ਭਾਰਤ ਦਾ ਪਹਿਲਾ ਸ਼ੂਟਰ ਰਾਜਾ ਰਣਧੀਰ ਸਿੰਘ
ਰਾਜਾ ਰਣਧੀਰ ਸਿੰਘ ਅੱਸੀ ਸਾਲ ਦੀ ਉਮਰੇ ਜਹਾਨ ਨੂੰ ਅਲਵਿਦਾ ਆਖ ਗਿਆ। ਉਹ ਭਾਰਤ ਦਾ ਪਹਿਲਾ ਅਜਿਹਾ ਨਿਸ਼ਾਨੇਬਾਜ਼ ਸੀ, ਜਿਸ ਨੇ 1978 ਵਿੱਚ ਬੈਂਕਾਕ ’ਚ ਹੋਈਆਂ ਏਸ਼ਿਆਈ ਖੇਡਾਂ ’ਚੋਂ ਭਾਰਤ ਲਈ ਪਹਿਲਾ ਸੋਨੇ ਦਾ ਤਗ਼ਮਾ ਜਿੱਤਿਆ। ਉਸ ਨੇ ਕੌਮੀ, ਕੌਮਾਂਤਰੀ,...
ਰਾਜਾ ਰਣਧੀਰ ਸਿੰਘ ਅੱਸੀ ਸਾਲ ਦੀ ਉਮਰੇ ਜਹਾਨ ਨੂੰ ਅਲਵਿਦਾ ਆਖ ਗਿਆ। ਉਹ ਭਾਰਤ ਦਾ ਪਹਿਲਾ ਅਜਿਹਾ ਨਿਸ਼ਾਨੇਬਾਜ਼ ਸੀ, ਜਿਸ ਨੇ 1978 ਵਿੱਚ ਬੈਂਕਾਕ ’ਚ ਹੋਈਆਂ ਏਸ਼ਿਆਈ ਖੇਡਾਂ ’ਚੋਂ ਭਾਰਤ ਲਈ ਪਹਿਲਾ ਸੋਨੇ ਦਾ ਤਗ਼ਮਾ ਜਿੱਤਿਆ। ਉਸ ਨੇ ਕੌਮੀ, ਕੌਮਾਂਤਰੀ, ਏਸ਼ਿਆਈ ਖੇਡਾਂ, ਰਾਸ਼ਟਰ ਮੰਡਲ ਤੇ ਓਲੰਪਿਕ ਖੇਡਾਂ ’ਚ ਕਈ ਵਾਰ ਹਿੱਸਾ ਲਿਆ ਅਤੇ ਨਿਸ਼ਾਨੇਬਾਜ਼ੀ ਮੁਕਾਬਲਿਆਂ ’ਚੋਂ ਨੈਸ਼ਨਲ ਤੇ ਏਸ਼ੀਆ ਪੱਧਰ ’ਤੇ ਮੈਡਲ ਜਿੱਤੇ। ਸੰਨ 1964 ਤੋਂ 1984 ਤੱਕ ਉਹ ਲਗਾਤਾਰ ਓਲੰਪਿਕ ਖੇਡਾਂ ਵਿੱਚ ਭਾਗ ਲੈਂਦਾ ਰਿਹਾ। ਓਲੰਪਿਕ ਖੇਡਾਂ ਦੀ ਸਰਬਉੱਚ ਸੰਸਥਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਰਣਧੀਰ ਸਿੰਘ ਨੂੰ ਉਸ ਦੀਆਂ ਕੌਮਾਂਤਰੀ ਖੇਡ ਸੇਵਾਵਾਂ ਸਦਕਾ ਸਿਲਵਰ ਓਲੰਪਿਕ ਆਰਡਰ ਨਾਲ ਸਨਮਾਨਿਤ ਕੀਤਾ ਸੀ। ਸੰਨ 1979 ’ਚ ਭਾਰਤ ਸਰਕਾਰ ਨੇ ਉਸ ਨੂੰ ਖੇਡਾਂ ਦਾ ਸਰਬਉੱਚ ਸਨਮਾਨ ਅਰਜਨ ਐਵਾਰਡ ਦਿੱਤਾ। ਉਸੇ ਸਾਲ ਉਸ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਦਾ ਤੋਰਾ ਹੀ ਰਣਧੀਰ ਸਿੰਘ ਨੂੰ ਐਵਾਰਡ ਦੇਣ ਤੋਂ ਤੁਰਿਆ ਸੀ। 1979 ਦੀਆਂ ਪੰਜਾਬ ਰਾਜ ਖੇਡਾਂ, ਤਤਕਾਲੀ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਸ਼ਹਿਰ ਸੰਗਰੂਰ ਵਿੱਚ ਹੋਈਆਂ ਸਨ। ਰਣਧੀਰ ਸਿੰਘ ਦਾ ਸਨਮਾਨ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਕੀਤਾ ਗਿਆ। ਉੱਥੇ ਮੈਨੂੰ ਉਸ ਨਾਲ ਪਹਿਲੀ ਵਾਰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ। ਮੈਂ ਉਸ ਨਾਲ ਇੰਟਰਵਿਊ ਕਰਨ ਲਈ ਹੀ ਢੁੱਡੀਕੇ ਤੋਂ ਸੰਗਰੂਰ ਗਿਆ। ਉਸ ਤੋਂ ਪਹਿਲਾਂ 1964 ਦੇ ਆਸ-ਪਾਸ ਮੈਂ ਉਸ ਨੂੰ ਦਿੱਲੀ ਯੂਨੀਵਰਸਿਟੀ ਵਿੱਚ ਮਿਲਿਆ ਸਾਂ। ਉਦੋਂ ਮੈਂ ਵੀ ਦਿੱਲੀ ਯੂਨੀਵਰਸਿਟੀ ਦਾ ਵਿਦਿਆਰਥੀ ਸਾਂ, ਪਰ ਸਾਡੀਆਂ ਆਪਸ ਵਿੱਚ ਗੱਲਾਂ ਬਾਤਾਂ ਨਹੀਂ ਸਨ ਹੋਈਆਂ। ਫਿਰ ਜਦੋਂ ਮੈਂ ਖੇਡਾਂ, ਖਿਡਾਰੀਆਂ ਬਾਰੇ ਲਿਖਣ ਲੱਗਾ ਤਾਂ ਉਸ ਨਾਲ ਪਹਿਲੀ ਮੁਲਾਕਾਤ ਦਾ ਮੌਕਾ ਵਾਰ ਹੀਰੋਜ਼ ਸਟੇਡੀਅਮ ਵਿੱਚ ਮਿਲਿਆ। ਉਸ ਦੇ ਪਿਤਾ ਰਾਜਾ ਭਲਿੰਦਰ ਸਿੰਘ, ਜੋ ਭਾਰਤੀ ਅਥਲੈਟਿਕਸ ਫੈਡਰੇਸ਼ਨ ਦੇ ਪ੍ਰਧਾਨ ਤੇ ਬਾਅਦ ਵਿੱਚ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਏਸ਼ੀਆ ਓਲੰਪਿਕ ਕੌਂਸਲ ਦੇ ਪ੍ਰਧਾਨ ਰਹੇ, ਨਾਲ ਮੇਰੀ ਮੁਲਾਕਾਤ ਪਹਿਲਾਂ ਹੀ ਹੋ ਚੁੱਕੀ ਸੀ। ਉਨ੍ਹੀਂ ਦਿਨੀਂ ਮੈਂ ‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਵਿੱਚ ‘ਖੇਡ ਮੈਦਾਨ ’ਚੋਂ’ ਕਾਲਮ ਲਿਖਦਾ ਸਾਂ।
ਰਾਜਾ ਭਲਿੰਦਰ ਸਿੰਘ ਨੇ ਹੀ ਮੈਨੂੰ ਆਪਣੇ ਪੁੱਤਰ ਨਾਲ ਮਿਲਾਇਆ ਸੀ। ਉਸ ਦਿਨ ਰਣਧੀਰ ਸਿੰਘ ਨੇ ਚਿੱਟੀ ਫਿਫਟੀ ਨਾਲ ਕੇਸਰੀ ਪੱਗ ਬੰਨ੍ਹੀ ਹੋਈ ਸੀ। ਇੰਡੀਆ ਦੇ ਕਲਰ ਵਾਲਾ ਆਸਮਾਨੀ ਕੋਟ ਤੇ ਸਫੈਦ ਪਤਲੂਨ ਪਹਿਨੀ ਹੋਈ ਸੀ। ਉਹ ਆਪਣੇ ਨਿਸ਼ਾਨੇਬਾਜ਼ ਸਾਥੀਆਂ ਗੁਰਬੀਰ ਸਿੰਘ ਸੰਧੂ ਤੇ ਰਾਣਾ ਗੁਰਮੀਤ ਸਿੰਘ ਨਾਲ ਖੇਡ ਮੈਦਾਨ ’ਚ ਟਹਿਲਦਾ ਮਿਲਿਆ ਸੀ। ਉਹਦੀ ਤੋਰ ਵਿੱਚ ਮਸਤਾਨੀ ਲਚਕ ਸੀ। ਉੱਥੋਂ ਅਸੀਂ ਵਾਲੀਬਾਲ ਦਾ ਮੈਚ ਵੇਖਣ ਚਲੇ ਗਏ ਸਾਂ। ਉਹ ਦਰਸ਼ਕਾਂ ਦੀ ਭੀੜ ’ਚ ਖੜ੍ਹ ਕੇ ਮੈਚ ਵੇਖਦਾ ਰਿਹਾ। ਮੈਂ ਮਹਿਸੂਸ ਕੀਤਾ ਸੀ ਕਿ ਰਾਜੇ ਦਾ ਪੁੱਤ ਅਤੇ ਏਸ਼ੀਆ ਦਾ ਚੈਂਪੀਅਨ ਹੋਣ ਦਾ ਉਸ ਨੂੰ ਭੋਰਾ ਭਰ ਵੀ ਗ਼ੁਮਾਨ ਨਹੀਂ ਸੀ। ਫਿਰ ਅਸੀਂ ਨਿਵੇਕਲੇ ਬਹਿ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ, ਜੋ ਮੈਂ ਡਾਇਰੀ ਵਿੱਚ ਨੋਟ ਕਰਦਾ ਰਿਹਾ। ਉਦੋਂ ਉਹ 33 ਕੁ ਸਾਲਾਂ ਦਾ ਦਰਸ਼ਨੀ ਜੁਆਨ ਸੀ। ਉਹਦੀ ਦਾੜ੍ਹੀ ਬੰਨ੍ਹੀ ਹੋਈ ਸੀ ਤੇ ਅੱਖਾਂ ’ਚ ਮਸਤੀ ਸੀ। ਅਸੀਂ ਦਿੱਲੀ ਦੇ ਕਾਲਜਾਂ ਵਿੱਚ ਕੋਲ-ਕੋਲ ਪੜ੍ਹਦੇ ਰਹੇ ਸਾਂ, ਪਰ ਕਦੇ ਖੁੱਲ੍ਹ ਕੇ ਨਹੀਂ ਸੀ ਮਿਲੇ। ਕਾਰਨ ਇਹੋ ਸੀ ਕਿ ਮੈਂ ਐਥਲੈਟਿਕਸ ਕਰਦਾ ਸਾਂ ਤੇ ਉਹ ਨਿਸ਼ਾਨੇਬਾਜ਼ੀ ਕਰਦਾ ਸੀ। ਐਥਲੈਟਿਕਸ ਸਸਤੀ ਖੇਡ ਹੈ ਜੋ ਕੋਈ ਵੀ ਕਰ ਸਕਦਾ ਸੀ ਜਦੋਂਕਿ ਨਿਸ਼ਾਨੇਬਾਜ਼ੀ ਮਹਿੰਗੀ ਖੇਡ ਹੈ ਜੋ ਰੱਜੇ ਪੁੱਜੇ ਘਰਾਂ ਦੇ ਧੀਆਂ ਪੁੱਤਰ ਹੀ ਖੇਡ ਸਕਦੇ ਸਨ। ਇੰਟਰਵਿਊ ਦੌਰਾਨ ਦਿੱਲੀ ਵਿੱਚ ਪੜ੍ਹਨ ਦੀਆਂ ਗੱਲਾਂ ਨਾਲ ਮੈਂ ਪੁੱਛਿਆ ਸੀ ਕਿ ਆਪਣੇ ਬਚਪਨ, ਚੜ੍ਹਦੀ ਜੁਆਨੀ ਤੇ ਖਿਡਾਰੀ ਬਣਨ ਬਾਰੇ ਕੁਝ ਵਿਸਥਾਰ ਨਾਲ ਦੱਸੋ। ਸਮਾਂ ਖੁੱਲ੍ਹਾ ਸੀ, ਜਿਸ ਕਰਕੇ ਗੱਲਾਂ ਵੀ ਖੁੱਲ੍ਹੀਆਂ ਹੋਈਆਂ। ਉਹਦੀਆਂ ਗੱਲਾਂ ਬਾਤਾਂ ਤੇ ਤੌਰ ਤਰੀਕਿਆਂ ਤੋਂ ਉਹਦੀ ਵਧੀਆ ਤਾਲੀਮ ਤੇ ਸਿਸ਼ਟਾਚਾਰ ਦਾ ਅਸਰ ਪ੍ਰਤੱਖ ਸੀ। ਉਹ ਪੁੱਛੇ ਗਏ ਸਵਾਲਾਂ ਦਾ ਬੜੀ ਹਲੀਮੀ ਨਾਲ ਉੱਤਰ ਦੇ ਰਿਹਾ ਸੀ। ਇੱਥੋਂ ਤੱਕ ਕਿ ਜੋ ਸਵਾਲ ਮੈਂ ਪੁੱਛ ਨਹੀਂ ਸੀ ਸਕਿਆ ਉਸ ਨੇ ਉਨ੍ਹਾਂ ਦੇ ਜਵਾਬ ਵੀ ਮੇਰੀ ਡਾਇਰੀ ਵਿੱਚ ਲਿਖ ਦਿੱਤੇ ਸਨ, ਜੋ ਮੇਰੇ ਲਈ ਉਸ ਦੀ ਯਾਦਗਾਰੀ ਨਿਸ਼ਾਨੀ ਹੈ। ਫਿਰ ਉਸ ਬਾਰੇ ਮੇਰਾ ਲੇਖ ‘ਪਟਿਆਲੇ ਦਾ ਨਿਸ਼ਾਨਚੀ’ ਦਿੱਲੀ ਦੇ ਤਸਵੀਰੀ ਮੈਗਜ਼ੀਨ ‘ਸਚਿੱਤਰ ਕੌਮੀ ਏਕਤਾ’ ਵਿੱਚ ਛਪਿਆ। ਉਦੋਂ ਕਿਸੇ ਦੇ ਖ਼ਾਬੋ-ਖਿਆਲ ’ਚ ਵੀ ਨਹੀਂ ਸੀ ਕਿ 2024 ਵਿੱਚ ਉਹ ਏਸ਼ੀਆ ਦੇ 45 ਮੁਲਕਾਂ ਦੀਆਂ ਖੇਡਾਂ ਦੀ ਸੁਪਰੀਮ ਕੌਂਸਲ, ਓਲੰਪਿਕ ਕੌਂਸਲ ਔਫ ਏਸ਼ੀਆ ਦਾ ਪ੍ਰਧਾਨ ਬਣੇਗਾ। ਨਾਮਵਰ ਖਿਡਾਰੀ ਬਣਨ ਦੇ ਨਾਲ ਵਿਸ਼ਵ ਪੱਧਰ ਦਾ ਖੇਡ ਪ੍ਰਮੋਟਰ ਵੀ ਬਣੇਗਾ। ਉਹ ਵਿਸ਼ਵ ਦੇ ਖੇਡ ਪ੍ਰਬੰਧ ’ਚ ਭਾਰਤ ਦਾ ਪਹਿਲਾ ਖਿਡਾਰੀ ਹੈ, ਜੋ ਓਲੰਪਿਕ ਅਤੇ ਏਸ਼ਿਆਈ ਖੇਡਾਂ ਦੇ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਰਿਹਾ। ਉਹ ਬਹੁ-ਪੱਖੀ ਸ਼ਖ਼ਸੀਅਤ ਦਾ ਮਾਲਕ ਸੀ। ਜਿੱਥੇ ਉਹ ਓਲੰਪੀਅਨ ਖਿਡਾਰੀ ਰਿਹਾ, ਉੱਥੇ ਬਤੌਰ ਖੇਡ ਪ੍ਰਬੰਧਕ ਇੰਡੀਅਨ ਓਲੰਪਿਕ ਐਸੋਸੀਏਸ਼ਨ ਦਾ ਅਹੁਦੇਦਾਰ ਵੀ ਰਿਹਾ। ਉਹ ਓਲੰਪਿਕ ਕੌਂਸਲ ਔਫ ਏਸ਼ੀਆ ਦਾ ਕੁਝ ਸਾਲ ਪਹਿਲਾਂ ਸਕੱਤਰ ਜਨਰਲ, ਫਿਰ ਕਾਰਜਕਾਰੀ ਪ੍ਰਧਾਨ ਤੇ ਸਤੰਬਰ 2024 ਤੋਂ ਪੂਰਾ ਪ੍ਰਧਾਨ ਬਣਿਆ। ਉਹ ਪਹਿਲਾ ਮੌਕਾ ਸੀ ਜਦੋਂ ਏਸ਼ੀਆ ਦੇ 45 ਦੇਸ਼ਾਂ ਦੀ ਸੁਪਰੀਮ ਖੇਡ ਜਥੇਬੰਦੀ ਦਾ ਪ੍ਰਧਾਨ ਇੱਕ ਭਾਰਤੀ ਨੂੰ ਬਣਾਇਆ ਗਿਆ। ਉਸ ਤੋਂ ਪਹਿਲਾਂ ਇਹ ਅਹੁਦਾ ਸ਼ੇਖ਼ ਅਹਿਮਦ ਅਲ-ਫਾਹਦ ਅਲ-ਅਹਿਮਦ ਅਲ-ਸਬਾਹ ਕੋਲ ਸੀ। ਸ਼ੇਖ਼ ਅਹਿਮਦ ’ਤੇ ਕੋਈ ਕੇਸ ਬਣ ਗਿਆ ਸੀ, ਜਿਸ ਕਰਕੇ ਉਸ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ ਸੀ ਤੇ ਸਤੰਬਰ 2021 ਵਿੱਚ ਰਾਜਾ ਰਣਧੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਸੀ। ਮਈ 2022 ਦੀਆਂ ਏਸ਼ਿਆਈ ਖੇਡਾਂ ਕੋਵਿਡ ਕਾਰਨ 2023 ’ਚ ਕਰਾਉਣ ਦਾ ਫ਼ੈਸਲਾ ਉਸ ਦੀ ਪ੍ਰਧਾਨਗੀ ਹੇਠ ਹੀ ਕੀਤਾ ਗਿਆ ਸੀ, ਪਰ 8 ਜੁਲਾਈ 2023 ਨੂੰ ਰਣਧੀਰ ਸਿੰਘ ਦੀ ਥਾਂ ਅਹਿਮਦ ਅਲ-ਫਾਹਦ ਦੇ ਭਰਾ ਸ਼ੇਖ ਤਲਾਲ ਫਾਹਦ ਅਲ ਅਹਿਮਦ ਅਲ-ਸਬਾਹ ਨੂੰ ਓ ਸੀ ਏ ਦੀ ਪ੍ਰਧਾਨਗੀ ਸੌਂਪ ਦਿੱਤੀ ਗਈ। ਉਸ ਦੀ ਚੋਣ 42ਵੀਂ ਓ ਸੀ ਏ ਜਨਰਲ ਅਸੈਂਬਲੀ ਸੈਸ਼ਨ ਵਿੱਚ ਬੈਂਕਾਕ ਵਿੱਚ ਕੀਤੀ ਗਈ ਸੀ। ਫਿਰ 30 ਜੁਲਾਈ 2023 ਨੂੰ ਕੌਮਾਂਤਰੀ ਓਲੰਪਿਕ ਕਮੇਟੀ ਨੇ ਰਣਧੀਰ ਸਿੰਘ ਨੂੰ ਪੱਤਰ ਲਿਖਿਆ ਕਿ ਉਹ ਕਾਰਜਕਾਰੀ ਪ੍ਰਧਾਨ ਵਜੋਂ ਆਪਣਾ ਕਾਰਜ ਜਾਰੀ ਰੱਖੇ। ਰਣਧੀਰ ਸਿੰਘ ਨੇ ਕਾਰਜਕਾਰੀ ਪ੍ਰਧਾਨ ਵਜੋਂ ਕਈ ਵੱਡੇ ਕਾਰਜ ਕਰਨੇ ਜਾਰੀ ਰੱਖੇ ਸਨ। ਮਈ 2024 ਵਿੱਚ ਬੈਂਕਾਕ ਵਿੱਚ ਓਲੰਪਿਕ ਕੌਂਸਲ ਔਫ ਏਸ਼ੀਆ ਦੀ 43ਵੀਂ ਜਨਰਲ ਅਸੈਂਬਲੀ ਦੀ ਪ੍ਰਧਾਨਗੀ ਰਣਧੀਰ ਸਿੰਘ ਨੇ ਹੀ ਕੀਤੀ ਸੀ। ਅੱਠ ਸਤੰਬਰ 2024 ਨੂੰ ਉਸ ਨੂੰ ਸਰਬਸੰਮਤੀ ਨਾਲ ਅਗਲੇ ਪੰਜ ਸਾਲਾਂ ਲਈ ਓ ਸੀ ਏ ਦਾ ਪ੍ਰਧਾਨ ਚੁਣਿਆ ਗਿਆ। ਰਣਧੀਰ ਸਿੰਘ ਦਾ ਜਨਮ 18 ਅਕਤੂਬਰ 1946 ਨੂੰ ਪਟਿਆਲਾ ਰਿਆਸਤ ’ਚ ਰਾਜਾ ਭਲਿੰਦਰ ਸਿੰਘ ਦੇ ਘਰ ਹੋਇਆ ਸੀ। ਰਾਜਾ ਭਲਿੰਦਰ ਸਿੰਘ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦਾ ਪੁੱਤਰ ਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਛੋਟਾ ਭਰਾ ਸੀ। ਇਹ ਵਰਣਨਯੋਗ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ ਤੇ ਉਸ ਦੀ ਔਲਾਦ ਦਾ ਖੇਡਾਂ ਦੀ ਪ੍ਰਮੋਸ਼ਨ ਵਿੱਚ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਆਪਣਾ ਵਿਸ਼ਾਲ ਮਹੱਲ, ਨੈਸ਼ਨਲ ਇੰਸਟਚਿਊਟ ਔਫ ਸਪੋਰਟਸ ਨੂੰ ਸੌਂਪਿਆ ਹੋਇਆ ਹੈ। ਰਾਜਾ ਭਲਿੰਦਰ ਸਿੰਘ 1947 ਤੋਂ 1992 ਤੱਕ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੈਂਬਰ ਰਹੇ ਅਤੇ 1960 ਤੋਂ 1975 ਤੇ 1980 ਤੋਂ 1984 ਤੱਕ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਮਹਾਰਾਜਾ ਯਾਦਵਿੰਦਰ ਸਿੰਘ ਨੇ 1951 ’ਚ ਨਵੀਂ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵੇਲੇ ਏਸ਼ੀਆ ਗੇਮਜ਼ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਯਾਦਗਾਰੀ ਭੂਮਿਕਾ ਨਿਭਾਈ ਸੀ। ਪਟਿਆਲੇ ਦੇ ਮਹਾਰਾਜੇ ਭੁਪਿੰਦਰ ਸਿੰਘ ਨੇ ਹੀ ਇੰਡੀਆ ਨੂੰ ਓਲੰਪਿਕ ਲਹਿਰ ਨਾਲ ਜੋੜਨ ਵਿੱਚ ਪਹਿਲ ਕੀਤੀ ਸੀ। ਰਣਧੀਰ ਸਿੰਘ ਦਾ ਬਚਪਨ ਰਾਜ ਮਹਿਲਾਂ ’ਚ ਬੀਤਿਆ। ਉਹਦੀ ਪੜ੍ਹਾਈ ਪਟਿਆਲੇ ਦੇ ਯਾਦਵਿੰਦਰਾ ਪਬਲਿਕ ਸਕੂਲ ਵਿੱਚ ਹੋਈ ਜਿੱਥੇ ਉਸ ਨੂੰ ਪਹਿਲਾਂ ਪਹਿਲ ਤੈਰਾਕੀ, ਸਕੁਐਸ਼ ਤੇ ਕ੍ਰਿਕਟ ਖੇਡਣ ਦੀ ਚੇਟਕ ਲੱਗੀ। ਉਸ ਨੇ ਸੀਨੀਅਰ ਕੈਂਬਰਿਜ ਦਾ ਇਮਤਿਹਾਨ ਪਾਸ ਕੀਤਾ। ਉਸ ਦੇ ਘਰ ਤੇ ਸਕੂਲ, ਦੋਹੀਂ ਥਾਈਂ ਖੇਡਾਂ ਖੇਡਣ ਦਾ ਮਾਹੌਲ ਸੀ। ਉਹ ਨਾਨਕੇ ਦਾਦਕੇ ਹਰ ਥਾਂ ਸ਼ਿਕਾਰ ਖੇਡਣ ਨਿਕਲ ਜਾਂਦਾ। ਉਸ ਨੇ ਦਿੱਲੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਇਤਿਹਾਸ ਦੀ ਬੀ ਏ ਆਨਰਜ਼ ਕੀਤੀ। ਕਾਲਜ ਵਿੱਚ ਕ੍ਰਿਕਟ ਉਸ ਦੀ ਮੁੱਖ ਖੇਡ ਸੀ, ਪਰ ਨਾਲ ਮਹਿੰਗੀ ਖੇਡ ਨਿਸ਼ਾਨੇਬਾਜ਼ੀ ਦਾ ਸ਼ੌਕ ਵੀ ਪਾਲਦਾ ਰਿਹਾ। ਇਹ ਸ਼ੌਕ ਉਸ ਨੂੰ ਬੀਕਾਨੇਰ ਦੇ ਮਹਾਰਾਜਾ ਕਰਨੀ ਸਿੰਘ ਤੋਂ ਲੱਗਾ ਸੀ, ਜਿਸ ਨੂੰ ਉਹ ਆਪਣਾ ਗੁਰੂ ਸਮਝਦਾ ਸੀ। ਉਹ ਕਾਲਜ ਵਿੱਚ ਇਤਿਹਾਸ ਦੀ ਆਨਰਜ਼ ਕਰਦਾ ਸੀ ਜਦੋਂ 1963 ਦੀਆਂ ਪ੍ਰੀ-ਓਲੰਪਿਕ ਖੇਡਾਂ ਲਈ ਭਾਰਤ ਦੀ ਨਿਸ਼ਾਨੇਬਾਜ਼ੀ ਟੀਮ ’ਚ ਚੁਣਿਆ ਗਿਆ। 17 ਸਾਲ ਦੀ ਉਮਰੇ ਟੋਕੀਓ ਦੀਆਂ ਪ੍ਰੀ-ਓਲੰਪਿਕ ਖੇਡਾਂ ’ਚੋਂ ਸਿਲਵਰ ਬੈਜ ਜਿੱਤਿਆ। 1964 ਦੀਆਂ ਓਲੰਪਿਕ ਖੇਡਾਂ ’ਚ ਉਹ ਰਿਜ਼ਰਵ ਖਿਡਾਰੀ ਵਜੋਂ ਟੋਕੀਓ ਗਿਆ। 1968 ਦੀਆਂ ਓਲੰਪਿਕ ਖੇਡਾਂ ’ਚ ਉਹ 200 ’ਚੋਂ 192 ਨਿਸ਼ਾਨੇ ਸਹੀ ਲਾ ਕੇ 14ਵੇਂ ਸਥਾਨ ’ਤੇ ਰਿਹਾ। ਉਸ ਨੇ 1969 ’ਚ ਸਿੰਗਾਪੁਰ ਸ਼ੂਟਿੰਗ ਦੇ 4 ਗੋਲਡ ਮੈਡਲ ਜਿੱਤੇ। 1972 ’ਚ ਮਿਊਨਿਖ, 1976 ’ਚ ਮੌਂਟਰੀਅਲ, 1980 ਵਿੱਚ ਮਾਸਕੋ ਤੇ 1984 ’ਚ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਭਾਗ ਲਿਆ। 1978 ਵਿੱਚ ਬਾਵੇਰੀਅਨ ਦੀ ਕੌਮਾਂਤਰੀ ਸ਼ੂਟਿੰਗ ਚੈਂਪੀਅਨਸ਼ਿਪ ’ਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਉਸੇ ਸਾਲ ਐਡਮੰਟਨ ਦੀਆਂ ਰਾਸ਼ਟਰਮੰਡਲ ਖੇਡਾਂ ’ਚੋਂ ਬ੍ਰੌਂਜ਼ ਬੈਜ ਹਾਸਲ ਕੀਤਾ।
ਦਸੰਬਰ 1978 ’ਚ ਉਹ ਬੈਂਕਾਕ ਦੀਆਂ ਏਸ਼ਿਆਈ ਖੇਡਾਂ ’ਚ ਗਿਆ ਤਾਂ ਮੁਕਾਬਲੇ ਤੋਂ ਪਹਿਲਾਂ ਜਪਾਨੀ ਨਿਸ਼ਾਨੇਬਾਜ਼ਾਂ ਨਾਲ 75-75 ਨਿਸ਼ਾਨੇ ਲਾਉਣ ਦਾ ਅਭਿਆਸ ਕੀਤਾ। ਅਭਿਆਸ ’ਚ ਉਸ ਦੇ ਸਾਰੇ ਨਿਸ਼ਾਨੇ ਸਹੀ ਲੱਗ ਗਏ, ਜਿਨ੍ਹਾਂ ਨਾਲ ਜਪਾਨੀਆਂ ਦੀ ਨੀਂਦ ਉੱਡ ਗਈ ਤੇ ਉਹ ਫਾਈਨਲ ਮੁਕਾਬਲੇ ’ਚ ਹਾਰ ਗਏ। ਨਿਸ਼ਾਨੇਬਾਜ਼ ਨੂੰ ਬਹੁਤ ਚੁਸਤ-ਦਰੁਸਤ ਰਹਿ ਕੇ ਆਪਣੇ ਆਪ ’ਤੇ ਕਾਬੂ ਰੱਖਣਾ ਪੈਂਦਾ ਹੈ। ਸਕਿੰਟ ਦੇ ਸੌਵੇਂ ਹਿੱਸੇ ਦੀ ਅਗੇਤ ਪਿਛੇਤ ਨਿਸ਼ਾਨਾ ਖੁੰਝਾ ਸਕਦੀ ਹੈ। ਨਿਸ਼ਾਨੇਬਾਜ਼ੀ ’ਚ ਜੇਕਰ ਸ਼ੂਟਰ ਦੇ ਕੰਨ, ਅੱਖਾਂ, ਬੰਦੂਕ ਦੀ ਸੇਧ ਤੇ ਘੋੜਾ ਦੱਬਣ ਵਾਲੀ ਉਂਗਲ ਮਸ਼ੀਨੀ ਢੰਗ ਨਾਲ ਚੱਲਣ ਤਦ ਹੀ ਨਿਸ਼ਾਨੇਬਾਜ਼ ਦਾ ਨਿਸ਼ਾਨਾ ਸਫ਼ਲ ਹੋ ਸਕਦਾ ਹੈ। ਜਿੰਨੀ ਇਕਾਗਰਤਾ ਨਿਸ਼ਾਨੇਬਾਜ਼ ’ਚ ਹੋਣੀ ਚਾਹੀਦੀ ਹੈ ਸ਼ਾਇਦ ਹੀ ਕਿਸੇ ਹੋਰ ਖੇਡ ਵਿੱਚ ਏਨੀ ਇਕਾਗਰਤਾ ਦੀ ਲੋੜ ਪੈਂਦੀ ਹੋਵੇ। ਇਸ ਪਿਛੋਕੜ ਵਿੱਚ ਰਣਧੀਰ ਸਿੰਘ ਪਹਿਲਾਂ ਖਿਡਾਰੀ ਤੇ ਫਿਰ ਖੇਡ ਪ੍ਰਬੰਧਕ ਬਣਿਆ ਸੀ। ਉਸ ਨੇ ਖੇਡ ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ 1984 ’ਚ ਸੰਭਾਲੀ ਸੀ। ਫਿਰ 1987 ਤੋਂ 2010 ਤੱਕ ਸਪੋਰਟਸ ਅਥਾਰਿਟੀ ਔਫ ਇੰਡੀਆ ਦੇ ਗਵਰਨਿੰਗ ਬੋਰਡ ਦਾ ਮੈਂਬਰ ਰਿਹਾ ਤੇ 2001 ਤੋਂ 2014 ਤੱਕ ਕੌਮਾਂਤਰੀ ਓਲੰਪਿਕ ਕਮੇਟੀ ਦਾ ਮੈਂਬਰ ਰਿਹਾ। ਉਸ ਪਿੱਛੋਂ ਉਹ ਆਈ ਓ ਸੀ ਦਾ ਆਨਰੇਰੀ ਮੈਂਬਰ ਬਣਿਆ। ਸਤੰਬਰ 2021 ਤੋਂ ਉਸ ਨੂੰ ਓਲੰਪਿਕ ਕੌਂਸਲ ਔਫ ਏਸ਼ੀਆ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ, ਜੋ ਸਤੰਬਰ 2024 ਤੋਂ ਪੂਰਾ ਪ੍ਰਧਾਨ ਬਣਾ ਦਿੱਤਾ ਗਿਆ ਸੀ।
ਨਿਸ਼ਾਨੇਬਾਜ਼ੀ ਦੀ ਚੇਟਕ ਉਸ ਨੂੰ ਉਹਦੀ ਆਂਟੀ ਨੇ ਲਾਈ ਸੀ, ਜੋ ਕੌਮੀ ਪੱਧਰ ਦੀ ਸ਼ੂਟਰ ਸੀ। ਉਹ 17 ਸਾਲਾਂ ਦਾ ਸੀ ਜਦੋਂ ਨੈਸ਼ਨਲ ਪੱਧਰ ’ਤੇ ਜੂਨੀਅਰ ਸ਼ੂਟਿੰਗ ਮੁਕਾਬਲਿਆਂ ’ਚ ਭਾਗ ਲੈਣ ਲੱਗਾ। 1965 ਵਿੱਚ ਉਸ ਦੀ ਟੀਮ ਨੇ ਕੌਮੀ ਪੱਧਰ ’ਤੇ ਪਹਿਲਾ ਗੋਲਡ ਮੈਡਲ ਜਿੱਤਿਆ ਸੀ। 1967 ’ਚ ਸਕੀਟ ਸ਼ੂਟਿੰਗ ’ਚੋਂ ਵੀ ਉਹ ਵਿਅਕਤੀਗਤ ਤੌਰ ’ਤੇ ਪਹਿਲਾ ਗੋਲਡ ਮੈਡਲ ਜਿੱਤ ਗਿਆ। ਉਪਰੰਤ ਉਸ ਨੇ ਟ੍ਰੈਪ ਤੇ ਸਕੀਟ ਸ਼ੂਟਿੰਗ ਮੁਕਾਬਲਿਆਂ ਵਿੱਚ ਹੀ ਭਾਗ ਲੈਣਾ ਸ਼ੁਰੂ ਕਰ ਲਿਆ ਤੇ ਕੌਮੀ ਪੱਧਰ ਮੈਡਲ ਜਿੱਤਣੇ ਸ਼ੁਰੂ ਕਰ ਲਏ ਸਨ। ਉਹ ਪਹਿਲੀ ਵਾਰ ਮਾਸਕੋ ਵਿੱਚ ਆਈ ਓ ਸੀ ਦੇ 112ਵੇਂ ਸੈਸ਼ਨ ’ਚ ਕੌਮਾਂਤਰੀ ਓਲੰਪਿਕ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀ। ਉੱਥੇ ਉਸ ਨੂੰ 101 ਵੋਟਾਂ ਪਈਆਂ ਸਨ, ਜੋ ਸਭ ਤੋਂ ਵੱਧ ਸਨ। 2003 ਤੋਂ 2005 ਤੱਕ ਉਹ ਵਿਸ਼ਵ ਐਂਟੀ-ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦਾ ਮੈਂਬਰ ਤੇ ਐਸੋਸੀਏਸ਼ਨ ਔਫ ਨੈਸ਼ਨਲ ਓਲੰਪਿਕ ਕਮੇਟੀਆਂ ਦੀ ਕਾਰਜਕਾਰੀ ਦਾ ਮੈਂਬਰ ਰਿਹਾ। 1998 ਤੋਂ 2007 ਤੱਕ ਐਫਰੋ-ਏਸ਼ੀਅਨ ਗੇਮਜ਼ ਕੌਂਸਲ ਦਾ ਬਾਨੀ ਸੈਕਟਰੀ ਜਨਰਲ ਰਿਹਾ ਤੇ 2003 ’ਚ ਹੈਦਰਾਬਾਦ ’ਚ ਪਹਿਲੀ ਵਾਰ ਐਫਰੋ-ਏਸ਼ੀਅਨ ਖੇਡਾਂ ਕਰਵਾਈਆਂ।
2003-05 ਤੱਕ ਉਹ ਵਿਸ਼ਵ ਐਂਟੀ-ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦਾ ਮੈਂਬਰ ਰਿਹਾ। 2002-2003 ਵਿੱਚ ਓਲੰਪਿਕ ਗੇਮਜ਼ ਸਟੱਡੀ ਕਮਿਸ਼ਨ, 2004-2013 ਤੱਕ ਸਪੋਰਟਸ ਫਾਰ ਆਲ ਕਮਿਸ਼ਨ ਅਤੇ 2006-2013 ਤੱਕ ਔਰਤਾਂ ਤੇ ਖੇਡਾਂ ਕਮਿਸ਼ਨ ਦਾ ਮੈਂਬਰ ਰਿਹਾ। 2008-2011 ਤੱਕ ਕੋਆਰਡੀਨੇਟਰ ਫਸਟ ਯੂਥ ਓਲੰਪਿਕ ਗੇਮਜ਼ ਸਿੰਗਾਪੁਰ-2010 ਤੇ 2007-2014 ਤੱਕ ਓਲੰਪਿਕ ਟਰੂਸ ਫਾਊਂਡੇਸ਼ਨ ਦਾ ਥੰਮ੍ਹ ਰਿਹਾ। ਉਹ 2010 ਵਿੱਚ ਦਿੱਲੀ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਦੀ ਸੰਚਾਲਨ ਕਮੇਟੀ ਦਾ ਉਪ ਪ੍ਰਧਾਨ ਸੀ। ਉਸ ਨੂੰ ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਔਫ ਫਿਜ਼ੀਕਲ ਐਜੂਕੇਸ਼ਨ ਵੱਲੋਂ ਡਾਕਟਰ ਔਫ ਲਿਟਰੇਚਰ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।
ਰਣਧੀਰ ਸਿੰਘ ਦਾ ਪਹਿਲਾ ਵਿਆਹ ਉਮਾ ਕੁਮਾਰੀ ਨਾਲ ਹੋਇਆ ਸੀ, ਜਿਸ ਦੀ ਕੁੱਖੋਂ ਦੋ ਧੀਆਂ ਮਹਿਮਾ ਤੇ ਸੁਨੈਨਾ ਪੈਦਾ ਹੋਈਆਂ। ਦੂਜਾ ਵਿਆਹ ਵਪਾਰੀ ਵਿਪਨ ਖੰਨਾ ਦੀ ਪੁੱਤਰੀ ਵਿਨੀਤਾ ਸਿੰਘ ਨਾਲ ਹੋਇਆ, ਜਿਸ ਦੀ ਕੁੱਖੋਂ ਧੀ ਰਾਜੇਸ਼ਵਰੀ ਨੇ ਜਨਮ ਲਿਆ। ਰਾਜੇਸ਼ਵਰੀ ਓਲੰਪਿਕ ਪੱਧਰ ਦੀ ਨਿਸ਼ਾਨੇਬਾਜ਼ ਹੈ। ਭਾਰਤ ਵਾਸੀਆਂ ਨੂੰ ਰਾਜਾ ਰਣਧੀਰ ਸਿੰਘ ਤੋਂ ਬੜੀਆਂ ਆਸਾਂ ਸਨ ਕਿ ਉਹ ਭਾਰਤ ਲਈ ਐਫਰੋ-ਏਸ਼ੀਅਨ ਤੇ ਕਾਮਨਵੈਲਥ ਖੇਡਾਂ ਵਾਂਗ ਨੇੜ ਭਵਿੱਖ ਵਿੱਚ ਓਲੰਪਿਕ ਖੇਡਾਂ ਵੀ ਅਲਾਟ ਕਰਵਾ ਲਵੇਗਾ। ਸ਼ੂਟਿੰਗ ਦੇ ਰਾਜੇ ਰਣਧੀਰ ਸਿੰਘ ਦੀ ਮੌਤ ਨਾਲ ਨਾ ਸਿਰਫ਼ ਰਾਜਾ ਪਰਿਵਾਰ, ਪੰਜਾਬ ਦਾ ਖੇਡ ਪਰਿਵਾਰ ਅਤੇ ਭਾਰਤ ਦੇ ਖੇਡ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਏਸ਼ੀਆ ਤੇ ਵਿਸ਼ਵ ਦੇ ਖੇਡ ਪਰਿਵਾਰਾਂ ਨੂੰ ਵੀ ਵੱਡੀ ਸੱਟ ਵੱਜੀ ਹੈ।
ਈ-ਮੇਲ: principalsarwansingh@gmail.com
