DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਰ ਸਿੰਘ ਦਾ ਕੋਹੇਨੂਰ ਕਰਤਾਰ ਸਿੰਘ

ਕਰਤਾਰ ਦੇ ਨਾਂ ਵਿੱਚ ਹੀ ਬਖ਼ਸ਼ ਹੈ। ਪਹਿਲਵਾਨ ਕਰਤਾਰ ਸਿੰਘ ਕੁਸ਼ਤੀ ਦਾ ਵਿਸ਼ਵ ਵੈਟਰਨ ਚੈਂਪੀਅਨ ਭਾਵ ਰੁਸਤਮੇ ਜ਼ਮਾਂ ਹੈ। ਉਸ ਨੇ ਤਿੰਨ ਓਲੰਪਿਕ ਖੇਡਾਂ, ਇੱਕ ਪ੍ਰੀ-ਓਲੰਪਿਕ, ਤਿੰਨ ਏਸ਼ਿਆਈ ਖੇਡਾਂ, ਤਿੰਨ ਕਾਮਨਵੈਲਥ ਖੇਡਾਂ, ਤਿੰਨ ਏਸ਼ਿਆਈ ਚੈਂਪੀਅਨਸ਼ਿਪਾਂ ਤੇ ਸਤਾਰਾਂ ਵਰਲਡ ਵੈਟਰਨ...

  • fb
  • twitter
  • whatsapp
  • whatsapp
Advertisement

ਕਰਤਾਰ ਦੇ ਨਾਂ ਵਿੱਚ ਹੀ ਬਖ਼ਸ਼ ਹੈ। ਪਹਿਲਵਾਨ ਕਰਤਾਰ ਸਿੰਘ ਕੁਸ਼ਤੀ ਦਾ ਵਿਸ਼ਵ ਵੈਟਰਨ ਚੈਂਪੀਅਨ ਭਾਵ ਰੁਸਤਮੇ ਜ਼ਮਾਂ ਹੈ। ਉਸ ਨੇ ਤਿੰਨ ਓਲੰਪਿਕ ਖੇਡਾਂ, ਇੱਕ ਪ੍ਰੀ-ਓਲੰਪਿਕ, ਤਿੰਨ ਏਸ਼ਿਆਈ ਖੇਡਾਂ, ਤਿੰਨ ਕਾਮਨਵੈਲਥ ਖੇਡਾਂ, ਤਿੰਨ ਏਸ਼ਿਆਈ ਚੈਂਪੀਅਨਸ਼ਿਪਾਂ ਤੇ ਸਤਾਰਾਂ ਵਰਲਡ ਵੈਟਰਨ ਚੈਂਪੀਅਨਸ਼ਿਪਾਂ ’ਚ ਭਾਗ ਲਿਆ ਜਿਨ੍ਹਾਂ ’ਚੋਂ ਸੋਨੇ, ਚਾਂਦੀ ਤੇ ਕਾਂਸੀ ਦੇ 25 ਤਗ਼ਮੇ ਜਿੱਤੇ। ਉਹ ਮਾਝੇ ਦਾ ਮਾਣ ਹੈ ਤੇ ਸੁਰ ਸਿੰਘ ਦੀ ਸ਼ਾਨ। ਪੰਜਾਬ ਕੇਸਰੀ ਤੋਂ ਲੈ ਕੇ ਭਾਰਤ ਕੁਮਾਰ, ਭਾਰਤ ਕੇਸਰੀ, ਮਹਾਪੌਰ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਤੱਕ ਦੇ ਖ਼ਿਤਾਬ ਉਹਦੇ ਨਾਂ ਚੜ੍ਹ ਚੁੱਕੇ ਹਨ। ਪੰਜਾਬ ਸਰਕਾਰ ਨੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਤੇ ਭਾਰਤ ਸਰਕਾਰ ਨੇ ਅਰਜਨ ਐਵਾਰਡ ਅਤੇ ਪਦਮਸ੍ਰੀ ਪੁਰਸਕਾਰ ਨਾਲ ਨਿਵਾਜਿਆ ਹੈ। ਉਹਨੂੰ ਪ੍ਰੈਜ਼ੀਡੈਂਟ ਪੁਲੀਸ ਮੈਡਲ, ਫੀਲਾ ਦਾ ਫੇਅਰ ਪਲੇਅ ਐਵਾਰਡ ਅਤੇ ਫੀਲਾ ਵੱਲੋਂ ਅੰਤਰਰਾਸ਼ਟਰੀ ਕੁਸ਼ਤੀਆਂ ’ਚ ਸ਼ਾਨਦਾਰ ਯੋਗਦਾਨ ਪਾਉਣ ਲਈ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ। ਉਹ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਆਨਰੇਰੀ ਸਕੱਤਰ ਜਨਰਲ ਤੇ ਪੰਜਾਬ ਕੁਸ਼ਤੀ ਸੰਘ ਦਾ ਪ੍ਰਧਾਨ ਰਿਹਾ ਹੈ। ਉਸ ਨੇ 2012 ਵਿੱਚ ਹੋਈ ਸਤਾਰ੍ਹਵੀਂ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪ ’ਚੋਂ ਸੋਲ੍ਹਵੀਂ ਵਾਰ ਗੋਲਡ ਮੈਡਲ ਜਿੱਤਿਆ ਸੀ, ਜੋ ਵਿਲੱਖਣ ਰਿਕਾਰਡ ਹੈ। ਇੰਜ ਉਹ ਸੋਲਾਂ ਸਾਲ ਸਾਰੀ ਦੁਨੀਆ ’ਤੇ ਲੱਤ ਫੇਰਦਾ ਰਿਹਾ।

Advertisement

ਉਹਦਾ ਜਨਮ ਹਿੰਦ-ਪਾਕਿ ਬਾਰਡਰ ਨੇੜਲੇ ਪਿੰਡ ਸੁਰ ਸਿੰਘ ਵਿੱਚ ਹੋਇਆ ਸੀ। ਦੇਸ਼ ਵੰਡ ਤੋਂ ਪਹਿਲਾਂ ਇਹ ਪਿੰਡ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਵਿੱਚ ਪੈਂਦਾ ਸੀ। ਵੰਡ ਪਿੱਛੋਂ ਇਸ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੇ ਹੁਣ ਜ਼ਿਲ੍ਹਾ ਤਰਨ ਤਾਰਨ ਲੱਗਦੈ। ਢਾਡੀਆਂ, ਰਾਗੀਆਂ, ਕਵੀਸ਼ਰਾਂ, ਯੋਧਿਆਂ, ਦੇਸ਼ਭਗਤਾਂ, ਭਲਵਾਨਾਂ ਤੇ ਲੇਖਕਾਂ ਨੇ ਸੁਰ ਸਿੰਘ ਦੀ ਬੜੀ ਵਡਿਆਈ ਕਰਵਾਈ ਹੈ। ਗੁਰੂ ਹਰਿਗੋਬਿੰਦ ਸਾਹਿਬ ਸਮੇਂ ਲਾਹੌਰ ਦੇ ਕਿਲ੍ਹੇ ’ਚੋਂ ਘੋੜਿਆਂ ਦੀਆਂ ਰਾਵੀ ’ਚ ਛਾਲਾਂ ਲੁਆ ਕੇ ਲੈ ਆਉਣ ਵਾਲਾ ਭਾਈ ਬਿਧੀ ਚੰਦ ਇਸੇ ਪਿੰਡ ਦਾ ਸੀ। ਪੰਜਾਬੀ ਕਹਾਣੀ ਦਾ ਸ਼ਾਹਸਵਾਰ ਵਰਿਆਮ ਸਿੰਘ ਸੰਧੂ ਵੀ ਉਥੋਂ ਦਾ ਹੀ ਹੈ ਜਿਸ ਨੇ ਕਰਤਾਰ ਸਿੰਘ ਦੀ ਜੀਵਨੀ ‘ਕੁਸ਼ਤੀ ਦਾ ਧਰੂ-ਤਾਰਾ ਕਰਤਾਰ’ ਲਿਖੀ। ਜੀਹਨੇ ਪਹਿਲਵਾਨ ਕਰਤਾਰ ਸਿੰਘ ਨੂੰ ਅੰਦਰੋਂ ਬਾਹਰੋਂ ਜਾਨਣਾ ਹੋਵੇ ਉਹ ਇਹ ਪੁਸਤਕ ਪੜ੍ਹ ਲਵੇ।

Advertisement

ਵਰਿਆਮ ਸੰਧੂ ਨੇ ਲਿਖਿਆ: ਕਰਤਾਰ ਭਲਵਾਨ ਮੇਰਾ ਗਰਾਈਂ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਸੁਰ ਸਿੰਘ ਦਾ ਜੰਮ-ਪਲ। ਸਿੱਖ ਗੁਰੂਆਂ, ਸਿੱਖ ਸੂਰਮਿਆਂ ਅਤੇ ਗ਼ਦਰੀ ਯੋਧਿਆਂ ਦੀਆਂ ਇਤਿਹਾਸਕ ਯਾਦਾਂ ਸੰਭਾਲੀ ਬੈਠਾ ਪਿੰਡ। 1978 ਵਿੱਚ ਜਦੋਂ ਕਰਤਾਰ ਪਹਿਲੀ ਵਾਰ ਏਸ਼ੀਅਨ ਖੇਡਾਂ ਬੈਂਕਾਕ ਤੋਂ ਸੋਨ-ਤਮਗ਼ਾ ਜਿੱਤ ਕੇ ਲਿਆਇਆ ਸੀ ਤਾਂ ਪੂਰੇ ਪਿੰਡ ਵੱਲੋਂ ਉਹਦੇ ਮਾਣ ਸਤਿਕਾਰ ਵਿੱਚ ਭਰਪੂਰ ਸਮਾਗਮ ਕੀਤਾ ਗਿਆ। ਕਰਤਾਰ ਤੇ ਉਹਦੇ ਨਾਲ ਆਏ ਭਲਵਾਨਾਂ ਤੇ ਕੋਚਾਂ ਨੂੰ ਸਵਾਗਤੀ ਕਮੇਟੀ ਵੱਲੋਂ ਤੁਛ ਭੇਟਾ ਦਿੰਦਿਆਂ ਮੈਂ ਇੱਕ ਗੱਲ ਸੁਣਾਈ ਸੀ:

ਮੇਰਾ ਇੱਕ ਮਾਮਾ ਆਪਣੇ ਵੇਲਿਆਂ ਦਾ ਚੰਗਾ ਭਲਵਾਨ ਸੀ। ਇੱਕ ਵਾਰ ਉਹ ਆਪਣੇ ਪਿੰਡੋਂ ਵੀਹ-ਤੀਹ ਕੋਹ ਦੂਰ ਕਿਸੇ ਪਿੰਡ ਛਿੰਝ ’ਤੇ ਘੁਲਣ ਲਈ ਗਿਆ। ਉਹਦੇ ਹੀ ਪਿੰਡ ਦਾ ਕੋਈ ਹੋਰ ਬੰਦਾ, ਜਿਹੜਾ ਛਿੰਝ ਵਾਲੇ ਪਿੰਡ ਦੇ ਨੇੜੇ ਕਿਸੇ ਰਿਸ਼ਤੇਦਾਰੀ ’ਚ ਮਿਲਣ ਗਿਲਣ ਗਿਆ ਸੀ, ਘੋਲ ਵੇਖਣ ਲਈ ਉੱਥੇ ਆਇਆ। ਜਦੋਂ ਮੇਰਾ ਮਾਮਾ ਦੂਜੇ ਭਲਵਾਨ ਨਾਲ ਘੁਲ ਰਿਹਾ ਸੀ ਤਾਂ ਉਹਦੇ ਪਿੰਡ ਦਾ ਵਸਨੀਕ ਵੀ ਆਪਣੇ ਮਨ ਵਿੱਚ ਨਾਲ ਦੀ ਨਾਲ ਘੁਲ ਰਿਹਾ ਸੀ। ਆਖ਼ਰ ਜਦੋਂ ਮੇਰੇ ਮਾਮੇ ਨੇ ਵਿਰੋਧੀ ਭਲਵਾਨ ਨੂੰ ਧਰਤੀ ’ਤੇ ਪਿੱਠ ਪਰਨੇ ਸੁੱਟ ਲਿਆ ਤਾਂ ਉਹਦੇ ਗਰਾਈਂ ਨੇ ਛਾਲ ਮਾਰੀ ਤੇ ਸੰਤੋੜ ਮੇਰੇ ਮਾਮੇ ਵੱਲ ਭੱਜ ਉੱਠਾ। ਜਾ ਕੇ ਮੇਰੇ ਮਾਮੇ ਨੂੰ ਹਿੱਕ ਨਾਲ ਘੁੱਟ ਕੇ ਧਰਤੀ ਤੋਂ ਉੱਚਾ ਚੁੱਕ ਲਿਆ। ਪਿੱਛੋਂ ਆਪਣੀ ਜੇਬ ਵਿੱਚ ਹੱਥ ਮਾਰਿਆ। ਗਰੀਬ ਜੱਟ ਸੀ। ਉਦੋਂ ਲੋਕਾਂ ਕੋਲ ਪੈਸੇ ਹੁੰਦੇ ਵੀ ਕਿੱਥੇ ਸਨ, ਜੇਬ ਵਿੱਚੋਂ ਸਿਰਫ਼ ਇੱਕ ਅਠਿਆਨੀ ਨਿਕਲੀ। ਉਸ ਨੇ ਉਹੀ ਅਠਿਆਨੀ ਮੇਰੇ ਮਾਮੇ ਦੀ ਮੁੱਠ ਵਿੱਚ ਦਿੱਤੀ ਤੇ ਫਿਰ ਉਹਦੀ ਮੁੱਠ ਮੀਚਦਿਆਂ ਕਹਿਣ ਲੱਗਾ, ‘ਬਘੇਲ ਸਿਅ੍ਹਾਂ! ਇਹ ਮੁੱਠ ਤੂੰ ਮੀਟੀ ਰੱਖ! ਇਹ ਨਾ ਵੇਖ! ਇਹਦੇ ਵਿੱਚ ਹੈ ਕੀ... ਮੇਰੇ ਕੋਲ ਹੈ ਈ ਇਹੋ ਕੁਝ ਸੀ ਵੀਰ ਮੇਰਿਆ... ਮੇਰੇ ਕੋਲੋਂ ਤੇਰੇ ਜਿੱਤਣ ਦਾ ਚਾਅ ਠੱਲ੍ਹਿਆ ਨਹੀਂ ਗਿਆ... ਬੱਸ ਇਸ ਚਾਅ ’ਚ ਈ ਭੱਜਾ ਆਇਆਂ... ਇਸ ਲਈ ਤੂੰ ਇਹ ਮੁੱਠੀ ਬੰਦ ਹੀ ਰੱਖ... ਤੇ ਮੇਰੇ ਖੁੱਲ੍ਹੇ ਦਿਲ ਵੱਲ ਦੇਖ..!’

ਇਹ ਕਹਾਣੀ ਸੁਣਾ ਕੇ ਮੈਂ ਕਰਤਾਰ ਨੂੰ ਕਿਹਾ ਸੀ, ‘ਭਲਵਾਨ ਜੀ ਮੈਂ ਅਤੇ ਮੇਰੇ ਪਿੰਡ ਵਾਲੇ ਤੁਹਾਡੀ ਏਡੀ ਮਹਾਨ ਜਿੱਤ ਦੀ ਖ਼ੁਸ਼ੀ ਵਿੱਚ ਮਾਣ-ਸਨਮਾਨ ਵਜੋਂ ਜੋ ਕੁਝ ਤੁਹਾਨੂੰ ਭੇਟ ਕਰ ਰਹੇ ਹਾਂ... ਉਹ ਤਾਂ ਤੁਸੀਂ ਮੁੱਠੀ ਵਿੱਚ ਬੰਦ ਹੀ ਰੱਖੋ... ਉਹਨੂੰ ਖੋਲ੍ਹ ਕੇ ਨਾ ਦੇਖੋ ਕਿ ਇਸ ਵਿੱਚ ਕੀ ਹੈ? ਦੇਖਣਾ ਹੈ ਤਾਂ ਸਾਡੇ ਪਿਆਰ ਨਾਲ ਨੱਕੋ-ਨੱਕ ਭਰੇ ਦਿਲ ਦੇਖੋ... ਸਾਡਾ ਚਾਅ ਦੇਖੋ... ਸਾਡਾ ਮਾਣ ਦੇਖੋ..!’

ਅੱਜ ਉਸੇ ਹੀ ਪਿਆਰ ਤੇ ਮਾਣ ਵਿੱਚ ਭਰ ਕੇ ਮੈਂ ਇਹ ਪੁਸਤਕ ਕਰਤਾਰ ਦੇ ਹੱਥਾਂ ਵਿੱਚ ਦੇ ਕੇ ਕਹਿਣਾ ਚਾਹੁੰਦਾ ਹਾਂ, ‘ਭਲਵਾਨ ਜੀ! ਅੱਜ ਆਪਣੀਆਂ ਉਨ੍ਹਾਂ ਬੰਦ ਮੁੱਠਾਂ ਨੂੰ ਖੋਲ੍ਹੋ... ਤੇ ਇਸ ਪੁਸਤਕ ਨੂੰ ਦੇਖੋ ਤੇ ਦਿਖਾਓ ਵੀ... ਜਿਸ ਵਿੱਚ ਤੁਹਾਡੇ ਗਰਾਈਂ, ਤੁਹਾਡੇ ਵੱਡੇ ਭਰਾ ਦਾ ਪਿਆਰ ਉਲੱਦਿਆ ਪਿਆ ਹੈ!’

ਅਖ਼ੀਰ ਵਿੱਚ ਮੈਂ ਆਪਣੇ ਮਹਾਨ ਪਿੰਡ ਸੁਰ ਸਿੰਘ ਅੱਗੇ ਆਪਣਾ ਸੀਸ ਨਿਵਾਉਂਦਾ ਹਾਂ ਜਿਸ ਦੀ ਮੁਹੱਬਤ ਨੇ ਆਪਣੇ ਇਸ ਮਹਾਨ ਪੁੱਤ ਬਾਰੇ ਆਪਣੇ ਇਸ ਲੇਖਕ ਪੁੱਤ ਕੋਲੋਂ ਕੁਝ ਸ਼ਬਦ ਲਿਖਵਾਏ ਹਨ। ਮੇਰੇ ਪਿਆਰੇ ਤੇ ਮਾਣ-ਮੱਤੇ ਪਿੰਡ! ਮੇਰੇ ਪਿੰਡ ਦੇ ਪਿਆਰੇ ਤੇ ਮੋਹ-ਭਿੱਜੇ ਲੋਕੋ! ਇਤਿਹਾਸ ਬਣਾਉਣ ਵਾਲੇ ਤੇ ਇਤਿਹਾਸ ਲਿਖਣ ਵਾਲੇ ਤੁਹਾਡੇ ਬੱਚੇ ਤੁਹਾਡੇ ਵਿਹੜਿਆਂ ਵਿੱਚ ਪਲਦੇ ਤੇ ਖੇਡਦੇ ਰਹਿਣ ਤੇ ਫਿਰ ਇੱਕ ਦਿਨ ਇੰਜ ਹੀ ਚਮਕ ਉੱਠਣ... ਉੱਚੇ ਨੀਲੇ ਅੰਬਰਾਂ ਵਿੱਚ ਧਰੂ ਤਾਰਾ ਬਣ ਕੇ... ਤੁਹਾਡੇ ਕਰਤਾਰ ਵਾਂਗ। ਕਰਤਾਰ ਦਾ ਜਨਮ ਸਾਧਾਰਨ ਕਿਸਾਨ ਕਰਨੈਲ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ। ਸਕੂਲ ਦੇ ਸਰਟੀਫਿਕੇਟ ਮੁਤਾਬਕ ਉਹਦੀ ਜਨਮ ਤਾਰੀਖ 7 ਅਕਤੂਬਰ 1953 ਲਿਖੀ ਹੈ ਜਦਕਿ ਅਸਲੀ ਜਨਮ ਮਿਤੀ 15 ਜਨਵਰੀ 1953 ਹੈ। ਲੋਹੜੀ ਤੋਂ ਦੋ ਦਿਨ ਪਿੱਛੋਂ ਜੰਮਿਆ ਹੋਣ ਕਰ ਕੇ ਉਹਦੀ ਲੋਹੜੀ ਮਨਾਉਣ ਲਈ ਸਾਲ ਭਰ ਉਡੀਕ ਕਰਨੀ ਪਈ ਸੀ। ਉਸ ਦੇ ਪਿਤਾ ਮਾਝੇ ਦੇ ਆਮ ਬਜ਼ੁਰਗਾਂ ਵਾਂਗ ਕੁਸ਼ਤੀਆਂ ਦੇ ਸ਼ੌਕੀਨ ਸਨ। ਕਰਤਾਰ ਹੋਰੀਂ ਪੰਜ ਭਰਾ ਹਨ ਤੇ ਦੋ ਭੈਣਾਂ, ਜਿਨ੍ਹਾਂ ’ਚ ਤਿੰਨ ਭਰਾਵਾਂ ਨੇ ਕੁਸ਼ਤੀਆਂ ’ਚ ਨਾਂ ਚਮਕਾਇਆ। ਉਨ੍ਹਾਂ ਦੇ ਤਾਏ ਦਾ ਪੁੱਤਰ ਜੋਗਿੰਦਰ ਸਿੰਘ ਵੀ ਤਕੜਾ ਭਲਵਾਨ ਸੀ। ਕਰਤਾਰ ਸਿੰਘ ਦੇ ਛੋਟੇ ਭਰਾ ਸਰਵਣ ਸਿੰਘ ਤੇ ਭਤੀਜੇ ਰਣਧੀਰ ਸਿੰਘ ਨੇ ਵੀ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੈਡਲ ਜਿੱਤੇ। ਵੱਡਾ ਭਰਾ ਗੁਰਚਰਨ ਸਿੰਘ ਢਿੱਲੋਂ ਕੁਸ਼ਤੀ ਕੋਚ ਰਿਹਾ। ਉਹਤੋਂ ਵੱਡੇ ਅਮਰ ਸਿੰਘ ਨੂੰ ਵੀ ਘੋਲਾਂ ਦਾ ਸ਼ੌਕ ਸੀ। ਕਰਤਾਰ ਉੱਤੇ ਕੁਦਰਤ ਏਨੀ ਬਲਿਹਾਰ ਰਹੀ ਕਿ ਉਹ ਫ਼ਤਹਿ ’ਤੇ ਫ਼ਤਹਿ ਹਾਸਲ ਕਰਦਾ ਗਿਆ। ਉਹ ਸਕੂਲਾਂ ਕਾਲਜਾਂ ਤੋਂ ਏਸ਼ਿਆਈ ਤੇ ਕਾਮਨਵੈੱਲਥ ਖੇਡਾਂ ਅਤੇ ਵਿਸ਼ਵ ਵੈਟਰਨ ਕੁਸ਼ਤੀ ਚੈਂਪੀਅਨਸ਼ਿਪਾਂ ਤੱਕ ਦੀਆਂ ਗੁਰਜਾਂ ਸਾਂਭੀ ਬੈਠਾ ਹੈ। ਬੈਠਾ ਕਿੱਥੇ! ਅਜੇ ਵੀ ਰੋਜ਼ਾਨਾ ਕਸਰਤ ਕਰਦਾ ਨਵੀਂ ਪੀੜ੍ਹੀ ਨੂੰ ਕੁਸ਼ਤੀਆਂ ਦੇ ਲੜ ਲਾਈ ਜਾ ਰਿਹੈ।

ਉਹ ਸੁਰ ਸਿੰਘ ਤੋਂ ਕੁਸ਼ਤੀ ਸਿੱਖ ਕੇ 1970 ’ਚ ਸਕੂਲਾਂ ਦਾ ਨੈਸ਼ਨਲ ਚੈਂਪੀਅਨ ਬਣਿਆ ਸੀ। ਫਿਰ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖ਼ਲਾ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਭਾਰਤ ਦੀਆਂ ਕੁੱਲ ਯੂਨੀਵਰਸਿਟੀਆਂ ਦਾ ਚੈਂਪੀਅਨ ਬਣਿਆ। 1973 ’ਚ ਮਾਸਕੋ ਦੇ ਵਿਸ਼ਵ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਵਿੱਚ ਗਿਆ। 1974 ’ਚ ਗੁਰੂ ਹਨੂਮਾਨ ਜੀ ਨੂੰ ਉਸਤਾਦ ਧਾਰਿਆ ਤੇ ਸਬਜ਼ੀ ਮੰਡੀ ਦਿੱਲੀ ਦੇ ਅਖਾੜੇ ਵਿਚ ਕੁਸ਼ਤੀਆਂ ਦੀ ਕਰੜੀ ਸਿਖਲਾਈ ਲਈ। 1976 ’ਚ ਉਹ ਕੁਸ਼ਤੀ ਦੇ ਸਿਰ ’ਤੇ ਬੀ ਐੱਸ ਐੱਫ ਵਿੱਚ ਇੰਸਪੈਕਟਰ ਭਰਤੀ ਹੋ ਗਿਆ। 1978 ’ਚ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਨੇ ਉਸ ਨੂੰ ਡੀ ਐੱਸ ਪੀ ਬਣਵਾ ਦਿੱਤਾ। 1981 ’ਚ ਉਹ ਪੰਜਾਬ ਪੁਲੀਸ ਵਿੱਚ ਚਲਾ ਗਿਆ ਤੇ ਡੀ ਐੱਸ ਪੀ ਤੋਂ ਤਰੱਕੀ ਕਰਦਾ ਆਈ ਜੀ ਦੇ ਅਹੁਦੇ ਤੋਂ ਰਿਟਾਇਰ ਹੋਇਆ। ਵਿੱਚੋਂ ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਵੀ ਰਿਹਾ।

ਉਸ ਨੇ ਪਿੰਡਾਂ ਦੀਆਂ ਛਿੰਝਾਂ ਤੋਂ ਕੁਸ਼ਤੀ ਮੁਕਾਬਲੇ ਸ਼ੁਰੂ ਕੀਤੇ ਸਨ ਤੇ ਰਵਾਇਤੀ ਦਾਅ ਢਾਕ ਮਾਰਨਾ, ਹਫ਼ਤਾ ਚਾੜ੍ਹਨਾ, ਧੋਬੀ ਪਾਟ, ਨਕਾਲ, ਬਗਲ ਡੁੱਬ, ਗਾਧਾਲੋਟ, ਪੁੱਠੀ ਸਿਧੀ ਸਾਲਤੋ ਤੇ ਮੋੜਾ ਮਾਰਨ ਦੀ ਮੁਹਾਰਤ ਹਾਸਲ ਕੀਤੀ ਸੀ। ਬਾਅਦ ਵਿੱਚ ਉਸ ਨੇ ਗੱਦੇ ਦੇ ਦਾਅ ਭਾਰਨਦਾਜ, ਪੱਟ ਖਿੱਚਣਾ, ਫਿਤਲੇ ਤੇ ਟੰਗੀ ਆਦਿ ਵੀ ਸਿੱਖੇ ਤੇ ਰਵਾਂ ਕੀਤੇ। ਕਰਤਾਰ ਦੀਆਂ ਜਿੱਤਾਂ ਦਾ ਦੌਰ 1968 ਤੋਂ ਸ਼ੁਰੂ ਹੁੰਦੈ। ਉਸ ਨੇ ਪਹਿਲੀ ਕੁਸ਼ਤੀ ਸੁਰ ਸਿੰਘ ਦੀ ਛਿੰਝ ’ਚ ਜਿੱਤੀ। 1978 ’ਚ ਏਸ਼ਿਆਈ ਖੇਡਾਂ ’ਚੋਂ ਗੋਲਡ ਮੈਡਲ ਜਿੱਤਿਆ ਤਾਂ ਕੁਸ਼ਤੀ ਕੋਚਾਂ ਨੂੰ ਲੱਗਣ ਲੱਗਾ ਕਿ ਉਹ ਓਲੰਪਿਕ ਖੇਡਾਂ ਨੂੰ ਵੀ ਪਵੇਗਾ।

ਪਹਿਲਾਂ ਉਸ ਨੇ ਪਹਿਲਵਾਨ ਦਾਰਾ ਸਿੰਘ ਨੂੰ ਉਸਤਾਦ ਧਾਰਿਆ ਜਿਸ ਨੇ ਉਸ ਨੂੰ ਗੁਰੂ ਹਨੂਮਾਨ ਜੀ ਦੇ ਲੜ ਲਾ ਦਿੱਤਾ। ਗੁਰੂ ਹਨੂਮਾਨ ਦੇ ਸਬਜ਼ੀ ਮੰਡੀ ਦਿੱਲੀ ਦੇ ਅਖਾੜੇ ਵਿੱਚ ਉਸ ਨੇ ਬੜੀ ਸਖ਼ਤ ਮਿਹਨਤ ਕੀਤੀ। ਉਥੇ ਹੀ ਮੇਰਾ ਉਸ ਨਾਲ ਪਹਿਲੀ ਵਾਰ ਮੇਲ ਹੋਇਆ। ਸਵੇਰੇ ਸੁਵੱਖ਼ਤੇ ਹੀ ਮੈਂ ਗੁਰੂ ਹਨੂਮਾਨ ਦੇ ਅਖਾੜੇ ਪਹੁੰਚ ਗਿਆ ਸਾਂ। ਅਖਾੜੇ ਦਾ ਦਰ ਨੀਵਾਂ ਸੀ। ਨਿਓਂ ਕੇ ਲੰਘਣ ਸਾਰ ਮੈਨੂੰ ਘੋਨ ਮੋਨ ਪਹਿਲਵਾਨਾਂ ਦੀਆਂ ਟੋਲੀਆਂ ਨਜ਼ਰੀਂ ਪਈਆਂ। ਹਾਤਾ ਭਲਵਾਨਾਂ ਨਾਲ ਭਰਿਆ ਹੋਇਆ ਸੀ। ਅਲੂੰਏਂ ਪੱਠੇ ਕੂੰਡਿਆਂ ਵਿੱਚ ਸ਼ਰਦਾਈਆਂ ਰਗੜ ਰਹੇ ਸਨ। ਕਿਧਰੇ ਡੰਡ ਬੈਠਕਾਂ ਲੱਗ ਰਹੀਆਂ ਸਨ ਤੇ ਕਿਧਰੇ ਮੱਲਾਂ ਦੇ ਜੋੜ ਅਖਾੜੇ ਦੀ ਮਿੱਟੀ ਵਿਚ ਲਥਪਥ ਸਨ। ਕੁਝ ਪਹਿਲਵਾਨ ਰੱਸੇ ਉਤੇ ਚੜ੍ਹਨ ਦੀਆਂ ਕਸਰਤਾਂ ਕਰ ਰਹੇ ਸਨ ਤੇ ਕੁਝ ਅੰਦਰ ਗੱਦੇ ਉੱਤੇ ਕੁਸ਼ਤੀ ਦੇ ਨਵੇਂ ਦਾਅ ਪੇਚ ਸਿੱਖ ਰਹੇ ਸਨ। ਅਖਾੜਾ ਮੁੜ੍ਹਕੇ ’ਚ ਭਿੱਜਿਆ ਪਿਆ ਸੀ ਜਿਸ ’ਚੋਂ ਹੁੰਮਸ ਭਰੀ ਤੇਲੀਆ ਮਹਿਕ ਆ ਰਹੀ ਸੀ।

ਗੁਰੂ ਹਨੂਮਾਨ ਜੀ ਦੀ ਉਸ ਟਕਸਾਲ ਵਿੱਚ ਹੱਡ ਮਾਸ ਦੇ ਪਠੀਰ ਫੌਲਾਦੀ ਜੁੱਸਿਆਂ ’ਚ ਢਾਲੇ ਜਾ ਰਹੇ ਸਨ। ਮੈਂ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਕਰਤਾਰ ਸਿੰਘ ਬਾਰੇ ਪੁੱਛਿਆ। ਉਨ੍ਹਾਂ ਮੈਨੂੰ ਬੈਂਚ ’ਤੇ ਬਿਠਾ ਕੇ ਇੱਕ ਪੱਠੇ ਨੂੰ ਦੁੱਧ ਲਿਆਉਣ ਲਈ ਕਿਹਾ ਤੇ ਪੁੱਛਣ ਲੱਗੇ, ‘ਕਿਆ ਆਪ ਕਰਤਾਰ ਸਿੰਘ ਕੇ ਭਾਈ ਹੈਂ?’

ਜਦੋਂ ਮੈਂ ਦੱਸਿਆ ਕਿ ਮੈਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਦਾ ਸ਼ੌਕ ਹੈ ਤਾਂ ਉਨ੍ਹਾਂ ਨੇ ਮੈਨੂੰ ਕਰਤਾਰ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਕਰਤਾਰ ਉਦੋਂ ਹਾਲ ਅੰਦਰ ਕੁਸ਼ਤੀ ਦੇ ਗੱਦੇ ਉੱਤੇ ਕੋਚ ਕੋਲੋਂ ਕੁਝ ਸਿੱਖ ਰਿਹਾ ਸੀ ਤੇ ਗੁਰੂ ਜੀ ਉਹਦੀ ਸਿਖਲਾਈ ਵਿੱਚ ਵਿਘਨ ਨਹੀਂ ਸੀ ਪਾਉਣਾ ਚਾਹੁੰਦੇ। ਉਹਦੇ ਵਿਹਲੇ ਹੋਣ ਤੱਕ ਉਨ੍ਹਾਂ ਨੇ ਮੈਨੂੰ ਗੱਲੀਂ-ਬਾਤੀਂ ਪਰਚਾਈ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਕਰਤਾਰ ਦੀ ਸਾਦਗੀ, ਨਿਮਰਤਾ, ਨੇਕਚਲਣੀ, ਭਲਮਾਣਸੀ ਤੇ ਭਲਵਾਨੀ ਲਗਨ ਦੀਆਂ ਗੱਲਾਂ ਕੀਤੀਆਂ। ਉਹਦੇ ਭੋਲ਼ੇਪਨ ਦੀ ਇੱਕ ਹਾਸੇ ਵਾਲੀ ਗੱਲ ਵੀ ਸੁਣਾ ਦਿੱਤੀ ਕਿ ਕਰਤਾਰ ਨੂੰ ਪਿੰਡੋਂ ਆਏ ਦੋਸਤਾਂ ਨੇ ਸਿਨੇਮਾ ਦੀਆਂ ਟਿਕਟਾਂ ਲਿਆਉਣ ਲਈ ਕਿਹਾ ਤਾਂ ਉਹ ਸਬਜ਼ੀ ਮੰਡੀ ਰੇਲਵੇ ਸਟੇਸ਼ਨ ਤੋਂ ਟਿਕਟਾਂ ਲੈਣ ਵਾਲੀ ਕਤਾਰ ਵਿੱਚ ਜਾ ਲੱਗਾ ਸੀ! ਸਿਨੇਮਾ ਫਿਰ ਕਿੱਥੋਂ ਦੇਖ ਲੈਂਦੇ?

ਕਰਤਾਰ ਭਲਵਾਨ ਹਾਲ ਅੰਦਰੋਂ ਬਾਹਰ ਆਇਆ ਤਾਂ ਉਹਦੇ ਗੋਰੇ ਬਦਨ ਤੋਂ ਪਸੀਨਾ ਵਹਿ ਰਿਹਾ ਸੀ ਅਤੇ ਭਖਿਆ ਹੋਇਆ ਤਾਂ ਬੇਰੰਗੀ ਭਾਅ ਮਾਰ ਰਿਹਾ ਸੀ। ਉੱਦਣ ਸ਼ਾਮ ਤੱਕ ਮੈਂ ਕਰਤਾਰ ਹੋਰਾਂ ਕੋਲ ਰਿਹਾ ਤੇ ਖੁੱਲ੍ਹ ਕੇ ਗੱਲਾਂ-ਬਾਤਾਂ ਹੋਈਆਂ। ਉਹਦਾ ਬਚਪਨ ਡੰਗਰ ਚਾਰਦਿਆਂ ਤੇ ਖੇਤਾਂ ’ਚ ਕੰਮ ਕਰਦਿਆਂ ਆਮ ਕਿਸਾਨ ਮੁੰਡਿਆਂ ਵਾਂਗ ਬੀਤਿਆ ਸੀ। ਉਹਦੇ ਅੰਦਰ ਛੁਪੇ ਰੁਸਤਮ ਦਾ ਉਦੋਂ ਕਿਸੇ ਨੂੰ ਖਿਆਲ ਵੀ ਨਹੀਂ ਸੀ। ਸਾਡੇ ਅਜੋਕੇ ਬੱਚਿਆਂ ਅੰਦਰ ਕੀ ਕੁਝ ਛੁਪਿਐ, ਉਹਦਾ ਵੀ ਸਾਨੂੰ ਕਿੰਨਾ ਕੁ ਪਤਾ ਹੈ?

ਕਰਤਾਰ ਮਿੱਟੀ ਦੇ ਅਖਾੜੇ, ਓਲੰਪਿਕ ਸਟਾਈਲ ਤੇ ਫਰੀ ਸਟਾਈਲ ਤਿੰਨੇ ਕਿਸਮਾਂ ਦੀਆਂ ਕੁਸ਼ਤੀਆਂ ਦਾ ਮਾਹਿਰ ਹੈ। ਉਸ ਨੇ 1970 ਤੋਂ 2012 ਤੱਕ ਕੁਲ ਦੁਨੀਆ ਗਾਹੀ ਤੇ ਸੈਂਕੜੇ ਕੁਸ਼ਤੀਆਂ ਲੜੀਆਂ। ਉਹ ਸਿਓਲ ਦੀਆਂ ਏਸ਼ਿਆਈ ਖੇਡਾਂ-1986 ’ਚੋਂ ਗੋਲਡ ਮੈਡਲ ਜਿੱਤਣ ਵਾਲਾ ਭਾਰਤ ਦਾ ਇਕੋ ਇਕ ਮਰਦ ਖਿਡਾਰੀ ਸੀ। ਜਦੋਂ ਉਹ ਏਸ਼ੀਆ ਦਾ ਚੈਂਪੀਅਨ ਬਣ ਕੇ ਚੰਡੀਗੜ੍ਹ ਮੁੜਿਆ ਤਾਂ ਪੰਜਾਬ ਦੀ ਕੈਬਨਿਟ ਮੀਟਿੰਗ ਚੱਲ ਰਹੀ ਸੀ। ਵਜ਼ੀਰਾਂ ਨੇ ਖੜ੍ਹੇ ਹੋ ਕੇ ਏਸ਼ੀਆ ਦੇ ਰੁਸਤਮ ਦਾ ਸਵਾਗਤ ਕੀਤਾ। ਫਿਰ ਪੰਜਾਬ ਸਰਕਾਰ ਨੇ ਕਰਤਾਰ ਸਿੰਘ ਨੂੰ ਕਾਰ ਭੇਟ ਕੀਤੀ। ਮੁੱਖ ਮੰਤਰੀ ਨੇ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਉਸ ਨੂੰ ਕਾਰ ਦੀਆਂ ਚਾਬੀਆਂ ਸੌਂਪੀਆਂ ਤਾਂ ਦਰਸ਼ਕਾਂ ਦੀ ਮੰਗ ਉੱਤੇ ਕਰਤਾਰ ਸਿੰਘ ਨੇ ਕਾਰ ’ਤੇ ਚੜ੍ਹ ਕੇ ਸਟੇਡੀਅਮ ਦਾ ਚੱਕਰ ਲਾਇਆ। ਉਹ ਨਜ਼ਾਰਾ ਤੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਉਹਦਾ ਇਰਾਨ ਦੇ ਓਲੰਪੀਅਨ ਪਹਿਲਵਾਨ ਨੂੰ ਢਾਹ ਕੇ ਉਹਦੀ ਹਿੱਕ ’ਤੇ ਬੁੱਕਣ ਦਾ ਨਜ਼ਾਰਾ ਮੇਰੇ ਚੇਤਿਆਂ ’ਚ ਅਜੇ ਵੀ ਤਰੋ-ਤਾਜ਼ਾ ਹਨ।

ਉਸ ਨੇ ਦੁਨੀਆ ਦੇ ਦਰਜਨਾਂ ਦੇਸ਼ ਤੇ ਸੈਂਕੜੇ ਸ਼ਹਿਰ ਦੇਖੇ ਹਨ ਅਤੇ ਕੌਮੀ ਤੇ ਕੌਮਾਂਤਰੀ ਕੁਸ਼ਤੀਆਂ ’ਚੋਂ ਸੋਨੇ, ਚਾਂਦੀ ਤੇ ਤਾਂਬੇ ਦੇ ਵੀਹਾਂ ਤਗ਼ਮੇ ਜਿੱਤੇ ਹਨ। ਉਹ ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿੱਚ ਭਾਰਤੀ ਦਲਾਂ ਦਾ ਝੰਡਾਬਰਦਾਰ ਰਿਹਾ। ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਦੇ ਅਨੇਕ ਅਦਾਰਿਆਂ ਨੇ ਪਹਿਲਵਾਨ ਕਰਤਾਰ ਸਿੰਘ ਦਾ ਮਾਣ ਸਨਮਾਨ ਕੀਤਾ ਹੈ।

ਕਰਤਾਰ ਦਾ ਕੱਦ ਪੰਜ ਫੁੱਟ ਦਸ ਇੰਚ ਹੈ ਤੇ ਵਜ਼ਨ ਨੱਬੇ ਕਿਲੋ ਤੋਂ ਸੌ ਕਿਲੋ ਵਿਚਾਲੇ ਰਿਹਾ। ਛਾਤੀ ਦਾ ਘੇਰਾ ਅਠਤਾਲੀ ਇੰਚ। ਰੰਗ ਗੋਰਾ, ਠੋਡੀ ’ਚ ਪੈਂਦਾ ਟੋਆ, ਨੈਣ ਨਕਸ਼ ਮਨਮੋਹਣੇ, ਜੁੱਸਾ ਸਡੌਲ ਤੇ ਚਿਹਰਾ ਮੰਦ ਮੰਦ ਮੁਸਕਰਾਉਂਦਾ। 70ਵਿਆਂ ’ਚ ਪੁੱਜ ਕੇ ਵੀ ਉਹ 50ਵਿਆਂ ਦਾ ਜੁਆਨ ਦਿਖਾਈ ਦਿੰਦਾ ਹੈ। ਸੋਹਣਾ ਸੁਨੱਖਾ ਯੂਸਫ਼ ਵਰਗਾ ਹੈ। ਦਰਸ਼ਕ ਉਹਦੇ ਦਰਸ਼ਨਾਂ ਨੂੰ ਤਾਂਘਦੇ ਰਹਿੰਦੇ ਹਨ। ਉਹਦਾ ਵਿਆਹ 1985 ’ਚ ਬੀਬੀ ਗੁਰਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਇੱਕ ਪੁੱਤਰ ਤੇ ਦੋ ਧੀਆਂ ਹਨ। ਅਜੋਕਾ ਟਿਕਾਣਾ 210 ਚੀਮਾ ਨਗਰ, ਜਲੰਧਰ ਵਿੱਚ ਹੈ।

ਉਹਦੇ ਸਮੁੱਚੇ ਜੀਵਨ ’ਤੇ ਝਾਤ ਮਾਰੀਏ ਤਾਂ ਪਤਾ ਲੱਗਦੈ ਕਿ ਇਕ ਸਾਧਾਰਨ ਪਰਿਵਾਰ ਦਾ ਬੱਚਾ ਆਪਣੀ ਮਿਹਨਤ ਦੇ ਬਲਬੂਤੇ ਬਹੁਤ ਕੁਝ ਕਰ ਸਕਦੈ। ਉਹਦਾ ਆਲਾ ਦੁਆਲਾ ਪਹਿਲਵਾਨੀ ਵਾਲਾ ਹੋਣ ਕਰਕੇ ਉਹ ਬਚਪਨ ਵਿੱਚ ਹੀ ਘੁਲਣ ਲੱਗ ਪਿਆ ਸੀ ਜਿਸ ਨਾਲ ਉਸ ਦਾ ਜੁੱਸਾ ਹੋਰ ਤਕੜਾ ਹੁੰਦਾ ਗਿਆ। ਉਹਦੇ ਤਾਏ ਦਾ ਪੁੱਤਰ ਜੋਗਿੰਦਰ ਸਿੰਘ ਤੇ ਕਰਤਾਰ ਦਾ ਵੱਡਾ ਭਰਾ ਅਮਰ ਸਿੰਘ ਬਾਹਰਲੀ ਹਵੇਲੀ ਵਿੱਚ ਅਖਾੜਾ ਪੁੱਟ ਕੇ ਜ਼ੋਰ ਕਰਿਆ ਕਰਦੇ ਸਨ। ਉਨ੍ਹਾਂ ਦੀ ਰੀਸੇ ਛੋਟੇ ਭਰਾ ਗੁਰਚਰਨ ਤੇ ਕਰਤਾਰ ਵੀ ਇੱਕ-ਦੂਜੇ ਨਾਲ ਖਹਿਣ ਲੱਗ ਪਏ ਤੇ ਪਹਿਲਵਾਨੀ ਦੇ ਰਾਹ ਪੈ ਗਏ। ਇਸ ਲਈ ਲੋੜ ਹੈ ਪੰਜਾਬ ਦਾ ਮਾਹੌਲ ਜੁੱਸੇ ਸਿਹਤਮੰਦ ਤੇ ਤਕੜੇ ਬਣਾਉਣ ਵਾਲਾ ਬਣਾਇਆ ਜਾਵੇ ਤਾਂ ਕਿ ਮਾਰੂ ਨਸ਼ਿਆਂ ਦੇ ਕੋਹੜ ਤੋਂ ਪਠੀਰਾਂ ਤੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ।

ਜਿਹੜੇ ਕਹਿੰਦੇ ਹਨ ਕਿ ਖੇਡਾਂ ਵਿੱਚ ਕੁਝ ਨਹੀਂ ਪਿਆ ਉਹ ਕਰਤਾਰ ਸਿੰਘ ਦੀ ਰੀਸ ਕਰ ਲੈਣ। ਉਸ ਨੂੰ ਤੜਕੇ ਚਾਰ ਵਜੇ ਉੱਠਦਾ ਤੇ ਤਿੰਨ ਘੰਟੇ ਦੀ ਸਖ਼ਤ ਮਿਹਨਤ ਮਾਰਦਾ ਵੇਖਣ। ਤਕਾਲੀਂ ਦੋ ਘੰਟੇ ਫਿਰ ਮਿੱਟੀ ਨਾਲ ਮਿੱਟੀ ਹੁੰਦਾ ਜਾਚਣ। ਦੇਖ ਲਓ ਉਹਦੇ ਪਹਿਲਵਾਨ ਬਣਨ ਨਾਲ ਸਮੁੱਚੇ ਪਰਿਵਾਰ ਨੂੰ ਰੰਗ ਭਾਗ ਲੱਗੇ। ਤਿੰਨ ਭਰਾ ਤੇ ਦੋ ਭਤੀਜੇ ਕੁਸ਼ਤੀਆਂ ’ਚ ਪੈ ਕੇ ਉੱਚੇ ਅਹੁਦਿਆਂ ’ਤੇ ਪੁੱਜੇ। ਇਕ ਆਈ ਜੀ ਦੂਜਾ ਐੱਸ ਪੀ ਤੇ ਤੀਜਾ ਕੌਮਾਂਤਰੀ ਕੁਸ਼ਤੀ ਕੋਚ। ਭਤੀਜਾ ਕਸਟਮ ਅਫਸਰ। ਹੁਣ ਉਹ ਜਿਧਰ ਵੀ ਜਾਂਦਾ ਹੈ ਕਰਤਾਰ ਕਰਤਾਰ ਹੁੰਦੀ ਹੈ।

ਸੰਪਰਕ: principalsarwansingh@gmail.com

Advertisement
×