DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਵਿਧਾਨ ਦੇ ਪਿਤਾਮਾ ਡਾ. ਭੀਮ ਰਾਓ ਅੰਬੇਡਕਰ

ਡਾ. ਭੀਮ ਰਾਓ ਅੰਬੇਡਕਰ ਉੱਚ ਕੋਟੀ ਦੇ ਵਿਦਵਾਨ, ਕਾਨੂੰਨੀ ਮਾਹਿਰ, ਮਹਾਨ ਅਰਥ ਸ਼ਾਸਤਰੀ, ਸਮਾਜ ਸੁਧਾਰਕ, ਦਾਰਸ਼ਨਿਕ, ਉੱਘੇ ਲੇਖਕ, ਸੰਪਾਦਕ, ਦੇਸ਼ ਭਗਤ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਨਾਲ਼ ਸਨਮਾਨਿਤ ਮਹਾਨ ਸ਼ਖ਼ਸੀਅਤ ਹਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਸੁਧਾਰ...

  • fb
  • twitter
  • whatsapp
  • whatsapp
Advertisement

ਡਾ. ਭੀਮ ਰਾਓ ਅੰਬੇਡਕਰ ਉੱਚ ਕੋਟੀ ਦੇ ਵਿਦਵਾਨ, ਕਾਨੂੰਨੀ ਮਾਹਿਰ, ਮਹਾਨ ਅਰਥ ਸ਼ਾਸਤਰੀ, ਸਮਾਜ ਸੁਧਾਰਕ, ਦਾਰਸ਼ਨਿਕ, ਉੱਘੇ ਲੇਖਕ, ਸੰਪਾਦਕ, ਦੇਸ਼ ਭਗਤ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਨਾਲ਼ ਸਨਮਾਨਿਤ ਮਹਾਨ ਸ਼ਖ਼ਸੀਅਤ ਹਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਸੁਧਾਰ ਦੇ ਕਾਰਜ ਕਰਦਿਆਂ ਦੇਸ਼, ਕੌਮ, ਰਾਜ ਅਤੇ ਸਮਾਜ ਦੇ ਲੇਖੇ ਲਾਈ। ਉਨ੍ਹਾਂ ਨੇ ਵਿਸ਼ੇਸ਼ ਤੌਰ ਉੱਤੇ ਸਮਾਜ ਦੇ ਦੱਬੇ ਕੁਚਲੇ ਅਤੇ ਹਾਸ਼ੀਏ ਉੱਤੇ ਧੱਕੇ ਪਛੜੇ ਵਰਗ ਦੇ ਲੋਕਾਂ ਨੂੰ ਸਮਾਜ ਵਿੱਚ ਸਨਮਾਨ ਯੋਗ ਥਾਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਭੀਮ ਰਾਓ ਦਾ ਜਨਮ ਮਾਤਾ ਭੀਮਾ ਬਾਈ ਅਤੇ ਪਿਤਾ ਸੂਬੇਦਾਰ ਮੇਜਰ ਰਾਮਜੀ ਦਾਸ ਦੇ ਘਰ ਪਿੰਡ ਅੰਬਾਡਵੇ ਜ਼ਿਲ੍ਹਾ ਰਤਨਾਗਿਰੀ ਮਹਾਰਾਸ਼ਟਰ ਵਿੱਚ 14 ਅਪਰੈਲ 1891 ਈਸਵੀ ਨੂੰ ਹੋਇਆ। ਡਾ. ਅੰਬੇਡਕਰ ਮਾਹਾਰ ਜਾਤੀ ਨਾਲ ਸੰਬੰਧ ਰੱਖਦੇ ਸਨ। ਜਦੋਂ ਉਹ 2 ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਮਤਰੇਈ ਮਾਂ ਆਖ਼ਰ ਮਤਰੇਈ ਹੀ ਸਾਬਤ ਹੋਈ। ਉਹ ਹਰ ਗੱਲ ਵਿੱਚ ਭੀਮ ਰਾਓ ਨੂੰ ਨੀਵਾਂ ਦਿਖਾਉਣ ਦੀ ਤਾਕ ਵਿੱਚ ਰਹਿੰਦੀ ਸੀ। ਘਰ ਵਿੱਚ ਗ਼ੁਰਬਤ ਹਰ ਪਾਸੇ ਪੱਸਰੀ ਹੋਈ ਸੀ।

ਭੀਮ ਰਾਓ ਦਾ ਵਿਆਹ ਨੌਂ ਸਾਲਾ ਰਾਮਾ ਬਾਈ ਨਾਲ਼ 1906 ਈਸਵੀ ਵਿੱਚ ਹੋਇਆ ਪਰੰਤੂ ਬਿਮਾਰੀ ਕਾਰਨ ਵਿਆਹ ਤੋਂ 29 ਵਰ੍ਹੇ ਬਾਅਦ ਉਸ ਦੀ ਮੌਤ ਹੋ ਗਈ। ਡਾ. ਅੰਬੇਡਕਰ ਨੇ 18 ਅਪਰੈਲ 1947 ਈਸਵੀ ਨੂੰ ਸਵਿਤਾ ਨਾਲ਼ ਦੂਜਾ ਵਿਆਹ ਕਰਵਾ ਲਿਆ, ਜੋ ਪੇਸ਼ੇ ਵਜੋਂ ਡਾਕਟਰ ਸੀ। ਉਸ ਸਮੇਂ ਸਮਾਜ ਵਿੱਚ ਊਚ-ਨੀਚ ਅਤੇ ਛੂਤ-ਛਾਤ ਦੀ ਬਿਮਾਰੀ ਨੇ ਬਹੁਤ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਸਨ। ਪਛੜੇ ਵਰਗ ਦੇ ਲੋਕਾਂ ਨੂੰ ਨਫ਼ਰਤ ਅਤੇ ਹਕਾਰਤ ਭਰੀਆਂ ਨਜ਼ਰਾਂ ਨਾਲ਼ ਦੇਖਿਆ ਜਾਂਦਾ ਸੀ। ਉਨ੍ਹਾਂ ਨਾਲ਼ ਭੈੜਾ ਸਲੂਕ ਕੀਤਾ ਜਾਂਦਾ ਸੀ। ਇਨ੍ਹਾਂ ਸਮਾਜਿਕ ਕੁਰੀਤੀਆਂ ਅਤੇ ਜਾਤੀ ਵਖਰੇਵਿਆਂ ਨੇ ਭੀਮ ਰਾਓ ਦੇ ਨਰੋਏ ਅਤੇ ਰੌਸ਼ਨ ਦਿਮਾਗ਼ ਉੱਤੇ ਬਹੁਤ ਡੂੰਘਾ ਪ੍ਰਭਾਵ ਪਾਇਆ।

Advertisement

ਜਦੋਂ ਸਕੂਲ ਦੀ ਪੜ੍ਹਾਈ ਦੌਰਾਨ ਉਨ੍ਹਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨਾਲ਼ ਜਾਤੀ ਭੇਦ-ਭਾਵ ਕੀਤਾ ਤਾਂ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ। ਉਨ੍ਹਾਂ ਨੂੰ ਜਮਾਤ ਦੇ ਹੋਰ ਮੁੰਡਿਆਂ ਦੇ ਬਰਾਬਰ ਨਹੀਂ ਸੀ ਬੈਠਣ ਦਿੱਤਾ ਜਾਂਦਾ। ਸਗੋਂ ਉਨ੍ਹਾਂ ਨੂੰ ਕਲਾਸ ਤੋਂ ਥੋੜ੍ਹਾ ਪਰੇ ਹਟ ਕੇ ਬਿਠਾਇਆ ਜਾਂਦਾ ਸੀ। ਉਨ੍ਹਾਂ ਨੂੰ ਸਕੂਲ ਵਿੱਚ ਰੱਖੇ ਪਾਣੀ ਦੇ ਭਰੇ ਘੜਿਆਂ ਵਿੱਚੋਂ ਪਾਣੀ ਪੀਣ ਦੀ ਸਖ਼ਤ ਮਨਾਹੀ ਸੀ। ਅਧਿਆਪਕ ਵੱਲੋਂ ਪੁੱਛੇ ਗਏ ਸਵਾਲਾਂ ਦੇ ਉੱਤਰ ਜਦੋਂ ਬਾਕੀ ਸਾਰੇ ਵਿਦਿਆਰਥੀਆਂ ਵਿੱਚੋਂ ਕੋਈ ਨਾ ਦੇ ਸਕਦਾ ਤਾਂ ਉਦੋਂ ਭੀਮ ਰਾਓ ਤੋਂ ਜਵਾਬ ਪੁੱਛਿਆ ਜਾਂਦਾ ਸੀ। ਉਦੋਂ ਉਹ ਬਹੁਤ ਹੀ ਸਹਿਜ ਹੋ ਕੇ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੰਦਾ। ਉਸ ਮੂੰਹੋਂ ਸਹੀ ਉੱਤਰ ਸੁਣ ਕੇ ਅਧਿਆਪਕ ਨੂੰ ਬਹੁਤ ਖ਼ੁਸ਼ੀ ਹੁੰਦੀ ਸੀ ਪਰੰਤੂ ਉਹ ਆਪਣੇ ਅੰਦਰੋਂ ਚਾਹੁੰਦਾ ਹੋਇਆ ਵੀ ਭੀਮ ਰਾਓ ਦੀ ਪ੍ਰਸ਼ੰਸਾ ਨਾ ਕਰਦਾ।

Advertisement

ਭੀਮ ਰਾਓ ਨੇ ਦਸਵੀਂ ਪਾਸ ਕਰਨ ਉਪਰੰਤ ਐਲਫਿੰਸਟਨ ਕਾਲਜ ਬੰਬਈ ਵਿੱਚ ਦਾਖ਼ਲਾ ਲੈ ਲਿਆ। ਇੱਥੋਂ ਹੀ ਉਨ੍ਹਾਂ ਗ੍ਰੈਜੂਏਸ਼ਨ ਦੀ ਡਿਗਰੀ 1912 ਈਸਵੀ ਵਿੱਚ ਹਾਸਲ ਕੀਤੀ। ਇਸੇ ਸਮੇਂ ਮਹਾਰਾਜਾ ਬੜੌਦਾ ਨੇ ਉਨ੍ਹਾਂ ਨੂੰ ਸਰਕਾਰੀ ਖਰਚੇ ਉੱਤੇ ਉੱਚ ਵਿੱਦਿਆ ਹਾਸਲ ਕਰਨ ਲਈ ਅਮਰੀਕਾ ਭੇਜ ਦਿੱਤਾ, ਜਿੱਥੋਂ ਉਨ੍ਹਾਂ ਨੇ ਐੱਮ ਏ ਪਾਸ ਕੀਤੀ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਪੀ-ਐੱਚਡੀ ਦੀ ਡਿਗਰੀ ਹਾਸਲ ਕੀਤੀ। ਅਮਰੀਕਾ ਤੋਂ ਉਹ ਇੰਗਲੈਂਡ ਚਲੇ ਗਏ। ਇੱਥੇ ਆ ਕੇ ਲਾਅ ਦੀ ਡਿਗਰੀ ਹਾਸਲ ਕਰਨ ਲਈ ਤਿਆਰੀ ਆਰੰਭ ਦਿੱਤੀ। ਪਰੰਤੂ ਇਸੇ ਦੌਰਾਨ ਉਨ੍ਹਾਂ ਦੇ ਸਕਾਲਰਸ਼ਿਪ ਦੀ ਮਿਆਦ ਖ਼ਤਮ ਹੋ ਚੁੱਕੀ ਸੀ ਜਿਸ ਕਰ ਕੇ ਉਨ੍ਹਾਂ ਨੂੰ ਆਪਣਾ ਮਿਸ਼ਨ ਅਧੂਰਾ ਛੱਡ ਕੇ ਵਾਪਸ ਭਾਰਤ ਆਉਣਾ ਪਿਆ। ਡਾ. ਭੀਮ ਰਾਓ ਅੰਬੇਡਕਰ ਦੀ ਯੋਗਤਾ ਅਤੇ ਸਖ਼ਤ ਮਿਹਨਤ ਨੂੰ ਦੇਖ ਕੇ ਬੜੌਦਾ ਦੇ ਮਹਾਰਾਜੇ ਨੇ ਉਨ੍ਹਾਂ ਨੂੰ ਫ਼ੌਜੀ ਸਕੱਤਰ ਵਜੋਂ ਨਿਯੁਕਤੀ ਪੱਤਰ ਦੇ ਦਿੱਤਾ। ਪਰੰਤੂ ਸਮਾਜ ਵਿਚਲੇ ਜਾਤ ਪ੍ਰਥਾ ਦੇ ਵਖਰੇਵੇਂ ਇੱਥੇ ਵੀ ਪਹਿਲਾਂ ਵਾਂਗ ਹੀ ਬਰਕਰਾਰ ਸਨ। ਇੱਥੋਂ ਦੇ ਬਹੁਤ ਸਾਰੇ ਕਰਮਚਾਰੀ ਉਨ੍ਹਾਂ ਨੂੰ ਅਛੂਤ ਸਮਝ ਕੇ ਨਫ਼ਰਤ ਕਰਦੇ ਰਹੇ। ਉਨ੍ਹਾਂ ਨੂੰ ਹਕਾਰਤ ਭਰੀਆਂ ਨਜ਼ਰਾਂ ਨਾਲ਼ ਦੇਖਦੇ ਰਹੇ। ਆਖ਼ਰ ਅੱਕ ਕੇ ਉਨ੍ਹਾਂ ਇਹ ਨੌਕਰੀ ਛੱਡ ਦਿੱਤੀ। ਫ਼ਿਰ ਉਨ੍ਹਾਂ ਨੂੰ ਬੰਬਈ ਦੇ ਕਾਲਜ ਵਿੱਚ ਇਕਨੌਮਿਕਸ ਦੇ ਪ੍ਰੋਫ਼ੈਸਰ ਵਜੋਂ ਨਿਯੁਕਤੀ ਪੱਤਰ ਮਿਲ ਗਿਆ। ਪਰੰਤੂ ਜਾਤ-ਪਾਤ ਦੇ ਵਖਰੇਵੇਂ ਇੱਥੇ ਵੀ ਪਹਿਲਾਂ ਵਾਂਗ ਹੀ ਉਨ੍ਹਾਂ ਦਾ ਪਿੱਛਾ ਕਰਦੇ ਰਹੇ। ਸਮਾਜ ਵਿੱਚ ਫ਼ੈਲੇ ਇਸ ਸਮਾਜਿਕ ਵਿਤਕਰੇ ਨੇ ਡਾ. ਅੰਬੇਡਕਰ ਦੇ ਮਨ ਵਿੱਚ ਬਹੁਤ ਜ਼ਿਆਦਾ ਰੋਸ ਪੈਦਾ ਕੀਤਾ। ਇਸ ਸਮਾਜਿਕ ਨਾ-ਬਰਾਬਰੀ, ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ, ਪੱਛੜੇ ਵਰਗਾਂ ਦੇ ਲੋਕਾਂ ਦੀ ਵਿੱਦਿਆ ਦੇ ਪ੍ਰਸਾਰ ਅਤੇ ਵਿਸਥਾਰ ਲਈ, ਸੱਭਿਆਚਾਰਕ ਅਤੇ ਆਰਥਿਕ ਤਰੱਕੀ ਲਈ ਉਨ੍ਹਾਂ ਲਗਾਤਾਰ ਜੂਝਣ ਦਾ ਫ਼ੈਸਲਾ ਕੀਤਾ। ਇਸ ਪ੍ਰਕਾਰ ਉਹ ਇਸ ਸੰਘਰਸ਼ ਦੇ ਮੈਦਾਨ ਵਿੱਚ ਤਨ-ਮਨ ਨਾਲ਼ ਡਟ ਗਏ।

ਬੰਬਈ ਵਿੱਚ ਰਹਿੰਦਿਆਂ ਉਨ੍ਹਾਂ ਅਤਿ ਦੇ ਗ਼ਰੀਬ ਅਤੇ ਦਲਿਤ ਵਰਗ ਲਈ ਅਨੇਕਾਂ ਘਾਲਣਾਵਾਂ ਘਾਲੀਆਂ। ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ ਕਈ ਸਭਾਵਾਂ ਅਤੇ ਸੰਸਥਾਵਾਂ ਕਾਇਮ ਕੀਤੀਆਂ। ਉਦੋਂ ਸਮਾਜ ਵਿੱਚ ਅਖ਼ਬਾਰ ਦੀ ਸ਼ਕਤੀ ਨੂੰ ਪਛਾਣਦੇ ਹੋਏ ਉਨ੍ਹਾਂ ‘ਲੀਡਰ ਆਫ਼ ਸਾਇਲੈਂਟ’ ਨਾਂ ਦਾ ਹਫ਼ਤਾਵਾਰੀ ਅਖ਼ਬਾਰ (1920 ਈਸਵੀ) ਪ੍ਰਕਾਸ਼ਿਤ ਕਰਨਾ ਆਰੰਭ ਕੀਤਾ। ਉਨ੍ਹਾਂ ਦੀ ਵਿਦਵਤਾ ਅਤੇ ਲਿਆਕਤ ਨੂੰ ਦੇਖਦੇ ਹੋਏ ਭੀਮ ਰਾਓ ਨੂੰ 1926 ਈਸਵੀ ਵਿੱਚ ਵਿਧਾਨ ਸਭਾ ਦਾ ਮੈਂਬਰ ਨਿਯੁਕਤ ਕੀਤਾ ਗਿਆ।

ਅਗਲੇ ਸਾਲ (1927 ਈਸਵੀ ਵਿੱਚ) ਜਾਤ-ਪਾਤ, ਛੂਤ-ਛਾਤ ਦੀ ਅਲਾਮਤ ਵਿਰੁੱਧ ਕਈ ਅੰਦੋਲਨ ਆਰੰਭ ਕੀਤੇ। 1928 ਈਸਵੀ ਵਿੱਚ ਭੀਮ ਰਾਓ ਨੂੰ ਬੰਬੇ ਪ੍ਰੈਜ਼ੀਡੈਂਸੀ ਕਮੇਟੀ ਵਿੱਚ ਕੰਮ ਕਰਨ ਲਈ ਨਿਯੁਕਤ ਕਰ ਦਿੱਤਾ ਗਿਆ। ਉਨ੍ਹਾਂ ਆਪਣੀ ਮਿਹਨਤ ਸਦਕਾ ਸਰਕਾਰੀ ਲਾਅ ਕਾਲਜ ਦੇ ਪ੍ਰਿੰਸੀਪਲ ਦਾ ਅਹੁਦਾ ਹਾਸਲ ਕੀਤਾ। ਉਨ੍ਹਾਂ ਨੂੰ ਪੜ੍ਹਨ ਅਤੇ ਲਿਖਣ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਆਪਣੇ ਇਸੇ ਸ਼ੌਕ ਦੀ ਪੂਰਤੀ ਹਿੱਤ ਉਨ੍ਹਾਂ ਬੰਬਈ ਵਿੱਚ ਆਪਣੇ ਘਰ ਵਿੱਚ ਇੱਕ ਲਾਇਬਰੇਰੀ ਸਥਾਪਤ ਕੀਤੀ ਜਿਸ ਵਿੱਚ ਪੰਜਾਹ ਹਜ਼ਾਰ ਤੋਂ ਵੱਧ ਪੁਸਤਕਾਂ ਸਨ।

ਭੀਮ ਰਾਓ ਦੀਆਂ ਲਿਖੀਆਂ ਪੁਸਤਕਾਂ ਵਿੱਚੋਂ ਜਾਤ-ਪਾਤ ਦਾ ਬੀਜ ਨਾਸ, ਰਾਜ ਅਤੇ ਘੱਟ ਗਿਣਤੀਆਂ, ਮਿ. ਗਾਂਧੀ ਅਤੇ ਅਛੂਤਾਂ ਦੀ ਆਜ਼ਾਦੀ, ਅਛੂਤ ਕੌਣ ਅਤੇ ਕਿਵੇਂ?, ਥੌਟਸ ਔਫ ਪਾਕਿਸਤਾਨ, ਬੁੱਧ ਅਤੇ ਉਨ੍ਹਾਂ ਦਾ ਧਰਮ ਆਦਿ ਹੋਰ ਵੀ ਕਈ ਪੁਸਤਕਾਂ ਲਿਖੀਆਂ। ਡਾ. ਅੰਬੇਡਕਰ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਆਪਣੀ ਰਚਨਾ ‘ਰਾਈਜ਼ ਐਂਡ ਫਾਲ ਔਫ ਹਿੰਦੂ ਵਿਮੈਨ’ ਵਿੱਚ ਇੱਕ ਥਾਂ ਦਰਜ ਕਰਦੇ ਹਨ- ‘ਬ੍ਰਾਹਮਣਵਾਦ ਰਾਜੇ ਅਤੇ ਪ੍ਰੋਹਿਤ ਨੇ ਜਿਸ ਤਰ੍ਹਾਂ ਸ਼ੂਦਰਾਂ ਅਤੇ ਹੋਰ ਮਨੁੱਖਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਕੀਤਾ ਹੈ, ਉਸੇ ਤਰ੍ਹਾਂ ਸਮਾਜ ਅਤੇ ਸੱਭਿਅਤਾ ਵਿੱਚ ਔਰਤ ਨੂੰ ਖੁਆਰ ਕੀਤਾ। ਔਰਤ ਦਾ ਜੀਵਨ ਜਾਨਵਰਾਂ ਤੋਂ ਵੀ ਭੈੜਾ ਬਣਾ ਦਿੱਤਾ ਗਿਆ ਹੈ।’

ਉਨ੍ਹਾਂ ਦਲਿਤ ਸ਼੍ੇਣੀਆਂ ਨਾਲ਼ ਸਬੰਧਿਤ ਲੋਕਾਂ ਦੀ ਇੱਕ ਕਾਨਫਰੰਸ ਮਹਾਰਾਸ਼ਟਰ ਵਿੱਚ 30 ਅਕਤੂਬਰ 1935 ਈਸਵੀ ਨੂੰ ਬੁਲਾਈ ਜਿਸ ਵਿੱਚ ਸਾਰੇ ਭਾਰਤ ਦੇ ਕੋਨੇ-ਕੋਨੇ ਤੋਂ ਆਏ ਗਿਆਰਾਂ ਹਜ਼ਾਰ ਤੋਂ ਵੱਧ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਕਾਨਫਰੰਸ ਵਿੱਚ ਉਨ੍ਹਾਂ ਦਲਿਤ ਜਾਤੀਆਂ ਨਾਲ਼ ਹੋ ਰਹੇ ਅਣਮਨੁੱਖੀ ਵਿਹਾਰ ਉੱਤੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਨਾਲ਼ ਹੀ ਉਨ੍ਹਾਂ ਕਿਹਾ ਕਿ ‘ਸਮਾਜ ਵਿੱਚ ਹਾਸ਼ੀਏ ਉੱਤੇ ਧੱਕੇ ਲੋਕ ਉਦੋਂ ਹੀ ਸਨਮਾਨਯੋਗ ਜ਼ਿੰਦਗੀ ਜੀਅ ਸਕਦੇ ਹਨ, ਜੇਕਰ ਉਹ ਪੜ੍ਹਾਈ ਨੂੰ ਆਪਣੀ ਪਹਿਲੀ ਤਰਜੀਹ ਦੇਣ।’ ਇਸੇ ਤਰ੍ਹਾਂ ਉਨ੍ਹਾਂ ਵੱਲੋਂ 31 ਮਈ 1936 ਈਸਵੀ ਨੂੰ ਇੱਕ ਹੋਰ ਕਾਨਫਰੰਸ ਬੁਲਾਈ ਗਈ, ਜਿਸ ਦਾ ਸਿੱਧਾ ਸੰਬੰਧ ਧਰਮ ਪਰਿਵਰਤਨ ਨਾਲ਼ ਸੀ। ਇਸ ਸਮੇਂ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਸੀ, ‘ਇਹੋ ਜਿਹੇ ਧਰਮ ਦਾ ਕੀ ਫਾਇਦਾ, ਜੋ ਮਨੁੱਖਵਾਦੀ ਸੋਚ ਦਾ ਧਾਰਨੀ ਨਾ ਹੋਵੇ। ਜੋ ਮਨੁੱਖਤਾ ਦੀ ਭਲਾਈ ਦੀ ਗੱਲ ਨਾ ਕਰੇ।’ ਉਨ੍ਹਾਂ ਨਾਗਪੁਰ ਵਿੱਚ ਦਸਹਿਰੇ ਵਾਲੇ ਦਿਨ 14 ਅਕਤੂਬਰ 1956 ਈਸਵੀ ਨੂੰ ਬੁੱਧ ਧਰਮ ਧਾਰਨ ਕਰ ਲਿਆ। ਬਾਅਦ ਵਿੱਚ ਉਨ੍ਹਾਂ ਬੁੱਧ ਧਰਮ ਸੰਬੰਧੀ ਇੱਕ ਪੁਸਤਕ ਵੀ ਲਿਖੀ।

ਦੇਸ਼ ਆਜ਼ਾਦ ਹੋਣ ਉਪਰੰਤ ਮੰਤਰੀ ਮੰਡਲ ਦੀ ਪਹਿਲੀ ਬੈਠਕ ਵਿੱਚ ਹੀ ਡਾ. ਭੀਮ ਰਾਓ ਅੰਬੇਡਕਰ ਨੂੰ ਕਾਨੂੰਨ ਮੰਤਰੀ ਦੀ ਉਪਾਧੀ ਨਾਲ਼ ਨਿਵਾਜਿਆ ਗਿਆ। ਆਜ਼ਾਦ ਭਾਰਤ ਵਿੱਚ 29 ਅਗਸਤ 1947 ਈਸਵੀ ਨੂੰ ਭਾਰਤ ਦਾ ਸੰਵਿਧਾਨ ਬਣਾਉਣ ਲਈ ਇੱਕ ਖਰੜਾ ਕਮੇਟੀ ਬਣਾਈ ਗਈ, ਜਿਸ ਦਾ ਪ੍ਰਧਾਨ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ। ਉਨ੍ਹਾਂ ਇੰਗਲੈਂਡ, ਬਰਤਾਨੀਆ ਅਤੇ ਹੋਰ ਵਿਕਸਤ ਦੇਸ਼ਾਂ ਦੇ ਸੰਵਿਧਾਨਾਂ ਦਾ ਬਹੁਤ ਬਾਰੀਕੀ ਨਾਲ਼ ਅਧਿਐਨ ਕੀਤਾ। ਫ਼ਿਰ ਉਨ੍ਹਾਂ ਵੱਲੋਂ ਸੰਵਿਧਾਨ ਦਾ ਖਰੜਾ ਤਿਆਰ ਕਰ ਕੇ ਸੰਸਦ ਅੱਗੇ ਪੇਸ਼ ਕੀਤਾ ਗਿਆ ਜਿਸ ਨੂੰ ਸੰਸਦ ਵੱਲੋਂ ਸਰਬਸੰਮਤੀ ਨਾਲ਼ ਪ੍ਰਵਾਨ ਕੀਤਾ ਗਿਆ। ਆਖ਼ਰ ਡਾ. ਭੀਮ ਰਾਓ ਅੰਬੇਡਕਰ 06 ਦਸੰਬਰ 1956 ਈਸਵੀ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਡਾ. ਭੀਮ ਰਾਓ ਅੰਬੇਡਕਰ ਜਿਹੇ ਯੁੱਗ ਪੁਰਸ਼ ਕਦੇ ਕਦਾਈਂ ਹੀ ਜਨਮ ਲੈਂਦੇ ਹਨ, ਜੋ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਆਰਥਿਕ ਬੁਰਾਈਆਂ ਨੂੰ ਦੂਰ ਕਰਨ ਲਈ ਆਪਣਾ ਪੂਰਾ ਜੀਵਨ ਦੇਸ਼ ਲਈ ਅਰਪਿਤ ਕਰ ਜਾਂਦੇ ਹਨ। ਉਨ੍ਹਾਂ ਵੱਲੋਂ ਕੀਤੇ ਸ਼ਲਾਘਾਯੋਗ ਕਾਰਜਾਂ ਸਦਕਾ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ‘ਭਾਰਤ ਰਤਨ’ ਦੀ ਉਪਾਧੀ 1990 ਵਿੱਚ ਦੇ ਕੇ ਨਿਵਾਜਿਆ ਗਿਆ। 1991 ਦਾ ਵਰ੍ਹਾ ‘ਅੰਬੇਡਕਰ ਸ਼ਤਾਬਦੀ ਸਾਲ’ ਵਜੋਂ ਐਲਾਨਿਆ ਗਿਆ। ਭਾਰਤ ਸਰਕਾਰ ਵੱਲੋਂ 14 ਅਪਰੈਲ 1992 ਈਸਵੀ ਨੂੰ ਪਹਿਲੀ ਵਾਰੀ ਸਰਕਾਰੀ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ।

ਸੱਚ ਤਾਂ ਇਹ ਹੈ ਕਿ ਡਾ. ਭੀਮ ਰਾਓ ਅੰਬੇਡਕਰ ਇੱਕ ਯੁੱਗ ਪਲਟਾਊ ਮਹਾਨ ਪੁਰਸ਼ ਹੋਏ ਹਨ, ਜਿਨ੍ਹਾਂ ਨੇ ਪਛੜੇ ਵਰਗ ਦੇ ਲੋਕਾਂ ਦੀ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਹਾਲਤ ਨੂੰ ਸੁਧਾਰਨ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸਮੁੱਚੇ ਦੇਸ਼ ਨੂੰ ਇੱਕ ਅਜਿਹੀ ਕਾਨੂੰਨ ਦੀ ਲੜੀ ਵਿੱਚ ਪਰੋਇਆ, ਜੋ ਅਨੇਕਤਾ ਨੂੰ ਏਕਤਾ ਵਿੱਚ ਬੰਨ੍ਹਦੀ ਹੈ। ਪਰੰਤੂ ਸੱਤਾ ਉੱਤੇ ਕਾਬਜ਼ ਸਿਆਸਤਦਾਨ, ਪ੍ਰਸ਼ਾਸਨਿਕ ਅਧਿਕਾਰੀ ਅਤੇ ਹੋਰ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਲੋਕਾਂ ਦੀਆਂ ਸੌੜੀਆਂ ਸਿਆਸੀ ਵਲਗਣਾਂ ਕਾਰਨ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਦੇ ਭਾਰਤ ਦੀ ਤਾਬੀਰ ਅਜੇ ਤੱਕ ਨਹੀਂ ਹੋ ਸਕੀ।

ਅੱਜ ਸਾਨੂੰ ਸਾਰਿਆਂ ਨੂੰ ਇਹ ਸਾਂਝਾ ਉਪਰਾਲਾ ਕਰਨ ਦੀ ਲੋੜ ਹੈ ਕਿ ਸੱਚੇ ਸੁੱਚੇ ਅਤੇ ਯੋਗ ਵਿਅਕਤੀਆਂ ਨੂੰ ਰਾਜਨੀਤੀ ਵਿੱਚ ਅੱਗੇ ਲਿਆਈਏ। ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਖ਼ੇਤਰਾਂ ਵਿਚਲੀਆਂ ਬੁਰਾਈਆਂ ਨੂੰ ਜੜ੍ਹੋਂ ਪੁੱਟ ਕੇ ਖ਼ਤਮ ਕਰੀਏ। ਕੁੜੀਆਂ ਅਤੇ ਔਰਤਾਂ ਲਈ ਸੁਰੱਖਿਅਤ ਸਮਾਜਿਕ ਮਾਹੌਲ ਸਿਰਜੀਏ। ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਅਨੁਸਾਰ ਸਰਬ ਸਾਂਝੀਵਾਲਤਾ ਵਾਲ਼ੇ ਸਮਾਜ ਦੀ ਉਸਾਰੀ ਵੱਲ ਵਧੀਏ ਤਾਂ ਜੋ ਸਾਡਾ ਦੇਸ਼ ਤਰੱਕੀ ਦੇ ਮਾਰਗ ਉੱਤੇ ਅੱਗੇ ਵਧੇ, ਆਮੀਨ।

ਸੰਪਰਕ: 84276-85020

Advertisement
×