DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਹਿਤ ਦਾ ਮਜ਼ਬੂਤ ਥੰਮ ਸਨ ਡਾ. ਗੁਰਬਚਨ ਸਿੰਘ ਰਾਹੀ

ਜਨਮ ਅਤੇ ਮੌਤ ਦਾ ਸੁਮੇਲ ਹੈ ਜੀਵਨ। ਜੋ ਬਣਿਆ ਹੈ ਉਸ ਨੇ ਇੱਕ ਦਿਨ ਖ਼ਤਮ ਜ਼ਰੂਰ ਹੋਣਾ ਹੈ ਪਰ ਕੁਝ ਲੋਕਾਂ ਦੇ ਜਾਣ ਨਾਲ ਸਮਾਜ ਨੂੰ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪੈ ਜਾਂਦਾ ਹੈ। ਅਜਿਹੇ ਹੀ ਸਨ ਡਾਕਟਰ...

  • fb
  • twitter
  • whatsapp
  • whatsapp
Advertisement

ਜਨਮ ਅਤੇ ਮੌਤ ਦਾ ਸੁਮੇਲ ਹੈ ਜੀਵਨ। ਜੋ ਬਣਿਆ ਹੈ ਉਸ ਨੇ ਇੱਕ ਦਿਨ ਖ਼ਤਮ ਜ਼ਰੂਰ ਹੋਣਾ ਹੈ ਪਰ ਕੁਝ ਲੋਕਾਂ ਦੇ ਜਾਣ ਨਾਲ ਸਮਾਜ ਨੂੰ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪੈ ਜਾਂਦਾ ਹੈ। ਅਜਿਹੇ ਹੀ ਸਨ ਡਾਕਟਰ ਗੁਰਬਚਨ ਸਿੰਘ ਰਾਹੀ, ਜਿਹੜੇ ਬੀਤੇ ਦਿਨੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ। 90 ਸਾਲ ਤੱਕ ਉਨ੍ਹਾਂ ਸਾਹਿਤ ਅਤੇ ਸਮਾਜ ਦੀ ਅਣਥੱਕ ਸੇਵਾ ਕੀਤੀ।

ਮਰਨ ਦਾ ਖੌਫ ਅਸੀਂ ਕਦੇ ਉਨ੍ਹਾਂ ਦੇ ਚਿਹਰੇ ’ਤੇ ਨਹੀਂ ਸੀ ਦੇਖਿਆ। ਪੂਰਾ ਜੀਵਨ ਸਦਾ ਚੜ੍ਹਦੀ ਕਲਾ ਵਿੱਚ ਹੀ ਰਹੇ।

Advertisement

ਹਮੇਸ਼ਾ ਸੱਚ ਦੇ ਰਾਹ ’ਤੇ ਚੱਲਣ ਵਾਲੇ, ਦ੍ਰਿੜ ਨਿਸ਼ਚੇ ਵਾਲੇ, ਲੋਕ ਸੇਵਾ ਨੂੰ ਪ੍ਰਣਾਏ ਹੋਏ, ਸਮੇਂ ਦੇ ਪਾਬੰਦ, ਅਨੁਸ਼ਾਸਨ ’ਚ ਰਹਿ ਕੇ ਜੀਵਨ ਜਿਊਣ ਵਾਲੇ ਵਿਅਕਤੀ ਸਨ ਡਾ. ਗੁਰਬਚਨ ਸਿੰਘ ਰਾਹੀ। ਕਈ ਵਾਰੀ ਅਸੀਂ ਜਦੋਂ ਮਿਲਣ ਜਾਣਾ ਹੁੰਦਾ ਤਾਂ ਜੇ ਗਿਆਰਾਂ ਤੋਂ ਸਵਾ ਗਿਆਰਾਂ ਵੀ ਹੋ ਜਾਣੇ ਤਾਂ ਉਨ੍ਹਾਂ ਦਾ ਉਸੇ ਵੇਲੇ ਫੋਨ ਆ ਜਾਣਾ ‘ਕਿੱਥੇ ਹੋ, ਪਹੁੰਚੇ ਨਹੀਂ ਹਾਲੇ ਤੱਕ।’ 12 ਅਪਰੈਲ, 1937 ਨੂੰ ਸਰਦਾਰ ਕਰਤਾਰ ਸਿੰਘ ਢੀਂਗਰਾ ਅਤੇ ਸ੍ਰੀਮਤੀ ਹਰਭਜਨ ਕੌਰ ਦੇ ਘਰ ਜੰਮੇ ਡਾਕਟਰ ਰਾਹੀ ਇਤਿਹਾਸ ਅਤੇ ਪੰਜਾਬੀ ਦੇ ਡਬਲ ਐੱਮ.ਏ (ਗੋਲ਼ਡ ਮੈਡਲਿਸਟ) ਪੀ. ਐੱਚ. ਡੀ, ਫ਼ਾਰਸੀ ਅਤੇ ਤਿੱਬਤਨ ਭਾਸ਼ਾ ਦੇ ਮਾਹਿਰ ਸਨ।

Advertisement

ਉਹ ਸਾਹਿਤ ਦੇ ਰਸੀਏ ਅਤੇ ਉੱਚ ਪਾਏ ਦੇ ਸਾਹਿਤਕਾਰ ਸਨ। ਉਨ੍ਹਾਂ ਦੀ ਕਲਮ ਨੇ ਗਿਆਰਾਂ ਕਾਵਿ- ਸੰਗ੍ਰਹਿ (ਮੌਤ ਦਾ ਵਾਪਾਰ, ਆਸ ਦਾ ਫੁੱਲ, ਅਗਨ ਕ੍ਰੀੜਾ, ਕੁੱਝ ਗੱਲਾਂ, ਅੱਖਰ ਅੱਖਰ ਸ਼ਬਦ, ਤੇਰਾ ਆਕਾਸ਼ ਮੇਰੀ ਉਡਾਣ, ਨੀਲ ਅੰਬਰਾਂ ਤੋਂ, ਵੇਦਨ ਕਹੀਏ ਕਿਸ, ਬੋਲ ਅਮੋਲ, ਵਰਤਮਾਨ ਦੇ ਪ੍ਰਤਿਬਿੰਬ ਅਤੇ ਤਿੰਨ ਰੰਗ ਆਦਿ) ਦੇ ਕੇ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਭਰਪੂਰ ਕੀਤਾ ਹੈ। ਇਹ ਹੀ ਨਹੀਂ, ਉਨ੍ਹਾਂ ਛੇ ਪੁਸਤਕਾਂ ਆਲੋਚਨਾ ਦੀਆਂ ਅਤੇ ਇੱਕ ਇਤਿਹਾਸਿਕ ਧਾਰਮਿਕ ਨਾਟਕ ‘ਬੇਗ਼ਮ ਜੈਨਾਂ’ ਵੀ ਪੰਜਾਬੀ ਸਾਹਿਤ ਨੂੰ ਅਰਪਣ ਕੀਤਾ। ਡਾ. ਰਾਹੀ ਨੇ ਸੰਪਾਦਨ/ ਵਿਆਕਰਣ/ਕੋਸ਼ਕਾਰੀ ਦੀਆਂ ਸੱਤ ਪੁਸਤਕਾਂ ਅਤੇ ‘ਕੁਰਬਾਨੀ ਦਾ ਮੁੱਲ’ ਕਹਾਣੀ ਸੰਗ੍ਰਹਿ ਵੀ ਪੰਜਾਬੀ ਪਾਠਕਾਂ ਦੇ ਸਪੁਰਦ ਕੀਤੇ। ਇਸ ਤੋਂ ਬਿਨਾਂ ਬਾਲ ਸਾਹਿਤ ਦੀਆਂ ਤਿੰਨ ਪੁਸਤਕਾਂ, ਲਿਪੀ-ਅੰਤਰਣ ਅਤੇ ਅਨੁਵਾਦ ਦੀਆਂ ਪੁਸਤਕਾਂ ਵੀ ਪੰਜਾਬੀ ਸਾਹਿਤ ਲਈ ਰਚੀਆਂ।

ਪੰਡਿਤ ਜਵਾਹਰ ਲਾਲ ਨਹਿਰੂ ਦੀ ਸੰਸਾਰ ਪ੍ਰਸਿੱਧ ਪੁਸਤਕ ‘Discovery of India’ ਦਾ ਅਨੁਵਾਦ ‘ਗਾਥਾ ਭਾਰਤ ਦੇਸ਼ ਦੀ’ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪੰਜ ਕਿਤਾਬਾਂ ਸਹਿਯੋਗੀ ਲੇਖਕ ਵਜੋਂ ਵੀ ਪ੍ਰਕਾਸ਼ਿਤ ਹੋਈਆਂ ਹਨ। ਸਮੁੱਚੇ ਰੂਪ ਵਿੱਚ ਡਾ. ਰਾਹੀ ਨੇ ਕੁੱਲ 34 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਡਾ. ਰਾਹੀਂ ਵੱਡੀ ਗਿਣਤੀ ਸਾਹਿਤ ਸਭਾਵਾਂ ਦੇ ਮੈਂਬਰ ਸਨ। ਸਾਹਿਤ ਸਭਾ ਪਟਿਆਲਾ ਨੂੰ ਸ਼ੁਰੂ ਕਰਨ ਵਾਲੇ ਮੋਢੀ ਮੈਂਬਰਾਂ ਵਿੱਚ ਵੀ ਉਹ ਸ਼ਾਮਲ ਸਨ। ਇਸ ਸਾਹਿਤ ਸਭਾ ਦੇ ਮਹੀਨਾਵਾਰ ਸਮਾਗਮ ਵਿੱਚ ਉਹ ਹਮੇਸ਼ਾ ਹਾਜ਼ਰ ਹੁੰਦੇ ਸਨ। ਆਖ਼ਰੀ ਸਾਹ ਤੱਕ ਜਦੋਂ ਉਨ੍ਹਾਂ ਲਈ ਬੈਠਣਾ, ਉੱਠਣਾ ਅਤੇ ਤੁਰਨਾ ਵੀ ਮੁਸ਼ਕਲ ਹੋ ਗਿਆ ਸੀ, ਫਿਰ ਵੀ ਉਹ ਇਸ ਸਾਹਿਤ ਸਭਾ ਦੀਆਂ ਸਰਗਰਮੀਆਂ ਵਿੱਚ ਪੂਰੀ ਜ਼ਿੰਦਾਦਿਲੀ ਨਾਲ ਸ਼ਾਮਲ ਹੁੰਦੇ ਅਤੇ ਆਪਣੇ ਵਡਮੁੱਲੇ ਵਿਚਾਰ ਸਭ ਨਾਲ ਸਾਂਝੇ ਕਰਦੇ ਰਹੇ। ਇਸੇ ਲਈ ਉਨ੍ਹਾਂ ਨੂੰ ਮਾਂ-ਬੋਲੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਸਮਰਪਿਤ ਸਾਹਿਤਕਾਰ ਆਖਿਆ ਜਾਂਦਾ ਹੈ। ਡਾ. ਰਾਹੀ ਗਿਆਨ ਦਾ ਅਥਾਹ ਸਮੁੰਦਰ ਸਨ। ਉਹ ਅਕਸਰ ਕਿਹਾ ਕਰਦੇ ਸਨ ਕਿ, ‘‘ਭਾਵੇਂ ਮੈਂ ਸਾਹਿਤ ਦੇ ਬਹੁਤ ਸਾਰੇ ਰੂਪਾਂ ’ਚ ਰਚਨਾਵਾਂ ਲਿਖੀਆਂ ਹਨ ਪਰ ਕਵਿਤਾ ਮੇਰਾ ਮਨਪਸੰਦ ਸਾਹਿਤ ਖੇਤਰ ਹੈ। ਇਹ ਮੇਰੀ ਸੋਚ ਅਤੇ ਸੁਭਾਅ ਦੇ ਅਨੁਕੂਲ ਹੈ। ਕਵਿਤਾ ਰਚਨਾ ਮੈਨੂੰ ਸਕੂਨ ਦਿੰਦੀ ਹੈ ਕਿਉਂਕਿ ਮੈਂ ਹਮੇਸ਼ਾ ਮਾਨਵਤਾ ਦੇ ਭਲੇ ਲਈ ਹੀ ਕੰਮ ਕੀਤੇ ਹਨ।’’ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਮਿਲੇ ਸੰਸਕਾਰਾਂ ਦਾ ਬਹੁਤ ਵੱਡਾ ਯੋਗਦਾਨ ਸੀ। ਕਈ ਵਾਰ ਉਹ ਆਰਥਿਕ ਪੱਖੋਂ ਗਰੀਬ ਵਿਦਿਆਰਥੀਆਂ ਦੀਆਂ ਫ਼ੀਸਾਂ ਭਰ ਦਿੰਦੇ ਸਨ, ਵਿਦਿਆਰਥੀਆਂ ਨੂੰ ਕਿਤਾਬਾਂ ਖਰੀਦਣ ਲਈ ਵਿੱਤੀ ਮਦਦ ਕਰਨੀ ਅਤੇ ਘਰ ਆਏ ਹਰ ਵਿਦਿਆਰਥੀ ਨੂੰ ਮੁਫ਼ਤ ਵਿੱਦਿਆ ਦਾ ਦਾਨ ਦੇਣਾ ਉਨ੍ਹਾਂ ਦੇ ਸੁਭਾਅ ਵਿੱਚ ਹੀ ਸ਼ਾਮਲ ਸੀ।

ਆਪਣੇ ਕਿੱਤੇ ਪ੍ਰਤੀ ਡਾ. ਰਾਹੀ ਹਮੇਸ਼ਾ ਸਮਰਪਿਤ ਰਹੇ। ਅਧਿਅਨ ਅਤੇ ਅਧਿਆਪਨ ਉਨ੍ਹਾਂ ਦੇ ਜੀਵਨ ਦਾ ਅਟੁੱਟ ਅੰਗ ਰਹੇ। ਕੁੱਝ ਸਾਲ ਉਨ੍ਹਾਂ ਭਾਸ਼ਾ ਵਿਭਾਗ, ਪੰਜਾਬ ਨਾਲ ਜੁੜ ਕੇ ਵੀ ਮਾਂ-ਬੋਲੀ ਪੰਜਾਬੀ ਦੀ ਸੇਵਾ ਕੀਤੀ। 1976 ਵਿੱਚ ਉਹ ਕਾਲਜ ਲੈਕਚਰਾਰ ਵਜੋਂ ਗੌਰਮਿੰਟ ਕਾਲਜ ਫਾਰ ਵਿਮੈੱਨ, ਪਟਿਆਲਾ ਚਲੇ ਗਏ ਅਤੇ ਇਸ ਤੋਂ ਬਾਅਦ ਕਈ ਸਾਲ ਗੌਰਮਿੰਟ ਮਹਿੰਦਰਾ ਕਾਲਜ, ਪਟਿਆਲਾ ਵਿੱਚ ਵੀ ਪੋਸਟ ਗਰੈਜੂਏਟ ਜਮਾਤਾਂ ਨੂੰ ਪੜ੍ਹਾਇਆ। ਡਾ. ਰਾਹੀ ਪੰਜਾਬੀ ਯੂਨੀਵਰਸਿਟੀ ਦੇ ਆਈ ਏ ਐੱਸ; ਪੀ ਸੀ ਐੱਸ ਅਤੇ ਯੂ ਜੀ ਸੀ (ਨੈੱਟ) ਦੀਆਂ ਕਲਾਸਾਂ ਨੂੰ ਪੰਦਰਾਂ ਸਾਲਾਂ ਤੋਂ ਵੱਧ ਸਮੇਂ ਤੱਕ ਪੜ੍ਹਾਉਦੇ ਰਹੇ। ਅਸੀਂ ਜਦੋਂ ਵੀ ਉਨ੍ਹਾਂ ਨੂੰ ਮਿਲਣ ਜਾਂਦੇ ਉਹ ਬੜੇ ਮਾਣ ਨਾਲ ਉੱਚ ਅਹੁਦਿਆਂ ਤੱਕ ਅੱਪੜੇ ਆਪਣੇ ਵਿਦਿਆਰਥੀਆਂ ਦੀਆਂ ਗੱਲਾਂ ਸੁਣਾਉਂਦੇ ਨਾ ਥੱਕਦੇ ਜੋ ਅਕਸਰ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਰਹਿੰਦੇ ਸਨ। ਡਾ. ਰਾਹੀ ਅਕਸਰ ਕਿਹਾ ਕਰਦੇ ਸਨ, ‘‘ਮੇਰੇ ਵਿਦਿਆਰਥੀ ਹੀ ਮੇਰੀ ਅਸਲੀ ਧਰੋਹਰ ਹਨ।’’ ਆਪਣੀ ਪਤਨੀ ਅਤੇ ਜਵਾਨ ਬੇਟੇ ਦੀ ਮੌਤ ਤੋਂ ਬਾਅਦ ਉਹ ਬਿਲਕੁਲ ਇਕੱਲੇ ਹੋ ਗਏ ਸਨ। ਦੋਵੇਂ ਡਾਕਟਰ ਬੇਟੇ ਤੇ ਹੋਰ ਰਿਸ਼ਤੇਦਾਰ ਬੇਸ਼ੱਕ ਉਨ੍ਹਾਂ ਨੂੰ ਮਿਲਣ ਆਉਂਦੇ ਰਹਿੰਦੇ ਸਨ, ਪਰ ਉਨ੍ਹਾਂ ਦੇ ਬਹੁਤ ਵਾਰ ਕਹਿਣ ਦੇ ਬਾਵਜੂਦ ਡਾ. ਰਾਹੀ ਨੇ ਇਕੱੱਲਿਆਂ ਰਹਿਣ ਦਾ ਫ਼ੈਸਲਾ ਕੀਤਾ। ਅੱਜ ਭਾਵੇਂ ਉਹ ਸਰੀਰਕ ਤੌਰ ’ਤੇ ਸਾਡੇ ਤੋਂ ਬਹੁਤ ਦੂਰ ਜਾ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਸਿਰਜੇ ਅਣਮੁੱਲੇ ਸਾਹਿਤ ਦੀ ਜੋਤ ਅਤੇ ਗਿਆਨ ਹਮੇਸ਼ਾ ਸਾਡੇ ਰਾਹ ਰੁਸ਼ਨਾਉਂਦੇ ਰਹਿਣਗੇ। ਮੌਤ ਬਾਰੇ ਡਾ. ਰਾਹੀ ਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ ਹੈ:

ਜੀਣਾ ਮਰਨਾ ਖੇਡ ਹੈ, ਕੋਈ ਥਹੁ ਨਾ ਚੱਲੇ,

ਆਪਣੀ ਖੁਸ਼ੀ ਆਏ ਨਾ, ਨਾ ਆਪਣੀ ਖੁਸ਼ੀ ਚੱਲੇ।

ਸੰਪਰਕ: 77107-21619

Advertisement
×