ਸਾਕਾ ਜਲ੍ਹਿਆਂਵਾਲਾ ਬਾਗ਼ ਅਤੇ ਸ਼ਹੀਦ ਊਧਮ ਸਿੰਘ
ਸ਼ਹੀਦ ਊਧਮ ਸਿੰਘ ਆਪਣੀ ਸ਼ਹਾਦਤ ਦੇ ਕੇ ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ। ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਸਮੇਂ ਪੰਜਾਬ ਦੇ ਗਵਰਨਰ ਜਨਰਲ ਰਹੇ ਮਾਈਕਲ ਓ’ਡਵਾਇਰ ਨੂੰ...
ਸ਼ਹੀਦ ਊਧਮ ਸਿੰਘ ਆਪਣੀ ਸ਼ਹਾਦਤ ਦੇ ਕੇ ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ। ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਸਮੇਂ ਪੰਜਾਬ ਦੇ ਗਵਰਨਰ ਜਨਰਲ ਰਹੇ ਮਾਈਕਲ ਓ’ਡਵਾਇਰ ਨੂੰ ਉਸ ਨੇ ਬਰਤਾਨੀਆ ਦੇ ਲੰਡਨ ਸਥਿਤ ਕੈਕਸਟਨ ਹਾਲ ਵਿੱਚ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ। ਇਹ ਘਟਨਾ 13 ਅਪਰੈਲ 1940 ਦੀ ਹੈ ਜਦੋਂ ਹਿੰਦੋਸਤਾਨ ਵਿੱਚ ਰਹਿ ਚੁੱਕੇ ਹੋਰ ਸੂਬਿਆਂ ਦੇ ਗਵਰਨਰ ਹਿੰਦੋਸਤਾਨੀ ਲੋਕਾਂ ਉੱਪਰ ਆਪਣੇ ਕੀਤੇ ਕਾਰਨਾਮਿਆਂ ਤੇ ਜ਼ੁਲਮਾਂ ਦੇ ਜਸ਼ਨ ਮਨਾ ਰਹੇ ਸਨ। ਊਧਮ ਸਿੰਘ ਦੀ ਗੋਲੀ ਨਾਲ ਓ’ਡਵਾਇਰ ਮਾਰਿਆ ਗਿਆ ਅਤੇ ਲਾਰਡ ਲੈਮਿੰਗਟਨ ਤੇ ਲਾਰਡ ਜੈਟਲੈਂਡ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ। ਦੇਸ਼-ਵਿਦੇਸ਼ ’ਚ ਖ਼ਬਰਾਂ ਪਹੁੰਚ ਗਈਆਂ। ਇਹ ਘਟਨਾ ਹੀ ਇੰਨੀ ਵੱਡੀ ਸੀ ਕਿ ਲੰਡਨ ਦੇ ਸਾਰੇ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਪਹਿਲੇ ਸਫ਼ੇ ’ਤੇ ਸੁਰਖ਼ੀ ਬਣਾਇਆ। ਊਧਮ ਸਿੰਘ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ ਤੇ ਉਸ ਨੂੰ ਲੰਡਨ ਦੇ ਕੈਨਨ ਸਟਰੀਟ ਪੁਲੀਸ ਸਟੇਸ਼ਨ ਲਿਜਾਇਆ ਗਿਆ।
ਸ਼ਹੀਦ ਊਧਮ ਸਿੰਘ ਭਾਰਤ ਦੀ ਆਜ਼ਾਦੀ ਸੰਘਰਸ਼ ਦਾ ਇੱਕ ਅਮਰ ਨਾਇਕ ਸੀ, ਜਿਸ ਨੇ ਦੇਸ਼ ਵਾਸੀਆਂ ਨੂੰ ਨਿਆਂ ਦਿਵਾਉਣ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ। ਉਸ ਦੇ ਦਿਲ ’ਚ ਨਫ਼ਰਤ ਨਹੀਂ ਸੀ, ਸਗੋਂ ਇਨਸਾਫ਼ ਲਈ ਤੜਪ ਸੀ। ਉਸ ਨੇ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦਾ ਬਦਲਾ ਲੈ ਕੇ ਦੁਨੀਆ ਨੂੰ ਦਿਖਾ ਦਿੱਤਾ ਕਿ ਲੋਕਾਂ ਉੱਪਰ ਕੀਤੇ ਜ਼ੁਲਮਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ।
ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਵਿਖੇ ਹੋਇਆ। ਪਿਤਾ ਦਾ ਨਾਮ ਟਹਿਲ ਸਿੰਘ ਸੀ, ਜੋ ਰੇਲਵੇ ਵਿੱਚ ਕੰਮ ਕਰਦੇ ਸਨ। ਊਧਮ ਸਿੰਘ ਦੇ ਜਨਮ ਮਗਰੋਂ ਕੁਝ ਅਰਸੇ ਵਿੱਚ ਹੀ ਮਾਤਾ ਪਿਤਾ ਦੋਵਾਂ ਦੀ ਮੌਤ ਹੋ ਗਈ।
ਊਧਮ ਸਿੰਘ ਅਤੇ ਉਸ ਦਾ ਭਰਾ ਅੰਮ੍ਰਿਤਸਰ ਦੇ ਖ਼ਾਲਸਾ ਯਤੀਮਖਾਨੇ ਵਿੱਚ ਰਹਿਣ ਲੱਗੇ। ਇੱਥੇ ਹੀ ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। 1917 ਵਿੱਚ ਉਸ ਨੇ ਮੈਟ੍ਰਿਕ ਦੀ ਪੜ੍ਹਾਈ ਪੂਰੀ ਕੀਤੀ। ਯਤੀਮਖਾਨੇ ਵਿੱਚ ਰਹਿੰਦੇ ਹੋਏ ਊਧਮ ਸਿੰਘ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਹਮੇਸ਼ਾ ਉੱਚੇ ਆਦਰਸ਼ਾਂ ’ਤੇ ਧਿਆਨ ਕੇਂਦਰਿਤ ਕੀਤਾ।
13 ਅਪਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਵਿੱਚ ਹੋਇਆ ਕਤਲੇਆਮ, ਜਿੱਥੇ ਹਜ਼ਾਰਾਂ ਬੇਦੋਸ਼ੇ ਲੋਕਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ, ਊਧਮ ਸਿੰਘ ਦੇ ਮਨ ’ਤੇ ਅਮਿੱਟ ਛਾਪ ਛੱਡ ਗਿਆ। ਇਸ ਦਿਨ ਜਲ੍ਹਿਆਂਵਾਲੇ ਬਾਗ਼ ਵਿੱਚ ਜੋ ਕੁਝ ਹੋਇਆ, ਉਹ ਅੰਗਰੇਜ਼ ਹਕੂਮਤ ਦੀ ਸਭ ਤੋਂ ਕਾਲੀ ਕਰਤੂਤ ਸੀ। ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਅਤੇ ਜਨਰਲ ਰੇਜੀਨਲਡ ਡਾਇਰ ਨੇ ਬੇਦੋਸ਼ੀ ਭੀੜ ’ਤੇ ਬਿਨਾਂ ਚਿਤਾਵਨੀ ਦਿੱਤਿਆਂ ਗੋਲੀ ਚਲਾਈ।
ਊਧਮ ਸਿੰਘ ਨੇ ਕਈ ਇਨਕਲਾਬੀ ਗਤੀਵਿਧੀਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ। ਉਹ ਦੇਸ਼ਭਗਤਾਂ ਦੇ ਸੰਪਰਕ ਵਿੱਚ ਆਇਆ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਨਾਲ ਜੁੜ ਗਿਆ। ਊਧਮ ਸਿੰਘ ਨੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਅਖ਼ੀਰ ਵਿੱਚ ਇੰਗਲੈਂਡ ਜਾ ਠਹਿਰਿਆ, ਜਿੱਥੇ ਓ’ਡਵਾਇਰ ਤੋਂ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ। ਊਧਮ ਸਿੰਘ ’ਤੇ ਲੰਡਨ ਦੀ ਅਦਾਲਤ ਵਿੱਚ ਮੁਕੱਦਮਾ ਚੱਲਿਆ, ਪਰ ਉਸ ਨੇ ਕਦੇ ਵੀ ਮੁਆਫ਼ੀ ਜਾਂ ਰਹਿਮ ਦੀ ਅਪੀਲ ਨਹੀਂ ਕੀਤੀ। ਉਸ ਤਰਫ਼ੋਂ ਮੁਕੱਦਮਾ ਕ੍ਰਿਸ਼ਨਾ ਮੈਨਨ ਨੇ ਲੜਿਆ, ਪਰ ਅੰਗਰੇਜ਼ ਸਰਕਾਰ ਵੱਲੋਂ 31 ਜੁਲਾਈ 1940 ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਸ ਵੇਲੇ ਉਹ 41 ਸਾਲ ਦਾ ਸੀ। ਇਹ ਮੌਤ ਸਿਰਫ਼ ਇੱਕ ਸਰੀਰ ਦੀ ਮੌਤ ਨਹੀਂ ਸੀ, ਸਗੋਂ ਇਸ ਕੁਰਬਾਨੀ ਸਦਕਾ ਇੱਕ ਵਿਚਾਰਧਾਰਾ ਜਨਮ ਲੈ ਰਹੀ ਸੀ, ਜੋ ਅੱਜ ਵੀ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੀ ਹੈ।
ਊਧਮ ਸਿੰਘ ਨੇ ਆਪਣੇ ਨਾਂ ਦੇ ਨਾਲ ‘ਮੁਹੰਮਦ ਸਿੰਘ ਆਜ਼ਾਦ’ ਵਰਗੀ ਪਛਾਣ ਵੀ ਵਰਤੀ, ਜੋ ਉਸ ਦੀ ਧਰਮ ਨਿਰਪੇਖਤਾ ਅਤੇ ਭਾਰਤ ਦੀ ਏਕਤਾ ਦੀ ਸੋਚ ਨੂੰ ਦਰਸਾਉਂਦਾ ਸੀ। ਉਸ ਦੇ ਅੰਤਿਮ ਸ਼ਬਦ ‘ਇਨਕਲਾਬ ਜ਼ਿੰਦਾਬਾਦ’ ਸਨ।
ਦਰਅਸਲ, ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਦਾ ਦੁਖਾਂਤ ਆਪਣੇ ਅੱਖੀਂ ਵੇਖਿਆ ਸੀ, ਜਿਸ ਵਿੱਚ ਹਜ਼ਾਰਾਂ ਨਿਹੱਥੇ, ਅਮਨ-ਪਸੰਦ ਅਤੇ ਭੋਲੇ-ਭਾਲੇ ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਊਧਮ ਸਿੰਘ ਲਈ ਇਸ ਸਾਕਾ ਦਰਦਨਾਕ ਯਾਦ ਬਣ ਗਿਆ। ਉਸ ਦੀ ਉਮਰ ਉਸ ਵਕਤ ਸਿਰਫ਼ 20 ਕੁ ਸਾਲ ਸੀ, ਪਰ ਉਸ ਨੇ ਮਨ ਵਿੱਚ ਇਹ ਪ੍ਰਣ ਕਰ ਲਿਆ ਸੀ ਕਿ ਉਹ ਇਸ ਵੱਡੀ ਘਟਨਾ ਦਾ ਅੰਗਰੇਜ਼ ਹਾਕਮਾਂ ਕੋਲੋਂ ਬਦਲਾ ਜ਼ਰੂਰ ਲਵੇਗਾ। ਉਹ ਇੰਗਲੈਂਡ ਇਸੇ ਮੰਤਵ ਲਈ ਪਹੁੰਚਿਆ। ਉਸ ਦੁਖਾਂਤ ਲਈ ਪਹਿਲਾ ਜ਼ਿੰਮੇਵਾਰ ਵਿਅਕਤੀ ਬ੍ਰਿਗੇਡੀਅਰ ਜਨਰਲ ਡਾਇਰ ਪਹਿਲਾਂ ਹੀ ਬਿਮਾਰ ਹੋ ਕੇ ਮਰ ਚੁੱਕਾ ਸੀ, ਪਰ ਉਸ ਦੁਖਾਂਤ ਦਾ ਦੂਜਾ ਜ਼ਿੰਮੇਵਾਰ ਵਿਅਕਤੀ ਪੰਜਾਬ ਦਾ ਤਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਇੰਗਲੈਂਡ ਵਿੱਚ ਆਰਾਮ ਨਾਲ ਰਹਿ ਰਿਹਾ ਸੀ। ਊਧਮ ਸਿੰਘ ਲਈ ਉਸ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਿਲ ਸੀ। ਉਸ ਨੇ ਆਪਣੇ ਲਏ ਪ੍ਰਣ ਨੂੰ ਕਿਸੇ ਸਾਹਮਣੇ ਜ਼ਾਹਿਰ ਨਹੀਂ ਸੀ ਕੀਤਾ। ਇੱਥੋਂ ਤੱਕ ਕਿ ਕਿਸੇ ਨੂੰ ਵੀ ਉਸ ਨੇ ਨਾ ਦੱਸਿਆ ਅਤੇ ਨਾ ਹੀ ਇਹ ਬਦਲਾ ਲੈਣ ਦੇ ਕੰਮ ਵਿੱਚ ਭਾਈਵਾਲ ਬਣਾਇਆ, ਪਰ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਆਪਣਾ ਪ੍ਰਣ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਰਿਹਾ। ਅਖ਼ੀਰ 1940 ਵਿੱਚ 21 ਸਾਲ ਬਾਅਦ ਉਸ ਨੇ ਮਾਈਕਲ ਓ’ਡਵਾਇਰ ਨੂੰ ਕਤਲ ਕਰ ਕੇ ਉਹ ਬਦਲਾ ਲੈ ਲਿਆ।
ਸਰਦਾਰ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਵਿੱਚ ਸੁਨਾਮ ਵਿਖੇ 2 ਦਸੰਬਰ 1899 ਨੂੰ ਹੋਇਆ। ਕਈ ਥਾਵਾਂ ’ਤੇ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਉਸ ਦਾ ਜਨਮ ਸ਼ਾਹਪੁਰ ਨਜ਼ਦੀਕ ਸੁਨਾਮ ਵਿੱਚ ਹੋਇਆ, ਪਰ ਅਸਲ ਵਿੱਚ ਸ਼ਾਹਪੁਰ ਮੁਹੱਲਾ ਸੁਨਾਮ ਦਾ ਹੀ ਹਿੱਸਾ ਸੀ। ਊਧਮ ਸਿੰਘ ਦੀ ਜਨਮ ਤਰੀਕ ਬਾਰੇ ਵੀ ਕਈ ਸੰਦੇਹ ਹਨ, ਜੋ ਕਿ ਬਾਅਦ ਵਿੱਚ ਉਸ ਦੇ ਸਬੰਧੀਆਂ ਜਾਂ ਉਸ ਵੱਲੋਂ ਆਪ ਵੱਖ-ਵੱਖ ਥਾਵਾਂ ’ਤੇ ਲਿਖਵਾਈਆਂ ਤਰੀਕਾਂ ਕਰਕੇ ਹੈ। ਕੁਝ ਲੇਖਕਾਂ ਨੇ ਉਸ ਦੀ ਜਨਮ ਤਿਥੀ 26 ਦਸੰਬਰ 1903 ਲਿਖੀ ਹੈ। ਊਧਮ ਸਿੰਘ ’ਤੇ ਜਿਹੜਾ ਮੁੱਕਦਮਾ ਲੰਡਨ ਵਿੱਚ ਦਰਜ ਹੋਇਆ, ਉਸ ਵਿੱਚ ਵੀ ਉਸ ਦੀ ਜਨਮ ਦੀ ਤਰੀਕ ਇਹੋ ਲਿਖੀ ਹੋਈ ਹੈ, ਪਰ ਜ਼ਿਆਦਾਤਰ ਲੇਖਕ ਉਸ ਦੀ ਜਨਮ ਤਰੀਕ 26 ਦਸੰਬਰ 1899 ਹੀ ਮੰਨਦੇ ਹਨ।
ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਰੱਖਿਆ ਗਿਆ ਅਤੇ ਸੱਚੀ-ਮੁੱਚੀ ਹੀ ਉਹ ਇੱਕ ਸ਼ੇਰ ਹੀ ਸੀ। ਘਰ ਵਿੱਚ ਭਾਵੇਂ ਗ਼ਰੀਬੀ ਸੀ, ਪਰ ਸ਼ੇਰ ਸਿੰਘ ਨੇ ਕਦੀ ਇਸ ਨੂੰ ਮਹਿਸੂਸ ਨਹੀਂ ਸੀ ਕੀਤਾ। ਊਧਮ ਸਿੰਘ ਦਾ ਸੁਭਾਅ ਬਹੁਤ ਖੁੱਲ੍ਹਾ-ਡੁੱਲ੍ਹਾ ਅਤੇ ਹਸਮੁੱਖ ਸੀ। ਉਸ ਦੀ ਸਿਹਤ ਬਹੁਤ ਚੰਗੀ ਸੀ। ਉਹ ਹਮੇਸ਼ਾ ਖ਼ੁਸ਼ੀ ਰਹਿੰਦਾ ਅਤੇ ਆਪਣੇ ਦੋਸਤਾਂ, ਮਿੱਤਰਾਂ ਨੂੰ ਵੀ ਹਸਾਉਂਦਾ ਰਹਿੰਦਾ।
ਸ਼ੇਰ ਸਿੰਘ ਦੇ ਬਚਪਨ ਵਿੱਚ ਹੀ ਉਸ ਦੀ ਮਾਤਾ ਹਰਨਾਮ ਕੌਰ ਦੀ ਮੌਤ ਹੋ ਗਈ, ਜੋ ਪਰਿਵਾਰ ਵਾਸਤੇ ਬਹੁਤ ਵੱਡੀ ਸੱਟ ਸੀ। ਹੁਣ ਦੋਵੇਂ ਪੁੱਤਰਾਂ ਵੱਡੇ ਸਾਧੂ ਸਿੰਘ ਅਤੇ ਛੋਟੇ ਸ਼ੇਰ ਸਿੰਘ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਵੀ ਪਿਤਾ ਟਹਿਲ ਸਿੰਘ ’ਤੇ ਪੈ ਗਈ। ਟਹਿਲ ਸਿੰਘ ਵੱਖ-ਵੱਖ ਥਾਵਾਂ ’ਤੇ ਕਿਸੇ ਅਜਿਹੇ ਕੰਮ ਦੀ ਤਲਾਸ਼ ਵਿੱਚ ਰਹਿੰਦਾ ਸੀ, ਜਿਸ ਨਾਲ ਉਸ ਦੀ ਆਮਦਨ ਵਧ ਸਕੇ ਅਤੇ ਆਮਦਨ ਲਗਾਤਾਰ ਉਸ ਨੂੰ ਮਿਲਦੀ ਰਹੇ। ਇਸ ਵਿੱਚ ਉਸ ਨੂੰ ਉਦੋਂ ਸਫ਼ਲਤਾ ਮਿਲੀ ਜਦੋਂ ਉਸ ਦੇ ਇੱਕ ਜਾਣਕਾਰ ਸ. ਧੰਨਾ ਸਿੰਘ ਨੇ ਉਸ ਦੀ ਮਦਦ ਕੀਤੀ ਅਤੇ ਸੰਗਰੂਰ ਦੇ ਨਜ਼ਦੀਕ ਪਿੰਡ ਉੱਪਲੀ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਉਸ ਨੂੰ ਵਾਚ-ਮੈਨ ਦੀ ਨੌਕਰੀ ਮਿਲ ਗਈ। ਹੁਣ ਭਾਵੇਂ ਵਾਚਮੈਨ ਵਜੋਂ ਤਨਖ਼ਾਹ ਕੋਈ ਬਹੁਤ ਜ਼ਿਆਦਾ ਨਹੀਂ ਸੀ, ਪਰ ਇਸ ਕੰਮ ਵਿੱਚ ਇੱਕ ਤਾਂ ਉਸ ਨੂੰ ਆਮਦਨ ਲਗਾਤਾਰ ਮਿਲਣ ਲੱਗ ਪਈ ਅਤੇ ਦੂਸਰਾ ਇਹ ਕੰਮ ਸੌਖਾ ਸੀ। ਹੁਣ ਉਹ ਆਪਣੇ ਕੰਮ ਵਿੱਚ ਸੰਤੁਸ਼ਟ ਤਾਂ ਸੀ, ਪਰ ਇੰਨੀ ਕੁ ਆਮਦਨ ਨਾਲ ਉਹ ਆਪਣੇ ਬੱਚਿਆਂ ਨੂੰ ਨਾ ਤਾਂ ਚੰਗੀ ਵਿੱਦਿਆ ਦੇ ਸਕਦਾ ਸੀ ਅਤੇ ਨਾ ਹੀ ਚੰਗਾ ਪਾਲਣ-ਪੋਸ਼ਣ ਕਰ ਸਕਦਾ ਸੀ।
ਟਹਿਲ ਸਿੰਘ ਨੂੰ ਰਹਿਣ ਲਈ ਰੇਲਵੇ ਵੱਲੋਂ ਇੱਕ ਛੋਟੀ ਜਿਹੀ ਕੋਠੜੀ ਵੀ ਮਿਲੀ ਹੋਈ ਸੀ। ਉਸ ਇਲਾਕੇ ਵਿੱਚ ਬਹੁਤ ਸਾਰੀਆਂ ਝਾੜੀਆਂ ਤੇ ਦਰੱਖ਼ਤ ਸਨ ਅਤੇ ਬਹੁਤ ਸਾਰੀ ਬੇਆਬਾਦ ਧਰਤੀ ਖੁੱਲ੍ਹੀ ਪਈ ਸੀ, ਜਿਸ ’ਤੇ ਕੋਈ ਕਾਸ਼ਤ ਨਹੀਂ ਸੀ ਕੀਤੀ ਜਾਂਦੀ ਅਤੇ ਬਹੁਤ ਵੱਡੀਆਂ ਝਾੜੀਆਂ ਸਨ। ਟਹਿਲ ਸਿੰਘ ਨੇ ਬੱਚਿਆਂ ਦੇ ਦੁੱਧ ਪੀਣ ਅਤੇ ਵਿਕਰੀ ਕਰਨ ਲਈ ਕੁਝ ਬੱਕਰੀਆਂ ਰੱਖ ਲਈਆਂ, ਜਿਨ੍ਹਾਂ ਨੂੰ ਉਸ ਦੇ ਲੜਕੇ ਹੀ ਸਾਂਭਦੇ ਸਨ। ਲੜਕੇ ਉਨ੍ਹਾਂ ਬੱਕਰੀਆਂ ਨੂੰ ਸਵੇਰ ਵੇਲੇ ਚਰਨ ਲਈ ਛੱਡ ਦਿੰਦੇ ਅਤੇ ਉਹ ਸਾਰਾ ਦਿਨ ਉਨ੍ਹਾਂ ਦਾ ਖ਼ਿਆਲ ਵੀ ਰੱਖਦੇ ਸਨ ਤਾਂ ਕਿ ਉਸ ਇਲਾਕੇ ਦੇ ਜੰਗਲੀ ਜਾਨਵਰ ਉਨ੍ਹਾਂ ਨੂੰ ਮਾਰ ਨਾ ਦੇਣ ਕਿਉਂ ਜੋ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਉਸ ਇਲਾਕੇ ਵਿੱਚ ਹੁੰਦੀਆਂ ਰਹਿੰਦੀਆਂ ਸਨ।
ਇੱਕ ਦਿਨ ਇੱਕ ਅਜੀਬ ਘਟਨਾ ਹੋਈ, ਜਿਸ ਵਿੱਚ ਸ਼ੇਰ ਸਿੰਘ ਨੇ ਬਹੁਤ ਬਹਾਦਰੀ ਵਿਖਾਈ ਅਤੇ ਇਸ ਦਾ ਜ਼ਿਕਰ ਸਾਰੇ ਇਲਾਕੇ ਵਿੱਚ ਹੋਣ ਲੱਗ ਪਿਆ। ਉਸ ਵੇਲੇ ਸ਼ੇਰ ਸਿੰਘ ਦੀ ਉਮਰ ਕੋਈ 5-6 ਸਾਲ ਸੀ, ਜਦੋਂ ਸਵੇਰ ਵੇਲੇ ਉਸ ਦੀ ਜਾਗ ਖੁੱਲ੍ਹੀ ਤਾਂ ਬੱਕਰੀਆਂ ਵੱਲੋਂ ਉੱਚੀ-ਉੱਚੀ ਆਵਾਜ਼ ਕੱਢਣ ਦਾ ਸ਼ੋਰ ਉਸ ਨੂੰ ਸੁਣਾਈ ਦਿੱਤਾ। ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਨੇ ਵੇਖਿਆ ਕਿ ਇੱਕ ਬਘਿਆੜ ਬੱਕਰੀਆਂ ਦੇ ਜੰਗਲੇ ਵਿੱਚ ਮੂੰਹ ਅੜਾ ਕੇ ਅੱਗੇ ਨੂੰ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਵਕਤ ਸ਼ੇਰ ਸਿੰਘ ਆਪਣੇ ਭਰਾ ਜਾਂ ਪਿਤਾ ਨੂੰ ਜਗਾਉਣ ਦੀ ਬਜਾਏ ਘਰ ਵਿੱਚ ਪਈ ਕੁਹਾੜੀ ਲੈ ਕੇ ਆਇਆ ਅਤੇ ਬੜੀ ਦਲੇਰੀ ਨਾਲ ਬਘਿਆੜ ਦੇ ਮੂੰਹ ’ਤੇ ਵਾਰ ਕੀਤਾ ਜਿਸ ਨਾਲ ਬਘਿਆੜ ਦੇ ਮੂੰਹ ਦਾ ਅਗਲਾ ਹਿੱਸਾ ਕੱਟਿਆ ਗਿਆ, ਪਰ ਬਘਿਆੜ ਫਿਰ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਰਿਹਾ। ਸ਼ੇਰ ਸਿੰਘ ਨੇ ਬਘਿਆੜ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਬਘਿਆੜ ਉੱਚੀ-ਉੱਚੀ ਫੁੰਕਾਰੇ ਤਾਂ ਮਾਰਦਾ ਰਿਹਾ, ਪਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਅਖ਼ੀਰ ਉਹ ਵਾਪਸ ਮੁੜ ਕੇ ਭੱਜ ਗਿਆ।
ਜਦੋਂ ਬਘਿਆੜ ਅਤੇ ਬੱਕਰੀਆਂ ਦੀਆਂ ਉੱਚੀਆਂ ਆਵਾਜ਼ਾਂ ਆ ਰਹੀਆਂ ਸਨ ਤਾਂ ਨਜ਼ਦੀਕ ਦੇ ਜਿਨ੍ਹਾਂ ਲੋਕਾਂ ਨੇ ਉਹ ਆਵਾਜ਼ਾਂ ਸੁਣੀਆਂ, ਉਹ ਵੀ ਉਸ ਫਾਟਕ ਦੇ ਨਜ਼ਦੀਕ ਆਏ। ਜਦੋਂ ਉਨ੍ਹਾਂ ਨੇ ਜ਼ਖ਼ਮੀ ਹੋਏ ਬਘਿਆੜ ਦੇ ਦੌੜ ਜਾਣ ਬਾਰੇ ਸੁਣਿਆ ਤਾਂ ਸਭ ਨੇ ਸ਼ੇਰ ਸਿੰਘ ਦੇ ਹੌਸਲੇ ਦੀ ਪ੍ਰਸ਼ੰਸਾ ਕੀਤੀ। ਉਸ ਘਟਨਾ ਦੀ ਖੇਤਰ ਵਿੱਚ ਵੱਡੀ ਚਰਚਾ ਹੋਈ। ਕਈ ਲੋਕ ਵਿਸ਼ੇਸ ਤੌਰ ’ਤੇ ਸ਼ੇਰ ਸਿੰਘ ਨੂੰ ਮਿਲਣ ਆਏ। ਇਸ ਘਟਨਾ ਦਾ ਉਸ ਦੇ ਬਾਪੂ ਟਹਿਲ ਸਿੰਘ ’ਤੇ ਵੱਖਰਾ ਪ੍ਰਭਾਵ ਪਿਆ ਅਤੇ ਉਹ ਆਪਣੀਆਂ ਬੱਕਰੀਆਂ ਅਤੇ ਬੱਚਿਆਂ ਨੂੰ ਅਸੁਰੱਖਿਅਤ ਸਮਝਣ ਲੱਗ ਪਿਆ। ਇਸ ਘਟਨਾ ਮਗਰੋਂ ਉਸ ਨੇ ਪੱਕਾ ਮਨ ਬਣਾ ਲਿਆ ਕਿ ਉਹ ਇਹ ਨੌਕਰੀ ਛੱਡ ਦੇਵੇਗਾ। ਨੌਕਰੀ ਛੱਡ ਕੇ ਟਹਿਲ ਸਿੰਘ 1907 ਦੀ ਦੀਵਾਲੀ ਦੇ ਤਿਉਹਾਰ ’ਤੇ ਆਪਣੇ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਿਆ, ਪਰ ਰਾਹ ਵਿੱਚ ਉਸ ਤੇਜ਼ ਬੁਖ਼ਾਰ ਹੋ ਗਿਆ। ਕਿਸੇ ਤਰ੍ਹਾਂ ਉਹ ਅੰਮ੍ਰਿਤਸਰ ਦੇ ਨਜ਼ਦੀਕ ਸਾਧੂਆਂ ਦੇ ਇੱਕ ਡੇਰੇ ’ਤੇ ਪਹੁੰਚ ਗਿਆ। ਉਸ ਡੇਰੇ ’ਤੇ ਤਰਨਤਾਰਨ ਤੋਂ ਭਾਈ ਛਾਂਗਾ ਸਿੰਘ ਦਾ ਇੱਕ ਜਥਾ ਆਇਆ। ਉਹ ਜਥਾ ਕੀਰਤਨ ਕਰਦਾ ਸੀ ਅਤੇ ਉਸ ਜਥੇ ਦੇ ਨਾਲ ਭਾਈ ਚੈਂਚਲ ਸਿੰਘ ਵੀ ਸੀ, ਜਿਹੜਾ ਸੁਨਾਮ ਦਾ ਵਾਸੀ ਅਤੇ ਟਹਿਲ ਸਿੰਘ ਦਾ ਰਿਸ਼ਤੇਦਾਰ ਸੀ। ਪਹਿਲਾਂ ਸ. ਟਹਿਲ ਸਿੰਘ ਨੇ ਉਨ੍ਹਾਂ ਸਾਧੂਆਂ ਨੂੰ ਆਪਣੇ ਬੱਚੇ ਸੰਭਾਲਣ ਲਈ ਕਿਹਾ। ਸਾਧੂਆਂ ਨੇ ਟਹਿਲ ਸਿੰਘ ਦੇ ਦੋਵਾਂ ਪੱਤਰਾਂ ਸ਼ੇਰ ਸਿੰਘ ਅਤੇ ਸਾਧੂ ਸਿੰਘ ਨੂੰ ਵੀ ਗੇਰੂ ਰੰਗ ਦੇ ਕੱਪੜੇ ਪੁਆ ਦਿੱਤੇ ਅਤੇ ਉਹ ਉੱਥੇ ਹੀ ਰਹਿਣ ਲੱਗ ਪਏ। ਜਦੋਂ ਚੈਂਚਲ ਸਿੰਘ ਨੇ ਟਹਿਲ ਸਿੰਘ ਦੀ ਵਿਗੜਦੀ ਹਾਲਤ ਵੇਖੀ ਤਾਂ ਉਹ ਇੱਕ ਟਾਂਗਾ ਮੰਗਵਾ ਕੇ ਉਸ ਨੂੰ ਸਰਕਾਰੀ ਹਸਪਤਾਲ ਲੈ ਗਿਆ। ਡਾਕਟਰਾਂ ਨੇ ਬੜੀ ਤਨਦੇਹੀ ਨਾਲ ਇਲਾਜ ਕੀਤਾ ਅਤੇ ਉਨ੍ਹਾਂ ਨੂੰ ਉਮੀਦ ਵੀ ਸੀ ਕਿ ਟਹਿਲ ਸਿੰਘ ਠੀਕ ਹੋ ਜਾਵੇਗਾ, ਪਰ ਉਸ ਦੀ ਹਾਲਤ ਵਿਗੜ ਗਈ। ਹਸਪਤਾਲ ਵਿੱਚ ਅਗਲੇ ਦਿਨ ਉਸ ਦੀ ਮੌਤ ਹੋ ਗਈ।
ਹੁਣ ਉਹ ਦੋਵੇਂ ਬੱਚੇ ਯਤੀਮ ਹੋ ਗਏ ਸਨ। ਚੈਂਚਲ ਸਿੰਘ ਨੇ ਡੂੰਘੀ ਸੋਚ ਵਿਚਾਰ ਮਗਰੋਂ ਉਨ੍ਹਾਂ ਸਾਧੂਆਂ ਕੋਲੋਂ ਉਹ ਦੋਵੇਂ ਬੱਚੇ ਵਾਪਸ ਲੈ ਲਏ ਅਤੇ ਉਨ੍ਹਾਂ ਨੂੰ ਚੀਫ ਖਾਲਸਾ ਵੱਲੋਂ ਚਲਾਏ ਜਾ ਰਹੇ ਸੈਂਟਰਲ ਖਾਲਸਾ ਯਤੀਮਖ਼ਾਨਾ ਵਿੱਚ ਲੈ ਗਿਆ। ਜਿੱਥੇ ਉਨ੍ਹਾਂ ਦੋਵਾਂ ਬੱਚਿਆਂ ਦੇ ਪਾਲਣ ਪੋਸ਼ਣ, ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਅਤੇ ਵਿੱਦਿਆ ਦੀ ਸਾਰੀ ਜ਼ਿੰਮੇਵਾਰੀ ਯਤੀਮਖਾਨੇ ਦੇ ਪ੍ਰਬੰਧਕਾਂ ਨੇ ਆਪਣੇ ਸਿਰ ਲੈ ਲਈ ਜਿਸ ਤਰ੍ਹਾਂ ਉਹ ਹੋਰ ਯਤੀਮ ਬੱਚਿਆਂ ਲਈ ਕਰ ਰਹੇ ਸਨ।
ਸੈਂਟਰਲ ਯਤੀਮਖ਼ਾਨੇ ਵਿੱਚ ਜਿਸ ਤਰ੍ਹਾਂ ਦੇ ਅਨੁਸ਼ਾਸ਼ਨ ਵਿੱਚ ਉਨ੍ਹਾਂ ਨੂੰ ਰਹਿਣਾ ਪੈਂਦਾ ਸੀ, ਉਸ ਤੋਂ ਪਹਿਲਾਂ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਕਦੀ ਵੀ ਨਹੀਂ ਜੀਵੇ ਸਨ, ਪਰ ਉਹ ਸਮਝਦਾਰ ਬੱਚੇ ਸਨ ਅਤੇ ਥੋੜ੍ਹੇ ਦਿਨਾਂ ਵਿੱਚ ਹੀ ਉਹ ਨਵੀਂ ਸਥਿਤੀ ਨੂੰ ਸਮਝ ਗਏ। ਉਨ੍ਹਾਂ ਨੇ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਸ਼ੇਰ ਸਿੰਘ ਅਤੇ ਸਾਧੂ ਸਿੰਘ ਉਸ ਯਤੀਮਖ਼ਾਨੇ ਵਿੱਚ ਰਹਿਣ ਲੱਗ ਪਏ ਤਾਂ ਛੇਤੀ ਹੀ ਉਨ੍ਹਾਂ ਨੇ ਯਤੀਮਖ਼ਾਨੇ ਦੇ ਹਰ ਨਿਯਮ ਨੂੰ ਆਪਣੇ ਮਨ ਵਿੱਚ ਸਮਾ ਲਿਆ। ਥੋੜ੍ਹੇ ਚਿਰ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੋਏ ਇੱਕ ਸਮਾਗਮ ਵਿੱਚ ਦੋਵਾਂ ਭਰਾਵਾਂ ਨੂੰ ਅੰਮ੍ਰਿਤ ਛਕਾਇਆ ਗਿਆ। ਅੰਮ੍ਰਿਤ ਛਕਣ ਤੋਂ ਬਾਅਦ ਵੱਡੇ ਭਰਾ ਸਾਧੂ ਸਿੰਘ ਦਾ ਨਾਂ ਬਦਲ ਕੇ ਮੁਕਤਾ ਸਿੰਘ ਰੱਖ ਦਿੱਤਾ ਅਤੇ ਛੋਟੇ ਸ਼ੇਰ ਸਿੰਘ ਦਾ ਨਾਂ ਬਦਲ ਕੇ ਊਧਮ ਸਿੰਘ ਰੱਖ ਦਿੱਤਾ ਗਿਆ। ਉਨ੍ਹਾਂ ਨੂੰ ਪੜ੍ਹਾਈ ਲਈ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਤਾਂ ਕਿ ਉਹ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰ ਸਕਣ। ਯਤੀਮਖ਼ਾਨੇ ਵਿੱਚ ਬੱਚਿਆਂ ਨੂੰ ਆਤਮ-ਨਿਰਭਰ ਬਣਨ ਲਈ ਕਈ ਤਰ੍ਹਾਂ ਦੇ ਪੇਸ਼ਿਆਂ ਦੇ ਨਿਪੁੰਨ ਵੀ ਬਣਾਇਆ ਜਾਂਦਾ ਸੀ ਅਤੇ ਸੰਗੀਤ ਵਿੱਦਿਆ ਵੀ ਸਿਖਾਈ ਜਾਂਦੀ ਸੀ। ਊਧਮ ਸਿੰਘ ਵੀ ਆਪਣੀ ਰਵਾਇਤੀ ਵਿੱਦਿਆ ਦੇ ਨਾਲ-ਨਾਲ ਲੁਹਾਰ ਦਾ ਕੰਮ ਵੀ ਸਿੱਖਦਾ ਸੀ। ਛੇਤੀ ਹੀ ਉਹ ਉਨ੍ਹਾਂ ਕੰਮਾਂ ਵਿੱਚ ਨਿਪੁੰਨ ਹੋ ਗਿਆ। ਇਸ ਦੇ ਨਾਲ ਹੀ ਉਹ ਸੰਗੀਤ ਵਿੱਦਿਆ ਵਿੱਚ ਤਬਲਾ ਵੀ ਸਿੱਖਣ ਲੱਗ ਪਿਆ। ਉਹ ਦੋਵੇਂ ਭਰਾ ਪੂਰੀ ਤਰ੍ਹਾਂ ਯਤੀਮਖ਼ਾਨੇ ਦੀ ਜ਼ਿੰਦਗੀ ਵਿੱਚ ਰਚ-ਮਿਚ ਗਏ ਸਨ। ਦੋਵੇਂ ਭਰਾ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਸਨ ਅਤੇ ਉੱਥੇ ਨਿੱਤਨੇਮ ਦੀ ਬਾਣੀ ਪੜ੍ਹਦੇ। ਉਹ ਉੱਥੇ ਕੀਰਤਨ ਵੀ ਸੁਣਦੇ ਅਤੇ ਇਸ ਤਰ੍ਹਾਂ ਛੇਤੀ ਹੀ ਉਹ ਸਿੱਖ ਇਤਿਹਾਸ ਬਾਰੇ ਕਾਫ਼ੀ ਕੁਝ ਜਾਣ ਗਏ ਸਨ। ਉਨ੍ਹਾਂ ਨੂੰ ਪਾਠ ਪੁਸਤਕਾਂ ਪੜ੍ਹਨ ਤੋਂ ਇਲਾਵਾ ਹੋਰ ਪੁਸਤਕਾਂ ਪੜ੍ਹਨ ਦੀ ਲਗਨ ਵੀ ਲੱਗ ਗਈ। ਊਧਮ ਸਿੰਘ ਆਪਣੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਇਸ ਕਰਕੇ ਉਸ ਦੇ ਉਸਤਾਦ ਉਸ ਨਾਲ ਬਹੁਤ ਪਿਆਰ ਕਰਦੇ ਸਨ। ਉਸ ਦਾ ਭਰਾ ਮੁਕਤਾ ਸਿੰਘ 1913 ਵਿੱਚ ਇੱਕ ਦਿਨ ਅਚਾਨਕ ਬਿਮਾਰ ਹੋ ਗਿਆ। ਬਾਅਦ ਵਿੱਚ ਉਸ ਨੂੰ ਨਿਮੋਨੀਆ ਹੋ ਗਿਆ, ਜੋ ਇੰਨਾ ਗੰਭੀਰ ਹੋ ਗਿਆ ਕਿ ਉਸ ਦੀ ਮੌਤ ਹੋ ਗਈ। ਊਧਮ ਸਿੰਘ ਲਈ ਇਹ ਬਹੁਤ ਵੱਡਾ ਸਦਮਾ ਸੀ।
ਸੰਨ 1907 ਤੋਂ 1917 ਤੱਕ ਤਕਰੀਬਨ ਦਸ ਸਾਲ ਊਧਮ ਸਿੰਘ ਸੈਂਟਰਲ ਯਤੀਨਖ਼ਾਨੇ ਰਿਹਾ ਅਤੇ ਯਤੀਮਖ਼ਾਨੇ ਨਾਲ ਉਸ ਨੂੰ ਇੱਕ ਵੱਖਰਾ ਹੀ ਮੋਹ ਹੋ ਗਿਆ ਸੀ। ਉਸ ਨੇ 1917 ਵਿੱਚ ਮੈਟ੍ਰਿਕ ਪਾਸ ਕਰ ਲਈ। ਉਸ ਨੇ ਉੱਥੇ ਰਹਿੰਦਿਆਂ ਹੀ ਇੱਕ ਚੰਗੇ ਲੁਹਾਰ ਦੇ ਗੁਣ ਪ੍ਰਾਪਤ ਕਰ ਲਏ। ਉਸ ਨੂੰ ਮੈਟ੍ਰਿਕ ਦੇ ਆਧਾਰ ’ਤੇ ਨੌਕਰੀ ਮਿਲ ਸਕਦੀ ਸੀ, ਪਰ ਲੁਹਾਰ ਦੇ ਨਾਤੇ ਉਹ ਜ਼ਿਆਦਾ ਕਮਾਈ ਕਰ ਸਕਦਾ ਸੀ। ਉਹ ਸਵੈ-ਨਿਰਭਰ ਹੋ ਗਿਆ ਸੀ, ਪਰ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਕਾਫ਼ੀ ਚਿਰ ਯਤੀਮਖ਼ਾਨੇ ਰਹਿ ਕੇ ਨੌਕਰੀ ਦੀ ਤਲਾਸ਼ ਕਰਦਾ ਰਿਹਾ, ਪਰ ਉਸ ਨੂੰ ਉਸ ਸਮੇਂ ਨੌਕਰੀ ਨਾ ਮਿਲੀ।
ਊਧਮ ਸਿੰਘ ਦਾ ਮਾਮਾ ਜੀਵਾ ਸਿੰਘ ਸੁਨਾਮ ਵਿੱਚ ਰਹਿੰਦਾ ਸੀ। ਉਹ ਉਸ ਨੂੰ ਯਤੀਮਖ਼ਾਨੇ ਮਿਲਣ ਲਈ ਵੀ ਆਉਂਦਾ ਰਹਿੰਦਾ ਸੀ। ਇੱਕ ਦਿਨ ਊਧਮ ਸਿੰਘ ਆਪਣੇ ਮਾਮੇ ਨੂੰ ਮਿਲਣ ਲਈ ਸੁਨਾਮ ਚਲਾ ਗਿਆ। ਉਸ ਦਾ ਮਾਮਾ ਆਪਣੇ ਭਣੇਵੇਂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ ਅਤੇ ਉਸ ਨੂੰ ਭਣੇਵੇਂ ਵੱਲੋਂ ਮੈਟ੍ਰਿਕ ਪਾਸ ਕਰਨ ਦੀ ਖ਼ਬਰ ਸੁਣ ਕੇ ਖ਼ੁਸ਼ੀ ਹੋਈ। ਉਹ ਚਾਹੁੰਦਾ ਸੀ ਕਿ ਉਸ ਦਾ ਭਣੇਵਾਂ ਉਸ ਦੇ ਕੋਲ ਹੀ ਰਹੇ, ਭਾਵੇਂ ਉਹ ਕੋਈ ਨੌਕਰੀ ਕਰੇ ਜਾਂ ਕੋਈ ਹੋਰ ਕੰਮ ਪਰ ਉਹ ਉਸ ਨੂੰ ਆਪਣੇ ਕੋਲ ਵੀ ਰੱਖਣਾ ਚਾਹੁੰਦਾ ਸੀ। ਜਿੰਨਾ ਚਿਰ ਊਧਮ ਸਿੰਘ ਨੂੰ ਕੋਈ ਵੱਡੀ ਨੌਕਰੀ ਨਾ ਮਿਲੀ, ਮਾਮੇ ਨੇ ਉਸ ਨੂੰ ਆਪਣੇ ਨਾਲ ਖੇਤੀ ਦੇ ਕੰਮ ਵਿੱਚ ਲਾ ਲਿਆ, ਪਰ ਊਧਮ ਸਿੰਘ ਵੱਖਰੀ ਹੀ ਬਿਰਤੀ ਦਾ ਮਾਲਕ ਸੀ। ਉਹ ਬਹੁਤ ਸਾਰੀਆਂ ਥਾਵਾਂ ਜਿਨ੍ਹਾਂ ਬਾਰੇ ਉਸ ਨੇ ਆਪਣੀ ਪੜ੍ਹਾਈ ਦੇ ਸਮੇਂ ਪੜ੍ਹਿਆ ਸੀ, ਵੇਖਣਾ ਚਾਹੁੰਦਾ ਸੀ। ਕੋਈ ਢਾਈ ਮਹੀਨੇ ਸੁਨਾਮ ਵਿੱਚ ਰਹਿਣ ਤੋਂ ਬਾਅਦ ਉਹ ਫਿਰ ਅੰਮ੍ਰਿਤਸਰ ਆ ਗਿਆ ਅਤੇ ਫਿਰ ਸੈਂਟਰਲ ਖਾਲਸਾ ਯਤੀਮਖ਼ਾਨੇ ਵਿੱਚ ਰਹਿਣ ਲੱਗ ਪਿਆ, ਨਾਲ ਹੀ ਉਹ ਕਿਸੇ ਨੌਕਰੀ ਦੀ ਤਲਾਸ਼ ਵਿੱਚ ਵੀ ਸੀ।
ਮੇਲਾ ਸਿੰਘ ਨੇ ਊਧਮ ਸਿੰਘ ਨੂੰ ਫ਼ੌਜ ਵਿੱਚ ਭਰਤੀ ਹੋਣ ਲਈ ਬਹੁਤ ਸਿੱਖਿਆ ਦਿੱਤੀ ਸੀ ਅਤੇ ਉਹ ਉਸ ਨੂੰ ਭਰਤੀ ਕਰਾਉਣ ਲਈ ਲਾਹੌਰ ਵਿੱਚ ਸਥਿਤ ਮੀਆਂ ਮੀਰ ਛਾਉਣੀ ਵਿੱਚ ਲੈ ਗਿਆ। ਊਧਮ ਸਿੰਘ ਨੂੰ ਭਰਤੀ ਕਰਨ ਵਾਲਿਆਂ ਨੇ ਯੋਗ ਸਮਝ ਕੇ ਭਰਤੀ ਕਰ ਲਿਆ ਅਤੇ ਫ਼ੌਜ ਦੇ ਨਿਯਮਾਂ ਅਨੁਸਾਰ ਉਸ ਦਾ ਮੈਡੀਕਲ ਕਰਵਾਇਆ। ਮੈਡੀਕਲ ਵਿੱਚ ਯੋਗ ਹੋਣ ਕਰਕੇ ਉਸ ਨੂੰ ਰੇਲਵੇ ਵਰਕਸ਼ਾਪ ਅੰਮ੍ਰਿਤਸਰ ਭੇਜ ਦਿੱਤਾ ਗਿਆ ਅਤੇ ਕੁਝ ਸਮੇਂ ਬਾਅਦ ਸਿਖਲਾਈ ਲਈ ਉਸ ਨੂੰ ਬੰਬਈ ਭੇਜ ਦਿੱਤਾ ਗਿਆ। ਬੰਬਈ ਤੋਂ ਟ੍ਰੇਨਿੰਗ ਪੂਰੀ ਕਰਨ ਉਪਰੰਤ ਉਸ ਨੂੰ ਨੌਕਰੀ ਲਈ ਬਰਮਾ ਭੇਜ ਦਿੱਤਾ। ਉਸ ਵਕਤ ਉਸ ਦੀ ਤਨਖ਼ਾਹ 48 ਰੁਪਏ ਸੀ, ਜੋ ਉਨ੍ਹਾਂ ਦਿਨਾਂ ਵਿੱਚ ਚੰਗੀ ਤਨਖ਼ਾਹ ਸਮਝੀ ਜਾਂਦੀ ਸੀ। ਇਸ ਦੇ ਨਾਲ ਹੀ ਉਸ ਨੂੰ ਡੇਢ ਮਹੀਨੇ ਦੀ ਤਨਖ਼ਾਹ ਪੇਸ਼ਗੀ ਤਨਖ਼ਾਹ ਵਜੋਂ ਵੀ ਦਿੱਤੀ ਗਈ ਕਿਉਂ ਜੋ ਉਹ ਇੱਕ ਸਫ਼ਲ ਅਤੇ ਯੋਗ ਮਕੈਨਿਕ ਸੀ ਅਤੇ ਲੁਹਾਰ ਦੇ ਕੰਮ ਵਿੱਚ ਨਿਪੁੰਨ ਸੀ। ਉਹ ਦਿਲ ਲਗਾ ਕੇ ਕੰਮ ਕਰਦਾ ਸੀ, ਜਿਸ ਤੋਂ ਉਸ ਦੇ ਅਫਸਰ ਕਾਫ਼ੀ ਪ੍ਰਸੰਨ ਸਨ। ਊਧਮ ਸਿੰਘ ਆਜ਼ਾਦ ਤਬੀਅਤ ਦਾ ਮਾਲਕ ਸੀ, ਇਸ ਲਈ ਨਾਲ ਕੰਮ ਕਰਦੇ ਯੂਰੋਪੀਅਨ ਕਾਮਿਆਂ ਦੀ ਉਸ ਨਾਲ ਨਹੀਂ ਬਣਦੀ ਸੀ। ਭਾਵੇਂ ਊਧਮ ਸਿੰਘ ਦਾ ਮੁੱਢਲਾ ਠੇਕਾ ਡੇਢ ਸਾਲ ਦਾ ਸੀ, ਪਰ ਉਹ ਛੇ ਮਹੀਨੇ ਬਾਅਦ ਹੀ ਵਾਪਸ ਅੰਮ੍ਰਿਤਸਰ ਆ ਗਿਆ। ਅੰਤ ਉਸਦੇ ਅੰਮ੍ਰਿਤਸਰ ਤੋਂ ਲੰਡਨ ਤੱਕ ਪੁੱਜਣ ਅਤੇ ਸ਼ਹੀਦ ਹੋਣ ਬਾਰੇ ਲਿਖਣਾ ਇਤਿਹਾਸਕ ਘਟਨਾਵਾਂ ਦੇ ਦੁਹਾਰਾਅ ਵਾਲੀ ਗੱਲ ਹੋਵੇਗੀ।
ਸੰਪਰਕ: 98157-78469

