DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸਿਰ ਚੜ੍ਹ ਬੋਲਿਆ ਫੁੱਟਬਾਲ ਦਾ ਜਨੂੰਨ

ਵਿਦਵਾਨ ਲੇਖਕ ਬਰਨਾਰਡ ਸ਼ਾਅ ਨੇ ਪਤਾ ਨਹੀਂ ਕਿਹੜੇ ਰੌਂਅ ਵਿੱਚ ਕਿਹਾ ਸੀ ਕਿ 22 ਜਣੇ ਮੂਰਖ ਹਨ, ਜਿਹੜੇ ਇੱਕ ਗੇਂਦ ਪਿੱਛੇ ਮੈਦਾਨ ਵਿੱਚ ਸਿਰਤੋੜ ਦੌੜੇ ਫਿਰਦੇ ਹਨ। 11 ਜਣੇ ਇੱਕ ਪਾਸੇ ਨੂੰ ਠੁੱਡੇ ਮਾਰੀ ਜਾਂਦੇ ਹਨ, 11 ਜਣੇ ਦੂਜੇ...

  • fb
  • twitter
  • whatsapp
  • whatsapp
Advertisement

ਵਿਦਵਾਨ ਲੇਖਕ ਬਰਨਾਰਡ ਸ਼ਾਅ ਨੇ ਪਤਾ ਨਹੀਂ ਕਿਹੜੇ ਰੌਂਅ ਵਿੱਚ ਕਿਹਾ ਸੀ ਕਿ 22 ਜਣੇ ਮੂਰਖ ਹਨ, ਜਿਹੜੇ ਇੱਕ ਗੇਂਦ ਪਿੱਛੇ ਮੈਦਾਨ ਵਿੱਚ ਸਿਰਤੋੜ ਦੌੜੇ ਫਿਰਦੇ ਹਨ। 11 ਜਣੇ ਇੱਕ ਪਾਸੇ ਨੂੰ ਠੁੱਡੇ ਮਾਰੀ ਜਾਂਦੇ ਹਨ, 11 ਜਣੇ ਦੂਜੇ ਪਾਸੇ ਨੂੰ। ਕਮਲੇ ਕਿਤੋਂ ਦੇ! ਉਸ ਦੇ ਕਹਿਣ ਮੁਤਾਬਿਕ 22 ਜਣੇ ਤਾਂ ਪਤਾ ਨਹੀਂ ਕਿੰਨੇ ਕੁ ਕਮਲੇ ਹੋਣਗੇ ਪਰ ਸੱਚਾਈ ਇਹੋ ਹੈ ਕਿ ਉਨ੍ਹਾਂ ਨੇ ਸਿਆਣੀ-ਬਿਆਣੀ ਅੱਧੋਂ ਵੱਧ ਦੁਨੀਆ ਕਮਲੀ ਕੀਤੀ ਹੋਈ ਹੈ! 2022 ਦਾ 22ਵਾਂ ਆਲਮੀ ਕੱਪ 5 ਅਰਬ ਲੋਕਾਂ ਨੇ ਵੇਖਿਆ ਤੇ 23ਵਾਂ ਕੱਪ ਮੁਮਕਿਨ ਹੈ 6 ਅਰਬ ਲੋਕ ਵੇਖਣ। ਅਰਬਾਂ-ਖਰਬਾਂ ਰੁਪਏ, ਸਮਾਂ ਅਤੇ ਸਾਧਨ ਲੱਗ ਜਾਂਦੇ ਹਨ ਇਨ੍ਹਾਂ ਆਲਮੀ ਕੱਪਾਂ ਉੱਤੇ। ਜੂਨ-ਜੁਲਾਈ ਫੁਟਬਾਲ ਦੀ ਚਰਚਾ ਦੇ ਮਹੀਨੇ ਬਣੇ ਰਹੇ। ਤਿੰਨ ਮੁਲਕਾਂ ਕੈਨੇਡਾ, ਅਮਰੀਕਾ ਤੇ ਮੈਕਸੀਕੋ ਵਿਚਲੇ 16 ਸ਼ਹਿਰਾਂ ਦੇ ਵਿਸ਼ਾਲ ਸਟੇਡੀਅਮ, ਪ੍ਰਬੰਧਕਾਂ, ਖਿਡਾਰੀਆਂ ਤੇ ਮੀਡੀਆਕਾਰਾਂ ਨਾਲ ਨੱਕੋ-ਨੱਕ ਭਰੇ ਰਹੇ। ਕਰੋੜਾਂ-ਅਰਬਾਂ ਡਾਲਰਾਂ ਦੀਆਂ ਸ਼ਰਤਾਂ ਲੱਗੀਆਂ ਤੇ ਸੱਟਾ ਖੇਡਿਆ ਗਿਆ। ਜਿੱਤਾਂ ਦੀਆਂ ਖ਼ੁਸ਼ੀਆਂ ਮਨਾਈਆਂ ਗਈਆਂ ਤੇ ਹਾਰਾਂ ਦੇ ਹੰਝੂ ਵਹਾਏ ਗਏ। ਫੀਫਾ ਕੱਪ ਦੀਆਂ ਖ਼ਬਰਾਂ ਤੋਂ ਵੱਡੀ ਖ਼ਬਰ ਕੇਵਲ ਤੀਜੀ ਆਲਮੀ ਜੰਗ ਹੀ ਹੋ ਸਕਦੀ ਸੀ। ਰੇਡੀਓ, ਟੀ ਵੀ, ਅਖ਼ਬਾਰ ਤੇ ਇੰਟਰਨੈੱਟ ਦੇ ਹੋਰ ਮਾਧਿਅਮ ਆਲਮੀ ਕੱਪ ਦੀਆਂ ਖ਼ਬਰਾਂ ਨਾਲ ਭਰੇ ਰਹੇ। 22 ਬੰਦਿਆਂ ਦੇ ਪੈਰਾਂ ਤੇ ਸਿਰਾਂ ਦੀ ਖੇਡ ਨੇ ਕਰੋੜਾਂ ਲੋਕਾਂ ਦੇ ਸਿਰ ਘੁਮਾਈ ਰੱਖੇ ਤੇ ਫੁਟਬਾਲ ਦੇ ਦੀਵਾਨਿਆਂ ਨੂੰ ਪਹਿਲੇ ਤੋੜ ਦਾ ਨਸ਼ਾ ਚਾੜ੍ਹੀ ਰੱਖਿਆ! ਉਨ੍ਹਾਂ ਦੀਆਂ ਹਾਕਾਂ-ਕਿਲਕਾਰੀਆਂ ਪੂਰੇ ਜੱਗ-ਜਹਾਨ ਦੀ ਹਵਾ ਵਿੱਚ ਗੂੰਜਦੀਆਂ ਰਹੀਆਂ।

Advertisement

ਫੁਟਬਾਲ ਦੇ ਸ਼ੈਦਾਈ ਲੋਕਾਂ ਨੇ ਤਾਂ ਸ਼ਰਤਾਂ ਲਾਉਣੀਆਂ ਹੀ ਸਨ, ਅਰਜਨਟੀਨਾ ਤੇ ਸਪੇਨ ਦੇ ਹਮਾਇਤੀਆਂ ਨੇ ਵੀ ਜਿੱਤ-ਹਾਰ ਦਾ ਜੂਆ ਖੇਡਣਾ ਸੀ, ਹੈਰਾਨੀ ਇਸ ਗੱਲ ਦੀ ਹੈ ਕਿ ਬਠਿੰਡੇ ਦੇ ਬਾਣੀਆਂ, ਜਿਨ੍ਹਾਂ ਦਾ ਫੁਟਬਾਲ ਨਾਲ ਕੋਈ ਲੈਣ-ਦੇਣ ਨਹੀਂ ਸੀ, ਉਨ੍ਹਾਂ ਨੇ ਵੀ ਅਰਜਨਟੀਨਾ ਜਾਂ ਸਪੇਨ ਦੀ ਜਿੱਤ-ਹਾਰ ਉੱਤੇ ਲੱਖਾਂ ਦਾ ਸੱਟਾ ਖੇਡਿਆ। ਆਖ਼ਰ ਸਪੇਨ ਨੇ ਮੈਚ ਦੇ ਵਾਧੂ ਸਮੇਂ ਵਿੱਚ ਗੋਲ ਕਰ ਕੇ 1-0 ਨਾਲ 2026 ਦਾ ਆਲਮੀ ਕੱਪ ਜਿੱਤ ਲਿਆ, ਜੋ ਉਸ ਦਾ ਦੂਜਾ ਵਿਸ਼ਵ ਕੱਪ ਹੈ। ਇਸ ਦੇ ਨਾਲ ਹੀ ਫਰਾਂਸ ਦਾ ਕਿਲੀਅਨ ਅੰਬਾਪੇ ਇਸ ਆਲਮੀ ਕੱਪ ਵਿੱਚ ਸਭ ਤੋਂ ਵੱਧ 10 ਗੋਲ ਕਰ ਕੇ ‘ਗੋਲਡਨ ਬੂਟ’ ਜਿੱਤ ਗਿਆ। ਮੈਸੀ 8 ਗੋਲਾਂ ਨਾਲ ਉਸ ਤੋਂ ਪਿੱਛੇ ਰਹਿ ਗਿਆ।

Advertisement

ਕੋਈ ਮੰਨੇ ਨਾ ਮੰਨੇ ਪਰ ਫੁਟਬਾਲ ਦੀ ਖੇਡ ਵਿੱਚ ਕਮਾਲ ਦੀ ਕਸ਼ਿਸ਼ ਹੈ। ਉਹ ਬਰਨਾਰਡ ਸ਼ਾਅ ਨੂੰ ਤਾਂ ਭਾਵੇਂ ਆਪਣੇ ਵੱਲ ਨਹੀਂ ਖਿੱਚ ਸਕੀ ਪਰ ਪੂਰੇ ਸੰਸਾਰ ਨੂੰ ਆਪਣੇ ਪੰਜਿਆਂ ਵਿੱਚ ਜਕੜੀ ਬੈਠੀ ਹੈ। ਇਹਦੀ ਇੱਕ-ਇੱਕ ਕਿੱਕ ਨੇ ਲੱਖਾਂ ਨਿਗਾਹਾਂ ਬੰਨ੍ਹੀਂ ਰੱਖੀਆਂ। ਫੁਟਬਾਲ ਦੁਨੀਆ ਦੀ ਸਭ ਤੋਂ ਵੱਧ ਦਰਸ਼ਨੀ ਖੇਡ ਸਾਬਤ ਹੋਈ ਹੈ। ਤਦੇ ਇਹ ਦੁਨੀਆ ਦੇ ਸਾਰੇ ਹੀ ਮੁਲਕਾਂ ਵਿੱਚ ਖੇਡੀ ਜਾਂਦੀ ਹੈ। ਫੁਟਬਾਲ ਦੀ ਕੌਮਾਂਤਰੀ ਫੈਡਰੇਸ਼ਨ ਫੀਫਾ ਦੇ 211 ਦੇਸ਼ ਤੇ ਖੇਤਰ (ਟੈਰੇਟਰੀਆਂ) ਮੈਂਬਰ ਹਨ।

ਫੀਫਾ ਦਾ ਫੁਟਬਾਲ ਕੱਪ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਹੈ। ਇਹ ਓਲੰਪਿਕ ਖੇਡਾਂ ਦੇ ਅੱਧ-ਵਿਚਾਲੇ ਹਰ ਚਾਰ ਸਾਲ ਬਾਅਦ ਹੁੰਦਾ ਹੈ। ਆਧੁਨਿਕ ਓਲੰਪਿਕ ਖੇਡਾਂ 1896 ਤੋਂ ਸ਼ੁਰੂ ਹੋਈਆਂ ਸਨ ਤੇ ਫੀਫਾ ਆਲਮੀ ਕੱਪ 1930 ਤੋਂ ਸ਼ੁਰੂ ਹੋਇਆ। 2018 ਦਾ 21ਵਾਂ ਆਲਮੀ ਕੱਪ 3.57 ਬਿਲੀਅਨ ਭਾਵ 357 ਕਰੋੜ ਦਰਸ਼ਕਾਂ ਨੇ ਵੇਖਿਆ ਸੀ। 2022 ਦਾ ਕੱਪ 500 ਕਰੋੜ ਯਾਨੀ ਦੁਨੀਆ ਦੀ ਅੱਧੋਂ ਵੱਧ ਆਬਾਦੀ ਨੇ ਵੇਖਿਆ। 11 ਜੂਨ 2026 ਤੋਂ ਸ਼ੁਰੂ ਹੋਏ ਤੇ 19 ਜੁਲਾਈ ਨੂੰ ਸਮਾਪਤ ਹੋਏ ਅਜੋਕੇ 23ਵੇਂ ਆਲਮੀ ਕੱਪ ਦੇ ਦਰਸ਼ਕਾਂ ਦੀ ਗਿਣਤੀ ਦਾ ਹਿਸਾਬ ਲਗਾਇਆ ਜਾ ਰਿਹਾ ਹੈ, ਜੋ ਹੋ ਸਕਦਾ ਹੈ 600 ਕਰੋੜ ਤੋਂ ਵੀ ਟੱਪ ਜਾਵੇ! 2022 ਦੇ ਕੱਪ ਦਾ ਫਾਈਨਲ ਮੈਚ ਦੁਨੀਆ ਦੇ ਲਗਪਗ 150 ਕਰੋੜ ਲੋਕਾਂ ਨੇ ਵੇਖਿਆ ਸੀ।

ਅਜੋਕੇ ਆਲਮੀ ਕੱਪ ਵਿੱਚ ਪਹਿਲੇ ਸਾਰੇ ਵਿਸ਼ਵ ਕੱਪਾਂ ਨਾਲੋਂ ਵਧੇਰੇ, ਕੁੱਲ 104 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚ ਫੀਫਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਹੋਏ ਹਨ। 211 ਦੇਸ਼ਾਂ/ਖੇਤਰਾਂ ਵਿੱਚੋਂ 48 ਦੇਸ਼ਾਂ ਦੀਆਂ ਕੌਮੀ ਟੀਮਾਂ ਨੇ ਆਲਮੀ ਕੱਪ ਲਈ ਕੁਆਲੀਫਾਈ ਕੀਤਾ ਸੀ। ਚਾਰ ਸਾਲਾਂ ਬਾਅਦ ਹੁੰਦੇ ਆ ਰਹੇ ਆਲਮੀ ਕੱਪਾਂ ਵਿੱਚ ਹੁਣ ਤੱਕ 80 ਮੁਲਕਾਂ ਦੀਆਂ ਨੈਸ਼ਨਲ ਟੀਮਾਂ ਭਾਗ ਲੈ ਚੁੱਕੀਆਂ ਹਨ। ਉਨ੍ਹਾਂ ਵਿੱਚ 5 ਲੱਖ ਤੋਂ ਘੱਟ ਆਬਾਦੀ ਵਾਲੇ ਦੇਸ਼ ਵੀ ਹਨ, ਜਿਨ੍ਹਾਂ ਨੂੰ ਅਰਜਨਟੀਨਾ ਦੀ ਵਿਸ਼ਵ ਚੈਂਪੀਅਨ ਟੀਮ ਨਿਰਧਾਰਿਤ ਸਮੇਂ ਵਿੱਚ ਨਹੀਂ ਸੀ ਹਰਾ ਸਕੀ। ਇਸ ਦੇ ਉਲਟ, ਜਨਸੰਖਿਆ ਪੱਖੋਂ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਭਾਰਤ ਦੀ ਕੌਮੀ ਟੀਮ ਫੀਫਾ ਕੱਪ ਦੇ 96 ਸਾਲਾ ਇਤਿਹਾਸ ਵਿੱਚ ਇੱਕ ਵਾਰ ਵੀ ਇਹ ਕੱਪ ਖੇਡਣ ਦੇ ਯੋਗ ਨਹੀਂ ਹੋ ਸਕੀ। ਐਵੇਂ ਹਵਾ ਵਿੱਚ ਹੀ ਵਿਸ਼ਵ ਗੁਰੂ ਬਣ ਜਾਣ ਦੀਆਂ ਸ਼ੇਖ਼ੀਆਂ ਮਾਰੀ ਜਾਣ ਦੀ ਗੱਲ ਹੋਰ ਹੈ। ਇੰਡੀਆ ਅਥਵਾ ਭਾਰਤ ਨੇ ਫੁਟਬਾਲ ਦਾ ਆਲਮੀ ਕੱਪ ਤਾਂ ਕੀ ਕਰਵਾਉਣਾ ਸੀ, ਉਹ ਓਲੰਪਿਕ ਖੇਡਾਂ ਦੇ 130 ਸਾਲਾਂ ਦੇ ਇਤਿਹਾਸ ਵਿੱਚ ਇੱਕ ਵਾਰ ਵੀ ਓਲੰਪਿਕ ਖੇਡਾਂ ਨਹੀਂ ਕਰਵਾ ਸਕਿਆ। ਜੇਕਰ 2036 ਜਾਂ 2040 ਦੀਆਂ ਓਲੰਪਿਕ ਖੇਡਾਂ ਵੀ ‘ਭਾਰਤ ਮਹਾਨ’ ਆਪਣੀ ਸਰਜ਼ਮੀਨ ਉੱਤੇ ਕਰਵਾ ਜਾਵੇ ਤਾਂ ਬਹੁਤ ਭਲੀ ਗੱਲ ਹੋਵੇਗੀ।

ਇਸ ਖੋਜ ਬਾਰੇ ਹਾਲੇ ਵੀ ਮੱਤਭੇਦ ਹਨ ਕਿ ਫੁਟਬਾਲ ਦੀ ਖੇਡ ਦਾ ਜਨਮ ਚੀਨ ਵਿੱਚ ਹੋਇਆ, ਇਟਲੀ ਵਿੱਚ ਜਾਂ ਅਫ਼ਰੀਕਾ ਵਿੱਚ? ਪਰ ਇਸ ਤੱਥ ਨਾਲ ਸਭ ਸਹਿਮਤ ਹਨ ਕਿ ਬਰਤਾਨੀਆ ਨੇ ਇਸ ਖੇਡ ਨੂੰ ਅਪਣਾਇਆ ਅਤੇ ਸੰਵਾਰਿਆ। ਫਿਰ ਫੀਫਾ ਬਣੀ, ਜਿਸ ਦਾ ਮੁੱਖ ਮਕਸਦ ਫੁਟਬਾਲ ਦੀ ਖੇਡ ਨੂੰ ਕੁੱਲ ਦੁਨੀਆ ਵਿੱਚ ਮਕਬੂਲ ਕਰਨਾ ਸੀ। 1920 ਵਿੱਚ ਫਰਾਂਸ ਦਾ ਇੱਕ ਵਕੀਲ ਜੂਲਸ ਰੀਮੇ ਫੀਫਾ ਦਾ ਪ੍ਰਧਾਨ ਬਣਿਆ। ਉਹ 1954 ਤੱਕ ਇਸ ਅਹੁਦੇ ਉੱਤੇ ਰਿਹਾ। ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਫੁਟਬਾਲ ਦੀ ਖੇਡ ਦਾ ਹਰ ਚਾਰ ਸਾਲ ਬਾਅਦ ਵਰਲਡ ਕੱਪ ਟੂਰਨਾਮੈਂਟ ਕਰਵਾਇਆ ਜਾਵੇ ਤਾਂ ਜੋ ਇਹ ਖੇਡ ਹੋਰ ਵਿਕਾਸ ਕਰੇ ਤੇ ਹੋਰ ਹਰਮਨ ਪਿਆਰੀ ਬਣੇ। ਫੁਟਬਾਲ ਦੀ ਆਲਮੀ ਸਰਦਾਰੀ ਦਾ ਚਿੰਨ੍ਹ ਸੋਨੇ ਦੀ ਪਰਤ ਚੜ੍ਹੇ ਚਾਂਦੀ ਨਾਲ ਤਿਆਰ ਕੀਤੇ ਕੱਪ ਨੂੰ ਬਣਾਇਆ ਗਿਆ, ਜਿਸ ਦਾ ਨਾਂ ‘ਜੂਲਸ ਰੀਮੇ ਟਰਾਫੀ’ ਰੱਖਿਆ ਗਿਆ। ਇਹ ਕੱਪ ਚਲੰਤ ਸੀ ਪਰ ਨਾਲ ਇਹ ਵੀ ਕਿਹਾ ਗਿਆ ਕਿ ਜਿਹੜਾ ਮੁਲਕ ਇਸ ਨੂੰ ਤਿੰਨ ਵਾਰ ਜਿੱਤ ਲਵੇਗਾ, ਇਹ ਹਮੇਸ਼ਾ ਲਈ ਉਸ ਦਾ ਹੋ ਜਾਵੇਗਾ।

ਪਹਿਲਾ ਵਰਲਡ ਕੱਪ ਕਰਵਾਉਣ ਲਈ ਉਰੂਗੁਏ, ਇਟਲੀ, ਹਾਲੈਂਡ, ਸਪੇਨ ਤੇ ਸਵੀਡਨ ਨੇ ਪੇਸ਼ਕਸ਼ ਕੀਤੀ ਸੀ। ਜਦੋਂ ਫੀਫਾ ਵੱਲੋਂ ਉਰੂਗੁਏ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਤਾਂ ਬਾਕੀ ਚਾਰੇ ਮੁਲਕ ਰੁੱਸ ਗਏ। ਉਨ੍ਹਾਂ ਨੇ ਪਹਿਲੇ ਆਲਮੀ ਕੱਪ ਵਿੱਚ ਆਪਣੀਆਂ ਟੀਮਾਂ ਨਾ ਭੇਜੀਆਂ। ਪਹਿਲੇ ਆਲਮੀ ਕੱਪ ਦਾ ਪਹਿਲਾ ਮੈਚ 13 ਜੁਲਾਈ 1930 ਨੂੰ ਫਰਾਂਸ ਤੇ ਮੈਕਸੀਕੋ ਦੀਆਂ ਟੀਮਾਂ ਵਿਚਾਲੇ ਉਰੂਗੁਏ ਦੇ ਪੋਸੀਤੋਸ ਸਟੇਡੀਅਮ ਵਿੱਚ ਖੇਡਿਆ ਗਿਆ, ਜੋ ਫਰਾਂਸ ਨੇ ਜਿੱਤਿਆ। ਪਹਿਲਾ ਗੋਲ ਕਰਨ ਦਾ ਸਿਹਰਾ ਫਰਾਂਸੀਸੀ ਖਿਡਾਰੀ ਲੂਈ ਲਾਰੋਂ ਦੇ ਸਿਰ ਬੱਝਾ। ਉਦੋਂ ਸਿਰਫ਼ 13 ਮੁਲਕਾਂ ਦੀਆਂ ਟੀਮਾਂ ਨੇ ਹੀ ਵਿਸ਼ਵ ਕੱਪ ਵਿੱਚ ਭਾਗ ਲਿਆ। ਫਾਈਨਲ ਮੈਚ ਉਰੂਗੁਏ ਤੇ ਅਰਜਨਟੀਨਾ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਨੂੰ ਉਰੂਗੁਏ ਨੇ 4-2 ਗੋਲਾਂ ਨਾਲ ਜਿੱਤ ਕੇ, ਪ੍ਰਸਿੱਧ ਮੂਰਤੀਕਾਰ ਅਬੇਲ ਲਾਪਲੂ ਦੀ ਡਿਜ਼ਾਈਨ ਕੀਤੀ ਅਤਿ-ਮਹਿੰਗੀ ਜੂਲਸ ਰੀਮੇ ਟਰਾਫੀ ਚਾਰ ਸਾਲ ਲਈ ਆਪਣੇ ਕਬਜ਼ੇ ਵਿੱਚ ਕਰ ਲਈ।

1934 ਦਾ ਦੂਜਾ ਆਲਮੀ ਕੱਪ ਇਟਲੀ ਵਿੱਚ ਖੇਡਿਆ ਗਿਆ। ਉੱਥੇ ਉਰੂਗੁਏ ਗ਼ੈਰ-ਹਾਜ਼ਰ ਰਿਹਾ। 17 ਟੀਮਾਂ ਦੇ ਭੇੜ ਵਿੱਚੋਂ ਇਟਲੀ ਤੇ ਚੈਕੋਸਲੋਵਾਕੀਆ ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ। 55 ਹਜ਼ਾਰ ਦਰਸ਼ਕਾਂ ਦੀ ਹਾਜ਼ਰੀ ਵਿੱਚ ਇਟਲੀ ਨੇ ਚੈਕੋਸਲੋਵਾਕੀਆ ਨੂੰ 2-1 ਗੋਲਾਂ ਨਾਲ ਹਰਾ ਕੇ ਜੂਲਸ ਰੀਮੇ ਟਰਾਫੀ ਹਾਸਲ ਕਰ ਲਈ। 1938 ਦੇ ਤੀਜੇ ਆਲਮੀ ਕੱਪ ਦਾ ਮੇਜ਼ਬਾਨ ਫਰਾਂਸ ਸੀ। ਉੱਥੇ ਉਰੂਗੁਏ ਤੇ ਅਰਜਨਟੀਨਾ ਦੀਆਂ ਟੀਮਾਂ ਨਾ ਪੁੱਜੀਆਂ। ਆਸਟਰੇਲੀਆ ਤੇ ਸਪੇਨ ਵੀ ਵੱਖੋ-ਵੱਖਰੇ ਕਾਰਨਾਂ ਕਰਕੇ ਟੂਰਨਾਮੈਂਟ ਤੋਂ ਲਾਂਭੇ ਰਹੇ। ਤੀਜੇ ਆਲਮੀ ਕੱਪ ਦਾ ਸਭ ਤੋਂ ਵਧੀਆ ਮੈਚ ਬ੍ਰਾਜ਼ੀਲ ਤੇ ਪੋਲੈਂਡ ਵਿਚਕਾਰ ਖੇਡਿਆ ਗਿਆ, ਜੋ ਬ੍ਰਾਜ਼ੀਲ ਨੇ 6-5 ਗੋਲਾਂ ਨਾਲ ਜਿੱਤਿਆ। ਬ੍ਰਾਜ਼ੀਲ ਦੇ ਲਿਓਨੀਦਾਸ ਨੇ ਨੰਗੇ ਪੈਰੀਂ ਖੇਡਦਿਆਂ 4 ਗੋਲ ਕੀਤੇ। ਅੰਤਿਮ ਮੈਚ ਇਟਲੀ ਤੇ ਹੰਗਰੀ ਵਿਚਾਲੇ ਹੋਇਆ। ਇਟਲੀ ਨੇ 4-2 ਗੋਲਾਂ ਨਾਲ ਦੂਜੀ ਵਾਰ ਜੂਲਸ ਰੀਮੇ ਟਰਾਫੀ ਜਿੱਤੀ। ਦੂਜੇ ਵਿਸ਼ਵ ਯੁੱਧ ਕਾਰਨ 1942 ਤੇ 1946 ਦੇ ਵਿਸ਼ਵ ਕੱਪ ਖੇਡੇ ਹੀ ਨਾ ਜਾ ਸਕੇ।

1950 ਦਾ ਚੌਥਾ ਆਲਮੀ ਕੱਪ ਬ੍ਰਾਜ਼ੀਲ ਵਿੱਚ ਖੇਡਿਆ ਗਿਆ। ਉਰੂਗੁਏ ਦੀ ਟੀਮ 20 ਸਾਲਾਂ ਪਿੱਛੋਂ ਆਲਮੀ ਕੱਪ ਵਿੱਚ ਪਰਤੀ, ਜਿਸ ਨੇ ਫਾਈਨਲ ਮੈਚ ਵਿੱਚ ਬ੍ਰਾਜ਼ੀਲ ਨੂੰ ਹਰਾ ਦਿੱਤਾ। ਜਿੱਤ ਦੇ ਜਸ਼ਨ ਤਾਂ ਮਨਾਏ ਹੀ ਜਾਂਦੇ ਹਨ, ਬ੍ਰਾਜ਼ੀਲ ਨੇ ਹਾਰ ਦਾ ਮਾਤਮ ਵੀ ਕੌਮੀ ਪੱਧਰ ’ਤੇ ਮਨਾਇਆ। ਬ੍ਰਾਜ਼ੀਲ ਨੂੰ ਹਾਰਦਿਆਂ ਵੇਖ 60 ਦਰਸ਼ਕ ਮਾਰਾਕਾਨਾ ਸਟੇਡੀਅਮ ਵਿੱਚ ਹੀ ਬੇਹੋਸ਼ ਹੋ ਗਏ ਸਨ ਤੇ ਕੁਝ ਆਪਣੇ ਘਰੀਂ ਬੈਠੇ ਕੁਮੈਂਟਰੀ ਸੁਣਦਿਆਂ ਹੀ ਚੱਲ ਵਸੇ ਸਨ। 1954 ਦਾ 5ਵਾਂ ਵਿਸ਼ਵ ਕੱਪ ਸਵਿਟਜ਼ਰਲੈਂਡ ਵਿੱਚ ਖੇਡਿਆ ਗਿਆ। ਹੰਗਰੀ ਦੀ ਟੀਮ ਚਾਰ ਸਾਲਾਂ ਤੋਂ 28 ਕੌਮਾਂਤਰੀ ਮੈਚਾਂ ਵਿੱਚ ਕਿਤੇ ਵੀ ਨਹੀਂ ਸੀ ਹਾਰੀ। ਪਰ ਫਾਈਨਲ ਮੈਚ ਵਿੱਚ ਪੱਛਮੀ ਜਰਮਨੀ ਨੇ ਹੰਗਰੀ ਨੂੰ 3-2 ਗੋਲਾਂ ਨਾਲ ਹਰਾ ਕੇ ਸਨਸਨੀ ਫੈਲਾ ਦਿੱਤੀ। ਉਹ ਵੀ ਉਸ ਹਾਲਤ ਵਿੱਚ ਜਦੋਂ ਹੰਗਰੀ ਪਹਿਲਾਂ ਹੀ 2 ਗੋਲ ਕਰ ਚੁੱਕਾ ਸੀ। ਉਦੋਂ ਦਾ ਖੁੰਝਿਆ ਹੰਗਰੀ ਅੱਜ ਤੱਕ ਵਿਸ਼ਵ ਕੱਪ ਨੂੰ ਤਰਸ ਰਿਹਾ ਹੈ।

ਸਵੀਡਨ ਵਿੱਚ ਖੇਡੇ 1958 ਦੇ ਆਲਮੀ ਕੱਪ ਵਿੱਚ ਬ੍ਰਾਜ਼ੀਲ ਦੇ ਪੇਲੇ ਦੀ ਪਹਿਲੀ ਚੜ੍ਹਤ ਹੋਈ। 18ਵੇਂ ਸਾਲ ਦੀ ਉਮਰੇ ਉਸ ਨੇ ਫਰਾਂਸ ਵਿਰੁੱਧ ਹੈਟ੍ਰਿਕ ਮਾਰੀ, ਜਿਸ ਨੇ ਫੁਟਬਾਲ ਦੀ ਦੁਨੀਆ ਵਿੱਚ ਤਰਥੱਲੀ ਮਚਾ ਦਿੱਤੀ। ਫਾਈਨਲ ਮੈਚ ਬ੍ਰਾਜ਼ੀਲ ਤੇ ਸਵੀਡਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜੋ ਬ੍ਰਾਜ਼ੀਲ ਦੀ ਟੀਮ ਨੇ 5-2 ਗੋਲਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਸਵੀਡਨ ਦੀਆਂ ਨੀਲੀਆਂ ਅੱਖਾਂ ਵਾਲੀਆਂ ਗੋਰੀਆਂ ਕੁੜੀਆਂ ਕਾਲੇ ਪੇਲੇ ਦੇ ਆਟੋਗਰਾਫ ਲੈਣ ਪਿੱਛੋਂ ਆਪਣੀਆਂ ਰੰਗੀਨ ਨਹੁੰ-ਪਾਲਸ਼ਾਂ ਵਾਲੀਆਂ ਉਂਗਲਾਂ ਉਹਦੇ ਪਿੰਡੇ ’ਤੇ ਘਸਾ ਕੇ ਵੇਖਣ ਲੱਗੀਆਂ ਕਿ ਇਹ ਕਿਤੇ ਪਾਲਸ਼ ਤਾਂ ਨਹੀਂ? ਪੇਲੇ ਦੇ ਸਾਥੀਆਂ ਨੇ ਮਸ਼ਕਰੀ ਕੀਤੀ, “ਇਹ ਰੰਗ ਅਸਲੀ ਆ, ਨਾ ਧੁੱਪ ਵਿੱਚ ਉੱਡਦਾ ਤੇ ਨਾ ਮੀਂਹ ਵਿੱਚ ਖੁਰਦਾ। ਤੁਸੀਂ ਬੇਸ਼ੱਕ ਇਹ ਨੂੰ ਜੱਫੀਆਂ ਪਾਓ, ਇਹਦਾ ਰੰਗ ਤੁਹਾਨੂੰ ਨਹੀਂ ਲੱਗੇਗਾ!”

1962 ਦਾ 7ਵਾਂ ਆਲਮੀ ਕੱਪ ਚਿਲੀ ’ਚ ਖੇਡਿਆ ਗਿਆ ਜਿਸ ਦਾ ਅੰਤਮ ਮੈਚ ਬ੍ਰਾਜ਼ੀਲ ਤੇ ਚੈਕੋਸਲੋਵਾਕੀਆ ਵਿਚਕਾਰ ਹੋਇਆ। ਪੇਲੇ ਦੇ ਜ਼ਖ਼ਮੀ ਹੋਣ ਦੇ ਬਾਵਜੂਦ ਬ੍ਰਾਜ਼ੀਲ ਨੇ ਜੂਲਸ ਰੀਮੇ ਟਰਾਫ਼ੀ ਆਪਣੇ ਕਬਜ਼ੇ ’ਚ ਰੱਖੀ। 1966 ਦਾ ਵਿਸ਼ਵ ਕੱਪ ਬਰਤਾਨੀਆ ’ਚ ਹੋਇਆ ਜਿੱਥੇ ਪੇਲੇ ਫੱਟੜ ਹੋ ਗਿਆ ਤੇ ਬ੍ਰਾਜ਼ੀਲ ਦੀ ਟੀਮ ਮੁਢਲੇ ਮੈਚਾਂ ’ਚ ਹੀ ਹਾਰ ਗਈ। ਫਾਈਨਲ ਮੈਚ ਇੰਗਲੈਂਡ ਤੇ ਪੱਛਮੀ ਜਰਮਨੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜੋ ਇੰਗਲੈਂਡ ਨੇ ਜਿੱਤਿਆ। ਬਹੁਤੀ ਹੈਰਾਨੀ ਏਸ਼ੀਆ ਦੇ ਦੇਸ਼ ਉੱਤਰੀ ਕੋਰੀਆ ਨੇ ਪੈਦਾ ਕੀਤੀ ਜਦੋਂ ਇੱਕ ਮੈਚ ’ਚ ਉਸ ਨੇ ਦੋ ਵਾਰ ਵਿਸ਼ਵ ਕੱਪ ਜੇਤੂ ਇਟਲੀ ਨੂੰ ਹਰਾ ਕੇ ਕੁਆਰਟਰ ਫਾਈਨਲ ਦੀ ਪੌੜੀ ਨੂੰ ਜਾ ਹੱਥ ਪਾਏ।

ਨੌਵਾਂ ਵਿਸ਼ਵ ਕੱਪ ਮੈਕਸੀਕੋ ’ਚ ਹੋਇਆ ਜਿੱਥੇ ਬ੍ਰਾਜ਼ੀਲ ਤੇ ਇਟਲੀ ਦੀਆਂ ਟੀਮਾਂ ਫਾਈਨਲ ’ਚ ਭਿੜੀਆਂ। ਪੇਲੇ ਚੌਥੀ ਵਾਰ ਵਿਸ਼ਵ ਕੱਪ ਖੇਡਦਾ ਪੂਰੇ ਜਲੌਅ ’ਚ ਸੀ। ਇਕ ਲੱਖ ਦਰਸ਼ਕ ਮੈਕਸੀਕੋ ਦੇ ਸਟੇਡੀਅਮ ’ਚ ਪੱਬਾਂ ਭਾਰ ਸਨ। ਪੇਲੇ ਦੀ ਟੀਮ ਨੇ ਇਟਲੀ ਸਿਰ 4 ਗੋਲ ਕਰ ਕੇ ਬੰਬ ਬੁਲਾ ਦਿੱਤੀ। ਮੈਚ ਮੁੱਕਣ ਦੀ ਵਿਸਲ ਵੱਜਣ ਸਾਰ ਅਣਗਿਣਤ ਪੇਲੇ-ਪ੍ਰੇਮੀ ਉਹਦੇ ਵੱਲ ਵਧੇ ਤਾਂ ਮੌਕੇ ਦੀ ਨਜ਼ਾਕਤ ਵੇਖਦਿਆਂ ਉਹ ਨੇ ਆਪਣੀ ਜਰਸੀ ਉਨ੍ਹਾਂ ਵੱਲ ਵਗਾਹ ਮਾਰੀ ਜੋ ਨਿਸ਼ਾਨੀ ਵਜੋਂ ਉਨ੍ਹਾਂ ਦੇ ਹੱਥ ਲੀਰ ਲੀਰ ਆਈ। ਪੇਲੇ ਭੱਜ ਕੇ ਕਮਰੇ ’ਚ ਜਾ ਲੁਕਿਆ। ਉਸ ਨੇ ਸ਼ੁਕਰ ਕੀਤਾ ਕਿ ਮੈਕਸੀਕੋ ਦੇ ਦਰਸ਼ਕਾਂ ਕੋਲੋਂ ਉਹਦਾ ਕੱਛਾ ਬਚ ਗਿਆ ਸੀ! ਪੇਲੇ ਦੇ ਜਨਮ ਸਮੇਂ ਉਹਦੇ ਫੁਟਬਾਲਰ ਪਿਤਾ ਨੇ ਪੁੱਤਰ ਦੇ ਪੱਟ ਤੇ ਪੈਰ ਟੋਂਹਦਿਆਂ ਕਿਹਾ ਸੀ, “ਲੱਗਦੈ ਫੁਟਬਾਲ ਚੰਗੀ ਖੇਡ ਲਏਗਾ।” ਮਾਂ ਨੇ ਟੋਕਿਆ ਸੀ, “ਇਹ ਨੂੰ ਫੁਟਬਾਲਰ ਬਣਨ ਦਾ ਸਰਾਪ ਨਾ ਦੇਹ। ਅੱਗੇ ਫੁਟਬਾਲ ਖੇਡ ਕੇ ਤੂੰ ਕੀ ਲੱਲ੍ਹਰ ਲਾਇਐ?”

ਬ੍ਰਾਜ਼ੀਲ ਦੇ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਨਾਲ ਜੂਲਸ ਰੀਮੇ ਟਰਾਫ਼ੀ ਪੱਕੇ ਤੌਰ ’ਤੇ ਬ੍ਰਾਜ਼ੀਲ ਦੀ ਬਣ ਗਈ ਸੀ। 1983 ’ਚ 18 ਕੈਰੇਟ ਸੋਨੇ ਦੀ ਉਸ ਟਰਾਫ਼ੀ ਨੂੰ ਚੋਰਾਂ ਨੇ ਚੋਰੀ ਕਰ ਲਿਆ ਤੇ ਮਗਰੋਂ ਭੰਨ ਗਾਲ ਸੁਟਿਆ। ਚੋਰ ਬੇਸ਼ੱਕ ਫੜੇ ਗਏ ਪਰ ਟਰਾਫ਼ੀ ਨਾ ਲੱਭੀ। 1974 ਦੇ ਵਿਸ਼ਵ ਕੱਪ ਲਈ ਨਵੀਂ ਟਰਾਫ਼ੀ ਤਿਆਰ ਕਰਵਾਈ ਗਈ ਸੀ, ਜੋ ਫਾਈਨਲ ਮੈਚ ’ਚ ਪੱਛਮੀ ਜਰਮਨੀ ਨੇ ਹਾਲੈਂਡ ਨੂੰ ਹਰਾ ਕੇ ਜਿੱਤੀ। ਨਵੀਂ ਟਰਾਫ਼ੀ 18 ਕੈਰੇਟ ਸੋਨੇ ਦੀ ਹੈ ਜਿਸ ਦਾ ਬੇਸ ਹਰੇ ਕੀਮਤੀ ਪੱਥਰ ਦਾ ਹੈ। ਉਚਾਈ 36.5 ਸੈਂਟੀਮੀਟਰ, ਚੌੜਾਈ 12.5 ਸੈਂਟੀਮੀਟਰ ਤੇ ਭਾਰ 6.175 ਕਿਲੋਗ੍ਰਾਮ ਹੈ। ਸਿਰਫ਼ ਸੋਨੇ ਤੇ ਸਮੱਗਰੀ ਦੀ ਕੀਮਤ ਹੀ 250000 ਅਮਰੀਕਨ ਡਾਲਰ ਬਣਦੀ ਹੈ। ਮਾਹਿਰਾਂ ਨੇ ਇਸ ਦੀ ਇਤਿਹਾਸਕ ਤੇ ਪ੍ਰਤੀਕਆਤਮਕ ਕੀਮਤ 20 ਮਿਲੀਅਨ ਅਮਰੀਕਨ ਡਾਲਰ ਮਿਥੀ ਹੈ। ਇਹ ਦੁਨੀਆ ਦੀ ਸਭ ਤੋਂ ਮਹਿੰਗੀ ਖੇਡ ਟਰਾਫ਼ੀ ਹੈ ਜੋ ਦੁਨੀਆ ਭਰ ’ਚ ਫੁਟਬਾਲ ਦੀ ਏਕਤਾ ਤੇ ਮਹੱਤਤਾ ਦੀ ਪ੍ਰਤੀਕ ਹੈ।

1978 ਵਿਚ ਅਰਜਨਟੀਨਾ ਨੇ ਫ਼ਤਿਹ ਹਾਸਲ ਕੀਤੀ ਤੇ 1982 ’ਚ ਇਟਲੀ ਨੇ। ਇਟਲੀ ਦੇ ਖਿਡਾਰੀ ਪਾਓਲੋ ਰੌਸੀ ਨੂੰ ਜਕੋਤਕੀ ’ਚ ਖਿਡਾਇਆ ਗਿਆ ਸੀ ਪਰ ਉਸ ਨੇ ਫਾਈਨਲ ਮੈਚ ’ਚ ਜਰਮਨੀ ਸਿਰ 3 ਗੋਲ ਕਰ ਕੇ ਧੰਨ ਧੰਨ ਕਰਾ ਦਿੱਤੀ। 1986 ਦਾ ਵਿਸ਼ਵ ਕੱਪ ਅਰਜਨਟੀਨਾ ਨੇ ਜਿੱਤਿਆ ਜਿਸ ਵਿਚ ਮੈਰਾਡੋਨਾ ਦੇ ਰੱਬੀ ਹੱਥ ਨਾਲ ਹੋਏ ਗੋਲ ਦੀ ਕਰਾਮਾਤ ਵਾਪਰੀ। ਅਗਲੇ ਵਿਸ਼ਵ ਕੱਪਾਂ ’ਚ ਇਟਲੀ, ਜਰਮਨੀ ਤੇ ਫਰਾਂਸ ਵਿਸ਼ਵ ਵਿਜੇਤਾ ਬਣੇ।

21ਵੀਂ ਸਦੀ ਦਾ ਪਹਿਲਾ ਉਂਝ 17ਵਾਂ ਵਿਸ਼ਵ ਕੱਪ ਪਹਿਲੀ ਵਾਰ ਏਸ਼ੀਆ ਦੀ ਧਰਤੀ ’ਤੇ ਖੇਡਿਆ ਗਿਆ। ਕੋਰੀਆ ਤੇ ਜਾਪਾਨ ਦੇ ਸ਼ਹਿਰ ਇਹਦੇ ਮੇਜ਼ਬਾਨ ਸਨ। ਸੰਸਾਰ ਦੇ ਲਗਪਗ 200 ਮੁਲਕਾਂ ਦੀਆਂ ਟੀਮਾਂ ’ਚੋਂ ਆਪਸ ਵਿਚੀਂ ਮੈਚ ਖਿਡਾ ਕੇ 32 ਟੀਮਾਂ ਨਿਤਾਰੀਆਂ ਗਈਆਂ ਜਿਨ੍ਹਾਂ ਨੂੰ ਅੱਗੇ 8 ਗਰੁੱਪਾਂ ਵਿੱਚ ਵੰਡਿਆ ਗਿਆ। 31 ਮਈ 2002 ਨੂੰ ਨਵੀਂ ਸਦੀ ਦੇ ਵਿਸ਼ਵ ਕੱਪ ਦਾ ਸ਼ਾਨਾਂਮੱਤਾ ਉਦਘਾਟਨ ਹੋਇਆ ਅਤੇ ਪਹਿਲਾ ਮੈਚ ਆਲਮੀ ਚੈਂਪੀਅਨ ਫਰਾਂਸ ਤੇ ਅਫ਼ਰੀਕੀ ਮੁਲਕ ਸੈਨੇਗਲ ਦੀ ਪਹਿਲੀ ਵਾਰ ਭਾਗ ਲੈ ਰਹੀ ਨਵੀਂ ਟੀਮ ਵਿਚਾਲੇ ਖੇਡਿਆ ਗਿਆ। ਇਹ ਗੱਲ ਕਿਸੇ ਦੇ ਖ਼ਾਬ-ਓ-ਖਿਆਲ ਵਿਚ ਵੀ ਨਹੀਂ ਸੀ ਕਿ ਸੈਨੇਗਲ ਛੁਪਿਆ ਰੁਸਤਮ ਨਿਕਲੇਗਾ ਜੋ ਵਿਸ਼ਵ ਕੱਪ ਦੇ ਤਕੜੇ ਦਾਅਵੇਦਾਰ ਫਰਾਂਸ ਦੀਆਂ ਗੋਡਣੀਆਂ ਲੁਆ ਦੇਵੇਗਾ।

ਕੁਆਰਟਰ ਫਾਈਨਲ ’ਚ ਕੋਰੀਆ ਨੇ ਸਪੇਨ ਨੂੰ, ਜਰਮਨੀ ਨੇ ਅਮਰੀਕਾ ਨੂੰ, ਤੁਰਕੀ ਨੇ ਸੈਨੇਗਲ ਨੂੰ ਤੇ ਬ੍ਰਾਜ਼ੀਲ ਨੇ ਇੰਗਲੈਂਡ ਨੂੰ ਜਿੱਤ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਪਾਇਆ। ਬ੍ਰਾਜ਼ੀਲ ਤੇ ਜਰਮਨੀ ਸੱਤ ਸੱਤ ਵਾਰ ਵਿਸ਼ਵ ਕੱਪ ਦੇ ਫਾਈਨਲ ’ਚ ਪੁੱਜ ਚੁੱਕੇ ਸਨ ਪਰ ਆਪਸ ਵਿੱਚ ਕਦੇ ਨਹੀਂ ਸਨ ਟੱਕਰੇ। ਬ੍ਰਾਜ਼ੀਲ ਨੇ 4 ਵਾਰ ਵਿਸ਼ਵ ਕੱਪ ਜਿੱਤਿਆ ਸੀ ਤੇ ਜਰਮਨੀ ਨੇ ਤਿੰਨ ਵਾਰ। ਦੁਨੀਆ ਦੇ ਸਭ ਤੋਂ ਮਹਿੰਗੇ ਖਿਡਾਰੀ ਰੋਨਾਲਡੋ ਨੇ 2 ਗੋਲ ਦਾਗ ਕੇ 8 ਗੋਲਾਂ ਨਾਲ ਗੋਲਡਨ ਬੂਟ ਵੀ ਹਾਸਲ ਕਰ ਲਏ ਤੇ ਬ੍ਰਾਜ਼ੀਲ ਨੂੰ ਪੰਜਵੀਂ ਵਾਰ ਫੁਟਬਾਲ ਦਾ ਸ਼ਹਿਨਸ਼ਾਹ ਬਣਾਇਆ। 2006 ਦਾ ਕੱਪ ਇਟਲੀ ਨੇ ਫਰਾਂਸ ਨੂੰ, 2010 ਦਾ ਕੱਪ ਸਪੇਨ ਨੇ ਨੀਦਰਲੈਂਡ ਨੂੰ, 2014 ਦਾ ਕੱਪ ਜਰਮਨੀ ਨੇ ਅਰਜਨਟੀਨਾ ਨੂੰ, 2018 ਦਾ ਕੱਪ ਫਰਾਂਸ ਨੇ ਕ੍ਰੋਸ਼ੀਆ ਨੂੰ, 2022 ਦਾ ਕੱਪ ਅਰਜਨਟੀਨਾ ਨੇ ਫਰਾਂਸ ਨੂੰ ਤੇ 2026 ਦਾ ਕੱਪ ਸਪੇਨ ਨੇ ਅਰਜਨਟੀਨਾ ਨੂੰ ਫਾਈਨਲ ਵਿੱਚ ਹਰਾ ਕੇ ਜਿੱਤੇ।

ਆਲਮੀ ਕੱਪ ਖੇਡਣ ਦੇ ਦਿਨ ਤਾਂ ਬੇਸ਼ੱਕ ਗਿਣਤੀ ਦੇ ਹੁੰਦੇ ਹਨ ਤੇ ਮੈਚ ਵੀ ਗਿਣਤੀ ਦੇ ਪਰ ਉਨ੍ਹਾਂ ਦੀਆਂ ਗੱਲਾਂ ਮਹੀਨਿਆਂ ਤੇ ਸਾਲਾਂ-ਬੱਧੀ ਚਲਦੀਆਂ ਰਹਿੰਦੀਆਂ ਹਨ। ਆਲਮੀ ਕੱਪਾਂ ’ਚ ਕਈ ਘਟਨਾਵਾਂ ਐਸੀਆਂ ਵਾਪਰਦੀਆਂ ਹਨ ਜੋ ਦੇਰ ਤਕ ਨਹੀਂ ਭੁਲਦੀਆਂ। ਜੇਤੂਆਂ ਦੀਆਂ ਖ਼ੁਸ਼ੀ ’ਚ ਖਿੜੀਆਂ ਵਰਾਛਾਂ ਤੇ ਹਾਰੂਆਂ ਦੇ ਗ਼ਮਗੀਨ ਚਿਹਰੇ! ਹਾਰਨ ਵਾਲਿਆਂ ਤੋਂ ਉਠਿਆ ਨਹੀਂ ਜਾਂਦਾ ਤੇ ਜਿੱਤਣ ਵਾਲਿਆਂ ਤੋਂ ਬੈਠਿਆ ਨਹੀਂ ਜਾਂਦਾ। ਟੀਮਾਂ ਦੇ ਕੋਚਾਂ ਦੀ ਪਰੇਸ਼ਾਨੀ ਤੇ ਖ਼ੁਸ਼ੀ ਦਾ ਵੀ ਕੋਈ ਅੰਤ ਨਹੀਂ ਰਹਿੰਦਾ। ਦਰਸ਼ਕਾਂ ਦੀ ਹਾਤ-ਹੂਤ ਦਾ ਤਾਂ ਕਾਹਦਾ ਹਿਸਾਬ ਕਿਤਾਬ ਹੋਣਾ ਸੀ? ਜਦ ਨੂੰ ਹੁਣ ਵਾਲੇ 23ਵੇਂ ਆਲਮੀ ਕੱਪ ਦੀਆਂ ਗੱਲਾਂ ਮੁੱਕਣਗੀਆਂ ਉਦੋਂ ਨੂੰ 24ਵੇਂ ਫੀਫਾ ਕੱਪ ਦੀਆਂ ਗੱਲਾਂ ਸ਼ੁਰੂ ਹੋ ਜਾਣਗੀਆਂ। ਇਹੋ ਜੀਵਨ ਦਾ ਗੇੜ ਹੈ ਤੇ ਇਹੋ ਖੇਡ ਦਾ ਫਲਸਫਾ। ਇਕ ਖੇਡ ਮੇਲੇ ਦੀ ਧੂੜ ਬਹਿੰਦੀ ਹੈ ਤੇ ਦੂਜੇ ਦੀ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਵੇਖਾਂਗੇ 2030 ਵਾਲਾ ਫੀਫਾ ਦਾ ਸ਼ਤਾਬਨੀ ਫੁਟਬਾਲ ਮੇਲਾ ਕਿਹੋ ਜਿਹਾ ਲੱਗਦਾ?

ਈ-ਮੇਲ: principalsarwansingh@gmail.com

Advertisement
×