ਜਲ੍ਹਿਆਂਵਾਲਾ ਬਾਗ਼ ਕਤਲੇਆਮ: ਚਸ਼ਮਦੀਦ ਦਾ ਬਿਆਨ
ਤੇਰਾਂ ਅਪਰੈਲ 1919 ਦੇ ਦਿਨ ਜਲ੍ਹਿਆਂਵਾਲੇ ਬਾਗ਼ ਵਿੱਚ ਹੋਏ ਕਤਲੇਆਮ ਦਾ ਇੱਕ ਚਸ਼ਮਦੀਦ ਸੀ ਦੇਵਾ ਸਿੰਘ ਚੀਮਾ। ਉਸ ਦਾ ਜਨਮ 26 ਜੂਨ 1897 ਨੂੰ ਸਰਦਾਰ ਦਸੌਂਧਾ ਸਿੰਘ ਦੇ ਘਰ ਪਿੰਡ ਬੱਸੀਆਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਸ ਨੇ ਪ੍ਰਾਇਮਰੀ ਤੱਕ ਦੀ...
ਤੇਰਾਂ ਅਪਰੈਲ 1919 ਦੇ ਦਿਨ ਜਲ੍ਹਿਆਂਵਾਲੇ ਬਾਗ਼ ਵਿੱਚ ਹੋਏ ਕਤਲੇਆਮ ਦਾ ਇੱਕ ਚਸ਼ਮਦੀਦ ਸੀ ਦੇਵਾ ਸਿੰਘ ਚੀਮਾ। ਉਸ ਦਾ ਜਨਮ 26 ਜੂਨ 1897 ਨੂੰ ਸਰਦਾਰ ਦਸੌਂਧਾ ਸਿੰਘ ਦੇ ਘਰ ਪਿੰਡ ਬੱਸੀਆਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਸ ਨੇ ਪ੍ਰਾਇਮਰੀ ਤੱਕ ਦੀ ਸਿੱਖਿਆ ਪਿੰਡ ਦੇ ਸਕੂਲ ਵਿੱਚੋਂ ਪ੍ਰਾਪਤ ਕਰਨ ਪਿੱਛੋਂ ਵਰਨੈਕੁਲਰ ਮਿਡਲ ਦੀ ਪੜ੍ਹਾਈ ਰਾਏਕੋਟ ਦੇ ਸਕੂਲ ਵਿੱਚ ਕੀਤੀ। ਉਪਰੰਤ ਮੈਟ੍ਰਿਕ ਦੀ ਪ੍ਰੀਖਿਆ ਮਾਲਵਾ ਖਾਲਸਾ ਸਕੂਲ ਲੁਧਿਆਣਾ ਦੇ ਵਿਦਿਆਰਥੀ ਵਜੋਂ ਕਰਨ ਪਿੱਛੋਂ ਉਸ ਨੇ 1918 ਵਿੱਚ ਉਚੇਰੀ ਪੜ੍ਹਾਈ ਵਾਸਤੇ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਦਾਖਲਾ ਲਿਆ। 1919 ਦੀ ਵਿਸਾਖੀ ਦੇ ਦਿਨ ਉਹ ਖ਼ੁਦ ਜਲ੍ਹਿਆਂਵਾਲੇ ਬਾਗ਼ ਵਿੱਚ ਹਾਜ਼ਰ ਸੀ। ਉਸ ਵੱਲੋਂ ਇਸ ਦੁਖਦਾਈ ਘਟਨਾ ਦੇ ਕੀਤੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਦਿਨ ਸ਼ਾਮ ਨੂੰ ਚਾਰ ਵਜੇ ਲੋਕਾਂ ਦਾ ਇਕੱਠ ਕਰਨ ਅਤੇ ਉਨ੍ਹਾਂ ਉੱਤੇ ਗੋਲੀ ਚਲਾਉਣ ਦੀ ਵਿਉਂਤ ਪਹਿਲਾਂ ਹੀ ਬਣਾਈ ਗਈ ਸੀ। ਇਸ ਪਿਛੋਕੜ ਬਾਰੇ ਦੇਵਾ ਸਿੰਘ ਨੇ ਲਿਖਿਆ ਹੈ:
“11 ਅਤੇ 12 ਅਪਰੈਲ ਨੂੰ ਉੱਪਰੋਂ ਦੇਖਣ ਨੂੰ ਚੁੱਪ ਚਾਪ ਤੇ ਅਮਨ ਚੈਨ ਲੱਗਦਾ ਸੀ ਪਰ ਅੰਦਰੋਂ ਅੰਦਰੀ ਸਿਵਲ ਤੇ ਫ਼ੌਜੀ ਅਫਸਰਾਂ ਦੀਆਂ ਮੀਟਿੰਗਾਂ ਹੋ ਰਹੀਆਂ ਸਨ, ਜਿਨ੍ਹਾਂ ਵਿੱਚ ਗੜਬੜ ਨੂੰ ਦਬਾਉਣ ਲਈ ਸੋਚਾਂ ਸੋਚੀਆਂ ਜਾ ਰਹੀਆਂ ਸੀ। ਸ਼ਹਿਰ ਦਾ ਇੰਤਜ਼ਾਮ 12 ਅਪਰੈਲ ਨੂੰ ਫ਼ੌਜੀ ਅਫਸਰਾਂ ਦੇ ਸਪੁਰਦ ਕਰ ਦਿੱਤਾ ਗਿਆ ਸੀ। ਸੁਣਿਆ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਇਹ ਤਜਵੀਜ਼ ਪੇਸ਼ ਹੋਈ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਅੱਗੇ ਲਈ ਸਬਕ ਸਿਖਾਉਣ ਲਈ ਸ਼ਹਿਰ ’ਤੇ ਬੰਬਾਰੀ ਕੀਤੀ ਜਾਵੇ ਪਰ ਇਸ ਡਰ ਨਾਲ ਇਹ ਗੱਲ ਰੱਦ ਕਰ ਦਿੱਤੀ ਗਈ ਕਿ ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ ਅਸਥਾਨ ਹੈ, ਜੇ ਬੰਬ ਦਾ ਕੋਈ ਹਿੱਸਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾ ਡਿੱਗਿਆ ਤਾਂ ਫ਼ੌਜ ਦੇ ਸਿੱਖ ਸਿਪਾਹੀ, ਜੋ ਹੁਣ ਤੱਕ ਅੰਗਰੇਜ਼ੀ ਰਾਜ ਦੀ ਖ਼ਾਤਰ ਬੜੀ ਵਫ਼ਾਦਾਰੀ ਨਾਲ ਲੜਦੇ ਰਹੇ ਹਨ, ਸਭ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰ ਦੇਣਗੇ। ਇਸ ਪਿੱਛੋਂ ਇਹ ਸਕੀਮ ਮਿਥੀ ਗਈ ਕਿ ਜਲ੍ਹਿਆਂਵਾਲੇ ਬਾਗ਼ ਵਿੱਚ ਇੱਕ ਜਲਸਾ ਸੀ ਆਈ ਡੀ ਦੇ ਵਸੀਲੇ ਨਾਲ ਬੁਲਾਇਆ ਜਾਵੇ।” ਇਸ ਵਿਉਂਤ ਨੂੰ ਅਮਲ ਵਿੱਚ ਲਿਆਉਣ ਦੀ ਜ਼ਿੰਮੇਵਾਰੀ ਸੀ ਆਈ ਡੀ ਕਰਮਚਾਰੀ ਹੰਸ ਰਾਜ ਨੂੰ ਸੌਂਪੀ ਗਈ। ਸ. ਦੇਵਾ ਸਿੰਘ ਅੱਗੇ ਲਿਖਦਾ ਹੈ, “ਉਸ ਸਕੀਮ ਦੇ ਅਨੁਸਾਰ 13 ਅਪਰੈਲ ਨੂੰ ਸਵੇਰੇ ਸ਼ਹਿਰ ਵਿੱਚ ਮੁਨਾਦੀ ਕਰਵਾਈ ਗਈ ਕਿ ਸ਼ਾਮ ਦੇ ਚਾਰ ਵਜੇ ਜਲ੍ਹਿਆਂਵਾਲੇ ਬਾਗ਼ ਵਿੱਚ ਇੱਕ ਭਾਰੀ ਜਲਸਾ ਹੋਵੇਗਾ। ਇਸ ਜਲਸੇ ਵਿੱਚ ਹੋਰਨਾਂ ਤੋਂ ਬਿਨਾਂ ਲਾਲਾ ਘਨੱਈਆ ਲਾਲ ਵੀ ਤਕਰੀਰ ਕਰਨਗੇ। ਲਾਲਾ ਘਨੱਈਆ ਲਾਲ ਨੇਕ ਤੇ ਮਸ਼ਹੂਰ ਸ਼ਾਹੂਕਾਰ ਸੀ, ਉਨ੍ਹਾਂ ਨਾਲ ਜਲਸੇ ਦੀ ਕੋਈ ਰਾਇ ਨਹੀਂ ਕੀਤੀ ਗਈ ਸੀ, ਉਨ੍ਹਾਂ ਨੂੰ ਜਲਸੇ ਦੇ ਹੋਣ ਦਾ ਅਸਲੀ ਕਾਰਨ ਵੀ ਪਤਾ ਨਹੀਂ ਸੀ। ਇਹ ਮੁਨਾਦੀ ਕਰਵਾਉਣ ਵਾਲਾ ਖ਼ੁਫ਼ੀਆ ਪੁਲੀਸ ਦਾ ਇੱਕ ਬੰਦਾ ਸੀ, ਇਸ ਦਾ ਨਾਮ ਹੰਸ ਰਾਜ ਸੀ। ਇਹ ਜਗ੍ਹਾ ਮਿਥ ਕੇ ਚੁਣੀ ਗਈ ਸੀ। ਇਹ ਜਗ੍ਹਾ ਸ਼ਹਿਰ ਦੇ ਵਿਚਾਲੇ ਸੀ, ਇਸ ਦੇ ਚਾਰੇ ਪਾਸੇ ਉੱਚੀਆਂ ਉੱਚੀਆਂ ਹਵੇਲੀਆਂ ਦੀਆਂ ਪਿੱਠਾਂ ਹਨ। ਇਸ ਦੇ ਅੰਦਰ ਜਾਣ ਨੂੰ ਸਿਰਫ਼ ਇੱਕ ਰਸਤਾ ਸੀ। ਇਹ ਰਸਤਾ ਇੰਨਾ ਤੰਗ ਸੀ ਕਿ ਇਸ ਦੇ ਵਿਚਦੀ ਤਾਂਗਾ ਜਾਂ ਗੱਡੀ ਵੀ ਅੰਦਰ ਨਹੀਂ ਜਾ ਸਕਦੀ ਸੀ। 13 ਅਪਰੈਲ ਨੂੰ ਵਿਸਾਖੀ ਦਾ ਦਿਨ ਸੀ। ਉਸ ਦਿਨ ਮੈਂ ਤੇ ਮੇਰੇ ਕੁਝ ਦੋਸਤ ਪਲੇਅ-ਗਰਾਊਂਡ ਵਿੱਚ ਬੈਠੇ ਸੀ। ਮਿਸਟਰ ਵਾਦਨ, ਸਾਡੇ ਕਾਲਜ ਦੇ ਪ੍ਰਿੰਸੀਪਲ ਸਾਹਿਬ ਫਿਰਦੇ ਫਿਰਦੇ ਸਾਡੇ ਕੋਲ ਆ ਗਏ। ਮੈਨੂੰ ਤੇ ਮੇਰੇ ਸਾਥੀਆਂ ਨੂੰ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਲੈਣ ਦਾ ਬੜਾ ਸ਼ੌਕ ਸੀ। ਮਿਸਟਰ ਵਾਦਨ ਨੂੰ ਵੀ ਸਾਡੇ ਖ਼ਿਆਲਾਂ ਦਾ ਚੰਗੀ ਤਰ੍ਹਾਂ ਪਤਾ ਸੀ। ਉਹ ਸਾਨੂੰ ਪੁੱਛਣ ਲੱਗੇ ਕਿ ਅਸੀਂ ਇੱਥੇ ਬੈਠੇ ਕੀ ਕਰ ਰਹੇ ਹਾਂ? ਅਸੀਂ ਉੱਤਰ ਦਿੱਤਾ ਕਿ ਅਸੀਂ ਅੱਜਕੱਲ੍ਹ ਜੋ ਕੁਝ ਸ਼ਹਿਰ ਵਿੱਚ ਹੋ ਰਿਹਾ ਹੈ ਉਸ ਬਾਬਤ ਗੱਲਾਂ ਕਰ ਰਹੇ ਹਾਂ ਅਤੇ ਵਿਸਾਖੀ ਹੋਣ ਕਰਕੇ ਸ਼ਹਿਰ ਨੂੰ ਜਾਣ ਬਾਬਤ ਸੋਚ ਰਹੇ ਹਾਂ। ਮਿਸਟਰ ਵਾਦਨ ਨੇ ਸਾਨੂੰ ਜ਼ੋਰ ਦੇ ਕੇ ਕਿਹਾ ਕਿ ਅੱਜ ਸ਼ਹਿਰ ਨੂੰ ਨਾ ਜਾਓ ਕਿਉਂਕਿ ਸ਼ਹਿਰ ਵਿੱਚ ਗੋਲੀ ਚੱਲਣ ਦਾ ਖ਼ਤਰਾ ਹੈ। ਮਿਸਟਰ ਵਾਦਨ ਦੇ ਕਹਿਣ ਦਾ ਸਾਡੇ ਉੱਤੇ ਕੋਈ ਅਸਰ ਨਾ ਪਿਆ। ਮੈਂ ਤੇ ਮੇਰੇ ਦੋ ਤਿੰਨ ਹੋਰ ਦੋਸਤ ਸ਼ਾਮ ਦੇ ਵੇਲੇ ਸ਼ਹਿਰ ਵਿੱਚ ਗਏ। ਪਹਿਲਾਂ ਅਸੀਂ ਸ੍ਰੀ ਦਰਬਾਰ ਸਾਹਿਬ ਗਏ, ਉੱਥੇ ਅਸੀਂ ਮੱਥਾ ਟੇਕਿਆ ਤੇ ਅਰਦਾਸ ਕੀਤੀ। ਫਿਰ ਅਸੀਂ ਜਲ੍ਹਿਆਂਵਾਲੇ ਬਾਗ਼ ਵਿੱਚ ਚਲੇ ਗਏ। ਵਿਸਾਖੀ ਹੋਣ ਕਰਕੇ ਨੇੜੇ ਤੇ ਦੂਰ ਦੂਰ ਤੋਂ ਬਹੁਤ ਯਾਤਰੂ ਆਏ ਹੋਏ ਸੀ। ਇਸ ਕਰਕੇ ਜਲਸੇ ਵਿੱਚ ਵੀ ਬਹੁਤ ਭੀੜ ਸੀ। ਜਲਸੇ ਦਾ ਸਟੇਜ ਇੱਕ ਪਿੱਪਲ ਦੇ ਦਰੱਖਤ ਨਾਲ ਤਖਤਪੋਸ਼ ਦਾ ਬਣਾਇਆ ਹੋਇਆ ਸੀ। ਇਸ ਦੇ ਪਾਸ ਇੱਕ ਪੁਰਾਣਾ ਖੂਹ ਸੀ, ਜਿਸ ਦੀਆਂ ਮੌਣਾਂ ਢਹਿ ਗਈਆਂ ਸੀ। ਜਲਸੇ ਦਾ ਪ੍ਰਧਾਨ ਮਿਸਟਰ ਹੰਸ ਰਾਜ ਸੀ। ਬੜੀਆਂ ਜੋਸ਼ੀਲੀਆਂ ਤੇ ਧੜੱਲੇਦਾਰ ਸਪੀਚਾਂ ਹੋਈਆਂ। ਆਜ਼ਾਦੀ ਦੀ ਲੜਾਈ ਵਿੱਚ ਕੁਰਬਾਨੀਆਂ ਦੇਣ ਲਈ ਲੋਕਾਂ ਨੂੰ ਅਪੀਲਾਂ ਕੀਤੀਆਂ ਗਈਆਂ। ਜਦ ਲੋਕਾਂ ਦੇ ਹੱਥ ਖੜ੍ਹੇ ਕਰਾ ਕੇ ਮਤੇ ਪਾਸ ਹੋ ਗਏ ਅਤੇ ਜਲਸਾ ਥੋੜ੍ਹੀ ਦੇਰ ਪਿੱਛੋਂ ਬਰਖਾਸਤ ਹੋਣ ਵਾਲਾ ਸੀ, ਮੈਂ ਤੇ ਮੇਰੇ ਦੋਸਤ ਉੱਠ ਕੇ ਕਾਲਜ ਨੂੰ ਜਾਣ ਲਈ ਤੁਰ ਪਏ। ਜਦ ਅਸੀਂ ਇੱਕੋ ਤੰਗ ਰਾਹ ਵਿਚਦੀ ਜਾ ਕੇ ਬਾਜ਼ਾਰ ਵਿੱਚ ਪੈਰ ਧਰਨ ਵਾਲੇ ਹੀ ਸੀ ਤਾਂ ਅਸੀਂ ਸਾਹਮਣੇ ਤੋਂ ਬਾਜ਼ਾਰ ਵਿੱਚ ਇੱਕ ਫ਼ੌਜੀ ਦਸਤਾ ਆਉਂਦਾ ਦੇਖਿਆ। ਅਸੀਂ ਹੈਰਾਨੀ ਨਾਲ ਇਹ ਦੇਖਣ ਲਈ ਕਿ ਇਹ ਫ਼ੌਜੀ ਦਸਤਾ ਕੀ ਕਰੇਗਾ, ਮੁੜ ਕੇ ਅੰਦਰ ਆ ਗਏ। ਇਹ ਫ਼ੌਜੀ ਦਸਤਾ ਬਾਗ਼ ਦੇ ਪੂਰਬ ਵੱਲ ਦੇ ਪਾਸੇ ਜਾ ਕੇ ਖੜ੍ਹਾ ਸੀ ਕਿ ਦਬਾਦਬ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਬਰਸਣ ਲੱਗ ਪਿਆ। ਲੋਕਾਂ ਵਿੱਚ ਭਾਜੜ ਮੱਚ ਗਈ। ਸਟੇਜ ’ਤੇ ਜੋ ਬੰਦੇ ਬੈਠੇ ਸੀ ਉਹ ਪਿੱਪਲ ਦੀ ਆੜ ਲੈ ਕੇ ਤਖਤਪੋਸ਼ ਦੇ ਹੇਠਾਂ ਲੁਕ ਗਏ। ਉਹ ਗੋਲੀਆਂ ਦੀ ਮਾਰ ਤੋਂ ਬਚ ਗਏ। ਉਨ੍ਹਾਂ ਵਿੱਚ ਮਿਸਟਰ ਹੰਸ ਰਾਜ ਵੀ ਬਚ ਗਿਆ ਸੀ। ਇਸ ਗੱਲ ਦਾ ਪੂਰਾ ਯਕੀਨ ਲੋਕਾਂ ਨੂੰ ਮਗਰੋਂ ਆਇਆ। ਬਹੁਤ ਸਾਰੇ ਲੋਕ ਦਬਾਦਬ ਪੁਰਾਣੇ ਖੂਹ ਵਿੱਚ ਡਿੱਗ ਰਹੇ ਸੀ। ਬਾਹਰ ਜਾਣ ਵਾਲੇ ਇੱਕੋ ਇੱਕ ਤੰਗ ਰਸਤੇ ਨੂੰ ਸਿਪਾਹੀਆਂ ਨੇ ਰੋਕ ਰੱਖਿਆ ਸੀ, ਬਚ ਕੇ ਨਿਕਲਣ ਨੂੰ ਲੋਕਾਂ ਨੂੰ ਕੋਈ ਰਾਹ ਨਹੀਂ ਸੀ। ਛਿਪਦੇ ਵੱਲ ਥੋੜ੍ਹੀ ਜਿਹੀ ਉੱਚੀ ਇੱਕ ਦੀਵਾਰ ਸੀ। ਲੋਕ ਭੱਜ ਭੱਜ ਕੇ ਉਸ ਦੀਵਾਰ ਨੂੰ ਟੱਪਣ ਦਾ ਯਤਨ ਕਰ ਰਹੇ ਸਨ, ਪਰ ਗੋਲੀ ਖਾ ਕੇ ਜਿਊਂਦੇ ਜਾਂ ਮਰ ਕੇ ਪਰਲੇ ਪਾਸੇ ਬਾਜ਼ਾਰ ਵਿੱਚ ਡਿੱਗ ਰਹੇ ਸਨ। ਥੋੜ੍ਹੇ ਚਿਰ ਵਿੱਚ ਮੁਰਦਿਆਂ ਜਾਂ ਜ਼ਖ਼ਮੀਆਂ ਦੀਆਂ ਤਹਿਆਂ ਵਿਛ ਗਈਆਂ। ਮੈਂ ਤੇ ਇੱਕ ਮੇਰਾ ਦੋਸਤ ਸਰਦਾਰ ਹਜੂਰਾ ਸਿੰਘ ਵੀ ਇਸ ਦੀਵਾਰ ਵੱਲ ਗਏ। ਜਦ ਅਸੀਂ ਇੱਕ ਦੂਜੇ ਦੇ ਮੋਢਿਆਂ ’ਤੇ ਹੱਥ ਰੱਖੀ ਦੀਵਾਰ ਦੇ ਕੋਲ ਸੀ ਤਾਂ ਇੱਕ ਗੋਲੀ ਸਰਦਾਰ ਹਜੂਰਾ ਸਿੰਘ ਦੀ ਖੱਬੀ ਵੱਖੀ ਵਿੱਚ ਲੱਗੀ। ਉਹ ‘ਹਾਏ’ ਕਹਿ ਕੇ ਡਿੱਗ ਕੇ ਉਸੇ ਵਕਤ ਸੁਰਗਵਾਸ ਹੋ ਗਏ। ਮੇਰੇ ਹੱਥ ਕੰਧ ਤੱਕ ਜਾ ਪਹੁੰਚੇ, ਮੈਂ ਉੱਛਲ ਕੇ ਕੰਧ ਨੂੰ ਟੱਪਣ ਲੱਗਾ। ਇਸ ਵੇਲੇ ਮੇਰੀ ਛਾਤੀ ਕੰਧ ’ਤੇ ਸੀ, ਮੇਰੀਆਂ ਲੱਤਾਂ ਲੋਕਾਂ ਨੇ ਹਫੜਾ ਦਫੜੀ ਵਿੱਚ ਫੜ ਲਈਆਂ ਸੀ। ਸਿਰ ਮੈਂ ਬਾਹਰਲੇ ਪਾਸੇ ਨੂੰ ਨੀਵਾਂ ਕਰ ਲਿਆ ਸੀ। ਇਸ ਹਾਲਤ ਵਿੱਚ ਗੋਲੀ ਮੇਰੇ ਸੱਜੇ ਮੋਢੇ ’ਤੇ ਆ ਲੱਗੀ। ਬੜੀ ਮੁਸ਼ਕਲ ਨਾਲ ਮੈਂ ਆਪਣੀਆਂ ਲੱਤਾਂ ਲੋਕਾਂ ਤੋਂ ਛੁਡਾਈਆਂ ਤੇ ਧੜੰਮ ਬਾਜ਼ਾਰ ਵਿੱਚ ਜਾ ਡਿੱਗਾ। ਇੱਥੇ ਬਹੁਤ ਸਾਰੇ ਹੋਰ ਬੰਦੇ ਪਹਿਲਾਂ ਹੀ ਡਿੱਗੇ ਪਏ ਸੀ। ਮੇਰੀ ਜੁੱਤੀ ਅੰਦਰ ਡਿੱਗ ਪਈ ਸੀ ਤੇ ਪਗੜੀ ਬਾਹਰ। ਮੈਂ ਝਟਪਟ ਗੋਲੀ ਦੀ ਸੇਧ ਤੋਂ ਪਰ੍ਹੇ ਹੋ ਗਿਆ ਤੇ ਮੈਂ ਆਪਣੀ ਪਗੜੀ ਨੂੰ ਚੁੱਕਣਾ ਠੀਕ ਨਾ ਸਮਝਿਆ। ਮੈਂ ਸਿਰੋਂ ਪੈਰੋਂ ਨੰਗਾ ਚੱਲ ਪਿਆ, ਲਹੂ ਦੀ ਧਾਰ ਮੇਰੇ ਜਿਸਮ ਤੋਂ ਵਗ ਰਹੀ ਸੀ। ਬਾਜ਼ਾਰ ਵਿੱਚ ਸਭ ਮਕਾਨ ਦੁਕਾਨਾਂ ਬੰਦ ਸੀ।” ਇਸ ਘਟਨਾ ਪਿੱਛੋਂ ਸਰਕਾਰ ਨੇ ਅੰਮ੍ਰਿਤਸਰ, ਲਾਹੌਰ, ਲਾਇਲਪੁਰ ਆਦਿ ਜ਼ਿਲ੍ਹਿਆਂ ਵਿੱਚ ਮਾਰਸ਼ਲ ਲਾਅ ਲਾਇਆ, ਜਿਸ ਦੌਰਾਨ ਲੋਕਾਂ ਉੱਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਪਿੱਛੋਂ ਕਾਂਗਰਸ ਪਾਰਟੀ ਨੇ ਸਰਕਾਰੀ ਵਧੀਕੀਆਂ ਬਾਰੇ ਰਿਪੋਰਟ ਲਿਖਣ ਵਾਸਤੇ ਗਵਾਹੀਆਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਦੇਵਾ ਸਿੰਘ ਨੇ ਕਾਂਗਰਸ ਪੜਤਾਲੀਆ ਕਮੇਟੀ ਸਾਹਮਣੇ ਇਹ ਸਾਰਾ ਬਿਆਨ ਦਰਜ ਕਰਵਾਇਆ। ਦੇਵਾ ਸਿੰਘ ਚੀਮਾ 1952 ਵਿੱਚ ਸਕੂਲ ਅਧਿਆਪਕ ਵਜੋਂ ਸਰਕਾਰੀ ਸੇਵਾ ਤੋਂ ਮੁਕਤ ਹੋਇਆ। 13 ਅਪਰੈਲ 1969 ਨੂੰ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਗੋਲਡਨ ਜੁਬਲੀ ਸਮੇਂ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਇਸ ਹੱਤਿਆ ਕਾਂਡ ਦੇ ਜਿਹੜੇ ਜ਼ਖ਼ਮੀਆਂ ਨੂੰ ਸਿਰੋਪੇ ਦਿੱਤੇ, ਦੇਵਾ ਸਿੰਘ ਉਨ੍ਹਾਂ ਵਿੱਚ ਸ਼ਾਮਿਲ ਸੀ। ਉਸ ਨੂੰ ਪੰਜਾਬ ਸਰਕਾਰ ਵੱਲੋਂ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ। ਇਸ ਕਾਂਡ ਬਾਰੇ ਇੱਕ ਨਿਊਜ਼ ਰੀਲ ਫਿਲਮਾਈ ਗਈ, ਜਿਸ ਵਿੱਚ ਦੇਵਾ ਸਿੰਘ ਦਾ ਪਾਰਟ ਪੰਜ ਮਿੰਟ ਦਾ ਸੀ। ਇਸ ਘਟਨਾ ਦਾ ਬਿਆਨ ਦੇਵਾ ਸਿੰਘ ਨੇ ਆਪਣੀ ਲਘੂ-ਪੁਸਤਕ ‘ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ’ ਵਿੱਚ ਕੀਤਾ ਹੈ।
ਸਰਕਾਰ ਦੇ ਮੱਥੇ ਦਾ ਕਲੰਕ ਬਣੀਆਂ ਘਟਨਾਵਾਂ
ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓ’ਡਵਾਇਰ ਨੇ 12 ਅਪਰੈਲ 1919 ਦੀ ਰਾਤ ਸਮੇਂ ਆਪਣੇ ਚੋਣਵੇਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਗਲੇ ਦਿਨ ਅੰਮ੍ਰਿਤਸਰ ਦੇ ਸ਼ਹਿਰੀਆਂ ਨੂੰ ਸਬਕ ਸਿਖਾਉਣ ਦੀ ਕਾਰਵਾਈ ਕਰਨ ਦੀ ਵਿਉਂਤ ਬਣਾਈ। ਦਸ ਅਪਰੈਲ 1919 ਨੂੰ ਪੁਲੀਸ ਦੁਆਰਾ ਗੋਲੀਬਾਰੀ ਕਰਕੇ ਲਗਭਗ ਇੱਕ ਦਰਜਨ ਮੁਜ਼ਾਹਰਾਕਾਰੀਆਂ ਨੂੰ ਮਾਰ ਮੁਕਾਉਣ ਖ਼ਿਲਾਫ਼ ਲੋਕ-ਮਨ ਵਿੱਚ ਉਪਜੇ ਰੋਸ ਅਤੇ ਰੋਹ ਕਾਰਨ ਹਿੰਸਕ ਹਜੂਮ ਵੱਲੋਂ ਅੱਗਜ਼ਨੀ ਅਤੇ ਕੁਝ ਅੰਗਰੇਜ਼ਾਂ ਦੇ ਕਤਲ ਦੀਆਂ ਘਟਨਾਵਾਂ ਨੂੰ ਵੇਖਦਿਆਂ ਉਹ ਜਾਣਦਾ ਸੀ ਕਿ ਜੇਕਰ ਅਗਾਊਂ ਬੰਦੋਬਸਤ ਨਾ ਕੀਤਾ ਗਿਆ ਤਾਂ 13 ਅਪਰੈਲ ਤੋਂ ਅਗਲੇ ਦਿਨ ਵਧੇਰੇ ਸੰਕਟਪੂਰਨ ਹੋ ਜਾਣਗੇ। ਫਲਸਰੂਪ ਉਸ ਨੇ 13 ਅਪਰੈਲ ਨੂੰ ਹੀ ਅੰਮ੍ਰਿਤਸਰ ਅਤੇ ਲਾਹੌਰ ਜ਼ਿਲ੍ਹਿਆਂ ਵਿੱਚ ਮਾਰਸ਼ਲ ਲਾਅ ਲਾਉਣ ਬਾਰੇ ਹਿੰਦੋਸਤਾਨ ਸਰਕਾਰ ਨੂੰ ਪੱਤਰ ਲਿਖ ਦਿੱਤਾ। 13 ਅਪਰੈਲ ਨੂੰ ਜਲ੍ਹਿਆਂਵਾਲੇ ਬਾਗ਼ ਵਿੱਚ ਹੋਏ ਕਤਲੇਆਮ ਵਿਰੁੱਧ ਭੜਕੀ ਹਿੰਸਾ ਕਾਰਨ ਸੰਚਾਰ ਸਾਧਨ ਠੱਪ ਹੋ ਗਏ, ਜਿਸ ਕਾਰਨ ਹਿੰਦੋਸਤਾਨ ਸਰਕਾਰ ਤੋਂ ਮਾਰਸ਼ਲ ਲਾਅ ਲਾਉਣ ਦੀ ਪ੍ਰਵਾਨਗੀ 15 ਅਪਰੈਲ ਨੂੰ ਪ੍ਰਾਪਤ ਹੋਈ। ਪੰਜਾਬ ਸਰਕਾਰ ਨੇ 14 ਅਪਰੈਲ ਨੂੰ ਗੁੱਜਰਾਂਵਾਲੇ ਵਿੱਚ ਸਥਿਤੀ ਹੱਥੋਂ ਨਿਕਲਦੀ ਵੇਖ ਹਿੰਦੋਸਤਾਨ ਸਰਕਾਰ ਨੂੰ ਉੱਥੇ ਪੂਰੇ ਜ਼ਿਲ੍ਹੇ ਵਿੱਚ ਮਾਰਸ਼ਲ ਲਾਉਣ ਦੀ ਬੇਨਤੀ 15 ਅਪਰੈਲ ਨੂੰ ਭੇਜੀ। ਹਿੰਦੋਸਤਾਨ ਸਰਕਾਰ ਵੱਲੋਂ ਜਾਰੀ ਕੀਤੇ ਹੁਕਮ ਅਨੁਸਾਰ ਉੱਥੇ 16 ਅਪਰੈਲ ਤੋਂ ਮਾਰਸ਼ਲ ਲਾਅ ਲਾਗੂ ਹੋਇਆ। ਇਸ ਹੁਕਮ ਵਿੱਚ ਲੈਫਟੀਨੈਂਟ ਗਵਰਨਰ ਨੂੰ ਸੂਬੇ ਵਿੱਚ ਕਿਧਰੇ ਵੀ ਸਥਿਤੀ ਵਿਗੜਨ ਕਾਰਨ ਮਾਰਸ਼ਲ ਲਾਅ ਲਾਉਣ ਦਾ ਅਧਿਕਾਰ ਦੇ ਦਿੱਤਾ ਗਿਆ। ਇਸ ਦੀ ਲੋਅ ਵਿੱਚ ਲੈਫਟੀਨੈਂਟ ਗਵਰਨਰ ਨੇ ਗੁਜਰਾਤ ਜ਼ਿਲ੍ਹੇ ਵਿੱਚ ਰੇਲ ਪਟੜੀ ਉਖਾੜੇ ਜਾਣ ਦੀਆਂ ਕਈ ਘਟਨਾਵਾਂ ਪਿੱਛੋਂ 19 ਅਪਰੈਲ ਨੂੰ ਅਤੇ ਲਾਇਲਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਵਧ ਰਹੀ ਅਸ਼ਾਂਤੀ ਨੂੰ ਰੋਕਣ ਵਾਸਤੇ ਉੱਥੇ 24 ਅਪਰੈਲ ਨੂੰ ਮਾਰਸ਼ਲ ਲਾਅ ਲਾਇਆ, ਜਿਸ ਨਾਲ ਰਾਜ ਦੇ ਪੰਜ ਜ਼ਿਲ੍ਹੇ ਮਾਰਸ਼ਲ ਲਾਅ ਦੇ ਹੇਠ ਆ ਗਏ।
ਮਾਰਸ਼ਲ ਲਾਅ ਦੌਰਾਨ ਸਰਕਾਰ ਦੀ ਬੇਹੱਦ ਸਖ਼ਤੀ ਅਤੇ ਸਮਾਂ ਬੀਤਣ ਨਾਲ ਲੋਕਾਂ ਦਾ ਗੁੱਸਾ ਠੰਢਾ ਹੋਣ ਕਾਰਨ ਸਥਿਤੀ ਆਮ ਵਰਗੀ ਹੋਣ ਲੱਗੀ ਤਾਂ ਸਰਕਾਰ ਨੇ 23 ਮਈ ਨੂੰ ਜ਼ਿਲ੍ਹਾ ਲਾਹੌਰ ਦੇ ਕਸੂਰ ਮਿਉਂਸਿਪਲ ਇਲਾਕੇ ਤੋਂ ਬਿਨਾਂ ਬਾਕੀ ਖੇਤਰ, ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਗੁਜਰਾਤ ਵਿੱਚ ਰੇਲ ਪਟੜੀ ਨੂੰ ਛੱਡ ਕੇ ਬਾਕੀ ਇਲਾਕੇ ਵਿੱਚੋਂ ਮਾਰਸ਼ਲ ਲਾਅ ਹਟਾ ਲਿਆ। ਕਸੂਰ ਮਿਉਂਸਿਪਲ ਖੇਤਰ, ਜ਼ਿਲ੍ਹਾ ਗੁੱਜਰਾਂਵਾਲਾ ਅਤੇ ਜ਼ਿਲ੍ਹਾ ਲਾਇਲਪੁਰ ਨੂੰ ਮਾਰਸ਼ਲ ਲਾਅ ਤੋਂ 28 ਮਈ ਨੂੰ ਮੁਕਤੀ ਮਿਲੀ। ਜ਼ਿਲ੍ਹਾ ਲਾਹੌਰ ਲਈ ਅਜਿਹਾ ਹੁਕਮ 11 ਜੂਨ ਨੂੰ ਜਾਰੀ ਹੋਇਆ। 25 ਅਗਸਤ 1919 ਨੂੰ ਸਾਰੇ ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ਤੋਂ ਮਾਰਸ਼ਲ ਲਾਅ ਹਟਾਉਣ ਨਾਲ ਪ੍ਰਾਂਤ ਨੂੰ ਇਸ ਕਹਿਰੀ ਕਾਨੂੰਨ ਤੋਂ ਮੁਕਤੀ ਮਿਲੀ।
ਮਾਰਸ਼ਲ ਲਾਅ ਅਧੀਨ ਸਰਕਾਰ ਨੂੰ ਅਥਾਹ ਸ਼ਕਤੀ ਮਿਲ ਗਈ ਸੀ। ਇਸ ਲਈ ਜਿਸ ਕਿਸੇ ਵੱਲੋਂ ਸਰਕਾਰ ਵਿਰੁੱਧ ਇੱਕ ਸ਼ਬਦ ਬੋਲੇ ਜਾਣ ਦੀ ਮੁਖ਼ਬਰੀ ਮਿਲੀ, ਪੁਲੀਸ ਨੇ ਉਸ ਨੂੰ ਫੜਨ ਵਿੱਚ ਦੇਰ ਨਾ ਲਾਈ ਅਤੇ ਉਸ ਨਾਲ ਅਜਿਹਾ ਭੱਦਾ ਅਤੇ ਬੇਰਹਿਮੀ ਨਾਲ ਵਿਹਾਰ ਕੀਤਾ, ਜੋ ਦਸ ਨੰਬਰੀ ਮੁਜਰਮਾਂ ਨਾਲ ਕੀਤੇ ਜਾਣ ਵਾਲੇ ਵਿਹਾਰ ਨੂੰ ਵੀ ਮਾਤ ਪਾਉਂਦਾ ਸੀ। ਛੋਟੇ ਅਪਰਾਧ ਕਰਨ ਦੇ ਦੋਸ਼ ਵਿੱਚ ਫੜੇ ਗਏ 2520 ਵਿਅਕਤੀਆਂ ਵਿੱਚੋਂ 80 ਵਿਰੁੱਧ ਕੋਈ ਦੋਸ਼ ਨਹੀਂ ਲਾਇਆ ਅਤੇ 739 ਨੂੰ ਸਮਰੀ ਅਦਾਲਤ ਨੇ ਦੋਸ਼-ਮੁਕਤ ਕਰ ਕੇ ਛੱਡ ਦਿੱਤਾ। ਇਕਵੰਜਾ ਦੋਸ਼ੀਆਂ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ। ਗੰਭੀਰ ਅਪਰਾਧ ਕਰਨ ਵਾਲੇ ਦੋਸ਼ੀਆਂ ਦੀ ਸੁਣਵਾਈ ਕਮਿਸ਼ਨਾਂ ਵਿੱਚ ਕੀਤੀ ਗਈ। ਸੁਣਾਏ ਗਏ ਫ਼ੈਸਲਿਆਂ ਵਿੱਚ 108 ਨੂੰ ਫਾਂਸੀ, 265 ਨੂੰ ਉਮਰ ਕੈਦ ਕਾਲੇਪਾਣੀ, ਦੋ ਨੂੰ 14 ਸਾਲ ਕੈਦ ਕਾਲੇਪਾਣੀ, 5 ਨੂੰ ਦਸ ਸਾਲ ਕੈਦ, 87 ਨੂੰ 7 ਸਾਲ ਕੈਦ ਅਤੇ 104 ਨੂੰ ਇਸ ਤੋਂ ਘੱਟ ਕੈਦ ਦੀ ਸਜ਼ਾ ਸੁਣਾਈ ਗਈ। ਮਾਰਸ਼ਲ ਲਾਅ ਦੌਰਾਨ ਬੇਦੋਸ਼ੇ ਵਿਅਕਤੀਆਂ ਨਾਲ ਹੋਈਆਂ ਵਧੀਕੀਆਂ ਦੀਆਂ ਘਟਨਾਵਾਂ ਆਪਣੇ ਆਪ ਨੂੰ ‘ਇਨਸਾਫ਼ ਪਸੰਦ’ ਹੋਣ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਦੇ ਮੱਥੇ ਉੱਤੇ ਸਦਾ ਰਹਿਣ ਵਾਲਾ ਅਮਿੱਟ ਕਾਲਾ ਕਲੰਕ ਬਣ ਗਈਆਂ।
ਜਦ ਦਾਣਿਆਂ ਨਾਲ ਘੁਣ ਵੀ ਪੀਸਿਆ ਗਿਆ
ਤੇਰਾਂ ਅਪਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਵਿੱਚ ਸ਼ਹਿਰੀਆਂ ਦੇ ਸ਼ਾਂਤਮਈ ਇਕੱਠ ਉੱਤੇ ਜਨਰਲ ਰੇਜੀਨਲਡ ਡਾਇਰ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸੈਂਕੜੇ ਬੇਦੋਸ਼ੇ ਲੋਕਾਂ ਦੇ ਮਾਰੇ ਜਾਣ ਨੇ ਸੋਗ ਨਾਲੋਂ ਵੱਧ ਰੋਸ ਨੂੰ ਜਨਮ ਦਿੱਤਾ। ਥਾਂ ਥਾਂ ਲੋਕਾਂ ਦੇ ਆਪਮੁਹਾਰੇ ਇਕੱਠ ਬਦਲਾ ਲੈਣ ਦੀ ਮਨਸ਼ਾ ਨਾਲ ਮਨਆਈਆਂ ਕਾਰਵਾਈਆਂ ਕਰਨ ਲੱਗੇ। ਲਾਹੌਰ ਵਿੱਚ ਵੀ ਅਜਿਹਾ ਹੀ ਹਾਲ ਸੀ। ਹਾਲਾਤ ਕਾਬੂ ਤੋਂ ਬਾਹਰ ਹੁੰਦੇ ਵੇਖ ਹਕੂਮਤ ਨੇ 15 ਅਪੈਲ 1919 ਨੂੰ ਲਾਹੌਰ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ। ਪ੍ਰਸ਼ਾਸਨ ਫ਼ੌਜ ਦੇ ਹੱਥ ਆ ਜਾਣ ਦੇ ਫਲਸਰੂਪ ਗ੍ਰਿਫ਼ਤਾਰ ਵਿਅਕਤੀਆਂ ਦੇ ਕਥਿਤ ਜੁਰਮਾਂ ਦਾ ਫ਼ੈਸਲਾ ਕਰਨ ਲਈ ਜਨਰਲ ਆਫੀਸਰ ਕਮਾਂਡਿੰਗ ਦੁਆਰਾ ਵੱਖ ਵੱਖ ਖੇਤਰਾਂ ਵਿੱਚ ਸਮਰੀ ਅਦਾਲਤਾਂ ਦਾ ਗਠਨ ਕਰ ਕੇ ਹੇਠਲੇ ਅਫਸਰਾਂ ਨੂੰ ਜੱਜ ਵਜੋਂ ਫ਼ੈਸਲੇ ਕਰਨ ਦਾ ਅਖਤਿਆਰ ਦਿੱਤਾ ਗਿਆ।
ਮਾਰਸ਼ਲ ਲਾਅ ਦਾ ਹੁਕਮ ਨੰਬਰ 15 ਲੈਫਟੀਨੈਂਟ ਕਰਨਲ ਫਰੈਂਕ ਜੌਹਨਸਨ, ਕਮਾਂਡੈਂਟ ਲਾਹੌਰ ਸਿਵਲ ਏਰੀਆ ਦੇ ਹੁਕਮ ਨਾਲ 18 ਅਪਰੈਲ 1919 ਨੂੰ ਰਾਤ ਦੇ 10 ਵੱਜ ਕੇ 20 ਮਿੰਟ ਉੱਤੇ ਲਾਗੂ ਹੋਇਆ। ਇਸ ਹੁਕਮ ਦੀ ਰੌਸ਼ਨੀ ਵਿੱਚ ਫ਼ੌਜੀ ਜਾਂ ਸਿਆਸੀ ਹਾਲਤ ਬਾਰੇ ਝੂਠੀ, ਅਧੂਰੀ ਜਾਂ ਵਧਾ ਚੜ੍ਹਾ ਕੇ ਰਿਪੋਰਟ ਫੈਲਾਉਣ ਨੂੰ ਦੋਸ਼ ਗਰਦਾਨਿਆ ਗਿਆ। ਇਹ ਵਿਵਸਥਾ ਕੀਤੀ ਗਈ ਕਿ ਅਜਿਹਾ ਜੁਰਮ ਕਰਨ ਵਾਲੇ ਵਿਅਕਤੀ ਵਿਰੁੱਧ ਸਮਰੀ ਅਦਾਲਤ ਵਿੱਚ ਮੁਕੱਦਮਾ ਚੱਲੇਗਾ।
ਅੰਮ੍ਰਿਤਸਰ, ਲਾਹੌਰ ਅਤੇ ਆਸੇ-ਪਾਸੇ ਦੇ ਇਲਾਕੇ ਵਿੱਚ ਇਹ ਦਿਨ ਬੜੀ ਪ੍ਰੇਸ਼ਾਨੀ ਵਾਲੇ ਸਨ। ਲੋਕ ਜਾਣਨਾ ਚਾਹੁੰਦੇ ਸਨ ਕਿ ਕੀ ਹੋ ਗਿਆ ਹੈ, ਕੀ ਹੋ ਰਿਹਾ ਹੈ ਅਤੇ ਕੀ ਹੋਵੇਗਾ? ਪਰ ਕਿਧਰੋਂ ਵੀ ਕੋਈ ਜਾਣਕਾਰੀ ਨਹੀਂ ਸੀ ਮਿਲਦੀ। ਅਜਿਹੀ ਜਗਿਆਸਾ ਨੂੰ ਸ਼ਾਂਤ ਕਰਨ ਲਈ ਜ਼ਿਲ੍ਹਾ ਲਾਹੌਰ ਦੇ ਪਿੰਡ ਬਢਾਣਾ ਦਾ ਵਸਨੀਕ ਜਵਾਲਾ ਸਿੰਘ ਪੁੱਤਰ ਚੰਦਾ ਸਿੰਘ, ਜੋ ਉਮਰ ਦੇ 80ਵੇਂ ਵਰ੍ਹੇ ਵਿੱਚ ਪੈਰ ਧਰ ਚੁੱਕਾ ਸੀ, 24 ਅਪਰੈਲ ਨੂੰ ਲਾਹੌਰ ਆਇਆ। ਸ਼ਹਿਰ ਵੜਦਿਆਂ ਹੀ ਉਸ ਨੇ ਕੁਝ ਲੋਕਾਂ ਦੀ ਭੀੜ ਵੇਖੀ ਤਾਂ ਉਤਸੁਕਤਾ ਵੱਸ ਉਹ ਵੀ ਉੱਥੇ ਰੁਕ ਗਿਆ। ਭੀੜ ਵਿੱਚ ਖੜ੍ਹਾ ਹਰ ਕੋਈ ਨਵੀਂ ਤੋਂ ਨਵੀਂ ਗੱਲ ਕਹਿ ਰਿਹਾ ਸੀ, ਜਿਸ ਦੀ ਜਵਾਲਾ ਸਿੰਘ ਨੂੰ ਬਹੁਤੀ ਸਮਝ ਨਾ ਲੱਗੀ। ਇੰਨੇ ਨੂੰ ਇੱਕ ਪਾਸਿਓਂ ਆਉਂਦੇ ਕੁਝ ਫ਼ੌਜੀ ਦਿਖਾਈ ਦਿੱਤੇ ਤਾਂ ਕਿਸੇ ਨੇ ਵੀ ਪੱਤਰਾ ਵਾਚਣ ਵਿੱਚ ਦੇਰ ਨਾ ਲਾਈ। ਕਿਸੇ ਨੇ ਝੱਟ ਘਰ ਅੰਦਰ ਵੜ ਕੇ ਬੂਹਾ ਢੋਅ ਲਿਆ ਅਤੇ ਕੋਈ ਗਲੀ ਗੁਆਂਢ ਜਾ ਲੁਕਿਆ, ਪਰ ਬੁੱਢਾ ਜਵਾਲਾ ਸਿੰਘ ਕਿੱਧਰ ਜਾਵੇ? ਉਸ ਨੂੰ ਤਾਂ ਇਹ ਵੀ ਸਮਝ ਨਹੀਂ ਸੀ ਆ ਰਹੀ ਕਿ ਇਹ ਭੱਜ-ਨੱਠ ਕਿਉਂ ਹੈ? ਇਸੇ ਸ਼ਸ਼ੋਪੰਜ ਵਿੱਚ ਪਏ ਨੂੰ ਫ਼ੌਜੀਆਂ ਨੇ ਫੜ ਲਿਆ ਅਤੇ ਹੱਥਕੜੀ ਲਾ ਕੇ ਨਾਲ ਤੋਰ ਲਿਆ। ਅਗਲੇ ਦਿਨ ਉਸ ਨੂੰ ਮੇਜਰ ਐੱਚ.ਐੱਲ. ਮਰ੍ਹੇ ਏਰੀਆ ਅਫਸਰ ਦੀ ਸਮਰੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਮਾਰਸ਼ਲ ਲਾਅ ਦੇ ਹੁਕਮ ਨੰਬਰ 15 ਦੀ ਉਲੰਘਣਾ ਦੇ ਦੋਸ਼ ਵਿੱਚ ਦੋ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਅਤੇ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਛੇ ਮਹੀਨੇ ਦੀ ਹੋਰ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ।
ਸਜ਼ਾ ਸੁਣਾਏ ਜਾਣ ਪਿੱਛੋਂ ਜਵਾਲਾ ਸਿੰਘ ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਭੇਜ ਦਿੱਤਾ ਗਿਆ। ਪਿੱਛੇ ਪਰਿਵਾਰ ਨੂੰ ਤਾਂ ਕੀ, ਪਿੰਡ ਵਾਸੀਆਂ ਵਿੱਚੋਂ ਵੀ ਕਿਸੇ ਨੂੰ ਉਸ ਦੀ ਕੋਈ ਉੱਘ-ਸੁੱਘ ਨਹੀਂ ਸੀ, ਇਸ ਲਈ ਉਸ ਨਾਲ ਮੁਲਾਕਾਤ ਲਈ ਵੀ ਕੋਈ ਨਾ ਆਇਆ। ਵੱਡੀ ਉਮਰ, ਮਾਨਸਿਕ ਪ੍ਰੇਸ਼ਾਨੀ ਅਤੇ ਬੰਦੀ ਜੀਵਨ ਨੇ ਇੱਕ ਹਫ਼ਤੇ ਵਿੱਚ ਹੀ ਜਵਾਲਾ ਸਿੰਘ ਨੂੰ ਨਿਢਾਲ ਕਰ ਦਿੱਤਾ। ਉਸ ਦੀ ਹਾਲਤ ਨੂੰ ਵੇਖਦਿਆਂ ਜੇਲ੍ਹ ਅਧਿਕਾਰੀਆਂ ਨੇ 2 ਮਈ 1919 ਦੇ ਦਿਨ ਉਸ ਨੂੰ ਜੇਲ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ।ਕੁਝ ਦਿਨਾਂ ਦੇ ਓਹੜ-ਪੋਹੜ ਦੇ ਫਲਸਰੂਪ ਉਹ ਥੋੜ੍ਹਾ ਜਿਹਾ ਸੁਰਤ ਸਿਰ ਹੋਇਆ ਤਾਂ ਉਸ ਨੂੰ 6 ਮਈ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਮੁੜ ਜੇਲ੍ਹ ਭੇਜ ਦਿੱਤਾ ਗਿਆ। ਦੋ ਦਿਨ ਪਿੱਛੋਂ ਉਸ ਦੀ ਹਾਲਤ ਫਿਰ ਵਿਗੜ ਗਈ ਤਾਂ 9 ਮਈ ਨੂੰ ਉਸ ਨੂੰ ਮੁੜ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਦਾ ਡਾਕਟਰ ਸਮੇਂ-ਸਮੇਂ ਉਸ ਨੂੰ ਵੇਖ ਕੇ ਦਵਾ ਦਾਰੂ ਕਰਦਾ ਰਿਹਾ, ਪਰ ਜਵਾਲਾ ਸਿੰਘ ਦੀ ਬਿਮਾਰੀ ਨੂੰ ਕੋਈ ਮੋੜ ਨਾ ਪਿਆ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਗੁੰਮ ਹੋਇਆ ਸਮਝ ਉਸ ਨੂੰ ਲੱਭਣ ਵਾਸਤੇ ਏਧਰ-ਉਧਰ ਭੱਜ-ਨੱਠ ਕੀਤੀ, ਪਰ ਪਿੜ ਪੱਲੇ ਕੁਝ ਨਾ ਪਿਆ ਤਾਂ ਉਹ ਹਾਰ ਮੰਨ ਕੇ ਬੈਠ ਗਏ। ਨਾ ਪੁਲੀਸ ਅਤੇ ਨਾ ਜੇਲ੍ਹ ਵਾਲਿਆਂ ਨੇ ਇਹ ਖੇਚਲ ਕੀਤੀ ਕਿ ਉਸ ਪਾਸੋਂ ਪੁੱਛ-ਪੁਛਾ ਕੇ ਉਸ ਦੇ ਪਰਿਵਾਰ ਨੂੰ ਸੂਚਿਤ ਕਰ ਦੇਣ। ਫਲਸਰੂਪ, ਜਵਾਲਾ ਸਿੰਘ ਦਿਨਾਂ ਵਿੱਚ ਹੀ ਮੰਜੇ ਨਾਲ ਮੰਜਾ ਹੋ ਗਿਆ। ਮੱਧ ਅਗਸਤ ਵਿੱਚ ਜੇਲ੍ਹ ਸੁਪਰਡੈਂਟ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਜਵਾਲਾ ਸਿੰਘ ਦੀ ਹਾਲਤ ਵੇਖ ਕੇ ਉਸ ਦੇ ਮਨ ਵਿੱਚ ਤਰਸ ਆ ਗਿਆ। ਉਸ ਨੇ ਆਪਣੇ ਪੱਤਰ ਨੰਬਰ 424-ਐੱਮ, ਮਿਤੀ 5 ਅਗਸਤ 1919 ਦੁਆਰਾ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਕਿ ਜੇਲ੍ਹ ਹਸਪਤਾਲ ਵਿੱਚ ਕੈਦੀ ਜਵਾਲਾ ਸਿੰਘ, ਉਮਰ 80 ਸਾਲ, ਦੀ ਹਾਲਤ ਗੰਭੀਰ ਹੈ। ਉਸ ਨੇ ਇਹ ਵੀ ਲਿਖਿਆ ਕਿ ਮਾਰਸ਼ਲ ਲਾਅ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਜੇਲ੍ਹ ਭੇਜੇ ਗਏ ਜਵਾਲਾ ਸਿੰਘ ਨੇ ਜੇਲ੍ਹ ਵਿੱਚ ਦਿੱਤਾ ਜਾਣ ਵਾਲਾ ਕੰਮ ਤਾਂ ਕੀ ਕਰ ਸਕਣਾ ਹੈ, ਉਹ ਬਿਮਾਰੀ ਕਾਰਨ ਬਿਸਤਰੇ ਤੋਂ ਉੱਠਣ ਜੋਗਾ ਵੀ ਨਹੀਂ। ਸੁਪਰਡੈਂਟ ਨੇ ਟਿੱਪਣੀ ਕੀਤੀ ਕਿ ਹੁਣ ਤੱਕ ਭੁਗਤੀ ਸਾਢੇ ਤਿੰਨ ਮਹੀਨੇ ਦੀ ਕੈਦ ਵਿੱਚੋਂ ਤਿੰਨ ਮਹੀਨੇ ਹਸਪਤਾਲ ਵਿੱਚ ਦਾਖਲ ਜਵਾਲਾ ਸਿੰਘ ਨੂੰ ਵੇਖਣ ਤੋਂ ਇਉਂ ਜਾਪਦਾ ਹੈ ਕਿ ਜੇਕਰ ਉਹ ਜਿਊਂਦਾ ਰਿਹਾ ਤਾਂ ਸਾਰੀ ਕੈਦ ਹਸਪਤਾਲ ਵਿੱਚ ਹੀ ਕੱਟੇਗਾ। ਉਸ ਨੇ ਹੋਰ ਲਿਖਿਆ: ‘‘ਮੈਂ ਇਹ ਖ਼ਤ ਉਸ ਦੇ ਕਹਿਣ ਉੱਤੇ ਹੀ ਲਿਖ ਰਿਹਾ ਹਾਂ ਅਤੇ ਇਸ ਨੂੰ ਕੈਦੀ ਵੱਲੋਂ ਕੀਤੀ ਰਹਿਮ ਦੀ ਅਪੀਲ ਸਮਝਿਆ ਜਾਵੇ।’’
ਸੁਪਰਡੈਂਟ ਕੇਂਦਰੀ ਜੇਲ੍ਹ, ਲਾਹੌਰ ਦਾ ਇਹ ਪੱਤਰ ਪੜ੍ਹ ਕੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਮਨ ਵਿੱਚ ਵੀ ਤਰਸ ਦੀ ਭਾਵਨਾ ਜਾਗੀ, ਪਰ ਉਹ ਬੇਵੱਸ ਸਨ ਕਿਉਂਕਿ ਮਾਰਸ਼ਲ ਲਾਅ ਹੁਕਮ ਅਧੀਨ ਹੋਈ ਸਜ਼ਾ ਵਿੱਚ ਪੰਜਾਬ ਸਰਕਾਰ ਦਖਲ ਨਹੀਂ ਸੀ ਦੇ ਸਕਦੀ। ਫਲਸਰੂਪ ਪੰਜਾਬ ਸਰਕਾਰ ਨੇ ਹਿੰਦੋਸਤਾਨ ਸਰਕਾਰ ਨੂੰ ਪੱਤਰ ਲਿਖਿਆ। ਹਿੰਦੋਸਤਾਨ ਸਰਕਾਰ ਵੱਲੋਂ ਪੱਤਰ ਨੰਬਰ 1803 ਮਿਤੀ 23 ਅਗਸਤ 1919 ਦੁਆਰਾ ਜਵਾਲਾ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਜਾਣ ਉਪਰੰਤ ਹੀ ਬਜ਼ੁਰਗ ਜਵਾਲਾ ਸਿੰਘ ਦਾ ਇਸ ਨਰਕੀ ਜੀਵਨ ਤੋਂ ਛੁਟਕਾਰਾ ਹੋਇਆ, ਪਰ ਚਾਰ ਮਹੀਨੇ ਜੇਲ੍ਹ ਵਿੱਚ ਬੰਦ ਰਹਿਣ ਦੇ ਫਲਸਰੂਪ ਉਹ ਸਰੀਰਕ ਅਤੇ ਮਾਨਸਿਕ ਪੱਖੋਂ ਪਹਿਲਾਂ ਵਾਲਾ ਜਵਾਲਾ ਸਿੰਘ ਨਹੀਂ ਸੀ ਰਿਹਾ।
ਸੰਪਰਕ: 94170-49417

