DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੋਨਾ ਮਿੱਟੀ, ਮਿੱਟੀ ਸੋਨਾ

ਪਿੰਡੋਂ ਆ ਕੇ ਸਾਡੇ ਬਜ਼ੁਰਗਾਂ ਨੇ ਸ਼ਹਿਰ ਵਿੱਚ ਜਿਹੜਾ ਕਾਰਖਾਨਾ ਸ਼ੁਰੂ ਕੀਤਾ ਸੀ ਉਸ ਦੀ ਜ਼ਮੀਨ ਸ਼ਹਿਰ ਦੀ ਇੱਕ ਪ੍ਰਮੁੱਖ ਸੜਕ ’ਤੇ ਸੀ ਅਤੇ ਇੱਕ ਪਾਸੇ ਰਿਹਾਇਸ਼ੀ ਗਲੀ ਦੀ ਸੜਕ ਵੀ ਲੱਗਦੀ ਸੀ। ਯਾਨੀ ਕਿ ਕਾਰਖਾਨੇ ਵਾਲੇ ਪਲਾਟ ਨਾਲ ਦੋ...

  • fb
  • twitter
  • whatsapp
  • whatsapp
Advertisement

ਪਿੰਡੋਂ ਆ ਕੇ ਸਾਡੇ ਬਜ਼ੁਰਗਾਂ ਨੇ ਸ਼ਹਿਰ ਵਿੱਚ ਜਿਹੜਾ ਕਾਰਖਾਨਾ ਸ਼ੁਰੂ ਕੀਤਾ ਸੀ ਉਸ ਦੀ ਜ਼ਮੀਨ ਸ਼ਹਿਰ ਦੀ ਇੱਕ ਪ੍ਰਮੁੱਖ ਸੜਕ ’ਤੇ ਸੀ ਅਤੇ ਇੱਕ ਪਾਸੇ ਰਿਹਾਇਸ਼ੀ ਗਲੀ ਦੀ ਸੜਕ ਵੀ ਲੱਗਦੀ ਸੀ। ਯਾਨੀ ਕਿ ਕਾਰਖਾਨੇ ਵਾਲੇ ਪਲਾਟ ਨਾਲ ਦੋ ਸੜਕਾਂ ਲੱਗਦੀਆਂ ਸਨ। ਨਜ਼ਦੀਕ ਹੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵੀ ਸੀ। ਜ਼ਮੀਨ ਕਾਹਦੀ, ਨਿਰਾ ਸੋਨਾ ਸੀ ਸੋਨਾ! ਸਾਡੀ ਇਸ ਜ਼ਮੀਨ ਦਾ ਮੁੱਲ 40-45 ਸਾਲਾਂ ਦੌਰਾਨ ਕੁਝ ਰੁਪਿਆ ਤੋਂ ਲੱਖਾਂ ਰੁਪਏ ਵਿੱਚ ਪੁੱਜ ਗਿਆ ਸੀ। ਫਿਰ ਇੱਕ ਦਿਨ ਉਸ ਸੜਕ ਉੱਤੋਂ ਲੰਘਦੀ ਰੇਲਵੇ ਲਾਈਨ ’ਤੇ ਪੁਲ ਬਣਨ ਦਾ ਐਲਾਨ ਹੋ ਗਿਆ। ਜਿੱਥੋਂ ਪੁਲ ਦੀ ਚੜ੍ਹਾਈ ਸ਼ੁਰੂ ਹੋਣੀ ਸੀ ਉਸ ਦੀ ਸ਼ੁਰੂਆਤ ਵਿੱਚ ਹੀ ਸਾਡਾ ਕਾਰਖਾਨਾ ਵੀ ਆ ਗਿਆ। ਜਿੰਨਾ ਚਿਰ ਪੁਲ ਦਾ ਨਿਰਮਾਣ ਹੁੰਦਾ ਰਿਹਾ ਸਾਰਾ ਕੰਮਕਾਰ ਠੱਪ ਰਿਹਾ। ਜਦੋਂ ਪੁਲ ਬਣ ਗਿਆ ਤਾਂ ਕਾਰਖਾਨੇ ਦੇ ਮੂਹਰੇ ਸਿਰਫ 8-10 ਫੁੱਟ ਸੜਕ (ਸਰਵਿਸ ਲੇਨ) ਛੱਡੀ ਗਈ। ਹੁਣ ਸਥਿਤੀ ਇਹ ਹੈ ਕਿ ਸੋਨੇ ਵਰਗੀ ਜ਼ਮੀਨ ਮਿੱਟੀ ਹੋ ਕੇ ਰਹਿ ਗਈ ਹੈ।

ਮੇਰੇ ਇੱਕ ਰਿਸ਼ਤੇਦਾਰ ਦੀ ਲੁਧਿਆਣਾ ਨਜ਼ਦੀਕ ਇੱਕ ਪਿੰਡ ਵਿੱਚ ਥੋੜ੍ਹੀ ਜਿਹੀ ਜ਼ਮੀਨ ਪਈ ਸੀ। ਬਹੁਤ ਸਾਲ ਪਹਿਲਾਂ ਉਨ੍ਹਾਂ ਨੇ ਉੱਥੇ ਕਦੇ ਪਾਥੀਆਂ ਪੱਥ ਲੈਣੀਆਂ ਤੇ ਕਦੇ ਐਵੇਂ ਕੋਈ ਸਬਜ਼ੀ-ਭਾਜੀ ਬੀਜ ਛੱਡਣੀ। ਜਦੋਂ ਉਨ੍ਹਾਂ ਦਾ ਪੁੱਤਰ ਵਿਦੇਸ਼ ਚਲਾ ਗਿਆ ਤਾਂ ਉਨ੍ਹਾਂ ਵੀ ਉੱਥੇ ਮਿੱਟੀ ਨਾਲ ਮਿੱਟੀ ਹੋਣਾ ਛੱਡ ਦਿੱਤਾ। ਜ਼ਮੀਨ ਦਾ ਟੋਟਾ ਬਸ ਪਿਆ ਰਿਹਾ। ਫਿਰ ਇੱਕ ਦਿਨ ਲੁਧਿਆਣਾ ਤੋਂ ਮਾਲੇਰਕੋਟਲਾ ਸੜਕ ਨੂੰ ਚੌੜਾ ਕਰਨ ਦਾ ਐਲਾਨ ਹੋਇਆ ਤੇ ਉਨ੍ਹਾਂ ਦੇ ਪਿੰਡ ਕੋਲੋਂ ਬਾਈਪਾਸ ਕੱਢਣ ਦਾ ਫੈਸਲਾ ਲਿਆ ਗਿਆ। ਜ਼ਮੀਨ ਦਾ ਉਹ ਟੋਟਾ ਜਿਹੜਾ ਪਿੰਡ ਦੀ ਇੱਕ ਵੱਖੀ ਜਿਹੀ ਵਿੱਚ ਪਿਆ ਸੀ, ਮੁੱਖ ਸੜਕ ਉੱਤੇ ਆ ਗਿਆ। ਮਿੱਟੀ ਦੀ ਕੀਮਤ ਸੋਨੇ ਤੋਂ ਵੀ ਮਹਿੰਗੀ ਹੋ ਗਈ। ਜਿੱਥੇ ਪਾਥੀਆਂ ਪਈਆਂ ਹੁੰਦੀਆਂ ਸਨ, ਉਹ ਜਗ੍ਹਾ 40 ਹਜ਼ਾਰ ਰੁਪਏ ਗਜ਼ ਤੋਂ ਵੀ ਮਹਿੰਗੀ ਵਿਕੀ ਅਤੇ ਖਰੀਦਦਾਰ ਨੇ ਉਸ ਨੂੰ ਸਜਾ ਸੰਵਾਰ ਕੇ ਹੁਣ ਮੁੱਲ ਕੱਢਿਆ ਹੈ 80 ਹਜ਼ਾਰ ਰੁਪਏ ਗਜ਼। ਵੇਖਦਿਆਂ ਵੇਖਦਿਆਂ ਮਿੱਟੀ ਦਾ ਭਾਅ ਸੋਨੇ ਤੋਂ ਵੀ ਕਿਤੇ ਮਹਿੰਗਾ ਹੋ ਗਿਆ।

Advertisement

ਮਿੱਟੀ ਪਾਸੇ ਪਲਟਦੀ ਰਹਿੰਦੀ ਹੈ। ਕਦੇ ਲੱਖਾਂ ’ਚ ਕਦੇ ਕੱਖਾਂ ’ਚ। ਸ਼ਹਿਰੀਕਰਨ ਅਤੇ ਸਨਅਤੀਕਰਨ ਨੇ ਸਥਿਤੀ ਹੋਰ ਪਲਟਾ ਦਿੱਤੀ ਹੈ। ਜਿਹੜੇ ਪਿੰਡ-ਸ਼ਹਿਰ ਨਵੀਆਂ ਸੜਕਾਂ ਜਾਂ ਨਵੇਂ ਉਦਯੋਗਿਕ ਇਲਾਕਿਆਂ ਉੱਤੇ ਜਾਂ ਨੇੜੇ ਆ ਗਏ ਹਨ, ਉਨ੍ਹਾਂ ਦੀ ਨੁਹਾਰ ਬਦਲ ਗਈ ਜਾਂ ਬਦਲ ਰਹੀ ਹੈ। ਮਿੱਟੀ ਕਿਸਮਤ/ਚੰਗਾ ਭਵਿੱਖ ਬਣਾ ਵੀ ਦਿੰਦੀ ਹੈ ਅਤੇ ਵਿਗਾੜ ਵੀ ਦਿੰਦੀ ਹੈ। ਮਿੱਟੀ ਮਨੁੱਖ ਦੇ ਜੀਵਨ ਨਿਰਬਾਹ ਦਾ ਮੂਲ ਤੱਤ ਹੈ। ਇਹ ਜਿੱਥੇ ਸਾਨੂੰ ਖਾਣ ਨੂੰ ਦਿੰਦੀ ਹੈ ਉੱਥੇ ਮਿੱਟੀ ਦੇ ਝਗੜੇ ਮਨੁੱਖ ਨੂੰ ਖਾ ਵੀ ਜਾਂਦੇ ਹਨ। ਜ਼ਮੀਨਾਂ ਦੀਆਂ ਲੜਾਈਆਂ ਮੁੱਢ ਕਦੀਮ ਤੋਂ ਚੱਲਦੀਆਂ ਆ ਰਹੀਆਂ ਹਨ। ਸਾਰਾ ਰੌਲਾ-ਗੌਲਾ ਹੀ ਜ਼ਰ (ਧਨ-ਦੌਲਤ), ਜੋਰੂ (ਔਰਤ) ਤੇ ਜ਼ਮੀਨ ਦਾ ਹੈ।

Advertisement

ਮਿੱਟੀ ਈਮਾਨ ਪਰਖਦੀ ਹੈ। ਇੱਕ ਸੱਚੀ ਘਟਨਾ ਹੈ, ਇੱਕ ਸਕੇ ਭਰਾ ਨੇ ਆਪਣੇ ਭਰਾ ਤੋਂ ਸਾਂਝੀ ਪਰਿਵਾਰਕ ਜ਼ਮੀਨ ਖਰੀਦ ਲਈ। ਪੂਰੇ ਪੈਸੇ ਦੇ ਦਿੱਤੇ ਪਰ ਜ਼ਮੀਨ ਆਪਣੇ ਨਾਂ ਨਾ ਕਰਵਾਈ। ਭਰਾਵਾਂ ਵਿੱਚ ਏਨਾ ਕੁ ਵਿਸ਼ਵਾਸ ਤਾਂ ਹੁੰਦਾ ਹੀ ਹੈ। 20 ਕੁ ਸਾਲ ਬਾਅਦ ਉਸ ਜ਼ਮੀਨ ਦੀ ਕੀਮਤ ਤਕਰੀਬਨ 20 ਗੁਣਾ ਵਧ ਗਈ ਅਤੇ ਜਦੋਂ ਖਰੀਦਦਾਰ ਭਰਾ ਨੇ ਜ਼ਮੀਨ ਨਾਂ ਕਰਵਾਉਣ ਲਈ ਕਿਹਾ ਤਾਂ ਵੇਚਣ ਵਾਲਾ ਭਰਾ ਬੇਈਮਾਨ ਹੋ ਗਿਆ ਅਤੇ ਜ਼ਮੀਨ ਦੇ ਇਸ ਕੀਮਤ ਵਾਧੇ ਦਾ ਵੱਡਾ ਹਿੱਸਾ ਲੈਣ ਉੱਤੇ ਹੀ ਜ਼ਮੀਨ ਨਾਂ ਕਰਵਾਉਣ ਲਈ ਰਾਜ਼ੀ ਹੋਇਆ। ਜੇਕਰ ਉਹੀ ਜ਼ਮੀਨ ਮਿੱਟੀ ਦੇ ਭਾਅ ਹੋ ਗਈ ਹੁੰਦੀ ਤਾਂ ਕੀਹਨੇ ਘਾਟਾ ਪੂਰਨਾ ਸੀ। ਕਿਸੇ ਕਿਸੇ ਮਿੱਟੀ ਦੀ ਕੀਮਤ ਅਨਮੋਲ ਹੁੰਦੀ ਹੈ। ਸਿੱਖ ਧਰਮ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਅੰਤਿਮ ਸਸਕਾਰ ਵਾਲੀ ਥਾਂ (ਗੁਰੂਦੁਆਰਾ ਜੋਤਿ ਸਰੂਪ ਸਾਹਿਬ) ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਦੱਸਿਆ ਜਾਂਦਾ ਹੈ ਜਿਹੜੀ ਕਿ ਦੀਵਾਨ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦੀ ਸੀ। ਯੇਰੂਸ਼ਲਮ ਦੀ ਧਰਤੀ ਯਹੂਦੀਆਂ, ਇਸਾਈਆਂ ਅਤੇ ਮੁਸਲਮਾਨਾਂ ਲਈ ਇੱਕੋ ਜਿਹੇ ਮਾਅਨੇ ਰੱਖਦੀ ਹੈ। ਇਹ ਧਰਤੀ ਏਨੀ ‘ਅਨਮੋਲ’ ਹੈ ਕਿ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ‘ਮਿੱਟੀ’ ਕਰ ਗਈ ਹੈ। ਇਸ ਧਰਤੀ ’ਤੇ ‘ਕਬਜ਼ਾ’ ਕਰਨ ਲਈ ਹੋਈਆਂ/ਹੋ ਰਹੀਆਂ ਲੜਾਈਆਂ-ਝਗੜਿਆਂ ਨੇ ਕਿੰਨੇ ਹੀ ਘਰ ਤੇ ਜਾਨਾਂ ਮਿੱਟੀ ਵਿੱਚ ਰੋਲ ਦਿੱਤੀਆਂ ਹਨ। ਖ਼ੈਰ, ਇਹ ਇੱਕ ਵੱਖਰਾ ਮਸਲਾ ਹੈ। ਬਹੁਤੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਫੌਤ ਹੋਣ ਉਪਰੰਤ ਮੁਜ਼ੱਦੀਦ ਲੋਕ (ਜ਼ਿਆਦਾਤਰ ਅਫਗਾਨਿਸਤਾਨ ਵਾਸੀ) ਰੋਜ਼ਾ ਸ਼ਰੀਫ (ਫਤਹਿਗੜ੍ਹ ਸਾਹਿਬ) ਵਿਚ ਦਫ਼ਨ ਹੋਣ ਦੀ ਇੱਛਾ ਰੱਖਦੇ ਹਨ ਕਿਉਂਕਿ ਇਸ ਥਾਂ ਨੂੰ ਮੁਸਲਮਾਨਾਂ ਦਾ ਦੂਜਾ ਮੱਕਾ ਮੰਨਿਆ ਜਾਂਦਾ ਹੈ।

ਇੱਕ ਵੱਖਰੀ ਗੱਲ; ਦੁਨੀਆ ਦੀ ਸਭ ਤੋਂ ਮਹਿੰਗੀ ਮਿੱਟੀ ਬਾਰੇ ਇੰਟਰਨੈੱਟ ਉੱਤੇ ਖੋਜ ਕਰਕੇ ਵੇਖਿਓ, ਤੁਸੀਂ ਹੈਰਾਨ ਰਹਿ ਜਾਣੈ। ਜਿਸ ਧਰਤੀ ’ਤੇ ਅਸੀਂ ਰਹਿੰਦੇ ਹਾਂ ਇੱਥੋਂ ਦੀ ਮਿੱਟੀ ਤਾਂ ‘ਮਿੱਟੀ’ ਹੀ ਹੈ। ਕੁਝ ਸਾਲ ਪਹਿਲਾਂ ਨਾਸਾ ਨੇ ਇੱਕ ਪ੍ਰੋਗਰਾਮ ਰਾਹੀਂ ਖੋਜ ਕਾਰਜਾਂ ਵਾਸਤੇ ਮੰਗਲ ਗ੍ਰਹਿ ਤੋਂ 900 ਗ੍ਰਾਮ ਦੇ ਕਰੀਬ ਮਿੱਟੀ ਧਰਤੀ ’ਤੇ ਲਿਆਂਦੀ ਸੀ ਜਿਸ ਉੱਤੇ 9 ਬਿਲੀਅਨ ਡਾਲਰ (79 ਹਜ਼ਾਰ ਕਰੋੜ ਰੁਪਏ ਦੇ ਕਰੀਬ) ਦਾ ਖਰਚਾ ਆਇਆ ਸੀ। ਇਹ ਮਿੱਟੀ ਤਾਂ ਸੋਨੇ ਤੋਂ ਕਿਤੇ ਉੱਪਰ ਹੈ। ਕਈ ਲੋਕ ਆਪਣੀ ਮਿਹਨਤ ਸਦਕਾ ਮਿੱਟੀ ਨੂੰ ਹੱਥ ਲਾ ਕੇ ਸੋਨਾ ਬਣਾ ਦੇਣ ਦੀ ਸਮਰੱਥਾ ਰੱਖਦੇ ਹਨ। ਅਜਿਹੇ ਲੋਕਾਂ ਦੇ ਨਾਂ ਇਤਿਹਾਸ ਵਿੱਚ ਦਰਜ ਹੁੰਦੇ ਹਨ। ਧੀਰੂ ਭਾਈ ਅੰਬਾਨੀ, ਜਮਸ਼ੇਦਜੀ ਟਾਟਾ, ਐਲਨ ਮਸਕ, ਜੈਕ ਮਾਅ, ਮਾਰਕ ਜਕਰਬਰਗ, ਬਿਲ ਗੇਟਸ ਵਰਗੇ ਨਾਂ ਤਕਰੀਬਨ ਸਭ ਨੂੰ ਪਤਾ ਹੋਣਗੇ। ਸਾਡੇ ਆਸ-ਪਾਸ ਵੀ ਅਜਿਹੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਆਮ ਘਰਾਂ ਵਿੱਚੋਂ ਉੱਠ ਕੇ ਬਹੁਤ ਤਰੱਕੀਆਂ ਕੀਤੀਆਂ ਹੋਣਗੀਆਂ। ਇਹੀ ਗੱਲ ਉਨ੍ਹਾਂ ਲੋਕਾਂ/ਪਰਿਵਾਰਾਂ ਉੱਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਦਾ ਜਨਮ ਤਾਂ ਸੋਨੇ ਦੇ ਚਮਚਿਆਂ ਨਾਲ ਹੋਇਆ ਹੁੰਦਾ ਹੈ ਪਰ ਸਮੇਂ ਦੇ ਨਾਲ ਉਹ ਮਿੱਟੀ ਹੋ ਗਏ।

ਮੇਰੇ ਇੱਕ ਦੋਸਤ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਨੂੰ ਛੱਡ ਕੇ ਇਧਰਲੇ ਪਾਸੇ ਆਇਆ ਤਾਂ ਪਰਿਵਾਰ ਦਾ ਸਾਰਾ ਸੋਨਾ ਉਹ ਇਸ ਆਸ ਨਾਲ ਘਰ ਦੇ ਵਿਹੜੇ ਵਿੱਚ ਦੱਬ ਆਏ ਸਨ ਕਿ ਰੌਲਿਆਂ ਬਾਅਦ ਜਾ ਕੇ ਕੱਢ ਲੈਣਗੇ ਪਰ ਉਨ੍ਹਾਂ ਦਾ ਸਾਰਾ ਸੋਨਾ ਮਿੱਟੀ ਹੋ ਗਿਆ ਤੇ ਓਧਰਲੇ ਪਾਸੇ ਜਿਨ੍ਹਾਂ ਨੇ ਕਦੇ ਉਹ ਮਿੱਟੀ ਫਰੋਲੀ ਹੋਣੀ ਆ ਉਨ੍ਹਾਂ ਲਈ ਮਿੱਟੀ ਨੇ ਸੋਨਾ ਪੈਦਾ ਕਰ ਦਿੱਤਾ ਹੋਵੇਗਾ। ਇਹ ਸਾਰਾ ਕੁਦਰਤ ਦਾ ਖੇਡ ਤਮਾਸ਼ਾ ਹੈ। ਕਦੇ ਮਿੱਟੀ ਸੋਨਾ ਬਣ ਜਾਂਦੀ ਹੈ ਅਤੇ ਕਦੇ ਸੋਨਾ ਮਿੱਟੀ ਹੋ ਜਾਂਦਾ ਹੈ। ਜੇ ਬੰਦੇ ਦੇ ਹੱਥ-ਵੱਸ ਹੋਵੇ ਤਾਂ ਮਿੱਟੀ ਨੂੰ ਹਰ ਕੋਈ ਠੋਕਰ ਮਾਰੇ ਪਰ ਮਿੱਟੀ ਮਨੁੱਖ ਦੀ ਅੰਤਮ ਸਾਥੀ ਹੈ, ਇਹ ਗੱਲ ਭੁੱਲਣੀ ਨਹੀਂ ਚਾਹੀਦੀ।

ਮੁੱਕਦੀ ਬਾਤ ਤਾਂ ਇਹ ਹੈ ਕਿ ਮਿੱਟੀ ਵਿੱਚ ਮਿਲ ਜਾਣਾ ਹੀ ਅੰਤਿਮ ਸੱਚ ਹੈ। ਸੋਨਾ ਤਾਂ ਲੱਖਾਂ ਕਰੋੜਾਂ ਸਾਲਾਂ ਬਾਅਦ ਵੀ ਮਿੱਟੀ ’ਚੋਂ ਕੱਢਿਆ ਜਾ ਸਕਦਾ ਹੈ ਪਰ ਮਨੁੱਖ ਦੇ ਕਰਮ ਤੇ ਵਿਚਾਰ ਹੀ ਹਨ ਜੋ ਮਿੱਟੀ ਨਹੀਂ ਹੁੰਦੇ ਬਾਕੀ ਸਭ ਮਿੱਟੀ ਵਿੱਚ ਹੀ ਮਿਲ ਜਾਣਾ ਹੁੰਦਾ ਹੈ। ਭਗਤ ਕਬੀਰ ਜੀ ਲਿਖਦੇ ਹਨ- ਮਾਟੀ ਕਹੇ ਕੁਮਿਆਰ ਸੇ, ਤੂੰ ਕਿਉਂ ਰੌਂਦੇ ਮੋਹੇ, ਇੱਕ ਦਿਨ ਐਸਾ ਆਏਗਾ, ਮੈਂ ਰੌਂਦੂੰਗੀ ਤੋਹੇ।

ਸੰਪਰਕ: 97802-16767

Advertisement
×