DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੁਨੀਆ ’ਚ ਵਾਸਤੂਕਲਾ ਦੀ ਮਿਸਾਲ ਚੀਨ

ਦੀਵਾਲੀ ਪਿੱਛੋਂ ਚੀਨ ਘੁੰਮਣ ਜਾਣ ਦਾ ਫ਼ੈਸਲਾ ਹੋਇਆ। ਦੋ ਮਹੀਨੇ ਪਹਿਲਾਂ ਹੀ ਤਿਆਰੀ ਸ਼ੁਰੂ ਹੋ ਗਈ। ਟੂਰ ਹੌਸਲਾ ਬੁਲੰਦ ਮੰਗਦਾ ਹੈ। ਧਨ ਰਾਸ਼ੀ ਅਤੇ ਗੋਡੇ-ਮੋਢੇ ਮਜ਼ਬੂਤ ਹੋਣੇ ਚਾਹੀਦੇ ਹਨ। ਮੁੱਢਲੀ ਰਾਸ਼ੀ ਜਮ੍ਹਾਂ ਕਰਾਉਣ ਉਪਰੰਤ ਜਦੋਂ ਇੱਕ ਮਹੀਨਾ ਪਹਿਲਾਂ ਮੁਕੰਮਲ ਰਾਸ਼ੀ...

  • fb
  • twitter
  • whatsapp
  • whatsapp
Advertisement

ਦੀਵਾਲੀ ਪਿੱਛੋਂ ਚੀਨ ਘੁੰਮਣ ਜਾਣ ਦਾ ਫ਼ੈਸਲਾ ਹੋਇਆ। ਦੋ ਮਹੀਨੇ ਪਹਿਲਾਂ ਹੀ ਤਿਆਰੀ ਸ਼ੁਰੂ ਹੋ ਗਈ। ਟੂਰ ਹੌਸਲਾ ਬੁਲੰਦ ਮੰਗਦਾ ਹੈ। ਧਨ ਰਾਸ਼ੀ ਅਤੇ ਗੋਡੇ-ਮੋਢੇ ਮਜ਼ਬੂਤ ਹੋਣੇ ਚਾਹੀਦੇ ਹਨ। ਮੁੱਢਲੀ ਰਾਸ਼ੀ ਜਮ੍ਹਾਂ ਕਰਾਉਣ ਉਪਰੰਤ ਜਦੋਂ ਇੱਕ ਮਹੀਨਾ ਪਹਿਲਾਂ ਮੁਕੰਮਲ ਰਾਸ਼ੀ ਕੰਪਨੀ ਕੋਲ ਚਲੀ ਜਾਂਦੀ ਹੈ, ਫਿਰ ਟੂਰ ਦੀ ਉਡੀਕ ਵਿਆਹ ਦੀ ਤਾਰੀਖ਼ ਵਾਂਗ ਰਹਿੰਦੀ ਹੈ। ਬੰਦਾ ਸੁਖ ਮੰਗਦਾ ਹੈ ਕਿ ਸਹੀ ਸਲਾਮਤ ਉਹ ਦਿਨ ਆ ਜਾਏ ਜਦੋਂ ਟੂਰ ਲਈ ਰਵਾਨਾ ਹੋ ਜਾਈਏ। ਜਦੋਂ ਉਹ ਦਿਨ ਆਇਆ ਤਾਂ ਦਿੱਲੀ ਤੋਂ ਸ਼ੰਘਾਈ ਲਈ ਕੌਮਾਂਤਰੀ ਉਡਾਣ ਫੜ ਲਈ। ਫਿਰ ਜਹਾਜ਼ ਲਗਪਗ 40,000 ਫੁੱਟ ਦੀ ਉਚਾਈ ’ਤੇ ਬੱਦਲਾਂ ਤੋਂ ਕਿਤੇ ਉੱਚਾ ਉੱਡ ਰਿਹਾ ਸੀ। ਚੀਨ ਦੇ ਤਿੰਨ ਸ਼ਹਿਰਾਂ ਸ਼ੰਘਾਈ, ਸ਼ੀਆਨ ਅਤੇ ਪੇਈਚਿੰਗ ਨਾਲ ਸਬੰਧਿਤ ਅਹਿਮ ਥਾਵਾਂ ਦੇਖਣੀਆਂ ਤੈਅ ਸਨ।

ਹਾਂਗਕਾਂਗ ਤੋਂ ਜੁੜੀ ਹੋਈ ਉਡਾਣ ਨਾਲ ਸ਼ੰਘਾਈ ਹਵਾਈ ਅੱਡੇ ਉੱਤੇ ਦੁਪਹਿਰ ਪਿੱਛੋਂ ਪਹੁੰਚ ਗਏ। ਸ਼ਾਮ ਨੂੰ ਥੋੜ੍ਹੇ ਚਿਰ ਲਈ ਜਦੋਂ ਰਾਹਤ ਜਿਹੀ ਮਹਿਸੂਸ ਹੋਈ ਤਾਂ ਹੋਟਲ ਦੇ ਨੇੜੇ ਜਿਹੇ ਘੁੰਮੇ। ਬੱਚਿਆਂ ਦੇ ਇੱਕ ਖ਼ੂਬਸੂਰਤ ਪਾਰਕ ਵਿੱਚ ਰੇਤ ਭਰੀ ਹੋਈ ਸੀ। ਬੱਚੇ ਆਪਣੇ ਮਾਪਿਆਂ ਨਾਲ ਰੇਤ ਨਾਲ ਖੇਡਦੇ ਹੋਏ ਹੱਥਾਂ ਜਾਂ ਪੈਰਾਂ ਨਾਲ ਘੁਰਨੇ ਵੀ ਬਣਾ ਰਹੇ ਸਨ ਤੇ ਇੱਕ-ਦੂਜੇ ਉੱਤੇ ਰੇਤ ਵੀ ਸੁੱਟ ਰਹੇ ਸਨ। ਉੱਚੇ ਟਾਵਰਾਂ ਨਾਲ ਘਿਰਿਆ ਸ਼ੰਘਾਈ ਸਾਫ਼-ਸੁਥਰਾ ਦਿਸ ਰਿਹਾ ਸੀ ਜਦੋਂਕਿ ਇਸ ਸ਼ਹਿਰ ਦੀ ਆਬਾਦੀ ਸਾਲ 2020 ਵਿੱਚ 2.48 ਕਰੋੜ ਸੀ ਅਤੇ ਅੱਜ ਤਿੰਨ ਕਰੋੜ ਦੇ ਕਰੀਬ ਮੰਨੀ ਜਾਂਦੀ ਹੈ। ਔਸਤ ਉਮਰ 83.67 ਸਾਲ, ਜਿਸ ਵਿੱਚ ਮਰਦਾਂ ਲਈ 81.27 ਅਤੇ ਔਰਤਾਂ ਲਈ 86.14 ਸਾਲ ਹੈ। ਸ਼ੰਘਾਈ ਚੀਨ ਦਾ ਕੌਮਾਂਤਰੀ ਆਰਥਿਕ ਗੜ੍ਹ ਹੈ, ਬਿਲਕੁਲ ਉਵੇਂ ਜਿਵੇਂ ਭਾਰਤ ਲਈ ਮੁੰਬਈ ਹੈ।

Advertisement

ਹੁਣ ਅਗਲਾ ਦਿਨ ਸ਼ੰਘਾਈ ਨੂੰ ਦੇਖਣ ਦਾ ਸੀ। ਸਭ ਤੋਂ ਪਹਿਲਾਂ ਮੈਗਲੇਵ ਟਰੇਨ ਉੱਤੇ ਅੱਠ ਮਿੰਟ ਲਈ ਸਫ਼ਰ ਕੀਤਾ, ਜਿਹੜੀ 300 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਤਕ ਚੱਲਦੀ ਹੈ। ਭਾਵੇਂ ਇਸ ਦੀ ਸਪੀਡ 400 ਕਿਲੋਮੀਟਰ ਤੋਂ ਵੀ ਵੱਧ ਹੈ, ਪਰ 2021 ਵਿੱਚ ਇਸ ਨੂੰ 300 ਕਿਲੋਮੀਟਰ ਪ੍ਰਤੀ ਘੰਟਾ ਤੱਕ ਸੀਮਿਤ ਕਰ ਦਿੱਤਾ ਗਿਆ ਸੀ। ਦੁਨੀਆ ਦੀ ਇਹ ਪਹਿਲੀ ਵਪਾਰਕ ਉੱਚਤਮ ਸਪੀਡ ਵਾਲੀ ਰੇਲਗੱਡੀ ਹੈ। ਇਸ ਦੀ ਪਟੜੀ ਆਮ ਰੇਲ ਵਾਂਗ ਨਹੀਂ ਹੁੰਦੀ। ਮੈਗਲੇਵ ਸ਼ਬਦ ਮੈਗਨਿਟ ਅਤੇ ਲੈਵੀਟੇਸ਼ਨ ਤੋਂ ਬਣਿਆ ਹੈ। ਚੁੰਬਕੀ ਸ਼ਕਤੀ ਦਾ ਇਲੈਕਟੋਮੈਗਨੇਟਾਂ ਰਾਹੀਂ ਉਪਯੋਗ ਕੀਤਾ ਜਾਂਦਾ ਹੈ। ਰੇਲਗੱਡੀ ਦਾ ਕੋਈ ਪਹੀਆ ਨਹੀਂ ਹੁੰਦਾ। ਇਹ ਪਟੜੀ ਨੂੰ ਬਿਨਾਂ ਛੂਹੇ ਹਵਾ ਵਿੱਚ ਤੈਰਦੀ ਜਾਂਦੀ ਹੈ। ਗੱਡੀ ਨੇ ਅੱਠ ਮਿੰਟ ਵਿੱਚ 30 ਕਿਲੋਮੀਟਰ ਦਾ ਸਫ਼ਰ ਤੈਅ ਕਰ ਦਿੱਤਾ। ਇਹ ਸ਼ੰਘਾਈ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਲੌਂਗ ਯਾਂਗ ਸਟੇਸ਼ਨਾਂ ਦੇ ਵਿਚਕਾਰ ਚੱਲਦੀ ਹੈ। ਇਹ ਰੇਲ ਚਲਾਉਣੀ ਬਹੁਤ ਹੀ ਮਹਿੰਗਾ ਸੌਦਾ ਹੈ। ਸੰਸਾਰ ਵਿੱਚ ਅਜਿਹੀਆਂ ਰੇਲਗੱਡੀਆਂ ਦੇ ਮਹਿਜ਼ 6 ਟਰੈਕ ਹਨ, ਜਿਨ੍ਹਾਂ ਵਿੱਚੋਂ ਤਿੰਨ ਚੀਨ ਵਿੱਚ, ਦੋ ਦੱਖਣੀ ਕੋਰੀਆ ਅਤੇ ਇੱਕ ਜਪਾਨ ਵਿੱਚ ਹੈ। ਮੈਗਲੇਵ ਰੇਲਗੱਡੀ ਵਿੱਚ ਬੈਠਣਾ ਸਵਰਗ ਦੇ ਝੂਟੇ ਵਰਗਾ ਸੀ। ਸਾਹਮਣੇ ਸਕਰੀਨ ਉੱਤੇ ਇਸ ਦੀ ਸਪੀਡ ਨਜ਼ਰ ਆ ਰਹੀ ਸੀ ਅਤੇ ਹਰ ਕੋਈ ਤਸਵੀਰਾਂ ਖਿੱਚ ਰਿਹਾ ਸੀ। ਉਪਰੰਤ ਜੇਡ ਬੁੱਧ ਮੰਦਰ ਦਾ ਆਨੰਦ ਮਾਣਿਆ। ਸ਼ਹਿਰ ਦੇ ਰੌਣਕ ਮੇਲੇ ਦੇ ਅੰਦਰ ਇਹ ਇੱਕ ਅਨੋਖਾ ਸ਼ਾਂਤੀ ਪ੍ਰਦਾਨ ਕਰਨ ਵਾਲਾ ਸਥਾਨ ਹੈ। ਇਸ ਵਿੱਚ ਬੁੱਧ ਦੀ ਲੇਟੀ ਹੋਈ ਅਤੇ ਬੈਠਣ ਦੀ ਮੁਦਰਾ ਵਿੱਚ ਬਣੀਆਂ ਮੂਰਤੀਆਂ ‘ਜੇਡ ਰਤਨ’ (ਹੀਰੇ ਜਵਾਹਰਾਤ) ਤੋਂ ਬਣੀਆਂ ਹੋਣ ਕਾਰਨ ਇਸ ਨੂੰ ਜੇਡ ਬੁੱਧ ਮੰਦਰ ਕਹਿੰਦੇ ਹਨ। ਇੱਕ ਬੁੱਧ ਭਿਕਸ਼ੂ ਨੇ ਇਹ ਦੋਵੇਂ ਮੂਰਤੀਆਂ ਬਰਮਾ ਤੋਂ ਇੱਥੇ ਲਿਆਂਦੀਆਂ ਸਨ। ਇਹ ਮੰਦਰ ਸੰਨ 1882 ਵਿੱਚ ਬਣਵਾਇਆ ਗਿਆ ਸੀ। ਲੇਟਿਆ ਬੁੱਧ ਆਰਾਮ ਦੀ ਅਵਸਥਾ ਵਿੱਚ ਹੈ। ਭਾਰਤ ਵਿੱਚ ਅਜੰਤਾ ਦੀ ਇੱਕ ਗੁਫ਼ਾ ਵਿੱਚ ਪਈ ਬੁੱਧ ਦੀ ਲੇਟੀ ਹੋਈ ਅਵਸਥਾ ਦੀ ਮੂਰਤੀ ਦੇਖਣ ਵਾਲੇ ਨੂੰ ਉਸ ਦੀ ਸ਼ਾਂਤੀ ਦਾ ਅਜਬ ਅਹਿਸਾਸ ਹੁੰਦਾ ਹੈ।

Advertisement

ਬੁੱਧ ਮੰਦਰ ਦੀ ਸੈਰ ਪਿੱਛੋਂ ਸ਼ੰਘਾਈ ਦੀਆਂ ਖ਼ੂਬਸੂਰਤ ਸੜਕਾਂ ਤੋਂ ਲੰਘਦੇ ਬੱਸ ਵਿੱਚੋਂ ਹੀ ਫੋਟੋਆਂ ਖਿੱਚਦੇ ਹੋਏ ਰੇਸ਼ਮ ਦੀ ਫੈਕਟਰੀ ਵਿੱਚ ਗਏ। ਰੇਸ਼ਮ ਦੀ ਫੈਕਟਰੀ ਦਾ ਸੈਲਾਨੀ ਆਨੰਦ ਤਾਂ ਮਾਣਦਾ ਹੈ, ਪਰ ਖਰੀਦਣ ਦੀ ਹਿੰਮਤ ਨਹੀਂ ਕਰਦਾ ਕਿਉਂਕਿ ਰੇਸ਼ਮ ਬਹੁਤ ਮਹਿੰਗਾ ਹੈ। ਸ਼ੰਘਾਈ ਦੀਆਂ ਸੜਕਾਂ ਕਿਨਾਰੇ ਸਾਈਕਲਾਂ ਦੀ ਲੜੀ ਮਿਲਦੀ ਹੈ। ਕੋਈ ਵੀ ਵਿਅਕਤੀ ਸਕੈਨ ਕਰ ਕੇ ਸਾਈਕਲ ਲਿਜਾ ਸਕਦਾ ਹੈ ਅਤੇ ਏਅਰਪੋਰਟ ਦੀ ਟਰਾਲੀ ਵਾਂਗ ਜਿੱਥੇ ਜਾਣਾ ਹੋਵੇ, ਉੱਥੇ ਨਿਰਧਾਰਤ ਥਾਂ ਉੱਤੇ ਸਾਈਕਲ ਰੱਖ ਦਿੰਦਾ ਹੈ ਅਤੇ ਪੈਸੇ ਉਸ ਦੇ ਖਾਤੇ ਵਿੱਚੋਂ ਕੱਟੇ ਜਾਂਦੇ ਹਨ। ਇੰਨੇ ਵੱਡੇ ਸ਼ਹਿਰ ਵਿੱਚ ਸਾਈਕਲ ਚਲਾਉਣ ਵਾਲਿਆਂ ਲਈ ਵੱਖਰਾ ਟਰੈਕ/ਰਸਤਾ ਹੋਣ ਕਾਰਨ ਉਨ੍ਹਾਂ ਨੂੰ ਸਾਈਕਲ ਚਲਾਉਣ ਵਿੱਚ ਕੋਈ ਦਿੱਕਤ ਨਹੀਂ ਹੁੰਦੀ। 2023 ਵਿੱਚ ਇਨ੍ਹਾਂ ਦੀ ਗਿਣਤੀ 2,80,000 ਦੱਸੀ ਜਾਂਦੀ ਹੈ।

ਉਪਰੰਤ ਐਕਰੋਬੈਟਿਕ ਸ਼ੋਅ ਦਾ ਆਨੰਦ ਮਾਣਿਆ। ਸਟੇਡੀਅਮ ਭਰਿਆ ਪਿਆ ਸੀ। ਐਕਰੋਬੈਟਿਕ ਦਾ ਭਾਵ ਹੈ ਕਲਾਬਾਜ਼ੀਆਂ ਦੀ ਕਲਾ। ਨਿਰਸੰਦੇਹ, ਇਹ ਸ਼ੋਅ ਦੇਖ ਕੇ ਤੁਹਾਨੂੰ ਬਚਪਨ ਵਿੱਚ ਦੇਖੇ ਪੰਜਾਬ ਦੇ ਬਾਜ਼ੀਗਰਾਂ ਦੇ ਸ਼ੋਅ ਜ਼ਰੂਰ ਚੇਤੇ ਆਉਣਗੇ। ਚੀਨੀਆਂ ਨੇ ਇਸ ਕਲਾ ਨੂੰ ਨਵੀਆਂ ਤਕਨੀਕਾਂ, ਸੰਗੀਤ ਅਤੇ ਰੌਸ਼ਨੀਆਂ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਬਣਾ ਲਿਆ ਹੈ। ਸ਼ੋਅ ਦੇਖ ਕੇ ਹਰ ਕੋਈ ਕਹਿ ਰਿਹਾ ਸੀ ਕਿ ਬਸ ਹੁਣ ਟੂਰ ਦਾ ਮੁੱਲ ਮੁੜ ਗਿਆ।

ਹੁਣ ਅਗਲਾ ਪੜਾਅ ਵੀ ਅਹਿਮ ਸੀ ਸ਼ੰਘਾਈ ਟਾਵਰ ਦੇਖਣਾ, ਜਿਸ ਦਾ ਅਸਲ ਨਾਂ ਔਰੀਐਂਟਲ ਪਰਲ ਟਾਵਰ ਹੈ। ਇਸ ਦੀ ਉਚਾਈ 468 ਮੀਟਰ ਲਗਪਗ 1535 ਫੁੱਟ ਹੈ। ਇਹ ਹੁਆਂਗਪੂ ਦਰਿਆ ਦੇ ਸਾਹਮਣੇ ਸਥਿਤ ਹੈ। ਇਹ ਟੈਲੀਵਜ਼ਨ ਅਤੇ ਰੇਡੀਓ ਟਾਵਰ ਦਾ ਵੀ ਕੰਮ ਕਰਦਾ ਹੈ। 263 ਮੀਟਰ ਅਤੇ 351 ਮੀਟਰ ਤੋਂ ਸ਼ਹਿਰ ਨੂੰ 360 ਡਿਗਰੀ ਨਾਲ ਚਾਰੇ ਪਾਸੇ ਤੋਂ ਨੀਝ ਨਾਲ ਦੇਖਿਆ ਜਾ ਸਕਦਾ ਹੈ। ਜਦੋਂ ਇਸ ਨੂੰ ਦੇਖਿਆ ਤਾਂ ਟਾਵਰ ਦੁਆਲੇ ਇਮਾਰਤਾਂ ਇਉਂ ਜਗਮਗ ਕਰ ਰਹੀਆਂ ਸਨ ਜਿਵੇਂ ਸ਼ਹਿਰ ਵਿੱਚ ਦੀਵਾਲੀ ਮਨਾਈ ਜਾ ਰਹੀ ਹੋਵੇ। ਸਾਰੇ ਟਾਵਰ ਨੂੰ ਦੇਖਣ ਅਤੇ ਮਾਣਨ ਲਈ ਤਾਂ ਕਈ ਦਿਨ ਲੱਗ ਸਕਦੇ ਹਨ, ਮਹਿਜ਼ ਘੰਟੇ ਡੇਢ ਘੰਟੇ ਵਿੱਚ ਇਸ ਦੇ ਨਖ਼ਰੇ, ਹੁਸਨ ਅਤੇ ਅਮੀਰੀ ਨੂੰ ਹੀ ਮਾਣਿਆ ਜਾ ਸਕਦਾ ਹੈ।

ਆਖ਼ਰੀ ਗਤੀਵਿਧੀ ਹੁਆਂਗਪੂ ਨਦੀ ਉੱਤੇ ਕਰੂਜ਼ (ਇੰਜਣ ਨਾਲ ਚੱਲਦੀ ਦੋ ਤਿੰਨ ਮੰਜ਼ਿਲਾ ਕਿਸ਼ਤੀ) ਦੇ ਝੂਟੇ ਨਾਲ ਮੁੱਕ ਜਾਣੀ ਸੀ। ਇੱਕ ਵਾਰ ਵਿੱਚ ਸੈਂਕੜੇ ਵਿਅਕਤੀ ਇਸ ਵਿੱਚ ਸਵਾਰ ਹੋ ਸਕਦੇ ਹਨ। ਬੈਠੋ ਤੇ ਖਾਓ ਪੀਓ, ਮੌਜ ਮਨਾਓ ਅਤੇ ਆਲੇ-ਦੁਆਲੇ ਸ਼ਹਿਰੀ ਸੱਭਿਅਤਾ ਦੇ ਖਿਲਰੇ ਰੰਗ ਦੇਖਦੇ ਜਾਓ। ਸੂਰਜ ਢਲਣ ਮਗਰੋਂ ਰੌਸ਼ਨੀਆਂ ਧਰਤੀ ਤੇ ਆਸਮਾਨ ਇੱਕ ਹੋਣ ਵਰਗਾ ਨਜ਼ਾਰਾ ਪੇਸ਼ ਕਰ ਦਿੰਦੀਆਂ ਹਨ। ਹੁਆਂਗਪੂ ਨਦੀ ਨੂੰ ਸ਼ੰਘਾਈ ਦੀ ਮਾਂ ਨਦੀ ਕਿਹਾ ਜਾਂਦਾ ਹੈ। ਇਹ ਸ਼ਹਿਰ ਨੂੰ ਦੋ ਹਿੱਸਿਆਂ ਪੂਰਬੀ ਅਤੇ ਪੱਛਮੀ ਵਿੱਚ ਵੰਡਦੀ ਹੈ। ਪੱਛਮੀ ਕਿਨਾਰਾ ਪੁਰਾਣੇ ਜ਼ਮਾਨੇ ਦੀ ਤਸਵੀਰ ਪੇਸ਼ ਕਰਦਾ ਹੈ ਅਤੇ ਪੂਰਬੀ ਕਿਨਾਰਾ ਆਧੁਨਿਕ ਸ਼ੰਘਾਈ ਦੀਆਂ ਆਸਮਾਨ ਛੂੰਹਦੀਆਂ ਇਮਾਰਤਾਂ ਦੀ ਬਾਤ ਪਾਉਂਦਾ ਹੈ।ਅਗਲੇ ਦਿਨ ਸ਼ੰਘਾਈ ਨੂੰ ਅਲਵਿਦਾ ਕਹਿ ਕੇ ਸ਼ੀਆਨ ਵੱਲ ਜਹਾਜ਼ ਰਾਹੀਂ ਤਿੰਨ ਘੰਟੇ ਦਾ ਸਫ਼ਰ ਤੈਅ ਕਰਨਾ ਸੀ। ਜਿਉਂ ਹੀ ਸ਼ੀਆਨ ਪਹੁੰਚੇ ਤਾਂ ਹੋਟਲ ਵਿੱਚ ਸਿੱਧਾ ਜਾਣ ਦੀ ‘ਬਜਾਏ ਬਿੱਗ ਵਾਈਲਡ ਗੂਜ਼ ਪੈਗੋਡਾ’ ਦੇਖਣ ਚਲੇ ਗਏ। ਇਸ ਨੂੰ ‘ਦਿ ਯਾਨ ਪੈਗੋਡਾ’ ਵੀ ਕਿਹਾ ਜਾਂਦਾ ਹੈ। ਜਿਉਂ ਹੀ ਇਸ ਦੇ ਅੰਦਰ ਗਏ ਤਾਂ ਬਹੁਤ ਵੱਡਾ ਖੇਤਰ ਨਿਵੇਕਲੀ ਝਲਕ ਦਿਖਾ ਰਿਹਾ ਸੀ। ਇਸ ਦਾ ਨਿਰਮਾਣ 652 ਈਸਵੀ ਵਿੱਚ ਕੀਤਾ ਗਿਆ। ਇਹ ਚੀਨੀ ਬੁੱਧ ਭਿਕਸ਼ੂ ਹਿਊਨਸਾਂਗ ਦੁਆਰਾ ਭਾਰਤ ਤੋਂ ਲਿਆਂਦੀਆਂ ਬੁੱਧ ਦੀ ਮੂਰਤੀਆਂ, ਅਵਸ਼ੇਸ਼ ਅਤੇ ਸੰਸਕ੍ਰਿਤ ਵਿੱਚ ਲਿਖਤਾਂ ਨੂੰ ਰੱਖਣ ਲਈ ਬਣਵਾਇਆ ਗਿਆ ਸੀ। ਹਿਊਨਸਾਂਗ ਨਾਲੰਦਾ ਵਿੱਚ 15 ਸਾਲ ਅਧਿਐਨ ਕਰਦਾ ਰਿਹਾ ਅਤੇ ਪ੍ਰਮਾਣਿਕ ਬੁੱਧ ਮੱਤ ਬਾਰੇ ਜਾਣਿਆ। ਉਸ ਨੇ ਸੰਸਕ੍ਰਿਤ ਲਿਖਤਾਂ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ। ਇਸ ਦੀ ਸੱਤ ਮੰਜ਼ਿਲਾ ਇਮਾਰਤ ਦੀ ਉਚਾਈ 64.7 ਮੀਟਰ ਹੈ ਅਤੇ ਇਸ ਦਾ ਆਧਾਰ ਚਹੁਕੋਣਾ ਹੈ। ਇਹ ਤਾਂਗ ਸਲਤਨਤ ਦੁਆਰਾ ਬਣਾਇਆ ਗਿਆ ਸੀ। ਇਹ ਅੱਜ ਵੀ 1375 ਸਾਲ ਬਾਅਦ ਵੀ ਭੂਚਾਲ ਦੇ ਝਟਕੇ ਸਹਿੰਦਾ ਹੋਇਆ ਤੇ ਫਿਰ ਮੁੜਉਸਾਰੀ ਮਗਰੋਂ ਸ਼ਾਨ ਨਾਲ ਸੁਸ਼ੋਭਿਤ ਹੈ ਅਤੇ ਚੀਨੀ ਇਮਾਰਤਸਾਜ਼ੀ ਦੀ ਤਾਕਤ ਦਾ ਪ੍ਰਤੀਕ ਹੈ।

ਅਸੀਂ ਸ਼ੀਆਨ ਸ਼ਹਿਰ ਦੀ ਸ਼ਾਹੀ ਦੀਵਾਰ ਦੇਖੀ। ਇਸ ਦਾ ਇੱਕ ਹਿੱਸਾ ਬਾਖ਼ੂਬੀ ਸੰਭਾਲਿਆ ਹੋਇਆ ਹੈ। ਸ਼ੀਆਨ ਦੀ ਦੀਵਾਰ ਸਭ ਤੋਂ ਪੁਰਾਣੀ, ਸਭ ਤੋਂ ਵੱਡੀ ਅਤੇ ਵਧੀਆ ਢੰਗ ਨਾਲ ਸੰਭਾਲੀ ਹੋਈ ਹੈ। ਚੀਨੀ ਕਿਤਾਬ ਦੇ ਸਰੋਤ ’ਚ ਇਸ ਦੀ ਲੰਬਾਈ 11.9 ਕਿਲੋਮੀਟਰ ਦੱਸੀ ਗਈ ਹੈ। ਇਸ ਦੀ ਉਚਾਈ 12 ਮੀਟਰ ਹੈ ਅਤੇ ਇਸ 15 ਮੀਟਰ ਚੌੜੀ ਤੇ ਆਧਾਰ 18 ਮੀਟਰ ਹੈ। ਚਾਰ ਗੇਟ ਅਤੇ ਟਾਵਰ ਹਨ, ਉੱਤਰੀ, ਦੱਖਣੀ, ਪੂਰਬੀ ਅਤੇ ਪੱਛਮੀ। ਮੌਜੂਦਾ ਦੀਵਾਰ ਮਿੰਗ ਸਲਤਨਤ ਵੱਲੋਂ ਖੜ੍ਹੀ ਕੀਤੀ ਗਈ ਹੈ, ਜਿਹੜੀ ਪਹਿਲਾਂ ਤਾਂਗ ਸਲਤਨਤ ਨੇ ਉਸਾਰੀ ਸੀ ਪਰ ਉਹ ਕੱਚੀ ਸੀ। ਇਸ ਦੀਵਾਰ ਦੇ ਉੱਪਰ ਸਾਈਕਲ ਜਾਂ ਬੈਟਰੀ ਵਾਲੀ ਕਾਰ ਨਾਲ ਸ਼ਹਿਰ ਦੀ ਝਲਕ ਦੇਖੀ ਜਾ ਸਕਦੀ ਹੈ, ਪਰ ਸਾਡੇ ਕੋਲ ਮਹਿਜ਼ ਇਸ ਨੂੰ ਤੱਕਣ ਅਤੇ ਇਸ ਦੀ ਫੋਟੋ ਲੈਣ ਦਾ ਹੀ ਸਮਾਂ ਸੀ। ਇਹ ਯੂਨੈਸਕੋ ਵੱਲੋਂ ਸੁਰੱਖਿਅਤ ਐਲਾਨੀ ਗਈ ਹੈ। ਇਸ ਪਿੱਛੋਂ ਟਾਂਗ ਸਲਤਨਤ ਦਾ ਸ਼ੋਅ ਦੇਖਿਆ। ਅਗਲੇ ਦਿਨ ਸਵੇਰੇ ਸਾਜਰੇ ਟੈਰਾਕੋਟਾ ਵਾਰੀਅਰ ਦੇਖਣ ਲਈ ਚੱਲ ਪਏ। ਇਹ ਥਾਂ ਦੇਖ ਕੇ ਤਾਂ ਇਉਂ ਲੱਗਿਆ ਜਿਵੇਂ ਅੱਠਵਾਂ ਅਜੂਬਾ ਦੇਖ ਲਿਆ ਹੋਵੇ।

ਚੀਨ ਵਿੱਚ ਸ਼ੀਆਨ ਤੋਂ ਪੂਰਬ ਵੱਲ 35 ਕਿਲੋਮੀਟਰ ਦੂਰ ਚੀਨ ਦੇ ਪਹਿਲੇ ਸਮਰਾਟ ਕਿੰਨ ਸ਼ੀ ਹੁਆਂਗ ਦਾ ਮਕਬਰਾ ਹੈ। ਇਸ ਜਗ੍ਹਾ ਚੀਨ ਦਾ 2200 ਸਾਲ ਤੋਂ ਵੱਧ ਪੁਰਾਣਾ ਇਤਿਹਾਸ ਅਤੇ ਇਸ ਦੇ ਭੇਤ ਛੁਪੇ ਹੋਏ ਹਨ। ਸੰਨ 1974 ਵਿੱਚ ਮਕਬਰੇ ਦੇ ਪੂਰਬ ਵੱਲ 1500 ਮੀਟਰ ਦੀ ਦੂਰੀ ਉੱਤੇ ਯਾਂਗ ਜ਼ੀਫ਼ਾ ਅਤੇ ਪਿੰਡ ਦੇ ਹੋਰ ਪੰਜ ਵਿਅਕਤੀ ਖੂਹ ਪੁੱਟ ਰਹੇ ਸਨ ਤਾਂ ਉਨ੍ਹਾਂ ਨੂੰ ਕੁਝ ਅਜਿਹੇ ਅਵਸ਼ੇਸ਼ ਮਿਲੇ, ਜਿਸ ਨੇ ਚੀਨ ਅਤੇ ਦੁਨੀਆ ਵਿੱਚ ਸਨਸਨੀ ਫ਼ੈਲਾ ਦਿੱਤੀ ਸੀ। ਪੰਜ ਵਰ੍ਹਿਆਂ ਦੀ ਖ਼ੁਦਾਈ ਪਿੱਛੋਂ ਇਨ੍ਹਾਂ ਅਵਸ਼ੇਸ਼ਾਂ ਤੋਂ ਇੱਕ ਅਜਾਇਬਘਰ ਖੱਡ ਨੰਬਰ ਇੱਕ ਦੀ ਜਗ੍ਹਾ ਉੱਤੇ ਉਸਾਰਿਆ ਗਿਆ। ਅਕਤੂਬਰ 1979 ਵਿੱਚ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਇਸ ਵਿੱਚ 7,000 ਮਿੱਟੀ ਦੀਆਂ ਆਦਮਕੱਦ ਮੂਰਤੀਆਂ ਹਨ ਜਿਨ੍ਹਾਂ ਵਿੱਚ ਘੋੜੇ, ਰਥ, ਪੈਦਲ ਫ਼ੌਜੀ ਅਤੇ ਘੋੜਸਵਾਰ ਸ਼ਾਮਲ ਹਨ। ਬੁੱਤਤਰਾਸ਼ੀ ਵਿੱਚ ਚੀਨ ਦੀ ਅੱਜ ਤੋਂ 2200 ਸਾਲ ਪਹਿਲਾਂ ਇਹ ਅਹਿਮ ਪ੍ਰਾਪਤੀ ਹੈ। ਜਦੋਂ ਇਨ੍ਹਾਂ ਦੀ ਝਲਕ ਪਾਈ ਤਾਂ ਮਨ ਵਿੱਚ ਕੰਬਣੀ ਜਿਹੀ ਛਿੜ ਗਈ। ਇਹ ਮਿੱਟੀ ਦੇ ਬਣੇ ਫ਼ੌਜੀ ਸਾਜ਼ੋ-ਸਾਮਾਨ ਸਮੇਤ ਮਕਬਰੇ ਵਿੱਚ ਦਫ਼ਨਾਏ ਗਏ ਸਨ ਤਾਂ ਜੋ ਸਮਰਾਟ ਕਿੰਨ ਸ਼ੀ ਹੁਆਂਗ ਦੀ ਮੌਤ ਉਪਰੰਤ ਦੁਸ਼ਮਣਾਂ ਤੋਂ ਰਾਖੀ ਕੀਤੀ ਜਾ ਸਕੇ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਿੱਥੇ ਰਾਜਾ ਦਫ਼ਨਾਇਆ ਗਿਆ ਹੈ ਉਸ ਜਗ੍ਹਾ ਦੀ ਅਜੇ ਤੱਕ ਖੁਦਾਈ ਨਹੀਂ ਕੀਤੀ ਗਈ। ਸ਼ੱਕ ਹੈ ਕਿ ਇਸ ਨੂੰ ਪੁੱਟਣ ਉੱਤੇ ਜ਼ਹਿਰੀਲਾ ਮਾਦਾ ਅਜਿਹਾ ਕਰਨ ਵਾਲਿਆਂ ਲਈ ਘਾਤਕ ਸਿੱਧ ਹੋ ਸਕਦਾ ਹੈ। ਫਰਾਂਸ ਦਾ ਸਾਬਕਾ ਪ੍ਰਧਾਨ ਮੰਤਰੀ ਚਿਰਾਕ ਜਦੋਂ ਇਨ੍ਹਾਂ ਟੈਰਾਕੋਟਾ ਜੰਗਜੂਆਂ ਨੂੰ ਦੇਖਣ ਆਇਆ ਤਾਂ ਇਹ ਕਹੇ ਬਿਨਾਂ ਰਹਿ ਨਾ ਸਕਿਆ ਕਿ ਦੁਨੀਆ ਵਿੱਚ ਸੱਤ ਅਜੂਬੇ ਹਨ ਅਤੇ ਕਿੰਨ ਸ਼ੀ ਹੁਆਂਗ ਦੇ ਟੈਰਾਕੋਟਾ ਜੰਗਜੂ ਅੱਠਵਾਂ ਅਜੂਬਾ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਜਿਸ ਨੇ ਇਹ ਮਿੱਟੀ ਦੇ ਯੋਧੇ ਨਹੀਂ ਦੇਖੇ, ਉਸ ਨੇ ਚੀਨ ਹੀ ਨਹੀਂ ਦੇਖਿਆ।

ਸ਼ਾਮੀਂ ਬੁਲੇਟ ਟਰੇਨ ਵਿੱਚ ਸ਼ੀਆਨ ਤੋਂ ਪੇਈਚਿੰਗ ਤੱਕ ਦਾ ਸਫ਼ਰ ਕਰਨਾ ਸੀ। ਉਸ ਦੀ ਸਪੀਡ 300 ਕਿਲੋਮੀਟਰ ਪ੍ਰਤੀ ਘੰਟਾ ਹੋਣ ਕਾਰਨ ਨਿਵੇਕਲਾ ਅਨੁਭਵ ਹੋਣਾ ਸੀ। ਤਕਰੀਬਨ 1200 ਕਿਲੋਮੀਟਰ ਦਾ ਫ਼ਾਸਲਾ ਸਾਢੇ ਚਾਰ ਘੰਟੇ ਵਿੱਚ ਤੈਅ ਹੋ ਗਿਆ। ਦੂਜੀ ਸ਼੍ਰੇਣੀ ਦਾ ਪ੍ਰਤੀ ਵਿਅਕਤੀ ਕਿਰਾਇਆ 547.5 ਚੀਨੀ ਯੁਆਨ ਹੈ। ਇੱਕ ਚੀਨੀ ਯੁਆਨ ਲਗਪਗ 13 ਰੁਪਏ ਦੇ ਬਰਾਬਰ ਹੈ। ਇਸ ਤਰ੍ਹਾਂ ਕਿਰਾਇਆ 7,000 ਰੁਪਏ ਦੇ ਬਰਾਬਰ ਬਣ ਜਾਂਦਾ ਹੈ। ਇਹ ਜੀ-662 ਤੋਂ ਵੱਧ ਸਪੀਡ ਵਾਲੀ ਟਰੇਨ ਸੀ।

ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਇੱਕ ਚੀਨ ਦੀ ਮਹਾਨ ਦੀਵਾਰ ਮਹਿਜ਼ ਦੀਵਾਰ ਹੀ ਨਹੀਂ ਸਗੋਂ ਚੀਨ ਦੇ ਇਤਿਹਾਸ ਵਿੱਚ ਰਾਜਿਆਂ ਵੱਲੋਂ ਸਮੇਂ-ਸਮੇਂ ਉੱਤੇ ਮਜ਼ਬੂਤ ਕੀਤੀ ਕਿਲ੍ਹਾਬੰਦੀ ਹੈ ਤਾਂ ਜੋ ਉੱਤਰ ਵੱਲੋਂ ਹੁੰਦੇ ਮੰਗੋਲ ਹਮਲਿਆਂ ਦਾ ਸਾਹਮਣਾ ਕੀਤਾ ਜਾ ਸਕੇ। ਇਸ ਵਿੱਚ ਕਈ ਅਹਿਮ ਲਾਂਘੇ ਵੀ ਹਨ। ਇਸ ਦੀ ਲੰਬਾਈ 21,196.18 ਕਿਲੋਮੀਟਰ ਹੈ। ਇਹ ਮਨੁੱਖੀ ਹੱਥਾਂ ਨਾਲ ਸਿਰਜਿਆ ਦੁਨੀਆ ਦਾ ਸਭ ਤੋਂ ਵੱਡਾ ਅਜੂਬਾ ਹੈ। ਪੂਰਬ ਵਾਲੇ ਪਾਸੇ ਬੋਹਾਈ ਸਮੁੰਦਰ ਤੋਂ ਲੈ ਕੇ ਇਹ ਪਹਾੜਾਂ ਅਤੇ ਪਠਾਰਾਂ ਵਿੱਚੋਂ ਉਪਰ ਥੱਲੇ ਹੁੰਦਾ ਡਰੈਗਨ ਵਾਂਗ ਲੰਘਦਾ ਚੀਨ ਦੇ ਉੱਤਰ ਵਾਲੇ ਪਾਸੇ ਪੱਛਮੀ ਗੋਬੀ ਰੇਗਿਸਤਾਨ ਨਾਲ ਜਾ ਲੱਗਦਾ ਹੈ। ਇਸ ਦੀਵਾਰ ਨਾਲ ਚੀਨ ਦੇ 15 ਸੂਬੇ, ਮਿਉਂਸਿਪੈਲਿਟੀਆਂ ਅਤੇ ਸਵੈਸ਼ਾਸਿਤ ਖੇਤਰ ਲੱਗਦੇ ਹਨ। ਇਹ ਤੀਜੀ ਸਦੀ ਈਸਾ ਪੂਰਵ ਤੋਂ ਲੈ ਕੇ ਸਤਾਰ੍ਹਵੀਂ ਸਦੀ ਈਸਵੀ ਤੱਕ ਬਣਵਾਈ ਗਈ ਸੀ। ਯੂਨੈਸਕੋ ਵੱਲੋਂ 1987 ਵਿੱਚ ਵਿਰਾਸਤੀ ਸਥਾਨ ਐਲਾਨੀ ਗਈ। ਇਸ ਨੂੰ ਸਾਲ ਵਿੱਚ ਇੱਕ ਕਰੋੜ ਲੋਕ ਦੇਖਣ ਆਉਂਦੇ ਹਨ। ਅਸੀਂ ਜੋ ਅੱਖੀਂ ਦੇਖੀ, ਉਹ ਬਾਡਾਲਿੰਗ ਖੇਤਰ ਦੀ ਦੀਵਾਰ ਸੀ ਜਿਹੜੀ ਪੇਈਚਿੰਗ ਤੋਂ 70 ਕਿਲੋਮੀਟਰ ਦੂਰ ਹੈ। ਨਿਰਸੰਦੇਹ, ਚੀਨ ਦੀ ਦੀਵਾਰ ਦੇਖਣ ਦਾ ਅਨੁਭਵ ਅਤਿਅੰਤ ਅਨੋਖਾ ਸੀ। ਉਪਰੰਤ ਵਾਪਸ ਆ ਕੇ ਜੇਡ (ਕੀਮਤੀ ਪੱਥਰ) ਦੀ ਫੈਕਟਰੀ ਦੇਖੀ। ਬਹੁਤ ਕੀਮਤੀ ਗਹਿਣੇ ਬਣੇ ਹੋਏ ਸਨ, ਪਰ ਏਨਾ ਕੁਝ ਲੈਣ ਦੀ ਹਰ ਕਿਸੇ ਵਿੱਚ ਹਿੰਮਤ ਨਹੀਂ ਸੀ। ਫਿਰ ਵੀ ਕਈ ਕੁਝ ਆਪਣੀਆਂ ਨੂੰਹਾਂ-ਧੀਆਂ ਲਈ ਖਰੀਦਿਆ। ਚੀਨ ਵਿੱਚ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਹੁਣ ਰਾਜਿਆਂ ਦਾ ਗਰਮੀਆਂ ਦਾ ਮਹਿਲ ਦੇਖਣਾ ਸੀ। ਇਹ ਕੋਈ ਛੋਟਾ ਮੋਟਾ ਖੇਤਰ ਨਹੀਂ ਸਗੋਂ 720 ਏਕੜ ਭਾਵ 290 ਹੈਕਟੇਅਰ ਵਿੱਚ ਫੈਲਿਆ ਸੀ। ਹੁਣ ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਿਲ ਹੈ। ਇਸ ਵਿੱਚ 700 ਮੀਟਰ ਲੰਮਾ ਵਰਾਂਡਾ (ਕੌਰੀਡੋਰ) ਹੈ। ਇਸ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਰੰਗਦਾਰ ਚਿੱਤਰ ਬਣਾਏ ਹੋਏ ਹਨ। ਹੁਣ ਕਿਸ਼ਤੀ ਦੀ ਉਡੀਕ ਸੀ ਕਿ ਕਦੋਂ ਉਸ ਤੱਕ ਅੱਪੜ ਕੇ ਸਮਰ ਪੈਲੇਸ ਦੇਖਣ ਦਾ ਇੰਤਜ਼ਾਰ ਮੁੱਕੇਗਾ। ਲੌਂਗੇਵਿਟੀ ਹਾਲ ਉੱਤੇ ਬਣਿਆ ਤਿੰਨ ਮੰਜ਼ਿਲਾ ਟਾਵਰ (ਬੁੱਧ ਮੰਦਰ) 135 ਫੁੱਟ ਉੱਚਾ ਹੈ। ਇਸ ਦੀਆਂ ਪੌੜੀਆਂ ਤਾਂ ਹੋਰ ਵੀ ਉੱਚੀਆਂ ਹਨ। ਜਦੋਂ ਕਿਸ਼ਤੀ ਤੱਕ ਧੱਕੇ ਖਾਂਦੇ ਪੁੱਜੇ ਤਾਂ ਰਾਹਤ ਮਹਿਸੂਸ ਕੀਤੀ। ਸੱਜੇ ਪਾਸੇ 17 ਡਾਟਾਂ ਵਾਲਾ ਪੁਲ ਵੀ ਝੀਲ ਵਿੱਚ ਉਸਰਿਆ ਸੋਹਣਾ ਲੱਗ ਰਿਹਾ ਸੀ। ਸੱਚ ਤਾਂ ਇਹ ਹੈ ਕਿ ਇਕੱਲੇ ਪੇਈਚਿੰਗ ਨੂੰ ਚੰਗੀ ਤਰ੍ਹਾਂ ਦੇਖਣ ਲਈ ਸੱਤ ਦਿਨ ਚਾਹੀਦੇ ਹਨ। ਸ਼ਾਮ ਪੈ ਗਈ ਸੀ ਤੇ ਰੋਸ਼ਨੀਆਂ ਦੀਵਾਲੀ ਵਰਗਾ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਅੱਜ 2008 ਵਿੱਚ ਚੀਨ ਵਿੱਚ ਹੋਈਆਂ ਓਲਿੰਪਕ ਖੇਡਾਂ ਦੇ ਪਾਰਕ ਅਤੇ ਸਟੇਡੀਅਮ ਦੇ ਬਾਹਰ ਫੋਟੋਆਂ ਖਿੱਚਵਾ ਕੇ ਦਿਨ ਦੀ ਸਮਾਪਤੀ ਕਰਨੀ ਸੀ।

ਤਿਆਨਮਿਨ ਚੌਕ ਅਤੇ ਫਾਰਬਿਡਨ ਸਿਟੀ/ਪੈਲੇਸ ਮਿਊਜ਼ੀਅਮ (ਜਿਸ ਵਿੱਚ ਰਾਜਸ਼ਾਹੀ ਸਮੇਂ ਲੋਕਾਂ ਨੂੰ ਜਾਣ ਦੀ ਮਨਾਹੀ ਸੀ) ਨੂੰ ਦੇਖਣ ਲਈ ਪੈਦਲ ਬਹੁਤ ਤੁਰਨਾ ਪੈਂਦਾ ਹੈ। ਇਸ ਲਈ ਇੱਕ ਵੀਲ੍ਹਚੇਅਰ ਕਰ ਲਈ, ਜਿਸ ਦੀ ਕੀਮਤ 500 ਚੀਨੀ ਯੁਆਨ ਸੀ ਭਾਵ 7,000 ਰੁਪਏ। ਇੱਥੇ ਹੀ 1 ਅਕਤੂਬਰ 1949 ਵਿੱਚ ਮਾਓ ਜ਼ੇ ਤੁੰਗ ਨੇ ਇਨਕਲਾਬ ਉਪਰੰਤ ਪੀਪਲਜ਼ ਰਿਪਬਲਿਕ ਔਫ ਚਾਈਨਾ ਦਾ ਐਲਾਨ ਕੀਤਾ ਸੀ। ਇੱਥੇ 1842-1949 ਤੱਕ ਦੇ ਇਨਕਲਾਬੀ ਯੋਧਿਆਂ/ਸ਼ਹੀਦਾਂ ਦੀ ਯਾਦ ਵਿੱਚ ਸਥਾਪਿਤ ਸਤੰਭ 125 ਫੁੱਟ ਉੱਚਾ ਹੈ। ਇਸ ਦੇ ਇੱਕ ਪਾਸੇ ਮਾਓ ਦਾ ਮਕਬਰਾ ਹੈ, ਜਿਸ ਵਿੱਚ ਉਸ ਦੀ ਦੇਹ ਸੰਭਾਲੀ ਹੋਈ ਹੈ।

ਚੀਨ ਦਾ ਸਭ ਤੋਂ ਵੱਡਾ ਮਿਊਜ਼ੀਅਮ ‘ਪੀਪਲਜ਼ ਗਰੇਟ ਹਾਲ’ ਵੀ ਅਲੱਗ ਅਲੱਗ ਦਿਸ਼ਾਵਾਂ ਵਿੱਚ ਸੁਸ਼ੋਭਿਤ ਹਨ। ਇਸ ਦੇ ਇੱਕ ਪਾਸੇ ਪੈਲੇਸ ਮਿਊਜ਼ੀਅਮ ਹੈ, ਜਿਸ ਨੂੰ ਫਾਰਬਿਡਨ ਸਿਟੀ ਵੀ ਕਹਿੰਦੇ ਹਨ। ਇਹ ਕਿੰਗ ਅਤੇ ਮਿੰਗ ਸਲਤਨਤਾਂ ਦੇ 24 ਬਾਦਸ਼ਾਹਾਂ ਦਾ ਮਹਿਲ ਸੀ। 1420-1924 ਤੱਕ ਲਗਪਗ 500 ਸਾਲ ਤੋਂ ਥੋੜ੍ਹਾ ਵੱਧ। ਏਨਾ ਵੱਡਾ ਮਹਿਲ ਕਿ ਬਸ ਘੰਟੇ ਕੁ ਸਮੇਂ ਵਿੱਚ ਨਾਂਹ ਹੋ ਜਾਂਦੀ ਹੈ। ਰੌਣਕ ਮੇਲਾ ਖ਼ੂਬ ਸੀ। ਨੌਜਵਾਨ ਚੀਨੀ ਕੁੜੀਆਂ ਪਰੀਆਂ ਵਾਂਗ ਸਜ ਕੇ ਘੁੰਮ ਰਹੀਆਂ ਸਨ। ਕਈਆਂ ਨੂੰ ਫੋਟੋ ਖਿਚਵਾਉਣ ਦੀ ਬੇਨਤੀ ਕੀਤੀ ਤੇ ਕਿਸੇ ਨੇ ਵੀ ਨਾਂਹ ਨਹੀਂ ਕੀਤੀ। ਇਸ ਤਰ੍ਹਾਂ ਚੀਨ ਪ੍ਰਤੀ ਪਿਆਰ ਉਮੜ ਆਇਆ। ਆਖ਼ਰੀ ਪ੍ਰੋਗਰਾਮ ਸੀ ‘ਟੈਂਪਲ ਔਫ ਹੈਵਨ’ ਦੇਖਣ ਦਾ। ਇਹ ਪੈਲੇਸ ਮਿਊਜ਼ੀਅਮ ਤੋਂ 7.3 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਨੂੰ ਚੀਨੀ ਭਾਸ਼ਾ ਵਿੱਚ ‘ਤਿਆਨਤਾਨ’ ਕਹਿੰਦੇ ਹਨ। ਇਹ ਪੰਦਰ੍ਹਵੀਂ ਸਦੀ ਵਿੱਚ ਮਿੰਗ ਸਲਤਨਤ ਨੇ ਬਣਵਾਇਆ ਸੀ। ਪ੍ਰਾਰਥਨਾ ਹਾਲ ਮੁਕੰਮਲ ਰੂਪ ਵਿੱਚ ਲੱਕੜ ਦਾ ਬਣਿਆ ਹੋਇਆ ਹੈ। ਲੋਹੇ ਦੀ ਕਿੱਲ ਵੀ ਨਹੀਂ ਲੱਗੀ ਹੋਈ। ਇਹ ਚੀਨੀ ਵਾਸਤੂਕਲਾ ਦਾ ਸਰਵੋਤਮ ਨਮੂਨਾ ਹੈ। ਇਹ ਬਹੁਤ ਵੱਡਾ ਧਾਰਮਿਕ ਕੰਪਲੈਕਸ ਪੇਈਚਿੰਗ ਪੁਰਾਣੇ ਸ਼ਹਿਰ ਦੇ ਬਾਹਰਲੇ ਪਾਸੇ ਹੈ, ਜੋ ਮੁੱਖ ਸੈਲਾਨੀ ਕੇਂਦਰ ਹੈ।ਚੀਨ ਅੱਜ ਦੁਨੀਆ ਦੀ ਅਹਿਮ ਤਾਕਤ ਬਣ ਗਿਆ ਹੈ, ਜਿਸ ਨੇ 1 ਅਕਤੂਬਰ 1949 ਤੋਂ ਨਵੇਂ ਸਮਾਜਵਾਦੀ ਨਿਜ਼ਾਮ ਵੱਲ ਕਦਮ ਪੁੱਟੇ ਸਨ। ਉਸ ਦੇ ਤਿੰਨ ਪ੍ਰਮੁੱਖ ਸ਼ਹਿਰ ਦੇਖ ਕੇ ਇਹ ਸਹੀ ਸਾਬਿਤ ਵੀ ਹੋ ਜਾਂਦਾ ਹੈ। ਟੂਰ ਵਿੱਚ ਬਹੁਤ ਤੁਰਨਾ ਪੈਂਦਾ ਹੈ। ਗੋਡਿਆਂ ਦੀ ਗਰੀਸ ਮੁੱਕਣ ’ਤੇ ਇਹ ਸਿੱਧੀ ਪਹਾੜੀ ਚੜ੍ਹਨ ਵਾਲੀ ਗੱਲ ਹੋ ਜਾਂਦੀ ਹੈ। ਇਹ ਟੂਰ ਲਾ ਕੇ ਹੁਣ ਬੂਟ ਕਿੱਲੀ ਉੱਤੇ ਟੰਗ ਦਿੱਤੇ ਹਨ। ਟੂਰ ਦੀ ਮੌਜ-ਮਸਤੀ ਖੇਚਲ ਦੇ ਮੁਕਾਬਲੇ ਬਹੁਤ ਘੱਟ ਮਹਿਸੂਸ ਹੋਣ ਲੱਗ ਪਈ ਹੈ। ਦੁਬਈ, ਭੂਟਾਨ, ਵੀਅਤਨਾਮ, ਬਾਲੀ, ਕੁਆਲਾਲੰਪੁਰ, ਸਿੰੰਗਾਪੁਰ ਅਤੇ ਦੇਸ਼ ਦੇ ਲਗਭਗ ਸਾਰੇ ਪਾਸੇ 13 ਸਾਲਾਂ ਵਿੱਚ ਦੇਖ ਲਏ ਹਨ। ਜ਼ਰੂਰੀ ਨਹੀਂ ਹੈ ਕਿ ਦੁਨੀਆ ਦੇ ਸਾਰੇ ਹੀ ਦੇਸ਼ ਦੇਖੇ ਜਾਣ। ਜੋ ਦੇਖ ਲਿਆ ਹੈ ਉਸ ਦੀਆਂ ਯਾਦਾਂ ਨੂੰ ਮਾਣਨਾ ਹੀ ਹੁਣ ਟੂਰ ਦਾ ਰੂਪ ਹੋਵੇਗਾ।

ਸੰਪਰਕ: 94635-86655

Advertisement
×