DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੱਲ ਨੀ ਪ੍ਰੇਮੀਏ! ਵਿਸਾਖੀ ਚੱਲੀਏ

ਵਿਸਾਖ ਦਾ ਮਹੀਨਾ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਅਪਰੈਲ ਤੋਂ ਸ਼ੁਰੂ ਹੋ ਕੇ ਅੱਧ ਮਈ ਮਹੀਨੇ ਤੱਕ ਹੁੰਦਾ ਹੈ। ਕਿਸਾਨ ਅਤੇ ਵਿਸਾਖ ਦਾ ਆਪਸ ਵਿੱਚ ਬੜਾ ਗੂੜ੍ਹਾ ਸਬੰਧ ਹੈ। ਵਿਸਾਖ ਚੜ੍ਹਦੇ ਹੀ ਖੇਤਾਂ ’ਚ ਫ਼ਸਲਾਂ ਜੋਬਨ ’ਤੇ ਹੁੰਦੀਆਂ ਹਨ...

  • fb
  • twitter
  • whatsapp
  • whatsapp
Advertisement

ਵਿਸਾਖ ਦਾ ਮਹੀਨਾ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਧ ਅਪਰੈਲ ਤੋਂ ਸ਼ੁਰੂ ਹੋ ਕੇ ਅੱਧ ਮਈ ਮਹੀਨੇ ਤੱਕ ਹੁੰਦਾ ਹੈ। ਕਿਸਾਨ ਅਤੇ ਵਿਸਾਖ ਦਾ ਆਪਸ ਵਿੱਚ ਬੜਾ ਗੂੜ੍ਹਾ ਸਬੰਧ ਹੈ। ਵਿਸਾਖ ਚੜ੍ਹਦੇ ਹੀ ਖੇਤਾਂ ’ਚ ਫ਼ਸਲਾਂ ਜੋਬਨ ’ਤੇ ਹੁੰਦੀਆਂ ਹਨ ਅਤੇ ਮੌਸਮ ’ਚ ਆਏ ਬਦਲਾਅ ਕਾਰਨ ਹਰੀਆਂ ਕਣਕਾਂ ਸੋਨੇ ਰੰਗੀਆਂ ਹੋਣ ਲੱਗਦੀਆਂ ਹਨ। ਦਿਨ-ਰਾਤ ਰਾਖੀ ਕਰ ਕੇ ਪੁੱਤਾਂ ਵਾਂਗੂ ਪਾਲੀ ਫ਼ਸਲ ਨੂੰ ਖੇਤਾਂ ’ਚ ਝੂਮਦਿਆਂ ਦੇਖ ਕਿਸਾਨਾਂ ਦੇ ਚਿਹਰੇ ਖਿੜ ਉੱਠਦੇ ਹਨ। ਪੰਜਾਬੀ ਸ਼ਾਇਰ ਧਨੀ ਰਾਮ ਚਾਤ੍ਰਿਕ ਕਹਿੰਦੇ ਹਨ:

ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,

Advertisement

ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ।

Advertisement

ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,

ਬੇਰੀਆਂ ਲਿਫਾਈਆਂ ਟਹਿਣੀਆਂ ਦੇ ਭਾਰ ਨੇ।

ਪੁੰਗਰੀਆਂ ਬੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,

ਫੁੱਲਾਂ ਹੇਠੋਂ ਫ਼ਲਾਂ ਨੇ ਪਰੋਈਆਂ ਲੜੀਆਂ।

ਸਾਈਂ ਦੀ ਨਿਗ੍ਹਾ ਜੱਗ ’ਤੇ ਸਵੱਲੀ ਏ,

ਚੱਲ ਨੀ ਪਰੇਮੀਏ! ਵਿਸਾਖੀ ਚੱਲੀਏ।

ਹਰੀ ਤੋਂ ਸੁਨਹਿਰੀ ਹੋਏ ਕਣਕ ਦੇ ਸਿੱਟੇ ਖੇਤ ’ਚ ਆਪਣਾ ਅਲੱਗ ਹੀ ਦ੍ਰਿਸ਼ ਪੇਸ਼ ਕਰਦੇ ਹਨ। ਕੁਦਰਤ ਨੱਚਦੀ ਨਜ਼ਰੀ ਪੈਂਦੀ ਹੈ। ਕਿਸਾਨਾਂ ਵੱਲੋਂ ਵਾਢੀ ਦੀ ਸ਼ੁਰੂਆਤ ਵਿਸਾਖੀ ਵਾਲੇ ਦਿਨ ਕਰਨੀ ਸ਼ੁਭ ਮੰਨੀ ਜਾਂਦੀ ਹੈ ਕਿਉਂਕਿ ਕਣਕ ਦੀ ਫ਼ਸਲ ਵਿਸਾਖੀ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ। ਪੁਰਾਤਨ ਸਮਿਆਂ ’ਚ ਕਿਹਾ ਜਾਂਦਾ ਸੀ ਕਿ, ‘ਉੱਤਮ ਖੇਤੀ, ਮੱਧਮ ਵਪਾਰ’, ਕਿਸਾਨ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਖੇਤੀ ਨੇ ਉੱਤਮ ਅਖਵਾਉਣ ਦਾ ਦਰਜਾ ਪਾਇਆ ਹੈ। ਵਿਸਾਖ ਦਾ ਮਹੀਨਾ ਕਿਸਾਨੀ ਜੀਵਨ ਦਾ ਕਾਫੀ ਰੁਝੇਵਿਆਂ ਭਰਿਆ ਹੁੰਦਾ ਹੈ। ਬਾਰਾਂਮਾਹ ’ਚ ਭਾਈ ਵੀਰ ਸਿੰਘ ਜੀ ਕਿਸਾਨ, ਮਜ਼ਦੂਰ ਦਾ ਦਰਦ ਬਿਆਨਦੇ ਹਨ:

ਰੋਂਦਿਆਂ ਆ ਗਈ ਵਿਸਾਖੀ

ਸਾਨੂੰ ਚਾਉ ਨਾ ਕੋਈ,

ਘਰ-ਘਰ ਸੀਰੇ ਤੇ ਮੰਡੇ,

ਚੁਲ੍ਹੇ ਅੱਗ ਨਾ ਪਈਆ।

ਪੁਰਾਤਨ ਸਮਿਆਂ ਵਿੱਚ ਕਣਕ ਦੀ ਫ਼ਸਲ ਦੀ ਵਾਢੀ ਵਿਸਾਖ ਚੜ੍ਹਦੇ ਹੁੰਦੀ ਸੀ ਪ੍ਰੰਤੂ ਮੌਜੂਦਾ ਮਸ਼ੀਨੀਕਰਨ ਦੇ ਦੌਰ ’ਚ ਕਣਕ ਚੜ੍ਹਦੇ ਵਿਸਾਖ ਹੀ ਮੰਡੀਆਂ ਵਿੱਚ ਆ ਜਾਂਦੀ ਹੈ। ਕਣਕ ਦੀ ਵਾਢੀ ਮਗਰੋਂ ਕਣਕ ਦੀ ਸਾਂਭ-ਸੰਭਾਲ, ਮਾਲ-ਡੰਗਰਾਂ ਲਈ ਤੂੜੀ-ਤੰਦ ਦੀ ਸੰਭਾਲ ਤੇ ਸ਼ਾਹੂਕਾਰਾਂ ਦਾ ਲੈਣ-ਦੇਣ ਕਰਨਾ ਆਦਿ ਹੁੰਦਾ ਹੈ। ਕਿਸਾਨ ਦੀ ਫ਼ਸਲ ਮੰਡੀ ਆਉਂਦੀ ਹੈ ਤਾਂ ਬਾਜ਼ਾਰਾਂ ਵਿੱਚ ਵੀ ਰੌਣਕ ਆ ਜਾਂਦੀ ਹੈ। ਖੇਤੀ ਨਾਲ ਹਜ਼ਾਰਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਇਤਿਹਾਸਕ ਮਹੱਤਤਾ ਰੱਖਣ ਵਾਲਾ ਇਹ ਤਿਉਹਾਰ ਕਿਸਾਨਾਂ ਵੱਲੋਂ ਕਣਕ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਤੇ ਹਰ ਸਾਲ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਵਿਸਾਖੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪੰਜਾਬੀ ਸ਼ਾਇਰ ਧਨੀ ਰਾਮ ਚਾਤ੍ਰਿਕ ਕਹਿੰਦੇ ਹਨ:

ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।

ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,

ਮਾਲ ਢਾਂਡਾ ਸਾਂਭਣੇ ਨੂੰ ਕਾਮਾ ਛੱਡ ਕੇ।

ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,

ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ।

ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਲੈ ਕੇ ਆਉਂਦਾ ਹੈ। ਹਰ ਮਹੀਨਾ ਆਪਣੇ ਆਪ ਵਿੱਚ ਖ਼ਾਸ ਮਹੱਤਵ ਰੱਖਦਾ ਹੈ। ਵਿਸਾਖ ਦਾ ਮਹੀਨਾ ਪੰਜਾਬੀਆਂ ਵਾਸਤੇ ਇਸ ਲਈ ਖ਼ਾਸ ਹੁੰਦਾ ਹੈ ਕਿਉਂਕਿ ਵਿਸਾਖ ਦਾ ਸਬੰਧ ਸਾਡੇ ਸੱਭਿਆਚਾਰ ਨਾਲ ਹੈ ਅਤੇ ਨਾਲ ਹੀ ਇਸ ਦਾ ਇਤਿਹਾਸਕ ਮਹੱਤਵ ਵੀ ਹੈ। ਵਿਸਾਖ ਮਹੀਨੇ ਨਾਲ ਸਾਡਾ ਗੌਰਵਮਈ ਇਤਿਹਾਸ ਜੁੜਿਆ ਹੈ। ਇਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ ਦੀ ਸਾਜਨਾ ਹੋਈ ਤੇ ਅੰਮ੍ਰਿਤਸਰ ਦੀ ਧਰਤੀ ’ਤੇ ਇਤਿਹਾਸਕ ਘਟਨਾ ਜੱਲ੍ਹਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ। ਪੁਰਾਤਨ ਸਮੇਂ ਤੋਂ ਹੀ ਵਿਸਾਖ ਮਹੀਨੇ ਦੇ ਪਹਿਲੇ ਦਿਨ (ਸੰਗਰਾਂਦ) ਨੂੰ ਵਿਸਾਖੀ ਵਜੋਂ ਮਨਾਉਣ ਦੀ ਪਰੰਪਰਾ ਰਹੀ ਹੈ। ਵਿਸਾਖੀ ਦਾ ਮੇਲਾ ਜ਼ਿਆਦਾਤਰ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਮਨਾਇਆ ਜਾਂਦਾ ਹੈ।

ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ (ਪੰਜਾਬ) ਦੀ ਧਰਤੀ ’ਤੇ 1699ਈ: ਨੂੰ ਇੱਕ ਵਿਸ਼ਾਲ ਸਮਾਗਮ ਰੱਖਿਆ ਸੀ। ਉਨ੍ਹਾਂ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਉਸ ਦਿਨ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੀਵਾਨ ਸਜੇ ਹੋਏ ਸਨ ਅਤੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਸ਼ਬਦ ਕੀਰਤਨ ਦਾ ਆਨੰਦ ਮਾਣ ਰਿਹਾ ਸੀ। ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਜੇ ਦੀਵਾਨ ’ਚ ਆਪਣੀ ਕ੍ਰਿਪਾਨ ਮਿਆਨੋਂ ਕੱਢ ਕੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅੱਜ ਮੇਰੀ ਕ੍ਰਿਪਾਨ ਨੂੰ ਸਿਰਾਂ ਦੀ ਲੋੜ ਹੈ, ਕੋਈ ਹੈ, ਜੋ ਆਪਣਾ ਸੀਸ ਭੇਟ ਕਰ ਸਕਦਾ ਹੈ। ਇਹ ਵਾਕ ਸੁਣਦੇ ਸਾਰ ਦੀਵਾਨ ’ਚ ਚੁੱਪ ਪਸਰ ਗਈ, ਦੂਜੀ ਵਾਰ ਫਿਰ ਗੁਰੂ ਸਾਹਿਬ ਨੇ ਪੁੱਛਿਆ, ਕੋਈ ਹੈ ਜੋ ਆਪਣਾ ਸੀਸ ਭੇਟ ਕਰਨ ਲਈ ਤਿਆਰ ਹੈ, ਪ੍ਰੰਤੂ ਸਾਰੇ ਪਾਸੇ ਚੁੱਪ ਛਾਈ ਹੋਈ ਸੀ। ਗੁਰੂ ਸਾਹਿਬ ਵੱਲੋਂ ਇਹੀ ਵਾਕ ਤੀਜੀ ਵਾਰ ਦੁਹਰਾਉਣ ’ਤੇ ਦੀਵਾਨ ’ਚੋਂ ਇੱਕ ਵਿਅਕਤੀ ਉੱਠਿਆ, ਇਹ ਸੀ ਭਾਈ ਦਇਆ ਰਾਮ ਜੀ। ਗੁਰੂ ਸਾਹਿਬ ਉਸ ਨੂੰ ਤੰਬੂ ਦੇ ਅੰਦਰ ਲੈ ਗਏ ਤੇ ਕੁਝ ਸਮਾਂ ਬੀਤਣ ’ਤੇ ਤੰਬੂ ਤੋਂ ਬਾਹਰ ਆ ਕੇ ਖੂਨ ਨਾਲ ਲੱਥ-ਪੱਥ ਕ੍ਰਿਪਾਨ ਹਵਾ ਵਿੱਚ ਲਹਿਰਾਈ ਤੇ ਸੰਗਤ ’ਚੋਂ ਇੱਕ ਹੋਰ ਸੀਸ ਭੇਟ ਕਰਨ ਦੀ ਮੰਗ ਕੀਤੀ, ਫਿਰ ਭਾਈ ਧਰਮ ਰਾਮ ਜੀ ਸੀਸ ਭੇਟ ਕਰਨ ਲਈ ਅੱਗੇ ਆਏ। ਇਸੇ ਤਰ੍ਹਾਂ ਗੁਰੂ ਜੀ ਤੰਬੂ ਤੋਂ ਫਿਰ ਬਾਹਰ ਆਏ ਤੇ ਤੀਜੇ ਸੀਸ ਦੀ ਮੰਗ ਕੀਤੀ, ਤਾਂ ਭਾਈ ਹਿੰਮਤ ਰਾਏ ਜੀ ਅੱਗੇ ਆਏ। ਚੌਥੀ ਵਾਰੀ ਸੀਸ ਭੇਟ ਦੀ ਮੰਗ ’ਤੇ ਭਾਈ ਮੋਹਕਮ ਚੰਦ ਜੀ ਤੇ ਪੰਜਵੀਂ ਵਾਰੀ ਭਾਈ ਚੰਦ ਜੀ ਸੀਸ ਭੇਟ ਕਰਨ ਲਈ ਅੱਗੇ ਆਏ। ਕੁਝ ਸਮਾਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਟ ਕਰਨ ਵਾਲੇ ਪੰਜੇ ਸਿੱਖਾਂ ਨੂੰ ਸੁੰਦਰ ਸ਼ਸਤਰ-ਵਸਤਰ ਪਹਿਨਾਅ ਕੇ ਤੰਬੂ ਤੋਂ ਬਾਹਰ ਸੰਗਤ ਸਾਹਮਣੇ ਲਿਆਂਦਾ। ਗੁਰੂ ਜੀ ਨੇ ਸਰਬ-ਲੋਹ ਦੇ ਬਾਟੇ ’ਚ ਅੰਮ੍ਰਿਤ ਤਿਆਰ ਕਰ ਕੇ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ, ਜਾਤ-ਪਾਤ ਤੇ ਊਚ-ਨੀਚ ਦੇ ਬੰਧਨ ਤੋਂ ਮੁਕਤ ਕਰਦੇ ਹੋਏ, ਸਭ ਦੇ ਨਾਮ ਨਾਲ ਸਿੰਘ ਸ਼ਬਦ ਲਾਇਆ। ਇਹ ਉਹ ਦਿਨ ਸੀ ਜਦੋਂ ਖ਼ਾਲਸੇ ਦਾ ਜਨਮ ਹੋਇਆ ਤੇ ਗੁਰੂ ਜੀ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਤੇ ਆਪ ਇਸੇ ਵਿਸਾਖੀ ਵਾਲੇ ਦਿਨ ਇਨ੍ਹਾਂ ਤੋਂ ਆਪ ਵੀ ਅੰਮ੍ਰਿਤ ਛਕਿਆ। ਖ਼ਾਲਸੇ ਦੀ ਸਾਜਨਾ ਨਾਲ ਇੱਕ ਨਵੀਂ ਲਹਿਰ ਦਾ ਵਿਕਾਸ ਹੋਇਆ ਤੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਵਜੋਂ ਪ੍ਰਸਿੱਧ ਹੋਈ।

ਇਸੇ ਤਰ੍ਹਾਂ 13 ਅਪਰੈਲ 1919 ਈ: ਨੂੰ ਸ੍ਰੀ ਅੰਮ੍ਰਿਤਸਰ ਦੀ ਧਰਤੀ ’ਤੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਦੂਰ-ਦੂਰ ਤੋਂ ਲੋਕ ਸ੍ਰੀ ਦਰਬਾਰ ਸਾਹਿਬ ਪੁਹੰਚੇ ਹੋਏ ਸਨ। ਇਸੇ ਦਿਨ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕ੍ਰਾਂਤੀਕਾਰੀਆਂ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਸਭਾ ਬੁਲਾਈ ਸੀ। ਇਹ ਇਕੱਠ ਡਾ. ਸੈਫ ਉਦ ਦੀਨ ਕਿਚਲੂ ਤੇ ਡਾ. ਸੱਤਪਾਲ ਦੀ ਰਿਹਾਈ ਅਤੇ ਅੰਗਰੇਜ਼ ਹਕੂਮਤ ਵੱਲੋਂ 10 ਮਾਰਚ 1919 ਈ: ਨੂੰ ਪਾਸ ਕੀਤੇ ਰੌਲੈੱਟ ਐਕਟ, ਜਿਸ ਨੂੰ ਭਾਰਤੀ ਲੋਕਾਂ ਵੱਲੋਂ ਕਾਲੇ ਕਾਨੂੰਨ ਦਾ ਨਾਮ ਦਿੱਤਾ ਗਿਆ ਸੀ, ਦੇ ਸਬੰਧ ਵਿੱਚ ਹੋਇਆ ਸੀ। ਅੰਗਰੇਜ਼ ਹਕੂਮਤ ਨੂੰ ਭਾਰਤ ਵਿੱਚ ਉੱਠ ਰਹੀ ਆਜ਼ਾਦੀ ਦੀ ਲਹਿਰ ਨੂੰ ਦਬਾਉਣ ਦੇ ਮਕਸਦ ਲਈ ਇਸ ਰੌਲੈੱਟ ਐਕਟ ਕਾਨੂੰਨ ਰਾਹੀਂ ਇਹ ਅਧਿਕਾਰ ਮਿਲ ਗਿਆ ਸੀ ਕਿ ਉਹ ਕਿਸੇ ਨੂੰ ਵੀ ਅਦਾਲਤੀ ਕਾਰਵਾਈ ਤੋਂ ਬਿਨਾਂ ਜੇਲ੍ਹ ਵਿੱਚ ਡੱਕ ਸਕਦੀ ਸੀ। ਭਾਰਤੀ ਲੋਕਾਂ ਨੇ ਇਸ ਰੌਲੈੱਟ ਐਕਟ ਦਾ ਇੱਕਜੁਟ ਹੋ ਕੇ ਵਿਰੋਧ ਕੀਤਾ। ਅੰਗਰੇਜ਼ ਹਕੂਮਤ ਨੂੰ ਇਹ ਨਾਪਸੰਦ ਹੋਣ ਕਾਰਨ, ਵਿਸਾਖੀ ਵਾਲੇ ਦਿਨ 13 ਅਪਰੈਲ 1919 ਈ: ਨੂੰ ਅੰਗਰੇਜ਼ ਜਨਰਲ ਡਾਇਰ ਨੇ ਅੰਮ੍ਰਿਤਸਰ ਦੀ ਧਰਤੀ ’ਤੇ ਜੱਲ੍ਹਿਆਂਵਾਲਾ ਬਾਗ਼ ਵਿੱਚ ਕ੍ਰਾਂਤੀਕਾਰੀਆਂ ਵੱਲੋਂ ਕੀਤੀ ਜਾ ਰਹੀ ਸਭਾ (ਜਲਸੇ) ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਵੱਡੀ ਪੱਧਰ ’ਤੇ ਕਤਲੇਆਮ ਕੀਤਾ। ਵਿਸਾਖੀ ਦਾ ਦਿਹਾੜਾ ਹੋਣ ਕਾਰਨ ਅੰਮ੍ਰਿਤਸਰ ਸ਼ਹਿਰ ਤੇ ਜੱਲ੍ਹਿਆਂਵਾਲਾ ਬਾਗ਼ ਵਿੱਚ ਚਹਿਲ-ਪਹਿਲ ਆਮ ਦਿਨਾਂ ਨਾਲੋਂ ਕਾਫੀ ਜ਼ਿਆਦਾ ਸੀ। ਇਸ ਤੋਂ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਤੋਂ ਬਾਹਰ ਜਾਣ ਵਾਲੇ ਰਸਤੇ ਅੰਗਰੇਜ਼ ਹਕੂਮਤ ਦੇ ਫੌਜੀ ਦਸਤਿਆਂ ਨੇ ਬੰਦ ਕਰ ਦਿੱਤੇ ਸਨ ਅਤੇ ਬਗੈਰ ਕਿਸੇ ਚਿਤਾਵਨੀ ਤੋਂ ਸ਼ਾਂਤਮਈ ਚੱਲ ਰਹੀ ਸਭਾ ’ਚ ਬੈਠੇ ਨਿਹੱਥੇ ਬਜ਼ੁਰਗਾਂ, ਬੱਚਿਆਂ, ਨੌਜਵਾਨਾਂ ਤੇ ਔਰਤਾਂ ’ਤੇ ਗੋਲੀਬਾਰੀ ਕੀਤੀ। ਇਹ ਗੋਲੀਬਾਰੀ ਤਕਰੀਬਨ ਦਸ ਮਿੰਟ ਬਿਨਾਂ ਰੁਕੇ ਹੁੰਦੀ ਰਹੀ। ਇਸ ਦੌਰਾਨ ਭਗਦੜ ਮੱਚਣ ਅਤੇ ਗੋਲੀਆਂ ਲੱਗਣ ਕਾਰਨ ਕਾਫੀ ਮੌਤਾਂ ਹੋਈਆਂ। ਗੋਲੀਬਾਰੀ ਕਾਰਨ ਆਪਣੀ ਜਾਨ ਬਚਾਉਣ ਲਈ ਕਾਫੀ ਲੋਕਾਂ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਬਣੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। 13 ਅਪਰੈਲ 1919 ਈ: ਨੂੰ ਵਿਸਾਖੀ ਵਾਲੇ ਦਿਨ ਵਾਪਰੇ ਇਸ ਖੂਨੀ ਸਾਕੇ ਨੂੰ ਤਕਰੀਬਨ 19 ਸਾਲਾ ਦੇ ਇੱਕ ਗੱਭਰੂ ਨੇ ਆਪਣੀਆਂ ਅੱਖਾਂ ਵਿੱਚ ਕੈਦ ਕਰ ਲਿਆ। ਉਹ ਗੱਭਰੂ ਸੀ, ਸਰਦਾਰ ਊਧਮ ਸਿੰਘ ਜੋ ਉਸ ਸਮੇਂ ਸਭਾ ਵਿੱਚ ਸ਼ਾਮਲ ਸੀ। ਉਸ ਤੋਂ ਤਕਰੀਬਨ ਇੱਕੀ ਸਾਲ ਬਾਅਦ ਉਸ ਨੇ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਮਾਈਕਲ ਓ’ਡਵਾਇਰ ਨੂੰ ਗੋਲੀ ਮਾਰ ਕੇ ਲਿਆ। ਇਸੇ ਲਈ ਜੱਲ੍ਹਿਆਂਵਾਲਾ ਬਾਗ਼ ਦਾ ਖੂਨੀ ਸਾਕਾ ਵਿਸਾਖੀ ਵਾਲੇ ਦਿਨ ਹੋਣ ਕਾਰਨ, ਵਿਸਾਖ ਮਹੀਨੇ ਨਾਲ ਵੀ ਗੂੜ੍ਹਾ ਸਬੰਧ ਹੈ।

ਸੰਪਰਕ: 98550-10005

Advertisement
×