ਮਹਾਨ ਚਿੰਤਕ ਤੇ ਇਨਕਲਾਬੀ ਯੋਧਾ ਭਗਤ ਸਿੰਘ
ਮਹਾਨ ਚਿੰਤਕ ਤੇ ਇਨਕਲਾਬੀ ਯੋਧਾ ਸ਼ਹੀਦ ਭਗਤ ਸਿੰਘ ਪੰਜਾਬ ਦਾ ਅਸਲੀ ਨਾਇਕ ਹੈ। ਛੋਟੀ ਉਮਰੇ ਉਸ ਨੇ ਅਜਿਹੇ ਵਿਲੱਖਣ ਕਾਰਜ ਕੀਤੇ ਕਿ ਉਸ ਦਾ ਨਾਮ ਵੱਡੇ ਇਨਕਲਾਬੀ ਸੂਰਮੇ ਵਜੋਂ ਲੋਕ-ਚੇਤਿਆਂ ਵਿੱਚ ਵਸਿਆ ਹੋਇਆ ਹੈ। ਪੰਜਾਬੀ ਵਿੱਚ ਆਮ ਕਿਹਾ ਜਾਂਦਾ ਰਿਹਾ...
ਮਹਾਨ ਚਿੰਤਕ ਤੇ ਇਨਕਲਾਬੀ ਯੋਧਾ ਸ਼ਹੀਦ ਭਗਤ ਸਿੰਘ ਪੰਜਾਬ ਦਾ ਅਸਲੀ ਨਾਇਕ ਹੈ। ਛੋਟੀ ਉਮਰੇ ਉਸ ਨੇ ਅਜਿਹੇ ਵਿਲੱਖਣ ਕਾਰਜ ਕੀਤੇ ਕਿ ਉਸ ਦਾ ਨਾਮ ਵੱਡੇ ਇਨਕਲਾਬੀ ਸੂਰਮੇ ਵਜੋਂ ਲੋਕ-ਚੇਤਿਆਂ ਵਿੱਚ ਵਸਿਆ ਹੋਇਆ ਹੈ। ਪੰਜਾਬੀ ਵਿੱਚ ਆਮ ਕਿਹਾ ਜਾਂਦਾ ਰਿਹਾ ਹੈ ਕਿ ‘ਘਰ-ਘਰ ਪੁੱਤ ਜੰਮਦੇ, ਭਗਤ ਸਿੰਘ ਨ੍ਹੀਂ ਕਿਸੇ ਬਣ ਜਾਣਾ।’ ਦੇਸ਼ਭਗਤੀ ਦੀ ਗੁੜ੍ਹਤੀ ਤਾਂ ਉਸ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ। ਉਸ ਦੇ ਚਾਚਾ ਅਜੀਤ ਸਿੰਘ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ ਹਕੂਮਤ ਦਾ ਵਿਰੋਧ ਕਰਦੇ ਰਹੇ ਤੇ ਉਨ੍ਹਾਂ ਜੇਲ੍ਹਾਂ ਵੀ ਕੱਟੀਆਂ। ਇਹ ਆਜ਼ਾਦੀ ਘੁਲਾਟੀਆ ਦੇਸ਼ ਨੂੰ ਆਜ਼ਾਦੀ ਮਿਲਣ ਵਾਲੇ ਦਿਨ ਡਲਹੌਜ਼ੀ ਵਿੱਚ ਚੱਲ ਵਸਿਆ ਸੀ। ਉਸ ਦੇ ਇੱਕ ਹੋਰ ਚਾਚਾ ਸਵਰਨ ਸਿੰਘ ਵੀ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਸਰਗਰਮ ਰਹੇ ਤੇ ਲਾਹੌਰ ਵਿੱਚ ਉਨ੍ਹਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਤਰ੍ਹਾਂ ਦੀਆਂ ਇਨਕਲਾਬੀ ਸਰਗਰਮੀਆਂ ਦਾ ਅਸਰ ਭਗਤ ਸਿੰਘ ’ਤੇ ਹੋਣਾ ਸੁਭਾਵਿਕ ਸੀ। ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦਾ ਸੀ।
ਦੇਸ਼ ਵਿੱਚ ਚੱਲੀ ਨਾ-ਮਿਲਵਰਤਣ ਲਹਿਰ ਸਮੇਂ ਭਗਤ ਸਿੰਘ ਡੀ ਏ ਵੀ ਸਕੂਲ, ਲਾਹੌਰ ਵਿੱਚ ਦਸਵੀਂ ਦਾ ਵਿਦਿਆਰਥੀ ਸੀ। ਇਨਕਲਾਬੀ ਚੇਤਨਾ ਦੇ ਸਿੱਟੇ ਵਜੋਂ ਸਕੂਲਾਂ-ਕਾਲਜਾਂ ਦੇ ਬਹੁਤੇ ਵਿਦਿਆਰਥੀ ਇਸ ਲਹਿਰ ਵਿੱਚ ਸ਼ਾਮਿਲ ਹੋ ਗਏ। ਭਗਤ ਸਿੰਘ ਵੀ ਪੜ੍ਹਾਈ ਤਿਆਗ ਕੇ ਇਸ ਲਹਿਰ ਵਿੱਚ ਕੁੱਦ ਪਿਆ। ਅਸਲ ਵਿੱਚ ਭਗਤ ਸਿੰਘ ਵੱਖਰੀ ਤਰ੍ਹਾਂ ਦਾ ਇਨਕਲਾਬੀ ਸੀ। ਉਹ ਵਿਚਾਰਵਾਨ ਤੇ ਡੂੰਘਾ ਚਿੰਤਕ ਤੇ ਲੇਖਕ ਸੀ। ਉਸ ਦੇ ਸਾਥੀ ਸ਼ਿਵ ਵਰਮਾ ਅਨੁਸਾਰ, ‘‘ਭਗਤ ਸਿੰਘ ਵਧੇਰੇ ਸਮਾਂ ਪੜ੍ਹਨ ਵਿੱਚ ਬਤੀਤ ਕਰਦਾ। ਵਿਕਟਰ ਹਿਊਗੋ, ਲਿਓ ਟਾਲਸਟਾਏ, ਫਿਓਦਰ ਦੋਸਤੋਵਸਕੀ, ਮੈਕਸਿਮ ਗੋਰਕੀ, ਬਰਨਾਰਡ ਸ਼ਾਅ ਤੇ ਚਾਰਲਸ ਡਿਕਨਜ਼ ਵਰਗੇ ਪ੍ਰਸਿੱਧ ਲੇਖਕਾਂ ਨੂੰ ਉਹ ਕੇਵਲ ਪੜ੍ਹਦਾ ਹੀ ਨਹੀਂ ਸੀ, ਸਗੋਂ ਇਨ੍ਹਾਂ ਸਬੰਧੀ ਚਰਚਾ ਵੀ ਕਰਦਾ।’’ ਸ਼ਿਵ ਵਰਮਾ ਲਿਖਦੇ ਹਨ, ‘‘ਮੈਨੂੰ ਇੱਕ ਵੀ ਅਜਿਹਾ ਮੌਕਾ ਯਾਦ ਨਹੀਂ ਆਉਂਦਾ, ਜਦ ਭਗਤ ਸਿੰਘ ਕੋਲ ਕੋਈ ਕਿਤਾਬ ਨਾ ਹੋਵੇ।’’ ਇਨਕਲਾਬ ਬਾਰੇ ਭਗਤ ਸਿੰਘ ਦੇ ਵਿਚਾਰ ਬਹੁਤ ਸਪੱਸ਼ਟ ਸਨ। ਇਸ ਮਹਾਨ ਇਨਕਲਾਬੀ ਨੇ ਲਿਖਿਆ ਸੀ, ‘‘ਇਨਕਲਾਬ ਕੋਈ ਖ਼ੂਨੀ ਲੜਾਈ ਨਹੀਂ ਅਤੇ ਨਾ ਹੀ ਇਹ ਨਿੱਜੀ ਬਦਲੇ ਦੀ ਭਾਵਨਾ ਹੈ। ਇਹ ਤਾਂ ਅਨਿਆਂ ਦੇ ਢਾਂਚੇ ਨੂੰ ਬਦਲ ਕੇ, ਅਜਿਹੀ ਵਿਵਸਥਾ ਨੂੰ ਸਥਾਪਿਤ ਕਰਨਾ ਹੈ, ਜਿਸ ਵਿੱਚ ਕਿਰਤੀ ਮਜ਼ਦੂਰ ਦੀ ਸਰਦਾਰੀ ਹੋਵੇ ਤੇ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਖ਼ਤਮ ਹੋਵੇ। ਇਸ ਕ੍ਰਾਂਤੀ ਨੂੰ ਲਿਆਉਣ ਲਈ ਅਸੀਂ ਆਪਣੀ ਜਵਾਨੀ ਦੀ ਧੂਫ਼ ਬਾਲਣ ਆਏ ਹਾਂ।’’ ਭਗਤ ਸਿੰਘ ਨੇ ਦਿੱਲੀ ਦੀ ਕਚਹਿਰੀ ਵਿੱਚ ਸਪੱਸ਼ਟ ਕੀਤਾ ਸੀ, ‘‘ਅਸੀਂ ਅਸੈਂਬਲੀ ਹਾਲ ਵਿੱਚ ਬੰਬ ਸੁੱਟ ਕੇ ਉਨ੍ਹਾਂ ਦੁਖੀ ਲੋਕਾਂ ਵੱਲੋਂ ਆਪਣਾ ਰੋਸ ਪ੍ਰਗਟ ਕੀਤਾ ਹੈ, ਜਿਨ੍ਹਾਂ ਕੋਲ ਆਪਣਾ ਦੁੱਖ ਪ੍ਰਗਟਾਉਣ ਦਾ ਹੋਰ ਕੋਈ ਰਸਤਾ ਨਹੀਂ ਸੀ।’’
ਦੇਸ਼ ਦੀ ਆਜ਼ਾਦੀ ਲਈ ਉਸ ਦੇ ਮਨ ਵਿੱਚ ਬਹੁਤ ਤੜਪ ਸੀ। ਉਹ ਬਹੁਤ ਸੂਝਵਾਨ ਤੇ ਪ੍ਰਤਿਭਾਸ਼ਾਲੀ ਸੀ। ਭਗਤ ਸਿੰਘ ਨੇ ਨਾ ਸਿਰਫ਼ ਇਨਕਲਾਬੀ ਲੇਖਕਾਂ ਦੇ ਵਿਚਾਰਾਂ ਨੂੰ ਪੜ੍ਹਿਆ ਹੀ ਸਗੋਂ ਉਨ੍ਹਾਂ ਨੂੰ ਆਪਣੇ ਮਨ ਵਿੱਚ ਵੀ ਵਸਾਇਆ ਤੇ ਆਪਣੇ ਮੌਲਿਕ ਵਿਚਾਰਾਂ ਨੂੰ ਆਪਣੀ ਲੇਖਣੀ ਰਾਹੀਂ ਪ੍ਰਗਟਾਇਆ। ਉਹ ਬੰਬਾਂ, ਬੰਦੂਕਾਂ ਤੇ ਖੂਨ-ਖ਼ਰਾਬੇ ਦੀ ਥਾਂ ਮਨੁੱਖਤਾ ਦਾ ਆਸ਼ਕ ਸੀ। ਕਿਸੇ ਵੀ ਹੋਰ ਇਨਸਾਨ ਵਾਂਗ ਉਸ ਦੇ ਮਨ ਵਿੱਚ ਵੀ ਡੂੰਘੇ ਮਨੁੱਖੀ ਅਹਿਸਾਸ ਸਨ। ਉਹ ਅਕਸਰ ਆਪਣੇ ਸਾਥੀਆਂ ਨਾਲ ਹਾਸਾ-ਠੱਠਾ ਕਰਦਾ।
ਉਸ ਨੇ ਆਪਣੇ ਸਾਥੀਆਂ ਨਾਲ ਜਿਸ ਸੰਘਰਸ਼ ਵਿੱਚ ਵੀ ਹਿੱਸਾ ਲਿਆ, ਉਸ ਦਾ ਮਕਸਦ ਅੰਗਰੇਜ਼ੀ ਹਕੂਮਤ ਨੂੰ ਸਿਰਫ਼ ਇਹ ਦਰਸਾਉਣਾ ਹੀ ਸੀ ਕਿ ਅਸੀਂ ਤੁਹਾਡੀਆਂ ਸਾਮਰਾਜਵਾਦੀ ਤੇ ਲੋਟੂ ਨੀਤੀਆਂ ਦਾ ਵਿਰੋਧ ਕਰਦੇ ਹਾਂ। ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਜੋ ਲਿਖਤੀ ਬਿਆਨ ਦਿੱਤਾ, ਉਹ ਇਨ੍ਹਾਂ ਇਨਕਲਾਬੀ ਚਿੰਤਕਾਂ ਦੇ ਵਿਚਾਰਾਂ ਦੀ ਸਹੀ ਤਰਜਮਾਨੀ ਹੈ, ‘‘ਮਨੁੱਖਤਾ ਨੂੰ ਪਿਆਰ ਕਰਨ ਵਿੱਚ ਅਸੀਂ ਕਿਸੇ ਤੋਂ ਪਿੱਛੇ ਨਹੀਂ ਹਾਂ... ਸਾਨੂੰ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਹੈ ਅਤੇ ਅਸੀਂ ਮਨੁੱਖੀ ਜ਼ਿੰਦਗੀ ਨੂੰ ਹਮੇਸ਼ਾ ਪਿਆਰ ਦੀ ਦ੍ਰਿਸ਼ਟੀ ਨਾਲ ਦੇਖਦੇ ਆਏ ਹਾਂ।’’
ਭਗਤ ਸਿੰਘ ਦੇ ਵਿਚਾਰਾਂ ਵਿੱਚੋਂ ਨਰੋਈ ਤੇ ਵਿਗਿਆਨਕ ਵਿਚਾਰਧਾਰਾ ਝਲਕਦੀ ਹੈ। ਉਸ ਨੇ ਇਤਿਹਾਸ, ਸਮਾਜਵਾਦ ਤੇ ਮਾਰਕਸਵਾਦੀ ਵਿਚਾਰਧਾਰਾ ਦਾ ਡੂੰਘਾ ਅਧਿਐਨ ਕੀਤਾ। ਕੋਈ ਚਿੰਤਕ ਹੀ ਅਜਿਹੇ ਵਿਚਾਰ ਲਿਖ ਸਕਦਾ ਹੈ, ‘‘ਬੰਬ ਤੇ ਪਿਸਤੌਲਾਂ ਇਨਕਲਾਬ ਨਹੀਂ ਬਣਦੇ, ਇਨਕਲਾਬ ਦੀ ਤਲਵਾਰ ਦੀ ਧਾਰ ਵਿਚਾਰਾਂ ਦੀ ਸਾਣ ’ਤੇ ਤਿੱਖੀ ਹੁੰਦੀ ਹੈ।’’ ਉਹ ਆਪਣੀਆਂ ਮਨੁੱਖੀ ਭਾਵਨਾਵਾਂ ਦਾ ਪ੍ਰਗਟਾਵਾ ਨਿਰਸੰਕੋਚ ਤੇ ਸਪੱਸ਼ਟਤਾ ਨਾਲ ਕਰਦਾ ਸੀ। ਫਾਂਸੀ ਤੋਂ ਇੱਕ ਦਿਨ ਪਹਿਲਾਂ ਉਸ ਨੇ ਆਪਣੇ ਇਨਕਲਾਬੀ ਸਾਥੀਆਂ ਨੂੰ ਪੱਤਰ ਲਿਖ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ, ‘ਜਿਊਂਦੇ ਰਹਿਣ ਦੀ ਖ਼ਾਹਿਸ਼ ਕੁਦਰਤੀ ਤੌਰ ’ਤੇ ਮੈਨੂੰ ਵੀ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ, ਪਰ ਮੇਰਾ ਜਿਊਂਦੇ ਰਹਿਣਾ ਇਸ ਸ਼ਰਤ ’ਤੇ ਹੈ ਕਿ ਮੈਂ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਜਿਊਣਾ ਨਹੀਂ ਚਾਹੁੰਦਾ। ਮੇਰਾ ਨਾਂ ਹਿੰਦੋਸਤਾਨੀ ਇਨਕਲਾਬ ਦਾ ਚਿੰਨ੍ਹ ਬਣ ਚੁੱਕਿਆ ਹੈ ਅਤੇ ਇਨਕਲਾਬ-ਪਸੰਦ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਾ ਕਰ ਦਿੱਤਾ ਹੈ। ਏਨਾ ਉੱਚਾ ਕਿ ਜਿਊਂਦੇ ਰਹਿਣ ਦੀ ਸੂਰਤ ਵਿੱਚ ਇਸ ਨਾਲੋਂ ਉੱਚਾ ਮੈਂ ਕਦੇ ਵੀ ਨਹੀਂ ਹੋ ਸਕਦਾ।’’
ਬਹੁਤ ਦੁਖਦਾਈ ਸਥਿਤੀ ਹੈ ਕਿ ਭਗਤ ਸਿੰਘ ਵਰਗੇ ਇਨਕਲਾਬੀ ਮਹਾਨ ਚਿੰਤਕ ਦੀ ਵਿਚਾਰਧਾਰਕ ਪ੍ਰਤਿਭਾ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਨੌਜਵਾਨਾਂ ਦੇ ਮਨ ਵਿੱਚ ਉਸ ਦਾ ਅਕਸ ਬੰਦੂਕਾਂ ਤੇ ਪਿਸਤੌਲਾਂ ਵਾਲਾ ਬਣਾ ਦਿੱਤਾ ਗਿਆ ਹੈ। ਉਸ ਦੇ ਹੱਥ ਵਿੱਚ ਪਿਸਤੌਲ ਫੜਾ ਕੇ ਉਸ ਦੀਆਂ ਤਸਵੀਰਾਂ ਲਾਉਣੀਆਂ ਅਕਸਰ ਹੀ ਨੌਜਵਾਨ ਪਸੰਦ ਕਰਦੇ ਹਨ। ਸਿਆਸੀ ਪਾਰਟੀਆਂ ਨੂੰ ਵੀ ਭਗਤ ਸਿੰਘ ਦੇ ਵਿਚਾਰਾਂ ਦੀ ਥਾਂ ਉਸ ਦੀਆਂ ਤਸਵੀਰਾਂ ਵਿੱਚ ਵਧੇਰੇ ਦਿਲਚਸਪੀ ਜਾਪਦੀ ਹੈ। ਕਿਸੇ ਨੂੰ ਟੋਪੀ ਵਾਲਾ ਭਗਤ ਸਿੰਘ ਤੇ ਕਿਸੇ ਨੂੰ ਪੱਗ ਵਾਲਾ ਭਗਤ ਸਿੰਘ ਭਾਉਂਦਾ ਹੈ, ਪਰ ਉਸ ਦੇ ਵਿਚਾਰ ਸ਼ਾਇਦ ਕਿਸੇ ਨੂੰ ਵੀ ਨਹੀਂ ਭਾਉਂਦੇ। ਅਸਲ ਵਿੱਚ ਕਈ ਰੰਗਾਂ ਦੀਆਂ ਸਿਆਸੀ ਪਾਰਟੀਆਂ ਤੇ ਹਕੂਮਤਾਂ ਨੇ ਜਾਣ-ਬੁੱਝ ਕੇ ਭਗਤ ਸਿੰਘ ਦੇ ਅਕਸ ਨੂੰ ਵਿਗਾੜਿਆ ਹੈ ਤਾਂ ਕਿ ਨੌਜਵਾਨ ਵਰਗ ਉਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਸ ਵਾਂਗ ਸਹੀ ਰਾਹ ਨਾ ਤੁਰ ਪੈਣ।
ਭਗਤ ਸਿੰਘ ਦਾ ਨਾਂ ਲੈ ਕੇ ਹਕੂਮਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਵੀ ਉਸ ਦੇ ਨਾਮ ਨੂੰ ਮਹਿਜ਼ ਵੋਟ-ਰਾਜਨੀਤੀ ਤੱਕ ਹੀ ਸੀਮਿਤ ਕਰ ਦਿੱਤਾ ਹੈ। ਭਗਤ ਸਿੰਘ ਦੇ ਵਿਚਾਰਾਂ ਤੋਂ ਕੋਈ ਰੌਸ਼ਨੀ ਲੈਣ ਦੀ ਥਾਂ ਲੁੱਟ-ਖਸੁੱਟ, ਜਬਰ-ਜ਼ੁਲਮ ਅਤੇ ਅਨਿਆਂ ਖ਼ਿਲਾਫ਼ ਉੱਠਦੀਆਂ ਆਵਾਜ਼ਾਂ ਨੂੰ ਕੁਚਲਿਆ ਜਾ ਰਿਹਾ ਹੈ, ਪਰ ਨਾਅਰੇ ‘ਇਨਕਲਾਬ ਜ਼ਿੰਦਾਬਾਦ’ ਦੇ ਲਾਏ ਜਾ ਰਹੇ ਹਨ। ਸਿਆਸੀ ਜਮਾਤਾਂ ਨੇ ਭਗਤ ਸਿੰਘ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਕੇ ਸਿਰਫ਼ ਰੋਟੀਆਂ ਸੇਕੀਆਂ ਹਨ। ਹਰ ਸਾਲ ਹੀ ਉਸ ਦੇ ਸ਼ਹੀਦੀ ਦਿਨ ’ਤੇ ਸਿਆਸੀ ਨੇਤਾ ਇੱਕ-ਦੂਜੇ ਤੋਂ ਮੂਹਰੇ ਹੋ ਕੇ ਸ਼ਹੀਦ ਭਗਤ ਸਿੰਘ ਦੇ ਬੁੱਤਾਂ ’ਤੇ ਹਾਰ ਪਾ ਕੇ ਆਪਣੇ ਆਪ ਨੂੰ ਉਸ ਦੇ ਵਾਰਿਸ ਦੱਸਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਪਰ ਹਰ ਗਤੀਵਿਧੀ ਉਸ ਦੇ ਵਿਚਾਰਾਂ ਤੋਂ ਉਲਟ ਕਰਦੇ ਹਨ।
ਦੇਸ਼ ਵਿਦੇਸ਼ ਵਿੱਚ ਭਗਤ ਸਿੰਘ ਦੇ ਵਿਚਾਰਾਂ ਨੂੰ ਮੰਨਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਅਸਲ ਵਿੱਚ ਭਗਤ ਸਿੰਘ ਆਪਣੇ ਵਿਚਾਰਾਂ ਤੇ ਇਨਕਲਾਬੀ ਗਤੀਵਿਧੀਆਂ ਕਾਰਨ ਲੋਕ-ਮਨਾਂ ਵਿੱਚ ਵਸਿਆ ਹੋਇਆ ਹੈ ਤੇ ਸਦਾ ਵਸਿਆ ਰਹੇਗਾ। ਆਪਣੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦੌਰਾਨ ਜਿਹੜੀ ਤੜਫ਼ ਉਸ ਦੇ ਮਨ ਵਿੱਚ ਸੀ, ਉਹ ਫਾਂਸੀ ’ਤੇ ਚੜ੍ਹਦੇ ਸਮੇਂ ਤੱਕ ਵੀ ਉਸੇ ਤਰ੍ਹਾਂ ਬਰਕਰਾਰ ਰਹੀ, ‘‘ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ, ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਤਨ ਆਏਗੀ..!’’
ਸੰਪਰਕ: 98153-56086

