ਹਵਾ ’ਚ ਗੁਆਚੀਆਂ ਜ਼ਿੰਦਗੀਆਂ, ਜ਼ਮੀਨ ’ਤੇ ਬਚੇ ਅਣਸੁਲਝੇ ਸਵਾਲ
ਅਹਿਮਦਾਬਾਦ ਵਿੱਚ ਜੂਨ 2025 ਨੂੰ ਵਾਪਰੇ ਹਵਾਈ ਜਹਾਜ਼ ਹਾਦਸੇ ਦੀ ਤਸਵੀਰ। ਸਮੇਂ-ਸਮੇਂ ’ਤੇ ਵਾਪਰੇ ਹਵਾਈ ਹਾਦਸਿਆਂ ਨੇ ਨਾ ਸਿਰਫ਼ ਅਨੇਕਾਂ ਪਰਿਵਾਰਾਂ ਤੋਂ ਉਨ੍ਹਾਂ ਦੇ ਪਰਿਵਾਰਕ ਜੀਅ ਖੋਹ ਲਏ, ਸਗੋਂ ਕਈ ਪ੍ਰਭਾਵਸ਼ਾਲੀ ਆਗੂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਇਨ੍ਹਾਂ ਹਾਦਸਿਆਂ ਵਿੱਚ...
ਸਮੇਂ-ਸਮੇਂ ’ਤੇ ਵਾਪਰੇ ਹਵਾਈ ਹਾਦਸਿਆਂ ਨੇ ਨਾ ਸਿਰਫ਼ ਅਨੇਕਾਂ ਪਰਿਵਾਰਾਂ ਤੋਂ ਉਨ੍ਹਾਂ ਦੇ ਪਰਿਵਾਰਕ ਜੀਅ ਖੋਹ ਲਏ, ਸਗੋਂ ਕਈ ਪ੍ਰਭਾਵਸ਼ਾਲੀ ਆਗੂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਇਨ੍ਹਾਂ ਹਾਦਸਿਆਂ ਵਿੱਚ ਆਪਣੀਆਂ ਕੀਮਤੀ ਜਾਨਾਂ ਗੁਆਈਆਂ ਹਨ। ਕਈ ਵਾਰ ਤਾਂ ਇਨ੍ਹਾਂ ਘਟਨਾਵਾਂ ਕਰਕੇ ਕੌਮੀ ਅਤੇ ਸੂਬਾਈ ਸਿਆਸਤ ਦਾ ਨਕਸ਼ਾ ਹੀ ਬਦਲ ਗਿਆ। ਭਾਰਤ ਵਿੱਚ ਹਵਾਈ ਹਾਦਸਿਆਂ ਦੀ ਸੂਚੀ ਕਾਫ਼ੀ ਲੰਮੀ ਹੈ ਅਤੇ ਹਰ ਘਟਨਾ ਆਪਣੇ ਪਿੱਛੇ ਕਈ ਅਣਸੁਲਝੇ ਸਵਾਲ, ਜਾਂਚ ਰਿਪੋਰਟਾਂ ਦੇ ਥੱਬੇ ਅਤੇ ਸੁਰੱਖਿਆ ਮਿਆਰਾਂ ’ਤੇ ਵੱਡੇ ਸਵਾਲੀਆ ਨਿਸ਼ਾਨ ਛੱਡ ਗਈ ਹੈ। ਹਾਲ ਹੀ ਵਿੱਚ 28 ਜਨਵਰੀ 2026 ਨੂੰ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ ਪੰਜ ਜਣੇ ਬਾਰਾਮਤੀ ਨੇੜੇ ਇੱਕ ਹਵਾਈ ਹਾਦਸੇ ਦਾ ਸ਼ਿਕਾਰ ਬਣੇ।
ਅੰਕੜਿਆਂ ਮੁਤਾਬਿਕ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਲਗਭਗ 1450 ਤੋਂ ਵੱਧ ਹਵਾਈ ਹਾਦਸੇ ਵਾਪਰੇ ਹਨ। ਇਨ੍ਹਾਂ ਵਿੱਚ ਸਿਵਿਲ ਫਲਾਈਟ, ਚਾਰਟਡ ਫਲਾਈਟ, ਵੀਆਈਪੀ ਹੈਲੀਕੌਪਟਰ ਅਤੇ ਫ਼ੌਜ ਦੇ ਜਹਾਜ਼ ਸ਼ਾਮਲ ਹਨ। ਇਨ੍ਹਾਂ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 3000 ਤੋਂ ਵੱਧ ਦੱਸੀ ਜਾਂਦੀ ਹੈ। ਇਨ੍ਹਾਂ ਵਿੱਚ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਸਮੇਤ ਲਗਭਗ 1200 ਹਵਾਈ ਜਹਾਜ਼ ਹਾਦਸੇ ਤੇ ਤਕਰੀਬਨ 250 ਹੈਲੀਕੌਪਟਰ ਹਾਦਸੇ ਸ਼ਾਮਿਲ ਹਨ। ਜ਼ਿਆਦਾਤਰ ਹੈਲੀਕੌਪਟਰ ਹਾਦਸੇ ਪਹਾੜੀ ਖੇਤਰਾਂ ਜਾਂ ਵੀ ਆਈ ਪੀ ਲੋਕਾਂ ਦੇ ਸਫ਼ਰ ਦੌਰਾਨ ਹੋਏ ਹਨ।
ਹਵਾਈ ਹਾਦਸਿਆਂ ਦੀ ਸੂਚੀ ਵਿੱਚ ਹਰਿਆਣਾ ਦੇ ਚਰਖੀ ਦਾਦਰੀ ਵਿੱਚ 12 ਨਵੰਬਰ 1996 ਨੂੰ ਹੋਈ ਸਾਊਦੀ ਅਰਬ ਅਤੇ ਕਜ਼ਾਖ਼ਸਤਾਨ ਦੇ ਦੋ ਹਵਾਈ ਜਹਾਜ਼ਾਂ ਦੀ ਟੱਕਰ ਨੂੰ ‘ਵੱਡੀ ਤਬਾਹੀ’ ਵਜੋਂ ਯਾਦ ਕੀਤਾ ਜਾਂਦਾ ਹੈ। ਇਹ ਦੁਨੀਆ ਵਿੱਚ ਹਵਾਈ ਸੇਵਾਵਾਂ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਸੀ, ਜਿਸ ਵਿੱਚ 349 ਲੋਕਾਂ ਦੀ ਮੌਤ ਹੋਈ। ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਕਜ਼ਾਖ਼ਸਤਾਨ ਦੇ ਪਾਇਲਟ ਨੂੰ ਅੰਗਰੇਜ਼ੀ ਗੱਲਬਾਤ ਵਿੱਚ ਦਿੱਕਤ ਆਈ ਅਤੇ ਉਹ ਤੈਅ ਉਚਾਈ ਤੋਂ ਹੇਠਾਂ ਆ ਗਿਆ ਤੇ ਸਾਊਦੀ ਜਹਾਜ਼ ਨਾਲ ਟਕਰਾ ਗਿਆ।
23 ਜੂਨ 1985 ਨੂੰ ਏਅਰ ਇੰਡੀਆ ਫਲਾਈਟ 182 (ਕਨਿਸ਼ਕ) ’ਤੇ ਹੋਏ ਅਤਿਵਾਦੀ ਹਮਲੇ ’ਚ ਬੰਬ ਵਿਸਫੋਟ ਕਾਰਨ 329 ਮੌਤਾਂ ਹੋਈਆਂ, ਜਦੋਂਕਿ 1 ਜਨਵਰੀ 1978 ਨੂੰ ਏਅਰ ਇੰਡੀਆ ਫਲਾਈਟ 855 ਮੁੰਬਈ ਕੋਲ ਸਮੁੰਦਰ ਵਿੱਚ ਸਮਾਅ ਗਈ। ਇਸ ਹਾਦਸੇ ਵਿੱਚ 213 ਲੋਕਾਂ ਦੀ ਜਾਨ ਗਈ ਸੀ। ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਤੇ ਪਾਇਲਟ ਨੂੰ ਰਾਹ ਦਾ ਭੁਲੇਖਾ ਦੱਸਿਆ ਗਿਆ। ਇਸੇ ਤਰ੍ਹਾਂ ਮੰਗਲੌਰ ਵਿੱਚ 22 ਮਈ 2010 ਨੂੰ ਦੁਬਈ ਤੋਂ ਆ ਰਿਹਾ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਰਨਵੇਅ ਤੋਂ ਤਿਲਕ ਕੇ ਖਾਈ ਵਿੱਚ ਜਾ ਡਿੱਗਿਆ, ਜਿਸ ਕਰਕੇ 158 ਲੋਕਾਂ ਦੀ ਮੌਤ ਹੋਈ ਸੀ।
ਪਿਛਲੇ ਸਾਲ ਜੂਨ ਮਹੀਨੇ ਵਿੱਚ ਅਹਿਮਦਾਬਾਦ ਦੇ ਸਭ ਤੋਂ ਖ਼ੌਫ਼ਨਾਕ ਹਵਾਈ ਹਾਦਸੇ ਵਿੱਚ ਏਅਰ ਇੰਡੀਆ ਦੀ ਫਲਾਈਟ 171 ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ ਮੈਡੀਕਲ ਕਾਲਜ ਦੇ ਹੋਸਟਲ ’ਤੇ ਡਿੱਗ ਪਈ, ਜਿਸ ਵਿੱਚ 260 ਲੋਕਾਂ ਦੀ ਜ਼ਿੰਦਗੀ ਖ਼ਤਮ ਹੋ ਗਈ ਸੀ। ਇਨ੍ਹਾਂ ਵਿੱਚੋਂ 241 ਜਹਾਜ਼ ਵਿੱਚ ਸਵਾਰ ਮੁਸਾਫ਼ਿਰ ਅਤੇ 19 ਹੋਸਟਲ ਦੀ ਇਮਾਰਤ ਵਿੱਚ ਹਾਜ਼ਰ ਵਿਦਿਆਰਥੀ ਤੇ ਮੈੱਸ ਦੇ ਮੁਲਾਜ਼ਮ ਸਨ। ਹਾਦਸੇ ਉਪਰੰਤ ਏਅਰਲਾਈਨ ਕੰਪਨੀ ਦੇ ਰੱਖ-ਰਖਾਅ ਮੁਖੀ ’ਤੇ ਲਾਪਰਵਾਹੀ ਦਾ ਮੁਕੱਦਮਾ ਦਰਜ ਹੋਇਆ, ਪਰ ਕੀਮਤੀ ਜਾਨਾਂ ਗੁਆਉਣ ਵਾਲੇ ਪਰਿਵਾਰਾਂ ਦੇ ਦੁੱਖ ਮੂਹਰੇ ਇਨ੍ਹਾਂ ਮੁਕੱਦਮਿਆਂ ਦੇ ਕੋਈ ਮਾਅਨੇ ਨਹੀਂ।
ਦੱਸਿਆ ਜਾਂਦਾ ਹੈ ਕਿ ਭਾਰਤ ਵਿੱਚ ਹਵਾਈ ਜਹਾਜ਼ ਹਾਦਸਿਆਂ ਦੀ ਸਥਿਤੀ 1970ਵਿਆਂ ਵਿੱਚ ਸਭ ਤੋਂ ਖ਼ਰਾਬ ਰਹੀ, ਜਦੋਂ ਹਰ ਸਾਲ ਔਸਤ 50 ਹਵਾਈ ਹਾਦਸੇ ਹੁੰਦੇ ਸਨ। ਸਾਲ 2000 ਤੋਂ ਬਾਅਦ ਆਧੁਨਿਕ ਤਕਨੀਕ ਆਉਣ ਕਰਕੇ ਇਹ ਗਿਣਤੀ ਘਟ ਕੇ ਸਾਲਾਨਾ 10 ਤੋਂ 12 ਹਾਦਸਿਆਂ ’ਤੇ ਆ ਗਈ। ਹਾਲਾਂਕਿ, ਇਨ੍ਹਾਂ ਹਾਦਸਿਆਂ ਨੂੰ ਪੂਰੀ ਤਰ੍ਹਾਂ ਠੱਲ੍ਹ ਹਾਲੇ ਨਹੀਂ ਪਈ।
ਵੱਡੀ ਗਿਣਤੀ ਹਵਾਈ ਹਾਦਸਿਆਂ ਕਾਰਨ ਕਈ ਉੱਘੀਆਂ ਸ਼ਖ਼ਸੀਅਤਾਂ ਵੀ ਆਪਣੀ ਜਾਨ ਗੁਆ ਚੁੱਕੀਆਂ ਹਨ। ਜੇਕਰ ਇਨ੍ਹਾਂ ਹਾਦਸਿਆਂ ’ਤੇ ਨਜ਼ਰ ਮਾਰੀਏ ਤਾਂ ਭਾਰਤੀ ਸਿਆਸਤ ਵਿੱਚ ਹਵਾਈ ਹਾਦਸਿਆਂ ਦਾ ਕਾਲਾ ਦੌਰ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼ੁਰੂ ਹੋਇਆ ਸੀ। ਜਦੋਂ 19 ਸਤੰਬਰ 1965 ਨੂੰ ਗੁਜਰਾਤ ਦੇ ਦੂਜੇ ਤਤਕਾਲੀ ਮੁੱਖ ਮੰਤਰੀ ਬਲਵੰਤ ਰਾਏ ਮਹਿਤਾ ਦਾ ਜਹਾਜ਼ ਕੱਛ ਸਰਹੱਦ ਨੇੜਿਉਂ ਉੱਡ ਰਿਹਾ ਸੀ, ਜਿਸ ਨੂੰ ਪਾਕਿਸਤਾਨੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਨੇ ਗ਼ਲਤੀ ਜਾਂ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਸੀ।
ਭਾਰਤ ਦੇ ਪ੍ਰਮੁੱਖ ਪਰਮਾਣੂ ਭੌਤਿਕ ਵਿਗਿਆਨੀ ਹੋਮੀ ਭਾਬਾ ਦੀ ਮੌਤ 24 ਜਨਵਰੀ 1966 ਨੂੰ ਏਅਰ ਇੰਡੀਆ ਦੀ ਉਡਾਣ 101 ਦੇ ਹਾਦਸਾਗ੍ਰਸਤ ਹੋਣ ਕਾਰਨ ਹੋਈ ਸੀ। ਇਸ ਮਗਰੋਂ ਇੰਦਰਾ ਗਾਂਧੀ ਸਰਕਾਰ ਵਿੱਚ ਕੇਂਦਰੀ ਲੋਹਾ ਤੇ ਖਾਣ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੋਹਣ ਕੁਮਾਰ ਮੰਗਲਮ ਦੀ ਮੌਤ 31 ਮਈ 1973 ਨੂੰ ਦਿੱਲੀ ਦੇ ਪਾਲਮ ਹਵਾਈ ਅੱਡੇ ਕੋਲ ਹੋਈ। ਖ਼ਰਾਬ ਮੌਸਮ ਅਤੇ ਘੱਟ ਦਿਸਣਯੋਗਤਾ ਕਾਰਨ ਉਨ੍ਹਾਂ ਦਾ ਜਹਾਜ਼ ਇੰਡੀਅਨ ਏਅਰਲਾਈਨਜ਼ ਫਲਾਈਟ 440 ਹਾਈ-ਵੋਲਟੇਜ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। 23 ਜੂਨ 1980 ਨੂੰ ਨਵੀਂ ਦਿੱਲੀ ਵਿੱਚ ਵਾਪਰੇ ਇੱਕ ਹਵਾਈ ਹਾਦਸੇ ਕਾਰਨ ਗਾਂਧੀ ਪਰਿਵਾਰ ਨੂੰ ਡੂੰਘੇ ਜ਼ਖ਼ਮ ਮਿਲੇ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਛੋਟਾ ਪੁੱਤਰ ਅਤੇ ਤਤਕਾਲੀ ਸੰਸਦ ਮੈਂਬਰ ਸੰਜੈ ਗਾਂਧੀ ਤਜਰਬੇਕਾਰ ਪਾਇਲਟ ਹੋਣ ਦੇ ਬਾਵਜੂਦ ਦਿੱਲੀ ਦੇ ਸਫ਼ਦਰਜੰਗ ਹਵਾਈ ਅੱਡੇ ਕੋਲ ਕਲਾਬਾਜ਼ੀ ਦਿਖਾਉਂਦਿਆਂ ਆਪਣੇ ਪਿਟਸ ਜਹਾਜ਼ ’ਤੇ ਸੰਤੁਲਨ ਗੁਆ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ।
1994 ਵਿੱਚ ਪੰਜਾਬ ਦੇ ਤਤਕਾਲੀ ਰਾਜਪਾਲ ਸੁਰਿੰਦਰ ਨਾਥ ਦੀ ਪਰਿਵਾਰ ਸਮੇਤ 9 ਜੁਲਾਈ 1994 ਨੂੰ ਹਿਮਾਚਲ ਪ੍ਰਦੇਸ਼ ਵਿੱਚ ਹਵਾਈ ਹਾਦਸੇ ਵਿੱਚ ਮੌਤ ਨੂੰ ਅੱਜ ਵੀ ‘ਨੋਟਾਂ ਦੀ ਵਰਖਾ’ ਵਾਲੇ ਰਹੱਸਮਈ ਹਵਾਈ ਹਾਦਸੇ ਵਜੋਂ ਯਾਦ ਕੀਤਾ ਜਾਂਦਾ ਹੈ। ਰਾਜਪਾਲ ਸੁਰਿੰਦਰ ਨਾਥ 1991 ਤੋਂ ਪੰਜਾਬ ਦੇ ਰਾਜਪਾਲ ਸਨ ਅਤੇ ਉਨ੍ਹਾਂ ਕੋਲ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਦਾ ਵਾਧੂ ਚਾਰਜ ਵੀ ਸੀ। ਉਹ ਇੱਕ ਤਜਰਬੇਕਾਰ ਆਈ ਪੀ ਐੱਸ ਅਫਸਰ ਰਹੇ ਅਤੇ ਪੰਜਾਬ ਵਿੱਚ ਅਤਿਵਾਦ ਦੇ ਦੌਰ ਵਿੱਚ ਸ਼ਾਂਤੀ ਬਹਾਲੀ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਵੀ ਦੱਸੀ ਜਾਂਦੀ ਹੈ। ਨੌਂ ਜੁਲਾਈ 1994 ਨੂੰ ਪੰਜਾਬ ਸਰਕਾਰ ਦਾ 14 ਸੀਟਾਂ ਵਾਲਾ ‘ਬੀਚਕ੍ਰਾਫਟ ਸੁਪਰ ਕਿੰਗ ਏਅਰ ਬੀ-200’ ਚੰਡੀਗੜ੍ਹ ਤੋਂ ਭੁੰਤਰ ਹਵਾਈ ਅੱਡੇ (ਕੁੱਲੂ) ਲਈ ਉੱਡਿਆ ਸੀ। ਉਸ ਵਿੱਚ ਰਾਜਪਾਲ ਸੁਰਿੰਦਰ ਨਾਥ ਨਾਲ ਉਨ੍ਹਾਂ ਦੇ ਪਰਿਵਾਰ ਦੇ ਨੌਂ ਮੈਂਬਰ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸਨ। ਜਹਾਜ਼ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਸਥਿਤ ਕਮਰੂਨਾਗ ਪਹਾੜੀਆਂ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਜਦੋਂ ਸਥਾਨਕ ਲੋਕ ਅਤੇ ਬਚਾਅ ਅਮਲਾ ਮਲਬੇ ਤੱਕ ਪੁੱਜਿਆ ਤਾਂ ਪਹਾੜਾਂ ’ਤੇ ਹਰ ਪਾਸੇ 500 ਤੇ 100 ਰੁਪਏ ਦੇ ਨੋਟ ਖਿੱਲਰੇ ਹੋਏ ਸਨ। ਇਹ ਰਕਮ ਕਰੋੜਾਂ ਵਿੱਚ ਦੱਸੀ ਗਈ। ਜਹਾਜ਼ ਦੇ ਪਰਖਚੇ ਉੱਡ ਜਾਣ ਕਾਰਨ ਸੂਟਕੇਸ ਫਟ ਗਏ ਸਨ ਅਤੇ ਸਾਰਾ ਪੈਸਾ ਹਵਾ ਵਿੱਚ ਫੈਲ ਗਿਆ ਸੀ।
ਤੀਹ ਸਤੰਬਰ 2001 ਨੂੰ ਕਾਂਗਰਸ ਦੇ ਵੱਡੇ ਆਗੂ ਤੇ ਸਿੰਧੀਆ ਰਾਜ ਘਰਾਣੇ ਦੇ ਮੁੱਖ ਮੈਂਬਰ ਮਾਧਵਰਾਓ ਸਿੰਧੀਆ ਦੀ ਮੌਤ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਵਿੱਚ ਇੱਕ ਪ੍ਰਾਈਵੇਟ ਜਹਾਜ਼ ਹਾਦਸੇ ਵਿੱਚ ਹੋਈ। ਸਿੰਧੀਆ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਕਾਨਪੁਰ ਜਾ ਰਹੇ ਸਨ। ਖ਼ਰਾਬ ਮੌਸਮ ਤੇ ਘੱਟ ਦਿਸਣਯੋਗਤਾ ਕਰਕੇ ਉਨ੍ਹਾਂ ਦਾ ਜਹਾਜ਼ ਇੱਕ ਖੇਤ ਵਿੱਚ ਡਿੱਗ ਗਿਆ ਅਤੇ ਸਿੰਧੀਆ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ। ਮਾਧਵਰਾਓ ਸਿੰਧੀਆ ਦੀ ਅਚਨਚੇਤ ਮੌਤ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਸੀ।
ਤਿੰਨ ਮਾਰਚ 2002 ਨੂੰ ਲੋਕ ਸਭਾ ਦੇ ਤਤਕਾਲੀ ਸਪੀਕਰ ਜੀ ਐੱਮ ਸੀ ਬਾਲਯੋਗੀ ਦੀ ਮੌਤ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਹੋਈ। ਉਨ੍ਹਾਂ ਦਾ ਬੈੱਲ-206 ਹੈਲੀਕੌਪਟਰ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਤਲਾਬ ਵਿੱਚ ਡਿੱਗ ਗਿਆ ਸੀ। ਦੱਖਣੀ ਭਾਰਤ ਦੀ ਪ੍ਰਸਿੱਧ ਅਦਾਕਾਰਾ ਸੌਂਦਰਿਆ ਦੀ ਮੌਤ 17 ਅਪਰੈਲ 2004 ਨੂੰ ਜਹਾਜ਼ ਹਾਦਸੇ ਵਿੱਚ ਉਦੋਂ ਹੋਈ, ਜਦ ਉਹ ਆਪਣੇ ਭਰਾ ਨਾਲ ਬੰਗਲੂਰੂ ਤੋਂ ਕਰੀਮਨਗਰ ਜਾ ਰਹੀ ਸੀ। ਮੇਘਾਲਿਆ ਦੇ ਪੇਂਡੂ ਵਿਕਾਸ ਮੰਤਰੀ ਕਿਪ੍ਰਿਯਨ ਸਾਂਗਾ ਅਤੇ 9 ਹੋਰ ਲੋਕ 22 ਸਤੰਬਰ 2004 ਨੂੰ ਗੁਹਾਟੀ ਤੋਂ ਸ਼ਿਲੌਂਗ ਜਾ ਰਹੇ ਪਵਨ ਹੰਸ ਹੈਲੀਕੌਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਮਾਰੇ ਗਏ ਸਨ।
ਹਰਿਆਣਾ ਦੀ ਸਿਆਸਤ ਅਤੇ ਭਾਰਤੀ ਉਦਯੋਗ ਜਗਤ ਲਈ 31 ਮਾਰਚ 2005 ਦਾ ਦਿਨ ਬਹੁਤ ਭਾਰੀ ਰਿਹਾ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਸਥਿਤ ਸਰਸਾਵਾ ਕੋਲ ਇੱਕ ਪ੍ਰਾਈਵੇਟ ਹੈਲੀਕੌਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਹਰਿਆਣਾ ਦੇ ਤਤਕਾਲੀ ਖੇਤੀ ਮੰਤਰੀ ਚੌਧਰੀ ਸੁਰਿੰਦਰ ਸਿੰਘ (ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੇ ਪੁੱਤਰ) ਅਤੇ ਪ੍ਰਸਿੱਧ ਉਦਯੋਗਪਤੀ ਤੇ ਹਰਿਆਣਾ ਦੇ ਤਤਕਾਲੀ ਬਿਜਲੀ ਮੰਤਰੀ ਓ ਪੀ ਜਿੰਦਲ ਦੀ ਮੌਤ ਹੋ ਗਈ। ਦੋਵੇਂ ਆਗੂ ਇਸ ਹੈਲੀਕੌਪਟਰ ਵਿੱਚ ਚੰਡੀਗੜ੍ਹ ਤੋਂ ਦਿੱਲੀ ਵੱਲ ਜਾ ਰਹੇ ਸਨ। ਤਕਨੀਕੀ ਖ਼ਰਾਬੀ ਕਾਰਨ ਹੈਲੀਕੌਪਟਰ ਦਾ ਇੰਜਣ ਹਵਾ ਵਿੱਚ ਹੀ ਬੰਦ ਹੋ ਗਿਆ, ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕੀਤੀ, ਪਰ ਹੈਲੀਕੌਪਟਰ ਇੱਕ ਖੇਤ ਵਿੱਚ ਜਾ ਡਿੱਗਿਆ। ਇਸ ਹਾਦਸੇ ਨੇ ਨਾ ਸਿਰਫ਼ ਹਰਿਆਣਾ ਸਰਕਾਰ ਨੂੰ ਵੱਡਾ ਝਟਕਾ ਦਿੱਤਾ, ਸਗੋਂ ਜਿੰਦਲ ਗਰੁੱਪ ਵਰਗੇ ਵੱਡੇ ਸਨਅਤੀ ਗਰੁੱਪ ਦੇ ਬਾਨੀ ਨੂੰ ਵੀ ਖੋਹ ਲਿਆ।
ਦੋ ਸਤੰਬਰ 2009 ਨੂੰ ਆਂਧਰਾ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਵਾਈ ਐੱਸ ਰਾਜਸ਼ੇਖਰ ਰੈੱਡੀ ਦਾ ਦੇਹਾਂਤ ਕੁਰਨੂਲ ਨੇੜੇ ਨੱਲਮਲਾ ਪਹਾੜੀਆਂ ਵਿੱਚ ਹੈਲੀਕੌਪਟਰ ਹਾਦਸੇ ਵਿੱਚ ਹੋਇਆ। ਉਨ੍ਹਾਂ ਦਾ ਬੈੱਲ-430 ਹੈਲੀਕੌਪਟਰ ਖ਼ਰਾਬ ਮੌਸਮ ਕਾਰਨ ਲਾਪਤਾ ਹੋ ਗਿਆ ਸੀ ਅਤੇ ਲਗਭਗ 24 ਘੰਟਿਆਂ ਬਾਅਦ ਉਸ ਦਾ ਮਲਬਾ ਮਿਲਿਆ। ਇਸ ਹਾਦਸੇ ਨਾਲ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿੱਚ ਵੱਡਾ ਖਲਾਅ ਪੈਦਾ ਹੋ ਗਿਆ ਸੀ। ਤੀਹ ਅਪਰੈਲ 2011 ਨੂੰ ਹਵਾਈ ਯਾਤਰਾ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਦੋਰਜੀ ਖਾਂਡੂ ਦੀ ਮੌਤ ਤਵਾਂਗ ਤੋਂ ਈਟਾਨਗਰ ਜਾਂਦਿਆਂ ਹੋਈ ਸੀ। ਅੱਠ ਦਸੰਬਰ 2021 ਨੂੰ ਤਮਿਲਨਾਡੂ ਦੇ ਕੁਨੂਰ ਵਿੱਚ ਭਾਰਤੀ ਹਵਾਈ ਫ਼ੌਜ ਦਾ ਐੱਮ ਆਈ-17ਵੀ5 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ, ਜਿਸ ਕਾਰਨ ਦੇਸ਼ ਦੇ ਪਹਿਲੇ ਚੀਫ ਔਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਆਪਣੀ ਪਤਨੀ ਅਤੇ 13 ਹੋਰ ਫ਼ੌਜੀ ਅਧਿਕਾਰੀਆਂ ਸਮੇਤ ਮਾਰੇ ਗਏ। ਬਾਰਾਂ ਜੂਨ 2025 ਨੂੰ ਅਹਿਮਦਾਬਾਦ ਹਵਾਈ ਅੱਡੇ ਨੇੜੇ ਏਅਰ ਇੰਡੀਆ ਦੇ ਵੱਡੇ ਜਹਾਜ਼ ਹਾਦਸੇ ਵਿੱਚ 260 ਮ੍ਰਿਤਕਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਣੀ ਵੀ ਸ਼ਾਮਲ ਸਨ।
ਭਾਵੇਂ ਇਨ੍ਹਾਂ ਹਾਦਸਿਆਂ ਤੋਂ ਸਬਕ ਤਹਿਤ ਸੁਰੱਖਿਆ ਮਿਆਰਾਂ ਨੂੰ ਭਵਿੱਖ ਲਈ ਬਿਹਤਰ ਬਣਾਉਣ ਖ਼ਾਤਰ ਸੁਰੱਖਿਆ ਤੰਤਰ ਵਿੱਚ ਕਈ ਬਦਲਾਅ ਕੀਤੇ ਗਏ ਹਨ, ਪਰ ਇਹ ਹਾਲੇ ਵੀ ਸੰਪੂਰਨ ਨਹੀਂ ਜਾਪਦੇ। ਹਵਾਈ ਜਹਾਜ਼ਾਂ ਤੇ ਹੈਲੀਕੌਪਟਰਾਂ ਦਾ ਸਮੇਂ-ਸਮੇਂ ’ਤੇ ਲਾਜ਼ਮੀ ਆਡਿਟ ਅਤੇ ਪੁਰਾਣੇ ਹੋ ਗਏ ਜਹਾਜ਼ਾਂ ਨੂੰ ਫਾਰਗ ਕਰਨਾ ਵੀ ਜ਼ਰੂਰੀ ਹੈ।
ਇਨ੍ਹਾਂ ਹਾਦਸਿਆਂ ਲਈ ਪਹਿਲਾ ਕਾਰਨ ਮੌਸਮ ਦੀ ਖ਼ਰਾਬੀ ਨਾਲ ਦਿਸਣਯੋਗਤਾ ਦੀ ਘਾਟ, ਦੂਜਾ ਤਕਨੀਕੀ ਖ਼ਾਮੀ ਜਾਂ ਇੰਜਣ ਫੇਲ੍ਹ ਹੋਣ ਅਤੇ ਤੀਜਾ ਸਭ ਤੋਂ ਗੰਭੀਰ ਕਾਰਨ ਪਾਇਲਟਾਂ ’ਤੇ ‘ਵੀ ਆਈ ਪੀ ਦਬਾਅ’ ਮੰਨਿਆ ਜਾਂਦਾ ਹੈ। ਖ਼ਰਾਬ ਮੌਸਮ ਦੇ ਬਾਵਜੂਦ ਸਿਆਸਤਦਾਨਾਂ ਵੱਲੋਂ ਸਮੇਂ ਸਿਰ ਮੁਕਾਮ ’ਤੇ ਪੁੱਜਣ ਲਈ ਪਾਇਲਟ ਉੱਤੇ ਉਡਾਣ ਭਰਨ ਦਾ ਦਬਾਅ ਬਣਾਇਆ ਜਾਂਦਾ ਹੈ। ਹੁਣ ਤੱਕ ਜ਼ਿਆਦਾਤਰ ਜਾਂਚ ਰਿਪੋਰਟਾਂ ਵਿੱਚ ਕਿਸੇ ਵਿਅਕਤੀ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਦੇਣ ਦੀ ਥਾਂ ‘ਹਾਦਸਾ’ ਜਾਂ ‘ਪਾਇਲਟ ਖ਼ਾਮੀ’ ਦੱਸ ਕੇ ਫਾਈਲਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕੁਝ ਮਾਮਲਿਆਂ ਵਿੱਚ ਰੱਖ-ਰਖਾਅ ਕੰਪਨੀਆਂ ’ਤੇ ਸੁਆਲ ਚੁੱਕੇ ਗਏ, ਪਰ ਠੋਸ ਕਾਨੂੰਨੀ ਕਾਰਵਾਈ ਨਾਂ-ਮਾਤਰ ਹੀ ਰਹੀ ਹੈ।
ਅਜਿਹੇ ਹਾਦਸਿਆਂ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਕਿ ‘ਦਿਸਣਯੋਗਤਾ ਫਲਾਈਟ ਰੂਲਜ਼’ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਪਹਾੜੀ ਇਲਾਕਿਆਂ ਵਿੱਚ ਅਚਨਚੇਤ ਮੌਸਮ ਬਦਲਣ ’ਤੇ ਪਾਇਲਟ ਬੱਦਲਾਂ ਵਿੱਚ ਰਾਹ ਭੁੱਲ ਜਾਂਦੇ ਹਨ। ਇਸ ਲਈ ਵੀ ਆਈ ਪੀ ਮੂਵਮੈਂਟ ਲਈ ਸਿਰਫ਼ ‘ਇੰਸਟਰੂਮੈਂਟ ਫਲਾਈਟ ਰੂਲਜ਼’ ਸਮਰੱਥ ਜਹਾਜ਼ਾਂ ਅਤੇ ਹੈਲੀਕੌਪਟਰਾਂ ਦੀ ਵਰਤੋਂ ਲਾਜ਼ਮੀ ਹੋਣੀ ਚਾਹੀਦੀ ਹੈ, ਜੋ ਜ਼ੀਰੋ ਦਿਸਣਯੋਗਤਾ ਵਿੱਚ ਵੀ ਰਾਡਾਰ ਦੀ ਮਦਦ ਨਾਲ ਉੱਡ ਸਕਣ। ਇਸ ਤੋਂ ਇਲਾਵਾ ਪਾਇਲਟਾਂ ਨੂੰ ਸਿਆਸੀ ਦਬਾਅ ਤੋਂ ਮੁਕਤ ਰੱਖਣ ਲਈ ਇੱਕ ਸੁਤੰਤਰ ਸੁਰੱਖਿਆ ਵਿੰਗ ਦੀ ਲੋੜ ਹੈ, ਜਿਸ ਵੱਲੋਂ ਉਡਾਣ ਦੀ ਇਜਾਜ਼ਤ ਸਿਰਫ਼ ਤਕਨੀਕੀ ਅਤੇ ਮੌਸਮੀ ਡੇਟਾ ਦੇ ਆਧਾਰ ’ਤੇ ਦਿੱਤੀ ਜਾਵੇ ਨਾ ਕਿ ਕਿਸੇ ਦੇ ਅਹੁਦੇ ਜਾਂ ਰੁਤਬੇ ਦੇ ਆਧਾਰ ’ਤੇ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ ਸੁਰੱਖਿਆ ਨੂੰ ਸਹੂਲਤ ਤੋਂ ਉਤਾਂਹ ਰੱਖ ਕੇ ਤਰਜੀਹ ਦੇਣ ਦੀ ਲੋੜ ਹੈ। ਹਕੀਕਤ ਵਿੱਚ ਭਾਰਤ ਲਈ ਇਹ ਸਮਾਂ ਹਵਾਬਾਜ਼ੀ ਪ੍ਰੋਟੋਕੋਲ ਨੂੰ ਵਿਸ਼ਵ ਪੱਧਰੀ ਸਾਜ਼ੋ-ਸਾਮਾਨ ਨਾਲ ਲੈਸ ਕਰਨ ਦਾ ਹੈ ਤਾਂ ਜੋ ਹਵਾਈ ਯਾਤਰਾ ਕਰਨ ਵਾਲਾ ਹਰ ਮਨੁੱਖ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ।
ਸੰਪਰਕ: 91157-19133

