ਖੁਰਾਲਗੜ੍ਹ: ਜਿੱਥੇ ਗੁਰੂ ਰਵਿਦਾਸ ਜੀ ਨੇ ਸਵਾ ਚਾਰ ਸਾਲ ਗੁਜ਼ਾਰੇ
ਸੰਤ ਮਹਾਂਪੁਰਸ਼ ਭੁੱਲੀ ਹੋਈ ਜਨਤਾ ਦਾ ਸਹੀ ਮਾਰਗਦਰਸ਼ਨ ਕਰਨ ਲਈ ਯਾਤਰਾਵਾਂ ਕਰਦੇ ਰਹਿੰਦੇ ਹਨ। ਉਹ ਸਦਾ ਇੱਕ ਥਾਂ ਡੇਰਾ ਜਮਾ ਕੇ ਜੀਵਨ ਨਹੀਂ ਗੁਜ਼ਾਰਦੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੌਰਾਨ ਭੁੱਲੀ ਹੋਈ ਲੋਕਾਈ ਨੂੰ ਗਿਆਨ ਦੇ...
ਸੰਤ ਮਹਾਂਪੁਰਸ਼ ਭੁੱਲੀ ਹੋਈ ਜਨਤਾ ਦਾ ਸਹੀ ਮਾਰਗਦਰਸ਼ਨ ਕਰਨ ਲਈ ਯਾਤਰਾਵਾਂ ਕਰਦੇ ਰਹਿੰਦੇ ਹਨ। ਉਹ ਸਦਾ ਇੱਕ ਥਾਂ ਡੇਰਾ ਜਮਾ ਕੇ ਜੀਵਨ ਨਹੀਂ ਗੁਜ਼ਾਰਦੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਦੌਰਾਨ ਭੁੱਲੀ ਹੋਈ ਲੋਕਾਈ ਨੂੰ ਗਿਆਨ ਦੇ ਚਾਨਣ ਨਾਲ ਅਧਿਆਤਮਿਕਤਾ ਦੇ ਰਾਹ ਪਾਇਆ। ਇਸੇ ਤਰ੍ਹਾਂ ਗੁਰੂ ਰਵਿਦਾਸ ਜੀ ਨੇ ਭਾਵੇਂ ਬਹੁਤਾ ਸਮਾਂ ਕਾਸ਼ੀ ਵਿੱਚ ਹੀ ਗੁਜ਼ਾਰਿਆ ਦੱਸਿਆ ਜਾਂਦਾ ਹੈ, ਪਰ ਖੋਜੀਆਂ ਨੇ ਉਨ੍ਹਾਂ ਦੀ ਪੰਜਾਬ ਦੀ ਇੱਕ ਫੇਰੀ ਦੀਆਂ ਪੈੜਾਂ ਦੀ ਖੋਜ ਕੱਢੀ ਹੈ। ਖੋਜੀਆਂ ਦਾ ਕਹਿਣਾ ਹੈ ਕਿ ਗੁਰੂ ਰਵਿਦਾਸ ਜੀ 1515 ਈਸਵੀ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸ਼ਿਵਾਲਿਕ ਪਹਾੜੀਆਂ ’ਚ ਵਸਦੇ ਪਿੰਡ ਖੁਰਾਲਗੜ੍ਹ ਖੁਰਾਲੀ ਵਿੱਚ ਆਏ। ਉੱਥੇ ਉਨ੍ਹਾਂ ਨੇ ਚਾਰ ਸਾਲ ਦੋ ਮਹੀਨੇ ਅਤੇ ਗਿਆਰਾਂ ਦਿਨ ਗੁਜ਼ਾਰੇ।
ਇਸ ਸਮੇਂ ਦੌਰਾਨ ਉਨ੍ਹਾਂ ਦੀਨ ਦੁਖੀਆਂ ਦੀ ਸੇਵਾ ਕੀਤੀ ਅਤੇ ਪ੍ਰਭੂ ਭਗਤੀ ਦਾ ਗੁਰ ਮੰਤਰ ਸਮਝਾਇਆ। ਕਿਰਤ ਦੀ ਮਹਾਨਤਾ ਅਤੇ ਕਿਰਤੀ ਦਾ ਆਦਰ ਕਰਨ ਵਾਲੇ ਨੂੰ ਗਲੇ ਲਾਇਆ। ਇਸ ਸਮੇਂ ਗੁਰੂ ਜੀ ਨਾਲ ਉਨ੍ਹਾਂ ਦੀ ਸ਼ਿੱਸ਼ ਮੀਰਾ ਬਾਈ, ਝਾਲਾ ਬਾਈ ਅਤੇ ਭਾਨਵਤੀ ਜੀ ਵੀ ਸਨ। ਗੁਰੂ ਰਵਿਦਾਸ ਜੀ ਦੀ ਮਹਿਮਾ ਸੁਣ ਕੇ ਇਸ ਇਲਾਕੇ ਦਾ ਰਾਜਾ ਬੈਨ ਉਨ੍ਹਾਂ ਨਾਲ ਨਾਰਾਜ਼ ਹੋ ਗਿਆ। ਉਸ ਨੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਗੁਰੂ ਰਵਿਦਾਸ ਜੀ ਨੂੰ ਖਰਾਸ (ਆਟਾ ਪੀਸਣ ਦੀ ਮਸ਼ੀਨ) ਗੇੜਨ ਦੀ ਸਜ਼ਾ ਦਿੱਤੀ ਜਾਵੇ। ਦੰਦਕਥਾ ਮੁਤਾਬਿਕ ਗੁਰੂੁ ਰਵਿਦਾਸ ਜੀ ਖਰਾਸ ਕੋਲ ਜਾ ਕੇ ਅੰਤਰ ਧਿਆਨ ਹੋਏ ਤਾਂ ਖਰਾਸ ਖ਼ੁਦ-ਬ-ਖ਼ੁਦ ਚੱਲਣ ਲੱਗ ਪਿਆ। ਇਸ ਘਟਨਾ ਨਾਲ ਰਾਜੇ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸ ਨੂੰ ਗਿਆਨ ਹੋ ਗਿਆ ਕਿ ਗੁਰੂ ਰਵਿਦਾਸ ਪਰਮਾਤਮਾ ਦਾ ਸੱਚਾ ਭਗਤ ਹੈ, ਉਹ ਜੋ ਚਾਹੇ ਕਰ ਸਕਦਾ ਹੈ। ਰਾਜੇ ਨੇ ਉਨ੍ਹਾਂ ਦੇ ਚਰਨੀਂ ਪੈ ਕੇ ਮੁਆਫ਼ੀ ਮੰਗੀ।
ਇਲਾਕੇ ਵਿੱਚ ਪਾਣੀ ਦਾ ਬਹੁਤ ਸੰਕਟ ਸੀ। ਇਸ ਦੇ ਹੱਲ ਵਾਸਤੇ ਸਾਰੀ ਸੰਗਤ ਨਾਲ ਰਾਜਾ ਬੈਨ ਵੀ ਗੁਰੂ ਰਵਿਦਾਸ ਜੀ ਸਨਮੁੱਖ ਹਾਜ਼ਰ ਹੋਇਆ। ਸੰਗਤ ਦੀ ਬੇਨਤੀ ’ਤੇ ਉਨ੍ਹਾਂ ਇਸ ਅਸਥਾਨ ਤੋਂ ਥੋੜ੍ਹੀ ਦੂਰ ਜਾ ਕੇ ਇੱਕ ਪੱਥਰ ਹਟਾਉਣ ਲਈ ਕਿਹਾ ਤਾਂ ਉੱਥੇ ਪਵਿੱਤਰ ਜਲ ਦਾ ਚਸ਼ਮਾ ਵਗ ਪਿਆ, ਜੋ ਅੱਜ ਵੀ ਨਿਰੰਤਰ ਵਗ ਰਿਹਾ ਹੈ। ਇਸ ਤਰ੍ਹਾਂ ਉਹ ਸੰਗਤ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਰਹੇ। ਖੁਰਾਲੀ ਵਿੱਚ ਗੁਰੂ ਰਵਿਦਾਸ ਜੀ ਦੀ ਸੇਵਾ ਵਿੱਚ ਧੰਨਾ ਜੀ ਤੇ ਦੇਵਿਆ ਜੀ ਸਾਰਾ ਸਮਾਂ ਜੁਟੇ ਰਹੇ। ਜਿਸ ਅਸਥਾਨ ’ਤੇ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ, ਉਸ ਅਸਥਾਨ ’ਤੇ ਉਨ੍ਹਾਂ ਨੇ ਖਰਾਸ ਚਲਾਇਆ ਸੀ। ਅੱਜ ਵੀ ਉਸ ਖਰਾਸ ਦਾ ਇੱਕ ਪੁੜ (ਪੱਥਰ) ਇਸ ਥਾਂ ’ਤੇ ਸੁਰੱਖਿਅਤ ਪਿਆ ਹੈ। ਜਿਨ੍ਹਾਂ ਪੱਥਰਾਂ ਨਾਲ ਤੋਲ ਕੇ ਸੰਗਤਾਂ ਨੂੰ ਭੰਡਾਰਾ ਵੰਡਿਆ ਜਾਂਦਾ ਸੀ, ਉਹ ਵੀ ਇੱਥੇ ਸੰਭਾਲੇ ਪਏ ਹਨ। ਗੁਰੂ ਰਵਿਦਾਸ ਜੀ ਦੇ ਇਸ ਤਪ ਅਸਥਾਨ ਤੱਕ ਪੁੱਜਣ ਲਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਰੋਪੜ ਨੂਰਪੁਰ ਬੇਦੀ ਰਾਹੀਂ ਲਗਭਗ 100 ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ ਹੈ। ਨੂਰਪੁਰ ਬੇਦੀ ਤੋਂ 21 ਕਿਲੋਮੀਟਰ, ਗੜ੍ਹਸ਼ੰਕਰ ਤੋਂ 25 ਕਿਲੋਮੀਟਰ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਬਾਥੜੀ ਪਿੰਡ ਤੋਂ 7 ਕਿਲੋਮੀਟਰ ਦੇ ਕਰੀਬ ਸਫ਼ਰ ਕਰਨਾ ਪੈਂਦਾ ਹੈ।
ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ, ਖੁਰਾਲਗੜ੍ਹ (ਹੁਸ਼ਿਆਰਪੁਰ) ਵੱਲੋਂ ਗੁਰੂ ਰਵਿਦਾਸ ਜੀ ਦੇ ਇਸ ਇਤਿਹਾਸਕ ਅਸਥਾਨ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਉੱਥੇ ਸੰਗਤ ਲਈ ਚਾਹ ਅਤੇ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ। ਸੰਗਤ ਲਈ ਰਿਹਾਇਸ਼ ਦੀ ਉਸਾਰੀ ਵੀ ਕੀਤੀ ਜਾ ਚੁੱਕੀ ਹੈ। ਗੁਰੂ ਰਵਿਦਾਸ ਜੀ ਦੇ ਸਮੇਂ ਇਸ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਸੀ। ਸੰਗਤਾਂ ਦੇ ਇਸ ਦੁੱਖ ਦਾ ਅੰਤ ਕਰਨ ਲਈ ਉਨ੍ਹਾਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਜਾ ਕੇ ਖੱਡ ਵਿੱਚੋਂ ਇੱਕ ਪੱਥਰ ਆਪਣੇ ਸੱਜੇ ਪੈਰ ਦੇ ਅੰਗੂਠੇ ਨਾਲ ਪਰ੍ਹਾਂ ਹਟਾਇਆ ਤਾਂ ਪਵਿੱਤਰ ਜਲ ਦਾ ਝਰਨਾ ਵਗ ਤੁਰਿਆ, ਜਿਸ ਨੂੰ ਚਰਨ ਗੰਗਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਗਤਾਂ ਨੇ ਗੁਰੂ ਜੀ ਦੀ ਜੈ ਜੈ ਕਾਰ ਕੀਤੀ। ਅੱਜ ਵੀ ਸੰਗਤਾਂ ਇਸ ਪਵਿੱਤਰ ਜਲ ਦਾ ਸੇਵਨ ਅਤੇ ਇਸ ਨਾਲ ਇਸ਼ਨਾਨ ਕਰਦੀਆਂ ਹਨ। ਇਹ ਜਲ 200 ਮੀਟਰ ਥਾਂ ਵਿੱਚ ਹੀ ਮੁੜ ਸਮਾ ਜਾਂਦਾ ਹੈ।
ਚਰਨ ਗੰਗਾ ਦੀ ਪ੍ਰਬੰਧਕ ਕਮੇਟੀ ਖੁਰਾਲਗੜ੍ਹ ਨਾਲੋਂ ਵੱਖਰੀ ਹੈ। ਦੋਵੇਂ ਅਸਥਾਨਾਂ ’ਤੇ ਸੰਗਤ ਦੀ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਹੈ। ਕੇਂਦਰ ਸਰਕਾਰ ਦੁਆਰਾ ਗੁਰੂ ਰਵਿਦਾਸ ਜੀ ਦੀ ਯਾਦ ਵਿੱਚ ਟੂਰਿਸਟ ਕੰਪਲੈਕਸ ਵੀ ਉਸਾਰਿਆ ਗਿਆ ਹੈ। ਸਿਆਸੀ ਆਗੂਆਂ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਜਗ੍ਹਾ ਬਾਰੇ ਕੀਤੇ ਗਏ ਐਲਾਨਾਂ ਵਿੱਚੋਂ ਕੁਝ ਕੁ ਨੂੰ ਹੀ ਬੂਰ ਪਿਆ ਹੈ। ਇਸ ਅਸਥਾਨ ਦੀ ਰੂਪ-ਰੇਖਾ ਉਲੀਕਣ ਵੇਲੇ ਜਾਤਾਂ ਧਰਮਾਂ ਅਤੇ ਪਾਰਟੀਆਂ ਦੇ ਮੁਖੌਟੇ ਅਸਥਾਨ ਤੋਂ ਬਾਹਰ ਹੀ ਉਤਾਰ ਦਿੱਤੇ ਜਾਣੇ ਚਾਹੀਦੇ ਹਨ। ਬਹੁਤ ਸਮਾਂ ਪਹਿਲਾਂ ਸਰਕਾਰ ਨੇ ਇੱਥੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਆਹਲਾ ਦਰਜੇ ਦੀ ਲਾਇਬ੍ਰੇਰੀ ਉਸਾਰਨ ਦਾ ਵਾਅਦਾ ਵੀ ਕੀਤਾ ਸੀ।
ਖੁਰਾਲਗੜ੍ਹ ਕੁਦਰਤੀ ਨਜ਼ਾਰਿਆਂ ਵਾਲੀ ਇੱਕ ਰਮਣੀਕ ਥਾਂ ਹੈ। ਇਸ ਇਲਾਕੇ ਦੇ ਆਦਿ ਧਰਮੀ ਬਿਰਾਦਰੀ ਦੇ ਸੂਦ ਗੋਤ ਨਾਲ ਸਬੰਧ ਰੱਖਦੇ ਹਨ। ਇੱਥੇ ਸਿਰਫ਼ ਆਦਿ ਧਰਮੀ ਲੋਕ ਹੀ ਨਹੀਂ ਪੁੱਜਦੇ ਸਗੋਂ ਹੋਰ ਸਾਰੀਆਂ ਜਾਤਾਂ ਵਾਲੇ ਲੋਕ ਵੀ ਪੁੱਜ ਕੇ ਗੁਰੂ ਜੀ ਦੀ ਬਖ਼ਸ਼ਿਸ਼ ਹਾਸਿਲ ਕਰਦੇ ਹਨ। ਗੁਰੂੁ ਰਵਿਦਾਸ ਜੀ ਦੇ ਇਸ ਇਤਿਹਾਸਕ ਅਸਥਾਨ ਦੀ ਕਾਰ ਸੇਵਾ ਦਾ ਆਰੰਭ ਸੈਲਾ ਖੁਰਦ ਲਾਗਲੇ ਪਿੰਡ ਪੋਸੀ ਦੇ ਬਾਬਾ ਸੁੰਦਰ ਦਾਸ ਰਮਤਾ ਜੀ ਨੇ ਕਰਵਾਇਆ ਸੀ। ਉਹ 105 ਸਾਲ ਦੀ ਉਮਰ ਭੋਗ ਕੇ ਮਾਰਚ 2002 ਵਿੱਚ ਇਸ ਦੁਨੀਆ ਤੋਂ ਕੂਚ ਕਰ ਗਏ। ਉਨ੍ਹਾਂ ਨੇ 14 ਸਾਲ ਦੇ ਕਰੀਬ ਇਸ ਪਵਿੱਤਰ ਅਸਥਾਨ ਦੀ ਸੇਵਾ ਵਿੱਚ ਗੁਜ਼ਾਰੇ। ਆਮ ਦਿਨਾਂ ਤੋਂ ਇਲਾਵਾ ਵਿਸਾਖੀ ਵਾਲੇ ਦਿਨ ਅਤੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਤੋਂ ਅਗਲੇ ਐਤਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਭਾਰੀ ਮੇਲਾ ਜੁੜਦਾ ਹੈ। ਡਾ. ਕੇਵਲ ਕੁਮਾਰ ਸੂਦ ਦੁਆਰਾ ਰਚੀ ਖੋਜ ਭਰਪੂਰ ਪੁਸਤਕ ‘ਖੁਰਾਲਗੜ੍ਹ ਦਰਸ਼ਨ’ ਵਿੱਚ ਵੀ ਇਸ ਅਸਥਾਨ ਬਾਰੇ ਵੱਡਮੁੱਲੀ ਜਾਣਕਾਰੀ ਮਿਲਦੀ ਹੈ। ਅਜੇ ਇਸ ਅਸਥਾਨ ਦੀ ਸੁੰਦਰਤਾ ਅਤੇ ਵਿਕਾਸ ਲਈ ਬਹੁਤ ਕੁਝ ਕਰਨਾ ਬਾਕੀ ਹੈ। ਮੀਨਾਰ-ਏ-ਬੇਗਮਪੁਰਾ ਅਜੇ ਤੱਕ ਮੁਕੰਮਲ ਨਹੀਂ ਕੀਤਾ ਜਾ ਸਕਿਆ। ਇਸ ਅਸਥਾਨ ਨੂੰ ਆਉਣ ਵਾਲੀਆਂ ਲਿੰਕ ਸੜਕਾਂ ਦਾ ਮਾੜਾ ਹਾਲ ਹੋਣ ਕਰ ਕੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਬੀਤ ਦੇ ਇਸ ਇਲਾਕੇ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਅਜਿਹੇ ਧਾਰਮਿਕ ਅਤੇ ਪਵਿੱਤਰ ਅਸਥਾਨਾਂ ਲਈ ਸੈਰ ਸਪਾਟਾ ਵਿਭਾਗ ਨੂੰ ਲੋੜੀਂਦੀ ਯੋਜਨਾਬੰਦੀ ਕਰਕੇ ਪੂਰੇ ਵਿਸ਼ਵ ਵਿੱਚ ਵਸਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਇੱਥੇ ਪੁੱਜਣ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦੇਣੀ ਚਾਹੀਦੀ। ਪੰਜਾਬ ਸਰਕਾਰ ਨੇ 2027 ਵਿੱਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਰਾਜ ਪੱਧਰੀ ਅਤੇ ਸਾਰਾ ਸਾਲ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕਾਰਜ ਨਾਲ ਗੁਰੂ ਰਵਿਦਾਸ ਜੀ ਦੁਆਰਾ ਬੇਗਮਪੁਰਾ ਵਸਾਏ ਜਾਣ ਦੇ ਰਸਤੇ ਖੁੱਲ੍ਹਣਗੇ। ਡੇਰਾ ਸਚਖੰਡ ਬੱਲਾਂ, ਜ਼ਿਲ੍ਹਾ ਜਲੰਧਰ ਵਿਖੇ ਖੋਲ੍ਹੇ ਜਾ ਰਹੇ ਗੁਰੂ ਰਵਿਦਾਸ ਖੋਜ ਕੇਂਦਰ ਨੂੰ ਵੀ ਇਸ ਸਾਲ ਵਿੱਚ ਮੁਕੰਮਲ ਕਰਨਾ ਲੋੜੀਂਦਾ ਹੈ।
ਸੰਪਰਕ: 98150-18947

