ਗਿਆਨੀ ਮਾਸਟਰ ਜੀ
ਗੱਲ ਚਾਰ ਚਾਰ ਕੁ ਦਹਾਕੇ ਪਹਿਲਾਂ ਦੀ ਹੈ। ਜਦੋਂ ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ। ਸਕੂਲ ’ਚ ਸਵੇਰ ਦੀ ਸਭਾ ਤੋਂ ਪਹਿਲਾਂ ਸਾਰੇ ਵਿਦਿਆਰਥੀ ਇਕੱਤਰ ਹੋ ਜਾਂਦੇ ਅਤੇ ਇੱਕ-ਦੂਜੇ ਨਾਲ ਮਸ਼ਕਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ। ਸਾਡੇ ਸਕੂਲ...
ਗੱਲ ਚਾਰ ਚਾਰ ਕੁ ਦਹਾਕੇ ਪਹਿਲਾਂ ਦੀ ਹੈ। ਜਦੋਂ ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ। ਸਕੂਲ ’ਚ ਸਵੇਰ ਦੀ ਸਭਾ ਤੋਂ ਪਹਿਲਾਂ ਸਾਰੇ ਵਿਦਿਆਰਥੀ ਇਕੱਤਰ ਹੋ ਜਾਂਦੇ ਅਤੇ ਇੱਕ-ਦੂਜੇ ਨਾਲ ਮਸ਼ਕਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ। ਸਾਡੇ ਸਕੂਲ ਵਿੱਚ ਤਿੰਨ ਅਧਿਆਪਕ ਸਨ। ਇਨ੍ਹਾਂ ਵਿੱਚੋਂ ਇੱਕ ਅਧਿਆਪਕ ਪਹਿਲੀ ਅਤੇ ਦੂਜੀ ਜਮਾਤ ਨੂੰ ਅਤੇ ਦੂਜੇ ਅਧਿਆਪਕ ਤੀਸਰੀ ਅਤੇ ਚੌਥੀ ਜਮਾਤ ਨੂੰ ਪੜ੍ਹਾਇਆ ਕਰਦੇ ਸਨ। ਮੈਂ ਪੰਜਵੀਂ ਜਮਾਤ ਵਿੱਚ ਸੀ ਅਤੇ ਸਾਨੂੰ ਸਕੂਲ ਦੇ ਸਭ ਤੋਂ ਸੀਨੀਅਰ ਅਧਿਆਪਕ, ਜਿਨ੍ਹਾਂ ਨੂੰ ਸਾਰੇ ਗਿਆਨੀ ਜੀ ਕਹਿੰਦੇ ਸਨ, ਪੜ੍ਹਾਇਆ ਕਰਦੇ ਸਨ। ਗਿਆਨੀ ਜੀ ਦੀ ਸ਼ਖ਼ਸੀਅਤ ਦਾ ਰੋਅਬ ਐਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਦੇਖਦੇ ਸਾਰ ਸਕੂਲ ਦੇ ਸਾਰੇ ਵਿਦਿਆਰਥੀ ਸ਼ਾਂਤ ਹੋ ਜਾਂਦੇ। ਗਿਆਨੀ ਜੀ ਬਹੁਤ ਹੀ ਸਾਦੇ ਸੁਭਾਅ ਵਾਲੇ ਸਨ। ਉਨ੍ਹਾਂ ਦਾ ਅਸਲ ਨਾਮ ਤਾਂ ਤਾਰਾ ਸਿੰਘ ਸੀ ਪਰ ਉਨ੍ਹਾਂ ਦਾ ਨਾਮ ਬਹੁਤ ਘੱਟ ਲੋਕਾਂ ਨੂੰ ਪਤਾ ਸੀ, ਉਨ੍ਹਾਂ ਲਈ ਗਿਆਨੀ ਜੀ ਹੀ ਸ਼ਬਦ ਵਰਤਿਆ ਜਾਂਦਾ ਸੀ।
ਗਿਆਨੀ ਜੀ ਸਮੇਂ ਦੇ ਪੂਰੇ ਪਾਬੰਦ ਸਨ ਅਤੇ ਕਦੇ ਵੀ ਡਿਊਟੀ ’ਤੇ ਲੇਟ ਨਹੀਂ ਸੀ ਆਉਂਦੇ। ਗਰਮੀ, ਸਰਦੀ, ਬਰਸਾਤ ਜਿਹੜੀ ਮਰਜ਼ੀ ਰੁੱਤ ਹੋਵੇ ਗਿਆਨੀ ਜੀ ਸਮੇਂ ਸਿਰ ਹੀ ਸਕੂਲ ਵਿੱਚ ਹਾਜ਼ਰ ਹੁੰਦੇ ਸਨ। ਉਹ ਛੁੱਟੀ ਵੀ ਬਹੁਤ ਘੱਟ ਕਰਦੇ। ਉਹ ਆਪਣੇ ਕਿੱਤੇ ਨੂੰ ਸਮਰਪਿਤ ਸਨ। ਸਕੂਲ ਦੇ ਦੂਜੇ ਅਧਿਆਪਕ ਉਨ੍ਹਾਂ ਤੋਂ ਮਗਰੋਂ ਡਿਊਟੀ ’ਤੇ ਹਾਜ਼ਰ ਹੁੰਦੇ ਤੇ ਉਹ ਵੀ ਗਿਆਨੀ ਜੀ ਦਾ ਭੈਅ ਮੰਨਦੇ ਸਨ। ਉਦੋਂ ਸਕੂਲ ਦੀ ਚਾਰਦੀਵਾਰੀ ਬਹੁਤੀ ਉੱਚੀ ਨਹੀਂ ਸੀ, ਇਸ ਲਈ ਜਦੋਂ ਗਿਆਨੀ ਜੀ ਆਪਣੇ ਪਿੰਡ ਤੋਂ ਕੱਚੀ ਪਹੀ ਵਿੱਚੋਂ ਦੀ ਆਪਣੇ ਟੋਕਰੀ ਵਾਲੇ ਸਾਈਕਲ ’ਤੇ ਪੈਡਲ ਮਾਰਦੇ ਆ ਰਹੇ ਹੁੰਦੇ ਤਾਂ ਸਾਰੇ ਵਿਦਿਆਰਥੀ ਕੁਝ ਸਮਾਂ ਟਿਕਟਿਕੀ ਲਾ ਕੇ ਉਨ੍ਹਾਂ ਨੂੰ ਆਉਂਦਿਆਂ ਦੇਖਣ ਤੋਂ ਬਾਅਦ ਇਕਦਮ ਸ਼ਾਂਤ ਹੋ ਕੇ ਬੈਠ ਜਾਂਦੇ ਅਤੇ ਮਾਸਟਰ ਜੀ ਦੀ ਦਿੱਤੀ ਸਿੱਖਿਆ ਮੁਤਾਬਿਕ ਸਾਡੀ ਜਮਾਤ ਦਾ ਮੋਨੀਟਰ ਵਿਦਿਆਰਥੀ ਉੱਚੀ-ਉੱਚੀ ਪਹਾੜਾ ਪੜ੍ਹਾਉਣ ਲੱਗ ਜਾਂਦਾ। ਉਸ ਦੇ ਪਹਾੜਾ ਪੜ੍ਹਾਉਣ ਤੇ ਦੋ ਦੂਣੀ ਚਾਰ ਦੀਆਂ ਆਵਾਜ਼ਾਂ ਸਕੂਲ ਵਿੱਚ ਗੂੰਜਣ ਲੱਗ ਪੈਂਦੀਆਂ। ਜਦੋਂ ਗਿਆਨੀ ਜੀ ਸਕੂਲ ਵਿੱਚ ਦਾਖ਼ਲ ਹੁੰਦੇ ਤਾਂ ਸਾਡੀ ਜਮਾਤ ਦੇ ਸਾਰੇ ਵਿਦਿਆਰਥੀ ਪਹਾੜਿਆਂ ਨੂੰ ਵਿਚਾਲੇ ਛੱਡ ਕੇ ‘‘ਕਲਾਸ ਸਟੈਂਡ’’ ਕਹਿੰਦੇ ਹੋਏ ਉਨ੍ਹਾਂ ਦਾ ਖੜ੍ਹੇ ਹੋ ਕੇ ਸਵਾਗਤ ਕਰਦੇ। ‘‘ਸ਼ਾਬਾਸ਼!’’ ਕਹਿੰਦੇ ਹੋਏ ਉਹ ਸਾਰਿਆਂ ਨੂੰ ਬੈਠਣ ਲਈ ਆਖ ਦਿੰਦੇ। ਥੋੜ੍ਹੀ ਦੇਰ ਬਾਅਦ ਦੂਜੇ ਅਧਿਆਪਕ ਵੀ ਆ ਜਾਂਦੇ ਅਤੇ ਉਹ ਵੀ ਆਪੋ-ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਲਾਉਣ ਉਪਰੰਤ ਉਨ੍ਹਾਂ ਨੂੰ ਪੜ੍ਹਾਉਣ ਲੱਗ ਜਾਂਦੇ।
ਸਾਡੀ ਜਮਾਤ ਦੇ ਵਿਦਿਆਰਥੀਆਂ ਦੀ ਹਾਜ਼ਰੀ ਲਾਉਣ ਉਪਰੰਤ ਗਿਆਨੀ ਜੀ ਪੁੱਛਣ ਲੱਗਦੇ, “ਸਾਰਿਆਂ ਨੇ ਫੱਟੀਆਂ ਲਿਖੀਆਂ ਨੇ ਬਈ?’’ ਸਾਰੇ ਉੱਚੀ ਆਵਾਜ਼ ਵਿੱਚ ਜਵਾਬ ਦਿੰਦੇ, ‘‘ਹਾਂ ਜੀ!’’ ‘‘ਲਿਆਓ ਦਿਖਾਓ ਫੇਰ।’’ ਉਹ ਇਕੱਲੇ-ਇਕੱਲੇ ਵਿਦਿਆਰਥੀ ਦੀ ਫੱਟੀ ਦੇਖ ਕੇ ਉਨ੍ਹਾਂ ਵਿੱਚੋਂ ਜਿਸਦੀ ਫੱਟੀ ਸਭ ਤੋਂ ਖੁਸ਼ਖਤ ਲਿਖੀ ਹੁੰਦੀ, ਉਸ ਨੂੰ ਪਹਿਲਾ ਨੰਬਰ ਦਿੰਦੇ ਹੋਏ ਥਾਪੀ ਦੇ ਕੇ ਬਾਕੀ ਵਿਦਿਆਰਥੀਆਂ ਨੂੰ ਵੀ ਉਸ ਵਾਂਗੂ ਫੱਟੀ ਲਿਖਣ ਦੀ ਪ੍ਰੇਰਣਾ ਦਿੰਦੇ ਅਤੇ ਪੜ੍ਹਾਈ ਦੇ ਅਗਲੇ ਪੜਾਅ ਵੱਲ ਵਧ ਜਾਂਦੇ। ਮੇਰੇ ਸਹਿਪਾਠੀਆਂ ਵਿੱਚੋਂ ਕੁਝ ਕੁ ਨੂੰ ਛੱਡ ਕੇ ਜ਼ਿਆਦਾਤਰ ਵਿਦਿਆਰਥੀ ਪੜ੍ਹਾਈ ਵਿੱਚ ਔਸਤ ਦਰਜੇ ਦੇ ਹੀ ਸਨ।
ਅਗਲੇ ਪੜਾਅ ਵਿੱਚ ਜਦ ਉਹ ਜਮਾਤ ਦੇ ਮੋਨੀਟਰ ਨੂੰ ਪਹਾੜੇ ਦੁਬਾਰਾ ਸ਼ੁਰੂ ਕਰਨ ਲਈ ਕਹਿੰਦੇ ਤਾਂ ਮੁੜ ਪਹਾੜਿਆਂ ਦੀ ਗੂੰਜ ਸ਼ੁਰੂ ਹੋ ਜਾਂਦੀ। ਪਹਾੜਿਆਂ ਤੋਂ ਬਾਅਦ ਮਾਸਟਰ ਜੀ ਵਿਦਿਆਰਥੀਆਂ ਨੂੰ ਆਪੋ-ਆਪਣੀਆਂ ਫੱਟੀਆਂ ਧੋਣ ਲਈ ਕਹਿ ਦਿੰਦੇ। ਮਾਸਟਰ ਜੀ ਦਾ ਇਹ ਆਦੇਸ਼ ਸੁਣ ਕੇ ਸਾਰੇ ਵਿਦਿਆਰਥੀ ਸਕੂਲ ਵਿੱਚ ਲੱਗੇ ਨਲਕੇ ਦੁਆਲੇ ਹੋ ਜਾਂਦੇ ਅਤੇ ਇੱਕ-ਦੂਜੇ ਤੋਂ ਪਹਿਲਾਂ ਆਪਣੀ ਫੱਟੀ ਧੋਣ ਦੀ ਕੋਸ਼ਿਸ਼ ਕਰਦੇ ਹੋਏ ਖਹਿਬੜਨ ਲੱਗ ਪੈਂਦੇ ਸਨ। ਦੂਰੋਂ ਮਾਸਟਰ ਜੀ ਦੀ ਉੱਚੀ ਆਵਾਜ਼ ਵਿੱਚ ਦਿੱਤੀ ਘੁਰਕੀ ਤੋਂ ਬਾਅਦ ਸਾਰੇ ਸ਼ਾਂਤ ਹੋ ਜਾਂਦੇ ਅਤੇ ਵਾਰੋ-ਵਾਰੀ ਆਪੋ-ਆਪਣੀਆਂ ਫੱਟੀਆਂ ਧੋ ਕੇ ਸੁੱਕਣ ਲਈ ਰੱਖ ਦਿੰਦੇ। ਵਿਦਿਆਰਥੀਆਂ ਦੇ ਫੱਟੀ ਧੋਣ ਦੇ ਸਮੇਂ ਦੌਰਾਨ ਗਿਆਨੀ ਜੀ ਸਕੂਲ ਵਿੱਚ ਰੱਖੇ ਬੱਤੀਆਂ ਵਾਲੇ ਸਟੋਵ ’ਤੇ ਆਪਣੇ ਅਤੇ ਦੂਜੇ ਅਧਿਆਪਕਾਂ ਲਈ ਚਾਹ ਬਣਾਉਂਦੇ ਅਤੇ ਥੋੜ੍ਹੇ ਸਮੇਂ ਦੀ ਬਰੇਕ ਲੈ ਕੇ ਦੂਜੇ ਅਧਿਆਪਕਾਂ ਨਾਲ ਬੈਠ ਕੇ ਚਾਹ-ਪੀਣ ਤੋਂ ਤੁਰੰਤ ਬਾਅਦ ਮੁੜ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਜੁਟ ਜਾਂਦੇ। ਗਿਆਨੀ ਜੀ ਦੇ ਮੇਜ਼ ਦੇ ਦਰਾਜ ਵਿੱਚ ਇੱਕ ਛੋਟਾ ਜਿਹਾ ਚਾਕੂ ਹੋਇਆ ਕਰਦਾ ਸੀ। ਜਦ ਕਿਸੇ ਵਿਦਿਆਰਥੀ ਦੀ ਫੱਟੀ ਲਿਖਣ ਵਾਲੀ ਕਲਮ ਟੁੱਟ ਜਾਣੀ ਤਾਂ ਮਾਸਟਰ ਜੀ ਦਰਾਜ ’ਚੋਂ ਝੱਟ ਚਾਕੂ ਕੱਢ ਕੇ ਉਸ ਦੀ ਕਲਮ ਘੜ ਦਿੰਦੇ। ਰੀਸੋ-ਰੀਸ ਹੋਰ ਵਿਦਿਆਰਥੀ ਗਿਆਨੀ ਜੀ ਪਾਸੋਂ ਆਪੋ-ਆਪਣੀਆਂ ਕਲਮਾਂ ਘੜਾਉਣ ਲਈ ਖੜ੍ਹੇ ਹੋ ਜਾਂਦੇ। ਸ਼ਾਇਦ ਵਿਦਿਆਰਥੀਆਂ ਲਈ ਇਹ ਕੰਮ ਕਰ ਕੇ ਵੀ ਉਨ੍ਹਾਂ ਨੂੰ ਸਕੂਨ ਮਿਲਦਾ ਸੀ।
ਸਾਡੀ ਜਮਾਤ ਵਿੱਚ ਇੱਕ ਮੁੰਡਾ ਪੜ੍ਹਦਾ ਸੀ ਕਰਮਾ। ਉਸ ਦਾ ਪੱਕਾ ਨਾਮ ਕਰਮ ਸਿੰਘ ਸੀ, ਪਰ ਸਾਰੇ ਉਸ ਨੂੰ ਕਰਮਾ ਹੀ ਸੱਦਦੇ ਸਨ। ਉਹ ਨਿਹਾਇਤ ਸ਼ਰੀਫ, ਪਰ ਪੜ੍ਹਾਈ ਵਿੱਚ ਬਹੁਤ ਹੀ ਕਮਜ਼ੋਰ ਸੀ। ਉਸਦੇ ਬਾਪੂ ਦਾ ਨਾਮ ਗਹੀਰ ਸਿੰਘ ਸੀ ਪਰ ਸਾਡੀ ਜਮਾਤ ਵਿੱਚ ਪੜ੍ਹਦੇ ਮਨਚਲੇ ਬੱਚੇ ਉਸ ਨੂੰ ਜਦੋਂ ਵੀ ਸੱਦ ਮਾਰ ਬੁਲਾਉਂਦੇ ਤਾਂ ਕਿਹਾ ਕਰਦੇ, “ਐਧਰ ਆ ਓਏ ਗੀਰ੍ਹੇ ਆਲਿਆ।’’ ਉਸ ਵਿਚਾਰੇ ਨਾਲ ਅਜਿਹੀ ਬਦਸਲੂਕੀ ਹੁੰਦੀ ਕਿ ਕਈ ਵਾਰ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ। ਬਾਲਪਣ ਵਿੱਚ ਉਸ ਸਮੇਂ ਕਿਸੇ ਦੀ ਫੱਟੀ ਲਿਖਣ ਵਾਲੀ ਸ਼ਿਆਹੀ ਦੀ ਦਵਾਤ ਉਲਟੀ ਕਰ ਦੇਣੀ ਜਾਂ ਫਿਰ ਕਲਮ ਤੋੜ ਦੇਣੀ ਆਮ ਵਰਤਾਰਾ ਸੀ। ਕਈ ਵਾਰ ਗਿਆਨੀ ਜੀ ਜਦੋਂ ਕਿਤਾਬ ਦਾ ਕੋਈ ਪਾਠ ਸੁਣਨ ਲੱਗਦੇ ਤਾਂ ਕਈ ਵਾਰ ਕਰਮੇ ਨੂੰ ਖੜ੍ਹਾ ਕਰ ਲੈਂਦੇ। ਆਪਣਾ ਨਾਮ ਸੁਣਦੇ ਸਾਰ ਕਰਮੇ ਦੀ ਸ਼ਾਮਤ ਆ ਜਾਂਦੀ। ਉਹ ਵਿਚਾਰਾ ਜੋੜ-ਜੋੜ ਕੇ ਪੜ੍ਹਨ ਦੀ ਕੋਸ਼ਿਸ਼ ਕਰਦਾ ਪਰ ਕਦੇ ਵੀ ਸਹੀ ਪਾਠ ਨਹੀਂ ਸੀ ਸੁਣਾ ਸਕਿਆ। ਕਰਮੇ ਦੀ ਹਾਲਤ ਦੇਖ ਕੇ ਗਿਆਨੀ ਜੀ ਖੜ੍ਹੇ ਹੋ ਕੇ ਹੱਸਦੇ ਹੋਏ ਕਰਮੇ ਦੀ ਪਿੱਠ ਥਾਪੜ ਕੇ ਕਹਿੰਦੇ, ‘‘ਤੇਰਾ ਕੀ ਬਣੂ ਕਰਮਿਆ? ਮਿਹਨਤ ਕਰਿਆ ਕਰ।’’ ਕਰਮੇ ਦੀ ਪੜ੍ਹਾਈ ਵਾਲੀ ਹਾਲਤ ’ਤੇ ਤਰਸ ਜਿਹਾ ਖਾ ਕੇ ਉਸ ਨੂੰ ਬਿਨਾਂ ਕੁਝ ਕਹੇ ਗਿਆਨੀ ਜੀ ਬੈਠਣ ਦਾ ਆਦੇਸ਼ ਦਿੰਦੇ ਹੋਏ ਕਿਸੇ ਹੁਸ਼ਿਆਰ ਵਿਦਿਆਰਥੀ ਨੂੰ ਕਿਤਾਬ ਦਾ ਪਾਠ ਸੁਣਾਉਣ ਲਈ ਕਹਿ ਦਿੰਦੇ। ਉਸ ਦੇ ਸੁਣਾਏ ਜਾਣ ਵਾਲੇ ਪਾਠ/ਕਵਿਤਾ ਦੇ ਬੋਲ ਕੁਝ ਇਸ ਤਰ੍ਹਾਂ ਹੋਇਆ ਕਰਦੇ ,“ਗਾਦ੍ਹੀ ਉੱਤੇ ਬੈਠ ਕੇ ਕਿਸਾਨ ਗਾਂਵਦਾ, ਉੱਚੀ-ਉੱਚੀ ਮਿਰਜ਼ੇ ਦੀ ਸੱਦ ਲਾਂਵਦਾ।
ਜਦੋਂ ਉਹ ਪਾਠ ਸੁਣਾ ਕੇ ਹਟਦਾ ਤਾਂ ਗਿਆਨੀ ਜੀ ਉਸ ਨੂੰ ਸ਼ਾਬਾਸ਼ ਦਿੰਦੇ ਹੋਏ ਕਰਮੇ ਵੱਲ ਸੰਬੋਧਿਤ ਹੋ ਕੇ ਉਸ ਨੂੰ ਪ੍ਰੇਰਣਾ ਦੇਕੇ ਕਹਿੰਦੇ, ‘‘ਕਰਮਿਆ ਐਦਾਂ ਪੜ੍ਹਨਾ ਸਿੱਖ। ਘਰ ਜਾ ਕੇ ਪੜ੍ਹਿਆ ਕਰ, ਹੌਲੀ-ਹੌਲੀ ਸਿੱਖ ਜਾਵੇਂਗਾ।’’ ਕਰਮੇ ਦਾ ਬਾਪੂ ਕਰਮੇ ਨੂੰ ਪੜ੍ਹਾਉਣ ਲਈ ਬਹੁਤ ਹੀ ਉਤਾਵਲਾ ਸੀ ਅਤੇ ਕਈ ਵਾਰ ਉਸ ਨੇ ਮਾਸਟਰ ਜੀ ਨੂੰ ਕਰਮੇ ਦੀ ਟਿਊਸ਼ਨ ਰੱਖਣ ਬਾਰੇ ਵੀ ਤਰਲਾ ਪਾਇਆ ਸੀ, ਪਰ ਗਿਆਨੀ ਜੀ ਟਿਊਸ਼ਨ ਪੜ੍ਹਾਉਣ ਨੂੰ ਚੰਗਾ ਨਹੀਂ ਸਨ ਮੰਨਦੇ। ਉਹ ਹਰ ਵਾਰ ਕਰਮੇ ਦੇ ਬਾਪੂ ਨੂੰ ਕਿਹਾ ਕਰਦੇ, ‘‘ਕਰਮੇ ਨੂੰ ਕਹੋਠ ਦਿਲ ਲਾ ਕੇ ਮਿਹਨਤ ਕਰਿਆ ਕਰੇ ਅਤੇ ਜੇਕਰ ਕੋਈ ਮੁਸ਼ਕਲ ਹੋਵੇ ਤਾਂ ਸਕੂਲ ਵਿੱਚ ਹੀ ਮੇਰੇ ਕੋਲੋਂ ਸਿੱਖ ਲਿਆ ਕਰੇ, ਮੈਂ ਇਹਨੂੰ ਸਿਖਾ ਦੇਵਾਂਗਾ।’’ ਸੱਚਮੁੱਚ ਗਿਆਨੀ ਜੀ ਦੇਵਤਾ ਇਨਸਾਨ ਸਨ।
ਸਾਲਾਨਾ ਇਮਤਿਹਾਨ ਮਗਰੋਂ 31 ਮਾਰਚ ਵਾਲੇ ਦਿਨ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਸੁਣਾਇਆ ਜਾਣਾ ਸੀ ਅਤੇ ਸਾਡੀ ਜਮਾਤ ਦਾ ਨਤੀਜਾ ਗਿਆਨੀ ਜੀ ਨੇ ਸੁਣਾਉਣਾ ਸੀ। ਸਾਰੇ ਵਿਦਿਆਰਥੀ ਨਵੇਂ ਕੱਪੜੇ ਪਾ ਕੇ ਨਤੀਜਾ ਸੁਣਨ ਲਈ ਸਕੂਲ ਵਿੱਚ ਪੁੱਜ ਗਏ ਸਨ। ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਵੀ ਸਕੂਲ ਵਿੱਚ ਆਏ ਹੋਏ ਸਨ। ਸਾਰਿਆਂ ਦੀਆਂ ਨਜ਼ਰਾਂ ਗਿਆਨੀ ਜੀ ਦੇ ਪਿੰਡ ਵਾਲੀ ਕੱਚੀ ਪਹੀ ਵੱਲ ਟਿਕੀਆਂ ਹੋਈਆਂ ਸਨ। ਦੂਰੋਂ ਗਿਆਨੀ ਨੂੰ ਆਉਂਦਿਆਂ ਦੇਖ ਕੇ ਸਕੂਲ ਦੇ ਹੁਸ਼ਿਆਰ ਵਿਦਿਆਰਥੀ, ਜਿਨ੍ਹਾਂ ਨੂੰ ਚੰਗੇ ਨੰਬਰਾਂ ਦੀ ਆਸ ਸੀ, ਨੇ ਸਕੂਲ ਦੀਆਂ ਕਿਆਰੀਆਂ ਵਿੱਚ ਲੱਗੇ ਹੋਏ ਗੇਂਦੇ ਦੇ ਬਹੁਤ ਸਾਰੇ ਫੁੱਲ ਗਿਆਨੀ ਜੀ ਦੇ ਸਵਾਗਤ ਲਈ ਤੋੜ ਕੇ ਇਕੱਠੇ ਕਰ ਲਏ। ਗਰੀਬੜਾ ਕਰਮਾ ਵੀ ਆਪਣੇ ਬਾਪੂ ਦੇ ਨਾਲ ਪੁਰਾਣੇ ਘਸਮੈਲੈ ਜਿਹੇ ਕੱਪੜੇ ਪਾ ਕੇ ਇੱਕ ਨੁਕਰੇ ਖੜ੍ਹਾ ਸੀ। ਗਿਆਨੀ ਜੀ ਦੇ ਸਕੂਲ ਵਿੱਚ ਆਉਣ ਸਾਰ ਵਿਦਿਆਰਥੀਆਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਬਰਸਾਤ ਕਰ ਦਿੱਤੀ। ਥੋੜ੍ਹੀ ਦੇਰ ਬਾਅਦ ਸਕੂਲ ਦੇ ਦੂਜੇ ਅਧਿਆਪਕ, ਵਿਦਿਆਰਥੀਆਂ ਦੇ ਮਾਪੇ ਅਤੇ ਕੁਝ ਪਤਵੰਤੇ ਸੱਜਣ ਸਕੂਲ ਵਿੱਚ ਆ ਗਏ। ਪਹਿਲੀ ਤੋਂ ਚੌਥੀ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਝੱਟ ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਪੜ੍ਹ ਕੇ ਸੁਣਾ ਦਿੱਤਾ। ਇਸ ਮਗਰੋਂ ਗਿਆਨੀ ਜੀ ਨੇ ਸਾਡਾ ਪੰਜਵੀਂ ਜਮਾਤ ਦਾ ਨਤੀਜਾ ਪੜ੍ਹ ਕੇ ਸੁਣਾਇਆ। ਜਿਹੜੇ ਬੱਚੇ ਆਪਣੇ ਆਪ ਨੂੰ ਜ਼ਿਆਦਾ ਹੁਸ਼ਿਆਰ ਸਮਝਦੇ ਸਨ, ਉਨ੍ਹਾਂ ਦੇ ਨੰਬਰ ਓਨੇ ਜ਼ਿਆਦਾ ਨਹੀਂ ਸਨ ਆਏ ਜਿੰਨਿਆਂ ਦੀ ਉਨ੍ਹਾਂ ਨੂੰ ਆਸ ਸੀ, ਪਰ ਦੂਜੇ ਪਾਸੇ ਗਿਆਨੀ ਜੀ ਵੱਲੋਂ ਕਰਮੇ ਅਤੇ ਉਸ ਦੇ ਬਾਪੂ ਨੂੰ ਦਿੱਤੀ ਨਸੀਹਤ ਰੰਗ ਲਿਆਈ ਕਿ ਥੋੜ੍ਹੀ ਮਿਹਨਤ ਨਾਲ ਪੜ੍ਹਨ ਕਰ ਕੇ ਕਰਮਾ ਵੀ ਪਾਸ ਹੋ ਗਿਆ ਸੀ। ਗਿਆਨੀ ਜੀ ਵੱਲੋਂ ਕਰਵਾਈ ਮਿਹਨਤ ਸਦਕਾ ਸਾਡੀ ਜਮਾਤ ਦਾ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਸੀ ਹੋਇਆ। ਨਤੀਜਾ ਸੁਣਾਉਣ ਤੋਂ ਬਾਅਦ ਗਿਆਨੀ ਜੀ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਜੋ ਕਿ ਕੁਝ ਇਸ ਪ੍ਰਕਾਰ ਸੀ:
ਚੰਗੇ ਨੰਬਰ ਲੈਣ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ! ਮੈਨੂੰ ਜਿੱਥੇ ਤੁਹਾਡੇ ਚੰਗੇ ਨੰਬਰ ਲੈਣ ਦੀ ਖ਼ੁਸ਼ੀ ਹੈ, ਉੱਥੇ ਇਸ ਗੱਲ ਦਾ ਦੁੱਖ ਹੈ ਕਿ ਤੁਸੀਂ ਇਸ ਸਕੂਲ ਵਿੱਚ ਖਿੜੇ ਹੋਏ ਫੁੱਲਾਂ ਨੂੰ ਤੋੜ ਕੇ ਚੰਗਾ ਨਹੀਂ ਕੀਤਾ। ਖਿੜੇ ਫੁੱਲਾਂ ਨਾਲ ਹੀ ਸਕੂਲ ਵਿੱਚ ਖੁਸ਼ਹਾਲੀ ਨਜ਼ਰ ਆਉਂਦੀ ਸੀ ਪਰ ਹੁਣ ਸਕੂਲ ਉਜਾੜ ਲੱਗਦਾ ਹੈ। ਅਜਿਹੀ ਗ਼ਲਤੀ ਦੁਬਾਰਾ ਨਾ ਕਰਿਓ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹੁਣ ਇਸ ਸਕੂਲ ਨੂੰ ਛੱਡ ਕੇ ਛੇਵੀਂ ਜਮਾਤ ਵਿੱਚ ਵੱਡੇ ਸਕੂਲ ਵਿੱਚ ਚਲੇ ਜਾਣਾ ਅਤੇ ਅੱਜ ਤੁਹਾਡਾ ਤੇ ਮੇਰਾ ਇਸ ਸਕੂਲ ਵਿੱਚ ਆਖ਼ਰੀ ਦਿਨ ਹੈ ਕਿਉਂਕਿ ਅੱਜ 31 ਮਾਰਚ ਨੂੰ ਮੈਂ ਅਠਵੰਜਾ ਸਾਲਾਂ ਦਾ ਹੋ ਗਿਆ ਹਾਂ ਅਤੇ ਅੱਜ ਮੇਰੀ ਵੀ ਸੇਵਾਮੁਕਤੀ ਹੈ।’’ ਉਨ੍ਹਾਂ ਦੇ ਇਹ ਕਹਿੰਦਿਆਂ ਹੀ ਦੂਜੇ ਅਧਿਆਪਕਾਂ ਅਤੇ ਸਕੂਲਾਂ ਤੋਂ ਆਏ ਉਨ੍ਹਾਂ ਦੇ ਦੋਸਤ ਅਧਿਆਪਕਾਂ ਅਤੇ ਪਿੰਡ ਦੇ ਪਤਵੰਤਿਆਂ ਤੇ ਮਾਪਿਆਂ ਨੇ ਸਨਮਾਨ ਵਜੋਂ ਉਨ੍ਹਾਂ ਨੂੰ ਸਿਰੋਪਿਆਂ ਨਾਲ ਲੱਦ ਦਿੱਤਾ। ਬੇਸ਼ੱਕ ਵਿਦਿਆਰਥੀ ਤਾੜੀਆਂ ਵੀ ਮਾਰ ਰਹੇ ਸਨ, ਪਰ ਸਾਰਿਆਂ ਦੇ ਚਿਹਰਿਆਂ ’ਤੇ ਉਦਾਸੀ ਛਾਈ ਹੋਈ ਸੀ। ਅੱਜ ਗਿਆਨੀ ਜੀ ਸਕੂਲ ਤੋਂ ਵਿਦਾ ਹੋ ਕੇ ਜਾ ਰਹੇ ਸਨ। ਅਖੀਰ ਵਿੱਚ ਗਿਆਨੀ ਜੀ ਨੇ ਕਰਮੇ ਨੂੰ ਆਪਣੇ ਕੋਲ ਬੁਲਾ ਕੇ ਗਲਵੱਕੜੀ ਵਿੱਚ ਲੈ ਕੇ ਕਿਹਾ, “ਸ਼ਾਬਾਸ਼ ਕਰਮੇ! ਤੂੰ ਮੇਰੀ ਨਸੀਹਤ ਨੂੰ ਮੰਨ ਕੇ ਮਿਹਨਤ ਕੀਤੀ ਅਤੇ ਪਾਸ ਹੋ ਗਿਆ। ਹੁਣ ਅੱਗੇ ਵੀ ਇਸੇ ਤਰ੍ਹਾਂ ਹੀ ਮਿਹਨਤ ਕਰੀਂ।’’ ਕਰਮਾ ਵਿਚਾਰਾ ਚੁੱਪ-ਚਾਪ ਖੜ੍ਹਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਗਲੇਡੂ ਭਰੇ ਹੋਏ ਸਨ। ਹੌਲੀ-ਹੌਲੀ ਉਹ ਭੁੱਬਾਂ ਮਾਰ ਕੇ ਰੋਣ ਲੱਗ ਪਿਆ, ਸਾਰੀ ਜਮਾਤ ਕਰਮੇ ਨੂੰ ਚੁੱਪ ਕਰਵਾਉਣ ਲੱਗੀ। ਮਾਸਟਰ ਜੀ ਦੇ ਜਾਣ ਦਾ ਸ਼ਾਇਦ ਕਰਮੇ ਨੂੰ ਸਭ ਤੋਂ ਵੱਧ ਦੁੱਖ ਸੀ। ਸਾਰੇ ਜਦੋਂ ਗਿਆਨੀ ਜੀ ਨੂੰ ਸਕੂਲ ਦੇ ਗੇਟ ’ਤੇ ਵਿਦਾ ਕਰ ਰਹੇ ਸਨ ਤਾਂ ਸਾਰਿਆਂ ਦੇ ਚਿਹਰੇ ਮੁਰਝਾਏ ਹੋਏ ਸਨ ਅਤੇ ਕਈਆਂ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਰਹੇ ਸਨ। ਇਹ ਦੇਖ ਕੇ ਗਿਆਨੀ ਜੀ ਕਹਿਣ ਲੱਗੇ, ‘‘ਕਮਲਿਓ! ਮੈਂ ਇਸ ਸਕੂਲ ਵਿੱਚ ਕਈ ਦਹਾਕੇ ਬਿਤਾਏ ਹਨ। ਇੱਕ ਦਿਨ ਤਾਂ ਇੱਥੋਂ ਜਾਣਾ ਹੀ ਹੈ। ਵਾਰਸ ਸ਼ਾਹ ਨੇ ਕਿਹਾ ਹੈ, ‘ਵਾਰਸ ਸ਼ਾਹ ਇਹ ਸਾਕ ਨੇ ਉਮਰਾਂ ਦੇ ਇੱਥੇ ਆਲ੍ਹਣਾ ਕਿਸੇ ਨਹੀਂ ਪਾਇਆ ਏ।’ ਕਹਿ ਕੇ ਗਿਆਨੀ ਜੀ ਸਾਰਿਆਂ ਨੂੰ ਅਲਵਿਦਾ ਕਹਿੰਦੇ ਹੋਏ ਆਪਣੇ ਸਾਈਕਲ ਦੇ ਪੈਡਲ ਮਾਰਦੇ ਆਪਣੇ ਪਿੰਡ ਵੱਲ ਨੂੰ ਚੱਲ ਪਏ।
ਸੰਪਰਕ: 75289-26135

