ਤਫ਼ਰਕੇ ਮਿਟਾਉਣ ਤੋਂ ਕੰਧ ਕੱਢਣ ਤੱਕ
ਆਪਣੇ ਬਚਪਨ ਦੀਆਂ ਯਾਦਾਂ ਹਰ ਕਿਸੇ ਨੂੰ ਪਿਆਰੀਆਂ ਹੁੰਦੀਆਂ ਹਨ। ਜ਼ਿੰਦਗੀ ਦੇ ਕਈ ਸਾਲ ਬੀਤਣ ਮਗਰੋਂ ਆਪਣੀ ਜ਼ਿੰਦਗੀ ’ਚ ਰੁੱਝੇ ਹੋਣ ਦੇ ਬਾਵਜੂਦ ਬਾਲਪਣ ਵੇਲੇ ਦੇਖੀਆਂ ਰਾਹਵਾਂ ਤੇ ਥਾਵਾਂ ਕਦੇ ਨਹੀਂ ਭੁੱਲਦੀਆਂ। ਮੇਰਾ ਬਚਪਨ ਮਾਲਵੇ ਇਲਾਕੇ ਦੇ ਸ਼ਹਿਰ ਬਠਿੰਡੇ ’ਚ...
ਆਪਣੇ ਬਚਪਨ ਦੀਆਂ ਯਾਦਾਂ ਹਰ ਕਿਸੇ ਨੂੰ ਪਿਆਰੀਆਂ ਹੁੰਦੀਆਂ ਹਨ। ਜ਼ਿੰਦਗੀ ਦੇ ਕਈ ਸਾਲ ਬੀਤਣ ਮਗਰੋਂ ਆਪਣੀ ਜ਼ਿੰਦਗੀ ’ਚ ਰੁੱਝੇ ਹੋਣ ਦੇ ਬਾਵਜੂਦ ਬਾਲਪਣ ਵੇਲੇ ਦੇਖੀਆਂ ਰਾਹਵਾਂ ਤੇ ਥਾਵਾਂ ਕਦੇ ਨਹੀਂ ਭੁੱਲਦੀਆਂ। ਮੇਰਾ ਬਚਪਨ ਮਾਲਵੇ ਇਲਾਕੇ ਦੇ ਸ਼ਹਿਰ ਬਠਿੰਡੇ ’ਚ ਬੀਤਿਆ। ਮਾਪੇ ਜਿੱਥੇ ਵੀ ਜਾਂਦੇ, ਮੈਨੂੰ ਨਾਲ ਲੈ ਜਾਂਦੇ। ਕਿਸੇ ਦਿਨ ਕਿਲ੍ਹੇ ਵਾਲੇ ਗੁਰਦੁਆਰੇ ਜਾਣਾ ਤਾਂ ਵੀ ਅਸੀਂ ਬੱਚਿਆਂ ਨੇ ਨਾਲ ਹੀ ਹੋਣਾ। ਜਦੋਂ ਦੀ ਸੁਰਤ ਸੰਭਲੀ ਹੈ, ਉਦੋਂ ਤੋਂ ਕਿਲ੍ਹੇ ਤੇ ਗੁਰਦੁਆਰੇ ਦੇ ਇਤਿਹਾਸ ਬਾਰੇ ਸੁਣਦੇ ਆਏ ਹਾਂ। ਦਰਅਸਲ, ਇਹ ਗੁਰਦੁਆਰਾ ਸ਼ਹਿਰ ਦੇ ਲਗਭਗ ਦੋ ਹਜ਼ਾਰ ਸਾਲ ਪੁਰਾਣੇ ਕਿਲ੍ਹੇ ਵਿੱਚ ਹੋਣ ਕਾਰਨ ਲੋਕ ਇਸ ਨੂੰ ਕਿਲ੍ਹੇ ਵਾਲਾ ਗੁਰਦੁਆਰਾ ਆਖਦੇ ਹਨ। ਹੁਣ ਕਿਲ੍ਹਾ ਮੁਬਾਰਕ ਵਜੋਂ ਜਾਣੇ ਜਾਂਦੇ ਇਸ ਇਤਿਹਾਸਕ ਕਿਲ੍ਹੇ ਵਿੱਚ ਇੱਕ ਨਹੀਂ ਸਗੋਂ ਦੋ ਗੁਰਦੁਆਰੇ ਹਨ। ਇੱਕ ਗੁਰਦੁਆਰਾ ਨਵਾਂ ਹੈ, ਜਿੱਥੇ ਸੰਗਤ ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੀ ਹੈ। ਕਹਿੰਦੇ ਹਨ ਕਿ ਇਹ ਗੁਰਦੁਆਰਾ ਉਸ ਥਾਂ ਤਾਮੀਰ ਹੋਇਆ ਹੈ, ਜਿੱਥੇ ਕਦੇ ਰਾਜਿਆਂ ਮਹਾਰਾਜਿਆਂ ਦੀਆਂ ਫ਼ੌਜਾਂ ਪਰੇਡ ਕਰਦੀਆਂ ਸਨ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ’ਚ ਬਣੇ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਨੂੰ 1988 ’ਚ ਆਏ ਹੜ੍ਹਾਂ ਵੇਲੇ ਭਾਰੀ ਨੁਕਸਾਨ ਪੁੱਜਾ ਸੀ। ਇਸ ਲਈ ਇਹ ਇਮਾਰਤ ਅਸੁਰੱਖਿਅਤ ਐਲਾਨ ਦਿੱਤੀ ਗਈ ਤੇ ਨਵਾਂ ਗੁਰਦੁਆਰਾ ਉਸਾਰਿਆ ਗਿਆ। ਹੁਣ ਵਿਰਲੇ ਟਾਵੇਂ ਲੋਕ ਹੀ ਪੁਰਾਣੇ ਗੁਰਦੁਆਰੇ ਜਾਂਦੇ ਹਨ, ਜਿਸ ਦੀ ਇਮਾਰਤ ਵਿੱਚ ਹੁਣ ਸ਼ਸਤਰ ਸੁਸ਼ੋਭਿਤ ਹਨ।
ਸ਼ਾਇਦ ਤੁਸੀਂ ਸੋਚੋਗੇ ਕਿ ਸੰਨ 1835 ਦੇ ਕਰੀਬ ਉਸਾਰੇ ਗਏ ਇਸ ਗੁਰਦੁਆਰੇ ਦਾ ਦਸਮ ਪਾਤਸ਼ਾਹ ਨਾਲ ਕੀ ਸਬੰਧ ਹੈ? ਦਰਅਸਲ, ਗੁਰੂ ਗੋਬਿੰਦ ਸਿੰਘ ਜੀ 21 ਜੂਨ 1706 ਨੂੰ ਪਿੰਡ ਭੁੱਚੋ ਅਤੇ ਪਿੰਡ ਭਾਗੂ ਹੁੰਦੇ ਹੋਏ ਬਠਿੰਡੇ ਪੁੱਜੇ ਸਨ। ਕਈ ਹਵਾਲਿਆਂ ਮੁਤਾਬਿਕ ਗੁਰੂ ਸਾਹਿਬ ਨੇ ਹਾਜੀ ਰਤਨ ਨਾਲ ਬਚਨ ਬਿਲਾਸ ਕੀਤੇ। ਸ਼ਹਿਰ ਦੀ ਸੰਗਤ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਕਿਲ੍ਹਾ ਮੁਬਾਰਕ ’ਚ ਚਰਨ ਪਾਉਣ ਦੀ ਬੇਨਤੀ ਕੀਤੀ। ਇਉਂ ਸੰਗਤ ਦੀ ਅਰਜ਼ੋਈ ’ਤੇ ਦਸਵੇਂ ਗੁਰੂ ਉੱਥੇ ਆਏ ਅਤੇ ਕੋਈ ਇੱਕ ਸਦੀ ਤੋਂ ਵੀ ਵੱਧ ਸਮੇਂ ਮਗਰੋਂ ਇੱਥੇ ਗੁਰੂ ਸਾਹਿਬ ਦੀ ਯਾਦ ’ਚ ਇਹ ਗੁਰਦੁਆਰਾ ਬਣਵਾਇਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਰਤਨ ਨਾਂ ਦੇ ਜਿਸ ਹਾਜੀ (ਹੱਜ ਕਰਨ ਵਾਲਾ) ਨਾਲ ਸੰਵਾਦ ਕੀਤਾ ਸੀ, ਉਸ ਦੀ ਦਰਗਾਹ ਸ਼ਹਿਰ ਦੀ ਦਾਣਾ ਮੰਡੀ ਨੇੜੇ ਸਥਿਤ ਹੈ। ਇਸ ਦੇ ਨਾਲ ਹੀ ਗੁਰਦੁਆਰਾ ਹਾਜੀ ਰਤਨ ਸਾਹਿਬ ਵੀ ਮੌਜੂਦ ਹੈ।
ਭਾਸ਼ਾ ਵਿਭਾਗ ਦੇ ‘ਪੰਜਾਬ ਕੋਸ਼ ਜਿਲਦ ਪਹਿਲੀ’ ਮੁਤਾਬਿਕ ਚੌਰੰਗੀ ਨਾਥ ਤੋਂ ਮਗਰੋਂ ਉੱਤਰੀ ਭਾਰਤ ਵਿੱਚ ਹਾਜੀ ਰਤਨ ਇੱਕ ਪ੍ਰਸਿੱਧ ਨਾਥ ਹੋਇਆ ਹੈ, ਜੋ ਅਫ਼ਗ਼ਾਨਿਸਤਾਨ ਵਿੱਚ ਹਾਜੀ ਰਤਨ, ਬਾਬਾ ਰਤਨ ਅਤੇ ਰਤਨ ਪੀਰ ਤਿੰਨ ਨਾਵਾਂ ਨਾਲ ਪ੍ਰਸਿੱਧ ਹੈ। ਇਸ ਦਾ ਜਨਮ ਬਠਿੰਡੇ ਵਿਖੇ ਹੋਇਆ। ਸ੍ਰੀ ਨਰਿੰਦਰ ਧੀਰ ਇਸ ਦਾ ਸਮਾਂ 1000 ਤੋਂ 1200 ਈਸਵੀ ਦੇ ਵਿਚਕਾਰ ਤੇ ਪੰਡਿਤ ਕਰਤਾਰ ਸਿੰਘ ਦਾਖਾ 875 ਤੋਂ 1632 ਈਸਵੀ ਮੰਨਦੇ ਹਨ। ਡਾ. ਮੋਹਨ ਸਿੰਘ ਦੀਵਾਨਾ ਇਸ ਦੀ ਉਮਰ 500 ਵਰ੍ਹੇ ਮੰਨਦੇ ਹਨ। ਇਸ ਨੇ ਬਗ਼ਦਾਦ ਦੇ ਖਲੀਫ਼ੇ ਕੋਲੋਂ ਇਸਲਾਮ ਗ੍ਰਹਿਣ ਕੀਤਾ ਅਤੇ ਹੱਜ ਕਰਨ ਕਰ ਕੇ ਹਾਜੀ ਰਤਨ ਵਜੋਂ ਪ੍ਰਸਿੱਧ ਹੋਇਆ। ਸੰਤ ਵਿਸਾਖਾ ਸਿੰਘ ਅਨੁਸਾਰ ਇਸ ਨੇ ਬਠਿੰਡੇ ਕੋਲ ਆਪਣੀ ਦਰਗਾਹ 900 ਈਸਵੀ ਦੇ ਲਗਭਗ ਬਣਵਾਈ। ਇੱਕ ਵਿਚਾਰ ਇਹ ਵੀ ਹੈ ਕਿ ਇਸ ਨੇ ਜੋਗੀਆਂ ਦੇ ਗੁਰੂ ਗੋਰਖ ਨਾਥ ਜਾਂ ਮਛੰਦਰ ਨਾਥ ਤੋਂ ਯੋਗ ਲਿਆ। ਇਸ ਨੂੰ ਕਈ ਲੇਖਕ ਸੂਫ਼ੀ ਵੀ ਮੰਨਦੇ ਹਨ। ਇਸ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਮੰਨਦੇ ਸਨ।
ਖ਼ੈਰ, ਬਚਪਨ ਵੇਲੇ ਮਾਪੇ ਮੈਨੂੰ ਗੁਰਦੁਆਰਾ ਹਾਜੀ ਰਤਨ ਵੀ ਲੈ ਕੇ ਜਾਂਦੇ ਸਨ। ਮਾਂ ਨੇ ਮੈਨੂੰ ਦੱਸਿਆ ਸੀ ਕਿ ਪਹਿਲੀ ਵਾਰ ਉਹ ਮੈਨੂੰ ਮੱਸਿਆ ਦੇ ਮੇਲੇ ’ਤੇ ਇਸ ਗੁਰਦੁਆਰੇ ਲੈ ਕੇ ਗਏ ਸਨ। ਮੈਂ ਉਦੋਂ ਹਾਲੇ ਬੋਲਣਾ ਸਿੱਖੀ ਹੀ ਸਾਂ। ਉਨ੍ਹਾਂ ਮੈਨੂੰ ਉਥੋਂ ਕੜਾ ਵੀ ਲੈ ਕੇ ਦਿੱਤਾ ਸੀ। ਜਦੋਂ ਕਿਸੇ ਨੇ ਮੈਨੂੰ ਪੁੱਛਣਾ ਕਿ ਕੜਾ ਕਿੱਥੋਂ ਲਿਆ ਹੈ ਤਾਂ ਮੈਂ ਤੋਤਲੀ ਜ਼ੁਬਾਨ ’ਚ ਆਖਣਾ ‘ਹਾਜੀ ਲਤਨ ਤੋਂ’। ਦਿਲਚਸਪ ਗੱਲ ਇਹ ਹੈ ਕਿ ਇਸੇ ਦਰਗਾਹ ਕੰਪਲੈਕਸ ਵਿੱਚ ‘ਚਿੱਲਾ ਬਾਬਾ ਫ਼ਰੀਦ ਜੀ’ ਵੀ ਮੌਜੂਦ ਹੈ, ਉਹੀ ਬਾਬਾ ਫ਼ਰੀਦ ਜਿਨ੍ਹਾਂ ਦੀ ਰਚੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ ਹੈ। ਉਦੋਂ ਤੋਂ ਲੈ ਕੇ ਕਿਲ੍ਹੇ ਵਾਲਾ ਗੁਰਦੁਆਰਾ ਤੇ ਗੁਰਦੁਆਰਾ ਹਾਜੀ ਰਤਨ ਮੇਰੇ ਮਨ ’ਚ ਵੱਸੇ ਹੋਏ ਹਨ। ਨਾਲ ਹੀ ਮਨ ’ਚ ਵੱਸੀ ਹੋਈ ਹੈ ਗੁਰਦੁਆਰੇ ਦੇ ਐਨ ਨਾਲ ਸਥਿਤ ਹਾਜੀ ਰਤਨ ਦੀ ਦਰਗਾਹ। ਆਪਣਾ ਸ਼ਹਿਰ ਛੱਡਿਆਂ ਮੈਨੂੰ ਲਗਭਗ ਦੋ ਦਹਾਕੇ ਹੋ ਗਏ ਹਨ। ਹੁਣ ਜਦੋਂ ਵੀ ਕਦੇ ਬਠਿੰਡੇ ਜਾਂਦੀ ਹਾਂ ਤਾਂ ਮਿਲਿਆ ਬੱਝਵਾਂ ਸਮਾਂ ਪੇਕੇ ਘਰ ’ਚ ਹੀ ਗੁਜ਼ਰਦਾ ਹੈ, ਪਰ ਇਸ ਵਾਰ ਉੱਥੇ ਗਈ ਤਾਂ ਇਨ੍ਹਾਂ ਦੋਵੇਂ ਥਾਵਾਂ ’ਤੇ ਵੀ ਜਾ ਕੇ ਆਈ। ਪਹਿਲਾਂ ਕਿਲ੍ਹੇ ਤੇ ਕਿਲ੍ਹੇ ਵਾਲੇ ਗੁਰਦੁਆਰੇ ਗਈ ਅਤੇ ਫਿਰ ਗੁਰਦੁਆਰਾ ਹਾਜੀ ਰਤਨ। ਅੱਖਾਂ ਅੱਗੇ ਬਚਪਨ ਦੇ ਉਹੀ ਦ੍ਰਿਸ਼ ਸਾਕਾਰ ਹੋ ਰਹੇ ਸਨ ਜਦੋਂ ਮਾਪਿਆਂ ਦੀ ਉਂਗਲ ਫੜ ਕੇ ਚਾਅ ਤੇ ਉਤਸੁਕਤਾ ਨਾਲ ਹਰ ਪਾਸੇ ਦੇਖੀਦਾ ਸੀ। ਇਸ ਵਾਰ ਵੀ ਹਰ ਪਾਸੇ ਉਸੇ ਚਾਅ ਨਾਲ ਦੇਖਦੀ ਜਾ ਰਹੀ ਸੀ, ਪਰ ਇਹ ਕੀ? ਅੱਖਾਂ ’ਤੇ ਯਕੀਨ ਨਾ ਹੋਇਆ, ਗੁਰਦੁਆਰਾ ਹਾਜੀ ਰਤਨ ਅਤੇ ਦਰਗਾਹ ਦਰਮਿਆਨ ਕੰਧ ਉਸਰੀ ਹੋਈ ਸੀ! ਮੇਰੇ ਬਚਪਨ ਵੇਲੇ ਤਾਂ ਗੁਰਦੁਆਰੇ ਤੇ ਦਰਗਾਹ ਦਰਮਿਆਨ ਕੋਈ ਵਖਰੇਵਾਂ ਨਹੀਂ ਸੀ ਦਿਸਦਾ।
ਬਾਬਾ ਨਾਨਕ ਵੱਲੋਂ ਸਿੱਧਾਂ ਨਾਲ ਗੋਸ਼ਟਿ ਅਤੇ ਮੁਲਤਾਨ ਦੇ ਪੀਰਾਂ ਨਾਲ ਸੰਵਾਦ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹਾਜੀ ਰਤਨ ਨਾਲ ਕੀਤੇ ਬਚਨ ਬਿਲਾਸ ਤੱਕ ਸਾਡੀ ਰਵਾਇਤ ਤਾਂ ਸਭ ਤਫ਼ਰਕੇ ਮਿਟਾ ਕੇ, ਸਭ ਕੰਧਾਂ ਢਾਹੁਣ ਵਾਲੀ ਹੈ। ਪੰਜਾਬ ਦੀ ਲੋਕਧਾਰਾ ਵਿੱਚ ਵੀ ਪੰਜ ਪੀਰ, ਪੰਜ ਪਿਆਰੇ ਤੇ ਪੰਜ ਦਰਿਆ ਸਾਡੇ ਸਭ ਦੇ ਸਾਂਝੇ ਹਨ। ਫਿਰ ਸਾਡੀ ਸਾਂਝੀ ਵਿਰਾਸਤ ’ਚ ਇਹ ਕੰਧ ਕਿਸ ਨੇ, ਕਦੋਂ ਤੇ ਕਿਉਂ ਕੱਢ ਦਿੱਤੀ? ਮੈਂ ਖ਼ੁਦ ਨੂੰ ਸੁਆਲ ਕੀਤਾ ਕਿ ਕਿਤੇ ਅਸੀਂ ਆਪਣੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਵੱਲ ਹੀ ਤਾਂ ਕੰਧ ਨਹੀਂ ਕੱਢ ਲਈ?

