DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੰਗਾ ਚੰਗਾ ਦੇਖਣ ਵਾਲੇ

ਜੀਵੇਂ ਓ, ਕੈਮਰੇ ਵਾਲ਼ਿਆ ਪਿੰਡ ਜਨਾਲ਼ ਦਿਆ ਸੁੱਖ ਸਿੱਧੂਆ। ਗੀਤ ਜੋੜਨ ਵਾਲ਼ਿਆ ਫ਼ਤਹਿ ਸ਼ੇਰਗਿੱਲਾ। ਗਾਉਣ ਵਾਲ਼ਿਆ ਕੁਲਵਿੰਦਰ ਬਿੱਲਿਆ। ਜਿਊਣ ਹੱਸ ਹੱਸ ਫ਼ੋਟੋਆਂ ‘ਕਰਾਉਣ’ ਵਾਲ਼ੀਆਂ ਬੀਬੀਆਂ। * * * ਫੋਟੋ ਵਾਲਾ ਕੈਮਰਾ ਦੇਸ ਪੰਜਾਬ ਵਿਚ ਪਹਿਲੀ ਵਾਰ ਸੰਨ 1849 ਵਿਚ ਪੁੱਜਾ...

  • fb
  • twitter
  • whatsapp
  • whatsapp
Advertisement

ਜੀਵੇਂ ਓ, ਕੈਮਰੇ ਵਾਲ਼ਿਆ ਪਿੰਡ ਜਨਾਲ਼ ਦਿਆ ਸੁੱਖ ਸਿੱਧੂਆ। ਗੀਤ ਜੋੜਨ ਵਾਲ਼ਿਆ ਫ਼ਤਹਿ ਸ਼ੇਰਗਿੱਲਾ। ਗਾਉਣ ਵਾਲ਼ਿਆ ਕੁਲਵਿੰਦਰ ਬਿੱਲਿਆ। ਜਿਊਣ ਹੱਸ ਹੱਸ ਫ਼ੋਟੋਆਂ ‘ਕਰਾਉਣ’ ਵਾਲ਼ੀਆਂ ਬੀਬੀਆਂ।

* * *

Advertisement

ਫੋਟੋ ਵਾਲਾ ਕੈਮਰਾ ਦੇਸ ਪੰਜਾਬ ਵਿਚ ਪਹਿਲੀ ਵਾਰ ਸੰਨ 1849 ਵਿਚ ਪੁੱਜਾ ਸੀ। ਈਸਟ ਇੰਡੀਆ ਕੰਪਨੀ ਦੀ ਫ਼ੌਜ ਦਾ ਸਕੌਟਲੈਂਡੀਆ ਸਰਜਨ ਜੌਰਜ ਮੈਕੋਸ਼ ਟਰੰਕ ਜਿੱਡਾ ਕੈਮਰਾ ਤੇ ਨਿਕਸੁੱਕ ਖੱਚਰਾਂ ਤੇ ਗੱਡਿਆਂ ’ਤੇ ਲੱਦ ਕੇ ਸਿੰਘਾਂ ਤੇ ਫ਼ਰੰਗੀਆਂ ਨਾਲ਼ ਹੁੰਦੀਆਂ ਪੰਜਾਬ ਦੀਆਂ ਜੰਗਾਂ ਦੀਆਂ ਤਸਵੀਰਾਂ ਖਿੱਚਦਾ ਤੇ ਫ਼ੌਜੀ ਜ਼ਖ਼ਮੀਆਂ ਦੀਆਂ ਪੱਟੀਆਂ ਕਰਦਾ ਫਿਰਦਾ ਸੀ। ਓਦੋਂ ਹੀ ਇਹਨੇ ਲਾਹੌਰ ਬੰਨ੍ਹ ਕੇ ਲਿਆਂਦੇ ਮੁਲਤਾਨ ਦੇ ਸੂਬੇ ਦੀਵਾਨ ਮੂਲਰਾਜ ਦੀ ਤਸਵੀਰ ਖਿੱਚੀ ਸੀ ਤੇ ਅੱਠਾਂ ਸਾਲਾਂ ਦੇ ਦਲੀਪ ਸਿੰਘ ਦੀ ਵੀ। ਤਸਵੀਰਕਸ਼ੀ ਦਾ ਨਵਾਂ ਜੰਤਰ ਫ਼ਰੰਗੀ ਫ਼ੌਜੀਆਂ ਦੇ ਹੱਥਾਂ ’ਚੋਂ ਲੰਘਦਾ-ਲੰਘਦਾ ਵੀਹ ਕੁ ਸਾਲਾਂ ਬਾਅਦ ਮਜੀਠੇ ਦੇ ਉਮਰਾਓ ਸਿੰਘ ਸ਼ੇਰਗਿੱਲ ਜਿਹੇ ਪੰਜਾਬ ਦੇ ਰਈਸਾਂ ਕੋਲ਼ ਪਹੁੰਚ ਗਿਆ। ਉਮਰਾਓ ਸਿੰਘ ਦੇ ਫ਼ੋਟੋਗਰਾਫ਼ੀ ਦੇ ਜਨੂੰਨੀ ਸ਼ੌਕ ਕਰਕੇ ਇਹਨੂੰ ਪੰਜਾਬ ਦਾ ਪਹਿਲਾ ਹੁਨਰਮੰਦ ਉਸਤਾਦ ਫ਼ੋਟੋਗਰਾਫ਼ਰ ਕਿਹਾ ਜਾ ਸਕਦਾ ਹੈ।

Advertisement

ਆਮ ਪੰਜਾਬੀ ਦੇ ਹੱਥਾਂ ਵਿਚ ਕੈਮਰਾ ਪੁੱਜਦਿਆਂ ਡੇਢ ਸਦੀ ਲੱਗ ਗਈ। ਫ਼ੌਜ ਵਿਚ ਭਰਤੀ ਲਈ ਤੇ ਪਰਦੇਸ ਜਾਣ ਲਈ ਪਾਸਪੋਰਟਾਂ ਵਾਸਤੇ ਸ਼ਨਾਖ਼ਤੀ ਫ਼ੋਟੋਆਂ ਦਾ ਭੱਰ ਪੈ ਗਿਆ। ਸ਼ਹਿਰਾਂ ਕਸਬਿਆਂ ਵਿਚ ਫ਼ੋਟੋਕਾਰਾਂ ਦੀਆਂ ਹੱਟੀਆਂ ਆਮ ਹੋ ਗਈਆਂ। ਟਰੰਕ ਜਿੱਡਾ ਕੈਮਰਾ ਸੁੰਗੜ ਕੇ ਛੋਟੇ ਡੱਬੇ ਜਿੱਡਾ ਹੋ ਗਿਆ। ਹੁਣ ਇਕ ਸਦੀ ਦੇ ਬਾਅਦ ਨਿੱਕੇ ਤੋਂ ਨਿੱਕਾ ‘ਓਮਨੀਵਿਜ਼ਨ’ ਕੈਮਰਾ ਰੇਤ ਦੇ ਕਿਣਕੇ ਜਿੱਡਾ ਹੋ ਗਿਆ ਹੈ, ਜੋ ਹਸਪਤਾਲ ਵਿਚ ਪਿੰੰਡੇ ਦੀ ਚੀਰ-ਫਾੜ ਕਰਨ ਵੇਲ਼ੇ ਸਰਜਨ ਦੇ ਕੰਮ ਆਉਂਦਾ ਹੈ।

* * *

ਨਿੱਕੀ ਉਮਰ ਵਿਚ ਕਿਸੇ ਅੰਗਰੇਜ਼ ਮਾਰਕਸੀ ਵਿਦਵਾਨ ਦੀ ਕਿਤਾਬ (ਸ਼ਾਇਦ ਏਮੀਲ ਬਰਨਜ਼ ਦੀ ‘ਵ੍ਹਟ ਇਜ਼ ਮਾਰਕਸਿਜ਼ਮ’) ਵਿਚ ਪੜ੍ਹੀ ਇਹ ਗੱਲ ਮੈਨੂੰ ਯਾਦ ਆਉਂਦੀ ਹੈ: ‘ਅਖੇ, ਜਦ ਦੁਨੀਆ ਵਿਚ ਸਾਰੇ ਸਮਾਜਵਾਦ ਕਾਇਮ ਹੋ ਗਿਆ ਤਾਂ ਹਰ ਕਿਸੇ ਕੋਲ਼ ਕੈਮਰਾ ਹੋਵੇਗਾ।’ ਯਾਨੀ ਹਰ ਜੀਅ ਕਲਾ ਸੁਹਜ ਸਵਾਦ ਦਾ ਪਾਰਖੂ ਹੋ ਜਾਵੇਗਾ। ਦੇਖੋ ਸਮੇਂ ਦਾ ਗੇੜ ਕਿ ਸਮਾਜਵਾਦ ਤਾਂ ਆਇਆ ਨਹੀਂ; ਪਰ ਕੈਮਰਾ ਹੁਣ ਹਰ ਕਿਸੇ ਦੇ ਹੱਥ ਵਿਚ ਹੈ। ਸੁਹਜ ਕਿਤੇ ਨਹੀਂ, ਚਾਰੇ ਪਾਸੇ ਕੁਹਜ ਹੀ ਕੁਹਜ ਦਿਸਦਾ ਹੈ; ਖ਼ਾਸ ਕਰਕੇ ਇੰਟਰਨੈੱਟ ’ਤੇ।

ਪਰ ਕਿਤੇ ਕਿਤੇ ਸੁਹਜ ਦੇ ਦਰਸ਼ਨ ਵੀ ਹੋ ਜਾਂਦੇ ਹਨ। ਅੱਜ ਕੱਲ੍ਹ ਇੰਸਟਾਗਰਾਮ ’ਤੇ ਪੰਜਾਬੀ ਗਾਣਿਆਂ ਦੀ ਰੀਲ ’ਤੇ ਰੀਲ ਚੜ੍ਹੀ ਪਈ ਹੈ। ਕੋਈ ਸੁਹਜੀ ਰੀਲ ਕਦੇ ਅਚਾਨਕ ਭੁੜਕ ਕੇ ਪ੍ਰਗਟ ਹੋ ਜਾਂਦੀ ਹੈ।

* * *

ਐਸੀ ਕਿਸੇ ਰੀਲ ਨੇ ਮੇਰਾ ਧਿਆਨ ਇਕਦਮ ਖਿੱਚਿਆ। ਇਹ ਰੀਲ ਸੰਗਰੂਰ ਵੱਲ ਦੇ ਸੁੱਖ ਸਿੱਧੂ ਨੇ ਕਿਸੇ ਪਿੰਡ ਵਿਚ ਸੜਕ ਕੰਢੇ ‘ਮਨਰੇਗਾ’ ਦਾ ਕੰਮ ਕਰਦੀਆਂ ਘਾਹ-ਫੂਸ ਸੰਵਾਰਦੀਆਂ ਕਿਰਤੀ ਬੀਬੀਆਂ ਦੀ ਬਣਾਈ ਹੋਈ ਹੈ। ਇਨ੍ਹਾਂ ਕੁੜੀਆਂ ਨੂੰ ਕੈਮਰੇ ਨਾਲ਼ ਫ਼ੋਟੋਆਂ ਬਣਾਉਂਦਾ ਬਾਈ ਵੇਖ ਕੇ ਚਾਅ ਚੜ੍ਹ ਜਾਂਦਾ ਹੈ। ਰੀਲ ਦੇ ਪਿਛੋਕੜ ਵਿਚ ਕੁੜੀਆਂ ਬੋਲਦੀਆਂ ਸੁਣਦੀਆਂ ਹਨ:

ਸਿੱਧੂ ਪੁੱਛਦਾ ਹੈ: ਗੀਤ ਕਿਹੜਾ ਲਾਵਾਂ? ਤੁਸੀਂ ਆਪ ਈ ਗਾ ਲਓ।

ਫ਼ੋਟੋ ਖਿਚਵਾਉਣ ਦੀ ਕਾਹਲ਼ ’ਚ ਨੱਸਦੀ ਕੁੜੀ ਬੋਲਦੀ ਹੈ: ਚੱਪਲ ਟੁੱਟ ਗਈ।

- ਸਾਡੀ ਵੀ ਬਣਾ ਜਾ ਬਾਈ!

- ਸਾਡੀ ਚਾਰਾਂ ਦੀ ਕਰਦੇ।

- ਮੈਨੂੰ ਵੀ ਖੜ੍ਹਾ ਲਾ ਬਾਈ ਉਨ੍ਹਾਂ ’ਚ।

- ਸਾਫ ਕਿੰਨੀ ਫੋਟੋ ਆਈ।

ਪਿਛੋਕੜ ਵਿਚ ਕੁਲਵਿੰਦਰ ਬਿੱਲੇ ਦਾ ਗਾਇਆ ਫ਼ਤਹਿ ਸ਼ੇਰਗਿੱਲ ਦਾ ਜੋੜਿਆ ਗੌਣ ਵੱਜਦਾ ਹੈ:

ਸ਼ਬਦਾਂ ਦੀ ਖੇਡ ਸੱਜਣਾਂ

ਤੋਲੇ ਬਿਨ ਬੋਲੇ ਨਹੀਂ।

ਖ਼ੁਸ਼ੀਆਂ ਹੀ ਵੰਡੀਆਂ ਨੇ,

ਕਦੇ ਦਰਦ ਫਰੋਲ਼ੇ ਨਹੀਂ।

ਹਾਸਿਆਂ ’ਚੋਂ ਲੱਭਦੇ ਹਾਂ

ਜ਼ਿੰਦਗੀ ਦੇ ਰਾਹ ਸੱਜਣਾਂ

ਜੱਫੀਆਂ ਨੂੰ ਜੱਫੀਆਂ ਨੇ

ਟੱਕਰਾਂ ਨਾਲ਼ ਖਹਿੰਦੇ ਹਾਂ

ਜੀਊਂਦੇ ਜੀ ਕਦੇ ਦੁਨੀਆਂ ਤੋਂ ਦੌੜੇ ਨਹੀਂ

ਉਹ ਸਾਡਾ ਹੋ ਜਾਂਦਾ

ਜਿਹਨੂੰ ਮਿਲ਼ ਲੈਂਦੇ ਹਾਂ

ਮਹਿਫ਼ਿਲ ਲੱਗ ਜਾਂਦੀ ਆ

ਜਿੱਥੇ ਵੀ ਬਹਿੰਦੇ ਹਾਂ।

(ਇਨ੍ਹਾਂ ਬੋਲਾਂ ਦੀ ਅਸਲ ਵੀਡੀਓ ਵਿਚ ਪਰਦੇਸ ਵਿਚ ਹੱਥੀਂ ਕਿਰਤ ਕਰਦੇ ਕਾਰ ਮਕੈਨਿਕ ਪੰਜਾਬੀ ਐਕਟਰ ਨਜ਼ਰ ਆਉਂਦੇ ਹਨ। ਕਿਰਤ ਦੀ ਵਡਿਆਈ ਵਾਲ਼ੀਆਂ ਐਸੀਆਂ ਰੀਲਾਂ ਦੁਰਲੱਭ ਹਨ। ਪਹਿਲਾ ਮਿਸਰਾ ਹੀ ਕਮਾਲ ਦਾ ਹੈ: ਅਸੀਂ ਕੱਲ੍ਹ ਦੇ ਨਹੀਂ/ ਅਸੀਂ ਅੱਜ ਦੇ ਹਾਂ...।)

ਕੋਈ ਦਰਸ਼ਕ ਕੁਮੈਂਟ ਲਿਖ ਕੇ ਰੀਲ ਵਿਚ ਦਿਸਦੇ ਪਿੰਡ ਦੀ ਨਿਸ਼ਾਨਦੇਹੀ ਕਰਦਾ ਹੈ: ਜਨਾਲ਼ ਤੋਂ ਦਿੜ੍ਹਬੇ ਆਲ਼ਾ ਰਾਹ।

- ਮੇਰੇ ਸਹੁਰੇ ਦਿੜਬੇ ਆ। - ਜਸ ਚੰਨੀ

- ਦੁਨੀਆ ਕੀ ਸਭ ਸੇ ਅੱਛੀ ਵੀਡੀਓ।

- ਸਾਡੀਆਂ ਭੋਲ਼ੀਆਂ ਮਾਵਾਂ।

ਗੁਰਸਾਹਿਬ ਸੰਧੂ ਨੇ ਲਿਖਿਆ: “ਜਦੋਂ ਤਕ ਥੋਡੇ ਵਰਗੇ ਸੱਜਣ ਚੰਗਾ ਦੇਖਣ ਵਾਲ਼ੇ ਹਨ, ਉਦੋਂ ਤਕ ਇਹ ਚੀਜ਼ਾਂ ਜਿਊਂਦੀਆਂ ਰਹਿਣਗੀਆਂ।”

* * *

ਕੈਮਰੇ ਵਾਲ਼ੇ ਨੇ ਸੜਕ ਕੰਢੇ ਮਹਿਫ਼ਿਲ ਲਾ ਦਿੱਤੀ। ਵਗਦੇ ਰਾਹ ਵਿਚ ਨਵਾਂ ਰਾਹ ਬਣ ਗਿਆ। ਕਈ ਜਣੇ ਮਿਲ਼ ਕੇ ਇਕ ਦੂਜੇ ਦੇ ਨੇੜੇ ਹੋ ਗਏ; ਗੀਤ ਲਿਖਣ ਵਾਲ਼ੇ; ਗਾਉਣ ਵਾਲ਼ੇ। ਸਾਰੇ ਨੇਕ-ਕਰਮੀ। ਕਿਰਤ ਕਮਾਉਂਦੀਆਂ ਬੀਬੀਆਂ। ਪਾਸ਼ ਨੇ ਇਨ੍ਹਾਂ ਬਾਰੇ ਹੀ ਤਾਂ ਲਿਖਿਆ ਸੀ: ਚਿੜੀਆਂ ਦਾ ਚੰਬਾ ਉਡ ਕੇ ਕਿਸੇ ਵੀ ਦੇਸ਼ ਨਹੀਂ ਜਾਵੇਗਾ/ ਐਥੇ ਈ ਕਿਤੇ ਉਰੇ ਪਰ੍ਹੇ ਬੰਨਿਆਂ ਤੋਂ ਘਾਹ ਖੋਤੇਗਾ/ ਸਾਰੀ ਉਮਰ ਕੰਡ ਚਰ੍ਹੀਆਂ ਦੀ ਹੰਢਾਏਗਾ...।

ਕੈਮਰੇ ਵਾਲ਼ਾ ਸਖ਼ੀ ਆਪ ਦੱਸਦਾ ਹੈ:

“ਕਦੇ ਜਦੋਂ ਸ਼ੁਰੂ ਕੀਤੀਆਂ ਤੀ ਤਸਵੀਰਾਂ ਕਰਨੀਆਂ, ਤਾਂ ਡਰਦੇ ਰਹਿਣਾ ਕੋਈ ਕੁਝ ਕਹੇ ਨਾ। ਜਾਂ ਜਵਾਬ ਨਾ ਦੇ ਦੇਵੇ, ਕਿਵੇਂ ਸਮਝਾਊਂ ਕਿਉਂ ਖਿੱਚਣੀਆਂ ਨੇ। ਇਕ ਹੁਣ ਦਾ ਸਮਾਂ ਜਦੋਂ ਬੱਚੇ ਤੋਂ ਲੈ ਕੇ ਬਜ਼ੁਰਗਾਂ ਨੂੰ ਵੀ ਪਤਾ ਬਈ ਸਾਡੇ ਪਿੰਡ ਦਾ ਮੁੰਡਾ ਤਸਵੀਰਾਂ ਕਰਦਾ ਤੇ ਸਾਰੀਆਂ ਰਿਸ਼ਤੇਦਾਰੀਆਂ ’ਚ ਪਹੁੰਚ ਜਾਂਦੀਆਂ ਨੇ। ਉਦੋਂ ਤੋਂ ਉਡੀਕ ਕਰਦੇ ਵੀ ਸਾਡੀ ਵੀ ਕਦੇ ਖਿੱਚੇਗਾ। ਉਂਜ ਕਦੇ ਕਿਸੇ ਜਾਤ ਧਰਮ ਪਿੰਡ ਦੀ ਮਿੱਥ ਕੇ ਨਹੀਂ ਖਿੱਚੀ। ਜੋ ਰਾਹ ਜਾਂਦੇ ਨੂੰ ਰੱਬ ਸਬੱਬੀ ਮਿਲ ਜਾਂਦਾ ਜਾਂ ਕਹਿ ਦਿੰਦਾ; ਕਰ ਦਿੰਦੇ ਹਾਂ। ਘੜੀ ਹੱਸ ਖੇਡ ਲੈਂਦੇ ਹਾਂ ਤੇ ਕੁਝ ਯਾਦਾਂ ਉਮਰ ਭਰ ਲਈ ਕੈਦ ਕਰ ਲੈਂਂਦੇ ਹਾਂ। ਇਹੀ ਕੁਝ ਹੈ ਜ਼ਿੰਦਗੀ। ਹੋਰ ਲੈ ਕੇ ਵੀ ਕੀ ਜਾਣਾ।”

ਕੈਮਰੇ ਵਿਚ ਦੀ ਚੰਗਾ ਚੰਗਾ ਦੇਖ ਕੇ ਹੋਰਨਾਂ ਨੂੰ ਚੰਗਾ ਚੰਗਾ ਦਿਖਾਉਣ ਦੇ ਇਸ ਮਹਾਪੁੰਨ ਵਿਚ ਫ਼ੋਟੋਕਲਾ ਦੇ ਵਰਤਦੇ ਕੌਤਕ ਦਾ ਇੰਨੇ ਸਹਿਜ ਸ਼ਬਦਾਂ ਵਿਚ ਕੀਤਾ ਬਿਆਨ ਮੈਂ ਪਹਿਲਾਂ ਕਿਤੇ ਪੜ੍ਹਿਆ ਨਹੀਂ ਸੀ।

Advertisement
×