ਅੱਧੀ ਟਿਕਟ
ਸਵੇਰੇ ਦਸ ਕੁ ਵਜੇ ਦਾ ਸਮਾਂ ਸੀ। ਰਾਏਕੋਟ ਬੱਸ ਸਟੈਂਡ ’ਤੇ ਖੜ੍ਹੀ ਅਹਿਮਦਗੜ੍ਹ ਮੰਡੀ ਨੂੰ ਜਾਣ ਵਾਲੀ ਬੱਸ ਦੇ ਕੰਡਕਟਰ ਨੂੰ ਮੈਂ ਪੁੱਛਿਆ, “ਇਹ ਬੱਸ ਅਹਿਮਦਗੜ੍ਹ ਮੰਡੀ ਜਾਊਗੀ..!’’ ਉਸ ਨੇ ‘ਹਾਂ’ ਵਿੱਚ ਸਿਰ ਹਿਲਾਇਆ ਪਰ ਕੁਝ ਨਾ ਬੋਲਿਆ। ਮੈਂ ਉਸ...
ਸਵੇਰੇ ਦਸ ਕੁ ਵਜੇ ਦਾ ਸਮਾਂ ਸੀ। ਰਾਏਕੋਟ ਬੱਸ ਸਟੈਂਡ ’ਤੇ ਖੜ੍ਹੀ ਅਹਿਮਦਗੜ੍ਹ ਮੰਡੀ ਨੂੰ ਜਾਣ ਵਾਲੀ ਬੱਸ ਦੇ ਕੰਡਕਟਰ ਨੂੰ ਮੈਂ ਪੁੱਛਿਆ, “ਇਹ ਬੱਸ ਅਹਿਮਦਗੜ੍ਹ ਮੰਡੀ ਜਾਊਗੀ..!’’ ਉਸ ਨੇ ‘ਹਾਂ’ ਵਿੱਚ ਸਿਰ ਹਿਲਾਇਆ ਪਰ ਕੁਝ ਨਾ ਬੋਲਿਆ। ਮੈਂ ਉਸ ਨੂੰ ਅਗਲਾ ਸਵਾਲ ਕੀਤਾ, ‘ਅੱਧੀ ਟਿਕਟ ਲੈ ਲਓਗੇ..!’ ‘ਹਾਂ, ਬਹਿ ਜਾ’ ਉਸ ਨੇ ਹੌਲੀ ਜਿਹੀ ਜਵਾਬ ਦਿੱਤਾ। ਮੈਂ ਬੱਸ ਦੀ ਅਗਲੀ ਤਾਕੀ ਚੜ੍ਹ ਕੇ ਬੱਸ ਦੇ ਵਿਚਕਾਰ ਤਿੰਨ ਸਵਾਰੀਆਂ ਵਾਲੀ ਸੀਟ ’ਤੇ ਬੈਠ ਗਿਆ। ਬੱਸ ਵਿੱਚ ਮਸਾਂ ਪੰਜ-ਸੱਤ ਸਵਾਰੀਆਂ ਹੋਰ ਸਨ। ਰੁੱਖੇ ਜਿਹੇ ਸੁਭਾਅ ਦਾ ਕੰਡਕਟਰ ਲਗਾਤਾਰ ਸਵਾਰੀਆਂ ਨੂੰ ਉੱਚੀ-ਉੱਚੀ ਅਵਾਜ਼ਾਂ ਮਾਰ ਰਿਹਾ ਸੀ, “ਭੈਣੀ ਦਰੇੜਾਂ, ਬੜੂੰਦੀ, ਛਪਾਰ, ਲਤਾਲਾ, ਅਹਿਮਦਗੜ੍ਹ ਮੰਡੀ ਆਲੇ... ਆਜੋ ਵੀ..!” ਬੱਸ ਵਿੱਚ ਹੋਰ ਸਵਾਰੀਆਂ ਆ ਚੜ੍ਹੀਆਂ। ਕਾਲੇ ਰੰਗ ਦੇ ਡੱਬੀਆਂ ਵਾਲੇ ਪਰਨੇ ਨੂੰ ਆਪਣੇ ਸੱਜੇ ਮੋਢੇ ’ਤੇ ਸੁੱਟਦਿਆਂ ਆਪਣੇ ਖੱਬੇ ਗੁੱਟ ’ਤੇ ਬੰਨ੍ਹੀ ਘੜੀ ਵੱਲ ਦੇਖਦੇ ਹੋਏ ਬੱਸ ਕੰਡਕਟਰ ਨੇ ਸੀਟੀ ਮਾਰ ਕੇ ਡਰਾਈਵਰ ਨੂੰ ਬੱਸ ਤੋਰਨ ਦਾ ਇਸ਼ਾਰਾ ਕੀਤਾ ਅਤੇ ਬੱਸ ਅੱਡੇ ਤੋਂ ਤੁਰ ਪਈ। ਬੱਸ ਵਿੱਚ ਅਜੇ ਵੀ ਜ਼ਿਆਦਾਤਰ ਸੀਟਾਂ ਖਾਲੀ ਸਨ। ਜਦੋਂ ਬੱਸ ਰਾਏਕੋਟ ਦੇ ਮਸ਼ਹੂਰ ਘੋੜੇ ਵਾਲੇ ਚੌਕ ਵਿੱਚ ਪੁੱਜੀ ਤਾਂ ਕਾਫ਼ੀ ਹੋਰ ਸਵਾਰੀਆਂ ਬੱਸ ਦੀ ਉਡੀਕ ਵਿੱਚ ਖੜ੍ਹੀਆਂ ਸਨ, ਜਿਵੇਂ ਲੰਮੇ ਸਮੇਂ ਤੋਂ ਕੋਈ ਬੱਸ ਨਾ ਆਈ ਹੋਵੇ। ਉਸੇ ਚੌਕ ਤੋਂ ਇੱਕ ਸੋਹਣੀ-ਸੁਨੱਖੀ ਮੁਟਿਆਰ ਬੱਸ ਦੀ ਅਗਲੀ ਤਾਕੀ ’ਚੋਂ ਚੜ੍ਹੀ, ਜਿਸ ਨੇ ਆਪਣੇ ਹੱਥ ਵਿੱਚ ਵੱਡਾ ਸਾਰਾ ਅਟੈਚੀ ਬੈਗ ਫੜ੍ਹਿਆ ਹੋਇਆ ਸੀ ਜੋ ਭਾਰੀ ਲੱਗ ਰਿਹਾ ਸੀ। ਜਦੋਂ ਉਹ ਬੱਸ ਵਿੱਚ ਚੜ੍ਹੀ ਤਾਂ ਉਸੇ ਪਲ ਮੇਰੀ ਨਜ਼ਰ ਉਸ ’ਤੇ ਪਈ ਅਤੇ ਇੰਝ ਲੱਗਿਆ ਜਿਵੇਂ ਉਸ ਨੇ ਆਪਣੀਆਂ ਮਹਿੰਗੀਆਂ ਕਾਲੀਆਂ ਐਨਕਾਂ ਵਿੱਚੋਂ ਮੈਨੂੰ ਵੀ ਚੋਰੀ ਅੱਖ ਨਾਲ ਦੇਖਿਆ ਹੋਵੇ। ਉਹ ਬੱਸ ਵਿੱਚ ਖਾਲੀ ਪਈਆਂ ਹੋਰ ਸੀਟਾਂ ਛੱਡ ਕੇ ਮੇਰੇ ਵਾਲੀ ਸੀਟ ’ਤੇ ਆ ਬੈਠੀ ਅਤੇ ਆਪਣਾ ਅਟੈਚੀ ਸੀਟ ਉੱਪਰ ਆਪਣੇ ਖੱਬੇ ਹੱਥ ਰੱਖ ਲਿਆ। ਉਸ ਦੇ ਪਹਿਨਿਆ ਹੋਇਆ ਗੂੜੇ ਰੰਗ ਦਾ ਲਾਲ ਸੂਟ, ਹੱਥਾਂ ਵਿੱਚ ਪਾਇਆ ਚੂੜਾ ਅਤੇ ਕੀਤਾ ਹੋਇਆ ਹਾਰ-ਸ਼ਿੰਗਾਰ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਉਸ ਦਾ ਵਿਆਹ ਅਜੇ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਉਸ ਸਮੇਂ ਮੇਰੀ ਉਮਰ ਮਸਾਂ ਵੀਹ ਕੁ ਸਾਲ ਦੀ ਹੋਵੇਗੀ ਅਤੇ ਉਹ ਮੇਰੇ ਤੋਂ ਇੱਕ-ਦੋ ਸਾਲ ਵੱਡੀ ਜਾਪਦੀ ਸੀ। ਮੇਰੇ ਅੰਦਰ ਕਈ ਵਲਵਲੇ ਪੈਦਾ ਹੋ ਰਹੇ ਸਨ, ਜਿਨ੍ਹਾਂ ਦਾ ਜਵਾਬ ਵੀ ਮੈਂ ਆਪ ਹੀ ਦੇ ਰਿਹਾ ਸੀ। ਮੈਂ ਕਦੇ ਬੱਸ ਤੋਂ ਬਾਹਰ ਦੇਖਦਾ, ਕਦੇ ਆਪਣੀ ਆਸਮਾਨੀ ਰੰਗ ਦੀ ਸ਼ਰਟ ਨਾਲ ਲਾਈ ਨੀਲੀ ਟਾਈ ਠੀਕ ਕਰਦਾ ਅਤੇ ਕਦੇ ਆਪਣੇ ਗਲ ਵਿੱਚ ਪਾਏ ਆਪਣੀ ਕੰਪਨੀ ਦੇ ਪਛਾਣ ਪੱਤਰ ਨੂੰ ਜੇਬ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰਦਾ। ਪਤਾ ਨਹੀਂ ਕਿਉਂ ਮੈਂ ਆਪਣੀ ਪਛਾਣ ਉਸ ਅਜਨਬੀ ਕੁੜੀ ਤੋਂ ਲੁਕਾ ਰਿਹਾ ਸੀ, ਜੋ ਅੱਜ ਇਸ ਸਫ਼ਰ ਵਿੱਚ ਮੇਰੇ ਨਾਲ ਇੰਝ ਆ ਬੈਠੀ ਸੀ ਜਿਵੇਂ ਮੈਨੂੰ ਪਹਿਲਾਂ ਤੋਂ ਹੀ ਜਾਣਦੀ ਹੋਵੇ। ਅੱਜ ਪਹਿਲੀ ਵਾਰ ਮੈਨੂੰ ਬੱਸ ਦਾ ਸਫ਼ਰ ਨਵਾਂ ਅਤੇ ਉਮੰਗ ਭਰਿਆ ਲੱਗ ਰਿਹਾ ਸੀ, ਹਾਲਾਂਕਿ ਮੈਂ ਹਰ ਰੋਜ਼ ਬੱਸ ਦਾ ਸਫ਼ਰ ਕਰਦਾ ਸੀ।
ਬੱਸ ਤਕਰੀਬਨ ਦੋ-ਤਿੰਨ ਕਿਲੋਮੀਟਰ ਅੱਗੇ ਪਹੁੰਚੀ। ਹੁਣ ਬੱਸ ਵਿੱਚ ਸਵਾਰੀਆਂ ਦੇ ਬੈਠਣ ਲਈ ਕੋਈ ਸੀਟ ਨਹੀਂ ਸੀ ਬਲਕਿ ਅੱਠ-ਦਸ ਸਵਾਰੀਆਂ ਖੜ੍ਹੀਆਂ ਸਨ। ਬੱਸ ਕੰਡਕਟਰ ਟਿਕਟਾਂ ਕੱਟਦਾ-ਕੱਟਦਾ ਮੇਰੇ ਕੋਲ ਆਇਆ। ਉਨ੍ਹਾਂ ਦਿਨਾਂ ਵਿੱਚ ਰਾਏਕੋਟ ਤੋਂ ਅਹਿਮਦਗੜ੍ਹ ਮੰਡੀ ਜਾਣ ਦਾ ਬਾਰ੍ਹਾਂ ਰੁਪਏ ਕਿਰਾਇਆ ਲੱਗਦਾ ਸੀ। ਮੈਂ ਕੰਡਕਟਰ ਨੂੰ ਆਪਣੀ ਜੇਬ ਵਿੱਚੋਂ ਟਿਕਟ ਕਟਵਾਉਣ ਲਈ ਖੁੱਲ੍ਹੇ ਛੇ ਰੁਪਏ ਕੱਢ ਕੇ ਫੜਾਏ, ਪਰ ਉਹ ਅੱਗੋਂ ਬੋਲਿਆ, ‘‘ਕਾਕਾ ਜੀ, ਅਹਿਮਦਗੜ੍ਹ ਮੰਡੀ ਦੇ ਬਾਰ੍ਹਾਂ ਰੁਪਏ ਲੱਗਦੇ ਨੇ...!’’ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਪੁੱਛ ਕੇ ਬੈਠਿਆ ਸੀ ਕਿ ਅੱਧੀ ਟਿਕਟ ਲੈ ਲਓਗੇ ਅਤੇ ਤੁਸੀਂ “ਹਾਂ” ਕਿਹਾ ਸੀ ਪਰ ਸਵਾਰੀਆਂ ਨਾਲ ਭਰੀ ਹੋਈ ਬੱਸ ਦੇਖ ਕੇ ਕੰਡਕਟਰ ਦਾ ਰਵੱਈਆ ਪਹਿਲਾਂ ਨਾਲੋਂ ਕੁਝ ਬਦਲਿਆ ਹੋਇਆ ਲੱਗ ਰਿਹਾ ਸੀ। ਉਹ ਮੇਰੇ ਨਾਲ ਬਹਿਸਬਾਜ਼ੀ ਕਰ ਰਿਹਾ ਸੀ ਅਤੇ ਮੈਂ ਵੀ ਉਸ ਵੱਲੋਂ ਅੱਧੀ ਟਿਕਟ ਕਟਵਾਉਣ ਬਾਰੇ ਕੀਤੀ ਗਈ ‘ਹਾਂ’ ਦਾ ਉਸ ਨੂੰ ਚੇਤਾ ਕਰਵਾ ਰਿਹਾ ਸੀ, ਪਰ ਉਹ ਨਾ ਮੰਨਿਆ। ਉਹ ਇਹ ਗੱਲ ਕਹਿ ਕੇ ਅੱਗੇ ਚਲਾ ਗਿਆ ਕਿ ਪੂਰੀ ਟਿਕਟ ਲਓ। ਉਹ ਮੈਨੂੰ ਜ਼ੁਬਾਨ ਦਾ ਪੱਕਾ ਨਹੀਂ ਲੱਗਿਆ।
ਮੇਰੇ ਨਾਲ ਸੀਟ ’ਤੇ ਬੈਠੀ ਉਹ ਅਜਨਬੀ ਕੁੜੀ ਇਹ ਸਭ ਕੁਝ ਦੇਖ ਰਹੀ ਸੀ। ਉਸ ਨੇ ਮੈਨੂੰ ਪਰੇਸ਼ਾਨ ਹੁੰਦਾ ਦੇਖ ਪੁੱਛਿਆ, ‘‘ਤੁਸੀਂ ਕਿੱਥੇ ਜਾਣਾ ਹੈ?’’ ਮੇਰਾ ਦਿਲ ਪਹਿਲਾਂ ਨਾਲੋਂ ਵੀ ਤੇਜ਼ ਧੜਕਣ ਲੱਗਾ। ਮੈਂ ਸ਼ਰਮਾਉਂਦੇ ਹੋਏ ਉਸ ਨੂੰ ਦੱਸਿਆ ਕਿ ਮੈਂ ਅਹਿਮਦਗੜ੍ਹ ਮੰਡੀ ਜਾਣਾ ਹੈ ਅਤੇ ਮੈਂ ਅੱਧੀ ਟਿਕਟ ਦੇਣ ਬਾਰੇ ਕੰਡਕਟਰ ਨੂੰ ਪੁੱਛ ਕੇ ਹੀ ਬੱਸ ਵਿੱਚ ਚੜ੍ਹਿਆ ਸੀ। ਉਸ ਨੇ ਕਿਹਾ, ‘‘ਫਿਰ ਤੁਸੀਂ ਪੂਰੀ ਟਿਕਟ ਲੈ ਲਓ।’’ ਇਹ ਉਹੀ ਸਵਾਲ ਸੀ ਜਿਸ ਤੋਂ ਮੈਂ ਡਰ ਰਿਹਾ ਸੀ। ਆਖ਼ਰ ਕੁਝ ਸੋਚ ਕੇ ਮੈਂ ਝਿਜਕਦੇ ਹੋਏ ਉਸ ਨੂੰ ਸਾਰੀ ਗੱਲ ਦੱਸੀ, ‘‘ਜੀ, ਮੈਂ ਇੱਕ ਮਾਰਕਟਿੰਗ ਕੰਪਨੀ ਵਿੱਚ ਕੰਮ ਕਰਦਾ ਹਾਂ, ਇਹ ਕੰਪਨੀ ਸਾਨੂੰ ਮਾਰਕਟਿੰਗ ਕਰਨ ਲਈ ਹਰ ਰੋਜ਼ ਕਿਸੇ ਨਵੇਂ ਸ਼ਹਿਰ ਜਾਂ ਪਿੰਡ ਵਿੱਚ ਭੇਜਦੀ ਹੈ। ਇਨ੍ਹੀਂ ਦਿਨੀਂ ਸਾਡੀ ਇੱਕ ਵਿਸ਼ੇਸ਼ ਟ੍ਰੇਨਿੰਗ ਚੱਲ ਰਹੀ ਹੈ, ਜਿਸ ਤਹਿਤ ਸਾਨੂੰ ਮਾਰਕਟਿੰਗ ਸਕਿੱਲਜ਼ ਸਿਖਾਏ ਜਾਂਦੇ ਹਨ ਜੋ ਸਾਨੂੰ ਇੱਕ ਵਧੀਆ ਸੇਲਜ਼ਮੈਨ ਬਣਾਉਣ ਵਿੱਚ ਸਹਾਈ ਹੁੰਦੇ ਹਨ। ਇਸ ਟ੍ਰੇਨਿੰਗ ਦੌਰਾਨ ਕੰਪਨੀ ਵੱਲੋਂ ਸਾਨੂੰ ਸਫ਼ਰ ਕਰਨ ਲਈ ਇੱਕ ਪਾਸੇ ਦਾ ਕਿਰਾਇਆ ਦਿੱਤਾ ਜਾਂਦਾ ਹੈ ਅਤੇ ਵਾਪਸੀ ਦਾ ਕਿਰਾਇਆ ਅਸੀਂ ਦਿਨ ਭਰ ਵਿੱਚ ਵੇਚੇ ਗਏ ਸਾਮਾਨ ਦੇ ਪੈਸਿਆਂ ਵਿੱਚੋਂ ਖ਼ਰਚ ਕਰਦੇ ਹਾਂ। ਮੇਰੇ ਕੋਲ ਇਸ ਵਕਤ ਸਿਰਫ਼ ਦਸ ਰੁਪਏ ਹੀ ਹਨ...!’’ ਮੇਰੀ ਗੱਲ ਸੁਣ ਕੇ ਉਹ ਕੁੜੀ ਹੈਰਾਨ ਵੀ ਹੋਈ ਅਤੇ ਪ੍ਰੇਸ਼ਾਨ ਵੀ। ਮੇਰਾ ਚਿਹਰਾ ਮੁਰਝਾਇਆ ਹੋਇਆ ਸੀ। ਕੰਡਕਟਰ ਦੁਬਾਰਾ ਮੇਰੇ ਵੱਲ ਆ ਰਿਹਾ ਸੀ ਅਤੇ ਉਹ ਕੁੜੀ ਮੇਰੇ ਮੂੰਹ ਵੱਲ ਦੇਖ ਰਹੀ ਸੀ। ਕੰਡਕਟਰ ਨੇ ਫਿਰ ਆ ਕੇ ਮੈਨੂੰ ਟਿਕਟ ਪੁੱਛੀ।
‘‘ਲਿਆ ਬਈ ਟਿਕਟ...!’’ ਉਹ ਬੋਲਿਆ। ਮੈਂ ਕਿਹਾ, ‘‘ਪੰਜ ਰੁਪਏ ਵਿੱਚ ਬੱਸ ਜਿੱਥੋਂ ਤੱਕ ਜਾਂਦੀ ਐ, ਉੱਥੋਂ ਦੀ ਟਿਕਟ ਦੇ ਦਿਓ..!’’ ‘‘ਪੰਜ ਰੁਪਏ ਵਿੱਚ ਤਾਂ ਫੇਰ ਬੜੂੰਦੀ ਤੱਕ ਹੀ ਜਾਊਗੀ।’’ ‘‘ਫੇਰ ਬੜੂੰਦੀ ਤੱਕ ਦੀ ਟਿਕਟ ਦੇ ਦਿਓ।’’
ਉਸ ਕੁੜੀ ਨੇ ਆਪਣੇ ਗੁਲਾਬੀ ਰੰਗ ਦੇ ਪਰਸ ਵਿੱਚੋਂ ਪੰਜਾਹ ਰੁਪਏ ਦਾ ਨੋਟ ਕੱਢਿਆ ਅਤੇ ਮੇਰਾ ਹੱਥ ਫੜ ਕੇ ਉਹ ਨੋਟ ਮੇਰੇ ਹੱਥ ’ਤੇ ਰੱਖ ਦਿੱਤਾ। ਮੈਂ ਵੀ ਹੈਰਾਨ ਸੀ ਅਤੇ ਕੰਡਕਟਰ ਵੀ। ਮੇਰੇ ਵੱਲੋਂ ਵਾਰ-ਵਾਰ ਮਨ੍ਹਾਂ ਕਰਨ ਦੇ ਬਾਵਜੂਦ ਉਸ ਨੇ ਮੈਨੂੰ ਜ਼ਬਰਦਸਤੀ ਪੰਜਾਹ ਰੁਪਏ ਦਾ ਨੋਟ ਫੜਾ ਦਿੱਤਾ, ਜਿਸ ਵਿੱਚੋਂ ਮੈਂ ਅਹਿਮਦਗੜ੍ਹ ਮੰਡੀ ਜਾਣ ਲਈ ਪੂਰੀ ਟਿਕਟ ਕਟਵਾ ਲਈ। ਬਾਕੀ ਪੈਸੇ ਉਸ ਨੂੰ ਵਾਪਸ ਕਰਨੇ ਚਾਹੇ ਤਾਂ ਉਸ ਨੇ ਕਿਹਾ, ‘‘ਇਹ ਪੈਸੇ ਤੁਸੀਂ ਰੱਖੋ, ਵਾਪਸੀ ’ਤੇ ਕੰਮ ਆਉਣਗੇ।’’ ਕੰਡਕਟਰ ਨੇ ਮੈਨੂੰ ਟਿਕਟ ਦਿੱਤੀ ਅਤੇ ਮੇਰੇ ਵੱਲ ਟੇਢਾ-ਟੇਢਾ ਝਾਕਦਾ ਹੋਇਆ ਅੱਗੇ ਨਿਕਲ ਗਿਆ। ਅਗਲੀ ਪਿਛਲੀ ਸੀਟ ’ਤੇ ਬੈਠੀਆਂ ਸਵਾਰੀਆਂ ਵੀ ਇਹ ਸਭ ਕੁਝ ਦੇਖ ਰਹੀਆਂ ਸਨ। ਉਸ ਕੁੜੀ ਨੇ ਮੈਨੂੰ ਹੋਰ ਸੋਚਾਂ ਵਿੱਚ ਪਾ ਦਿੱਤਾ। ਮੈਂ ਸੋਚ ਰਿਹਾ ਸੀ ਕਿ ਪਤਾ ਨਹੀਂ ਇਸ ਕੁੜੀ ਦੇ ਮਨ ਵਿੱਚ ਕੀ ਚੱਲ ਰਿਹਾ ਹੋਵੇਗਾ।
ਸਾਲ 2000 ਵਿੱਚ ਮੇਰੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਦੁਬਾਰਾ ਪਟੜੀ ’ਤੇ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ। ਘਰੇਲੂ ਮਜਬੂਰੀਆਂ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਚਲਦੇ ਬਾਰ੍ਹਵੀਂ ਪਾਸ ਕਰਨ ਮਗਰੋਂ ਮੇਰਾ ਆਪਣੇ ਦੋਸਤਾਂ ਨਾਲ ਕਾਲਜ ਜਾਣ ਦਾ ਸੁਫ਼ਨਾ ਅਧੂਰਾ ਹੀ ਰਹਿ ਗਿਆ ਸੀ। ਸਾਲ 2006 ਵਿੱਚ ਇੱਕ ਨਜ਼ਦੀਕੀ ਦੋਸਤ ਦੀ ਸਲਾਹ ਨਾਲ ਮੈਂ ਇੱਕ ਮਾਰਕਟਿੰਗ ਕੰਪਨੀ ਵਿੱਚ ਕੰਮ ਕਰਨ ਲੱਗਾ ਤਾਂ ਕਿ ਪਰਿਵਾਰ ਦੀ ਆਰਥਿਕ ਸਥਿਤੀ ਵਿੱਚ ਕੁਝ ਸੁਧਾਰ ਹੋ ਸਕੇ। ਇਹ ਕੰਪਨੀ ਸਾਨੂੰ ਸਾਮਾਨ ਵੇਚਣ ਬਦਲੇ ਹਰ ਸ਼ੈਅ ਪਿੱਛੇ ਵੀਹ ਫ਼ੀਸਦੀ ਕਮਿਸ਼ਨ ਦਿੰਦੀ, ਜਿਸ ਵਿੱਚ ਜ਼ਿਆਦਾਤਰ ਸਿਹਤ ਨਾਲ ਸਬੰਧਿਤ ਚੁੰਬਕੀ ਉਤਪਾਦ ਅਤੇ ਹੋਰ ਸਾਮਾਨ ਹੁੰਦਾ ਸੀ। ਹਰ ਮਹੀਨੇ ਮੇਰੀ ਮਾਂ ਉਮੀਦ ਕਰਦੀ ਕਿ ਮੈਂ ਉਸ ਨੂੰ ਆਪਣੀ ਕਮਾਈ ਵਿੱਚੋਂ ਕੁਝ ਪੈਸੇ ਘਰ ਦਾ ਖਰਚਾ ਚਲਾਉਣ ਵਾਸਤੇ ਭੇਜਾਂਗਾ, ਪਰ ਇਹ ਸੰਭਵ ਨਾ ਹੋ ਸਕਿਆ ਕਿਉਂਕਿ ਕਮਿਸ਼ਨ ਦੇ ਰੂਪ ਵਿੱਚ ਮਿਲੇ ਪੈਸਿਆਂ ਨਾਲ ਮੇਰਾ ਆਪਣਾ ਖਰਚਾ ਹੀ ਬੜੀ ਮੁਸ਼ਕਿਲ ਨਾਲ ਚਲਦਾ ਸੀ। ਮੇਰੇ ਪਿਤਾ ਦੀ ਮੌਤ ਤੋਂ ਬਾਅਦ ਜਿਵੇਂ ਸਾਰਾ ਕੁਝ ਇਕਦਮ ਬਦਲ ਗਿਆ ਸੀ। ਮੇਰੀ ਜ਼ਿੰਦਗੀ ਦਾ ਇਹ ਕੀਮਤੀ ਸਮਾਂ, ਮਤਲਬ ਮੇਰੀ ਜਵਾਨੀ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਅਤੇ ਬਾਕੀ ਪਰਿਵਾਰ ਦੇ ਫ਼ਿਕਰਾਂ ਵਿੱਚ ਗੁਜ਼ਰ ਰਹੀ ਸੀ, ਜਦੋਂਕਿ ਇਹ ਉਮਰ ਆਪਣੇ ਸਕੂਲ ਅਤੇ ਕਾਲਜ ਦੇ ਦੋਸਤਾਂ ਨਾਲ ਹੱਸਣ-ਖੇਡਣ ਦੀ ਹੁੰਦੀ ਹੈ। ਮਾਰਕੀਟਿੰਗ ਦੇ ਇਸ ਖੇਤਰ ਵਿੱਚ ਮੈਨੂੰ ਮਜਬੂਰੀਆਂ ਵਿੱਚ ਫਸੇ ਹੋਏ ਬਹੁਤ ਸਾਰੇ ਨੌਜਵਾਨ ਮਿਲੇ, ਜੋ ਮੇਰੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰ ਰਹੇ ਸਨ। ਇਸ ਕੰਪਨੀ ਵਿੱਚ ਕੰਮ ਕਰਦੇ ਹੋਏ ਮੈਨੂੰ ਸਾਹਮਣੇ ਵਾਲੇ ਵਿਅਕਤੀ ਦਾ ਚਿਹਰਾ ਅਤੇ ਦਿਮਾਗ਼ ਪੜ੍ਹਨਾ ਚੰਗੀ ਤਰ੍ਹਾਂ ਆ ਗਿਆ ਸੀ। ਇਸ ਸਫ਼ਰ ਵਿੱਚ ਬਹੁਤ ਸਾਰੇ ਲੋਕ ਮਿਲੇ, ਜਿਨ੍ਹਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਤੇ ਕੁਝ ਲੋਕ ਅਜਿਹੇ ਪ੍ਰੇਰਨਾ ਸਰੋਤ ਰਹੇ, ਜੋ ਹਮੇਸ਼ਾ ਲਈ ਯਾਦ ਬਣ ਕੇ ਰਹਿ ਗਏ। ਅੱਜ ਅਹਿਮਦਗੜ੍ਹ ਮੰਡੀ ਨੂੰ ਜਾ ਰਹੀ ਇਸ ਬੱਸ ਵਿੱਚ ਬੈਠੀ ਇਹ ਅਜਨਬੀ ਕੁੜੀ ਵੀ ਉਨ੍ਹਾਂ ਵਿੱਚੋਂ ਇੱਕ ਸੀ।
ਬੱਸ ਛਪਾਰ ਪਿੰਡ ਪੁੱਜੀ। ਉਸ ਕੁੜੀ ਨੇ ਮੈਨੂੰ ਦੱਸਿਆ ਕਿ ਇੱਥੇ ਛਪਾਰ ਦਾ ਮੇਲਾ ਲੱਗਦਾ ਹੈ। ਸਾਡੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ-ਬਾਤਾਂ ਹੋਈਆਂ। ਅਸੀਂ ਦੋਵੇਂ ਇੱਕ ਦੂਸਰੇ ਤੋਂ ਅਣਜਾਣ ਸੀ ਪਰ ਇਹ ਸਭ ਕੁਝ ਕਿਵੇਂ ਹੋ ਰਿਹਾ ਸੀ, ਮੈਨੂੰ ਨਹੀਂ ਪਤਾ। ਬੱਸ ਦੀ ਅਗਲੀ ਤਾਕੀ ਵਿੱਚ ਖੜ੍ਹਾ ਕੰਡਕਟਰ ਮੈਨੂੰ ਪਤਾ ਨਹੀਂ ਕਿਉਂ ਘੂਰ ਰਿਹਾ ਸੀ! ਮੇਰੇ ਮਨ ਵਿੱਚ ਉੱਠ ਰਹੇ ਸੈਂਕੜੇ ਸਵਾਲਾਂ ਦਾ ਇੱਕ ਸਵਾਲ ਬਣਾ ਕੇ ਮੈਂ ਉਸ ਕੁੜੀ ਨੂੰ ਪੁੱਛਿਆ, ‘‘ਤੁਸੀਂ ਕਿੱਥੇ ਜਾ ਰਹੇ ਹੋ?’’ ਉਸ ਨੇ ਹੱਸਦੇ ਹੋਏ ਕਿਹਾ, ‘‘ਮੈਂ ਆਪਣੇ ਪੇਕੇ ਪਿੰਡ ਆਪਣੇ ਮਾਤਾ-ਪਿਤਾ ਨੂੰ ਮਿਲਣ ਜਾ ਰਹੀ ਹਾਂ ਕਿਉਂਕਿ ਅਗਲੇ ਹਫ਼ਤੇ ਮੈਂ ਆਪਣੇ ਪਤੀ ਕੋਲ ਨਿਊਜ਼ੀਲੈਂਡ ਚਲੇ ਜਾਣਾ ਹੈ, ਹਮੇਸ਼ਾ ਲਈ, ਫਿਰ ਪਤਾ ਨਹੀਂ ਕਦੋਂ ਆਉਣਾ ਹੋਵੇਗਾ।’’ ਉਸ ਨੇ ਮੇਰੇ ਵੱਲੋਂ ਪੁੱਛੇ ਸਵਾਲ ਦਾ ਬੜਾ ਸਰਲ ਜਿਹਾ ਜਵਾਬ ਦਿੱਤਾ। ‘‘ਪਰ ਤੁਸੀਂ ਮੇਰੀ ਟਿਕਟ ਕਿਉਂ ਕਟਵਾਈ, ਤੁਸੀਂ ਕਿਹੜਾ ਮੈਨੂੰ ਜਾਣਦੇ ਹੋ?’’ ਮੈਂ ਉਸ ਨੂੰ ਅਗਲਾ ਸਵਾਲ ਕੀਤਾ। ਉਸ ਨੇ ਆਪਣੀ ਕਾਲੀ ਐਨਕ ਉਤਾਰੀ ਅਤੇ ਕਿਹਾ, ‘‘ਸਾਡਾ ਕਿਰਦਾਰ ਹੀ ਸਾਡੀ ਪਛਾਣ ਹੁੰਦਾ ਹੈ, ਮੈਂ ਤੁਹਾਡੇ ਨਾਲ ਹੋ ਰਹੇ ਸਾਰੇ ਘਟਨਾਕ੍ਰਮ ਨੂੰ ਦੇਖ ਰਹੀ ਸੀ, ਜਿਸ ਤੋਂ ਤੁਸੀਂ ਮੈਨੂੰ ਇੱਕ ਇਮਾਨਦਾਰ ਅਤੇ ਨੇਕ ਸੁਭਾਅ ਦੇ ਇਨਸਾਨ ਲੱਗੇ ਅਤੇ ਕਿਸੇ ਸੱਚੇ ਬੰਦੇ ਦੀ ਮਦਦ ਕਰਨਾ ਮੇਰਾ ਸੁਭਾਅ ਹੈ।’’ “ਪਰ ਤੁਸੀਂ ਬੱਸ ਵਿੱਚ ਚੜ੍ਹਦੇ ਸਮੇਂ ਮੇਰੇ ਨਾਲ ਹੀ ਆ ਕੇ ਕਿਉਂ ਬੈਠੇ ਜਦੋਂਕਿ ਬੱਸ ਵਿੱਚ ਹੋਰ ਵੀ ਸੀਟਾਂ ਖਾਲ਼ੀ ਪਈਆਂ ਸਨ...?” “ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਕਰੋਗੇ...” ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖ ਪਾ ਕੇ ਗੱਲ ਕੀਤੀ। “ਹਾਂ, ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ।”
“ਤਾਂ ਸੁਣੋ, ਅਸੀਂ ਦੋ ਭੈਣ ਭਰਾ ਸੀ, ਮੇਰਾ ਭਰਾ ਮੇਰੇ ਤੋਂ ਛੋਟਾ ਸੀ, ਉਹ ਇੱਕ ਵਧੀਆ ਕਾਲਜ ਵਿੱਚ ਪੜ੍ਹਦਾ ਸੀ, ਜਿੱਥੇ ਅਮੀਰ ਘਰਾਂ ਦੇ ਬੱਚੇ ਪੜ੍ਹਦੇ ਸਨ। ਮੇਰੇ ਮਾਤਾ-ਪਿਤਾ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ, ਜ਼ਮੀਨ-ਜਾਇਦਾਦ, ਪੈਸਾ, ਸ਼ੋਹਰਤ ਪਰ ਬੁਰੀ ਸੰਗਤ ਵਿੱਚ ਫਸ ਕੇ ਮੇਰਾ ਭਰਾ ਨਸ਼ਿਆਂ ਦਾ ਆਦੀ ਹੋ ਗਿਆ, ਉੱਥੇ ਪੈਸਾ ਕੰਮ ਨਹੀਂ ਆਇਆ। ਅਸੀਂ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਸ ਦੀ ਮਾਨਸਿਕ ਸਥਿਤੀ ਇੰਨੀ ਵਿਗੜ ਗਈ ਸੀ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਉਹ ਸਾਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ।” ਭਰੀਆਂ ਅੱਖਾਂ ਨਾਲ ਉਸ ਕੁੜੀ ਨੇ ਜਵਾਬ ਦਿੱਤਾ ਅਤੇ ਉਹ ਚੁੱਪ ਹੋ ਗਈ। ਮੇਰਾ ਦਿਮਾਗ਼ ਸੁੰਨ ਹੋ ਗਿਆ। ਜਿਵੇਂ ਮੇਰੇ ਕੋਲ ਉਸ ਕੁੜੀ ਨੂੰ ਪੁੱਛਣ ਲਈ ਕੋਈ ਹੋਰ ਸਵਾਲ ਨਾ ਬਚਿਆ ਹੋਵੇ। ਇੰਝ ਲੱਗ ਰਿਹਾ ਸੀ ਜਿਵੇਂ ਸਾਰੀ ਬੱਸ ਵਿੱਚ ਸੰਨਾਟਾ ਛਾ ਗਿਆ ਹੋਵੇ। ਇਹ ਅੰਦਰਲੀ ਚੁੱਪ ਸੀ, ਜੋ ਮਨ ਵਿੱਚ ਚੱਲ ਰਹੇ ਸੈਂਕੜੇ ਸਵਾਲਾਂ ਨੂੰ ਇੱਕ ਜਵਾਬ ਨਾਲ ਸ਼ਾਂਤ ਕਰ ਗਈ ਸੀ। ਉਦੋਂ ਪਹਿਲੀ ਵਾਰ ਕਿਸੇ ਦੇ ਮੂੰਹ ਤੋਂ ਸੁਣਿਆ ਸੀ ਕਿ ਨਸ਼ਾ ਕਿਵੇਂ ਘਰ ਉਜਾੜ ਦਿੰਦਾ ਹੈ। ਇਨਸਾਨ ਕੋਲ ਪੈਸਾ ਹੁੰਦੇ ਹੋਏ ਵੀ ਉਸ ਨੂੰ ਸਕੂਨ ਦੀ ਭਾਲ ਰਹਿੰਦੀ ਹੈ ਅਤੇ ਕੋਈ ਮਾਂ, ਕੋਈ ਭੈਣ, ਕੋਈ ਬਾਪ ਆਪਣੇ ਤੋਂ ਵਿਛੜ ਚੁੱਕੇ ਆਪਣੇ ਕਿਸੇ ਪਿਆਰੇ ਨੂੰ ਦੁਨੀਆ ਦੀ ਇਸ ਭੀੜ ਵਿੱਚ ਲੱਭਦਾ ਫਿਰਦਾ ਹੈ, ਪਰ ਉਹ ਚਿਹਰਾ ਕਿਤੋਂ ਨਹੀਂ ਲੱਭਦਾ ਅਤੇ ਇਹ ਤੜਫ਼ ਮਰਦੇ ਦਮ ਤੱਕ ਇਨਸਾਨ ਦੇ ਅੰਦਰ ਹਮੇਸ਼ਾ ਬਣੀ ਰਹਿੰਦੀ ਹੈ। ਹੁਣ ਮੇਰਾ ਦਿਮਾਗ਼ ਅਤੇ ਮਨ ਦੋਵੇਂ ਸ਼ਾਂਤ ਸਨ, ਪਰ ਅੰਦਰੋਂ ਮਨ ਦਾ ਇੱਕ ਕੋਨਾ ਬੁਹਤ ਦੁਖੀ ਸੀ। ਮੈਂ ਉਸ ਫਰਿਸ਼ਤੇ ਵਰਗੀ ਕੁੜੀ ਤੋਂ ਇਹ ਸਵਾਲ ਪੁੱਛਣ ਲਈ ਮੁਆਫ਼ੀ ਮੰਗਣੀ ਚਾਹੀ, ਪਰ ਉਸ ਨੇ ਬੜੇ ਸਹਿਜ ਸੁਭਾਅ ਨਾਲ ਕਿਹਾ, “ਤੇਰੀ ਸ਼ਕਲ ਮੈਨੂੰ ਆਪਣੇ ਭਰਾ ਵਰਗੀ ਲੱਗੀ ਤਾਂ ਮੈਂ ਤੇਰੇ ਨਾਲ ਆ ਕੇ ਬੈਠੀ ਸੀ, ਪਰ ਜਦੋਂ ਇਹ ਅੱਧੀ ਟਿਕਟ ਨੂੰ ਲੈ ਕੇ ਤੇਰੀ ਕੰਡਕਟਰ ਨਾਲ ਬਹਿਸ ਹੋਈ ਤਾਂ ਮੈਂ ਤੇਰੀ ਮਦਦ ਕਰੇ ਬਿਨਾਂ ਨਹੀਂ ਰਹਿ ਸਕੀ। ਨਾਲੇ ਕਿਸੇ ਦੀਆਂ ਮਜਬੂਰੀਆਂ ਨੂੰ ਹਰ ਕੋਈ ਕਿੱਥੇ ਸਮਝਦੈ... ਸਾਫ਼ ਨੀਅਤ ਨਾਲ ਚੰਗੇ ਲੋਕਾਂ ਦੀ ਮਦਦ ਕਰਨਾ ਕੋਈ ਗੁਨਾਹ ਨਹੀਂ, ਫਿਰ ਦੁਨੀਆ ਤੁਹਾਡੇ ਬਾਰੇ ਚਾਹੇ ਕੁਝ ਵੀ ਸੋਚੇ, ਇਹ ਕਿਤੇ ਪੜ੍ਹਿਆ ਸੀ ਮੈਂ...!” ਉਸ ਦੇ ਇਹ ਬੋਲ ਮੈਨੂੰ ਧੁਰ ਅੰਦਰ ਤੱਕ ਹਿਲਾ ਗਏ।
ਇੰਨੇ ਵਿੱਚ ਅਹਿਮਦਗੜ੍ਹ ਮੰਡੀ ਦਾ ਬੱਸ ਸਟੈਂਡ ਆ ਗਿਆ ਹੈ। ਉਸ ਅਜਨਬੀ ਕੁੜੀ ਨੇ ਜਾਣ ਲੱਗੇ ਮੇਰੇ ਨਾਲ ਹੱਥ ਮਿਲਾਇਆ ਅਤੇ ਅਸੀਂ ਦੋਵੇਂ ਬੱਸ ਤੋਂ ਉਤਰ ਆਪਣੇ-ਆਪਣੇ ਰਸਤੇ ਚੱਲ ਪਏ। ਅੱਜ ਕਰੀਬ ਵੀਹ ਸਾਲਾਂ ਬਾਅਦ ਕਿਸੇ ਡਾਇਰੀ ਦੇ ਪੰਨਿਆਂ ਵਿੱਚ ਸਾਂਭ ਕੇ ਰੱਖੀ ਉਸ ਟਿਕਟ ਨੂੰ ਦੇਖਦਿਆਂ ਉਹ ਅਭੁੱਲ ਸਫ਼ਰ ਯਾਦ ਆਇਆ, ਜੋ ਕਦੇ ਮੈਂ ਇੱਕ ਅਜਨਬੀ ਕੁੜੀ ਨਾਲ ਕੀਤਾ ਸੀ ਪਰ ਅੱਜ ਤੱਕ ਮੈਨੂੰ ਸਮਝ ਨਹੀਂ ਆਈ ਕਿ ਇਹ ਟਿਕਟ ਅੱਧੀ ਸੀ ਜਾਂ ਪੂਰੀ?
ਸੰਪਰਕ: 80540-10233
ਈ-ਮੇਲ: pardeep.sharma003@gmail.com

