DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਜ਼ਾਦੀ ਦੇ ਪਰਵਾਨੇ ਅਤੇ ਅਖ਼ਬਾਰ ਜਗਤ

ਉੱਘੇ ਦੇਸ਼ਭਗਤਾਂ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਦੀ ਸ਼ਾਮ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਦਿੱਤੀ ਗਈ ਫਾਂਸੀ ਉਸ ਸਮੇਂ ਦੀ ਉਹ ਇਤਿਹਾਸਕ ਘਟਨਾ ਸੀ, ਜਿਸ ਦੀ ਕਵਰੇਜ ਨਾ ਕੇਵਲ ਭਾਰਤੀ ਅਖ਼ਬਾਰਾਂ ਵਿੱਚ ਸਗੋਂ ਵਿਦੇਸ਼ੀ...

  • fb
  • twitter
  • whatsapp
  • whatsapp
Advertisement

ਉੱਘੇ ਦੇਸ਼ਭਗਤਾਂ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਦੀ ਸ਼ਾਮ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਦਿੱਤੀ ਗਈ ਫਾਂਸੀ ਉਸ ਸਮੇਂ ਦੀ ਉਹ ਇਤਿਹਾਸਕ ਘਟਨਾ ਸੀ, ਜਿਸ ਦੀ ਕਵਰੇਜ ਨਾ ਕੇਵਲ ਭਾਰਤੀ ਅਖ਼ਬਾਰਾਂ ਵਿੱਚ ਸਗੋਂ ਵਿਦੇਸ਼ੀ ਅਖ਼ਬਾਰਾਂ ਵਿੱਚ ਵੀ ਵਿਆਪਕ ਪੱਧਰ ’ਤੇ ਹੋਈ। ਇਸ ਕਵਰੇਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਜ਼ਾਦੀ ਦੇ ਪਰਵਾਨਿਆਂ ਪ੍ਰਤੀ ਕਿਸ ਅਖ਼ਬਾਰ ਦੀ ਸੋਚ ਕਿਹੋ ਜਿਹੀ ਸੀ।

ਉਸ ਸਮੇਂ ਭਾਰਤੀ ਅਖ਼ਬਾਰ ਜਗਤ ਵਿੱਚ ਵੱਖ ਵੱਖ ਅਖ਼ਬਾਰਾਂ ਦੀ ਭਾਸ਼ਾ, ਸਿਰਲੇਖ ਅਤੇ ਰਿਪੋਰਟਿੰਗ ਦੇ ਅੰਦਾਜ਼ ਵਿੱਚ ਸਪੱਸ਼ਟ ਅੰਤਰ ਵੇਖਣ ਨੂੰ ਮਿਲਦਾ ਹੈ।

Advertisement

ਉਸ ਦੌਰ ਵਿੱਚ ‘ਦਿ ਟ੍ਰਿਬਿਊਨ’ ਅਖ਼ਬਾਰ ਨੇ ਇਸ ਸ਼ਹਾਦਤ ਨੂੰ ਇੱਕ ‘ਕੌਮੀ ਦੁਖਾਂਤ’ ਵਜੋਂ ਪੇਸ਼ ਕੀਤਾ। ਅਖ਼ਬਾਰ ਨੇ ਆਪਣੇ 25 ਮਾਰਚ 1931 ਦੇ ਅੰਕ ਵਿੱਚ ਪਹਿਲੇ ਪੰਨੇ ਦੇ ਸਭ ਤੋਂ ਉੱਪਰ ਵੱਡੇ ਅੱਖਰਾਂ ਵਿੱਚ ਸ਼ਹੀਦਾਂ ਦੇ ਨਾਂ ਸਤਿਕਾਰ ਸਹਿਤ ਲਿਖਦਿਆਂ ਖ਼ਬਰ ਦਿੱਤੀ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ। ਉਸ ਸਮੇਂ ਅੰਗਰੇਜ਼ਾਂ ਦੀ ਸਖ਼ਤ ਸੈਂਸਰਸ਼ਿਪ ਸੀ, ਫਿਰ ਵੀ ‘ਦਿ ਟ੍ਰਿਬਿਊਨ’ ਨੇ ਬਿਨਾਂ ਡਰੇ ਸੱਚ ਛਾਪਿਆ। ਅਖ਼ਬਾਰ ਨੇ ਲਿਖਿਆ- ‘‘ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀਆਂ ਲਾਸ਼ਾਂ ਪਰਿਵਾਰ ਨੂੰ ਨਹੀਂ ਦਿੱਤੀਆਂ ਗਈਆਂ। ਰਿਪੋਰਟਾਂ ਅਨੁਸਾਰ, ਲਾਸ਼ਾਂ ਨੂੰ ਚੁੱਪਚਾਪ ਲਾਰੀਆਂ ਵਿੱਚ ਜੇਲ੍ਹ ਤੋਂ ਬਾਹਰ ਲਿਜਾ ਕੇ ਫਿਰੋਜ਼ਪੁਰ ਨੇੜੇ ਸਤਲੁਜ ਦਰਿਆ ਦੇ ਕੰਢੇ ਲਿਜਾਇਆ ਗਿਆ।’’

Advertisement

‘ਦਿ ਟ੍ਰਿਬਿਊਨ’ ਨੇ ‘ਸੀਕ੍ਰੇਟਲੀ’ ਅਤੇ ‘ਕੋਈ ਆਖ਼ਰੀ ਮੁਲਾਕਾਤ ਨਹੀਂ’ ਵਰਗੇ ਸ਼ਬਦ ਵਰਤ ਕੇ ਸਿਸਟਮ ਦੀਆਂ ਖ਼ਾਮੀਆਂ ਨੂੰ ਉਜਾਗਰ ਕੀਤਾ। ਅਖ਼ਬਾਰ ਨੇ ਜੇਲ੍ਹ ਅੰਦਰੋਂ ਗੂੰਜੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਦਾ ਵੀ ਨਿਡਰਤਾ ਨਾਲ ਜ਼ਿਕਰ ਕੀਤਾ।

ਦੂਜੇ ਪਾਸੇ ‘ਟਾਈਮਜ਼ ਔਫ ਇੰਡੀਆ’ ਦੀ ਸੁਰਖ਼ੀ ਸੀ: “ਸਾਂਡਰਸ ਦੇ ਕਾਤਲਾਂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ”। ਉਪ ਸੁਰਖ਼ੀਆਂ ਲਾਈਆਂ ਗਈਆਂ: “ਭਗਤ ਸਿੰਘ ਅਤੇ ਉਸ ਦੇ ਦੋ ਸਾਥੀ ਕੈਦੀਆਂ ਨੂੰ ਬਚਾਉਣ ਦੇ ਯਤਨ”, “ਲਾਹੌਰ ਹਾਈ ਕੋਰਟ ਨੇ ‘ਹੈਬੀਅਸ ਕਾਰਪਸ’ ਅਤੇ ਪ੍ਰਿਵੀ ਕੌਂਸਲ ਵਿੱਚ ਅਪੀਲ ਕਰਨ ਦੀਆਂ ਅਰਜ਼ੀਆਂ ਰੱਦ ਕੀਤੀਆਂ”।‌ ਅਖ਼ਬਾਰ ਨੇ ਅੰਗਰੇਜ਼ਾਂ ਵੱਲੋਂ ਕੀਤੀ ਗਈ ਬੇਹੁਰਮਤੀ ਜਾਂ ਗ਼ੈਰ-ਕਾਨੂੰਨੀ ਤਰੀਕੇ ਨਾਲ ਪਿਛਲੀ ਕੰਧ ਤੋੜਨ ਵਰਗੇ ਤੱਥਾਂ ਦਾ ਜ਼ਿਕਰ ਨਹੀਂ ਕੀਤਾ।

‘ਹਿੰਦੋਸਤਾਨ ਟਾਈਮਜ਼’ ਅਖ਼ਬਾਰ ਨੇ ਫਾਂਸੀ ਦੀ ਖ਼ਬਰ ਨੂੰ ਤੱਥਾਤਮਕ ਢੰਗ ਨਾਲ ਪੇਸ਼ ਕਰਦਿਆਂ ਨਾਲ ਹੀ ਜਨਤਾ ਦੀ ਪ੍ਰਤੀਕਿਰਿਆ ਨੂੰ ਵੀ ਉਭਾਰਿਆ। ਰਿਪੋਰਟਾਂ ਵਿੱਚ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੇ ਇਕੱਠ, ਦੁਕਾਨਾਂ ਦੇ ਬੰਦ ਰਹਿਣ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਕੁਝ ਰਿਪੋਰਟਾਂ ਵਿੱਚ ਇਹ ਵੀ ਦਰਸਾਇਆ ਗਿਆ ਕਿ ਇਹ ਘਟਨਾ ਗਾਂਧੀ-ਇਰਵਿਨ ਸਮਝੌਤੇ ਦੇ ਤਾਜ਼ਾ ਸਿਆਸੀ ਮਾਹੌਲ ਵਿਰੁੱਧ ਇੱਕ ਵੱਡਾ ਝਟਕਾ ਸੀ।

ਭਾਰਤੀ ਭਾਸ਼ਾਵਾਂ ਦੇ ਅਖ਼ਬਾਰਾਂ ਵਿੱਚ ਰਿਪੋਰਟਿੰਗ ਹੋਰ ਵਧੇਰੇ ਭਾਵਨਾਤਮਕ ਅਤੇ ਰਾਸ਼ਟਰਵਾਦੀ ਰੁਖ਼ ਵਾਲੀ ਦਿਖਾਈ ਦਿੰਦੀ ਹੈ। ਅੰਗਰੇਜ਼ੀ ਸੈਂਸਰਸ਼ਿਪ ਦੀ ਪਰਵਾਹ ਕੀਤੇ ਬਿਨਾਂ ਸ਼ਹੀਦਾਂ ਨੂੰ ‘ਕੌਮੀ ਨਾਇਕ’ ਵਜੋਂ ਪੇਸ਼ ਕੀਤਾ ਗਿਆ। ਉਸ ਵੇਲੇ ਪੰਜਾਬੀ ਅਖ਼ਬਾਰ ‘ਅਕਾਲੀ’ ਅਤੇ ਹੋਰ ਖੇਤਰੀ ਪੱਤਰਾਂ ਨੇ ਇਸ ਘਟਨਾ ਨੂੰ ‘ਸ਼ਹਾਦਤ’ ਦੇ ਤੌਰ ’ਤੇ ਦਰਸਾਇਆ ਅਤੇ ਸਿਰਲੇਖਾਂ ਵਿੱਚ ਇਸ ਦੀ ਗੰਭੀਰਤਾ ਤੇ ਜਜ਼ਬਾਤੀ ਪ੍ਰਭਾਵ ਨੂੰ ਉਭਾਰਿਆ। ਕਈ ਪੱਤਰਾਂ ਵਿੱਚ ਸੰਪਾਦਕੀ ਲੇਖਾਂ ਰਾਹੀਂ ਇਸ ਫਾਂਸੀ ਦੀ ਆਲੋਚਨਾ ਕੀਤੀ ਗਈ ਅਤੇ ਇਸ ਨੂੰ ਆਜ਼ਾਦੀ ਦੀ ਲਹਿਰ ਵਿੱਚ ਇੱਕ ਨਵਾਂ ਮੋੜ ਕਰਾਰ ਦਿੱਤਾ ਗਿਆ। ‘ਅਕਾਲੀ’ ਨੇ ਆਪਣੇ ਪੰਨਿਆਂ ’ਤੇ ਕਾਲੇ ਹਾਸ਼ੀਏ ਲਗਾਏ ਅਤੇ ਸੰਪਾਦਕੀ ਵਿੱਚ ਲਿਖਿਆ ਕਿ ਇਹ ਫਾਂਸੀ ਅੰਗਰੇਜ਼ੀ ਰਾਜ ਦੇ ਤਾਬੂਤ ਵਿੱਚ ਆਖ਼ਰੀ ਕਿੱਲ ਸਾਬਿਤ ਹੋਵੇਗੀ।

ਹਿੰਦੀ ਅਤੇ ਉਰਦੂ ਪ੍ਰੈੱਸ ਵਿੱਚ ਵੀ ਇਹੀ ਰੁਝਾਨ ਵੇਖਣ ਨੂੰ ਮਿਲਦਾ ਹੈ। ਗਣੇਸ਼ ਸ਼ੰਕਰ ਵਿਦਿਆਰਥੀ ਦੁਆਰਾ ਸੰਪਾਦਿਤ ਅਤੇ ਕਾਨਪੁਰ ਤੋਂ ਪ੍ਰਕਾਸ਼ਿਤ ਹਿੰਦੀ ਅਖ਼ਬਾਰ ‘ਪ੍ਰਤਾਪ’ ਅਤੇ ਦਿੱਲੀ ਦੇ ‘ਅਰਜੁਨ’ ਵਰਗੇ ਅਖ਼ਬਾਰਾਂ ਨੇ ਇਸ ਘਟਨਾ ਨੂੰ ਬਲੀਦਾਨ ਅਤੇ ਕੁਰਬਾਨੀ ਦੇ ਰੂਪ ਵਿੱਚ ਪੇਸ਼ ਕੀਤਾ। ਇਨ੍ਹਾਂ ਰਿਪੋਰਟਾਂ ਵਿੱਚ ਫਾਂਸੀ ਦੇ ਸਮੇਂ ਵਿੱਚ ਕੀਤੀ ਗਈ ਤਬਦੀਲੀ ਅਤੇ ਪ੍ਰਸ਼ਾਸਨਿਕ ਗੁਪਤਤਾ ਵਰਗੇ ਮਾਮਲਿਆਂ ਨੂੰ ਵੀ ਉਜਾਗਰ ਕੀਤਾ ਗਿਆ। ਬਾਲ ਗੰਗਾਧਰ ਤਿਲਕ ਦੁਆਰਾ ਸ਼ੁਰੂ ਕੀਤੇ ਗਏ ‘ਕੇਸਰੀ’ ਵਰਗੇ ਅਖ਼ਬਾਰਾਂ ਨੇ ਮਹਾਰਾਸ਼ਟਰ ਵਿੱਚ ਇਸ ਖ਼ਬਰ ਨੂੰ ਇੱਕ ਵੱਡੀ ਕੌਮੀ ਲਹਿਰ ਵਜੋਂ ਪੇਸ਼ ਕੀਤਾ।

ਬੰਗਾਲ ਵਿੱਚ ਕ੍ਰਾਂਤੀਕਾਰੀ ਲਹਿਰ ਬਹੁਤ ਮਜ਼ਬੂਤ ਸੀ। ਕਲਕੱਤਾ (ਕੋਲਕਾਤਾ) ਤੋਂ ਛਪਣ ਵਾਲੇ ਅਖ਼ਬਾਰ ‘ਅੰਮ੍ਰਿਤ ਬਾਜ਼ਾਰ ਪੱਤ੍ਰਿਕਾ’ ਨੇ ਭਗਤ ਸਿੰਘ ਨੂੰ ਇੱਕ ‘ਕੌਮੀ ਨਾਇਕ’ ਤੇ ‘ਸ਼ਹੀਦ’ ਵਜੋਂ ਪੇਸ਼ ਕੀਤਾ ਅਤੇ ਇਸ ਘਟਨਾ ਨੂੰ ਭਾਰਤੀ ਲੋਕਾਂ ਦੇ ਭਾਵਨਾਤਮਕ ਉਬਾਲ ਨਾਲ ਜੋੜਿਆ। ਇਸ ਅਖ਼ਬਾਰ ਨੇ ਲਾਸ਼ਾਂ ਦੇ ਸਸਕਾਰ ਦੇ ਤਰੀਕੇ ਅਤੇ ਪਰਿਵਾਰ ਨਾਲ ਮੁਲਾਕਾਤ ਨਾ ਕਰਵਾਏ ਜਾਣ ਦੀ ਸਖ਼ਤ ਨਿੰਦਾ ਕੀਤੀ।

ਬ੍ਰਿਟਿਸ਼ ਅਖ਼ਬਾਰ ‘ਦਿ ਟਾਈਮਜ਼’ ਨੇ ਕਾਫ਼ੀ ਸਾਧਾਰਨ ਅਤੇ ਕਾਨੂੰਨ-ਵਿਵਸਥਾ ਦੇ ਨਜ਼ਰੀਏ ਨਾਲ ਸਰਕਾਰੀ ਲਹਿਜੇ ਵਿੱਚ ਖ਼ਬਰ ਛਾਪੀ ਅਤੇ ਭਗਤ ਸਿੰਘ ਨੂੰ ‘ਕ੍ਰਾਂਤੀਕਾਰੀ ਆਤੰਕਵਾਦੀ’ ਦੱਸਿਆ। ‘ਦਿ ਮਾਨਚੈਸਟਰ ਗਾਰਡੀਅਨ’ ਜੋ ਹੁਣ ‘ਗਾਰਡੀਅਨ’ ਵਜੋਂ ਜਾਣ ਜਾਂਦਿਆ ਹੈ, ਨੇ ਕੁਝ ਹੱਦ ਤੱਕ ਸੰਤੁਲਿਤ ਰਿਪੋਰਟਿੰਗ ਕੀਤੀ ਅਤੇ ਸ਼ਹੀਦਾਂ ਨੂੰ ਫਾਂਸੀ ਦਿੱਤੇ ਜਾਣ ਮਗਰੋਂ ਭਾਰਤ ਦੇ ਲੋਕਾਂ ਦੇ ਮਨਾਂ ’ਚ ਪੈਦਾ ਹੋਈ ਭਾਵਨਾ ਦਾ ਜ਼ਿਕਰ ਕੀਤਾ। ‘ਦਿ ਨਿਊਯਾਰਕ ਟਾਈਮਜ਼’ ਨੇ ਇਸ ਘਟਨਾ ਨੂੰ ਬ੍ਰਿਟਿਸ਼ ਭਾਰਤ ਦੀ ਰਾਜਨੀਤਿਕ ਸਥਿਤੀ ਨਾਲ ਜੋੜਦਿਆਂ ਕੌਮਾਂਤਰੀ ਖ਼ਬਰ ਵਜੋਂ ਛਾਪਿਆ। ‘ਸ਼ਿਕਾਗੋ ਡੇਅਲੀ ਟ੍ਰਿਬਿਊਨ’ ਨੇ ਭਾਵੇਂ ਖ਼ਬਰ ਤਾਂ ਛੋਟੀ ਜਿਹੀ ਦਿੱਤੀ ਪਰ ਪਰ ਹੈਡਿੰਗ ਦਿੱਤਾ : “ਭਾਰਤੀ ਕ੍ਰਾਂਤੀਕਾਰੀ ਰਾਸ਼ਟਰਵਾਦੀ ਨੂੰ ਫ਼ਾਂਸੀ”।

ਇਨ੍ਹਾਂ ਸਾਰੀਆਂ ਰਿਪੋਰਟਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇੱਕੋ ਘਟਨਾ ਨੂੰ ਵੱਖ-ਵੱਖ ਅਖ਼ਬਾਰਾਂ ਨੇ ਆਪੋ-ਆਪਣੇ ਨਜ਼ਰੀਏ ਨਾਲ ਪੇਸ਼ ਕੀਤਾ। ਜਿੱਥੇ ਬ੍ਰਿਟਿਸ਼ ਅਤੇ ਕੁਝ ਸਰਕਾਰ ਪੱਖੀ ਅਖ਼ਬਾਰਾਂ ਨੇ ਇਸ ਨੂੰ ਕਾਨੂੰਨੀ ਕਾਰਵਾਈ ਵਜੋਂ ਦਰਸਾਇਆ, ਉੱਥੇ ਰਾਸ਼ਟਰਵਾਦੀ ਅਤੇ ਖ਼ੇਤਰੀ ਅਖ਼ਬਾਰਾਂ ਨੇ ਇਸ ਨੂੰ ਸ਼ਹਾਦਤ ਅਤੇ ਕੁਰਬਾਨੀ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਤਰ੍ਹਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਫਾਂਸੀ ਸਿਰਫ਼ ਇੱਕ ਇਤਿਹਾਸਕ ਘਟਨਾ ਹੀ ਨਹੀਂ ਰਹੀ, ਸਗੋਂ ਇਹ ਮੀਡੀਆ ਦੀ ਭੂਮਿਕਾ ਅਤੇ ਉਸਦੀ ਵਿਚਾਰਧਾਰਕ ਪਹੁੰਚ ਦੀ ਵੀ ਇੱਕ ਮਹੱਤਵਪੂਰਨ ਉਦਾਹਰਨ ਬਣੀ।

ਸੰਪਰਕ: 98780-19889

Advertisement
×