DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੋਆ ਪਲਾਜ਼ਾ ਹੈ ਨਾ!

ਸੜਕ ਤਾਂ ਪਹਿਲਾਂ ਵੀ ਸੀ। ਹੁਣ ਦੇਸ਼ ਦੀ ਆਰਥਿਕਤਾ ਨੇ ਕਰਵਟ ਬਦਲੀ ਹੈ, ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਪਰ ਪਿੰਡ ਦੀ ਫਿਰਨੀ ’ਤੇ ਸੜਕ ਬਣਵਾਉਣ ਲਈ ਬਜ਼ੁਰਗਾਂ ਨੂੰ ਹੀ ਪਤੈ ਕੀ-ਕੀ ਪਾਪੜ ਵੇਲਣੇ ਪਏ ਸਨ? ਵੱਡੇ ਸਾਬ੍ਹ ਦੀਆਂ ਸੌ-ਸੌ...

  • fb
  • twitter
  • whatsapp
  • whatsapp
Advertisement
ਸੜਕ ਤਾਂ ਪਹਿਲਾਂ ਵੀ ਸੀ। ਹੁਣ ਦੇਸ਼ ਦੀ ਆਰਥਿਕਤਾ ਨੇ ਕਰਵਟ ਬਦਲੀ ਹੈ, ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ। ਪਰ ਪਿੰਡ ਦੀ ਫਿਰਨੀ ’ਤੇ ਸੜਕ ਬਣਵਾਉਣ ਲਈ ਬਜ਼ੁਰਗਾਂ ਨੂੰ ਹੀ ਪਤੈ ਕੀ-ਕੀ ਪਾਪੜ ਵੇਲਣੇ ਪਏ ਸਨ? ਵੱਡੇ ਸਾਬ੍ਹ ਦੀਆਂ ਸੌ-ਸੌ ਤਰਲੇ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਦੇ ਕੰਨ ’ਤੇ ਜੂੰ ਨਾ ਸਰਕੀ। ਇਹ ਤਾਂ ਉਦੋਂ ਕੰਨ ’ਤੇ ਖਾਰਸ਼ ਹੋਈ ਜਦੋਂ ਚੋਣਾਂ ਦਾ ਬਿਗਲ ਵੱਜਿਆ ਅਤੇ ਉਸ ਨੂੰ ਆਪਣੀ ਕੁਰਸੀ ਖਿਸਕਦੀ ਜਾਪੀ। ਉਸ ਚਮਚਿਆਂ ਨੂੰ ਐਕਟਿਵ ਕਰ ਦਿੱਤਾ, ਹਵਾ ’ਚ ਗੱਲ ਫੈਲ ਗਈ,‘‘ ਬਈ ਧਨ ਹੋ ਲੋਕੋ ਤੁਸੀਂ, ਤੁਹਾਡੇ ਲਈ ਸੜਕ ਮਨਜ਼ੂਰ ਹੋ ਗਈ ਹੈ।’’ ਥੋੜ੍ਹੇ ਚਿਰ ਬਾਅਦ ਹੀ ਲੋਕਾਂ ਦੇ ਸਾਹਮਣੇ ਕੀਤੀਆਂ ਮਿਣਤੀਆਂ-ਗਿਣਤੀਆਂ ਤੋਂ ਪਤਾ ਚੱਲਿਆ ਕਿ ਅਨੇਕਾਂ ਘਰਾਂ ਵਿੱਚ ਬਿਨਾਂ ਸ਼ਰੀਕਿਆਂ ਤੋਂ ਹੀ ਵੰਡੀਆਂ ਪੈ ਜਾਣੀਆਂ ਹਨ ਕਿਉਂਕਿ ਸੜਕ ਤਾਂ ਪਿੰਡ ਦੇ ਐਨ ਵਿਚਕਾਰੋਂ ਜਾਣੀ ਸੀ। ਨੇਤਾ ਜੀ ਨੂੰ ਹੱਥ ਜੋੜਨ ਦੀ ਲੋੜ ਹੀ ਨਹੀਂ ਪਈ, ਇਹ ਤਾਂ ਵਿਚਾਰੇ ਲੋਕ ਹਨੇਰੇ-ਸਵੇਰੇ ਚੁੱਪ-ਚੁਪੀਤੇ ਆ ਪੈਰੀਂ ਡਿੱਗੇ, ‘‘ਮਾਈ ਬਾਪ ਅਸੀਂ ਤਾਂ ਮੁੱਢੋਂ ਹੀ ਤੁਹਾਡੇ ਲਈ ਹਾਜ਼ਰ ਹਾਂ, ਹੁਣ ਵੀ ਸਾਡੀ ਤਾਂ ਇੱਕ-ਇੱਕ ਵੋਟ ਜਨਾਬ ਲਈ ਹੀ ਹੈ ਪਰ ਜਨਾਬ ਸਾਡੇ ’ਤੇ ਇਹ ਕਹਿਰ ਨਾ ਢਾਹੁਣ ਦਿਉ, ਸੜਕ ਕਰਵਾਓ ਫਿਰਨੀ ਵੱਲ ਦੀ।’’ ਉਹ ਤਾਂ ਹੋਣੀ ਹੀ ਸੀ ਅਤੇ ਹੋ ਗਈ ਪਰ ਫਿਰਨੀ ’ਤੇ ਸੜਕ ਕੱਢਣ ਦੇ ਵਿਰੁੱਧ ਵੀ ਆਵਾਜ਼ਾਂ ਉੱਠੀਆਂ, ਖ਼ਾਸ ਕਰ ਕੇ ਔਰਤਾਂ ਦੀਆਂ ਕਿਉਂਕਿ ਉਦੋਂ ਕਿਹੜਾ ਘਰਾਂ ਵਿੱਚ ਪਖਾਨੇ ਹੁੰਦੇ ਸਨ। ਉਦੋਂ ਇਨ੍ਹਾਂ ਜ਼ਨਾਨੀਆਂ ਦੀ ਸੁਣਦਾ ਵੀ ਕੌਣ ਸੀ। ਧੱਕੇ ਨਾਲ ਸੜਕ ਬਣ ਹੀ ਗਈ ਪਰ ਚੌੜੀ ਇੰਨੀ ਕੁ, ਜਿਸ ’ਤੇ ਛੋਟੇ ਗੱਡੇ ਦਾ ਪੌਣਾ ਹਿੱਸਾ ਹੀ ਆ ਸਕਦਾ ਸੀ। ਕਿਸੇ ਮਾਈ ਦੇ ਲਾਲ ਦੀ ਜੁਰੱਅਤ ਨਹੀਂ ਸੀ ਕਿ ਗੱਡੇ ਦੇ ਦੋਵਾਂ ਪਹੀਆਂ ਨੂੰ ਇਕੱਠਿਆਂ ਸੜਕ ’ਤੇ ਲਿਜਾ ਸਕੇ। ਉਦੋਂ ਲੋਕਾਂ ਲਈ ਤਾਂ ਇਹੀ ਸਬਰ ਦੀ ਗੱਲ ਸੀ ਕਿ ਸਾਡੇ ਪਿੰਡ ਕੋਲ ਦੀ ਸੜਕ ਜਾਂਦੀ ਹੈ। ਇਹ ਤਾਂ ਸਮੇਂ ਦੇ ਬਦਲਣ ਨਾਲ ਨਵੇਂ ਐੱਮ ਐੱਲ ਏ, ਐੱਮ ਪੀ ਦੀਆਂ ਗਰਜ਼ਾਂ, ਮਿਹਰਬਾਨੀਆਂ ਤੇ ਲਾਲਚਾਂ ਨੇ ਇਸ ਫਿਰਨੀ ਵਾਲੀ ਗਿੱਠ ਕੁ ਚੌੜੀ ਸੜਕ ਦੇ ਭਾਗ ਜਗਾਏ ਅਤੇ ਮਹਿੰਗਾਈ ਵਾਂਗ ਵਧਦਿਆਂ ਇਸਦਾ ਸੀਨਾ ਵੀ ਛਪੰਜਾ ਫੁੱਟ ਤੱਕ ਪਹੁੰਚ ਗਿਆ, ਭਾਵ ਫੋਰ ਲੇਨ ਹਾਈਵੇਅ ਬਣ ਗਿਆ। ਇਹ ਵੱਖਰੀ ਗੱਲ ਐ ਕਿ ਕੁਝ ਲੋਕਾਂ ਦੇ ਰੁਜ਼ਗਾਰ ਖੁੱਸ ਗਏ, ਕਈਆਂ ਲਈ ਗਲੀ-ਰੂਪੀ ਸੜਕ ਦੀਆਂ ਮੌਜਾਂ ਖੁੱਸ ਗਈਆਂ, ਕਈ ਘਰਾਂ ਦਿਆਂ ਮੂੰਹ ਮੱਥਿਆਂ ਨੇ ਨਵੇਂ ਰੰਗ ਰੂਪ ਲੈ ਲਏ।

ਹਾਈਵੇਅ ਕੀ ਬਣਿਆ ਇਸ ਨੇ ਤਾਂ ਸਪੀਡ ਨੂੰ ਵੀ ਅੱਗ ਲਾ ਦਿੱਤੀ। ਪਹਿਲਾਂ ਵਾਹਨਾਂ ਦੇ ਡਰਾਈਵਰਾਂ ਨੂੰ ਬਰੇਕਾਂ ਦੀ ‘ਏ ਟੂ ਜ਼ੈੱਡ’ ਜਾਣਕਾਰੀ ਹੁੰਦੀ ਸੀ, ਹੁਣ ਉਨ੍ਹਾਂ ਨੂੰ ਕਿਹੜਾ ਜਾਣਕਾਰੀ ਦੀ ਲੋੜ ਸੀ, ਬਰੇਕ ਤਾਂ ਲਾਉਣੀ ਹੀ ਨਹੀਂ ਸੀ। ਹਾਈਵੇਅ ਉਪਰ ਅਣਗਿਣਤ ਵਾਹਨਾਂ ਦੀ ਭੱਜ-ਭਜਾਈ ਨੇ ਹਾਈਵੇਅ ਨੂੰ ਵਖ਼ਤ ਪਾ ਛੱਡਿਆ। ਸੜਕ ਵਿਚਾਰੀ ਕੀ ਕਰੇ, ਬਣਾਈ ਤਾਂ ਠੇਕੇਦਾਰਾਂ ਨੇ ਅਫਸਰਾਂ ਦੀ ਸੁਵੱਲੀ ਨਜ਼ਰ ਨਾਲ ਸੀ। ਜ਼ਖ਼ਮ ਤਾਂ ਹੋਣੇ ਹੀ ਸਨ, ਹੋ ਗਏ। ਆਮ ਭਾਸ਼ਾ ’ਚ ਕਹਿ ਲਈਏ, ਟੋਏ-ਟੋਏ ਹੋ ਗਈ। ਭੱਜੇ ਆਉਂਦੇ ਵਾਹਨ ਨੂੰ ਟੋਏ ਨੇ ਆਪਣੇ ਵੱਲ ਖਿੱਚ ਲੈਣਾ ਕੁਦਰਤੀ ਹੈ, ਧਮਾਕਾ ਵੀ ਹੋਣਾ ਸੀ, ਧਮਾਕਾ ਹੁੰਦਾ ਅਤੇ ਪਿੰਡ ਦੇ ਲੋਕਾਂ ਦੀ ਨੀਂਦ ਵੀ ਹਰਾਮ ਹੋਣੀ ਸੀ। ਵਿਚਾਰੇ ਜ਼ਖ਼ਮੀਆਂ ਨੂੰ ਸੰਭਾਲਣ ਲੱਗੇ ਰਹਿੰਦੇ। ਪੰਚਾਇਤ ਨੇ ਫ਼ੈਸਲਾ ਕੀਤਾ ਬਈ ਚਲੋ ਮਨਿਸਟਰ ਸਾਬ੍ਹ ਦੀ ਨੀਂਦ ਵੀ ਉਡਾ ਕੇ ਆਈਏ।

Advertisement

ਜੱਗੋਂ ਤੇਰ੍ਹਵੀਂ ਹੋ ਗਈ- ਅੱਜ ਤਾਂ। ਚਿਹਰੇ ’ਤੇ ਮੁਸਕਰਾਹਟ ਬਿਖੇਰੀਂ ਮਨਿਸਟਰ ਸਾਬ੍ਹ ਲੋਕਾਂ ਨੂੰ ਉੱਡ ਕੇ ਮਿਲੇ। ਕਈਆਂ ਦਾ ਅੰਦਾਜ਼ਾ ਸੀ ਕਿ ਦਿੱਲੀ ਤੋਂ ਸੁਨੇਹਾ ਆ ਗਿਆ ਹੋਣੈ- ਚੋਣਾਂ ਦੇ ਬਿਗਲ ਵੱਜ ਜਾਣ ਦਾ। ਉਂਝ ਪਿਛਲੇ ਪੰਜ ਕੁ ਸਾਲਾਂ ’ਚ ਇਨ੍ਹਾਂ ਨੂੰ ਮਿਲਣ ਲਈ ਲਾਏ ਗੇੜਿਆਂ ਦਾ ਜੇ ਹਿਸਾਬ ਕਰੀਏ ਤਾਂ ਅਮਰੀਕਾ ਆਉਣ-ਜਾਣ ਦਾ ਚੱਕਰ ਬਣ ਜਾਂਦੈ। ਲੱਖਾਂ ਮਣ ਸਮੇਂ ਦੀ ਆਹੂਤੀ ਪਾਉਣੀ ਪਈ, ਉਹ ਵੱਖਰੀ।

Advertisement

ਅੱਜ ਤਾਂ ਚਾਹ ਪਾਣੀ ਵੀ ਸ਼ਿਸ਼ਟਾਚਾਰ ਤੌਰ ’ਤੇ ਪੁੱਛਿਆ ਗਿਆ। ਸ਼ੁਕਰ ਸੀ ਕਿ ਮਿਲਣ ਵਾਲਿਆਂ ਵਿੱਚ ਕੋਈ ਢੀਠ ਮਾਈ ਦਾ ਲਾਲ ਨਹੀਂ ਸੀ, ਇਸ ਲਈ ਰਸੋਈਏ ਦੇ ਹੱਥੇ ਫੜਿਆ ਲਾਈਟਰ ਅੱਗ ਲਾਉਣੋਂ ਬਚ ਗਿਆ- ਚੁੱਲ੍ਹੇ ਨੂੰ। ਠਾਹ ਸੋਟਾ ਮਾਰਦਿਆਂ ਕਈ ਜਣਿਆਂ ਇਕੋ ਸਾਹ ਕਿਹਾ,‘‘ਜਨਾਬ ਸੜਕ ਦਾ ਕਰੋ ਕੁਝ, ਟੋਏ-ਟੋਏ ਹੋਈ ਪਈ ਹੈ, ਰੋਜ਼ ਐਕਸੀਡੈਂਟ ਅਖ਼ਬਾਰਾਂ ਦੀ ਸੁਰਖੀ ਬਣ ਰਹੇ ਹਨ।’’ ਸਾਰਿਆਂ ਦੀ ਇਕੱਠੀ ਆਵਾਜ਼ ਦੇ ਰੌਲੇ-ਰੱਪੇ ’ਚੋਂ ਇੰਨਾ ਕੁ ਤਾਂ ਸਾਬ੍ਹ ਨੂੰ ਪਤਾ ਲੱਗ ਗਿਆ ਕਿ ਹਾਈਵੇਅ ਦੇ ਜ਼ਖ਼ਮਾਂ ਦੀ ਗੱਲ ਕਰ ਰਹੇ ਹਨ। ਸਾਬ੍ਹ ਝੱਟ ਹੀ ਆਪਣੇ ਪੀ ਏ ਨੂੰ ਸੰਬੋਧਿਤ ਹੋਏ, ‘‘ਹਾਂ ਬਈ... ਟੌਲ ਪਲਾਜ਼ਾ ਹੈ ਨ੍ਹੀਂ ਉਥੇ?’’

‘‘ਮਹਾਰਾਜ ਜੀ ਉਥੇ ਤਾਂ ਟੌਲ ਪਲਾਜ਼ਾ ਹਾਈਵੇਅ ਦੇ ਚੱਲਣ ਤੋਂ ਪਹਿਲਾਂ ਹੀ ਚੱਲ ਪਿਆ ਸੀ।’’ ਇਸ ਤੋਂ ਪਹਿਲਾਂ ਕਿ ਦੋਵੇਂ ਕੋਈ ਹੋਰ ਸੰਵਾਦ ਕਰਦੇ, ਇਕੱਠ ਨਾਲ ਆਇਆ ਇੱਕ ਤਾਜ਼ਾ-ਤਾਜ਼ਾ ਬਣਿਆ ਨੇਤਾ ਬੋਲ ਪਿਆ, ‘‘ਅਸੀਂ ਤਾਂ ਜੀ ਟੌਲ ਪਲਾਜ਼ੇ ਵਾਲਿਆਂ ਨੂੰ ਵੀ ਕਿਹਾ ਸੀ ਪਰ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਉਨ੍ਹਾਂ ਨੇ ਤਾਂ ਗੱਲ ਘਾਊਂ-ਮਾਊਂ ਹੀ ਕਰਤੀ ਕਿ ਅਸੀਂ ਪਹਿਲਾਂ ਸਾਬ੍ਹ ਦੀ ਹਾਜ਼ਰੀ ਭਰਨੀ ਹੈ, ਫੇਰ ਵੇਂਹਦੇ ਹਾਂ।’’

‘‘ਅੱਛਾ..! ਉਨ੍ਹਾਂ ਇਹ ਕਿਹਾ!’’ ਲੋਕਾਂ ਨੂੰ ਤਾਂ ਸੀ ਕਿ ਸਾਬ੍ਹ ਦਾ ਗੁੱਸਾ ਸਿਰ ਚੜ੍ਹ ਕੇ ਬੋਲੇਗਾ ਪਰ ਉਹ ਤਾਂ ਹੱਸਦਿਆਂ ਹੀ ਫਿਰ ਪੀ ਏ ਨੂੰ ਕਹਿਣ ਲੱਗੇ, ‘‘ਹਾਂ ਬਈ... ਉਹ ਹਾਜ਼ਰੀ ਭਰ ਗਏ ਕਿ ਨਹੀਂ?’’ ‘‘ਹਾਂ ਜਨਾਬ!’’ ‘‘ਹਾਂ ਬਈ... ਦੇਖਿਆ ਤੁਸੀਂ! ਉਹ ਤਾਂ ਗਰੇਟ ਨੇ ਗਰੇਟ। ਤੁਹਾਡੇ ਪਿੰਡ ਦੇ ਭਾਗ ਚੰਗੇ ਨੇ। ਮੈਂ ਐਵੇਂ ਨਹੀਂ ਕਹਿੰਦਾ ਕਿ ਟੌਲ ਪਲਾਜ਼ਾ ਹੈ ਨਾ! ਬਾਕੀ ਰਹੀ ਗੱਲ ਟੋਇਆਂ ਦੀ! ਇਨ੍ਹਾਂ ਬਾਰੇ ਤੁਸੀਂ ਭੋਰਾ ਵੀ ਚਿੰਤਾ ਨਾ ਕਰੋ। ਸਾਡੇ ਦੇਸ਼ ਦੇ ਸਿਰਕੱਢ ਅਰਥਸ਼ਾਸ਼ਤਰੀਆਂ ਨੇ ਇਸ਼ਾਰਾ ਕੀਤਾ ਹੈ ਕਿ ਸੜਕ ਵਿੱਚ ਪਿਆ ਕੋਈ ਵੀ ਟੋਆ ਦੇਸ਼ ਦੀ ਆਰਥਿਕਤਾ- ਸਪੀਡ ਲਈ ਪ੍ਰੇਰਕ ਦਾ ਕੰਮ ਕਰਦਾ ਹੈ। ਅਸੀਂ ਇਹਦੇ ਉਪਰ ਡੂੰਘੀ-ਸਟੱਡੀ ਕਰਵਾਉਣ ਜਾ ਰਹੇ ਹਾਂ, ਉਹ ਵੀ ਚੋਣਾਂ ਤੋਂ ਪਹਿਲਾਂ। ਜੇ ਇਸ ਵਾਰ ਤੁਸੀਂ ਸਾਨੂੰ ਜਿੱਤਣ ਦਾ ਮੌਕਾ ਦੇ ਦਿੱਤਾ ਤਾਂ ਅਸੀਂ ਸੜਕਾਂ ਵਿਚਲੇ ਟੋਏ ਅਤੇ ਖੱਡਿਆਂ ਨੂੰ ਸਰਕਾਰੀ\B ਸਮਿਤੀ \Bਐਲਾਨਣ ਵਾਲਾ ਬਿੱਲ ਪਾਸ ਕਰਵਾਵਾਂਗੇ।’’

‘‘ਹਾਂ ਪੀ ਏ ਸਾਬ੍ਹ ਇਹ ਸਾਰੇ ਲੋਕ ਸਾਡੇ ਲਈ ਤਾਂ ਹੀਰੇ ਹਨ, ਇਨ੍ਹਾਂ ਦੇ ਮਨ ਵਿੱਚ ਸ਼ੱਕ ਨਾ ਰਹਿ ਜਾਵੇ ਕਿ ਅਸੀਂ ਝੂਠ ਬੋਲ ਰਹੇ ਹਾਂ। ਔਹ ਪਰਸੋਂ ਜਿਹੜੇ ਯੂਨੀਵਰਸਿਟੀ ਦੇ ਨੌਜਵਾਨ ਆਏ ਸਨ ਤੇ ਕਹਿ ਰਹੇ ਸਨ ਕਿ ਸਾਡੇ ਕੋਲ

ਰਿਸਰਚ ਲਈ ਕੋਈ ਪ੍ਰਾਜੈਕਟ ਨਹੀਂ ਹੈ, ਲਾਓ ਉਨ੍ਹਾਂ ਨੂੰ ਆਹਰੇ, ਦਿਓ ਰਿਸਰਚ ਦਾ ਕੰਮ। ਇਨ੍ਹਾਂ ਟੋਇਆਂ ਦੇ ਦੂਰਗਾਮੀ ਪ੍ਰਭਾਵਾਂ ਦਾ ਅਧਿਐਨ ਕਰ ਕੇ ਰਿਪੋਰਟ ਦੇਣ ਅਤੇ ਹਾਂ ਉਹ ਬੀਬਾ ਜਿਹੜੀ ਉਲਾਂਭੇ ਜਿਹੇ ਦਿੰਦੀ ਸੀ ਕਿ ਤੁਸੀਂ ਆਪਣੇ ਚਰਨ ਮੇਰੀ ਕੁਟੀਆਂ ’ਚ ਕਿਉਂ ਨਹੀਂ ਪਾਉਂਦੇ, ਨੂੰ ਵੀ ਅਮਰੀਕਾ ਭੇਜਣ ਦਾ ਇੰਤਜ਼ਾਮ ਕਰੋ ਤਾਂ ਕਿ ਉਹ ਉਥੇ ਜਾ ਕੇ ‘ਟੋਇਆਂ ਦੀ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਮਹੱਤਤਾ’ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕਰ ਕੇ ਲਿਆਵੇ ਅਤੇ ਨਾਲ ਹੀ ਯੂਨੀਵਰਸਿਟੀ ਦੇ ਹੈੱਡ ਦੀ ਮਿਸਿਜ਼ ਨੂੰ ਵੀ ਭੇਜੋ, ਉਹ ਵੀ ਮੂੰਹ ਵਿੰਗਾ ਕਰੀ ਫਿਰਦੀ ਹੈ, ਫਿਰ ਵੀ ਇੱਕ, ਇੱਕ ਹੀ ਹੁੰਦੈ। ਇੱਕ ਤੇ ਇੱਕ ਗਿਆਰਾਂ, ਵਧੀਆ ਰਹਿੰਦੈ। ਖਿਆਲ ਰੱਖਿਓ ਦੋਵੇਂ ਹੀ ਬੜੀਆਂ ਭੋਲੀਆਂ ਹਨ, ਬੇਸ਼ੱਕ ਮੇਰੀ ਟਿਕਟ ਵੀ ਨਾਲ ਹੀ ਬੁੱਕ ਕਰਵਾ ਦਿਓ। ਵੀਜ਼ਾ ਮੇਰੇ ਕੋਲ ਤਾਂ ਹੈ ਹੀ। ਉਨ੍ਹਾਂ ਨੂੰ ਤਾੜਨਾ ਵੀ ਕਰ ਦੇਣੀ ਕਿ ਰਿਪੋਰਟ ਜਲਦੀ ਤੋਂ ਜਲਦੀ ਮਿਲ ਜਾਣੀ ਚਾਹੀਦੀ ਹੈ।

‘‘ਫਿਰ ਸਰ, ਇਨ੍ਹਾਂ ਟੋਇਆਂ ਨੂੰ ਭਰਨ ਲਈ ਦਿਓ ਕੋਈ ਹੁਕਮ ਟੌਲ ਪਲਾਜ਼ੇ ਵਾਲਿਆਂ ਨੂੰ।’’ ‘‘ਮੇਰੀ ਮੰਨੋ, ਤੁਸੀਂ ਹੁਣ ਕਾਹਲੀ ਨਾ ਕਰੋ, ਆ ਜਾਣ ਦਿਓ ਰਿਪੋਰਟ, ਇਸ ਹਾਈਵੇਅ ਨੂੰ ਤਾਂ ਮੈਂ ਸਵਰਗਾਂ ਨੂੰ ਜਾਣ ਦਾ ਰਾਹ ਬਣਵਾ ਕੇ ਛੱਡਾਂਗਾ ਅਤੇ ਦੇਖਿਓ ਥੋਡੇ ਸਭ ਦੇ ਵਾਰੇ ਨਿਆਰੇ ਕਰ ਦੇਵਾਂਗੇ।’’ ‘‘ਮਹਾਰਾਜ ਰਹਿਣ ਦਿਓ। ਪਹਿਲਾਂ ਹੀ ਤੁਸੀਂ ਵਾਰੇ ਨਿਆਰੇ ਕਰਵਾ ਛੱਡੇ ਨੇ ਪਿੰਡਾਂ ਦੇ ਪਿੰਡਾਂ ਦੀਆਂ ਅੱਧੀਆਂ ਜ਼ਮੀਨਾਂ ਤਾਂ ਭਾਰਤ ਮਾਲਾ ਹਾਈਵੇਅਜ਼ ਨੇ ਲਪੇਟ ਲਈਆਂ ਨੇ- ਵਾਰੇ ਨਿਆਰੇ ਤਾਂ ਕੀ? ਹਾੜ੍ਹੇ-ਹਾੜ੍ਹੇ ਕਰ ਛੱਡੇ ਹਾਂ।’’

ਸਾਬ੍ਹ ਨੂੰ ਭੋਰਾ ਭਰ ਗੁੱਸਾ ਨਹੀਂ ਆਇਆ, ਹੱਸਦਿਆਂ ਬੋਲੇ, ‘‘ਨਹੀਂ ਯਾਰ... ਇੰਝ ਨਾ ਕਹੋ, ਵਪਾਰੀ ਮਨ ਨਾਲ ਸੋਚੋ, ਜਿਹੜੀ ਜ਼ਮੀਨ ਪਹਿਲਾਂ ਕਿੱਲਿਆਂ ਦੇ ਭਾਅ ਵਿਕਦੀ ਸੀ ਹੁਣ ਫੁੱਟਾਂ ਦੇ ਭਾਅ ਵਿਕਦੀ ਹੈ ਕਿ ਨਹੀਂ? ਕਹਿਣ ਨੂੰ ਭਾਵੇਂ ਕੁਝ ਵੀ ਕਹੋ ਪਰ ਸੱਚ ਤਾਂ ਇਹ ਹੈ ਤੁਹਾਡੀਆਂ ਜੇਬਾਂ ਅਤੇ ਤੁਹਾਡੇ ਬੈਂਕ ਖਾਤੇ ਹੁਣ ਹਜ਼ਾਰਾਂ-ਲੱਖਾਂ ਦੀ ਗਿਣਤੀ ਨੂੰ ਟਿੱਚ ਸਮਝਦੇ ਨੇ, ਕਰੋੜਾਂ ਅਰਬਾਂ ਦੀ ਗਿਣਤੀਆਂ ਨਾਲ ਹੀ ਮੋਹ ਰੱਖਦੇ ਨੇ।’’

ਨੇਤਾ ਜੀ ਕੁਝ ਹੋਰ ਵੀ ਫ਼ਰਮਾਉਂਦੇ, ਪਹਿਲਾਂ ਹੀ ਮੋਬਾਈਲ ਵੱਜ ਗਿਆ, ‘‘ਕਿਉਂ ਯਾਰ ਅੱਗ ਮਚਾਈ ਐ? ਬੱਸ ਪਹੁੰਚਿਆ ਹੀ ਸਮਝੋ।’’

ਮਿਲਣ ਆਏ ਲੋਕਾਂ ਨੂੰ ਮੁਖ਼ਾਤਿਬ ਹੋਏ, ‘‘ਗੁੱਸਾ ਨਾ ਕਰਿਓ, ਮੈਨੂੰ ਉੱਚ ਪੱਧਰੀ ਮੀਟਿੰਗ ਵਿੱਚ ਜਾਣਾ ਪੈ ਗਿਆ, ਤੁਸੀਂ ਲੰਗਰ ਪਾਣੀ ਛਕੋ, ਆਹ ਟੋਇਆਂ ਦਾ ਫਿਕਰ ਨਾ ਕਰਿਓ। ਆਪਣੇ ਲਈ ਵਰਦਾਨ ਹੀ ਸਾਬਤ ਹੋਣਗੇ।’

ਰਿਪੋਰਟ ਆਉਣ ਵਾਲੀ ਤਾਂ ਕਮਾਲ ਹੀ ਹੋ ਗਈ। ਪੰਦਰਾਂ ਦਿਨਾਂ ਵਿੱਚ ਹੀ ਨੌਜਵਾਨ-ਵਿਦਵਾਨਾਂ, ਬੀਬੀ ਜੀ ਅਤੇ ਸ੍ਰੀਮਤੀ ਜੀ ਨੇ ਸਰਕਾਰ ਕੋਲ ਪੇਸ਼ ਕਰ ਦਿੱਤੀ ਜਿਸ ਦਾ ਸਾਰ ਸੀ: ਪਹਿਲੀ ਗੱਲ ਤਾਂ ਟੋਏ ਨੂੰ ਟੋਆ ਕਹਿਣਾ ਕੋਈ ਸੱਭਿਅਕ ਗੱਲ ਨਹੀਂ, ਇਹ ਸਰਾਸਰ ਬੇਇਨਸਾਫੀ ਹੈ, ਉਹ ਕੋਈ ਵਾਧੂ ਚੀਜ਼ ਨਹੀਂ, ਅਸੀਂ ਉਸ ਨੂੰ ਹੋਲ ਵੀ ਕਹਿ ਸਕਦੇ ਹਾਂ। ਉਂਝ ਵੀ ਬ੍ਰਹਿਮੰਡ ਵਿਚਲੇ ਕਾਲੇ-ਟੋਇਆਂ ਨੂੰ ਅਸੀਂ ਬਲੈਕ-ਹੋਲ ਕਹਿੰਦੇ ਹਾਂ, ਇਨ੍ਹਾਂ ਨੂੰ ਹੋਲ ਤਾਂ ਕਹਿਣਾ ਬਣਦਾ ਹੈ। ਨਾਲੇ ਉਨ੍ਹਾਂ ਨਾਲੋਂ ਇਹ ਮਾਨਵ ਦੇ ਪੱਖ ’ਚ ਹਜ਼ਾਰਾਂ ਗੁਣਾ ਵੱਧ ਹਨ। ਉਨ੍ਹਾਂ ਵਿੱਚ ਤਾਂ ਜੇ ਕੋਈ ਚੀਜ਼ ਜਾ ਵੜਦੀ ਹੈ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਦਾ, ਪਰ ਇੱਥੇ ਅਜਿਹਾ ਨਹੀਂ, ਇਹ ਟੋਏ ਵਿਚਾਰੇ ਕੁਝ ਵੀ ਲੁਕੋ ਕੇ ਨਹੀਂ ਰੱਖਦੇ।

ਨਾਲੇ ਇਹਦੀ ਸ਼ਕਲ ’ਤੇ ਨਾ ਜਾਓ, ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਦੇ ਕਹਿਣ ਵਾਂਗੂੰ ਸੋਹਣੇ-ਸੁਨੱਖੇ ਸਾਰੇ ਦੇ ਸਾਰੇ ਚੰਗੇ ਨਹੀਂ ਹੁੰਦੇ। ਸ਼ਕਲੋਂ ਬੇਢੱਬਾ ਹੁੰਦਿਆਂ ਵੀ ਇਹ ਗੁਣਾਂ ਦੀ ਖਾਣ ਹੈ। ਸੰਸਾਰ ਸਾਰਾ ਹੀ ਟੋਇਆਂ ਨਾਲ ਭਰਿਆ ਪਿਆ ਹੈ, ਕੁਝ ਲੋਕ ਤਾਂ ਢਿੱਡ ਨੂੰ ਵੀ ਟੋਆ ਕਹਿ ਕੇ ਸੰਬੋਧਨ ਹੁੰਦੇ ਹਨ। ਇਨ੍ਹਾਂ ਬਿਨਾਂ ਸਰਦਾ ਵੀ ਨਹੀਂ। ਵਿਗਿਆਨੀਆਂ ਨੇ ਤਾਂ ਇੱਥੋਂ ਤੱਕ ਲੱਭਿਆ ਹੈ ਕਿ ਚੰਦ-ਮੰਗਲ ਗ੍ਰਹਿ ਵੀ ਟੋਇਆਂ ਤੋਂ ਸੱਖਣੇ ਨਹੀਂ। ਨਾਲ ਹੀ ਅੰਗਰੇਜ਼ੀ ਦਾ ਯੁੱਗ ਹੈ, ਇਸ ਲਈ ਟੋਆ ਕਹਿਣ ਦੀ ਥਾਂ ਹੋਲ ਕਹਿ ਲਿਆ ਜਾਵੇ ਤਾਂ ਰੋਅਬ ਜਿਹਾ ਪਵੇਗਾ।

ਸਾਡੀ ਜਨਤਾ-ਜਨਾਰਦਨ ਦੀ ਸਿਫ਼ਤ ਹੈ ਕਿ ਅਸੀਂ ਨਕਾਰਾਤਮਕ ਪ੍ਰਭਾਵਾਂ ਨੂੰ ਬਹੁਤ ਛੇਤੀ ਵਿਸਾਰ ਦਿੰਦੇ ਹਾਂ ਜਿਵੇਂ ਹੁਣ ਰਿਸ਼ਵਤ, ਕਮਿਸ਼ਨ, ਗੁੰਡਾਗਰਦੀ, ਲੁੱਟ-ਖਸੁੱਟ ਆਦਿ ਹੁਣ ਸਾਨੂੰ ਭੈੜੇ ਨਹੀਂ ਲੱਗਦੇ। ਇਸ ਲਈ ਸਾਨੂੰ ਵੀ ਇਨ੍ਹਾਂ ਦੇ ਸਕਾਰਾਤਮਕ ਗੁਣਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿਉਂਕਿ ਉਮੀਦ ’ਤੇ ਹੀ ਦੁਨੀਆ ਕਾਇਮ ਹੈ। ਵਿਗਿਆਨੀ ਲੱਖ ਤਰਕ ਦੇਈ ਜਾਣ, ਲੋਕਾਂ ਨੂੰ ਸੌ ਫ਼ੀਸਦੀ ਯਕੀਨ ਹੈ ਕਿ ਸਾਡੇ ਲੱਖਾਂ ਕਰੋੜਾਂ ਧਰਮੀ ਬਾਬੇ ਆਉਣ ਵਾਲੇ ਸਮੇਂ ਵਿੱਚ ਕੋਈ ਮੰਤਰ ਲੱਭ ਲੈਣਗੇ ਜੀਹਦੇ ਸਹਾਰੇ ਬਲੈਕ ਹੋਲ ’ਚ ਗਾਇਬ ਵਸਤਾਂ ਵਾਪਸ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਵੈਸੇ, ਬਲੈਕ ਹੋਲਾਂ ਵਾਂਗ ਹੀ ਸਾਡੇ ਨੇਤਾ, ਅਫਸਰ, ਸੰਤ, ਵਸਤਾਂ ਨੂੰ ਗਾਇਬ ਕਰਨ ਦੀ ਸਮੱਰਥਾ ਰੱਖਦੇ ਹਨ। ਟੋਆ ਹਰ ਇੱਕ ਨੂੰ ਕੁਝ ਨਾ ਕੁਝ ਦੇਣ ਵਾਲਾ ਜਾਂ ਕੁਝ ਖੱਟਣ ਲਈ ਰਾਹ ਬਣਾਉਣ ਵਾਲਾ ਹੁੰਦਾ ਹੈ। ਜੇ ਕੋਈ ਛੋਟਾ ਵਾਹਨ ਸਕੂਟਰ ਸਾਈਕਲ ਟੋਏ ਨੂੰ ਜੱਫੀ ਪਾਵੇਗਾ, ਕੁਦਰਤੀ ਹੈ ਆਪਣਾ ਕੋਈ ਨਾ ਕੋਈ ਫਰੈਕਚਰ ਕਰਵਾ ਬੈਠੇਗਾ, ਤਾਂ ਸਾਈਕਲ, ਸਕੂਟਰ, ਛੋਟੀਆਂ ਕਾਰਾਂ ਦੇ ਮਕੈਨਿਕਾਂ ਦਾ ਬਿਜ਼ਨੈਸ ਚੱਲੇਗਾ ਹੀ ਨਹੀਂ, ਦੌੜੇਗਾ। ਸਪੇਅਰਪਾਰਟਸ ਵੇਚਣ ਵਾਲਿਆਂ ਦੇ ਨਫੇ ਤਾਂ ਮਲਟੀਪਲਾਈ ਹੁੰਦੇ ਜਾਣਗੇ। ਉਧਰ ਸ਼ਾਹੀ ਮਹਿਲਾਂ ਵਰਗੇ ਬਣੇ ਹਸਪਤਾਲਾਂ ਦੇ ਕਰਜ਼ ਦੀਆਂ ਕਿਸ਼ਤਾਂ ਸੌਖੀਆਂ ਮੁੜਦੀਆਂ ਰਹਿਣਗੀਆਂ।

ਇਸੇ ਤਰ੍ਹਾਂ ਦੈਂਤ ਆਕਾਰ ਵਾਹਨ ਛੋਟੇ ਮੋਟੇ-ਟੋਇਆਂ ਨੂੰ ਇੱਕ ਵਾਰ ਤਾਂ ਦਰੜ ਕੇ ਲੰਘ ਜਾਣਗੇ ਪਰ ਟੋਏ-ਟੋਏ ਮਿਲ ਕੇ ਮੌਕਾ ਮਿਲਦਿਆਂ ਉਸ ਨੂੰ ਪੁੱਠਾ ਨਾ ਕਰਨਗੇ ਤਾਂ ‘ਟਾਵਰ ਆਫ ਪੀਸਾ’ ਵਾਂਗ ਟੇਢਾ ਜ਼ਰੂਰ ਕਰ ਦੇਣਗੇ। ਆਪਾਂ ਨੂੰ ਪਤੈ ਪਿੰਡਾਂ ਵਿੱਚ ਖਾਲਾਂ, ਫਿਰਨੀਆਂ ’ਚ ਫਸੇ ਗੱਡੇ ਜਾਂ ਸਾਬਣਦਾਨੀ ਕਾਰਾਂ ਨੂੰ ਤਾਂ ਲੋਕ ਰਲ ਕੇ ਸਿੱਧਾ ਕਰ ਲੈਂਦੇ ਨੇ ਪਰ ਇੱਥੇ ਫਹੁ ਕਰੇਨਾਂ ਦਾ ਹੀ ਪੈਣਾ ਹੈ। ਹੋਈ ਨਾ ਫਿਰ ਕਰੇਨਾਂ ਵਾਲਿਆਂ ਦੀ ਜੇਬ ਭਾਰੀ।

ਟੋਇਆਂ ਕਰ ਕੇ ਹੀ ਡਰਾਈਵਰ ਦੇ ਯਾਦ ਰਹਿੰਦੈ ਕਿ ਮੇਰੇ ਵਾਹਨ ਵਿੱਚ ਬਰੇਕ ਵੀ ਹੈਗੇ ਨੇ। ਅੰਨ੍ਹੇਵਾਹ ਭਜਾਉਣ ਤੋਂ ਪ੍ਰਹੇਜ਼ ਕਰੇਗਾ। ਰਾਹ ਜਾਂਦੇ ਲੋਕਾਂ ਦੀ ਫਿਰ ਹੋਈ ਨਾ ਬੱਚਤ। ਪਾਣੀ ਨਾਲ ਭਰੇ ਟੋਏ ਵਿੱਚ ਚਿੱਕੜ ਬਣੇਗਾ ਹੀ, ਚਿੱਕੜ ਬਣੇਗਾ ਤਾਂ ਛਲਕੇਗਾ ਵੀ, ਤੇ ਜੇ ਛਲਕੇਗਾ ਕੁਦਰਤੀ ਹੈ ਕਿਸੇ ਉਤੇ ਵਰ੍ਹੇਗਾ ਵੀ। ਕੱਪੜੇ ਖ਼ਰਾਬ ਤਾਂ ਹੋਣਗੇ, ਫਿਰ ਨਵੇਂ ਕੱਪੜੇ ਸਿਲਾਉਣੇ ਪੈਣਗੇ, ਸੋਚੋ ਜ਼ਰਾ... ਦਰਜੀ, ਕੱਪੜਾ ਵਪਾਰੀ ਆਦਿ ਕਿੰਨੇ ਲੋਕਾਂ ਦਾ ਤੋਰੀ ਫੁਲਕਾ ਚੱਲੇਗਾ। ਸੱਭ ਤੋਂ ਵੱਡਾ ਅਤੇ ਮਲਟੀ ਸਾਈਡਡ ਫਾਇਦਾ ਠੇਕੇਦਾਰਾਂ ਨੂੰ ਹੋਵੇਗਾ ਕਿਉਂਕਿ ਸੜਕ ਟੁੱਟੇਗੀ ਤਾਂ ਹੀ ਨਵੇਂ ਟੈਂਡਰ ਪਾਸ ਹੋਣਗੇ, ਬਜਟ ਬਣਨਗੇ, ਹਜ਼ਾਰਾਂ ਲੋਕਾਂ ਦੇ ਕਮਿਸ਼ਨ ਤੈਅ ਹੋਣਗੇ। ਫਿਰ ਦੁਬਾਰਾ ਸੜਕ ਬਣਦਿਆਂ ਤੱਕ ਅਨੇਕਾਂ ਹਿਲਜੁੱਲਾਂ ਹੋਣਗੀਆਂ, ਬਈ ਜਦੋਂ ਇੰਨੀ ਹਿਲਜੁੱਲ ਹੋਵੇਗੀ ਤਾਂ ਦੇਸ਼ ਦੀ ਆਰਥਿਕਤਾ ਪੱਬਾਂ ਭਾਰ ਹੋ ਕੇ ਟਪੂਸੀਆਂ ਮਾਰ ਕੇ ਦੌੜੇਗੀ। ਫਿਰ ਅਸੀਂ ਟਰੰਪ ਨੂੰ ਵੀ ਲਲਕਾਰ ਸਕਦੇ ਹਾਂ, ‘ਕਰ ਲੈ ਆਪਣਾ ਜੀਅ ਖੁਸ਼ ਟਰੰਪਾ, ਲਾ ਲੈ ਬੰਦਿਸ਼ਾਂ ਜਿੰਨੀਆਂ ਮਰਜ਼ੀ, ਅਸੀਂ ਵੀ ਟੋਏ ਪਾਲ ਲਏ ਹਨ, ਤੈਨੂੰ ਖੁੱਡੇ ਲਾਈਨ ਲਾ ਕੇ ਛੱਡਣਗੇ।’

ਕਈ ਮਹਿਕਮਿਆਂ ਦੇ ਵਜੂਦ ਨੂੰ ਕਾਇਮ ਰੱਖਣ ਲਈ ਜਿਵੇਂ ਮਹਿਕਮਾ-ਏ-ਹਸਪਤਾਲ, ਮਹਿਕਮਾ-ਏ-ਸੁਰੱਖਿਆ, ਨਿਆਂਪਾਲਿਕਾ ਦਾ ਅਤੇ ਕਈ ਹੋਰਾਂ ਲਈ ਟੋਇਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਦੇਖੋ ਜੇ ਟੋਆ ਹੋਵੇਗਾ, ਚਿੱਕੜ ਭਰੇਗਾ, ਉਛਲੇਗਾ, ਕਿਸੇ ਰਾਹ ਜਾਂਦੀ ਜਾਂ ਜਾਂਦੇ ’ਤੇ ਪਵੇਗਾ ਫਿਰ ਗਾਲੀ-ਗਲੋਚ ਤੋਂ ਗੱਲ ਸ਼ੁਰੂ ਹੋ ਕੇ ਮਾਰ-ਕੁਟਾਈ ਤੱਕ ਜਾਵੇਗੀ। ਕੋਈ ਵੱਡੀ ਗੱਲ ਨਹੀਂ, ਜਾਤੀਵਾਦੀ ਦੰਗੇ ਵੀ ਹੋ ਸਕਦੇ ਨੇ। ਡਾਗਾਂ, ਕ੍ਰਿਪਾਨਾਂ, ਤ੍ਰਿਸ਼ੂਲਾਂ, ਰਫ਼ਲਾਂ ਤੱਕ ਲੰਗੋਟੇ ਕੱਸੇ ਜਾ ਸਕਦੇ ਹਨ। ਫਿਰ ਹੀ ਉਪਰੋਕਤ ਮਹਿਕਮਿਆਂ ਦੀ ਮਹੱਤਤਾ ਵਧੇਗੀ।

ਨੇਤਾ ਜੀ ਦੇ ਮਨ ਵਿੱਚ ਵੜਿਆ ਹਾਰ ਦਾ ਡਰ, ਰਿਪੋਰਟਾਂ ਪੜ੍ਹ ਕੇ ਰਫੂ ਚੱਕਰ ਹੋ ਗਿਆ। ਵਿੰਗਾ ਟੇਢਾ ਟੋਆ ਜਿਹੜਾ ਪਹਿਲਾਂ ਬਲੈਕ ਹੋਲ ਲੱਗ ਰਿਹਾ ਸੀ ਹੁਣ ਕੁਰਸੀ ਭਵਸਾਗਰ ਪਾਰ ਕਰਵਾਉਣ ਦੀ ਕਿਸ਼ਤੀ ਜਾਪ ਰਿਹਾ ਸੀ।

ਸੰਪਰਕ: +91 94177 53892,+1 (425) 286 0163 (ਵਟਸਐਪ)

Advertisement
×