DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ਲੀਲ ਜਿਬਰਾਨ ਦਾ ਲੈਬਨਾਨ

ਮੱਧ-ਪੂਰਬ ਵਿੱਚ ਲੈਬਨਾਨ ਧਰਤੀ ਦਾ ਉਹ ਖਿੱਤਾ ਰਿਹਾ ਹੈ, ਜਿੱਥੇ ਬੈਰੂਤ ਸ਼ਹਿਰ ਦੀਆਂ ਸ਼ਾਮਾਂ ਕਦੇ ਪੈਰਿਸ ਨੂੰ ਮਾਤ ਪਾਉਂਦੀਆਂ ਸਨ ਅਤੇ ਇੱਥੇ ਇਤਿਹਾਸ ਪਰੰਪਰਾ ਅਤੇ ਸਾਹਿਤ ਤੇ ਸ਼ਾਇਰੀ ਦਾ ਮਾਹੌਲ ਸੀ ਅਤੇ ਕਾਫ਼ੀ ਘਰਾਂ ਵਿੱਚ ਕੌਫ਼ੀ ਤੇ ਗਰਮ ਚਾਹ ਦੀ...

  • fb
  • twitter
  • whatsapp
  • whatsapp
Advertisement

ਮੱਧ-ਪੂਰਬ ਵਿੱਚ ਲੈਬਨਾਨ ਧਰਤੀ ਦਾ ਉਹ ਖਿੱਤਾ ਰਿਹਾ ਹੈ, ਜਿੱਥੇ ਬੈਰੂਤ ਸ਼ਹਿਰ ਦੀਆਂ ਸ਼ਾਮਾਂ ਕਦੇ ਪੈਰਿਸ ਨੂੰ ਮਾਤ ਪਾਉਂਦੀਆਂ ਸਨ ਅਤੇ ਇੱਥੇ ਇਤਿਹਾਸ ਪਰੰਪਰਾ ਅਤੇ ਸਾਹਿਤ ਤੇ ਸ਼ਾਇਰੀ ਦਾ ਮਾਹੌਲ ਸੀ ਅਤੇ ਕਾਫ਼ੀ ਘਰਾਂ ਵਿੱਚ ਕੌਫ਼ੀ ਤੇ ਗਰਮ ਚਾਹ ਦੀ ਖੁਸ਼ਬੂ ਤੇ ਖੁੱਲ੍ਹੇਪਣ ਦਾ ਅਹਿਸਾਸ ਹੁੰਦਾ ਸੀ। ਅੱਜ ਤੋਂ ਕਈ ਦਹਾਕੇ ਪਹਿਲਾਂ 1980ਵਿਆਂ ਦੇ ਅਖੀਰ ਵਿੱਚ ਜਦੋਂ ਮੈਂ ਪਹਿਲੀ ਵਾਰ ਬੈਰੂਤ ਗਿਆ ਤਾਂ ਉੱਥੋਂ ਦੀ ਰੋਮਾਂਚ ਤੇ ਰੋਮਾਂਸ ਨਾਲ ਲਬਰੇਜ਼ ਜ਼ਿੰਦਗੀ ਦਾ ਖੁੱਲ੍ਹਾਪਣ ਮਨ ਨੂੰ ਖਿੱਚ ਪਾਉਂਦਾ ਸੀ।

ਅੱਜ ਲੈਬਨਾਨ ਯੁੱਧ ਦਾ ਮੈਦਾਨ ਬਣਿਆ ਹੋਇਆ ਹੈ ਤੇ ਉਸ ਦੀ ਪਛਾਣ ਸ਼ਾਇਰੀ, ਸਾਹਿਤ ਤੇ ਵੱਡੀਆਂ ਲਾਇਬਰੇਰੀਆਂ, ਸਭ ਖ਼ਤਮ ਹੋ ਰਹੀਆਂ ਹਨ। ਅੱਜ ਇੱਕ ਪੂਰੀ ਨਸਲ ਜੰਗ ਦੀ ਭੇਟ ਚੜ੍ਹ ਰਹੀ ਹੈ। ਇਹ ਸਮਾਂ ਮਨੁੱਖੀ ਜ਼ਿੰਦਗੀਆਂ ਦੇ ਵੱਡੇ ਪੱਧਰ ’ਤੇ ਘਾਣ ਕਾਰਨ ਇਤਿਹਾਸ ਵਿੱਚ ਬੁਰੇ ਦੌਰ ਵਜੋਂ ਦਰਜ ਹੋ ਜਾਵੇਗਾ।

Advertisement

ਲੈਬਨਾਨ ਦੀ ਗੱਲ ਕਰੀਏ ਤਾਂ ਇਹ ਸੰਸਾਰ ਪ੍ਰਸਿੱਧ ਚਿੰਤਕ ਲੇਖਕ ਖ਼ਲੀਲ ਜਿਬਰਾਨ ਦੀ ਧਰਤੀ ਹੈ। ਜਦੋਂ ਖ਼ਲੀਲ ਜਿਬਰਾਨ ਨੇ ਲਿਖਿਆ ਸੀ, ‘ਆਜ਼ਾਦੀ ਉਹ ਨਹੀਂ ਜੋ ਤੁਹਾਨੂੰ ਦਿੱਤੀ ਜਾਂਦੀ ਹੈ, ਆਜ਼ਾਦੀ ਉਹ ਹੈ ਜੋ ਤੁਸੀਂ ਆਪਣੇ ਅੰਦਰੋਂ ਜਗਾਉਂਦੇ ਹੋ।’ ਉਦੋਂ ਉਹ ਸਿਰਫ਼ ਇੱਕ ਕਵੀ ਨਹੀਂ, ਸਗੋਂ ਸਮੇਂ ਤੋਂ ਅੱਗੇ ਦੇਖਣ ਵਾਲਾ ਦਾਰਸ਼ਨਿਕ ਸੀ। ਉਸ ਦੇ ਸ਼ਬਦ ਅੱਜ ਵੀ ਲੈਬਨਾਨ ਦੀ ਧੜਕਣ ਵਿੱਚ ਸੁਣਾਈ ਦਿੰਦੇ ਹਨ। ਇਹ ਇੱਕ ਅਜਿਹਾ ਦੇਸ਼ ਹੈ, ਜੋ ਅੱਜ ਸੰਘਰਸ਼ ਅਤੇ ਤਬਾਹੀ ਦੇ ਵਿਚਕਾਰ ਆਪਣੀ ਪਛਾਣ ਲੱਭ ਰਿਹਾ ਹੈ। ੈਬਨਾਨ ਇੱਕ ਜਜ਼ਬਾ ਹੈ, ਜਿੱਥੇ ਪਹਾੜਾਂ ਦੀ ਚੁੱਪ, ਸਮੁੰਦਰ ਦੀਆਂ ਲਹਿਰਾਂ ਅਤੇ ਸ਼ਹਿਰਾਂ ਦੀ ਭੀੜ ਮਿਲ ਕੇ ਇੱਕ ਕਵਿਤਾ ਬਣਾਉਂਦੇ ਹਨ, ਪਰ ਇਸ ਕਵਿਤਾ ਦੇ ਹਰ ਸ਼ਬਦ ਵਿੱਚ ਮਨੁੱਖ ਦੇ ਦਰਦ ਦੀ ਹੂਕ ਵੀ ਸ਼ਾਮਿਲ ਹੈ। ਰੂਹ ਦੀ ਆਜ਼ਾਦੀ ਹੈ ਜਿਬਰਾਨ ਦਾ ਦਰਸ਼ਨ। ਚਿੰਤਕ ਜਿਬਰਾਨ ਦੀ ਸੋਚ ਵਿੱਚ ਆਜ਼ਾਦੀ ਕਿਸੇ ਸਰਕਾਰ ਜਾਂ ਪ੍ਰਣਾਲੀ ਦੀ ਬਖ਼ਸ਼ਿਸ਼ ਨਹੀਂ। ਉਹ ਕਹਿੰਦਾ ਹੈ ਕਿ ਮਨੁੱਖ ਸਭ ਤੋਂ ਪਹਿਲਾਂ ਆਪਣੇ ਡਰ ਤੋਂ ਆਜ਼ਾਦ ਹੋਵੇ। ਇਹੀ ਗੱਲ ਭਾਰਤ ਦੇ ਮਹਾਨ ਕਵੀ ਰਾਬਿੰਦਰਨਾਥ ਟੈਗੋਰ ਨੇ ਵੀ ਆਖੀ:

Advertisement

‘ਜਿੱਥੇ ਮਨ ਡਰ ਤੋਂ ਰਹਿਤ ਹੋਵੇ ਅਤੇ ਗਿਆਨ ਖੁੱਲ੍ਹਾ ਹੋਵੇ।’ (Where the mind is without fear and the head is held high/where knowledge is free...)

ਲੈਬਨਾਨ ਅਤੇ ਭਾਰਤ ਦੀਆਂ ਇਹ ਦੋਵੇਂ ਆਵਾਜ਼ਾਂ ਇੱਕ ਸੱਚ ਵੱਲ ਇਸ਼ਾਰਾ ਕਰਦੀਆਂ ਹਨ ਕਿ ਮਨੁੱਖ ਦੀ ਆਜ਼ਾਦੀ ਆਪਣੇ ਅੰਦਰੋਂ ਸ਼ੁਰੂ ਹੁੰਦੀ ਹੈ। ਇਸੇ ਸੰਦਰਭ ਵਿੱਚ ਕਵਿਤਾ ਦੀ ‘ਖ਼ੁਦੀ’ ਦਾ ਫਲਸਫ਼ਾ ਵੀ ਜੁੜਦਾ ਹੈ, ਜਿੱਥੇ ਮਨੁੱਖ ਆਪਣੇ ਅੰਦਰ ਦੀ ਤਾਕਤ ਨੂੰ ਪਛਾਣਦਾ ਹੈ। ਇਹ ਲੈਬਨਾਨੀ ਸਾਹਿਤ ਦੀ ਪਛਾਣ ਰਹੀ ਹੈ, ਜਿਸ ਦੇ ਕੈਫਿਆਂ ਵਿੱਚ ਕਵਿਤਾ ਪੜ੍ਹੀ ਜਾਂਦੀ ਸੀ, ਰਾਤਾਂ ਨੂੰ ਸੰਗੀਤ ਵੱਜਦਾ ਸੀ, ਪਰ 1975 ਤੋਂ 1990 ਤੱਕ ਦੇ ਗ੍ਰਹਿ ਯੁੱਧ ਨੇ ਇਸ ਸੁੰਦਰਤਾ ਨੂੰ ਖ਼ੂਨ ਨਾਲ ਰੰਗ ਦਿੱਤਾ।

ਇਲਿਆਸ ਖ਼ੋਅਰੀ ਇਸ ਬਾਰੇ ਲਿਖਦਾ ਹੈ ਕਿ ਜੰਗ ਖ਼ਤਮ ਨਹੀਂ ਹੁੰਦੀ, ਇਹ ਮਨੁੱਖ ਦੇ ਅੰਦਰ ਜਿਊਂਦੀ ਰਹਿੰਦੀ ਹੈ। ਇਸ ਦਰਦ ਨੂੰ ਸਮਝਣ ਲਈ ਫ਼ੈਜ਼ ਦੇ ਸ਼ਬਦ ਐਨ ਢੁੱਕਵੇਂ ਹਨ:

ਦਿਲ ਨਾ-ਉਮੀਦ ਤੋ ਨਹੀਂ, ਨਾਕਾਮ ਹੀ ਤੋ ਹੈ...

ਸਾਲ 2019 ਵਿੱਚ ਲੈਬਨਾਨ ਵਿੱਚ ਕ੍ਰਾਂਤੀ ਦੀ ਆਵਾਜ਼ ਉੱਠੀ ਸੀ। ਇਹ ਵਰ੍ਹਾ ਇੱਕ ਅਜਿਹਾ ਮੋੜ ਸੀ, ਜਦੋਂ ਲੋਕਾਂ ਨੇ ਆਪਣੇ ਹੱਕਾਂ ਲਈ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ। ਇਸ ਲਹਿਰ ਨੂੰ ਸਮਝਣ ਲਈ ਇੱਕ ਬੈਰੂਤੀ ਕਵੀ ਨੇ ਲਿਖਿਆ ਸੀ: ਐਸੇ ਦਸਤੂਰ ਨੂੰ, ਸਵੇਰੇ ਨੂੰ, ਮੈਂ ਨਹੀਂ ਮੰਨਦਾ!

ਅੱਜ ਖਾੜੀ ਜੰਗ ਦੀ ਤਬਾਹੀ ਤੇ ਬੈਰੂਤ ਦੇ ਜ਼ਖ਼ਮ ਸਿਰਫ਼ ਇੱਕ ਹਾਦਸਾ ਨਹੀਂ, ਸਗੋਂ ਇਹ ਇੱਕ ਰਾਸ਼ਟਰ ਦੀ ਨਾਕਾਮੀ ਦਾ ਪ੍ਰਤੀਕ ਵੀ ਹਨ। ਅੱਜ ਇਹ ਸ਼ਹਿਰ ਖੰਡਰ ਬਣ ਗਿਆ ਹੈ, ਪਰ ਇਸ ਦੇ ਲੋਕ ਹਾਲੇ ਹਾਰੇ ਨਹੀਂ ਹਨ। ਇਸ ਮੌਕੇ ਰੂਮੀ ਦੇ ਸ਼ਬਦ ਇੱਕ ਆਸ ਬਣਦੇ ਹਨ: ‘‘ਜ਼ਖਮ ਉਹ ਥਾਂ ਹੈ ਜਿੱਥੋਂ ਰੌਸ਼ਨੀ ਅੰਦਰ ਆਉਂਦੀ ਹੈ।’’

ਲੈਬਨਾਨ ਦੇ ਕਵੀ ਮਨੁੱਖੀ ਦਰਦ ਦੇ ਕਵੀ ਹਨ। ਕਵੀ ਐਡੋਨਸ ਦੀ ਕਵਿਤਾ ਬਗ਼ਾਵਤ ਦੀ ਕਵਿਤਾ ਹੈ। ਉਹ ਪੁਰਾਣੀਆਂ ਰਵਾਇਤਾਂ ਨੂੰ ਚੁਣੌਤੀ ਦਿੰਦਾ ਹੈ। ਆਮੀਨ ਮਾਲੋਫ਼ ਆਪਣੀਆਂ ਲਿਖਤਾਂ ਵਿੱਚ ਪਛਾਣ ਅਤੇ ਉਜਾੜੇ ਦੀ ਗੱਲ ਕਰਦਾ ਹੈ। ਜਾਉਮਾਨਾ ਹੱਦਾਦ ਆਧੁਨਿਕ ਲੈਬਨਾਨ ਦੀ ਬੇਬਾਕ ਆਵਾਜ਼ ਹੈ। ਉਸ ਦੀ ਰਚਨਾ ਸਮਾਜਿਕ ਬੰਧਨਾਂ ਨੂੰ ਨਕਾਰਦੀ ਹੈ। ਕਵਿਤਾ ਦਰਦ ਦੀ ਗੂੰਜ ਹੈ। ਇਸ ਮੌਕੇ ਵੀ ਕਵਿਤਾ ਲੋਕ ਸੰਘਰਸ਼ ਦੀ ਆਵਾਜ਼ ਹੈ। ਇੱਕ ਹੋਰ ਲੋਕ ਕਵੀ ਲਿਖਦਾ ਹੈ:

‘‘ਜਿਨ੍ਹਾਂ ਨੇ ਅੱਗ ਲਗਾਈ, ਉਹੀ ਹੱਥ ਸੇਕ ਰਹੇ ਹਨ।’’

ਲੈਬਨਾਨੀ ਸਾਹਿਤ ਮਨੁੱਖੀ ਸਭਿਅਤਾ ਦੇ ਦਰਦ ਨੂੰ ਅੰਦਰੂਨੀ ਯਾਤਰਾ ਮੰਨਦਾ ਹੈ। ਜਿਬਰਾਨ, ਟੈਗੋਰ ਤੇ ਇਕਬਾਲ ਕਹਿੰਦੇ ਹਨ ਕਿ ਮਨੁੱਖ ਆਪਣੀ ਰੂਹ ਨੂੰ ਪਛਾਣੇ। ਇਹ ਇੱਕ ਅਜਿਹਾ ਸਫ਼ਰ ਹੈ ਜੋ ਬਾਹਰ ਨਹੀਂ, ਤੁਹਾਨੂੰ ਆਪਣੇ ਅੰਦਰ ਵੱਲ ਲਿਜਾਂਦਾ ਹੈ। ਲੈਬਨਾਨ ਦੀ ਕਹਾਣੀ ਹਾਲੇ ਮੁਕੰਮਲ ਨਹੀਂ ਸਗੋਂ ਅੱਜ ਵੀ ਇਹ ਇੱਕ ਅਧੂਰੀ ਕਵਿਤਾ ਹੈ।

ਸੱਭਿਅਤਾ ਦੇ ਇਸ ਬਦਲਾਅ ਦੇ ਦੌਰ ਵਿੱਚ ਜ਼ਿੰਦਗੀ ਦੀ ਤਬਾਹੀ ਦੇ ਮੰਜ਼ਰ ਤੋਂ ਬਾਅਦ ਵੀ ਸਾਹਿਤ ਕਵਿਤਾ ਤੇ ਸ਼ਬਦਾਂ ਦਾ ਜਲੌਅ ਮਨੁੱਖ ਨੂੰ ਜਿਊਂਦਾ ਰੱਖਦਾ ਹੈ ਤੇ ਸੱਭਿਅਤਾ ਨੂੰ ਇੱਕ ਨਵੇਂ ਪੜਾਅ ’ਤੇ ਜਿਊਣ ਦੀ ਤਾਕਤ ਵੀ ਦਿੰਦਾ ਹੈ। ਕਲਮ ਸਦਾ ਜਿਊਂਦੀ ਰਹਿੰਦੀ ਹੈ। ਇਸੇ ਲਈ ਖ਼ਲੀਲ ਜਿਬਰਾਨ ਦੀ ਕਲਮ ਅੱਜ ਵੀ ਜਿਊਂਦੀ ਹੈ। ਇਹ ਹਰ ਉਸ ਇਨਸਾਨ ਵਿੱਚ ਵਸਦੀ ਹੈ, ਜੋ ਸੱਚ ਲਈ ਲਿਖਦਾ ਹੈ।

ਲੈਬਨਾਨ ਦੀ ਕਹਾਣੀ:

ਇਹ ਦਰਦ ਦੀ ਕਹਾਣੀ ਹੈ,

ਇਹ ਆਜ਼ਾਦੀ ਦੀ ਕਹਾਣੀ ਹੈ,

ਇਹ ਮਨੁੱਖੀ ਰੂਹ ਦੀ ਕਹਾਣੀ ਹੈ।

ਅਤੇ ਜਦ ਤੱਕ ਕਵਿਤਾ ਜਿਊਂਦੀ ਹੈ,

ਕੋਈ ਵੀ ਕੌਮ ਮਰ ਨਹੀਂ ਸਕਦੀ।

ਬੈਰੂਤ ਵਿੱਚ ਪੈਦਾ ਹੋਏ ਇੱਕ ਲੋਕ ਕਵੀ ਨੇ ਲਿਖਿਆ ਸੀ:

ਮੈਂ ਲੈਬਨਾਨ ਨੂੰ ਵੇਖਿਆ,

ਖੰਡਰਾਂ ਵਿੱਚ ਖੜ੍ਹਾ,

ਪਰ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਸੁਪਨੇ ਸਨ।

ਮੈਂ ਭਾਰਤ ਨੂੰ ਵੇਖਿਆ,

ਵੰਡ ਦੇ ਦਰਦ ਵਿੱਚ ਡੁੱਬਿਆ,

ਪਰ ਉਸ ਦੀ ਰੂਹ ਅਜੇ ਵੀ ਗਾ ਰਹੀ ਸੀ।

ਤੇ ਫਿਰ ਮੈਨੂੰ ਸਮਝ ਆਈ,

ਕੌਮਾਂ ਨਹੀਂ ਮਰਦੀਆਂ,

ਸਿਰਫ਼ ਕਹਾਣੀਆਂ ਬਦਲਦੀਆਂ ਹਨ।

ਜ਼ਿੰਦਗੀ ਜ਼ਿੰਦਾਬਾਦ!

ਸੰਪਰਕ: 94787-30156

Advertisement
×