DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕ੍ਰਾਈਸਟਚਰਚ ਦੀ ਭੂਚਾਲ ਸਿਟੀ

ਅੱਜ ਭਾਵੇਂ ਇਨਸਾਨ ਪੁਲਾੜ ਯਾਤਰਾ ਕਰਨ ਵਿੱਚ ਕਾਮਯਾਬ ਹੋ ਚੁੱਕਾ ਹੈ। ਫਿਰ ਵੀ ਕਈ ਕੁਦਰਤੀ ਵਰਤਾਰਿਆਂ ਅੱਗੇ ਮਨੁੱਖ ਹਾਲੇ ਤੱਕ ਬੇਵੱਸ ਹੈ। ਭੂਚਾਲ ਇੱਕ ਅਜਿਹਾ ਹੀ ਕੁਦਰਤੀ ਵਰਤਾਰਾ ਹੈ, ਜਿਸ ਦੀ ਅਗਾਊਂ ਸੂਚਨਾ ਲੈ ਸਕਣਾ ਅਤੇ ਇਸ ਦੇ ਮਾਰੂ...

  • fb
  • twitter
  • whatsapp
  • whatsapp
Advertisement

ਅੱਜ ਭਾਵੇਂ ਇਨਸਾਨ ਪੁਲਾੜ ਯਾਤਰਾ ਕਰਨ ਵਿੱਚ ਕਾਮਯਾਬ ਹੋ ਚੁੱਕਾ ਹੈ। ਫਿਰ ਵੀ ਕਈ ਕੁਦਰਤੀ ਵਰਤਾਰਿਆਂ ਅੱਗੇ ਮਨੁੱਖ ਹਾਲੇ ਤੱਕ ਬੇਵੱਸ ਹੈ। ਭੂਚਾਲ ਇੱਕ ਅਜਿਹਾ ਹੀ ਕੁਦਰਤੀ ਵਰਤਾਰਾ ਹੈ, ਜਿਸ ਦੀ ਅਗਾਊਂ ਸੂਚਨਾ ਲੈ ਸਕਣਾ ਅਤੇ ਇਸ ਦੇ ਮਾਰੂ ਪ੍ਰਭਾਵਾਂ ਤੋਂ ਬਚ ਸਕਣਾ ਹਾਲੇ ਵੀ ਮਨੁੱਖ ਲਈ ਟੇਢੀ ਖੀਰ ਬਣਿਆ ਹੋਇਆ ਹੈ। ਕੁਝ ਪਲਾਂ ਦੇ ਝਟਕੇ ਸਭ ਕੁਝ ਤਹਿਸ-ਨਹਿਸ ਕਰ ਦਿੰਦੇ ਹਨ।

Advertisement

ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿੱਚ ਇੱਕ ਪਰਿਵਾਰਕ ਪ੍ਰੋਗਰਾਮ ਦੌਰਾਨ ਇੱਕ ਲੜਕੇ ਨੇ ਦੱਸਿਆ ਕਿ ਉਹ 2010 ਵਿੱਚ ਸਟੱਡੀ ਵੀਜ਼ੇ ’ਤੇ ਇੱਥੇ ਆਇਆ ਸੀ। ਫਰਵਰੀ 2011 ’ਚ ਇੱਕ ਜ਼ਬਰਦਸਤ ਭੂਚਾਲ ਆਇਆ। ਉਸ ਦੇ ਦੇਖਦਿਆਂ ਦੇਖਦਿਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਡਿੱਗ ਕੇ ਮਲਬੇ ਦਾ ਰੂਪ ਧਾਰਨ ਕਰ ਗਈਆਂ। ਇਹ ਦ੍ਰਿਸ਼ ਕਿਸੇ ਡਰਾਉਣੀ ਫਿਲਮ ਤੋਂ ਘੱਟ ਨਹੀਂ ਸੀ। ਸੜਕਾਂ ਵਿੱਚ ਵੱਡੀਆਂ ਵੱਡੀਆਂ ਖਾਈਆਂ ਬਣ ਗਈਆਂ, ਬਿਜਲੀ ਸਪਲਾਈ ਬੰਦ ਹੋ ਗਈ। ਕ੍ਰਾਈਸਟਚਰਚ ਦਾ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਤਿੰਨ ਦਿਨਾਂ ਬਾਅਦ ਸਰਕਾਰ ਨੇ ਲੋਕਾਂ ਨੂੰ ਪਾਣੀ, ਦੁੱਧ ਅਤੇ ਬਰੈੱਡ ਪਹੁੰਚਾਈ। 6.3 ਦੀ ਤੀਬਰਤਾ ਵਾਲੇ ਇਸ ਭੂਚਾਲ ਵਿੱਚ 185 ਜਾਨਾਂ ਚਲੀਆਂ ਗਈਆਂ ਤੇ ਹਜ਼ਾਰਾਂ ਲੋਕ ਜ਼ਖ਼ਮੀ ਤੇ ਬੇਘਰ ਹੋ ਗਏ।

Advertisement

ਅੱਜ ਵੀ ਸਮੇਂ ਸਮੇਂ ’ਤੇ ਸਰਕਾਰ ਲੋਕਾਂ ਨੂੰ ਅਜਿਹੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਸਿਖਲਾਈ ਦਿੰਦੀ ਹੈ ਤੇ ਲੋਕਾਂ ਨੂੰ ਇੱਕ ਹਫ਼ਤੇ ਦਾ ਰਾਸ਼ਨ-ਪਾਣੀ ਜਮ੍ਹਾਂ ਰੱਖਣ ਦੀ ਤਾਕੀਦ ਕਰਦੀ ਹੈ। ਵਿਗਿਆਨ ਮੁਤਾਬਿਕ ਧਰਤੀ ਦੀ ਤਹਿ ਸਖ਼ਤ ਸਲੈਬਾਂ ਦੀ ਬਣੀ ਹੋਈ ਹੈ ਜਿਨ੍ਹਾਂ ਨੂੰ ਟੈਕਟੋਨਿਕ ਪਲੇਟਾਂ ਕਿਹਾ ਜਾਂਦਾ ਹੈ। ਇਨ੍ਹਾਂ ਪਲੇਟਾਂ ਦੀ ਜਗ੍ਹਾ ’ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਅਤੇ ਇਸ ਕਾਰਨ ਧਰਤੀ ਕੰਬਦੀ ਹੈ। ਇਹ ਨਹੀਂ ਸਮਝਣਾ ਚਾਹੀਦਾ ਕਿ ਇਸ ਲਈ ਕੁਦਰਤ ਹੀ ਜ਼ਿੰਮੇਵਾਰ ਹੈ। ਇਨਸਾਨ ਵੱਲੋਂ ਬਣਾਏ ਗਏ ਡੈਮ, ਖਣਨ ਅਤੇ ਤੇਲ ਜਾਂ ਕੁਦਰਤੀ ਗੈਸ ਕੱਢਣ ਦੇ ਤਰੀਕੇ ਵੀ ਇਨ੍ਹਾਂ ਗਤੀਵਿਧੀਆਂ ਲਈ ਜ਼ਿੰਮੇਵਾਰ ਹੁੰਦੇ ਹਨ।

ਨਿਊਜ਼ੀਲੈਂਡ ਦੇ ਮੂਲ ਬਾਸ਼ਿੰਦੇ ਮਾਓਰੀ ਹਨ। ਮਾਓਰੀ ਸਮਾਜ ਦੀਆਂ ਪ੍ਰਚੱਲਿਤ ਦੰਦਕਥਾਵਾਂ ਮੁਤਾਬਿਕ ਇਹ ਸੰਸਾਰ- ਆਸਮਾਨ (ਪਿਤਾ ਰੰਗੂ) ਅਤੇ ਧਰਤੀ ਮਾਂ (ਪਾਪਾਤੁਆਨੂਕੋ) ਨੂੰ ਇੱਕ ਦੂਜੇ ਤੋਂ ਵੱਖ ਕਰਨ ’ਤੇ ਹੋਂਦ ਵਿੱਚ ਆਇਆ। ਉਸ ਵੇਲੇ ਇਨ੍ਹਾਂ ਦਾ ਇੱਕ ਬੱਚਾ ਰਾਊਮੋਕੋ ਹਾਲੇ ਮਾਂ ਦੇ ਗਰਭ ਵਿੱਚ ਹੀ ਸੀ। ਮਾਂ ਉਸ ਨੂੰ ਧਰਤੀ ਹੇਠਾਂ ਲੈ ਗਈ, ਜਿੱਥੇ ਉਹ ਹਾਲੇ ਵੀ ਹੈ ਅਤੇ ਉਸ ਬੱਚੇ ਦਾ ਗਰਭ ਵਿੱਚ ਹਰਕਤਾਂ ਕਰਨਾ ਹੀ ਭੂਚਾਲ ਦਾ ਕਾਰਨ ਬਣਦਾ ਹੈ।

ਨਿਊਜ਼ੀਲੈਂਡ ਵਿੱਚ ਭੂਚਾਲ ਆਉਂਦੇ ਰਹਿੰਦੇ ਹਨ। ਅੰਦਾਜ਼ਨ ਹਰ ਸਾਲ ਰਿਕਟਰ ਪੈਮਾਨੇ ’ਤੇ 7 ਦੀ ਤੀਬਰਤਾ ਵਾਲਾ ਭੂਚਾਲ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਆਉਂਦਾ ਹੈ। ਆਮ ਤੌਰ ’ਤੇ ਵੱਡੇ ਭੂਚਾਲ ਤੋਂ ਬਾਅਦ ਨਿੱਕੇ ਨਿੱਕੇ ਭੂਚਾਲ ਮਹੀਨਿਆਂਬੱਧੀ ਅਤੇ ਕਈ ਵਾਰ ਸਾਲਾਂ ਤੱਕ ਆਉਂਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਸਤੰਬਰ 2010 ਵਿੱਚ ਵੀ ਵੱਡਾ ਭੂਚਾਲ ਆਇਆ ਸੀ। 4 ਸਤੰਬਰ ਤੋਂ ਬਾਅਦ 11,800 ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚੋਂ ਕੁਝ ਤਾਂ ਏਨੀ ਘੱਟ ਤੀਬਰਤਾ ਦੇ ਸਨ ਕਿ ਲੋਕਾਂ ਨੂੰ ਇਨ੍ਹਾਂ ਦਾ ਪਤਾ ਹੀ ਨਹੀਂ ਲੱਗਾ। ਕੁੱਲ 3,600 ਝਟਕੇ ਰਿਕਟਰ ਪੈਮਾਨੇ ’ਤੇ 3 ਤੋਂ ਵੱਧ ਤੀਬਰਤਾ ਵਾਲੇ ਸਨ।

ਮੈਨੂੰ ਪਤਾ ਲੱਗਿਆ ਕਿ ਸ਼ਹਿਰ ਵਿੱਚ ਇੱਕ ਕੁਏਕ (ਭੂਚਾਲ) ਸਿਟੀ ਹੈ, ਜਿੱਥੇ ਤਸਵੀਰਾਂ ਅਤੇ ਵੀਡੀਓ ਰਾਹੀਂ ਭੂਚਾਲ ਦਾ ਪੁੂਰਾ ਵੇਰਵਾ ਦਿੱਤਾ ਜਾਂਦਾ ਹੈ। ਮੈਂ ਉੱਥੇ ਪਹੁੰਚਿਆ। ਟਿਕਟ ਕਾਊਂਟਰ ’ਤੇ ਟਿਕਟ ਦਾ ਰੇਟ 20 ਡਾਲਰ ਸੀ ਪਰ ਸੀਨੀਅਰ ਸਿਟੀਜ਼ਨ ਲਈ 16 ਡਾਲਰ ਸੀ। ਵਿਦਿਆਰਥੀਆਂ ਦੀ ਟਿਕਟ ਵੀ 16 ਡਾਲਰ ਸੀ। ਇੱਥੇ ਕਿਸੇ ਨੂੰ ਸੀਨੀਅਰ ਸਿਟੀਜ਼ਨ 65 ਸਾਲ ਦੀ ਉਮਰ ਹੋਣ ’ਤੇ ਮੰਨਿਆ ਜਾਂਦਾ ਹੈ ਤੇ ਲੋਕ ਅਕਸਰ ਤੁਹਾਡੇ ’ਤੇ ਵਿਸ਼ਵਾਸ ਕਰਦੇ ਹਨ। ਮੈਂ ਕਾਊਂਟਰ ’ਤੇ ਦੱਸਿਆ ਕਿ ਮੈਂ ਸੀਨੀਅਰ ਸਿਟੀਜ਼ਨ ਹਾਂ ਪਰ ਇਸ ਵੇਲੇ ਮੇਰੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ। ਉਸ ਨੇ ਬਿਨਾਂ ਕੁਝ ਹੋਰ ਪੁੱਛਿਆਂ 16 ਡਾਲਰ ਦੀ ਟਿਕਟ ਮੇਰੇ ਹੱਥ ਦੇ ਦਿੱਤੀ। ਭਾਰਤ ਵਿੱਚ ਮੈਂ ਵੇਖਿਆ ਹੈ ਕਿ ਦੇਸ਼ਵਾਸੀਆਂ ਤੇ ਵਿਦੇਸ਼ੀਆਂ ਲਈ ਟਿਕਟਾਂ ਦਾ ਮੁੱਲ ਵੱਖੋ-ਵੱਖਰਾ ਹੁੰਦਾ ਹੈ। ਮਿਸਾਲ ਵਜੋਂ ਤਾਜਮਹੱਲ ਦੇਖਣ ਲਈ ਭਾਰਤੀਆਂ ਦੀ ਟਿਕਟ ਅੰਦਾਜ਼ਨ 50 ਰੁਪਏ ਦੀ ਹੈ ਜਦੋਂਕਿ ਵਿਦੇਸ਼ੀਆਂ ਦੀ ਟਿਕਟ ਦਾ ਮੁੱਲ ਡਾਲਰਾਂ ਵਿੱਚ ਰੱਖਿਆ ਗਿਆ ਹੈ, ਜੋ 1100 ਰੁਪਏ ਦੇ ਬਰਾਬਰ ਬਣਦਾ ਹੈ।

ਖ਼ੈਰ! ਮੈਂ ਕੁਏਕ ਸਿਟੀ ਦੇ ਅੰਦਰ ਵੜਿਆ ਤਾਂ ਤਸਵੀਰਾਂ ਤੇ ਆਡੀਓ-ਵੀਡੀਓ ਤਕਨੀਕ ਰਾਹੀਂ ਭੂਚਾਲ ਦੀ ਤਬਾਹੀ ਦੇ ਦ੍ਰਿਸ਼ ਬਿਆਨ ਕੀਤੇ ਗਏ ਸਨ। ਇੱਕ ਕਮਰੇ ਵਿੱਚ ਇੱਕ ਸਕਰੀਨ ’ਤੇ ਲੋਕ ਉਸ ਸਮੇਂ ਮਹਿਸੂਸ ਕੀਤੇ ਹਾਲਾਤ ਬਿਆਨ ਕਰ ਰਹੇ ਸਨ। ਇੱਕ ਥਾਂ ’ਤੇ ਭੂਚਾਲ ਮਾਪਣ ਲਈ ਯੰਤਰ ਲਗਾਇਆ ਹੋਇਆ ਸੀ ਤੇ ਉਸ ਦੇ ਸਾਹਮਣੇ ਖਲੋਣ ਲਈ ਜ਼ਮੀਨ ’ਤੇ ਥਾਂ ਦੱਸੀ ਗਈ ਸੀ। ਤੁਸੀਂ ਉਸ ਦੱਸੀ ਥਾਂ ’ਤੇ ਖਲੋ ਕੇ ਜ਼ੋਰ ਨਾਲ ਪੈਰ ਜ਼ਮੀਨ ’ਤੇ ਮਾਰੋ ਤਾਂ ਸਕਰੀਨ ’ਤੇ ਭੂਚਾਲ ਦੀ ਤੀਬਰਤਾ ਦਿਖਾਈ ਦਿੰਦੀ ਹੈ।

ਭੂਚਾਲ ਦਾ ਵੇਰਵਾ ਦਿੰਦਿਆਂ ਦੱਸਿਆ ਗਿਆ ਸੀ ਕਿ ਸ਼ਹਿਰ ਵਿੱਚ ਬਿਜਲੀ, ਪਾਣੀ, ਸੀਵਰੇਜ, ਸੜਕਾਂ ਤੇ ਇਮਾਰਤਾਂ ਦਾ ਭਾਰੀ ਨੁਕਸਾਨ ਹੋਇਆ। ਸਿਟੀ ਕੌਂਸਲ ਮੁਤਾਬਿਕ 1021 ਕਿਲੋਮੀਟਰ ਸੜਕਾਂ ਅਤੇ 124 ਕਿਲੋਮੀਟਰ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਦਾ ਨੁਕਸਾਨ ਹੋਇਆ। ਸਰਕਾਰ ਨੇ ਭਾਵੇਂ ਹਫ਼ਤੇ ਵਿੱਚ ਹੀ ਸਾਰੇ ਘਰਾਂ ਨੂੰ ਪਾਣੀ ਪਹੁੰਚਾ ਦਿੱਤਾ ਸੀ ਪਰ ਪੁੂਰੀ ਤਰ੍ਹਾਂ ਪਾਣੀ ਸਪਲਾਈ ਬਹਾਲ ਕਰਨ ਨੂੰ ਮਹੀਨਾ ਲੱਗ ਗਿਆ। ਇਸ ਭੂਚਾਲ ਕਾਰਨ 300 ਕਿਲੋਮੀਟਰ ਤੋਂ ਵੱਧ ਸੀਵਰੇਜ ਪਾਈਪਾਂ ਦਾ ਨੁਕਸਾਨ ਹੋਇਆ। 1,90,000 ਰਿਹਾਇਸ਼ੀ ਤੇ ਕਾਰੋਬਾਰੀ ਇਮਾਰਤਾਂ ਵਿੱਚੋਂ 50 ਫ਼ੀਸਦੀ ਬਿਜਲੀ ਤੋਂ ਵਿਰਵੇ ਹੋ ਗਏ। ਅੰਦਾਜ਼ਨ ਮਹੀਨੇ ਦੇ ਅੰਦਰ ਸਾਰਿਆਂ ਨੂੰ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ।

ਜਦੋਂ ਹੁਣ ਪੰਜਾਬ ਵਿੱਚ ਹੜ੍ਹ ਆਏ ਤਾਂ ਅਣਗਿਣਤ ਹੱਥ, ਪੀੜਤਾਂ ਦੀ ਮਦਦ ਲਈ ਅੱਗੇ ਆਏ। ਇਹ ਜਜ਼ਬਾ ਵੀ ਇੱਥੇ ਵੇਖਣ ਨੂੰ ਮਿਲਿਆ। ਚੀਨ, ਰੂਸ, ਇੰਗਲੈਂਡ, ਆਸਟਰੇਲੀਆ,ਅਮਰੀਕਾ, ਜਪਾਨ, ਸਿੰਘਾਪੁਰ ਅਤੇ ਕਈ ਹੋਰ ਦੇਸ਼ਾਂ ਦੇ ਮਾਹਿਰ ਪੀੜਤਾਂ ਦੀ ਮਦਦ ਲਈ ਨਿਊਜ਼ੀਲੈਂਡ ਪਹੁੰਚ ਗਏ। ਫਾਇਰ ਬ੍ਰਿਗੇਡ ਕੋਲ 166 ਮੁਲਾਜ਼ਮ ਅਤੇ ਵਾਲੰਟੀਅਰ 400 ਸਨ। ਦਸ ਹਫ਼ਤਿਆਂ ਲਈ ਨੈਸ਼ਨਲ ਸਟੇਟ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਇੰਜੀਨੀਅਰ, ਫ਼ੌਜ ਦੇ ਸਿਪਾਹੀ, ਠੇਕੇਦਾਰ ਅਤੇ ਹੋਰ ਮਾਹਿਰ ਮਰ ਚੁੱਕੇ ਅਤੇ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਵਿੱਚ ਨਿਕਲ ਤੁਰੇ। ਵਿਸ਼ੇਸ਼ ਸਿਖਲਾਈਯਾਫ਼ਤਾ ਕੁੱਤਿਆਂ ਨੇ ਵੀ ਮਲਬੇ ਹੇਠ ਦੱਬੇ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਲੱਭਣ ਵਿੱਚ ਯੋਗਦਾਨ ਪਾਇਆ।

ਮੰਨ ਲਿਆ ਕਿ ਕੁਦਰਤ ਇੱਕ ਬੇਪਨਾਹ ਤਾਕਤ ਹੈ ਪਰ ਜੇਕਰ ਇਸ ਧਰਤੀ ਦੇ ਬਾਸ਼ਿੰਦੇ ਲੱਕ ਬੰਨ੍ਹ ਕੇ ਤੁਰ ਪੈਣ ਤਾਂ ਕੁਦਰਤ ਦਾ ਮੁਕਾਬਲਾ ਜ਼ਰੂਰ ਕਰ ਸਕਦੇ ਹਨ। ਮਿਊਜ਼ੀਅਮ ਵਿੱਚ ਇੱਕ ਕੰਧ ’ਤੇ ਲਿਖਿਆ ਸੀ ਕਿ “ਇਸ ਸਾਈਕਲ ਨੂੰ ਚਲਾਓ ਅਤੇ ਉਸ ਸਮੇਂ ਦੀ ਤ੍ਰਾਸਦੀ ਨਾਲ ਸਬੰਧਿਤ ਇੱਕ ਛੋਟੀ ਜਹੀ ਫਿਲਮ ਦੇਖੋ।” ਜਦੋ ਮੈਂ ਇਸ ਸਾਈਕਲ ਨੂੰ ਚਲਾਇਆ ਤਾਂ ਹੋਰ ਲੋਕ ਵੀ ਮੇਰੇ ਨਾਲ ਸਾਈਕਲ ਚਲਾ ਰਹੇ ਸਨ। ਅਸੀਂ ਉਸ ਸਮੇਂ ਇੱਕ ਥੀਏਟਰ ਦੇ ਬਾਹਰ ਬਣੇ ਸਾਈਕਲ ਸਟੈਂਡ ’ਤੇ ਸਾਈਕਲ ਚਲਾ ਰਹੇ ਸਾਂ ਤਾਂ ਜੋ ਇੱਸ ਤ੍ਰਾਸਦੀ ਨਾਲ ਸਬੰਧਿਤ ਇੱਕ ਵੀਡੀਓ ਕਲਿੱਪ ਜੋ 2 ਮਿੰਟ ਅਤੇ 18 ਸੈਕਿੰਡ ਦੀ ਸੀ, ਦੇਖ ਸਕੀਏ। ਭੂਚਾਲ ਕਾਰਨ ਥੀਏਟਰ ਦੀ ਬਿਜਲੀ ਬੰਦ ਹੋ ਗਈ ਸੀ ਜਿਸ ਕਾਰਨ ਥੀਏਟਰ ਦੀਆਂ ਬੈਟਰੀਆਂ ਚਾਰਜ ਨਹੀਂ ਹੋ ਰਹੀਆਂ ਸਨ। ਥੀਏਟਰ ਦੀਆਂ ਬੈਟਰੀਆਂ ਨੂੰ ਸਾਈਕਲ ਚਲਾਉਣ ਨਾਲ ਪੈਦਾ ਹੁੰਦੀ ਊਰਜਾ ਨਾਲ ਜੋੜ ਦਿੱਤਾ। ਲੋਕਾਂ ਨੇ ਸਾਈਕਲ ਚਲਾ ਕੇ ਇੰਨੀ ਬਿਜਲੀ ਪੈਦਾ ਕਰ ਦਿੱਤੀ ਕਿ ਥੀਏਟਰ ਦਾ ਪ੍ਰਾਜੈਕਟਰ ਅਤੇ ਆਵਾਜ਼ ਸਿਸਟਮ ਦੀਆਂ ਬੈਟਰੀਆਂ ਚਾਰਜ ਹੋ ਗਈਆਂ। ਲੋਕ ਅੱਜ ਵੀ ਸਾਈਕਲ ਚਲਾ ਕੇ ਉਹ ਫਿਲਮ ਦੇਖ ਸਕਦੇ ਹਨ।

ਸਾਡੇ ਪੰਜਾਬ ਵਿੱਚ ਅਜੇ ਘਰਾਂ ਦਾ ਬੀਮਾ ਕਰਵਾਉਣ ਦਾ ਰਿਵਾਜ ਨਹੀਂ ਹੈ ਜਾਂ ਕਹਿ ਲਉ ਇਸ ਦੀ ਲੋੜ ਨਹੀਂ ਸਮਝੀ ਜਾਂਦੀ ਪਰ ਨਿਊਜ਼ੀਲੈਂਡ ਵਿੱਚ ਘਰਾਂ ਦਾ ਬੀਮਾ ਕਰਾਉਣਾ ਜ਼ਰੂਰੀ ਹੈ। ਭੂਚਾਲ ਨਾਲ ਘਰਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਜਿਸ ਦੀ ਭਰਪਾਈ ਬੀਮਾ ਕੰਪਨੀਆਂ ਨੇ ਕਰਨੀ ਸੀ। ਨਿਊਜ਼ੀਲੈਂਡ ਦੇ ਕੁਦਰਤੀ ਆਫ਼ਤ ਕਮਿਸ਼ਨ ਨੇ ਪ੍ਰਾਈਵੇਟ ਬੀਮਾ ਕੰਪਨੀ ਰਾਹੀਂ ਲੋਕਾਂ ਨੂੰ ਰਾਹਤ ਦਿੱਤੀ। ਇਸ ਸੰਸਥਾ ਕੋਲ 2010 ਤੱਕ ਸਿਰਫ਼ 22 ਪੱਕੇ ਮੁਲਾਜ਼ਮ ਸਨ। ਦੋ ਸਾਲਾਂ ਬਾਅਦ ਇਹ ਗਿਣਤੀ 1,800 ਤੱਕ ਪਹੁੰਚ ਗਈ। ਲਗਭਗ 4,70,000 ਲੋਕਾਂ ਨੇ ਬੀਮਾ ਕਲੇਮ ਦੀਆਂ ਦਰਖਾਸਤਾਂ ਦਿੱਤੀਆਂ ਅਤੇ ਲੋਕਾਂ ਨੂੰ ਰਿਪੇਅਰ ਤੇ ਨਕਦ ਸੈਟਲਮੈਂਟ ਅਧੀਨ 9.8 ਬਿਲੀਅਨ ਡਾਲਰਾਂ ਦੀ ਅਦਾਇਗੀ ਕੀਤੀ। ਅੱਜ ਵੀ ਜਦੋਂ ਤੁਸੀਂ ਘਰ ਖਰੀਦਦੇ ਹੋ ਤਾਂ ਘਰ ਨੂੰ ਭੂਚਾਲ ਕਾਰਨ ਹੋਏ ਨੁਕਸਾਨ, ਬੀਮਾ ਕੰਪਨੀ ਵੱਲੋਂ ਦਿੱਤਾ ਕਲੇਮ ਤੇ ਘਰ ਦੀ ਰਿਪੇਅਰ ਆਦਿ ਬਾਰੇ ਰਿਪੋਰਟ ਜਿਸ ਨੂੰ ਈ ਸੀ ਕਿਊ ਕਿਹਾ ਜਾਂਦਾ ਹੈ, ਪੇਸ਼ ਕਰਨੀ ਲਾਜ਼ਮੀ ਹੁੰਦੀ ਹੈ ਤਾਂ ਜੋ ਖਰੀਦਦਾਰ ਨੂੰ ਘਰ ਬਾਰੇ ਪੂਰੀ ਜਾਣਕਾਰੀ ਹੋਵੇ। ਕੌਂਸਲ ਵੱਲੋਂ ਇਹ ਰਿਪੋਰਟ ਸਰਕਾਰੀ ਫੀਸ ਲੈ ਕੇ ਜਾਰੀ ਕੀਤੀ ਜਾਂਦੀ ਹੈ।

ਸ਼ਹਿਰ ਦੇ ਬਹੁ-ਮੰਜ਼ਿਲਾ ਹੋਟਲ ਗ੍ਰੈਂਡ ਚਾਂਸਲਰ ਦਾ ਕਾਫ਼ੀ ਨੁਕਸਾਨ ਹੋਇਆ। ਇਸ ਦੀ ਇਮਾਰਤ ਇੱਕ ਮੀਟਰ ਇੱਕ ਪਾਸੇ ਵੱਲ ਝੁਕ ਗਈ। ਆਮ ਤੌਰ ’ਤੇ ਅਜਿਹੀਆਂ ਇਮਾਰਤਾਂ ਨੂੰ ਇੱਕ ਹੀ ਝਟਕੇ ਨਾਲ ਧਮਾਕਾ ਕਰਕੇ ਢਾਹ ਦਿੱਤਾ ਜਾਂਦਾ ਹੈ ਪਰ ਇਸ ਇਮਾਰਤ ਨੂੰ ਢਾਹੁਣ ਲਈ ਛੇ ਮਹੀਨੇ ਲੱਗੇ। ਇੱਕ ਵਾਰ ਵਿੱਚ ਇੱਕ ਮੰਜ਼ਿਲ ਹੀ ਢਾਹੀ ਜਾਂਦੀ ਸੀ। ਇਹ ਸਾਰਾ ਕੰਮ ਮਈ 2012 ਤੱਕ ਮੁਕੰਮਲ ਹੋਇਆ ਕਿਉਂਕਿ ਵਰਤੇ ਜਾ ਸਕਣ ਯੋਗ ਹਰ ਚੀਜ਼ ਇੱਥੋਂ ਉਤਾਰ ਲਈ ਗਈ। ਇਸ ਕਰਕੇ ਜ਼ਿਆਦਾ ਸਮਾਂ ਲੱਗਿਆ। ਸ਼ਹਿਰ ਦੀਆਂ ਲਗਭਗ 80 ਪ੍ਰਤੀਸ਼ਤ ਇਮਾਰਤਾਂ ਢਾਹੁਣੀਆਂ ਪਈਆਂ। ਕੰਮ ਚਲਾਉਣ ਲਈ ਸ਼ਿਪਿੰਗ ਕੰਟੇਨਰਾਂ ਦੀ ਵਰਤੋਂ ਸਾਮਾਨ ਰੱਖਣ ਤੇ ਦੁਕਾਨਾਂ ਆਦਿ ਬਣਾਉਣ ਲਈ ਕੀਤੀ ਗਈ। ਇੱਕ ਚਰਚ ਦਾ ਭਾਰੀ ਨੁਕਸਾਨ ਹੋਇਆ। ਇਸ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਅੰਦਰ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਇਸ ਲਈ ਇੱਕ ਡਰੋਨ ਅੰਦਰ ਭੇਜਿਆ ਗਿਆ ਤਾਂ ਜੋ ਇਮਾਰਤ ਦੀ ਸੁਰੱਖਿਆ ਦਾ ਅੰਦਾਜ਼ਾ ਲਗਾਇਆ ਜਾ ਸਕੇ। ਡਰੋਨ ਨੇ ਇਹ ਕੰਮ ਬਾਖ਼ੂਬੀ ਕੀਤਾ। ਅੱਜ ਡਰੋਨ ਤਬਾਹੀ ਦਾ ਚਿੰਨ੍ਹ ਬਣ ਗਿਆ ਹੈ। ਕੈਥੇਡਰਲ ਆਫ ਦਿ ਬਲੈੱਸਡ ਸੈਕਰਾਮੈਂਟ (ਗਿਰਜਾਘਰ) 12 ਫਰਵਰੀ 1905 ਨੂੰ ਲੋਕਾਂ ਵਾਸਤੇ ਖੋਲ੍ਹਿਆ ਗਿਆ। ਭੂਚਾਲ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ। ਚਰਚ ਦਾ ਮੱਥਾ ਅਤੇ ਦੋ ਵੱਡੀਆਂ ਘੰਟੀਆਂ ਡਿੱਗ ਗਈਆਂ ਸਨ।

ਕਾਰਟਰ ਦਾ ਘਰ ਇੱਕ ਪਹਾੜੀ ਦੀ ਚੋਟੀ ’ਤੇ ਸੀ ਅਤੇ ਉਸ ਨੇ ਬਾਗ ਵਿੱਚ ਇੱਕ ਬਹੁਤ ਹੀ ਵਧੀਆ, ਸਟੀਲ ਦਾ ਵੱਡਾ ਚਮਕਦਾ ਕਲਾ ਦਾ ਨਮੂਨਾ ਬਣਾਇਆ ਸੀ ਜਿਹੜਾ 2011 ਦੇ ਭੂਚਾਲ ਵਿੱਚ ਉਸ ਦੇ ਮਲਬੇ ਦਾ ਢੇਰ ਬਣੇ ਘਰ ਵਿੱਚ ਗੁੰਮ ਹੋ ਗਿਆ। ਜਦੋਂ 2016 ਮਲਬਾ ਸਾਫ਼ ਕੀਤਾ ਜਾ ਰਿਹਾ ਸੀ ਤਾਂ ਇੱਕ ਮੁਲਾਜ਼ਮ ਨੂੰ ਇੱਕ ਚਮਕਦੀ ਚੀਜ਼ ਦਿਖਾਈ ਦਿੱਤੀ। ਇਹ ਉਹੀ ਕਲਾ ਦਾ ਨਮੁੂਨਾ ਸੀ। ਬਜਾਏ ਇਸ ਦੇ ਕਿ ਇਸ ਨੂੰ ਸਕਰੈਪ ਵਿੱਚ ਵੇਚ ਦਿੱਤਾ ਜਾਂਦਾ, ਕੰਪਨੀ ਨੇ ਇਸ ਦੇ ਅਸਲ ਮਾਲਕ ਨੂੰ ਲੱਭਿਆ ਤੇ ਇਹ ਨਮੂਨਾ ਉਸ ਦੇ ਹਵਾਲੇ ਕੀਤਾ।

ਹੁਣ ਇੱਥੇ ਇਮਾਰਤਾਂ ਬਣਾਉਣ ਲਈ ਨਵੀਂ ਤਕਨੀਕ ਵਰਤੀ ਜਾਂਦੀ ਹੈ ਜਿਸ ਨੂੰ ਬੇਸ ਆਈਸੋਲੇਸ਼ਨ ਕਹਿੰਦੇ ਹਨ। ਇਸ ਨਾਲ ਭੂਚਾਲ ਸਮੇਂ ਨੁਕਸਾਨ ਹੁੰਦਾ ਹੀ ਨਹੀਂ ਜਾਂ ਬਹੁਤ ਘੱਟ ਹੁੰਦਾ ਹੈ। ਜਦੋਂ ਇਮਾਰਤ ਸਿੱਧੀ ਜ਼ਮੀਨ ’ਤੇ ਬਣਾਈ ਜਾਂਦੀ ਹੈ ਤਾਂ ਭੂਚਾਲ ਸਮੇਂ ਇਮਾਰਤ ਹਿੱਲਦੀ ਹੈ ਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਇਹ ਵੈਸੇ ਤਾਂ ਭੂਚਾਲ ਸਮੇਂ ਹਿੱਲਦੀ ਹੀ ਨਹੀਂ ਜਾਂ ਬਹੁਤ ਘੱਟ ਹਿੱਲਦੀ ਹੈ। ਇਹ ਕਾਰ ਦੇ ਸਸਪੈਨਸ਼ਨ ਦੇ ਸਿਧਾਂਤ ’ਤੇ ਕੰਮ ਕਰਦੀ ਹੈ ਜਿਵੇਂ ਕਾਰ ਦੀ ਸਸਪੈਨਸ਼ਨ ਸਵਾਰੀ ਨੂੰ ਟੋਇਆਂ ਕਰਕੇ ਡਿੱਗਣ ਤੋਂ ਬਚਾਉਂਦੀ ਹੈ। ਇਸੇ ਤਕਨੀਕ ’ਤੇ ਇਮਾਰਤਾਂ ਨੂੰ ਸੁਰੱਖਿਅਤ ਕੀਤਾ ਗਿਆ ਹੈ। ਗਿਣਤੀ ਦੀਆਂ ਕੁਝ ਇਮਾਰਤਾਂ ਨੂੰ ਛੱਡ ਕੇ, ਕ੍ਰਾਈਸਟਚਰਚ ਸ਼ਹਿਰ ਦੇ ਘਰ ਅਤੇ ਹੋਰ ਇਮਾਰਤਾਂ ਸਿਰਫ਼ ਦੋ-ਮੰਜ਼ਿਲਾ ਹੀ ਹਨ। ਕ੍ਰਾਈਸਟਚਰਚ ’ਚ ਔਰਤਾਂ ਦੇ ਹਸਪਤਾਲ ਦੀ ਇਮਾਰਤ ਦਸ-ਮੰਜ਼ਿਲੀ ਹੈ ਤੇ ਇਸ ਨੂੰ ਬਣਾਉਣ ਲਈ ਇਸ ਤਕਨੀਕ ਦੀ ਵਰਤੋਂ ਕੀਤੀ ਗਈ ਸੀ। 22 ਫਰਵਰੀ 2011 ਦੇ ਭੂਚਾਲ ਸਮੇਂ ਇਸ ਇਮਾਰਤ ਨੂੰ ਬਹੁਤ ਮਾਮੂਲੀ ਜਿਹਾ ਨੁਕਸਾਨ ਹੋਇਆ ਸੀ।

ਨਿਊਜ਼ੀਲੈਂਡ ਪੁਲੀਸ ਦੇ ਫੋਟੋਗ੍ਰਾਫਰ, ਮਲਬੇ ਥੱਲੇ ਦੱਬੇ ਲੋਕਾਂ ਦੀ ਪਛਾਣ ਲਈ ਕੰਮ ਕਰਦੇ ਰਹੇ। ਇੱਥੇ ਮ੍ਰਿਤਕਾਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ। ਸ਼ਰਾਬ ਦੀ ਇੱਕ ਫੈਕਟਰੀ ਵਿੱਚ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ। ਉਸ ਸਮੇਂ ਵੱਡੇ ਭੂਚਾਲ ਤੋਂ ਬਾਅਦ 5.1 ਤੀਬਰਤਾ ਦਾ ਭੂਚਾਲ ਆਇਆ ਜਿਸ ਕਾਰਨ 45 ਮਿੰਟਾਂ ਲਈ ਬਿਜਲੀ ਚਲੀ ਗਈ ਅਤੇ ਫੈਕਟਰੀ ਵਿੱਚ ਤਾਪਮਾਨ ਕੰਟਰੋਲ ਕਰਨ ਵਾਲਾ ਯੰਤਰ ਬੰਦ ਹੋ ਗਿਆ। ਇਸ ਨਾਲ ਫੈਕਟਰੀ ਦਾ ਕਾਫ਼ੀ ਨੁਕਸਾਨ ਹੋ ਸਕਦਾ ਸੀ ਪਰ ਮਾਲਿਕ ਨੇ ਇਸ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪਾਣੀ ਦੀ ਮਾਤਰਾ ਘਟਣ ਅਤੇ ਅਲਕੋਹਲ ਦੀ ਮਾਤਰਾ 7.1 ਫ਼ੀਸਦੀ ਹੋਣ ਕਾਰਨ ਬੀਅਰ ਆਮ ਨਾਲੋਂ ਜ਼ਿਆਦਾ ਤੇਜ਼ ਹੋ ਗਈ ਸੀ।

ਇੱਕ ਵਾਰ ਟਿਕਟ ਲੈ ਕੇ ਤੁਸੀਂ ਕੁਝ ਸਮਾਂ ਇਹ ਸ਼ਹਿਰ ਵੇਖ ਕੇ ਬਾਹਰ ਜਾ ਸਕਦੇ ਹੋ ਤੇ ਖਾ ਪੀ ਕੇ ਦੁਬਾਰਾ ਆ ਸਕਦੇ ਹੋ ਪਰ ਮੈਂ ਥੱਕ ਚੁੱਕਾ ਸੀ। ਸੋ ਕੁਏਕ ਸਿਟੀ ਦੀਆਂ ਯਾਦਾਂ ਲੈ ਕੇ ਵਾਪਸ ਤੁਰ ਪਿਆ।

ਈ-ਮੇਲ: harjitsinghacfa@gmail.com

Advertisement
×