦੀ ਗੱਲ ਕਰੀਏ ਤਾਂ 12 ਜੁਲਾਈ 2007 ਨੂੰ ਪੰਜਾਬ ਸਰਕਾਰ ਨੇ ਹਲਫ਼ਨਾਮਾ ਦਾਇਰ ਕੀਤਾ, ‘ਪੰਜਾਬ ਏਂਸ਼ੀਐਂਟ ਐਂਡ ਹਿਸਟੌਰੀਕਲ ਮੌਨੂਮੈਂਟਸ ਐਂਡ ਆਰਕਿਓਲੌਜੀਕਲ ਸਾਈਟਸ ਐਂਡ ਰਿਮੇਨਜ਼ ਐਕਟ 1964 ਅਧੀਨ ਨੋਟੀਫਿਕੇਸ਼ਨ ਨੰਬਰ 10/38/07-4 Tc/84 ਮਿਤੀ 17 ਮਈ 2007 ਨੂੰ ਸ਼ਹੀਦ ਸੁਖਦੇਵ ਦੇ ਨੌਘਰਾ ਮੁਹੱਲਾ ਲੁਧਿਆਣਾ ਸਥਿਤ ਘਰ ਨੂੰ ਸੁਰੱਖਿਅਤ ਇਮਾਰਤਾਂ ਵਿੱਚ ਸ਼ਾਮਿਲ ਕਰਨ ਦਾ ਫ਼ੈਸਲਾ ਕਰ ਲਿਆ ਹੈ ਅਤੇ ਇਸ ਬਾਰੇ ਇਤਰਾਜ਼ ਸੱਦਣ ਲਈ ਦੋ ਮਹੀਨਿਆਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦੋ ਮਹੀਨਿਆਂ ਮਗਰੋਂ ਪ੍ਰਾਪਤ ਹੋਏ ਇਤਰਾਜ਼ਾਂ ’ਤੇ ਵਿਚਾਰ ਕਰਦਿਆਂ ਜ਼ਰੂਰੀ ਕਾਨੂੰਨੀ ਕਾਰਵਾਈ ਕਰ ਲਈ ਜਾਵੇਗੀ।’ ਐਡਵੋਕੇਟ ਐੱਚ ਸੀ ਅਰੋੜਾ ਵੱਲੋਂ ਪਾਈ ਪੀ ਆਈ ਐੱਲ ਵਿੱਚ ਦੂਜਾ ਸਵਾਲ ਸੁਖਦੇਵ ਦੇ ਜੱਦੀ ਘਰ ਵਿੱਚ ਬੈਠੇ ਕਿਰਾਏਦਾਰ ਤੋਂ ਘਰ ਖਾਲੀ ਕਰਵਾਉਣਾ ਸੀ। ਪਟੀਸ਼ਨ ਅਨੁਸਾਰ ਕਿਰਾਏਦਾਰ ਅਤੇ ਮੌਜੂਦਾ ਮਾਲਕਾਂ ਨੂੰ ਬਣਦਾ ਇਵਜ਼ਾਨਾ ਦੇ ਕੇ ਇਮਾਰਤ ਨੂੰ ਕੌਮੀ ਸਮਾਰਕ ਐਲਾਨਿਆ ਜਾਵੇ। ਚੀਫ ਜਸਟਿਸ ਵਿਜੇਂਦਰ ਜੈਨ ਅਤੇ ਜਸਟਿਸ ਮਹੇਸ਼ ਗਰੋਵਰ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਆਪਣੇ ਫ਼ੈਸਲੇ ਵਿੱਚ ਸਰਕਾਰ ਦੇ ਹਲਫ਼ਨਾਮੇ ਨੂੰ ਦਰਜ ਕੀਤਾ ਅਤੇ ਇਸ ਅਨੁਸਾਰ ਕਾਰਜ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ। ਸਰਕਾਰ ਨੇ ਆਪਣੇ ਹਲਫ਼ਨਾਮੇ ਵਿੱਚ ਇਹ ਵੀ ਕਿਹਾ ਸੀ ਕਿ ਕਿਸੇ ਵੀ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਇਹ ਮਕਾਨ ਸੌਂਪਣ ਦੀ ਪੇਸ਼ਕਸ਼ ਨਹੀਂ ਕੀਤੀ ਸੀ। ਪਰ ਇਹ ਰਿਸ਼ਤੇਦਾਰ ਕੌਣ ਸਨ? ਇਸ ਦੀ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਗਈ। ਰਾਮਲਾਲ ਦੇ ਦੋ ਪੁੱਤਰ ਸਨ। ਸੁਖਦੇਵ ਨੂੰ ਫਾਂਸੀ ਲੱਗ ਗਈ ਅਤੇ ਮਥਰਾਦਾਸ ਦੇ ਕੋਈ ਔਲਾਦ ਨਹੀਂ ਹੋਈ, ਪਰ ਉਨ੍ਹਾਂ ਨੇ ਇੱਕ ਬੱਚੀ ਨੂੰ ਗੋਦ ਲਿਆ ਸੀ। ਲਾਲਾ ਚਿੰਤਰਾਮ ਅਤੇ ਬਲੀਰਾਮ ਦੇ ਵਾਰਿਸ ਮੌਜੂਦ ਹਨ, ਪਰ ਸਰਕਾਰ ਵੱਲੋਂ ਕਿਸੇ ਨਾਲ ਵੀ ਸੰਪਰਕ ਕੀਤੇ ਜਾਣ ਦਾ ਕੋਈ ਵੇਰਵਾ ਨਹੀਂ ਅਤੇ ਨਾ ਹੀ ਉਨ੍ਹਾਂ ਵਿੱਚੋਂ ਕਿਸੇ ਨੇ ਅਜਿਹੀ ਹਾਮੀ ਭਰੀ। ਸ਼ਹੀਦ ਸੁਖਦੇਵ ਦੇ ਨਾਂ ’ਤੇ ਬਣੀਆਂ ਸੁਸਾਇਟੀਆਂ ਦੀ ਕਾਨੂੰਨੀ ਸਥਿਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਸ਼ਹੀਦ ਸੁਖਦੇਵ ਦੇ ਅਸਲ ਵਾਰਿਸਾਂ ਤੱਕ ਹੀ ਪਹੁੰਚ ਕਰਨੀ ਬਣਦੀ ਸੀ, ਜਿਹੜੀ ਨਹੀਂ ਕੀਤੀ ਗਈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਖਲ ਹੋਈ ਇੱਕ ਹੋਰ ਰਿਟ ਪਟੀਸ਼ਨ ਦਾ ਫ਼ੈਸਲਾ 10 ਅਪਰੈਲ 2008 ਨੂੰ ਹੋਇਆ, ਜਿਸ ਵਿੱਚ ਅਦਾਲਤ ਨੇ ਕਿਹਾ ਕਿ ਸੁਰੱਖਿਅਤ ਕੀਤੇ ਗਏ ਸਮਾਰਕਾਂ ’ਤੇ ਹੋਏ ਨਾਜਾਇਜ਼ ਕਬਜ਼ੇ ਖਾਲੀ ਕਰਵਾਏ ਜਾਣ। ਸ਼ਹੀਦ ਸੁਖਦੇਵ ਦਾ ਨੌਘਰੇ ਮੁਹੱਲੇ ਦਾ ਜਨਮ ਸਥਾਨ ਵੀ ਇਸ ਵਿੱਚ ਹੀ ਆਉਂਦਾ ਹੈ। ਇਹ ਮਸਲਾ ਉਦੋਂ ਹੋਰ ਉਲਝ ਗਿਆ ਜਦੋਂ 21 ਮਈ 2008 ਨੂੰ ਸੱਭਿਆਚਾਰ ਵਿਭਾਗ ਨੇ ਇਸ ਸਬੰਧੀ ਅੰਤਿਮ ਨੋਟੀਫਿਕੇਸ਼ਨ ਜਾਰੀ ਕੀਤਾ। ‘ਦਿ ਟ੍ਰਿਬਿਊਨ’ ਵਿੱਚ ਇੱਕ ਖ਼ਬਰ ਛਪੀ ਕਿ ਸ਼ਹੀਦ ਸੁਖਦੇਵ ਮੈਮੋਰੀਅਲ ਟਰੱਸਟ ਨੇ ਇਸ ਬਾਰੇ ਭਾਰੀ ਇਤਰਾਜ਼ ਜਤਾਇਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਟਰੱਸਟ ਨੇ 3.5 ਲੱਖ ਰੁਪਏ ਤਾਰ ਕੇ ਕਿਰਾਏਦਾਰ ਤੋਂ ਮਕਾਨ ਖਾਲੀ ਕਰਵਾਇਆ ਅਤੇ ਹੁਣ ਸਰਕਾਰ ਜ਼ਬਰਦਸਤੀ ਇਸ ਦਾ ਮਾਲਿਕ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂਕਿ ਸਰਕਾਰ ਨੇ ਹੁਣ ਤੱਕ ਇਸ ਬਾਰੇ ਕੁਝ ਨਹੀਂ ਕੀਤਾ। ਉਨ੍ਹਾਂ ਨੇ ਦੋ ਮਹੀਨਿਆਂ ਦੇ ਦਿੱਤੇ ਸਮੇਂ ਵਿੱਚ ਵੀ ਕੋਈ ਇਤਰਾਜ਼ ਦਰਜ ਨਹੀਂ ਕਰਵਾਇਆ ਸੀ।

ਪੰਜਾਬ ਸਰਕਾਰ ਨੇ 11 ਜੂਨ 2008 ਨੂੰ ਸ਼ੀਸ਼ ਮਹਿਲ, ਪਟਿਆਲਾ ਵਿੱਚ ਤਾਇਨਾਤ ਸਹਾਇਕ ਕੰਜ਼ਰਵੇਟਰ ਨੂੰ ਇਸ ਪ੍ਰਾਜੈਕਟ ਦਾ ਇੰਚਾਰਜ ਥਾਪਿਆ ਅਤੇ ਮਕਾਨ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸੌਂਪੀ। ਅਖੀਰ 7 ਜਨਵਰੀ 2012 ਨੂੰ ਸੱਭਿਆਚਾਰਕ ਮਾਮਲੇ ਵਿਭਾਗ ਨੇ ਇਮਾਰਤ ਦਾ ਕਬਜ਼ਾ ਲੈ ਲਿਆ ਅਤੇ ਆਪਣਾ ਜਿੰਦਾ ਲਗਾ ਦਿੱਤਾ। ਇਸ ਦੇ ਵਿਰੋਧ ਵਿੱਚ ਸ਼ਹੀਦ ਸੁਖਦੇਵ ਮੈਮੋਰੀਅਲ ਟਰੱਸਟ ਲੁਧਿਆਣਾ ਨੇ ਹਾਈਕੋਰਟ ਵਿੱਚ ਰਿਟ ਪਟੀਸ਼ਨ ਨੰਬਰ 884 ਦਾਖਲ ਕੀਤੀ, ਜਿਸ ਦਾ ਨਿਪਟਾਰਾ ਕਰਦੇ ਹੋਏ ਚੀਫ ਜਸਟਿਸ ਸੰਜੈ ਕਿਸ਼ਨ ਕੌਲ ਅਤੇ ਜਸਟਿਸ ਜਾਰਜ ਮਸੀਹ ਨੇ ਸਰਕਾਰ ਦਾ ਹਲਫ਼ਨਾਮਾ ਸਵੀਕਾਰ ਕਰ ਲਿਆ ਕਿ ਭਾਰਤ ਸਰਕਾਰ ਤੋਂ ਪੰਜਾਬ ਦੇ ਸਮਾਰਕਾਂ ਦੀ ਦੇਖਭਾਲ ਲਈ ਆਏ 3.24 ਕਰੋੜ ਰੁਪਏ ਵਿੱਚੋਂ 81 ਲੱਖ ਰੁਪਏ ਸ਼ਹੀਦ ਸੁਖਦੇਵ ਦੇ ਸਮਾਰਕ ’ਤੇ ਖਰਚਣ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਲੋੜੀਂਦੇ ਟੈਂਡਰ ਮੰਗ ਲਏ ਗਏ ਹਨ। ਅਦਾਲਤ ਨੇ ਪਟੀਸ਼ਨਰ ਦੀ ਇਹ ਦਰਖਾਸਤ ਮੰਨ ਲਈ ਕਿ ਉਸ ਨੂੰ ਉੱਥੇ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਦੀ ਇਜ਼ਾਜਤ ਦਿੱਤੀ ਜਾਵੇਗੀ। ਇੰਝ ਇਸ ਟਰੱਸਟ ਵੱਲੋਂ ਮਾਲਕੀ ਦੇ ਕਿਸੇ ਵੀ ਦਾਅਵੇ ਦਾ ਭੋਗ ਪੈ ਗਿਆ। ਅਦਾਲਤ ਦੇ ਕਹਿਣ ਅਨੁਸਾਰ ਸਮਾਰਕ ਦੀ ਦੇਖਭਾਲ ਲਈ ਇੱਕ ਕਮੇਟੀ ਬਣਾਉਣ ਦੀ ਤਜਵੀਜ਼ ਦਿੱਤੀ ਗਈ, ਜਿਸ ਅਨੁਸਾਰ ਬਣੀ ਕਮੇਟੀ ਦੇ ਮੁਖੀ ਤਹਿਸੀਲਦਾਰ ਗਗਨਦੀਪ ਸਿੰਘ ਨੇ 4 ਜੂਨ 2013 ਨੂੰ ਸਮਾਰਕ ’ਤੇ ਲੱਗਿਆ ਜਿੰਦਾ ਖੋਲ੍ਹ ਦਿੱਤਾ। ਉੱਥੇ ਵਿਭਾਗ ਵੱਲੋਂ ਇੱਕ ਕਰਮਚਾਰੀ ਵੀ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਨੇ 25 ਅਗਸਤ 2012 ਨੂੰ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਸੀ। ਇਸ ਇਸ਼ਤਿਹਾਰ ਵਿੱਚ ਇਮਾਰਤ ਦੇ ਵਾਰਿਸਾਂ ਨੂੰ ਆਪਣੀ ਮਾਲਕੀ ਦੇ ਦਸਤਾਵੇਜ਼ ਲੈ ਕੇ 15 ਦਿਨਾਂ ਵਿੱਚ ਆਉਣ ਲਈ ਕਿਹਾ ਗਿਆ ਸੀ। ਪਰ ਇਹ ਮਸਲਾ ਇੱਥੇ ਹੀ ਨਹੀਂ ਮੁੱਕਿਆ।

ਸ਼ੁਰੂ ਵਿੱਚ ਮਕਾਨ ਦੀ ਸਿਰਫ਼ ਹੇਠਲੀ ਮੰਜ਼ਿਲ ਨੂੰ ਹੀ ਸੁਰੱਖਿਅਤ ਕੀਤਾ ਗਿਆ ਸੀ ਕਿਉਂਕਿ ਮਕਾਨ ਤਿੰਨ ਮੰਜ਼ਿਲਾ ਹੈ ਤਾਂ ਬਾਕੀ ਦੀਆਂ ਦੋ ਮੰਜ਼ਿਲਾਂ ਨੂੰ ਨੋਟੀਫਾਈ ਕਰਨ ਲਈ ਦੁਬਾਰਾ ਕਵਾਇਦ ਸ਼ੁਰੂ ਕੀਤੀ ਗਈ ਅਤੇ ਅਖ਼ੀਰ ਨਵੰਬਰ 2014 ਵਿੱਚ ਅੰਤਿਮ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਹੁਣ ਨੌਘਰਾ ਮੁਹੱਲੇ ਦਾ ਘਰ ਨੰਬਰ ਬੀ-4-1848 ਪੂਰੀ ਤਰ੍ਹਾਂ ਵਿਭਾਗ ਦੇ ਅਧੀਨ ਸੁਰੱਖਿਅਤ ਹੈ ਅਤੇ ਇਸ ਬਾਰੇ ਸੂਚਨਾ ਬੋਰਡ ਬਾਹਰ ਲੱਗਿਆ ਹੋਇਆ ਹੈ।

ਨੌਘਰਾ ਮੁਹੱਲਾ ਬਹੁਤ ਭੀੜ ਭਰੇ ਬਾਜ਼ਾਰਾਂ ਵਿੱਚੋਂ ਲੰਘ ਕੇ ਆਉਂਦਾ ਹੈ। ਬਾਹਰਲੇ ਯਾਤਰੀਆਂ ਦੀ ਤਾਂ ਗੱਲ ਛੱਡੋ, ਲੁਧਿਆਣਾ ਵਾਸੀਆਂ ਲਈ ਵੀ ਇਸ ਨੂੰ ਲੱਭਣਾ ਅਤੇ ਇੱਥੇ ਪਹੁੰਚਣਾ ਕਿਸੇ ਪਹਾੜ ਦੀ ਚੋਟੀ ਸਰ ਕਰਨ ਵਰਗਾ ਕਾਰਜ ਹੈ। ਬਹੁਤ ਦੇਰ ਤੋਂ ਮੰਗ ਚੱਲੀ ਆ ਰਹੀ ਸੀ ਕਿ ਕੁਝ ਘਰਾਂ ਦਾ ਥੋੜ੍ਹਾ ਜਿਹਾ ਹਿੱਸਾ ਐਕੁਆਇਰ ਕਰਕੇ ਇਸ ਮੁਹੱਲੇ ਨੂੰ ਚੌੜੇ ਬਾਜ਼ਾਰ ਨਾਲ ਸਿੱਧੇ ਹੀ ਜੋੜਿਆ ਜਾ ਸਕਦਾ ਹੈ। ਸੰਨ 2021 ਵਿੱਚ ਹੀ ਇਸ ਦੀ ਪ੍ਰਕਿਰਿਆ ਸ਼ੁਰੂ ਹੋ ਸਕੀ ਅਤੇ ਥੋੜ੍ਹਾ ਚਿਰ ਪਹਿਲਾਂ ਹੀ ਪੂਰੀ ਹੋਈ ਹੈ। ਸਿਰਫ਼ ਢਾਹ-ਢੁਆਈ ਦਾ ਕੰਮ ਬਾਕੀ ਹੈ, ਜਿਸ ਉਪਰੰਤ ਨੌਘਰਾ ਮੁਹੱਲਾ ਚੌੜੇ ਬਾਜ਼ਾਰ ਨਾਲ ਸਿੱਧਾ ਜੁੜ ਜਾਵੇਗਾ।

ਇਹ ਸਵਾਲ ਹਮੇਸ਼ਾ ਹੀ ਬਣਿਆ ਰਹੇਗਾ ਕਿ ਕੀ ਅਸੀਂ ਕਦੇ ਉਸ ਸਮੇਂ ਲੋੜੀਂਦੀ ਕਾਰਵਾਈ ਕਰ ਸਕਾਂਗੇ, ਜਿਸ ਵੇਲੇ ਯਾਦਾਂ ਹਾਲੇ ਤਾਜ਼ਾ ਅਤੇ ਨਿਸ਼ਾਨਦੇਹੀ ਕਰਨ ਯੋਗ ਹੁੰਦੀਆਂ ਹਨ ਜਾਂ ਵਕਤ ਖੁੰਝਾਉਣ ਤੋਂ ਬਾਅਦ ਹੀ ਸਿਆਣੇ ਬਣਨ ਦੀ ਰਾਹ ਤੁਰਦੇ ਰਹਾਂਗੇ? ਸੁਖਦੇਵ ਦਾ ਜਨਮ ਸਥਾਨ ਅੱਜ ਸੁਰੱਖਿਅਤ ਸਮਾਰਕ ਹੈ। ਅਜਿਹਾ ਇਸ ਲਈ ਨਹੀਂ ਕਿ ਅਸੀਂ ਸਮੇਂ ਸਿਰ ਕਾਰਜ ਕੀਤਾ ਸਗੋਂ ਇਸ ਲਈ ਕਿ ਕਿਸੇ ਦੀ ਨੇਕਨੀਅਤੀ ਨੇ ਸਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ। ਸੁਖਦੇਵ ਦਾ ਜਨਮ ਸਥਾਨ ਸਿਰਫ਼ ਇੱਟਾਂ ਮਿੱਟੀ ਦੀ ਇਬਾਰਤ ਨਹੀਂ, ਸਗੋਂ ਸਾਡੇ ਇਨਕਲਾਬੀ ਅਤੀਤ ਦਾ ਜਿਊਂਦਾ ਜਾਗਦਾ ਵਜੂਦ ਹੈ। ਅਜਿਹਾ ਹੀ ਬਹੁਤ ਕੁਝ ਬੇਸ਼ਕੀਮਤੀ ਹੈ, ਜੋ ਸਮੇਂ ਦੇ ਨਾਲ ਨਾਲ ਸੌਖਿਆਂ ਹੀ ਸਾਡੀ ਪਕੜ ’ਚੋਂ ਖੁੰਝਦਾ ਜਾ ਰਿਹਾ ਹੈ।

ਅਜਿਹੀਆਂ ਥਾਵਾਂ ਦੀ ਸੰਭਾਲ ਕੋਈ ਦਿਆਲਤਾ ਦਾ ਕਾਰਜ ਨਹੀਂ, ਇਹ ਤਾਂ ਇਤਿਹਾਸ ਪ੍ਰਤੀ ਸਾਡੀ ਇਮਾਨਦਾਰੀ ਦਾ ਮਸਲਾ ਹੈ। ਇਹ ਇਸ ਤੱਥ ਦੀ ਹਾਮੀ ਭਰਦਾ ਹੈ ਕਿ ਇਨਕਲਾਬ ਨੂੰ ਸਿਰਫ਼ ਭਾਵਪੂਰਤ ਬੋਲ ਹੀ ਨਹੀਂ, ਇਸ ਨੂੰ ਸੰਗਠਿਤ ਅਤੇ ਮਜ਼ਬੂਤ ਰੱਖਣ ਵਾਲੇ ਵੀ ਜਾਰੀ ਰੱਖਦੇ ਹਨ।

Advertisement
×