DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਰਸੇ ਦੇ ਵਾਰਿਸ :ਮੰਡੇਰ ਭਰਾ

ਪੰਜਾਬੀ ਸੰਗੀਤ ਜਗਤ ਵਿੱਚ ਅੱਜ ਜਦੋਂ ਸ਼ੋਰ ਭਾਰੂ ਹੈ ਤਾਂ ਕੁਝ ਗਾਇਕ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ। ਨਵੇਂ ਪੂਰ ਦੇ ਗਾਇਕਾਂ ਦੀ ਗੱਲ ਕਰੀਏ ਤਾਂ ਮੰਡੇਰ ਭਰਾਵਾਂ ਜਸਕੰਵਰ ਤੇ ਨਵਕੰਵਰ ਨੇ ਸਭਿਆਚਾਰਕ ਗਾਇਕੀ ਦੀ ਬੜੀ ਮਿੱਠੀ ਧੁਨ ਛੇੜੀ ਹੈ। ਲੋਕ...

  • fb
  • twitter
  • whatsapp
  • whatsapp
Advertisement

ਪੰਜਾਬੀ ਸੰਗੀਤ ਜਗਤ ਵਿੱਚ ਅੱਜ ਜਦੋਂ ਸ਼ੋਰ ਭਾਰੂ ਹੈ ਤਾਂ ਕੁਝ ਗਾਇਕ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ। ਨਵੇਂ ਪੂਰ ਦੇ ਗਾਇਕਾਂ ਦੀ ਗੱਲ ਕਰੀਏ ਤਾਂ ਮੰਡੇਰ ਭਰਾਵਾਂ ਜਸਕੰਵਰ ਤੇ ਨਵਕੰਵਰ ਨੇ ਸਭਿਆਚਾਰਕ ਗਾਇਕੀ ਦੀ ਬੜੀ ਮਿੱਠੀ ਧੁਨ ਛੇੜੀ ਹੈ। ਲੋਕ ਗਾਇਕੀ ਦੇ ਪਿੜ ਦੀਆਂ ਇਹ ਆਵਾਜ਼ਾਂ ਤੁਹਾਡੇ ਮਨ ਤੇ ਰੂਹ ਨੂੰ ਸਰਸ਼ਾਰ ਕਰਦੀਆਂ ਨੇ। ਹਥਲਾ ਲੇਖ ਪੰਜਾਬੀ ਵਿਰਸੇ ਨੂੰ ਪਰਣਾਏ ਇਨ੍ਹਾਂ ਗਾਇਕ ਭਰਾਵਾਂ ਦੇ ਸੰਗੀਤਕ ਸਫ਼ਰ ਬਾਰੇ ਜਾਣਕਾਰੀ ਦਿੰਦਾ ਹੈ।

ਧਾਰਮਿਕ ਸਮਾਗਮਾਂ, ਤਿਉਹਾਰਾਂ ਅਤੇ ਜੋੜ-ਮੇਲਿਆਂ ਮੌਕੇ ਢਾਡੀ-ਕਵੀਸ਼ਰ ਆਪਣੀਆਂ ਬੀਰ-ਰਸੀ ਵਾਰਾਂ ਰਾਹੀਂ ਸੰਗਤ ਅੰਦਰ ਜੋਸ਼ ਤੇ ਜਜ਼ਬਾ ਭਰਦੇ ਆ ਰਹੇ ਹਨ। ਇਤਿਹਾਸ ਗਵਾਹ ਹੈ ਕਿ ਜੰਗਾਂ-ਯੁੱਧਾਂ ਦੌਰਾਨ ਫ਼ੌਜਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਢਾਡੀਆਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਇਸੇ ਤਰ੍ਹਾਂ ਸਾਡੀ ਵਿਰਾਸਤੀ ਲੋਕ-ਗਾਇਕੀ ਵੀ ਮਨੋਰੰਜਨ ਦਾ ਮੁੱਖ ਵਸੀਲਾ ਰਹੀ ਹੈ, ਜੋ ਪੰਜਾਬ ਦੇ ਮੇਲਿਆਂ, ਅਖਾੜਿਆਂ ਅਤੇ ਸੱਥਾਂ ਵਿੱਚ ਢੱਡ-ਸਾਰੰਗੀ, ਤੂੰਬੇ ਤੇ ਅਲਗੋਜ਼ਿਆਂ ਦੀਆਂ ਸੁਰਾਂ ਨਾਲ ਰੌਣਕਾਂ ਵਧਾਉਂਦੀ ਸੀ। ਸਮੇਂ ਦੇ ਗੇੜ ਨਾਲ ਗਾਇਕੀ ਪਿੰਡਾਂ ਦੀਆਂ ਸੱਥਾਂ ਤੇ ਮੇਲਿਆਂ ਤੋਂ ਨਿਕਲ ਕੇ ਪੱਬਾਂ-ਕਲੱਬਾਂ ਅਤੇ ਲਿਸ਼ਕਦੇ ਕੌਨਸਰਟਾਂ ਤੱਕ ਸੀਮਤ ਹੋ ਗਈ ਹੈ। ਮੁਨਾਫ਼ਾਖੋਰੀ ਦੀ ਅੰਨ੍ਹੀ ਦੌੜ ਕਾਰਨ ਅੱਜ ਦੀ ਗਾਇਕੀ ਕੰਨ-ਪਾੜਵੇਂ ਸੰਗੀਤ ਦਾ ਰੂਪ ਅਖ਼ਤਿਆਰ ਕਰ ਚੁੱਕੀ ਹੈ, ਜਿਸ ਵਿੱਚ ਨਸ਼ੇ, ਹਥਿਆਰ ਅਤੇ ਲੱਚਰਤਾ ਭਾਰੂ ਹੈ। ਮੰਦਭਾਗੀ ਗੱਲ ਇਹ ਹੈ ਕਿ ਅਜੋਕੀ ਪਨੀਰੀ ਇਸੇ ਰੁਝਾਨ ਵੱਲ ਖਿੱਚੀ ਜਾ ਰਹੀ ਹੈ।

Advertisement

ਅਜਿਹੇ ਨਿਘਾਰ ਵਾਲੇ ਦੌਰ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਜਰਗ ਦੇ ਛੈਲ-ਛਬੀਲੇ ‘ਮੰਡੇਰ ਭਰਾਵਾਂ’ ਦੀ ਜੋੜੀ ਨੇ ਵਿਰਾਸਤੀ ਗਾਇਕੀ ਦਾ ਪੱਲਾ ਫੜ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਅੱਜ ਉਹ ਪੰਜਾਬੀ ਸਰੋਤਿਆਂ ਦੀ ਪਹਿਲੀ ਪਸੰਦ ਬਣ ਰਹੇ ਹਨ। ਜਸਕੰਵਰ ਸਿੰਘ ਅਤੇ ਨਵਕੰਵਰ ਸਿੰਘ ਨੇ ਆਪਣੇ ਦਾਦਾ ਅਤੇ ਪਿਤਾ ਪਾਸੋਂ ਸ਼ੌਕ ਵਜੋਂ ਸਿੱਖੀ ਇਸ ਕਲਾ ਨੂੰ ਪੇਸ਼ੇਵਰ ਮੁਕਾਮ ਤੱਕ ਪਹੁੰਚਾ ਦਿੱਤਾ ਹੈ। 24 ਅਤੇ 21 ਵਰ੍ਹਿਆਂ ਦੀ ਭਰ ਜਵਾਨੀ ਵਿੱਚ ਇਹ ਭਰਾ ਲੋਕ-ਗਾਇਕੀ ਦੇ ਪਿੜ ਵਿੱਚ ਪੂਰੀ ਤਰ੍ਹਾਂ ਨਿੱਤਰ ਚੁੱਕੇ ਹਨ। ਵਿਰਾਸਤੀ ਗਾਇਕੀ ਦੇ ਕਦਰਦਾਨਾਂ ਨੂੰ ਇਨ੍ਹਾਂ ਵਿੱਚੋਂ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ। ਯੂਨੀਵਰਸਿਟੀ ਤੇ ਕਾਲਜ ਵਿੱਚ ਪੜ੍ਹਦੇ ਇਹ ਦੋਵੇਂ ਭਰਾ ਦਿਨ ਵੇਲੇ ਕਲਾਸਾਂ ਲਗਾਉਂਦੇ ਹਨ ਅਤੇ ਸ਼ਾਮ ਨੂੰ ਅਖਾੜਿਆਂ ਵਿੱਚ ਰੰਗ ਬੰਨ੍ਹਦੇ ਹਨ। ਕਈ ਵਾਰ ਤਾਂ ਸਫ਼ਰ ਦੌਰਾਨ ਗੱਡੀ ਵਿੱਚ ਹੀ ਸਿਲੇਬਸ ਦੀਆਂ ਕਿਤਾਬਾਂ ਪੜ੍ਹਦੇ ਅਤੇ ਨਾਲੋ-ਨਾਲ ਅਲਗੋਜ਼ਿਆਂ ਤੇ ਢੱਡ ’ਤੇ ਰਿਆਜ਼ ਕਰਦੇ ਨਜ਼ਰ ਆਉਂਦੇ ਹਨ।

Advertisement

ਜਸਕੰਵਰ ਸਿੰਘ (ਜਨਮ 11 ਫਰਵਰੀ 2002) ਅਤੇ ਨਵਕੰਵਰ ਸਿੰਘ (ਜਨਮ 24 ਸਤੰਬਰ 2005) ਦਾ ਜਨਮ ‘ਮੁੰਡਾ ਤੇਰਾ ਮੈਂ ਚੱਕ ਲਾਂ, ਚੱਲ ਚੱਲੀਏ ਜਰਗ ਦੇ ਮੇਲੇ’ ਵਰਗੇ ਲੋਕ-ਬੋਲੀਆਂ ਵਿੱਚ ਵਸੇ ਇਤਿਹਾਸਕ ਪਿੰਡ ਜਰਗ ਦੇ ਇੱਕ ਨਾਮਵਰ ਪਰਿਵਾਰ ਵਿੱਚ ਹੋਇਆ। ਇਸ ਪਰਿਵਾਰ ਨੂੰ ਇਲਾਕੇ ਵਿੱਚ ‘ਐੱਮ ਏ ਪਾਸ’ ਜਾਂ ‘ਸਰਪੰਚਾਂ ਦੇ ਪਰਿਵਾਰ’ ਵਜੋਂ ਜਾਣਿਆ ਜਾਂਦਾ ਹੈ। ਘਰ ਦੇ ਪੰਜ ਮੈਂਬਰ ਐੱਮ ਏ ਪਾਸ ਹਨ ਅਤੇ ਤਿੰਨ ਮੈਂਬਰ ਪਿੰਡ ਦੀ ਸਰਪੰਚੀ ਕਰ ਚੁੱਕੇ ਹਨ। ਪਰਿਵਾਰਕ ਪਿਛੋਕੜ ਵੱਲ ਨਜ਼ਰ ਮਾਰੀਏ ਤਾਂ ਅਮਰ ਸਿੰਘ ਮੰਡੇਰ ਪਿੰਡ ਦੇ ਸਰਪੰਚ ਰਹੇ, ਜਿਸ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਹਰਦੇਵ ਸਿੰਘ ਨੇ ਪਿੰਡ ਦੀ ਵਾਗਡੋਰ ਸੰਭਾਲੀ। ਤੀਜੀ ਪੀੜ੍ਹੀ ਵਿੱਚ ਹਰਦੇਵ ਸਿੰਘ ਦੀ ਨੂੰਹ ਅਤੇ ਇਨ੍ਹਾਂ ਗਾਇਕ ਭਰਾਵਾਂ ਦੀ ਮਾਤਾ ਜਸਬੀਰ ਕੌਰ ਸਰਪੰਚ ਰਹੇ। ਪੜ੍ਹਾਈ ਪੱਖੋਂ ਵੀ ਇਹ ਪਰਿਵਾਰ ਮੋਹਰੀ ਰਿਹਾ ਹੈ; ਹਰਦੇਵ ਸਿੰਘ ਮੰਡੇਰ ਅਤੇ ਉਨ੍ਹਾਂ ਦੀ ਪਤਨੀ ਪ੍ਰਿੰਸੀਪਲ ਪਰਮਜੀਤ ਕੌਰ ਮੰਡੇਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਵਿਸ਼ੇ ਵਿੱਚ ਐੱਮ ਏ ਕੀਤੀ ਸੀ। ਅਗਾਂਹ ਉਨ੍ਹਾਂ ਦੇ ਪੁੱਤਰ ਨਵਜੋਤ ਸਿੰਘ ਨੇ ਵੀ ਐੱਮ ਏ (ਪੰਜਾਬੀ) ਕੀਤੀ ਅਤੇ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਐੱਮ ਏ (ਰਾਜਨੀਤੀ ਸ਼ਾਸਤਰ) ਤੇ ਬੀ ਐੱਡ ਪਾਸ ਹਨ। ਮੌਜੂਦਾ ਪੀੜ੍ਹੀ ਵੀ ਵਿੱਦਿਅਕ ਮਿਆਰ ਨੂੰ ਬਰਕਰਾਰ ਰੱਖ ਰਹੀ ਹੈ। ਜਸਕੰਵਰ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਐਗਰੋ ਬਿਜ਼ਨਸ ਵਿੱਚ ਐੱਮ ਬੀ ਏ ਦੇ ਆਖ਼ਰੀ ਸਾਲ ਦਾ ਵਿਦਿਆਰਥੀ ਹੈ। ਛੋਟਾ ਭਰਾ ਨਵਕੰਵਰ ਵੀ ਏ ਐੱਸ ਕਾਲਜ ਖੰਨਾ ਤੋਂ ਬੀ ਏ ਫਾਈਨਲ ਕਰ ਰਿਹਾ ਹੈ ਅਤੇ ਆਉਂਦੇ ਸਾਲਾਂ ਵਿੱਚ ਉਹ ਮੰਡੇਰ ਪਰਿਵਾਰ ਦਾ ਛੇਵਾਂ ਪੋਸਟ-ਗ੍ਰੈਜੂਏਟ ਮੈਂਬਰ ਬਣਨ ਵੱਲ ਵਧ ਰਿਹਾ ਹੈ।

ਇਤਿਹਾਸਕ ਪਿੰਡ ਜਰਗ ਵਿੱਚ ਲੱਗਣ ਵਾਲੇ ਭਾਰੀ ਮੇਲੇ ਕਾਰਨ ਇੱਥੇ ਕਈ-ਕਈ ਦਿਨ ਗਵੰਤਰੀਆਂ, ਢਾਡੀਆਂ, ਕਵੀਸ਼ਰਾਂ ਅਤੇ ਨਕਲੀਏ-ਭੰਡਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ। ਅਮਰ ਸਿੰਘ ਅਤੇ ਹਰਦੇਵ ਸਿੰਘ ਇਨ੍ਹਾਂ ਕਲਾਕਾਰਾਂ ਦੀ ਦਿਲ ਖੋਲ੍ਹ ਕੇ ਮਹਿਮਾਨਨਿਵਾਜ਼ੀ ਕਰਦੇ, ਜਿਸ ਸਦਕਾ ਘਰ ਦੇ ਬੱਚਿਆਂ ਨੂੰ ਖਿਡੌਣਿਆਂ ਦੇ ਨਾਲ-ਨਾਲ ਲੋਕ-ਗਾਇਕੀ ਦੀ ਗੁੜ੍ਹਤੀ ਵੀ ਵਿਰਸੇ ਵਿੱਚੋਂ ਮਿਲੀ। ਇਸੇ ਸਾਹਿਤਕ ਤੇ ਕਲਾਤਮਿਕ ਮਾਹੌਲ ਸਦਕਾ ਹਰਦੇਵ ਸਿੰਘ ਦੇ ਪੁੱਤਰ ਨਵਜੋਤ ਸਿੰਘ ਦਾ ਮੋਹ ਲੋਕ-ਸੰਗੀਤ ਨਾਲ ਅਜਿਹਾ ਪਿਆ ਕਿ ਉਨ੍ਹਾਂ ਨੇ ਸਾਰੰਗੀਵਾਦਨ ਵਿੱਚ ਮੁਹਾਰਤ ਹਾਸਲ ਕਰ ਲਈ। ਭਾਵੇਂ ਉਹ ਕੁੱਲਵਕਤੀ ਗਾਇਕ ਨਾ ਬਣੇ, ਪਰ ਸ਼ੌਕ ਵਜੋਂ ਇਸ ਪਿੜ ਨਾਲ ਜੁੜੇ ਰਹੇ। ਸਾਲ 1992 ਵਿੱਚ ਸਾਹਿਤਕ-ਸੱਭਿਆਚਾਰਕ ਮੇਲਿਆਂ ਦੇ ਮੋਢੀ ਜਗਦੇਵ ਸਿੰਘ ਜੱਸੋਵਾਲ ਨੇ ਜਦੋਂ ਹਰਦੇਵ ਸਿੰਘ ਪਾਸੋਂ ਪ੍ਰੋ. ਮੋਹਨ ਸਿੰਘ ਦਾ ਮਹਾਂਕਾਵਿ ‘ਨਨਕਾਇਣ’ ਰਿਕਾਰਡ ਕਰਵਾਇਆ ਤਾਂ ਉਸ ਵਿੱਚ ਨਵਜੋਤ ਸਿੰਘ ਨੇ ਵੀ ਆਪਣਾ ਅਹਿਮ ਯੋਗਦਾਨ ਪਾਇਆ।

ਨਵਜੋਤ ਸਿੰਘ ਨੇ ਆਪਣੀ ਗਾਇਕੀ ਦੀ ਇਸ ਵਿਰਾਸਤ ਨੂੰ ਅਗਲੀ ਪੀੜ੍ਹੀ ਜਸਕੰਵਰ ਤੇ ਨਵਕੰਵਰ ਨੂੰ ਸੌਂਪਿਆ। ਜਸ ਤੇ ਨਵ ਨੇ ਹਾਲੇ ਚੱਜ ਨਾਲ ਪੈਰ ਵੀ ਪੁੱਟਣਾ ਨਹੀਂ ਸੀ ਸਿੱਖਿਆ, ਜਦੋਂ ਨਵਜੋਤ ਉਨ੍ਹਾਂ ਨੂੰ ਚਾਦਰਾ-ਕੁੜਤਾ ਪਹਿਨਾ ਕੇ ਅਤੇ ਮੋਢਿਆਂ ’ਤੇ ਬਿਠਾ ਕੇ ਜਰਗ ਦੇ ਮੇਲੇ ਦੀ ਸੈਰ ਕਰਵਾਉਂਦੇ। ਵਕਤ ਦੇ ਨਾਲ-ਨਾਲ ਜਰਗ ਦੇ ਮੇਲੇ ਵਿੱਚ ਕਵੀਸ਼ਰਾਂ ਤੇ ਢਾਡੀਆਂ ਦੀਆਂ ਵਾਰਾਂ ਸੁਣਦਿਆਂ ਦੋਵੇਂ ਭਰਾ ਲੋਕ-ਸੰਗੀਤ ਦੇ ਅਜਿਹੇ ਮੁਰੀਦ ਹੋਏ ਕਿ ਖੇਡਣ-ਮੱਲਣ ਦੀ ਉਮਰੇ ਹੀ ਉਨ੍ਹਾਂ ਦੀਆਂ ਉਂਗਲਾਂ ਢੱਡ, ਸਾਰੰਗੀ ਅਤੇ ਤੂੰਬੇ ’ਤੇ ਧੁਨਾਂ ਛੇੜਨ ਲੱਗ ਪਈਆਂ। ਮੰਡੇਰ ਪਰਿਵਾਰ ਦੇ ਖ਼ੂਨ ਵਿੱਚ ਰਚੇ ਇਸੇ ਸੰਗੀਤਕ ਜਜ਼ਬੇ ਸਦਕਾ ਨਵਜੋਤ ਦੇ ਵਿਆਹ ਤੋਂ ਲੈ ਕੇ ਜਸ ਤੇ ਨਵ ਦੇ ਜਨਮ ਦੀਆਂ ਖ਼ੁਸ਼ੀਆਂ ਵੀ ਘਰ ਵਿੱਚ ਲੋਕ-ਸੰਗੀਤ ਦੇ ਅਖਾੜੇ ਲਗਾ ਕੇ ਹੀ ਮਨਾਈਆਂ ਗਈਆਂ।

ਪੜ੍ਹਾਈ ਦੇ ਨਾਲ-ਨਾਲ ਦੋਵੇਂ ਭਰਾ ਅੰਤਰ-ਜ਼ੋਨਲ ਅਤੇ ਅੰਤਰ-ਵਰਸਿਟੀ ਯੁਵਕ ਮੇਲਿਆਂ ਵਿੱਚ ਕਲੀ, ਕਵੀਸ਼ਰੀ, ਕਵਿਤਾ ਗਾਇਨ ਅਤੇ ਵਾਰਾਂ ਦੇ ਮੁਕਾਬਲਿਆਂ ਵਿੱਚ ਮੋਹਰੀ ਰਹਿੰਦੇ ਹੋਏ ਕਈ ਮੈਡਲ ਆਪਣੇ ਨਾਮ ਕਰ ਚੁੱਕੇ ਹਨ। ਇੱਕ ਦਿਲਚਸਪ ਮੌਕਾ ਉਦੋਂ ਆਇਆ ਜਦੋਂ ਅੰਤਰ-ਵਰਸਿਟੀ ਯੁਵਕ ਮੇਲੇ ਵਿੱਚ ਕਲੀ ਦੇ ਮੁਕਾਬਲੇ ਦੌਰਾਨ ਦੋਵੇਂ ਭਰਾ ਇੱਕ-ਦੂਜੇ ਦੇ ਸਾਹਮਣੇ ਨਿੱਤਰੇ। ਇਸ ਮੁਕਾਬਲੇ ਵਿੱਚ ਜਸਕੰਵਰ ਦੀ ਪੀ ਏ ਯੂ ਵਾਲੀ ਟੀਮ ਨੇ ਨਵਕੰਵਰ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਲੀ ਟੀਮ ਨੂੰ ਮਾਤ ਦਿੱਤੀ। ‘ਪੰਜਾਬੀ ਲੋਕ ਵਿਰਾਸਤ ਅਕਾਦਮੀ’ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਦੀ ਸਰਪ੍ਰਸਤੀ ਹੇਠ ਹੁਸ਼ਿਆਰਪੁਰ ਵਿਖੇ ਲਗਾਏ ਗਏ ‘ਅੰਬ ਚੂਪ ਮੇਲੇ’ ਦੌਰਾਨ ਨਵਜੋਤ ਸਿੰਘ ਅਤੇ ਉਨ੍ਹਾਂ ਦੇ ਦੋਵਾਂ ਹੋਣਹਾਰ ਪੁੱਤਰਾਂ ਨੇ ਲੋਕ-ਗਾਇਕੀ ਦੇ ਅਜਿਹੇ ਜੌਹਰ ਦਿਖਾਏ ਕਿ ਅੰਬਾਂ ਦੇ ਬਾਗ਼ਾਂ ਵਿੱਚ ਕੋਇਲ ਦੀ ਕੂਕ ਦੇ ਨਾਲ-ਨਾਲ ਢੱਡ-ਸਾਰੰਗੀ ਦੀਆਂ ਸੁਰਾਂ ਨੇ ਕਹਿੰਦੇ-ਕਹਾਉਂਦੇ ਸਾਹਿਤਕਾਰਾਂ ਨੂੰ ਵੀ ਝੂਮਣ ਲਾ ਦਿੱਤਾ। ਉਸ ਮੌਕੇ ਪ੍ਰੋ. ਗਿੱਲ ਨੇ ਮੰਡੇਰ ਪਰਿਵਾਰ ਦੀ ਸ਼ਲਾਘਾ ਕਰਦਿਆਂ ਬੜੇ ਖ਼ੂਬਸੂਰਤ ਸ਼ਬਦ ਕਹੇ ਸਨ ਕਿ ‘ਜਿੱਥੇ ਕੋਵਿਡ ਮਹਾਮਾਰੀ ਦੌਰਾਨ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਸਨ, ਉੱਥੇ ਨਵਜੋਤ ਨੇ ਆਪਣੇ ਲਾਡਲਿਆਂ ਦੇ ਹੱਥਾਂ ਵਿੱਚ ਦੋਤਾਰਾ ਫੜਾ ਕੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ।’ ਕੋਵਿਡ ਦੇ ਇਸ ਇਕਾਂਤਵਾਸ ਨੇ ਦੋਵਾਂ ਭਰਾਵਾਂ ਦੀ ਗਾਇਕੀ ਵਿੱਚ ਨਿਖਾਰ ਲਿਆਂਦਾ ਅਤੇ ਉਸ ਸਮੇਂ ਰਿਕਾਰਡ ਕੀਤਾ ਉਨ੍ਹਾਂ ਦਾ ਇੱਕ ਗੀਤ ਦੇਸ਼-ਵਿਦੇਸ਼ ਦੇ ਸਰੋਤਿਆਂ ਵਿੱਚ ਬੇਹੱਦ ਵਾਇਰਲ ਹੋਇਆ, ਜਿਸ ਸਦਕਾ ਉਨ੍ਹਾਂ ਨੂੰ ਦੁਨੀਆ ਭਰ ਤੋਂ ਭਰਪੂਰ ਪ੍ਰਸ਼ੰਸਾ ਮਿਲੀ।

ਮੰਡੇਰ ਭਰਾਵਾਂ ਨੇ ਕੈਨੇਡਾ ਵਸਦੇ ਕਰਨਵੀਰ ਕਲੇਰ ਅਤੇ ਮਾਲੇਰਕੋਟਲਾ ਦੇ ਉਸਤਾਦ ਸ਼ਾਦੀ ਖਾਨ ਨੂੰ ਗੁਰੂ ਧਾਰਦਿਆਂ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ। ਲੋਕ-ਗਾਇਕੀ ਦੇ ਖੇਤਰ ਵਿੱਚ ਆਪਣੇ ਪਿਤਾ ਨਵਜੋਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲੇ ਇਨ੍ਹਾਂ ਭਰਾਵਾਂ ਨੇ ਜਰਗ ਦੇ ਮੇਲੇ ਤੋਂ ਪੇਸ਼ੇਵਰ ਗਾਇਕੀ ਦਾ ਜੋ ਸਫ਼ਰ ਸ਼ੁਰੂ ਕੀਤਾ, ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਪਿਛਲੇ ਤਿੰਨ-ਚਾਰ ਸਾਲਾਂ ਤੋਂ ਉਹ ਪੰਜਾਬ ਦੇ ਹਰ ਵੱਡੇ ਮੇਲੇ ਦੀ ਜਿੰਦ-ਜਾਨ ਬਣੇ ਹੋਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਮੇਤ ਵੱਖ-ਵੱਖ ਵਿਰਾਸਤੀ ਮੇਲਿਆਂ, ਸਰਸ ਮੇਲਿਆਂ, ਸਵਦੇਸ਼ੀ ਤੇ ਵਿਸਾਖੀ ਮੇਲਿਆਂ ਅਤੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਦੇ ਪ੍ਰੋਗਰਾਮਾਂ ਵਿੱਚ ਮੰਡੇਰ ਭਰਾ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੇ ਹਨ।

ਅਜੋਕੇ ਸਮੇਂ ਵਿੱਚ ਵਿਆਹਾਂ ਦੇ ਪ੍ਰੋਗਰਾਮਾਂ ਲਈ ਵੀ ਉਨ੍ਹਾਂ ਨੂੰ ਉਚੇਚੇ ਤੌਰ ’ਤੇ ਸੱਦਿਆ ਜਾਂਦਾ ਹੈ, ਜਿੱਥੇ ਉਹ ਰਵਾਇਤੀ ਵੰਨਗੀਆਂ ਨਾਲ ਖ਼ੁਸ਼ੀਆਂ ਨੂੰ ਚਾਰ-ਚੰਨ ਲਗਾਉਂਦੇ ਹਨ। ਇਸ ਜਥੇ ਦੀ ਅਗਵਾਈ ਵੱਡਾ ਭਰਾ ਜਸਕੰਵਰ ਸਿੰਘ ਕਰਦਾ ਹੈ, ਜੋ ਆਪਣੀ ਬੁਲੰਦ ਆਵਾਜ਼ ਨਾਲ ਸਰੋਤਿਆਂ ਨੂੰ ਕੀਲ ਲੈਂਦਾ ਹੈ ਜਦੋਂਕਿ ਨਵਕੰਵਰ ਸਾਜ਼ਾਂ ਦਾ ਧਨੀ ਹੈ। ਉਹ ਢੱਡ, ਸਾਰੰਗੀ ਅਤੇ ਦੋਤਾਰਾ ਵਜਾਉਣ ਦੇ ਨਾਲ-ਨਾਲ ਅਲਗੋਜ਼ਿਆਂ ’ਤੇ ਵੀ ਪੂਰੀ ਮੁਹਾਰਤ ਰੱਖਦਾ ਹੈ। ਛਾਂਟਵੇਂ ਸਰੀਰ ਵਾਲੇ ਇਹ ਛੈਲ-ਛਬੀਲੇ ਗੱਭਰੂ ਜਦੋਂ ਚਿੱਟੇ ਕੁੜਤੇ-ਚਾਦਰੇ, ਤੁਰਲੇ ਵਾਲੀ ਪੱਗ ਅਤੇ ਪੈਰਾਂ ਵਿੱਚ ਤਿੱਲੇਦਾਰ ਜੁੱਤੀ ਪਾ ਕੇ ਸਟੇਜ ’ਤੇ ਆਉਂਦੇ ਹਨ ਤਾਂ ਪੰਜਾਬੀ ਸੱਭਿਆਚਾਰ ਦਾ ਅਸਲ ਮੁਹਾਂਦਰਾ ਰੂਪਮਾਨ ਹੋ ਉੱਠਦਾ ਹੈ। ਗਲ ਵਿੱਚ ਸੋਨੇ ਦੀ ਤਵੀਤੜੀ ਅਤੇ ਸਾਜ਼ਾਂ ਨਾਲ ਲਟਕਦੇ ਰੰਗ-ਬਰੰਗੇ ਫੁੰਮਣ ਤੇ ਰੁਮਾਲ ਮੰਚ ’ਤੇ ਵੱਖਰਾ ਹੀ ਰੰਗ ਬੰਨ੍ਹਦੇ ਹਨ। ਆਪਣੀ ਗਾਇਕੀ ਦਾ ਆਗਾਜ਼ ਉਹ ਬਾਬੇ ਨਾਨਕ ਦੀ ਮਹਿਮਾ ਅਤੇ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਪ੍ਰਸਿੱਧ ਰਚਨਾ ‘ਲੱਗਦੇ ਰਹਿਣ ਖ਼ੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ’ ਨਾਲ ਕਰਦੇ ਹਨ। ਇਸੇ ਤਰ੍ਹਾਂ ਲੋਕ-ਤੱਥ, ਲੋਕ-ਗਾਥਾਵਾਂ ਅਤੇ ਆਧੁਨਿਕ ਗੀਤਾਂ ਦੇ ਰੰਗ ਬਿਖੇਰਦੇ ਹੋਏ ਸਰੋਤਿਆਂ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦੇ ਹਨ।

ਮੰਡੇਰ ਭਰਾ ਆਪਣੇ ਮਾਪਿਆਂ ਨਾਲ।

ਜਦੋਂ ਜਸ ਤੇ ਨਵ ਆਪਣੀ ਸੁਰੀਲੀ ਆਵਾਜ਼ ਵਿੱਚ ‘ਕੰਨੀਂ ਮੁੰਦਰਾਂ ਸੁਨਹਿਰੀ ਗਲ ਗਾਨੀ, ਭਾਬੋ ਨੀਂ ਇੱਕ ਜੋਗੀ ਆ ਗਿਆ’ ਅਤੇ ‘ਜੇ ਤੂੰ ਅੱਖੀਆਂ ਦੇ ਸਾਹਮਣੇ ਨ੍ਹੀਂ ਰਹਿਣਾ, ਮਾਹੀ ਵੇ ਸਾਡਾ ਦਿਲ ਮੋੜ ਦੇ’ ਵਰਗੇ ਗੀਤ ਗਾਉਂਦੇ ਹਨ ਤਾਂ ਪੂਰਾ ਮੇਲਾ ਹੀ ਲੁੱਟ ਲੈਂਦੇ ਹਨ। ਇਹ ਗੀਤ ਹੁਣ ਉਨ੍ਹਾਂ ਦੀ ਪਛਾਣ ਬਣ ਚੁੱਕੇ ਹਨ, ਜਿਨ੍ਹਾਂ ਦੀ ਸਰੋਤਿਆਂ ਵੱਲੋਂ ਵਾਰ-ਵਾਰ ਫਰਮਾਇਸ਼ ਕੀਤੀ ਜਾਂਦੀ ਹੈ। ਵਿਆਹਾਂ ਮੌਕੇ ਡੋਲੀ ਤੋਰਨ ਵੇਲੇ ਜਦੋਂ ਉਹ ‘ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ, ਹੱਸ-ਹੱਸ ਤੋਰ ਬਾਬਲਾ’ ਗਾਉਂਦੇ ਹਨ ਤਾਂ ਮਾਹੌਲ ਭਾਵੁਕ ਹੋ ਜਾਂਦਾ ਹੈ। ਮੰਡੇਰ ਭਰਾਵਾਂ ਦੇ ਅਖਾੜਿਆਂ ਵਿੱਚ ‘ਆਸ਼ਕ ਸਹਿਣ ਨਿਮਾਣੇ ਚੋਟਾਂ ਇਸ਼ਕ ਦੀਆਂ’, ‘ਹਾਏ ਓ ਰੱਬਾ ਸੋਹਣਿਆਂ ਨੂੰ ਛੇਤੀ ਕਿਉਂ ਨ੍ਹੀਂ ਮੇਲਦਾ’ ਅਤੇ ‘ਲੈ ਕੇ ਦੇ ਗਿਆ ਮੇਲੇ ’ਚੋਂ ਕਾਲੀ ਗਾਨੀ’ ਵਰਗੇ ਮਕਬੂਲ ਗੀਤ ਸਰੋਤਿਆਂ ਨੂੰ ਕੀਲ ਲੈਂਦੇ ਹਨ। ਲੋਕ-ਗਾਥਾਵਾਂ ਦੇ ਖੇਤਰ ਵਿੱਚ ਵੀ ਉਨ੍ਹਾਂ ਦੀ ਪਕੜ ਕਮਾਲ ਦੀ ਹੈ। ਸੱਸੀ-ਪੁੰਨੂ ਦੀ ਗਾਥਾ ‘ਸਾਰਾ ਤੇਰੀ ਅੱਖ ਦਾ ਕਸੂਰ ਸੱਸੀਏ’, ਰਾਣੀ ਸੁੰਦਰਾਂ ਦੀ ਬੇਨਤੀ ‘ਪੂਰਨਾ ਵੇ ਅੱਖੀਆਂ ਦੇ ਰਹਿ ਸਾਹਮਣੇ’ ਅਤੇ ਸੋਹਣੀ ਦਾ ਅੰਤਰਨਾਦ ‘ਵੇ ਸੁਣ ਘੜਿਆ ਪੱਲਾ ਮੈਂ ਤੇਰਾ ਫੜਿਆ’ ਸੁਣਾਉਂਦੇ ਹੋਏ ਉਹ ਪੁਰਾਤਨ ਸਮਿਆਂ ਨੂੰ ਸੁਰਜੀਤ ਕਰ ਦਿੰਦੇ ਹਨ। ‘ਕਿੱਸਾ ਪੂਰਨ ਭਗਤ’, ‘ਲੈਲਾ-ਮਜਨੂੰ’ ਅਤੇ ‘ਹੀਰ ਦੀ ਕਲੀ’ ਤੋਂ ਇਲਾਵਾ ਜਦੋਂ ਉਹ ਲੰਮੀ ਹੇਕ ਨਾਲ ‘ਮਿਰਜ਼ਾ’ ਗਾਉਂਦੇ ਹਨ ਤਾਂ ਉਨ੍ਹਾਂ ਦੀ ਕਲਾ ਸਿਖਰਾਂ ਨੂੰ ਛੋਹ ਜਾਂਦੀ ਹੈ। ਦੁੱਲਾ ਭੱਟੀ ਅਤੇ ਜਿਊਣਾ ਮੌੜ ਦੀਆਂ ਵਾਰਾਂ ਰਾਹੀਂ ਉਹ ਸਰੋਤਿਆਂ ਵਿੱਚ ਬੀਰਰਸ ਭਰਨ ਦਾ ਹੁਨਰ ਵੀ ਰੱਖਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੇ ਨਵੇਂ ਰਿਕਾਰਡ ਹੋਏ ਗੀਤ ‘ਪੱਗ ਤੇਰੀਆਂ ਦੇ ਰੰਗ ਸਾਰੇ ਦੱਸਦੇ’ ਅਤੇ ‘ਤੂੰ ਮੇਰਾ ਰਾਜਾ ਸੋਹਣਿਆ ਵੇ’ ਸਰੋਤਿਆਂ ਦੇ ਸਨਮੁਖ ਹੋਏ ਹਨ, ਜੋ ਉਨ੍ਹਾਂ ਦੀ ਭਵਿੱਖੀ ਗਾਇਕੀ ਵੱਲ ਵਧਦੇ ਕਦਮ ਹਨ।

ਪਿਛਲੇ ਵਰ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਵੱਲੋਂ ਗਾਏ ਗੀਤ ‘ਕਰੋ ਮੇਹਰ ਲੋਕਾਈ ’ਤੇ, ਦਾਤਾ ਭਲਾ ਜਗਤ ਦਾ ਹੋਵੇ’ ਅਤੇ ‘ਵਸੇ ਗੁਰੂਆਂ ਦੇ ਨਾਂ ’ਤੇ ਇਹ ਧਰਤੀ... ਸਦਾ ਚੜ੍ਹਦੀ ਕਲਾ ’ਚ ਰਹਿਣਾ ਹੈ ਪੰਜਾਬ’ ਨੇ ਹਰ ਪੰਜਾਬੀ ਦਾ ਮਨ ਮੋਹ ਲਿਆ ਅਤੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਭਰਪੂਰ ਅਸੀਸਾਂ ਮਿਲੀਆਂ। ਧਾਰਮਿਕ, ਸੱਭਿਆਚਾਰਕ ਅਤੇ ਲੋਕ-ਵੰਨਗੀਆਂ ਦੇ ਨਾਲ-ਨਾਲ ਉਹ ਸਾਹਿਤਕ ਗੀਤਾਂ ਰਾਹੀਂ ਵੀ ਆਪਣੀ ਹਾਜ਼ਰੀ ਲਗਵਾਉਂਦੇ ਹਨ। ਇਨ੍ਹਾਂ ਵਿੱਚ ਧਨੀ ਰਾਮ ਚਾਤ੍ਰਿਕ ਦੀ ਅਮਰ ਰਚਨਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’, ਮੁਖਤਿਆਰ ਸਿੰਘ ਜ਼ਫ਼ਰ ਦਾ ਲਿਖਿਆ ‘ਮੰਡੀ ਵਿੱਚੋਂ ਆ ਕੇ ਬਾਪੂ ਮੰਜੀ ਉੱਤੇ ਪੈ ਗਇਓ, ਮੂੰਹ ਦੇ ਉਤੇ ਗ਼ਮ ਦੇ ਸਾਏ’ ਅਤੇ ਪ੍ਰੋ. ਗੁਰਭਜਨ ਗਿੱਲ ਦੀ ਕਵਿਤਾ ‘ਅੰਬਾਂ ਨੂੰ ਪੈ ਗਿਆ ਬੂਰ’ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹਨ। ਪਿਛਲੇ ਦਿਨੀਂ ਜਦੋਂ ਉਨ੍ਹਾਂ ਨੇ ਅੰਗਦਾਨ ਵਰਗੇ ਨੇਕ ਕਾਰਜ ਦੀ ਪ੍ਰੇਰਣਾ ਦਿੰਦਾ ਗੀਤ ਗਾਇਆ ਤਾਂ ਹੰਸ ਰਾਜ ਹੰਸ, ਅਮਰ ਨੂਰੀ ਅਤੇ ਦੀਪਕ ਬਾਲੀ ਵਰਗੀਆਂ ਹਸਤੀਆਂ ਨੇ ਉਨ੍ਹਾਂ ਨੂੰ ਰੂਹ ਤੋਂ ਦਾਦ ਦਿੱਤੀ। ਇਸ ਮੌਕੇ ਅਮਰ ਨੂਰੀ ਬੇਹੱਦ ਭਾਵੁਕ ਹੋ ਗਏ। ਨਵੀਂ ਉਮਰ ਦੇ ਇਨ੍ਹਾਂ ਵਿਰਾਸਤੀ ਗਾਇਕਾਂ ਦੀ ਕਲਾ ਦੇ ਅੱਜ ਹਰਭਜਨ ਮਾਨ, ਮਨਮੋਹਨ ਵਾਰਿਸ, ਜਸਬੀਰ ਜੱਸੀ, ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਵਰਗੇ ਦਿੱਗਜ ਗਾਇਕ ਵੀ ਕਾਇਲ ਹਨ।

ਮੰਡੇਰ ਭਰਾਵਾਂ ਦੇ ਜਥੇ ਵਿੱਚ ਜਿੱਥੇ ਰਵਾਇਤੀ ਸਾਜ਼ਾਂ ਦੀ ਸਰਦਾਰੀ ਹੈ, ਉੱਥੇ ਆਧੁਨਿਕ ਸਾਜ਼ ਗਿਟਾਰ ਵੀ ਆਪਣੀ ਹਾਜ਼ਰੀ ਲਗਵਾਉਂਦਾ ਹੈ। ਉਹ ਪਿੰਡ ਦੀਆਂ ਸੱਥਾਂ ਵਿੱਚ ਰਿਆਜ਼ ਕਰਨ ਦੇ ਨਾਲ-ਨਾਲ ਚੰਡੀਗੜ੍ਹ ਦੀ ਸੁਖਨਾ ਝੀਲ ਦੇ ਕੰਢੇ ਪਾਣੀ ਦੀਆਂ ਛੱਲਾਂ ਮੂਹਰੇ ਬੈਠ ਕੇ ਵੀ ਆਪਣਾ ਗਲਾ ਖੋਲ੍ਹਦੇ ਹਨ। ਅਜਿਹਾ ਹੀ ਇੱਕ ਕਿੱਸਾ ਹੈ ਜਦੋਂ ਉਹ ਝੀਲ ’ਤੇ ‘ਜੋਗੀ ਕਿਧਰੋਂ ਆ ਗਿਆ ਨੀਂ’ ਗਾ ਰਹੇ ਸਨ ਤਾਂ ਸੈਰ ਕਰਨ ਆਏ ਲੋਕ ਮੰਤਰ-ਮੁਗਧ ਹੋ ਕੇ ਉਨ੍ਹਾਂ ਦੇ ਸਰੋਤੇ ਬਣ ਗਏ ਅਤੇ ਦੇਖਦਿਆਂ ਹੀ ਦੇਖਦਿਆਂ ਉੱਥੇ ਵੱਡਾ ਇਕੱਠ ਜੁੜ ਗਿਆ। ਉਹ ਵੱਡੇ ਕੌਨਸਰਟਾਂ ਵਿੱਚ ਗਾਉਣ ਦੇ ਨਾਲ-ਨਾਲ ਮੇਲਿਆਂ ਵਿੱਚ ਆਮ ਲੋਕਾਂ ਵਾਂਗ ਤੁਰ-ਫਿਰ ਕੇ ਗਾਉਂਦਿਆਂ ਸਰੋਤਿਆਂ ਨੂੰ ਨੱਚਣ ਲਾ ਦਿੰਦੇ ਹਨ। ਉਨ੍ਹਾਂ ਦੇ ਪਿਤਾ ਨਵਜੋਤ ਸਿੰਘ, ਜੋ ਪੰਜਾਬ ਸਰਕਾਰ ਵਿੱਚ ਜੈਨਕੋ ਦੇ ਚੇਅਰਮੈਨ ਹਨ, ਵਿਹਲ ਮਿਲਣ ’ਤੇ ਆਪਣੇ ਪੁੱਤਰਾਂ ਨਾਲ ਵਿਰਾਸਤੀ ਕਲਾ ਦੇ ਜੌਹਰ ਵਿਖਾਉਂਦੇ ਹਨ। ਪਿਤਾ ਦੇ ਸਾਰੰਗੀ ਵਾਦਨ ਅਤੇ ਨਵਕੰਵਰ ਦੇ ਢੱਡ, ਦੋਤਾਰੇ ਤੇ ਅਲਗੋਜ਼ਿਆਂ ਦੀਆਂ ਧੁਨਾਂ ਦੀ ਸੰਗਤ ਵਿੱਚ ਜਸਕੰਵਰ ਲੰਬੀਆਂ ਹੇਕਾਂ ਲਗਾਉਂਦਾ ਹੈ। ਰਿਆਜ਼ ਬਾਰੇ ਗੱਲ ਕਰਨ ’ਤੇ ਦੋਵੇਂ ਭਰਾ ਕਹਿੰਦੇ ਹਨ ਕਿ ਰਵਾਇਤੀ ਸਾਜ਼ਾਂ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਬਿਨਾਂ ਬਿਜਲੀ ਕੁਨੈਕਸ਼ਨ ਦੇ ਜਿੱਥੇ ਮਰਜ਼ੀ ਅਖਾੜਾ ਸਜਾਇਆ ਜਾ ਸਕਦਾ ਹੈ। ਆਪਣੇ ਸੁਰੀਲੇ ਗਲੇ ਨੂੰ ਬਰਕਰਾਰ ਰੱਖਣ ਲਈ ਉਹ ਘਰ ਦੇ ਖਾਣੇ, ਖ਼ਾਸ ਕਰ ਕੇ ਦੇਸੀ ਘਿਓ-ਸ਼ੱਕਰ ਦੀ ਚੂਰੀ ਨੂੰ ਤਰਜੀਹ ਦਿੰਦੇ ਹਨ। ਮੰਡੇਰ ਭਰਾ ਸੱਚਮੁੱਚ ਸਾਡੇ ਅਮੀਰ ਵਿਰਸੇ ਦੇ ਅਜਿਹੇ ਵਾਰਿਸ ਹਨ, ਜਿਨ੍ਹਾਂ ਤੋਂ ਪੰਜਾਬੀ ਸੱਭਿਆਚਾਰ ਨੂੰ ਵੱਡੀਆਂ ਆਸਾਂ ਹਨ।

ਸੰਪਰਕ: 97800-36216

Advertisement
×