ਭਾਰਤੀ ਵਿਗਿਆਨੀ ਅਤੇ ਨੋਬੇਲ ਪੁਰਸਕਾਰ
ਭਾਰਤੀ ਵਿਗਿਆਨੀ ਡਾਕਟਰ ਸੀ ਵੀ ਰਮਨ ਨੂੰ ਸੰਨ 1930 ਵਿੱਚ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਮਿਲਿਆ ਸੀ। ਇਹ ਸੋਚ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਉਸ ਤੋਂ ਬਾਅਦ ਕਿਸੇ ਵੀ ਭਾਰਤੀ ਵਿਗਿਆਨੀ ਨੂੰ ਕੋਈ ਨੋਬੇਲ ਪੁਰਸਕਾਰ ਨਹੀਂ ਮਿਲਿਆ। ਕਈ ਭਾਰਤੀ...
ਭਾਰਤੀ ਵਿਗਿਆਨੀ ਡਾਕਟਰ ਸੀ ਵੀ ਰਮਨ ਨੂੰ ਸੰਨ 1930 ਵਿੱਚ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਮਿਲਿਆ ਸੀ। ਇਹ ਸੋਚ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਉਸ ਤੋਂ ਬਾਅਦ ਕਿਸੇ ਵੀ ਭਾਰਤੀ ਵਿਗਿਆਨੀ ਨੂੰ ਕੋਈ ਨੋਬੇਲ ਪੁਰਸਕਾਰ ਨਹੀਂ ਮਿਲਿਆ। ਕਈ ਭਾਰਤੀ ਵਿਗਿਆਨੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਨੋਬੇਲ ਪੁਰਸਕਾਰ ਜ਼ਰੂਰ ਹਾਸਲ ਕੀਤੇ, ਪਰ ਉਹ ਵੀ ਕਿਸੇ ਹੋਰ ਮੁਲਕ ਦੇ ਨਾਗਰਿਕ ਬਣਨ ਮਗਰੋਂ। ਡਾ. ਹਰਗੋਬਿੰਦ ਖੁਰਾਣਾ ਨੂੰ ਸੰਨ 1968 ਵਿੱਚ ਮੈਡੀਸਨ ਦੇ ਖੇਤਰ ਵਿੱਚ ਨੋਬੇਲ ਪੁਰਸਕਾਰ ਮਿਲਿਆ। ਸੁਬਰਾਮਨੀਅਮ ਚੰਦਰ ਸ਼ੇਖਰ ਨੂੰ ਸੰਨ 1983 ’ਚ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਮਿਲਿਆ। ਵੈਂਕਟਰਾਮਨ ਰਾਮਾਕ੍ਰਿਸ਼ਨਨ ਨੂੰ ਸੰਨ 2009 ਵਿੱਚ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬੇਲ ਪੁਰਸਕਾਰ ਮਿਲਿਆ। ਇਹ ਸਾਰੇ ਵਿਗਿਆਨੀ ਭਾਵੇਂ ਭਾਰਤ ਵਿੱਚ ਜਨਮੇ ਸਨ, ਪਰ ਨੋਬੇਲ ਪੁਰਸਕਾਰ ਮਿਲਣ ਵੇਲੇ ਉਹ ਅਮਰੀਕਾ ਦੇ ਨਾਗਰਿਕ ਸਨ। ਇੱਥੇ ਅਸੀਂ ਕੁਝ ਪ੍ਰਮੁੱਖ ਭਾਰਤੀ ਵਿਗਿਆਨੀਆਂ ਦੇ ਸੰਦਰਭ ’ਚ ਚਰਚਾ ਕਰਾਂਗੇ, ਜਿਨ੍ਹਾਂ ਦਾ ਖੋਜ ਕਾਰਜ ਵਿਸ਼ਵ ਪੱਧਰ ਦਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਨਹੀਂ ਮਿਲ ਸਕਿਆ। ਹਾਲਾਂਕਿ, ਪੁਰਸਕਾਰ ਲਈ ਉਨ੍ਹਾਂ ਨੂੰ ਨਾਮਜ਼ਦ ਵੀ ਕੀਤਾ ਜਾਂਦਾ ਰਿਹਾ ਸੀ।
ਜਗਦੀਸ਼ ਚੰਦਰ ਬੋਸ ਨੇ ਸੰਨ 1897 ਵਿੱਚ ਸਭ ਤੋਂ ਪਹਿਲਾਂ ‘ਵਾਇਰਲੈੱਸ ਸੰਚਾਰ’ ਦੀ ਖੋਜ ਬਾਰੇ ਰੌਇਲ ਇੰਸਟੀਚਿਊਟ ਲੰਡਨ ਵਿੱਚ ਚਰਚਾ ਕੀਤੀ ਸੀ। ਉਸ ਨੇ ਲੋਹੇ ਅਤੇ ਪਾਰੇ ਦਾ ਉਪਯੋਗ ਕਰਕੇ ਰੇਡੀਓ ਤਰੰਗ ਰਿਸੀਵਰ ‘ਕੋਹੇਰਰ’ (Coherer) ਵੀ ਤਿਆਰ ਕੀਤਾ ਸੀ। ਆਪਣੀ ਇਸ ਖੋਜ ਨੂੰ ਉਸ ਨੇ ਲੰਡਨ ਅਤੇ ਕੋਲਕਾਤਾ ਵਿੱਚ ਪ੍ਰਦਰਸ਼ਿਤ ਵੀ ਕੀਤਾ ਸੀ, ਪਰ ਵਾਇਰਲੈੱਸ ਸੰਚਾਰ ਦੀ ਖੋਜ ’ਤੇ ਸੰਨ 1909 ਵਿੱਚ ਨੋਬੇਲ ਪੁਰਸਕਾਰ ਇਟਲੀ ਦੇ ਖੋਜੀ ਗੁਲੀਏਲਮੋ ਮਾਰਕੋਨੀ ਨੂੰ ਮਿਲਿਆ ਸੀ। ਕਾਰਨ ਇਹ ਵੀ ਹੋ ਸਕਦਾ ਹੈ ਕਿ ਬੋਸ ਨੇ ਆਪਣੀ ਖੋਜ ਨੂੰ ਪੇਟੈਂਟ ਨਹੀਂ ਕਰਵਾਇਆ ਸੀ। ਜਗਦੀਸ਼ ਚੰਦਰ ਬੋਸ ਨੇ ਪੌਦਿਆਂ ਦੀ ਸੰਵੇਦਨਸ਼ੀਲਤਾ ਅਤੇ ਸੈਮੀਕੰਡਕਟਰਾਂ ਬਾਰੇ ਹੋਰ ਵੀ ਮਹੱਤਵਪੂਰਨ ਖੋਜਾਂ ਕੀਤੀਆਂ ਸਨ। ਜੇ ਉਹ ਆਪਣੀਆਂ ਖੋਜਾਂ ਨੂੰ ਖੁੱਲ੍ਹੇਆਮ ਜਨਤਕ ਕਰਨ ਦੀ ਬਜਾਏ ਪੇਟੈਂਟ ਕਰਵਾ ਲੈਂਦਾ ਤਾਂ ਬੇਸ਼ੱਕ ਉਸ ਨੂੰ ਨੋਬੇਲ ਪੁਰਸਕਾਰ ਮਿਲ ਜਾਣਾ ਸੀ। ਇਸ ਲੜੀ ਵਿੱਚ ਦੂਜਾ ਨਾਂ ਸਤੇਂਦਰ ਨਾਥ ਬੋਸ ਦਾ ਆਉਂਦਾ ਹੈ। ਉਸ ਨੇ ਅਲਬਰਟ ਆਇੰਸਟਾਈਨ ਨਾਲ ਮਿਲ ਕੇ ਬੋਸ-ਆਇੰਸਟਾਈਨ ਸਟੈਟਿਸਟਿਕ, ਬੋਸ-ਆਇੰਸਟਾਈਨ ਕੌਂਡਨਸੇਟ ਅਤੇ ਪੀਟਰ ਹਿੱਗਜ਼ ਨਾਲ ਮਿਲ ਕੇ ਬੋਸੋਨ ਕਣ ਦਾ ਸਿਧਾਂਤਕ ਸੰਕਲਪ ਦਿੱਤਾ ਸੀ, ਜਿਸ ਨੂੰ ਸਾਲ 2012 ਵਿੱਚ ਖੋਜ ਵੀ ਲਿਆ ਗਿਆ। ਉਸ ਦੀਆਂ ਖੋਜਾਂ ਨੂੰ ਹੋਰ ਅੱਗੇ ਵਧਾਉਣ ਵਾਲੇ ਖੋਜਾਰਥੀਆਂ ਨੂੰ ਤਾਂ ਨੋਬੇਲ ਪੁਰਸਕਾਰ ਮਿਲ ਗਿਆ, ਪਰ ਸਤੇਂਦਰ ਨਾਥ ਬੋਸ ਨੂੰ ਇਹ ਪੁਰਸਕਾਰ ਨਹੀਂ ਮਿਲਿਆ। ਤੀਜਾ ਨਾਂ ਭਾਰਤੀ ਨਿਊਕਲੀਅਰ ਊਰਜਾ ਦੇ ਪਿਤਾਮਾ ਡਾ. ਹੋਮੀ ਜਹਾਂਗੀਰ ਭਾਬਾ ਦਾ ਆਉਂਦਾ ਹੈ। ਭਾਬਾ ਕੌਸਮਿਕ ਵਿਕਿਰਨਾਂ ਅਤੇ ਨਿਊਕਲੀਅਰ ਫਿਜ਼ਿਕਸ ਦਾ ਖੋਜੀ ਸੀ। ਯੂਰੋਪ ਦੇ ਨਾਮਵਰ ਖੋਜੀਆਂ ਨਾਲ ਉਸ ਦੇ ਬੜੇ ਸੁਖਾਵੇਂ ਸਬੰਧ ਸਨ। ਉਸ ਦੇ ਖੋਜ ਕਾਰਜ ਦਾ ਸਭ ਨੂੰ ਇਲਮ ਸੀ। ਉਨ੍ਹਾਂ ਵਿੱਚੋਂ ਕਦੇ ਕਿਸੇ ਨੇ ਭਾਬਾ ਦੇ ਨਾਂ ਦੀ ਨੋਬੇਲ ਪੁਰਸਕਾਰ ਲਈ ਸਿਫ਼ਾਰਿਸ਼ ਨਹੀਂ ਕੀਤੀ। ਸੰਨ 1951-1956 ਦੌਰਾਨ ਉਸ ਦੇ ਨਾਂ ਦੀ ਸਿਫ਼ਾਰਿਸ਼ ਪੈਰਿਸ ਦੇ ਗਣਿਤ ਸ਼ਾਸਤਰੀ ਜ਼ਾਕ ਹਡਾਮਾਰ ਵੱਲੋਂ ਕਈ ਵਾਰੀ ਕੀਤੀ ਗਈ, ਪਰ ਹੋਮੀ ਭਾਬਾ ਦਾ ਨਾਂ ਨੋਬੇਲ ਪੁਰਸਕਾਰ ਲਈ ਕਦੇ ਵੀ ਵਿਚਾਰਿਆ ਨਹੀਂ ਗਿਆ। ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਕੌਸਮਿਕ ਰੇਡੀਏਸ਼ਨ ਦੀ ਖੋਜ ’ਤੇ ਨੋਬੇਲ ਪੁਰਸਕਾਰ ਮਿਲ ਚੁੱਕਾ ਸੀ। ਨੋਬੇਲ ਕਮੇਟੀ ਨੇ ਇਸ ਵਿਸ਼ੇ ’ਤੇ ਖੋਜ ਨੂੰ ਬਹੁਤਾ ਗੌਲ਼ਿਆ ਹੀ ਨਹੀਂ। ਦੂਜਾ ਕਾਰਨ ਹੋਮੀ ਭਾਬਾ ਨੂੰ ਭਾਰਤੀ ਊਰਜਾ ਵਿਭਾਗ ਦੀ ਜ਼ਿੰਮੇਵਾਰੀ ਮਿਲਣ ਕਰਕੇ ਉਹ ਕੌਮੀ ਪੱਧਰ ’ਤੇ ਖੋਜ ਕਰਨ ਵਿੱਚ ਜੁਟ ਗਿਆ ਸੀ। ਖੋਜੀ ਤੋਂ ਵੱਧ ਉਹ ਅਧਿਕਾਰੀ ਬਣ ਗਿਆ। ਵਿਸ਼ਵ ਪੱਧਰ ’ਤੇ ਆਪਣੀ ਖੋਜ ਦਾ ਰਾਬਤਾ ਸਿਰਕੱਢ ਵਿਗਿਆਨੀਆਂ ਨਾਲ ਬਣਾ ਕੇ ਨਹੀਂ ਰੱਖ ਸਕਿਆ। ਉਸ ਦੀ ਬੇਵਕਤੀ ਮੌਤ ਵੀ ਇਸ ਦਾ ਵੱਡਾ ਕਾਰਨ ਮੰਨੀ ਜਾ ਸਕਦੀ ਹੈ। ਚੌਥਾ ਨਾਮ ਭਾਰਤੀ ਵਿਗਿਆਨੀ ਡਾ. ਮੇਘਨਾਦ ਸਾਹਾ ਦਾ ਆਉਂਦਾ ਹੈ। ਮੇਘਨਾਦ ਸਾਹਾ ਦੀ ਖੋਜ ਕੀਤੀ ਥਰਮਲ ਆਇਨੀਕਰਨ ਸਮੀਕਰਨ ਨੂੰ ਖਗੋਲ ਭੌਤਿਕ ਵਿਗਿਆਨ ਵਿੱਚ ਮਹੱਤਵਪੂਰਨ ਸਮੀਕਰਨ ਮੰਨਿਆ ਜਾਂਦਾ ਹੈ। ਇਹ ਸਮੀਕਰਨ ਤੱਤਾਂ ਦੀ ਆਇਨਿਕ ਅਵਸਥਾ ਦਾ ਸਬੰਧ ਤਾਪਮਾਨ ਅਤੇ ਦਬਾਅ ਨਾਲ ਜੋੜਦੀ ਹੈ। ਉਸ ਦੀ ਇਹ ਸਮੀਕਰਨ ਤਾਰਿਆਂ ਤੋਂ ਆ ਰਹੀਆਂ ਸਪੈਕਟ੍ਰਮੀ ਰੇਖਾਵਾਂ (ਸਪੈਕਟਰਲ ਲਾਈਨਜ਼) ਦਾ ਸਹੀ ਵਿਸ਼ਲੇਸ਼ਣ ਕਰਨ ਵਿੱਚ ਕਾਰਗਰ ਮੰਨੀ ਗਈ ਹੈ। ਡਾ. ਸਾਹਾ ਦਾ ਨਾਂ ਨੋਬੇਲ ਪੁਰਸਕਾਰ ਲਈ ਸੰਨ 1930-1955 ਦੌਰਾਨ ਦੇਵੇਂਦਰ ਮੋਹਨ ਬੋਸ ਅਤੇ ਸਿਸਿਰ ਕੁਮਾਰ ਮਿੱਤਰਾ ਵੱਲੋਂ ਨਾਮਜ਼ਦ ਕੀਤਾ ਗਿਆ, ਪਰ ਉਸ ਦਾ ਨਾਂ ਕਦੇ ਵੀ ਪੁਰਸਕਾਰ ਲਈ ਵਿਚਾਰਿਆ ਨਹੀਂ ਗਿਆ। ਇਸ ਲੜੀ ਵਿੱਚ ਪੰਜਵਾਂ ਨਾਮ ਈ ਸੀ ਜਾਰਜ ਸੁਦਰਸ਼ਨ ਦਾ ਆਉਂਦਾ ਹੈ। ਉਸ ਦਾ ਕੁਆਂਟਮ ਔਪਟਿਕਸ ਅਤੇ ਕੋਹੇਰੈਂਸ ’ਤੇ ਖੋਜ ਕਾਰਜ ਵਿਸ਼ਵ ਪੱਧਰ ਦਾ ਸੀ। ਉਸ ਦੀ ਖੋਜ ਨੂੰ ਵਿਗਿਆਨੀ ਗਲੌਬਰ ਨੇ ਆਪਣੀ ਦੱਸ ਕੇ ਨੋਬੇਲ ਪੁਰਸਕਾਰ ਪ੍ਰਾਪਤ ਕਰ ਲਿਆ ਸੀ। ਜਾਰਜ ਸੁਦਰਸ਼ਨ ਨੇ ਨੋਬੇਲ ਕਮੇਟੀ ਨੂੰ ਸ਼ਿਕਾਇਤ ਵੀ ਕੀਤੀ ਸੀ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਇਸ ਲੜੀ ਵਿੱਚ ਛੇਵਾਂ ਨਾਂ ਜੀ ਐੱਨ ਰਾਮਾਚੰਦਰਨ ਦਾ ਲਿਆ ਜਾ ਸਕਦਾ ਹੈ। ਉਸ ਨੇ ਮਨੁੱਖੀ ਸਰੀਰ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਪ੍ਰੋਟੀਨ ਕੋਲੇਜਨ (collagen) ਦੀ ਤ੍ਰੈ-ਕੁੰਡਲੀਨੁਮਾ (ਟਰਿਪਲ ਹੈਲੀਕਲ) ਸੰਰਚਨਾ ਅਤੇ ਜੈਵ-ਅਣਵਿਕ ਸੰਰਚਨਾਵਾਂ ਦੇ ਖੇਤਰ ਵਿੱਚ ਕਾਫ਼ੀ ਉੱਚ ਪੱਧਰ ਦਾ ਖੋਜ ਕਾਰਜ ਕੀਤਾ ਸੀ। ਉਸ ਦਾ ਨਾਂ ਨੋਬੇਲ ਪੁਰਸਕਾਰ ਲਈ ਨਾਮਜ਼ਦ ਵੀ ਕੀਤਾ ਗਿਆ ਸੀ, ਪਰ ਨੋਬੇਲ ਪੁਰਸਕਾਰ ਲਈ ਉਸ ਨੂੰ ਕਦੇ ਵਿਚਾਰਿਆ ਨਹੀਂ ਗਿਆ। ਸੱਤਵਾਂ ਨਾਮ ਪੰਜਾਬ ਦੇ ਮੋਗੇ ਸ਼ਹਿਰ ਦੇ ਨਰਿੰਦਰ ਸਿੰਘ ਕਪਾਨੀ ਦਾ ਆਉਂਦਾ ਹੈ। ਉਸ ਦੀ ਖੋਜ ‘ਔਪਟਿਕ ਫਾਈਬਰ ਰਾਹੀਂ ਪ੍ਰਕਾਸ਼ ਦਾ ਸੰਚਾਰ’ ਨੂੰ ਅਣਗੌਲਿਆਂ ਕਰ ਕੇ ਇਸੇ ਖੇਤਰ ਵਿੱਚ ਨੋਬੇਲ ਪੁਰਸਕਾਰ ਚਾਰਲਸ ਕਾਓ ਨੂੰ ਦੇ ਦਿੱਤਾ ਗਿਆ। ਕਪਾਨੀ ਇਸ ਖੋਜ ਦਾ ਪਹਿਲਾ ਦਾਅਵੇਦਾਰ ਸੀ ਅਤੇ ਨੋਬੇਲ ਪੁਰਸਕਾਰ ਦਾ ਹੱਕਦਾਰ ਵੀ। ਇਸ ਲੜੀ ਵਿੱਚ ਹੋਰ ਪੰਜ-ਸੱਤ ਖੋਜੀਆਂ ਦੇ ਨਾਵਾਂ ਨੂੰ ਜੋੜਿਆ ਵੀ ਜਾ ਸਕਦਾ ਹੈ, ਪਰ ਸਾਨੂੰ ਉਨ੍ਹਾਂ ਕਾਰਨਾਂ ਉਪਰ ਜ਼ਰੂਰ ਝਾਤ ਮਾਰਨੀ ਚਾਹੀਦੀ ਹੈ, ਜਿਨ੍ਹਾਂ ਕਰ ਕੇ ਅਸੀਂ ਆਪਣੀਆਂ ਵੱਡੀਆਂ ਖੋਜ ਪ੍ਰਾਪਤੀਆਂ ਨੂੰ ਵਿਸ਼ਵ ਪੱਧਰ ’ਤੇ ਮਿਲਣ ਵਾਲੇ ਪੁਰਸਕਾਰਾਂ ਵਿੱਚ ਤਬਦੀਲ ਨਹੀਂ ਕਰ ਸਕੇ। ਮੇਰੇ ਜ਼ਿਹਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਹਨ:
•ਇਹ ਵੀ ਹੋ ਸਕਦਾ ਹੈ ਕਿ ਭਾਰਤੀ ਖੋਜੀ ਕਿਸੇ ਭੇਦ-ਭਾਵ ਜਾਂ ਵਿਤਕਰੇ ਦਾ ਸ਼ਿਕਾਰ ਹੋ ਰਹੇ ਹੋਣ। ਯੂਰੋਪੀਅਨ ਮੁਲਕ ਏਸ਼ੀਅਨਾਂ ਦੇ ਖੋਜ ਕਾਰਜ ਨੂੰ ਨਜ਼ਰਅੰਦਾਜ਼ ਕਰ ਕੇ, ਉਨ੍ਹਾਂ ਦੀ ਖੋਜ ਹਥਿਆ ਕੇ, ਦਾਅਪੇਚ ਲੜਾ ਕੇ ਆਪਣੇ ਖੋਜੀਆਂ ਨੂੰ ਪੁਰਸਕਾਰ ਦੇਣ ਨੂੰ ਤਰਜੀਹ ਦਿੰਦੇ ਆਏ ਹਨ।
• ਸਵਾਲ ਇਹ ਵੀ ਉੱਠਦਾ ਹੈ ਕਿ ਕੀ ਸਾਡੇ ਵਿਗਿਆਨੀਆਂ ਦੇ ਖੋਜ ਕਾਰਜ ਵਿੱਚ ਵਧੇਰੇ ਗੁਣਾਤਮਕਤਾ ਨਹੀਂ? ਕੀ ਸਾਡੀ ਖੋਜ ਤੇ ਵਿਕਾਸ ਨਾਲੋਂ ਨਾਲ ਨਹੀਂ ਤੁਰਦੇ? ਕੀ ਸਰਕਾਰਾਂ ਦੇ ਨੀਤੀ ਘੜਨ ਵਿੱਚ ਕਿਤੇ ਕਮੀਆਂ ਤਾਂ ਨਹੀਂ ਰਹਿ ਜਾਂਦੀਆਂ?
• ਸੰਯੁਕਤ ਰਾਜ ਅਮਰੀਕਾ, ਇੰਗਲੈਂਡ ਵਿੱਚ ਅੱਜ ਵੀ ਖੋਜ ਕਾਰਜ ਅਤੇ ਵਿਕਾਸ ਵਿਸ਼ਵ ਵਿਦਿਆਲਿਆਂ ਦੀ ਜ਼ਿੰਮੇਵਾਰੀ ਹਨ। ਖੋਜਾਂ ਵਿਸ਼ਵ ਵਿਦਿਆਲਿਆਂ ਤੋਂ ਨਿਕਲਦੀਆਂ ਹਨ ਤਾਂ ਤਕਨੀਕ ਅਤੇ ਉਤਪਾਦ ਤਿਆਰ ਹੁੰਦੇ ਹਨ। ਸਾਡੀਆਂ ਯੂਨੀਵਰਸਿਟੀਆਂ ਵਿੱਚ ਖੋਜ ਕਾਰਜ ਅਤੇ ਵਿਕਾਸ ਦਾ ਸਬੰਧ ਇਸ ਤਰ੍ਹਾਂ ਦਾ ਨਹੀਂ ਹੈ। ਸਾਡੇ ਮੁਲਕ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪ੍ਰਯੋਗਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ। ਇਨ੍ਹਾਂ ਵਿੱਚ ਹੀ ਖੋਜ, ਤਕਨੀਕ ਉਤਪਾਦ ਅਤੇ ਵਿਕਾਸ ਦਾ ਨਿਰਣਾ ਹੁੰਦਾ ਹੈ। ਇਨ੍ਹਾਂ ਨੂੰ ਹੀ ਭਰਪੂਰ ਸਰਕਾਰੀ ਮਦਦ ਮਿਲਦੀ ਹੈ। ਆਮ ਤੌਰ ’ਤੇ ਯੂਨੀਵਰਸਿਟੀਆਂ ਤਾਂ ਇੱਥੇ ਫੰਡ ਉਡੀਕਦੀਆਂ, ਹੋਂਦ ਬਚਾਉਣ ਲਈ ਜੱਦੋ-ਜਹਿਦ ਕਰਦੀਆਂ ਜਾਪਦੀਆਂ ਹਨ। ਖੋਜ ਤੇ ਵਿਕਾਸ ਤਾਂ ਦੂਰ ਦੀ ਗੱਲ ਹੈ, ਪਰ ਇਸ ਨੂੰ ਵੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਖੋਜਸ਼ਾਲਾਵਾਂ ਦਾ ਤਾਲਮੇਲ ਯੂਨੀਵਰਸਿਟੀ ਵਿੱਚ ਹੋ ਰਹੇ ਖੋਜ ਕਾਰਜ ਨਾਲ ਹੋਣਾ ਚਾਹੀਦਾ ਹੈ।
• ਸੰਨ 2010 ਵਿੱਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਲਾਲ ਫੀਤਾਸ਼ਾਹੀ ਅਤੇ ਰਾਜਨੀਤਕ ਦਖਲਅੰਦਾਜ਼ੀ ਭਾਰਤੀ ਵਿਗਿਆਨ ਦੀ ਗੁਣਾਤਮਿਕ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਸ ਗੱਲ ਵਿੱਚ ਕਿੰਨਾ ਕੁ ਵਜ਼ਨ ਹੈ? ਸੋਚ ਵਿਚਾਰ ਕਰਨੀ ਬਣਦੀ ਹੈ।
•ਸਾਡੇ ਖੋਜੀ ਦਿਮਾਗ਼, ਕੁਸ਼ਲ ਡਾਕਟਰ, ਇੰਜੀਨੀਅਰ ਤਾਂ ਜਹਾਜ਼ ਭਰ-ਭਰ ਯੂਰੋਪ ਵੱਲ ਜਾ ਰਹੇ ਹਨ। ਸਾਡੇ ਖੋਜੀ ਖੋਜ ਕਰਨ ਨਾਲ਼ੋਂ ਸੁਰੱਖਿਅਤ ਨੌਕਰੀ ਅਤੇ ਵੱਧ ਪੈਸੇ ਕਮਾਉਣ ਨੂੰ ਤਰਜੀਹ ਦਿੰਦੇ ਹਨ। ਖੋਜ ਕਾਰਜਾਂ ਨੂੰ ਵਕਤ ਬਰਬਾਦ ਕਰਨਾ ਸਮਝਦੇ ਹਨ। ਕੀ ਇਹ ਸਾਡੀ ਤ੍ਰਾਸਦੀ ਨਹੀਂ? ਜਾਂ ਸਾਡਾ ਪ੍ਰਬੰਧ ਕਿਸੇ ਪੱਖੋਂ ਊਣਾ ਹੈ?
• ਸਾਡੇ ਸਿੱਖਿਆ ਪ੍ਰਬੰਧ ਵਿੱਚ ਬੱਚੇ ਦੀ ਪ੍ਰਤਿਭਾ ਅਤੇ ਬੁੱਧੀ ਦਾ ਮੁਲਾਂਕਣ ਘੋਟਾ ਲਾਏ ਪ੍ਰਸ਼ਨਾਂ ਦੇ ਉੱਤਰ ਲਿਖ ਦੇਣ ਨਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਖੋਜ ਪ੍ਰਤੀ ਰੁਚੀ ਕਿਵੇਂ ਪੈਦਾ ਹੋਵੇਗੀ ਅਤੇ ਖੋਜੀਆਂ ਦੀ ਪਹਿਲੇ ਪੱਧਰ ’ਤੇ ਪਛਾਣ ਕਿਵੇਂ ਹੋਵੇਗੀ?
• ਇਹ ਵੀ ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਸਾਡੇ ਖੋਜੀ ਖੋਜ ਪ੍ਰਤੀ ਜਨੂੰਨੀ ਸੁਭਾਅ ਵਾਲੇ ਕਿਉਂ ਨਹੀਂ? ਇਹ ਖੋਜ ਕਰਦੇ ਕਰਦੇ ਖੋਜ ਨੂੰ ਇੱਕ ਚੁਣੌਤੀ ਭਰੇ ਮੋੜ ’ਤੇ ਕਿਉਂ ਛੱਡ ਜਾਂਦੇ ਹਨ ਜਾਂ ਚੁਣੌਤੀ ਦਾ ਸਾਹਮਣਾ ਕਰਕੇ ਕੁਝ ਨਵਾਂ ਤਲਾਸ਼ਣ ਦਾ ਦਮ ਨਹੀਂ ਦਿਖਾਉਂਦੇ? ਯੂਰੋਪੀਅਨ ਵਿਗਿਆਨੀਆਂ ਤੇ ਸਾਡੇ ਵਿਗਿਆਨੀਆਂ ਵਿੱਚ ਕੋਈ ਨਾ ਕੋਈ ਫ਼ਰਕ ਤਾਂ ਜ਼ਰੂਰ ਹੋਵੇਗਾ, ਜਿਸ ਕਰਕੇ ਨੋਬੇਲ ਪੁਰਸਕਾਰ ਅਕਸਰ ਉਨ੍ਹਾਂ ਦੀ ਹੀ ਝੋਲੀ ਵਿੱਚ ਜਾ ਪੈਂਦੇ ਹਨ। ਅਸੀਂ ਤਾਂ ਜਾਪਾਨੀ ਅਤੇ ਜਰਮਨ ਖੋਜੀਆਂ ਦੇ ਮੁਕਾਬਲੇ ਵਿੱਚ ਵੀ ਬਹੁਤ ਪੱਛੜੇ ਹੋਏ ਹਾਂ। ਉਨ੍ਹਾਂ ਦਾ ਨਾਂ ਅਕਸਰ ਨੋਬੇਲ ਪੁਰਸਕਾਰਾਂ ਵਿੱਚ ਆਉਂਦਾ ਰਹਿੰਦਾ ਹੈ।
• ਦੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਵਿਦਿਆਰਥੀ ਖੋਜ ਕਰਨ ਵਿੱਚ ਰੁਚਿਤ ਹੁੰਦੇ ਹਨ, ਉਨ੍ਹਾਂ ਦਾ ਯੂਨੀਵਰਸਿਟੀਆਂ ਜਾਂ ਪ੍ਰਯੋਗਸ਼ਾਲਾਵਾਂ ਵਿੱਚ ਸਿੱਧਾ ਦਾਖ਼ਲਾ ਨਹੀਂ ਹੁੰਦਾ।
ਰਾਜਸੀ ਦਬਾਅ ਜਾਂ ਦਖਲਅੰਦਾਜ਼ੀ ਵੀ ਇਸ ਸੰਦਰਭ ਵਿੱਚ ਆਪਣੀ ਨਾਂਹ-ਪੱਖੀ ਭੂਮਿਕਾ ਨਿਭਾਉਂਦੀ ਹੈ। ਇਸ ਕਰਕੇ ਅਸੀਂ ਆਪਣੇ ਮੁਲਕ ਦੀ ਬੇਸ਼ਕੀਮਤੀ ਬੁੱਧੀ ਅਤੇ ਹੁਨਰ ਨੂੰ ਅਜਾਈਂ ਗੁਆ ਰਹੇ ਹਾਂ। ਸਾਡੇ ਵਿੱਚ ਰੋਹ ਕਿਉਂ ਨਹੀਂ ਜਾਗਦਾ ਕਿ ਅਸੀਂ ਅੱਗੇ ਵਧ ਰਹੇ ਦੇਸ਼ਾਂ ਜਿੰਨੇ ਨੋਬੇਲ ਪੁਰਸਕਾਰ ਜੇਤੂ ਕਿਉਂ ਨਹੀਂ ਪੈਦਾ ਕਰ ਸਕੇ? ਆਓ, ਜ਼ਰਾ ਬੈਠ ਕੇ ਚਿੰਤਨ ਮੰਥਨ ਤਾਂ ਕਰੀਏ।

