DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਗਰੇਜ਼ਾਂ ਨੇ ਕਿਵੇਂ ਖ਼ਤਮ ਕੀਤੀ ਪੰਜਾਬੀ ਸਿੱਖਿਆ ?

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸੰਧੀ ਕਰਨ ਵਾਸਤੇ ਚਾਰਲਸ ਮੈਟਕਾਫ ਸੰਨ 1809 ’ਚ ਲਗਭਗ ਸੱਤ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਰਿਹਾ ਤੇ ਕੁਝ ਦਿਨ ਉਸ ਨੇ ਲਾਹੌਰ ਵੀ ਬਿਤਾਏ। ਉਸ ਨੇ ਉੱਥੋਂ ਤਿੰਨ ਗੱਲਾਂ ਸਿੱਖੀਆਂ ਜੋ ਉਸ ਨੇ ਆਪਣੇ ਬ੍ਰਿਟਿਸ਼...

  • fb
  • twitter
  • whatsapp
  • whatsapp
featured-img featured-img
Screenshot
Advertisement

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸੰਧੀ ਕਰਨ ਵਾਸਤੇ ਚਾਰਲਸ ਮੈਟਕਾਫ ਸੰਨ 1809 ’ਚ ਲਗਭਗ ਸੱਤ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਰਿਹਾ ਤੇ ਕੁਝ ਦਿਨ ਉਸ ਨੇ ਲਾਹੌਰ ਵੀ ਬਿਤਾਏ। ਉਸ ਨੇ ਉੱਥੋਂ ਤਿੰਨ ਗੱਲਾਂ ਸਿੱਖੀਆਂ ਜੋ ਉਸ ਨੇ ਆਪਣੇ ਬ੍ਰਿਟਿਸ਼ ਆਕਾਵਾਂ ਨੂੰ ਦੱਸੀਆਂ।

ਪਹਿਲੀ ਗੱਲ ਮੈਟਕਾਫ ਨੇ ਕਹੀ, ‘‘ਮੈਂ ਪੰਜਾਬ ’ਚ ਦੇਖ ਕੇ ਆਇਆ ਹਾਂ ਕਿ ਹਰ ਪਿੰਡ ਵਿੱਚ ਸੱਥਾਂ ’ਚ, ਸਕੂਲਾਂ ਦੇ ਵਿਹੜਿਆਂ ਵਿੱਚ ਸੂਰਜੀ ਘੜੀਆਂ ਲੱਗੀਆਂ ਨੇ।’’ ਉਸ ਨੇ ਦਰਬਾਰ ਸਾਹਿਬ ਦਾ ਖ਼ਾਸ ਜ਼ਿਕਰ ਕੀਤਾ ਕਿ ਉੱਥੇ ਸਮੇਂ ਦੀ ਕਿੰਨੀ ਪਾਬੰਦੀ ਰੱਖੀ ਜਾਂਦੀ ਹੈ। ਸਮੇਂ ਦੇ ਹਿਸਾਬ ਨਾਲ ਉੱਥੇ ਰਾਗਾਂ ਵਿੱਚ ਕੀਰਤਨ ਹੁੰਦਾ ਹੈ।

Advertisement

ਦੂਜੀ ਗੱਲ, ਉਸ ਨੇ ਇਹ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਨੇ 1809 ਵਿੱਚ ਆਪਣੀ ਵਜ਼ਾਰਤ ’ਚ ਮਤਾ ਪਾਸ ਕੀਤਾ ਸੀ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਪੜ੍ਹਾਏ ਜਾਣ ਦਾ ਟੀਚਾ ਹੈ। ਹਰ ਮਾਂ, ਹਰ ਪਿਓ, ਹਰ ਬੱਚੇ, ਹਰ ਬਜ਼ੁਰਗ, ਹਰ ਨੌਜਵਾਨ ਅਤੇ ਹਰ ਨਾਗਰਿਕ ਤੱਕ ਵਿੱਦਿਆ ਅਪੜਾਉਣੀ ਦਾ ਟੀਚਾ ਸੰਨ 1830 ਤੱਕ ਪੂਰਾ ਹੋ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਧਰਮਸਾਲ (ਗੁਰਦੁਆਰਾ ਸਾਹਿਬ), ਮੰਦਿਰ ਜਾਂ ਮਸਜਿਦ ਬਣਾਉਣ ਦੀ ਇਜਾਜ਼ਤ ਸਿਰਫ਼ ਉਦੋਂ ਹੀ ਮਿਲਦੀ ਸੀ, ਜਦੋਂ ਨਾਲ ਸਕੂਲ ਵੀ ਬਣਾਇਆ ਜਾਂਦਾ ਸੀ।

Advertisement

ਤੀਜੀ ਗੱਲ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਵੈ-ਰੱਖਿਆ ਲਈ ਉਤਸ਼ਾਹਿਤ ਕੀਤਾ। ਹਰ ਪਿੰਡ ਕੋਲ ਅਸਲਾ ਸੀ, ਹਰ ਪਿੰਡ ਵਿੱਚ ਆਪਣੀ ਹੀ ਫ਼ੌਜ ਸੀ ਤੇ ਆਪਣੇ ਪਿੰਡ ਦੀ ਇੱਜ਼ਤ ਦੀ ਰਾਖੀ ਕਰਨ ਦੇ ਅਧਿਕਾਰ ਪੰਚਾਇਤ ਕੋਲ ਸਨ। ਮਹਾਰਾਜਾ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਉਸ ਦੇ ਗ਼ਲਤ ਫ਼ੈਸਲੇ ਨੂੰ ਪਲਟ ਵੀ ਸਕਦੇ ਨੇ।

ਮੈਟਕਾਫ ਨੇ ਬ੍ਰਿਟਿਸ਼ ਰਾਜ ਨੂੰ ਦੱਸਿਆ ਕਿ ਰਣਜੀਤ ਸਿੰਘ ਇੱਕ ਦੂਰਦਰਸ਼ੀ ਅਤੇ ਮਜ਼ਬੂਤ ਇਰਾਦੇ ਵਾਲਾ ਸ਼ਾਸਕ ਹੈ, ਉਸ ਕੋਲ ਫ਼ੌਜ ਤੋਂ ਇਲਾਵਾ ਪਿੰਡਾਂ ਵਿੱਚ ਲੋਕਾਂ ਦੀ ਆਪਣੀ ਬਣਾਈ ਫ਼ੌਜ ਵੀ ਸੀ, ਇਸ ਲਈ ਉਸ ਨਾਲ ਜੰਗ ਤੋਂ ਬਚਣਾ ਚਾਹੀਦਾ ਹੈ। ਹੱਦਾਂ ਕੂਟਨੀਤਕ ਤੌਰ ’ਤੇ ਨਿਰਧਾਰਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਦੋਸਤਾਨਾ ਕੂਟਨੀਤਕ ਸੰਬੰਧ ਸਭ ਤੋਂ ਸੁਰੱਖਿਅਤ ਨੀਤੀ ਹਨ। 1849 ਵਿੱਚ ਪੰਜਾਬ ’ਤੇ ਕਬਜ਼ਾ ਕਰਨ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਮਜ਼ਬੂਤ ਸਵਦੇਸ਼ੀ ਪ੍ਰਣਾਲੀ ਨੂੰ ਇੱਕ ਖ਼ਤਰੇ ਵਜੋਂ ਦੇਖਿਆ। ਉਨ੍ਹਾਂ ਨੇ ਕਿੰਗ’ਜ਼ ਕਾਲਜ ਲੰਡਨ ਦੇ ਪ੍ਰੋਫੈਸਰ ਜੀ. ਡਬਲਯੂ ਲਿਟਨਰ, ਜੋ ਭਾਸ਼ਾਵਾਂ ਦਾ ਮਾਹਿਰ ਸੀ ਅਤੇ 50 ਭਾਸ਼ਾਵਾਂ ਪੜ੍ਹ, ਲਿਖ ਤੇ ਬੋਲ ਸਕਦਾ ਸੀ, ਨੂੰ ਪੰਜਾਬ ਦੀ ਵਿੱਦਿਅਕ ਪ੍ਰਣਾਲੀ ਨੂੰ ਅੰਗਰੇਜ਼ੀ ਵੱਲ ਮੋੜਨ ਲਈ ਕਿਹਾ। ਉਸ ਨੇ ਕਿਹਾ, ‘‘ਮੈਂ ਪਹਿਲਾਂ ਪੰਜਾਬ ਜਾ ਕੇ ਵੇਖਾਂਗਾ, ਫੇਰ ਦੱਸਾਂਗਾ।’’ ਲਿਟਨਰ ਇੱਥੇ ਆਇਆ। ਉਸ ਨੇ ਆਪਣੀ ਕਿਤਾਬ ‘ਹਿਸਟਰੀ ਔਫ ਇਨਡਿਜਨਸ ਐਜੂਕੇਸ਼ਨ ਇਨ ਦਿ ਪੰਜਾਬ’ (History Of Indigenous Education In The Panjab) ਵਿੱਚ ਲਿਖਿਆ ਹੈ, ‘‘ਇੰਨਾ ਵਧੀਆ ਵਿੱਦਿਆ ਦਾ ਸਿਸਟਮ, ਇਹਨੂੰ ਬਦਲਣ ਵਿੱਚ ਪੰਜਾਹ ਸਾਲ ਲੱਗਣਗੇ।’’ ਈਸਟ ਇੰਡੀਆ ਕੰਪਨੀ ਨੇ ਲਿਟਨਰ ਨੂੰ ਕਿਹਾ: ‘ਤੈਨੂੰ 50 ਸਾਲ ਦਿੱਤੇ; ਸਾਨੂੰ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣਾ ਪਵੇਗਾ, ਜਿਸ ਤੋਂ ਬਿਨਾਂ ਅਸੀਂ ਸਫ਼ਲ ਨਹੀਂ ਹੋਵਾਂਗੇ।’ ਲਿਟਨਰ ਨੇ ਕਿਹਾ, ‘‘ਠੀਕ ਹੈ, ਜੇ ਪੰਜਾਹ ਸਾਲਾਂ ਲਈ ਮੰਨਦੇ ਹੋ ਤਾਂ ਮੈਂ ਤਿਆਰ ਹਾਂ।’’ ਉਹਨੂੰ ਅੰਮ੍ਰਿਤਸਰ ਦਾ ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲ ਲਾਇਆ ਗਿਆ।

ਫਿਰ ਇਹੀ ਵਿਅਕਤੀ ਗੌਰਮਿੰਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ ਤੇ ਯੂਨੀਵਰਸਿਟੀ ਔਫ ਲਾਹੌਰ ਦਾ ਬਾਨੀ ਬਣਿਆ। ਇਹੀ ਵਿਅਕਤੀ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਚੇਅਰ ਕਰਦਾ ਰਿਹਾ। ਉਹ ਸਾਰੀ ਗਾਥਾ ਲਿਖਦਾ ਹੈ ਕਿ ਮੈਂ ਕਿਵੇਂ ਕੰਮ ਕੀਤਾ। ਉਸ ਨੇ ਕਿਹਾ, ‘‘ਮੈਂ ਪੰਜਾਹ ਸਾਲਾਂ ਲਈ ਆਇਆ ਸੀ ਪਰ ਮੈਂ ਤੇਤੀ ਸਾਲਾਂ ਵਿੱਚ ਇਸ ਕੰਮ ਨੂੰ ਪੂਰਾ ਕਰ ਲਿਆ। ਸਰਕਾਰ ਨੇ ਮੇਰੀ ਪੂਰੀ ਹਮਾਇਤ ਕੀਤੀ।’’ 1882 ਵਿੱਚ ਉਸ ਨੇ ਇਕੱਲੇ ਇਕੱਲੇ ਪਿੰਡ ਦੀ ਕਹਾਣੀ ਲਿਖ ਕੇ ਦਿੱਤੀ ਕਿ ਉਸ ਦਾ ਕੰਮ ਕਿਵੇਂ ਸਿਰੇ ਚੜ੍ਹਿਆ। ਇੱਕ ਪਿੰਡ ਬਾਰੇ ਉਹ ਲਿਖਦਾ ਹੈ: ‘ਸਿਆਲਕੋਟ ਦਾ ਪਿੰਡ ਚੂਹੜ ਚੱਕ। ਇਸ ਪਿੰਡ ਦੀ 1500 ਦੀ ਆਬਾਦੀ ਹੈ ਤੇ 1849 ਵਿੱਚ ਸਾਰੇ ਹੀ ਪੜ੍ਹੇ ਲਿਖੇ ਸੀ। ਅੱਜ ਉਸ ਪਿੰਡ ਵਿੱਚੋਂ ਸਿਰਫ਼ 11 ਬੰਦੇ ਪੜ੍ਹੇ ਲਿਖੇ ਨੇ। ਇਹ ਮੇਰੇ 33 ਸਾਲ ਦੇ ਕੰਮ ਦਾ ਨਤੀਜਾ ਹੈ।’

ਬਰਤਾਨਵੀ ਸਰਕਾਰ ਦਾ ਇੱਕ ਹੁਕਮ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ, ਬੰਦੂਕਾਂ, ਗੰਡਾਸੇ, ਕਿਰਪਾਨਾਂ ਹਨ ਤਾਂ ਸਰਕਾਰ ਨੂੰ ਜਮ੍ਹਾਂ ਕਰਾ ਦੇਣ, ਇਸ ਬਦਲੇ ਸਰਕਾਰ ਪ੍ਰਤੀ ਸ਼ਸਤਰ ਤਿੰਨ ਆਨੇ ਦੇਵੇਗੀ ਤੇ ਜਿਨ੍ਹਾਂ ਦੇ ਘਰਾਂ ’ਚ ਕੈਦੇ ਨੇ, ਪ੍ਰਤੀ ਕੈਦਾ ਛੇ ਆਨੇ ਦੇਵੇਗੀ। ਕਹਿੰਦੇ ਨੇ ਪੰਜਾਬ ਦੇ ਇੱਕ-ਇੱਕ ਪਿੰਡ ’ਚ ਇੱਕ-ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਅਤੇ ਸਾੜ ਦਿੱਤੇ ਗਏ। ਕੈਦੇ ਦਾ ਮੁੱਲ ਛੇ ਆਨੇ ਰੱਖਿਆ ਗਿਆ ਅਤੇ ਇੱਕ ਹਥਿਆਰ ਦਾ ਮੁੱਲ ਤਿੰਨ ਆਨੇ ਰੱਖਿਆ ਗਿਆ, ਕਿਉਂ? ਇਹ ਸਮਝਣ ਲਈ ਅਸੀਂ ਉਸ ਸਮੇਂ ਦੀ ਪੜ੍ਹਾਈ ਨੂੰ ਸਮਝਦੇ ਹਾਂ। ਇਸ ਦਾ ਜ਼ਿਕਰ ਲਿਟਨਰ ਨੇ ਵੀ ਆਪਣੀ ਕਿਤਾਬ ਵਿੱਚ ਕੀਤਾ ਹੈ।

ਮੈਂ ਇਸ ਤੱਥ ਬਾਰੇ ਲਿਟਨਰ ਦੀ ਪੂਰੀ ਕਿਤਾਬ ਪੜ੍ਹੀ। ਉਸ ਵਿੱਚ ਸਿੱਖਿਆ ਬਾਰੇ 25 ਜੂਨ 1858 ਦੀ ਇੱਕ ਰਿਪੋਰਟ ਦਾ ਪੰਜਾਬੀ ਉਲਥਾ ਹੇਠਾਂ ਦਿੱਤਾ ਗਿਆ ਹੈ:

ਮੈਂ ਤੁਰੰਤ ਕੁਝ ਸੁਧਾਰ ਕਰਨੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ, ਮੈਂ ਹੁਕਮ ਦਿੱਤਾ ਕਿ ਪਿੰਡਾਂ ਦੇ ਸਾਰੇ ਸਕੂਲ ਮਸਜਿਦਾਂ ਅਤੇ ਹੋਰ ਧਾਰਮਿਕ ਇਮਾਰਤਾਂ ਵਿੱਚੋਂ ਹਟਾ ਦਿੱਤੇ ਜਾਣ। ਦੇਸੀ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਹੋਰ ਕੋਈ ਇਮਾਰਤ ਉਪਲੱਬਧ ਨਹੀਂ ਹੈ ਤਾਂ ਮੈਂ ਹੁਕਮ ਦਿੱਤਾ ਕਿ ਧਾਰਮਿਕ ਇਮਾਰਤਾਂ ਵਿੱਚ ਸਕੂਲ ਚਲਾਉਣ ਦੀ ਬਜਾਏ, ਉਹ ਸਕੂਲ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ ਜਾਣ। ਜਦੋਂ ਇਹ ਹੁਕਮ ਲਾਗੂ ਕਰਨਾ ਸ਼ੁਰੂ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਮਾਰਤਾਂ ਨਾ ਸਿਰਫ਼ ਮੌਜੂਦ ਸਨ, ਸਗੋਂ ਇਸ ਮੰਤਵ ਲਈ ਉਨ੍ਹਾਂ ਨੂੰ ਖਰੀਦਿਆ ਵੀ ਗਿਆ ਸੀ। ਮੈਨੂੰ ਇਹ ਵੀ ਲੱਗਾ ਕਿ ਸਕੂਲਾਂ ਵਿੱਚ ਧਾਰਮਿਕ ਕਿਤਾਬਾਂ ਵਰਤਣਾ ਠੀਕ ਨਹੀਂ। ਇਸ ਲਈ ਮੈਂ ਆਦੇਸ਼ ਦਿੱਤਾ ਕਿ ਉੱਥੋਂ ਸਾਰੀਆਂ ਧਾਰਮਿਕ ਕਿਤਾਬਾਂ ਹਟਾ ਦਿੱਤੀਆਂ ਜਾਣ ਤਾਂ ਜੋ ਕੋਈ ਇਹ ਬਹਾਨਾ ਨਾ ਲਾ ਸਕੇ ਕਿ ‘ਧਰਮ-ਨਿਰਪੱਖ’ ਕਿਤਾਬਾਂ ਉਪਲੱਬਧ ਨਹੀਂ ਹਨ। ਮੈਂ ਹਰ ਜ਼ਿਲ੍ਹੇ ਦੇ ਪਿੰਡਾਂ ਦੇ ਸਕੂਲਾਂ ਨੂੰ ਸਭ ਕਿਸਮ ਦੀਆਂ ਸਕੂਲੀ ਕਿਤਾਬਾਂ, ਨਕਸ਼ੇ ਅਤੇ ਹੋਰ ਲੋੜੀਂਦਾ ਸਾਮਾਨ ਬਹੁਤ ਵੱਧ ਮਾਤਰਾ ਵਿੱਚ ਮੁਹੱਈਆ ਕਰਵਾ ਦਿੱਤਾ।

ਅੰਗਰੇਜ਼ ਕਹਿੰਦੇ ਕਿ ਪੰਜਾਬੀ ਦੇ ਕੈਦੇ ਦੀ ਪੈਂਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਢੁਕਵੇਂ ਗੁਰਵਾਕ ਲੈ ਕੇ ਛਾਪੀ ਗਈ ਸੀ। ਗੁਰਬਾਣੀ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ, ਜਿਵੇਂ: ਨਾ ਹਮ ਹਿੰਦੂ ਨ ਮੁਸਲਮਾਨ॥

ਇਹ ਸਾਂਝੀਵਾਲਤਾ ਅੰਗਰੇਜ਼ਾਂ ਨੂੰ ਆਪਣੇ ਰਾਜ ਵਾਸਤੇ ਖ਼ਤਰਾ ਜਾਪਦੀ ਸੀ। ਗੁਰਦੁਆਰੇ ਵਿੱਚ ਉਸ ਸਮੇਂ ਵਰਣਮਾਲਾ ਦੇ ਅੱਖਰਾਂ ਦੇ ਨਾਲ ਗੁਰਬਾਣੀ ਵਿੱਚੋਂ ਢੁਕਵੇਂ ਵਾਕ ਅਤੇ ਨੈਤਿਕ ਸਿਧਾਂਤ ਪੜ੍ਹਾਏ ਜਾਂਦੇ ਸਨ। ਫਿਰ ਬੱਚੇ ਅੰਕਾਂ ਦੇ ਰੂਪ ਅਤੇ ਸਾਧਾਰਨ ਗਣਨਾ ਸਿੱਖਦੇ ਹਨ; ਨਾਲ ਹੀ ਤੋਲ ਅਤੇ ਮਾਪ ਲਈ ਸੰਕੇਤ ਵੀ। ਆਮ ਸਿੱਖ ਬੱਚੇ ਲਈ ਪਹਾੜਾ ਜਾਂ ਗੁਣਾ ਸਾਰਣੀ ਸਿੱਖਣਾ ਜ਼ਰੂਰੀ ਨਹੀਂ ਮੰਨਿਆ ਜਾਂਦਾ। ਜੇ ਉਹ ਅਜਿਹਾ ਕਰਨਾ ਚਾਹੁੰਦਾ ਹੈ (ਅਤੇ ਇਹ ਆਮ ਤੌਰ ’ਤੇ ਸਿਰਫ਼ ਨੰਬਰਦਾਰਾਂ ਅਤੇ ਪਟਵਾਰੀਆਂ ਦੇ ਪੁੱਤਰਾਂ ਨਾਲ ਹੁੰਦਾ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਪਿੰਡ ਦੇ ਹਿਸਾਬ ਨਾਲ ਨਜਿੱਠਣਾ ਪੈ ਸਕਦਾ ਹੈ) ਤਾਂ ਉਹ ਪਾੜ੍ਹਿਆਂ ਦੇ ਸਕੂਲ ਵਿੱਚ ਜਾ ਸਕਦਾ ਹੈ।

ਲਿਟਨਰ ਆਪਣੀ ਕਿਤਾਬ ਦੇ ਪਹਿਲੇ ਸਫ਼ੇ ’ਤੇ ਹੀ ਲਿਖਦਾ ਹੈ: ‘ਇੱਥੇ ਮੈਂ ਇਹ ਦੱਸਦਾ ਹਾਂ ਕਿ ਜਦੋਂ ਯੂਰੋਪੀ ਲੋਕਾਂ ਦਾ ਏਸ਼ਿਆਈ ਸੱਭਿਆਚਾਰ ਨਾਲ ਸੰਪਰਕ ਹੋਇਆ ਤਾਂ ਕੀ ਹੋਇਆ। ਚੰਗੇ ਇਰਾਦੇ ਹੋਣ ਦੇ ਬਾਵਜੂਦ ਨੇਕ-ਦਿਲ ਅਧਿਕਾਰੀਆਂ ਅਤੇ ਹੋਰ ਸੂਬਿਆਂ ਦੇ ਤਜਰਬੇ ਵਾਲੀ ਦਿਆਲੂ ਸਰਕਾਰ ਨੇ ਪੰਜਾਬ ਦੀ ਅਸਲ, ਪੁਰਾਣੀ ਸਿੱਖਿਆ ਪ੍ਰਣਾਲੀ ਨੂੰ ਕਿਵੇਂ ਕਮਜ਼ੋਰ ਅਤੇ ਲਗਭਗ ਤਬਾਹ ਕਰ ਦਿੱਤਾ। ਮੁੜ ਸੁਰਜੀਤ ਕਰਨ ਦੇ ਮੌਕੇ ਕਿਵੇਂ ਖ਼ਰਾਬ ਹੋ ਗਏ ਜਾਂ ਹੱਥੋਂ ਕੱਢੇ ਗਏ। ਇਹ ਕਿਸੇ ਇੱਕ ਵਿਅਕਤੀ ਦੀ ਗ਼ਲਤੀ ਨਹੀਂ ਸਗੋਂ ਸਾਡੀ ਸਾਰੀ ਪ੍ਰਸ਼ਾਸਕੀ ਪ੍ਰਣਾਲੀ ਇਸ ਲਈ ਜ਼ਿੰਮੇਵਾਰ ਹੈ।’

ਸਿੱਖਿਆ ਦਾ ਆਦਰ ‘ਪੂਰਬ’ ਦੀ ਪੁਰਾਣੀ ਖ਼ਾਸੀਅਤ ਰਿਹਾ ਹੈ। ਪੰਜਾਬ ਵੀ ਇਸ ਦਾ ਅਪਵਾਦ ਨਹੀਂ ਸੀ। ਬਾਹਰੀ ਹਮਲਿਆਂ ਅਤੇ ਘਰੇਲੂ ਲੜਾਈਆਂ ਨੇ ਭਾਵੇਂ ਪੰਜਾਬ ਨੂੰ ਕਮਜ਼ੋਰ ਕੀਤਾ, ਪਰ ਲੋਕਾਂ ਨੇ ਸਿੱਖਿਆ ਦੇ ਦਾਨ ਨੂੰ ਹਮੇਸ਼ਾ ਸੰਭਾਲ ਕੇ ਰੱਖਿਆ। ਸਭ ਤੋਂ ਲਾਲਚੀ ਜ਼ਿੰਮੀਦਾਰ, ਮੁਖੀ ਜਾਂ ਲੁਟੇਰੇ ਤੱਕ ਵੀ ਸਕੂਲ ਖੋਲ੍ਹਦੇ ਅਤੇ ਵਿਦਵਾਨਾਂ ਦੀ ਸਹਾਇਤਾ ਕਰਦੇ ਸਨ। ਹਰ ਮਸਜਿਦ, ਹਰ ਮੰਦਰ, ਹਰ ਧਰਮਸ਼ਾਲਾ ਨਾਲ ਇੱਕ ਸਕੂਲ ਜੁੜਿਆ ਹੁੰਦਾ ਸੀ। ਜ਼ਿਆਦਾਤਰ ਲੋਕ ਉੱਥੇ ਧਾਰਮਿਕ ਸਿੱਖਿਆ ਲਈ ਆਉਂਦੇ ਸਨ। ਦੋਸਤਾਂ ਤੇ ਗੁਆਂਢੀਆਂ ਦੇ ਬੱਚੇ ਵੀ ਨਾਲ ਪੜ੍ਹਦੇ ਸਨ। ਫਿਰ ਇਸ ਤੋਂ ਇਲਾਵਾ, ਹਜ਼ਾਰਾਂ ਧਰਮ ਨਿਰਪੱਖ ਸਕੂਲ ਸਨ ਜਿੱਥੇ ਮੁਸਲਮਾਨ, ਹਿੰਦੂ ਤੇ ਸਿੱਖ ਇਕੱਠੇ ਪੜ੍ਹਦੇ ਸਨ। ਇੱਥੇ ਫ਼ਾਰਸੀ, ਲੰਡੀ-ਲਿੱਪੀ ਅਤੇ ਹੋਰ ਵਿਸ਼ੇ ਪੜ੍ਹਾਏ ਜਾਂਦੇ ਸਨ।

ਇੱਕ ਆਮ ਗਿਣਤੀ ਦੱਸਦੀ ਹੈ ਕਿ ਸੰਨ 1849 ਨੂੰ ਪੰਜਾਬ ਵਿੱਚ ਤਕਰੀਬਨ 3,30,000 ਬੱਚੇ ਸਕੂਲਾਂ ਵਿੱਚ ਪੜ੍ਹਦੇ ਸਨ। ਅੱਜ ਸੰਨ 1882 ਵਿੱਚ ਇਹ ਗਿਣਤੀ 1,90,000 ਤੋਂ ਵੀ ਘੱਟ ਹੈ। ਪਹਿਲਾਂ ਹਜ਼ਾਰਾਂ ਬੱਚੇ ਅਰਬੀ ਤੇ ਸੰਸਕ੍ਰਿਤ ਦੇ ਉੱਚ ਕੋਟੀ ਦੇ ਕਾਲਜਾਂ ਵਿੱਚ ਕਾਨੂੰਨ, ਤਰਕ, ਦਰਸ਼ਨ, ਵੈਦਗੀ ਆਦਿ ਪੜ੍ਹਦੇ ਸਨ। ਫ਼ਾਰਸੀ ਦੀ ਉੱਚ ਸਿੱਖਿਆ ਤਾਂ ਹਜ਼ਾਰਾਂ ਲੋਕਾਂ ਨੇ ਹਾਸਲ ਕੀਤੀ ਹੋਈ ਸੀ, ਜੋ ਅੱਜ ਸਰਕਾਰੀ ਸਕੂਲਾਂ ਵਿੱਚ ਮੁਸ਼ਕਿਲ ਨਾਲ ਹੀ ਮਿਲਦੀ ਹੈ। ਉਨ੍ਹਾਂ ਸਾਰੇ ਪੁਰਾਣੇ ਸਕੂਲਾਂ ਵਿੱਚ ਸਿੱਖਿਆ ਦਾ ਮਤਲਬ ਸੀ ਚਰਿੱਤਰ ਬਣਾਉਣਾ, ਧਾਰਮਿਕ ਸੱਭਿਆਚਾਰ ਅਤੇ ਗਿਆਨ ਲਈ ਸਤਿਕਾਰ। ਪੰਜਾਬ ਦੇ ਲੋਕ ਅਚਾਨਕ ਅੰਗਰੇਜ਼ੀ ਕਬਜ਼ੇ ਨਾਲ ਘਬਰਾ ਗਏ। ਜੰਗਾਂ ਤੇ ਹਾਲਾਤ ਨੇ ਲੋਕਾਂ ਨੂੰ ਇਹ ਸਮਝਾ ਦਿੱਤਾ ਕਿ ਆਪਣੀ ਸਿੱਖਿਆ ਨੂੰ ਜਿੰਨਾ ਬਚਾਇਆ ਜਾ ਸਕੇ, ਬਚਾਇਆ ਜਾਵੇ।

ਈ-ਮੇਲ: virkvjs@gmail.com

ਈਸਟ ਇੰਡੀਆ ਕੰਪਨੀ ਵੱਲੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮੂਲੋਂ ਬਦਲਣ ਲਈ ਨਿਯੁਕਤ ਕੀਤਾ ਗਿਆ ਪ੍ਰੋਫੈਸਰ ਜੀ. ਡਬਲਯੂ ਲਿਟਨਰ  ਦੀ ਕਬਰ।
ਈਸਟ ਇੰਡੀਆ ਕੰਪਨੀ ਵੱਲੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮੂਲੋਂ ਬਦਲਣ ਲਈ ਨਿਯੁਕਤ ਕੀਤਾ ਗਿਆ ਪ੍ਰੋਫੈਸਰ ਜੀ. ਡਬਲਯੂ ਲਿਟਨਰ ਦੀ ਕਬਰ।
Advertisement
×