ਮੈਂ ਵੀ ਨੋਬੇਲ ਸ਼ਾਂਤੀ ਪੁਰਸਕਾਰ ਦਾ ਹੱਕਦਾਰ..!
ਦੇਸ਼-ਦੁਨੀਆ ਦੇ ਉੱਘੇ ਲੀਡਰਾਂ ਦੀਆਂ ਤਮੰਨਾਵਾਂ ਨੂੰ ਦੇਖ ਕੇ ਡਾ. ਮੰਗੂ ਰਾਮ ਬਿਮਾਰੀ ਦੇ ਅਰਮਾਨਾਂ ਨੇ ਵੀ ਕਰਵਟ ਬਦਲੀ। ਉਸ ਨੇ ਆਪਣੇ ਲਾਲਚ ਤੇ ਹਉਮੈ ਨੂੰ ਪੱਠੇ ਪਾਉਣ ਲਈ ਸਮਾਜ ਸੇਵਾ ਦੇ ਕੰਮ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੇ...
ਦੇਸ਼-ਦੁਨੀਆ ਦੇ ਉੱਘੇ ਲੀਡਰਾਂ ਦੀਆਂ ਤਮੰਨਾਵਾਂ ਨੂੰ ਦੇਖ ਕੇ ਡਾ. ਮੰਗੂ ਰਾਮ ਬਿਮਾਰੀ ਦੇ ਅਰਮਾਨਾਂ ਨੇ ਵੀ ਕਰਵਟ ਬਦਲੀ। ਉਸ ਨੇ ਆਪਣੇ ਲਾਲਚ ਤੇ ਹਉਮੈ ਨੂੰ ਪੱਠੇ ਪਾਉਣ ਲਈ ਸਮਾਜ ਸੇਵਾ ਦੇ ਕੰਮ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੇ ਸਨ, ਪਰ ਕਈ ਵਾਰ ਹਾਲਾਤ ਹੀ ਅਜਿਹੇ ਬਣ ਜਾਂਦੇ ਕਿ ਕੰਮ ਆਪਣੇ ਆਪ ਹੀ ਲੋਕ ਸੇਵਾ ’ਚ ਗਿਣਿਆ ਜਾਂਦਾ ਅਤੇ ਨਾ ਹੀ ਮੰਗੂ ਰਾਮ ਤੇ ਨਾ ਹੀ ਉਸ ਦੀ ਪਤਨੀ ਕੱਕੋ ਮੌਕਾ ਹੱਥੋਂ ਜਾਣ ਦਿੰਦੇ। ਪਹਿਲਾਂ ਤਾਂ ਉਸ ਨੇ ‘ਕਰਮ ਕੀਏ ਜਾ ਫਲ ਕੀ ਇੱਛਾ ਮੱਤ ਰੱਖ ਰੇ ਇਨਸਾਨ’ ਉੱਪਰ ਅਮਲ ਕਰਦਿਆਂ ਕਿਸੇ ਇਨਾਮ-ਸ਼ਨਾਮ ਬਾਰੇ ਸੋਚਿਆ ਨਹੀਂ ਸੀ। ਇਹ ਤਾਂ ਮੁਲਕਾਂ ਦੇ ਥਾਣੇਦਾਰਾਂ ਵੱਲੋਂ ਨੋਬੇਲ ਸ਼ਾਂਤੀ ਪੁਰਸਕਾਰ ਲਈ ਜਤਾਏ ਜਾ ਰਹੇ ਆਪਣੇ ਹੱਕ ਅਤੇ ਦੇਸ਼ਾਂ ਵਿੱਚ ਹੋ ਰਹੀਆਂ ਜੰਗਾਂ ਬੰਦ ਕਰਵਾਉਣ ਦੇ ਫੋਕੇ ਦਾਅਵਿਆਂ ਨੂੰ ਸੁਣ ਕੇ ਮੰਗੂ ਰਾਮ ਵੀ ਸੋਚਣ ਲਈ ਮਜਬੂਰ ਹੋ ਗਿਆ, ‘ਯਾਰ, ਮੈਂ ਵੀ ਅੱਜ ਤੱਕ ਅਨੇਕਾਂ ਖ਼ਤਰਨਾਕ ਯੁੱਧ ਬੰਦ ਕਰਵਾਏ ਹਨ। ਸਿਰਫ਼ ਮਨੁੱਖਾਂ ਦੇ ਹੀ ਨਹੀਂ ਸਗੋਂ ਜਾਨਵਰਾਂ ਤੇ ਪੰਛੀਆਂ ਦੇ ਵੀ। ਆਹ, ਕੁਝ ਹੀ ਦਿਨਾਂ ਦੀ ਗੱਲ ਹੈ ਜਿਹੜਾ ਪਾਰਕ ਲੋਕਾਂ ਲਈ ਸੈਰਗਾਹ ਬਣਿਆ ਹੋਇਆ ਹੈ, ਉੱਥੇ ਹੀ ਕਈ ਕੁੱਤਾ-ਫੈਮਿਲੀਆਂ ਆਪਣਾ ਰੈਣ ਬਸੇਰਾ ਬਣਾਈ ਬੈਠੀਆਂ ਹਨ। ਕਈ ਫੈਮਿਲੀਆਂ ਵਿੱਚ ਇੱਕ-ਦੂਜੇ ਨੂੰ ਦੇਖ ਕੇ ਅਕਸਰ ਯੁੱਧ ਦੇ ਹਾਲਾਤ ਬਣੇ ਰਹਿੰਦੇ ਹਨ। ਇੱਕ ਦਿਨ ਤਾਂ ਹੱਦ ਹੀ ਹੋ ਗਈ, ਜਦ ਦੋ ਫੈਮਿਲੀਆਂ ਦੇ ਕਮਾਂਡਰ-ਕਮਾਂਡਰਨੀਆਂ ਵਿਰੋਧੀ ਧਿਰ ਨੂੰ ਕੌੜੀ ਨਜ਼ਰ ਨਾਲ ਦੇਖ ਰਹੇ ਸਨ। ਮੈਨੂੰ ਤਾਂ ਲੱਗਿਆ ਸੀ ਕਿ ਗਲੀਆਂ ਵਿੱਚ ਹੁੰਦੀ ਔਰਤਾਂ ਦੀ ਮਿਹਣੋ-ਮਿਹਣੀ ਦੀ ਲੜਾਈ ਵਾਂਗ ਇੱਥੇ ਹੀ ਵਿਸ਼ਰਾਮ ਲੱਗ ਜਾਵੇਗਾ, ਪਰ ਨਹੀਂ, ਇਹ ਤਾਂ ਪਲੋ-ਪਲੀ ਵਧਦੀ ਹੀ ਗਈ। ਰੂਸ-ਯੂਕਰੇਨ ਦੀ ਲੜਾਈ ਵਾਂਗ ਗੱਲ ਮਰਨ-ਮਾਰਨ ਤੱਕ ਪਹੁੰਚਦੀ ਲੱਗਦੀ ਸੀ। ਦੋਵੇਂ ਧਿਰਾਂ ਦੀ ਲੜਾਈ ਨੂੰ ਦੇਖ ਕੇ ਸੈਰ ਕਰਨ ਆਏ ਲੋਕਾਂ ਨੇ ਪ੍ਰੇਸ਼ਾਨ ਤਾਂ ਹੋਣਾ ਹੀ ਸੀ, ਕਈਆਂ ਨੇ ਪੁਚਕਾਰ-ਤਰੀਕਾ, ਕਈਆਂ ਨੇ ਰੋੜਾ-ਤਰੀਕਾ, ਕਈਆਂ ਨੇ ਡਾਂਗ-ਤਰੀਕਾ ਇੱਥੋਂ ਤੱਕ ਕਿ ਕਈ ਲੋਕ ਭੱਜ ਕੇ ਘਰ ਗਏ ਤੇ ਰੋਟੀਆਂ-ਤਰੀਕਾ ਵਰਤ ਕੇ ਦੇਖ ਲਿਆ, ਪਰ ਦੋਵੇਂ ਫੈਮਿਲੀਆਂ ਟਸ ਤੋਂ ਮੱਸ ਨਾ ਹੋਈਆਂ। ਮੇਰੇ ਮਨ ਵਿਚਲਾ ਸਮਾਜ ਸੇਵੀ ਕੀੜਾ ਕੁਰਬਲ-ਕੁਰਬਲ ਕਰ ਉੱਠਿਆ, ਅਖੇ, ਯਾਰ ਜੇ ਇਹ ਲੜਨੋਂ ਨਾ ਹਟੇ ਤਾਂ ਪਾਰਕ ਨੂੰ ਜੰਗ ਦਾ ਮੈਦਾਨ ਬਣਾ ਦੇਣਗੇ ਅਤੇ ਪਤਾ ਨਹੀਂ ਕਿੰਨੀਆਂ ਲਾਸ਼ਾਂ ਇੱਥੇ ਵਿਛ ਜਾਣ। ਰੋਕਣ ਲਈ ਦੋਵਾਂ ਧਿਰਾਂ ਨੂੰ ਖ਼ਬਰਦਾਰ ਕਰਨ ਲਈ ਮੈਂ ਕੜਕਿਆ, ‘‘ਗੱਲ ਸੁਣੋ ਮੇਰੇ ਭਰਾਵੋ..!’’ ਉਹ ਇਕਦਮ ਚੀਕੇ, ‘‘ਸਾਨੂੰ ਭਰਾ ਨਾ ਕਹਿ, ਅਸੀਂ ਤਾਂ ਕੁੱਤੇ ਹੀ ਠੀਕ ਆਂ। ਮਨੁੱਖ ਦਾ ਦਰਜਾ ਦੇ ਕੇ ਸਾਡੀ ਬੇਇੱਜ਼ਤੀ ਨਾ ਕਰ।’’ ਮੈਨੂੰ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਮੈਂ ਕਿਹਾ, ‘‘ਚਲੋ... ਮੈਨੂੰ ਮੁਆਫ਼ ਕਰ ਦਿਓ! ਮੇਰੀ ਅਰਜ਼ ਹੈ ਦੋਸਤੋ, ਜਿਹੜੇ ਪਾਰਕ ਨੂੰ ਤੁਸੀਂ ਜੰਗ ਦਾ ਮੈਦਾਨ ਬਣਾਉਣ ਜਾ ਰਹੇ ਹੋ, ਬੜੇ ਵਸੀਲਿਆਂ ਨਾਲ ਇਸ ਦੀ ਜ਼ਮੀਨ ਜ਼ਮੀਨ ਚੋਰਾਂ ਦੇ ਗਰੋਹ ਤੋਂ ਛੁਡਵਾਈ ਹੈ। ਕਈ ਜਥੇਬੰਦੀਆਂ ਨੇ ਸੰਘਰਸ਼ਾਂ ਦੇ ਬਿਗਲ ਵਜਾਏ ਤਾਂ ਜਾ ਕੇ ਇਹ ਜਗ੍ਹਾ ਉਨ੍ਹਾਂ ਦੇ ਚੁੰਗਲ ’ਚੋਂ ਛੁਡਾਈ ਜਾ ਸਕੀ। ਇੱਥੇ ਤੁਸੀਂ ਸਕੂਨ ਨਾਲ ਆਰਾਮ ਕਰਦੇ ਹੋ ਤੇ ਤੁਸੀਂ ਹੁਣ ਇਸ ਨੂੰ ਜੰਗ ਦਾ ਅਖਾੜਾ ਬਣਾ ਕੇ ਜ਼ਮੀਨ ਚੋਰਾਂ ਨੂੰ ਸੱਦਾ ਦੇ ਰਹੇ ਹੋ, ‘ਆ ਬੈਲ ਮੁਝੇ ਮਾਰ!’ ਉਹ ਆ ਕੇ ਫਿਰ ਨੱਪ ਲੈਣਗੇ। ਤੁਹਾਡੇ ਮਾਰਨਗੇ ਚਾਰ ਡਾਂਗਾਂ। ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਤੁਹਾਨੂੰ ਪਿੰਜਰਿਆਂ ’ਚ ਬੰਦ ਕਰਵਾ ਦੇਣ, ਫਿਰ ਉੱਥੇ ਬੈਠੇ ਰੋਇਓ।’’ ਉਨ੍ਹਾਂ ਦੇ ਇਹ ਗੱਲ ਮਨ ਨੂੰ ਲੱਗ ਗਈ, ਪਰ ਲੜਾਈ ਸ਼ੁਰੂ ਕਰਨ ਦਾ ਜ਼ਿੰਮਾ ਆਪਣੇ ਸਿਰ ਲੈਣ ਨੂੰ ਕੋਈ ਤਿਆਰ ਨਹੀਂ ਸੀ, ‘‘ਪਹਿਲਾਂ ਇਹਨੇ ਸ਼ੁਰੂ ਕੀਤੀ, ਪਹਿਲਾਂ ਇਨ੍ਹਾਂ ਲੜਾਈ ਸ਼ੁਰੂ ਕੀਤੀ’’ ਦਾ ਰੌਲਾ ਪਾਉਣ ਲੱਗੇ...! ਜਦੋਂ ਉਹ ਨਾ ਹੀ ਹਟੇ ਤਾਂ ਮੈਂ ਵੀ ਘੁਰਕੀ ਦੇ ਦਿੱਤੀ, ‘‘ਜੇ ਤੁਸੀਂ ਯੁੱਧ ਬੰਦ ਨਾ ਕੀਤਾ ਤਾਂ ਸਮਝੋ ਤੁਹਾਡਾ ਨੁਕਸਾਨ ਵੱਟ ’ਤੇ ਪਿਐ। ਜਿਹੜੇ ਆਹ ਲੋਕ ਤੁਹਾਡੇ ਅਤੇ ਤੁਹਾਡੇ ਬੱਚਿਆਂ ਲਈ ਵੰਨ-ਸੁਵੰਨੇ ਖਾਣੇ ਲਿਆਉਂਦੇ ਨੇ, ਕਿਸੇ ਹੋਰ ਪਾਰਕ ਦੇ ਕੁੱਤਿਆਂ ਲਈ ਲੈ ਜਾਣਗੇ।’’ ਸ਼ੁਕਰ ਸੀ, ਦੋਵੇਂ ਧਿਰਾਂ ਦੀਆਂ ਜੱਫੀਆਂ ਪੈ ਗਈਆਂ, ਮਸਲੇ ਬੈਠ ਕੇ ਸੁਲਝਾਉਣ ਲਈ ਰਾਜ਼ੀ ਹੋ ਗਏ।
ਹੁਣ ਤੁਸੀਂ ਦੱਸੋ ਇਨ੍ਹਾਂ ਜਾਨਵਰਾਂ ਦੀ ਜੰਗ ਦਾ ਅੰਤ ਕਰਵਾ ਕੇ ਧਰਤੀ ਉੱਪਰ ਅਮਨ ਚੈਨ ਦੀ ਪ੍ਰਕਿਰਿਆ ’ਚ ਪਾਏ ਮੇਰੇ ਯੋਗਦਾਨ ਨੂੰ ਕੌਣ ਨਕਾਰ ਸਕਦਾ ਹੈ?
ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ। ਸਾਡੀ ਗਲੀ ਵਿੱਚ ਪੈਂਦੇ ਰੋਜ਼ ਦੇ ਘਮਸਾਣ ਨੂੰ ਮੈਂ ਬੰਦ ਕਰਵਾਇਆ। ਹੋਇਆ ਇੰਝ ਕਿ ਦਹਾਕਿਆਂ ਪਹਿਲਾਂ ਵੀਹ ਫੁੱਟ ਚੌੜੀਆਂ ਗਲੀਆਂ ਦੇ ਏਰੀਏ ਨੇ ਅੱਜ ਤੱਕ ਸੈਂਕੜੇ ਵਾਰ ਆਪਣੇ ਉੱਪਰ ਪਰਤਾਂ ਚੜ੍ਹਵਾਈਆਂ। ਜ਼ਾਹਿਰ ਹੈ, ਗਲੀਆਂ ਵਧੀਆ ਬਣ ਗਈਆਂ, ਘਰ-ਮਕਾਨ ਆਲੀਸ਼ਾਨ ਕੋਠੀਆਂ ਬਣ ਗਏ। ਕੁਦਰਤੀ ਹੈ ਆਲੀਸ਼ਾਨ ਕੋਠੀ ਦਾ ਗੇਟ ਵੀ ਖੁੱਲ੍ਹਾ-ਡੁੱਲ੍ਹਾ ਆਲੀਸ਼ਾਨ ਹੀ ਬਣੇਗਾ ਅਤੇ ਸਾਡੇ ਲੋਕ ਐਨੇ ਦਰਿਆ ਦਿਲ ਹਨ ਕਿ ਮਕਾਨ ਜਾਂ ਕੋਠੀ ਲਈ ਪੰਜ ਸੌ ਗਜ਼ ਜਗ੍ਹਾ ਵੀ ਹੋਵੇ ਤਾਂ ਵੀ ਗੇਟ ਅੱਗੇ ਰੈਂਪ ਗਲੀ ਦੇ ਥਾਂ ’ਚ ਹੀ ਬਣਾਉਣਗੇ। ਸਾਡੇ ਲੋਕਾਂ ਨੇ ਵੀ ਬਣਾਏ। ਗਲੀ ਕਿਤੋਂ ਦਸ ਫੁੱਟ, ਕਿਤੋਂ ਬਾਰਾਂ-ਤੇਰਾਂ ਫੁੱਟ ਅਤੇ ਜਿੱਥੇ ਕਿਤੇ ਦੋ ਘਰਾਂ ਦੇ ਆਹਮੋ-ਸਾਹਮਣੇ ਗੇਟ ਆ ਗਏ ਤਾਂ ਗਲੀ ਵਿਚਾਰੀ ਸੁੰਗੜ ਕੇ 8 ਫੁੱਟ ਹੀ ਰਹਿ ਗਈ। ਜਦੋਂ ਕੋਠੀਆਂ ਬਣ ਗਈਆਂ ਤਾਂ ਕੁਦਰਤੀ ਹੈ ਕਾਰਾਂ ਵੀ ਆਉਣਗੀਆਂ। ਬਹੁਤੇ ਘਰਾਂ ਦੇ ਬੱਚੇ ਵੱਡੀਆਂ-ਵੱਡੀਆਂ ਨੌਕਰੀਆਂ ਉਪਰ ਵੱਡੇ-ਵੱਡੇ ਸ਼ਹਿਰਾਂ ਵਿੱਚ ਜਾਂ ਸਾਧਨ ਸੰਪੰਨ ਦੇਸ਼ਾਂ ਨੂੰ ਚਲੇ ਗਏ। ਘਰਾਂ ’ਚ ਬਚੇ ਦੋ-ਦੋ ਜੀਆਂ ਨੇ ਟਾਈਮ ਪਾਸ ਕਰਨ ਲਈ ਜਿੱਥੇ ਜਾਨਵਰ ਪਾਲ ਲਏ ਉੱਥੇ ਦੋ-ਦੋ ਤਿੰਨ-ਤਿੰਨ ਕਾਰਾਂ ਵੀ ਪਾਲ ਲਈਆਂ। ਰਾਤ-ਬਰਾਤੇ ਚੋਰੀਆਂ ਤੋਂ ਬਚਾਅ ਲਈ ਗਲੀ ਦੇ ਲੋਕਾਂ ਨੇ ਰਲ ਕੇ ਰਾਤ ਲਈ ਚੌਕੀਦਾਰ ਵੀ ਰੱਖ ਲਿਆ। ਰਾਤਾਂ ਲਈ ਕਾਰਾਂ ਦੀ ਸੁਰੱਖਿਆ ਕੀ ਹੋਈ, ਲੋਕਾਂ ’ਚ ਸੁਸਤੀ ਵੀ ਜਾਗ ਪਈ। ਜਿਹੜੇ ਪਹਿਲਾਂ ਕਾਰਾਂ ਨੂੰ ਘਰਾਂ ਅੰਦਰ ਬੁੱਕਲ ’ਚ ਸੰਭਾਲਦੇ ਸਨ, ਸਾਰੀਆਂ ਹੀ ਗਲੀ ’ਚ ਖੜ੍ਹਾਉਣ ’ਚ ਫ਼ਖਰ ਸਮਝਣ ਲੱਗ ਪਏ। ਉਂਝ ਜਿਵੇਂ ਸਾਨੂੰ ਵੰਨ-ਸੁਵੰਨਤਾ ਬੜੀ ਵਧੀਆ ਲੱਗਦੀ ਹੈ, ਉਸੇ ਤਰ੍ਹਾਂ ਇਕੱਲੀਆਂ ਕਾਰਾਂ ਹੀ ਗਲੀ ’ਚ ਖੜ੍ਹੀਆਂ ਚੰਗੀਆਂ ਜਿਹੀਆਂ ਲੱਗਣੋਂ ਹਟ ਗਈਆਂ ਤੇ ਸਾਰਿਆਂ ਨੇ ਹੀ ਸਕੂਟਰ ਸਾਈਕਲ ਕਾਰਾਂ ਦੇ ਨੇੜੇ, ਜਿੱਥੇ ਜਗ੍ਹਾ ਮਿਲੀ, ਘਸੋੜ ਦਿੰਦੇ। ਕਸਮ ਨਾਲ ਕਿਸੇ ਬੰਦੇ ਦੀ ਜੁਰਅੱਤ ਨਹੀਂ ਸੀ ਕਿ ਉਹ ਸਾਹਮਣੇ ਵੇਂਹਦਾ ਤੁਰਦਾ ਜਾਂਦਾ ਆਪਣੇ ਸਰੀਰ ਨੂੰ ਸਿੱਧਾ ਰੱਖ ਸਕਦਾ। ਪਾਸੇ ਜਿਹੇ ਬਚਾ ਕੇ ਹੀ ਗਲੀ ਵਿਚਦੀ ਲੰਘ ਸਕਦਾ ਸੀ। ਹੁਣ ਤੁਸੀਂ ਦੇਖੋ ਵੀਹ ਫੁੱਟ ਚੌੜੀ ਗਲੀ- ਕੁਝ ਤਾਂ ਫੁੱਟ-ਰੈਂਪਾਂ ਨੇ ਖਾ ਲਈ, ਕੁਝ ਕਾਰਾਂ ਨੇ ਹੜੱਪ ਲਈ, ਫਿਰ ਆਉਂਦੇ-ਜਾਂਦੇ ਲੋਕਾਂ ਤਾਂ ਕੀ, ਗਲੀ ਵਾਲਿਆਂ ਨੂੰ ਵੀ ਤਕਲੀਫ਼ਾਂ ਤਾਂ ਆਉਣੀਆਂ ਹੀ ਸਨ। ਆਪਣੇ ਦੁੱਖ ਤਕਲੀਫ਼ਾਂ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ, ਉਨ੍ਹਾਂ ’ਤੇ ਗੁੱਸਾ ਕੱਢਣਾ, ਸਾਡੀ ਫ਼ਿਤਰਤ ਦਾ ਹਿੱਸਾ ਹੈ। ਉਹੀ ਹੋਇਆ... ਘਰਾਂ ਵਿੱਚ ਰਹਿੰਦੇ ਦੋ-ਦੋ ਜੀਅ ਜੋ ਤੁਰਨੋਂ ਭਾਵੇਂ ਔਖੇ ਸਨ, ਪਰ ਗੁਆਂਢੀਆਂ ਨਾਲ ਲੜਾਈ ਕਰਨ ਲਈ ਸ਼ੇਰ ਬਣ ਗਏ। ਸਵੇਰੇ-ਸ਼ਾਮ ਰੋਜ਼ ਹੀ ਘਮਸਾਣ ਮੱਚਿਆ ਰਹਿੰਦਾ। ਸਮਝੌਤਾ ਕਰਵਾਉਣ ਵਾਲੇ ਯਤਨ ਕਰਦੇ ਥੱਕ ਜਾਂਦੇ, ਪਰ ਲੜਨ ਵਾਲੇ ਨਾ ਥੱਕਦੇ, ਨਾ ਅੱਕਦੇ। ਗੱਲ ਤਣ-ਪੱਤਣ ਨਾ ਲੱਗਦੀ ਦੇਖ ਕੇ ਮੈਂ ਹੀ ਸਕੀਮ ਸੋਚੀ, ਕਮੇਟੀ ਦੇ ਅਹੁਦੇਦਾਰਾਂ ਨੂੰ ਸਮਝਾਇਆ ਕਿ ਕੁਝ ਸਮੇਂ ਲਈ ਚੌਕੀਦਾਰ ਹਟਾਓ। ਜਿਉਂ ਹੀ ਚੌਕੀਦਾਰ ਆਉਣੋਂ ਹਟਿਆ, ਚੋਰ-ਗੈਂਗ ਕੋਲ ਜਾਣਕਾਰੀ ਪਹਿਲਾਂ ਪਹੁੰਚ ਗਈ। ਦੋ-ਚਾਰ ਦਿਨ ਦੀ ਸ਼ਾਂਤੀ ਮਗਰੋਂ ਉਨ੍ਹਾਂ ਕਾਰਵਾਈ ਸ਼ੁਰੂ ਕਰ ਦਿੱਤੀ। ਇੱਕੋ ਰਾਤ ’ਚ ਹੀ ਦੋ ਕਾਰਾਂ ਦੇ ਟਾਇਰ, ਇੱਕ ਕਾਰ ਦੀ ਬੈਟਰੀ ਲਹਿ ਗਈ। ਭਾਵੇਂ ਪੁਲੀਸ ਕੋਲ ਸ਼ਿਕਾਇਤਾਂ ਹੋਈਆਂ, ਉਹ ਵਿਚਾਰੇ ਸਭ ਨੂੰ ਗੱਲੀ-ਬਾਤੀਂ ਹੌਸਲਾ ਦੇ ਕੇ ਤੋਰਦੇ ਰਹੇ ਤੇ ਉਧਰ ਵਿਚਾਰੇ ਚੋਰਾਂ ਨੂੰ ਫਾਈਵ ਸਟਾਰ ਹੋਟਲਾਂ ’ਚ ਖਾਣਾ ਖਾ ਕੇ ਸਬਰ ਕਰਨਾ ਪਿਆ। ਮੇਰੀ ਸਕੀਮ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਕਿਵੇਂ ਨਾ ਕਿਵੇਂ ਸਕੂਟਰ ਕਾਰਾਂ ਸਭ ਘਰਾਂ ਵਿੱਚ ਸੁਰੱਖਿਅਤ ਥਾਵਾਂ ’ਤੇ ਲੱਗਣ ਲੱਗ ਪਏ। ਗਲੀ ਵਿੱਚ ਲੜਾਈ ਦਾ ਹੁਣ ਕੋਈ ਕਾਰਨ ਨਾ ਰਹਿ ਗਿਆ। ਗਲੀਆਂ ਵਿੱਚ ਅਮਨ-ਅਮਾਨ ਰਹਿਣ ਦਾ ਮੈਂ ਰਾਹ ਖੋਲ੍ਹ ਦਿੱਤਾ। ਹੁਣ ਜੇ ਟਰੰਪ ਸਾਬ੍ਹ ਦੇ ਸਿਰ ਫੋਕੀਆਂ ਗੱਲਾਂ ਨਾਲ ਹੀ ਸਿਹਰਾ ਬੱਝ ਰਿਹਾ ਹੈ ਤਾਂ ਮੇਰਾ ਨਾਂ ਵੀ ਤਾਂ ਨੋਬੇਲ ਸ਼ਾਂਤੀ ਪੁਰਸਕਾਰ ਲਈ ਵਿਚਾਰਿਆ ਜਾਣਾ ਬਣਦਾ ਹੀ ਹੈ।
ਇਸੇ ਤਰ੍ਹਾਂ ਇੱਕ ਹੋਰ ਘਟਨਾ ਵੀ ਜ਼ਿਕਰਯੋਗ ਹੈ ਕਿ ਬੱਸ ਚੱਲਦੀ ਜਾ ਰਹੀ ਸੀ। ਬੱਸ ਵਿੱਚ ਲੜਾਈ-ਵਿਸਫੋਟ ਹੋਣੋਂ ਵੀ ਮੈਂ ਹੀ ਬਚਾਇਆ। ਹੋਇਆ ਇੰਝ ਕਿ ਘੋੜੇ ਵਾਲੀ ਬੱਸ ਥੱਕੇ ਹੋਏ ਘੋੜੇ ਵਾਂਗ ਤੁਰਦੀ ਆਪਣੀ ਮੰਜ਼ਿਲ ਵੱਲ ਵਧਦੀ ਜਾ ਰਹੀ ਸੀ ਤੇ ਬੱਸ ਵਿਚਾਰੀ ਭਰੀ ਹੀ ਨਹੀਂ ਸੀ ਸਗੋਂ ਸਵਾਰੀਆਂ ਨਾਲ ਲੱਦੀ ਹੋਈ ਸੀ। ਔਰਤਾਂ ਦੇ ਝੁੰਡ ਵਾਲੀ ਇਸ ਬੱਸ ਵਿੱਚ ਸੀਟ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਗੱਲ ਹੱਥੋਪਾਈ ਤੱਕ ਪਹੁੰਚਣ ਲੱਗੀ ਸੀ। ਅਸਲ ਵਿੱਚ ‘ਸਵਾ-ਫੁਲ ਵਟੇ ਫੁੱਲ’ ਬੱਸ ਵਿੱਚੋਂ ਇੱਕ ਸਵਾਰੀ ਨੇ ਉਤਰਨਾ ਸੀ। ਖਾਲੀ ਹੋ ਰਹੀ ਸੀਟ ਉਪਰ ਬੜੀ ਦੇਰ ਤੋਂ ਦੋ ਜਣੀਆਂ ਚੋਰ ਨਜ਼ਰ ਨਾਲ ਨਿਗ੍ਹਾ ਰੱਖੀ ਬੈਠੀਆਂ ਸਨ। ਦੋਵੇਂ ਬੀਬੀਆਂ ਵਿੱਚ ਸੀਟ ਪ੍ਰਾਪਤ ਕਰਨ ਲਈ ਖਿੱਚੋਤਾਣ ਸ਼ੁਰੂ ਹੋ ਗਈ। ਮੈਂ ਬੈਠੂੰ... ਮੈਂ ਬੈਠੂੰ... ਦਾ ਸ਼ੋਰ ਇੰਨਾ ਵਧ ਗਿਆ ਕਿ ਆਸੇ-ਪਾਸੇ ਖੜ੍ਹੇ ਲੋਕਾਂ ਦੀ ਸ਼ਾਂਤ ਰਹਿਣ ਦੀ ਅਪੀਲ ਉਨ੍ਹਾਂ ਨੂੰ ਸੁਣਾਈ ਹੀ ਨਾ ਦਿੱਤੀ। ਦੋਵਾਂ ਦੀ ਲੜਾਈ ਦੀ ਰਫ਼ਤਾਰ ਅਤੇ ਮੂੰਹੋਂ ਕਿਰਦੇ ਅੰਗਿਆਰੇ ਛੱਡਦੇ ਸ਼ਬਦਾਂ ਨੂੰ ਦੇਖ ਕੇ ਕਿਸੇ ਤੀਜੀ ਖੜ੍ਹੀ ਬੀਬੀ ਦੀ ਹਿੰਮਤ ਹੀ ਨਾ ਹੋਈ ਕਿ ਦੋਵਾਂ ਦੀ ਲੜਾਈ ਦਾ ਫ਼ਾਇਦਾ ਖੱਟਦਿਆਂ ਸੀਟ ’ਤੇ ਜਾ ਕੇ ਬੈਠ ਜਾਵੇ। ਵਿਚਾਰਾ ਕੰਡਕਟਰ ਵੀ ਬੇਵੱਸ ਹੋ ਗਿਆ। ਇੱਥੇ ਵੀ ਮੰਗੂ ਰਾਮ ਜਾਣੀ ਕਿ ਮੈਨੂੰ ਹੀ ਅੱਗੇ ਆਉਣਾ ਪਿਆ। ਮੈਂ ਪੂਰੀ ਉੱਚੀ ਆਵਾਜ਼ ਵਿੱਚ ਕਿਹਾ, ‘‘ਭੈਣ ਜੀ, ਜਿਹੜੀ ਤੁਹਾਡੇ ਵਿੱਚੋਂ ਵੱਡੀ ਹੈ ਉਹ ਸੀਟ ’ਤੇ ਬੈਠ ਜਾਵੇ।’’ ਸੱਚ ਜਾਣਿਓ, ਦੋਵੇਂ ਬੀਬੀਆਂ ਇਕਦਮ ਖ਼ਾਮੋਸ਼ ਹੋ ਗਈਆਂ। ਬੋਲਣ ਲਈ ਜਿਵੇਂ ਦੋਵਾਂ ਦੇ ਸ਼ਬਦ ਮੁੱਕ ਗਏ ਹੋਣ। ਆਖ਼ਰ ਬੱਸ ਸ਼ਾਂਤੀ ਨਾਲ ਆਪਣੇ ਟਿਕਾਣੇ ਉੱਪਰ ਪੁੱਜ ਗਈ। ਦੋਵੇਂ ਸ਼ੇਰਨੀਆਂ ਸੀਟ ਦੇ ਦੁਆਲੇ ਖੜ੍ਹੀਆਂ ਰਹੀਆਂ, ਪਰ ਬੈਠਣ ਦੀ ਜੁਰਅੱਤ ਕਿਸੇ ਨੇ ਨਾ ਕੀਤੀ। ਕੰਡਕਟਰ ਖ਼ੁਸ਼ ਹੋ ਕੇ ਕਹਿੰਦਾ, ‘‘ਡਾਕਟਰ ਸਾਬ੍ਹ, ਤੁਸੀਂ ਸਾਡੇ ਨਾਲ ਬੱਸ ’ਚ ਰੋਜ਼ ਚੱਲਿਆ ਕਰੋ। ਅਸੀਂ ਤੁਹਾਨੂੰ ਵੀ ਮੁਫ਼ਤ ਹੀ ਲੈ ਚੱਲਿਆ ਕਰਾਂਗੇ।’’
ਮੈਂ ਤਾਂ ਕੇਵਲ ਧਰਤੀ ’ਤੇ ਹੀ ਜੰਗਾਂ ਬੰਦ ਨਹੀਂ ਕਰਵਾਈਆਂ, ਹਵਾ ਵਿੱਚ ਹੁੰਦੇ ਯੁੱਧਾਂ ਨੂੰ ਵੀ ਠੱਲ੍ਹ ਪਾਈ ਹੈ। ਇੱਕ ਵਾਰ ਮੌਕਾ ਮਿਲਿਆ ਅੰਤਰਰਾਸ਼ਟਰੀ ਯਾਤਰਾ ਕਰਨ ਦਾ। ਜਹਾਜ਼ ਚੱਲ ਪਿਆ, ਪਰ ਚੱਲਦੇ ਸਾਰ ਹੀ ਲੜਾਈ ਸ਼ੁਰੂ ਹੋ ਗਈ। ਇਸ ਦਾ ਕਾਰਨ ਇਹ ਸੀ ਕਿ ਸਵਾਰੀਆਂ ਘੱਟ ਹੋਣ ਕਰ ਕੇ ਕਈ ਸੀਟਾਂ ਖਾਲੀ ਪਈਆਂ ਸਨ। ਕੁਝ ਹੋਰ ਕਰਨ ਤੋਂ ਪਹਿਲਾਂ ਜੀਹਦਾ ਦਾਅ ਲੱਗਿਆ ਨਾਲ ਦੀਆਂ ਸੀਟਾਂ ’ਤੇ ਰੁਮਾਲ ਜਾਂ ਕੁਝ ਹੋਰ ਰੱਖ ਕੇ ਕਬਜ਼ੇ ਕਰਨ ਲਈ ਟੁੱਟ ਕੇ ਪੈ ਗਏ ਤਾਂ ਕਿ ਖਾਣ-ਪੀਣ ਤੋਂ ਬਾਅਦ ਜਦੋਂ ਢੂਹੀ ਸਿੱਧੀ ਕਰਨੀ ਹੋਈ ਤਾਂ ਉਦੋਂ ਦੋ-ਦੋ ਸੀਟਾਂ ’ਤੇ ਲੰਮਿਆਂ ਪੈ ਕੇ ਨੀਂਦ ਦਾ ਆਨੰਦ ਲਿਆ ਜਾ ਸਕੇ। ਇਸੇ ਖਿੱਚ-ਧੂਹ ਵਿੱਚ ਇੱਕ ਖਾਲੀ ਸੀਟ ਲਈ ਦੋ ਜਣਿਆਂ ਵਿੱਚ ਗਰਮਾ-ਗਰਮੀ ਹੋ ਗਈ। ਗੱਲ ਹੱਥੋਪਾਈ ਤੱਕ ਜਾਣ ਨੂੰ ਸੀ। ਆਪਣੀ ਮਰਿਆਦਾ ਵਿੱਚ ਰਹਿੰਦਿਆਂ ਜਹਾਜ਼ ਦਾ ਅਮਲਾ ਪਿਆਰ ਨਾਲ ਉਨ੍ਹਾਂ ਨੂੰ ਸਮਝਾਉਂਦਾ ਰਿਹਾ। ਪਤਾ ਉਨ੍ਹਾਂ ਨੂੰ ਵੀ ਸੀ ਕਿ ਲੱਤਾਂ ਦੇ ਭੂਤ ਡੰਡਿਆਂ ਨਾਲ ਹੀ ਮੰਨਦੇ ਨੇ, ਪਰ ਕੌਮਾਂਤਰੀ ਕਾਨੂੰਨ ਉਨ੍ਹਾਂ ਨੂੰ ਆਗਿਆ ਨਹੀਂ ਸੀ ਦਿੰਦਾ। ਫਿਰ ਮੈਂ ਹੀ ਦੋਵਾਂ ਦਾ ਮਸਲਾ ਹੱਲ ਕੀਤਾ, ਬਈ ਜਿਹੜੀ ਸਵਾਰੀ ਆਪਣੀ... ਕੇਵਲ ਆਪਣੀ ਸੀਟ ’ਤੇ ਬੈਠ ਕੇ ਸਾਰਾ ਸਫ਼ਰ ਕਰੇਗੀ ਉਸ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਵਿਸਕੀ ਸਪਲਾਈ ਕੀਤੀ ਜਾਵੇਗੀ। ਫਿਰ ਤਾਂ ਦੋਵਾਂ ਦੇ ਚਿਹਰਿਆਂ ਉੱਪਰ ਰੰਗਤ ਆ ਗਈ। ਦੋਵੇਂ ਹੀ ਇੱਕ-ਦੂਜੇ ਨੂੰ ਇਹ ਕਹਿੰਦਿਆਂ, ‘ਤੂੰ ਬੈਠ ਯਾਰ, ਤੂੰ ਬੈਠ ਯਾਰ’ ਆਪਣੀਆਂ ਸੀਟਾਂ ਵਿੱਚ ਹੀ ਵਿਲੀਨ ਹੋ ਗਏ।
ਹੁਣ ਤੁਸੀਂ ਦੇਖੋ, ਮੈਂ ਕੇਵਲ ਧਰਤੀ ’ਤੇ ਹੀ ਨਹੀਂ ਸਗੋਂ ਆਕਾਸ਼ ਵਿੱਚ ਵੀ ਜੰਗ ਸ਼ਾਂਤ ਕਰਵਾਈ ਹੈ ਅਤੇ ਦੁਨੀਆ ’ਚ ਅਮਨ ਸ਼ਾਂਤੀ ਦੇ ਰਾਹ ਨੂੰ ਪੱਧਰਾ ਕੀਤਾ ਹੈ। ਕੀ ਮੇਰਾ ਕੰਮ ਵੱਖੋ-ਵੱਖਰੇ ਦੇਸ਼ਾਂ ਦੀਆਂ ਜੰਗਾਂ ਨੂੰ ਬੰਦ ਕਰਵਾਉਣ ਜਿਵੇਂ ਰੂਸ-ਯੂਕਰੇਨ, ਇਜ਼ਰਾਈਲ-ਫ਼ਲਸਤੀਨ, ਭਾਰਤ-ਪਾਕਿ, ਨਾਲੋਂ ਰੱਤੀ ਭਰ ਵੀ ਘੱਟ ਹੈ? ਨਹੀਂ, ਹਰਗਿਜ਼ ਨਹੀਂ। ਇਸ ਲਈ ‘ਨੋਬੇਲ ਸ਼ਾਂਤੀ ਐਵਾਰਡ’ ਉੱਪਰ ਮੇਰਾ ਹੱਕ ਹੀ ਬਣਦਾ ਹੈ। ਮੈਨੂੰ ਉਮੀਦ ਹੈ ਕਿ ਮੇਰਾ ਨਾਂ ਨੋਬੇਲ ਸ਼ਾਂਤੀ ਪੁਰਸਕਾਰ ਲਈ ਪਹਿਲੇ ਨੰਬਰ ’ਤੇ ਰਹੇਗਾ ਕਿਉਂਕਿ ਫ਼ੈਸਲਾ ਕਰਨ ਵਾਲੀ ਕਮੇਟੀ ਵਿੱਚ ਸੂਝਵਾਨ ਮੈਂਬਰ ਵੀ ਤਾਂ ਹੋਣਗੇ, ਜੋ ਸਨਕੀ ਬੰਦਿਆਂ ਤੋਂ ਪ੍ਰਹੇਜ਼ ਕਰਨਗੇ।
ਸੰਪਰਕ: +91-94177-53892, ਵੱਟਸਐਪ +1 (425) 286-0163

