ਰੂਪ ਬਦਲਦੀਆਂ ਸੱਭਿਅਤਾਵਾਂ
ਉੱਤਰ-ਪੱਛਮ ਦੇ ਪਹਾੜਾਂ ਤੋਂ ਲੈ ਕੇ ਕੱਛ ਦੇ ਲੂਣੇ ਖੇਤਰਾਂ ਤੱਕ ਫੈਲੀ ਹੜੱਪਾ ਜਾਂ ਸਿੰਧੂ ਘਾਟੀ ਸੱਭਿਅਤਾ ਨੇ ਇੱਕ ਹਜ਼ਾਰ ਸਾਲਾਂ ਤੋਂ ਵਧੀਕ ਸਮੇਂ ਲਈ ਤਰੱਕੀ ਕੀਤੀ। ਇਨ੍ਹਾਂ ਦੀ ਹੈਰਾਨ ਕਰ ਦੇਣ ਵਾਲੀ ਸ਼ਹਿਰੀ ਯੋਜਨਾਬੰਦੀ, ਸਿੱਧੀਆਂ ਗਲੀਆਂ ਅਤੇ ਪਾਣੀ ਦੀ ਨਿਕਾਸੀ ਦਾ ਉੱਚ ਪੱਧਰੀ ਪ੍ਰਬੰਧ ਰੋਮਨ ਸਾਮਰਾਜ ਦੇ ਆਉਣ ਤੱਕ ਸਭ ਤੋਂ ਉੱਤਮ ਸੀ। ਇਸ ਦੇ ਜਲ ਭੰਡਾਰ, ਖੂਹ, ਵਰਕਸ਼ਾਪਾਂ, ਮਕਾਨ, ਘਰ, ਸੁਚੱਜੀਆਂ ਕਲੋਨੀਆਂ ਅਤੇ ਹਸਤਕਲਾ ਦੀਆਂ ਰਵਾਇਤਾਂ ਨੇ ਪ੍ਰਾਚੀਨ ਸੰਸਾਰ ਨੂੰ ਮੋਹੀ ਰੱਖਿਆ। ਉਹ ਅਰਬ ਸਾਗਰ ਰਾਹੀਂ ਮੈਸੋਪੋਟੇਮੀਆ ਨਾਲ ਵਪਾਰ ਕਰਦੇ ਸਨ; ਕਣਕ, ਜੌਂ ਅਤੇ ਜਵਾਰ ਆਦਿ ਮੋਟੇ ਅਨਾਜ ਉਗਾਉਂਦੇ ਸਨ। ਉਨ੍ਹਾਂ ਸਭ ਕੁਝ ਇਸ ਧਰਤੀ ’ਤੇ ਕੀਤਾ ਜੋ ਅੱਜ ਕਿਤੇ ਜ਼ਿਆਦਾ ਖ਼ੁਸ਼ਕ ਵਿਖਾਈ ਦਿੰਦੀ ਹੈ। ਉਨ੍ਹਾਂ ਇੱਥੇ ਅਜਿਹਾ ਸੱਭਿਆਚਾਰਕ ਸੰਸਾਰ ਸਿਰਜਿਆ, ਜਿਹੜਾ ਪੁਰਾਤਨ ਵਿਗਿਆਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਪਰ ਕੋਈ 3900 ਵਰ੍ਹੇ ਪਹਿਲਾਂ ਇਹ ਦ੍ਰਿਸ਼ ਬਦਲਣ ਲੱਗਿਆ। ਸ਼ਹਿਰ ਛੋਟੇ ਹੋ ਗਏ ਅਤੇ ਕੁਝ ਤਾਂ ਪੂਰਾ ਤਰ੍ਹਾਂ ਬੇਚਿਰਾਗ਼ ਹੋ ਗਏ। ਵੱਸੋਂ ਪੂਰਬ ਅਤੇ ਦੱਖਣ ਦਿਸ਼ਾਵਾਂ ਵੱਲ ਕੂਚ ਕਰ ਗਈ। ਹੜੱਪਾ ਦੀ ਸ਼ਹਿਰੀ ਸੱਭਿਅਤਾ ਦੇ ਪਛਾਣ ਚਿੰਨ੍ਹ ਹੌਲੀ-ਹੌਲੀ ਫਿੱਕੇ ਪੈਂਦੇ ਗਏ ਅਤੇ ਇਹ ਸੱਭਿਅਤਾ ਪਿੰਡ-ਕੇਂਦਰਿਤ ਹੁੰਦੀ ਹੋਈ ਖਿੰਡੀਆਂ ਪੇਂਡੂ ਆਬਾਦੀਆਂ ਦੇ ਪੈਟਰਨ ਵਿੱਚ ਢਲ ਗਈ।
ਇਹ ਬਦਲਾਅ ਕਿਉਂ ਆਇਆ- ਇਸ ਬਾਰੇ ਦਹਾਕਿਆਂ ਤੋਂ ਚਰਚਾ ਚੱਲਦੀ ਆ ਰਹੀ ਹੈ। ਕਿਸੇ ਨੇ ਬਾਹਰੀ ਹਮਲਿਆਂ ਦੀ ਗੱਲ ਕੀਤੀ, ਕਿਸੇ ਨੇ ਭੂਚਾਲਾਂ ਦੀ, ਕਿਸੇ ਨੇ ਰਾਜਨੀਤਕ ਬਦਲਾਵਾਂ ਦੀ ਅਤੇ ਕਿਸੇ ਨੇ ਮਿੱਠਕ ਦਰਿਆ ਦੇ ਸੁੱਕਣ ਨੂੰ ਕਾਰਨ ਮੰਨਿਆ। ਪਰ ਸਭ ਤੋਂ ਪ੍ਰਭਾਵੀ ਮਤ ਇਹ ਰਿਹਾ ਕਿ ਮੌਨਸੂਨ ਕਮਜ਼ੋਰ ਹੋਇਆ, ਦਰਿਆਈ ਵਹਾਅ ਵਿੱਚ ਕਮੀ ਆਈ ਅਤੇ ਜਲਵਾਯੂ ਦੇ ਪਰਿਵਰਤਨ ਨੇ ਇਸ ਸੱਭਿਆਚਾਰ ਦੇ ਰੂਪ ਨੂੰ ਬਦਲ ਦਿੱਤਾ। ਹੀਰੇਨ ਸੋਲੰਕੀ ਅਤੇ ਉਸ ਦੇ ਸਾਥੀਆਂ ਦੀ ਨਵੀਂ ਖੋਜ ਇਸ ਵਿਚਾਰ ਨੂੰ ਹੋਰ ਢੰਗ ਨਾਲ ਸਮਝਾਉਂਦੀ ਹੈ। ਖੋਜ ਦੱਸਦੀ ਹੈ ਕਿ ਸਿੰਧ ਦਰਿਆ ਦੇ ਖੇਤਰ ਵਿੱਚ ਸਿਰਫ਼ ਮੌਨਸੂਨ ਦੀ ਮਾਤਰਾ ਹੀ ਨਹੀਂ ਘਟੀ ਸਗੋਂ ਦਹਾਕਿਆਂ ਤੋਂ ਲੈ ਕੇ ਇੱਕ ਸਦੀ ਤੋਂ ਵੀ ਵੱਧ ਚੱਲਣ ਵਾਲੇ, ਲੰਮੇ ਸੋਕੇ ਇੰਨੇ ਤਾਕਤਵਰ ਸਨ ਕਿ ਇਨ੍ਹਾਂ ਪ੍ਰਾਚੀਨ ਸ਼ਹਿਰੀ ਸੱਭਿਆਚਾਰਾਂ ਵਿੱਚ ਸਭ ਤੋਂ ਮਹੱਤਵਪੂਰਨ ਇਸ ਸੱਭਿਆਚਾਰ ਦਾ ਮੁਹਾਂਦਰਾ ਬਦਲ ਦਿੱਤਾ।
ਹੜੱਪਾ ਸੱਭਿਅਤਾ ਦੀ ਕਹਾਣੀ ਦੀ ਸ਼ੁਰੂਆਤ ਇੱਕ ਨਮੀ ਭਰਪੂਰ ਜੀਵੰਤ ਸੰਸਾਰ ਨਾਲ ਹੁੰਦੀ ਹੈ। ਪੰਜ ਹਜ਼ਾਰ ਤੋਂ ਪੰਜਤਾਲੀ ਸੌ ਵਰ੍ਹੇ ਪਹਿਲਾਂ ਤੱਕ ਹੜੱਪਾ ਖੇਤਰ ਵਿੱਚ ਮੌਨਸੂਨ ਵਧੇਰੇ ਮਜ਼ਬੂਤ ਸੀ। ਰਾਜਸਥਾਨ ਅਤੇ ਗੁਜਰਾਤ ਦੀਆਂ ਝੀਲਾਂ ਪਾਣੀ ਨਾਲ ਭਰੀਆਂ ਰਹਿੰਦੀਆਂ ਸਨ। ਹਿਮਾਲਿਆ ਦੀਆਂ ਬਰਫ਼ੀਲੀਆਂ ਚੋਟੀਆਂ ਤੋਂ ਨਿਕਲ ਕੇ ਪੰਜਾਬ ਦੇ ਮੈਦਾਨ ਵਿੱਚ ਵਗਦੇ ਦਰਿਆ ਭਰਪੂਰ ਪਾਣੀ ਲਿਆਉਂਦੇ ਸਨ ਅਤੇ ਇੱਥੋਂ ਦੇ ਵੱਡੇ ਖੇਤਰ ਕਿਸੇ ਵੀ ਦਰਿਆਈ ਪਾਣੀ ਦੇ ਭਰੋਸੇ ਬਿਨਾਂ ਖੇਤੀ ਯੋਗ ਸਨ। ਵਸੋਂ ਸਿਰਫ਼ ਦਰਿਆਵਾਂ ਦੇ ਕੰਢਿਆਂ ’ਤੇ ਹੀ ਨਹੀਂ ਸਗੋਂ ਉੱਚੀਆਂ ਥਾਵਾਂ ’ਤੇ ਵੀ ਹੋ ਰਹੀ ਸੀ ਕਿਉਂਕਿ ਮੌਨਸੂਨ ਦੀ ਦਾਤ ਕੁਦਰਤ ਵੱਲੋਂ ਭਰਪੂਰ ਸੀ। ਹੜੱਪਾ ਦੀ ਤਰੱਕੀ ਇਸ ਪਿੱਠਭੂਮੀ ’ਤੇ ਖੜੋਤੀ ਸੀ, ਜਿਸ ਵਿੱਚ ਹੜੱਪਾ, ਮੋਹੰਜੋਦੜੋ, ਗਨਵੇਰੀ ਵਾਲਾ, ਰਾਖੀਗੜੀ ਅਤੇ ਧੋਲਾਵੀਰਾ ਵਰਗੇ ਵੱਡੇ ਸ਼ਹਿਰ ਉੱਭਰੇ।
ਲਗਭਗ 4000 ਸਾਲ ਪਹਿਲਾਂ ਮੌਨਸੂਨ ਪੌਣਾਂ ਕਮਜ਼ੋਰ ਹੋਣ ਲੱਗੀਆਂ। ਬਦਲਾਅ ਅਜਿਹਾ ਨਹੀਂ ਸੀ ਕਿ ਇੱਕ-ਅੱਧੀ ਪੀੜ੍ਹੀ ਵਿੱਚ ਮਹਿਸੂਸ ਕੀਤਾ ਜਾ ਸਕਦਾ। ਇਹ ਸਦੀਆਂ ਤੱਕ ਲਗਾਤਾਰ ਲੰਮੀ ਚੱਲਣ ਵਾਲੀ ਕਮੀ ਸੀ। ਗਰਮੀਆਂ ਦਾ ਮੀਂਹ ਘਟਦਾ ਗਿਆ। ਸਰਦੀਆਂ ਦੀ ਵਰਖਾ ਜਿਹੜੀ ਉੱਤਰ ਪੱਛਮੀ ਭਾਰਤ ਲਈ ਮਹੱਤਵਪੂਰਨ ਹੈ ਉਹ ਵੀ ਕਮਜ਼ੋਰ ਹੋ ਗਈ। ਤਾਪਮਾਨ ਹੌਲੀ-ਹੌਲੀ ਵਧਿਆ। ਮਿੱਟੀ ਵਿੱਚੋਂ ਨਮੀ ਘਟਣ ਲੱਗੀ ਅਤੇ ਫਸਲਾਂ ਦੀ ਪਾਣੀ ਦੀ ਲੋੜ ਵਧ ਗਈ। ਜਿਹੜਾ ਬਦਲਾਅ ਪਹਿਲਾਂ ਹੌਲੀ-ਹੌਲੀ ਆਇਆ ਹੋਵੇਗਾ ਸਮੇਂ ਨਾਲ ਉਸ ਦਾ ਦਬਾਅ ਵਧਦਾ ਗਿਆ, ਜਿਸ ਦਾ ਖੇਤੀਬਾੜੀ ਅਤੇ ਵਸੋਂ ’ਤੇ ਪੈਂਦਾ ਪ੍ਰਭਾਵ ਪ੍ਰਗਟ ਹੋਣ ਲੱਗਿਆ।
ਮੌਸਮ ਦੇ ਇਸ ਖੁਸ਼ਕ ਅਤੇ ਲੰਮੇ ਚੱਲੇ ਰੁਝਾਨ ਦਰਮਿਆਨ ਇਸ ਖੇਤਰ ਨੇ ਚਾਰ ਗ਼ੈਰਮਾਮੂਲੀ ਸੋਕੇ ਝੱਲੇ ਜਿਨ੍ਹਾਂ ਦਾ ਮੁਕਾਬਲਾ ਹਾਲੀਆ ਇਤਿਹਾਸ ਵਿੱਚ ਕਿਸੇ ਹੋਰ ਘਟਨਾ ਨਾਲ ਨਹੀਂ ਕੀਤਾ ਜਾ ਸਕਦਾ। ਪਹਿਲਾ ਸੋਕਾ ਲਗਭਗ 4450 ਵਰ੍ਹੇ ਪਹਿਲਾਂ ਆਇਆ ਅਤੇ ਤਕਰੀਬਨ ਨੱਬੇ ਵਰ੍ਹੇ ਚੱਲਿਆ। ਇਸ ਨਾਲ ਵੱਡਾ ਨਿਘਾਰ ਨਹੀਂ ਆਇਆ ਹੋਵੇਗਾ, ਪਰ ਆਬਾਦੀ ਅਤੇ ਖੇਤੀ ਵਿੱਚ ਤਬਦੀਲੀ ਸ਼ੁਰੂ ਹੋ ਗਈ ਹੋਵੇਗੀ। ਦੂਜਾ ਸੋਕਾ ਦੁਨੀਆ ਦੀ ਬਹੁਤ ਪਛਾਣੀ ‘4.2 ਕੇ ਘਟਨਾ’ ਦੇ ਸਮੇਂ ਵਾਪਰਿਆ ਜਿਸ ਨੇ ਖੁਸ਼ਕ ਹਾਲਾਤ ਹੋਰ ਵਧਾ ਦਿੱਤੇ ਜਿਸ ਨਾਲ ਪਾਣੀ ਦੇ ਪ੍ਰਬੰਧ ’ਤੇ ਦਬਾਅ ਵਧ ਗਿਆ। ‘4.2 ਕੇ ਘਟਨਾ’ ਨੂੰ ਮੇਘਾਲਯਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਅੱਜ ਤੋਂ 4200 ਵਰ੍ਹੇ ਪਹਿਲਾਂ ਤੋਂ ਸ਼ੁਰੂ ਹੁੰਦੀ ਹੈ। ਇਹ ਨਾਂ ਮੇਘਾਲਯਾ ਪ੍ਰਾਂਤ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿੱਥੇ ਦੀ ਇੱਕ ਗੁਫ਼ਾ ਵਿੱਚੋਂ ਮਿਲੇ ਸਟੈਲਗਮਾਈਟ ਦੇ ਆਧਾਰ ’ਤੇ ਮੌਜੂਦਾ ਜਿਓਲੋਜੀਕਲ ਉਮਰ ਮਾਪੀ ਜਾ ਰਹੀ ਹੈ। ਇਹ ਘਟਨਾ 200 ਵਰ੍ਹਿਆਂ ਦੇ ਲੰਮੇ ਸੋਕੇ ਨਾਲ ਸ਼ੁਰੂ ਹੁੰਦੀ ਹੈ, ਜਿਸ ਦਾ ਪੂਰਬੀ ਭੂ-ਮੱਧ ਸਾਗਰ ਮੈਸੋਪੋਟੇਮੀਆ, ਸਿੰਧ ਘਾਟੀ ਅਤੇ ਜਿਆਂਗ ਦਰਿਆਵੀ ਸੱਭਿਅਤਾ ’ਤੇ ਪ੍ਰਭਾਵ ਪਿਆ ਸੀ।
ਤੀਜਾ ਸੋਕਾ ਕੋਈ 3825 ਸਾਲ ਪਹਿਲਾਂ ਸ਼ੁਰੂ ਹੋਇਆ ਅਤੇ 150 ਸਾਲਾਂ ਤੋਂ ਵੱਧ ਚੱਲਿਆ। ਇਹ ਸਭ ਤੋਂ ਭਿਆਨਕ ਸੀ। ਇਸ ਦਾ ਪ੍ਰਭਾਵ ਬਲੋਚਿਸਤਾਨ ਤੋਂ ਲੈ ਕੇ ਪੰਜਾਬ, ਹਰਿਆਣਾ ਅਤੇ ਕੱਛ ਤੱਕ ਪਿਆ। ਪਾਣੀ ਦੀ ਬਹੁਤ ਤੋਟ ਪੈ ਗਈ। ਮੌਨਸੂਨ ਵਿੱਚ ਕੋਈ 13 ਫ਼ੀਸਦੀ ਦੀ ਕਮੀ ਆਈ, ਪਰ ਜ਼ਿਆਦਾ ਮਾਰ ਮੌਨਸੂਨ ਦੀ ਪ੍ਰਤੀਸ਼ਤ ਵਿੱਚ ਕਮੀ ਨਾਲ ਨਹੀਂ ਸਗੋਂ ਇਸ ਦੀ ਲਗਾਤਾਰ ਕਮੀ ਨਾਲ ਪਈ। ਦਰਿਆਵਾਂ ਦਾ ਵਹਾਅ ਘਟ ਗਿਆ। ਸਿੰਧ ਘਾਟੀ ਸੱਭਿਅਤਾ ਦੇ ਦਰਿਆਵਾਂ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਵਿੱਚ ਪਾਣੀ ਘਟ ਗਿਆ। ਸਿੰਧ ਘਾਟੀ ਸੱਭਿਅਤਾ ਦੇ ਸ਼ਹਿਰ ਜਿਹੜੇ ਖੇਤੀ ਵਪਾਰ ਅਤੇ ਆਵਾਜਾਈ ਲਈ ਇਨ੍ਹਾਂ ਦਰਿਆਵਾਂ ’ਤੇ ਨਿਰਭਰ ਸਨ ਬੇਆਸਰਾ ਹੋ ਗਏ।
ਅੰਤਿਮ ਸੋਕਾ ਲਗਭਗ 3350 ਸਾਲ ਪਹਿਲਾਂ ਪਿਆ। ਇਹ ਕੋਈ ਇੱਕ ਸਦੀ ਤੋਂ ਜ਼ਿਆਦਾ ਸਮਾਂ ਚੱਲਿਆ ਭਾਵੇਂ ਇਹ ਤੀਜੇ ਸੋਕੇ ਨਾਲੋਂ ਕੁਝ ਘੱਟ ਭਿਆਨਕ ਸੀ। ਇਹ ਸੋਕਾ ਉਸ ਸਮੇਂ ਆਇਆ ਜਦੋਂ ਸ਼ਹਿਰੀ ਸੱਭਿਅਤਾ ਪਹਿਲਾਂ ਹੀ ਔਖੇ ਸਾਹ ਲੈ ਰਹੀ ਸੀ। ਵਾਤਾਵਰਣ ਅਤੇ ਸਮਾਜਿਕ ਤਾਣਾਬਾਣਾ ਕਿਸੇ ਵੀ ਵਿਉਂਤ ਤੋਂ ਬਾਹਰਾ ਹੋ ਚੁੱਕਿਆ ਸੀ। ਜਲਵਾਯੂ ਦੇ ਮਾਰੂ ਤਣਾਅ ਦੀ ਇਹ ਲੜੀ ਕੋਈ ਇੱਕ ਹਜ਼ਾਰ ਵਰ੍ਹਿਆਂ ਦੇ ਕਰੀਬ ਧਰਤੀ ਦੇ ਇਸ ਖਿੱਤੇ ’ਤੇ ਹਾਵੀ ਰਹੀ। ਭਾਵੇਂ ਜਲਵਾਯੂ ਵਿੱਚ ਆਉਂਦੀਆਂ ਤਬਦੀਲੀਆਂ ਇਸ ਖੇਤਰ ਲਈ ਕੋਈ ਨਵੀਆਂ ਨਹੀਂ ਸਨ ਪਰ ਇੰਨਾ ਲੰਮਾ ਅਤੇ ਮਾਰੂ ਸੋਕਾ ਕਦੇ ਵੀ ਭੁਗਤਣਾ ਨਹੀਂ ਪਿਆ ਸੀ।
ਇਨ੍ਹਾਂ ਵੱਡੇ ਸੋਕਿਆਂ ਦੇ ਕਾਰਨ ਵੀ ਦਿਲਚਸਪ ਹਨ। ਖੋਜ ਅਨੁਸਾਰ ਇਨ੍ਹਾਂ ਦੀਆਂ ਜੜ੍ਹਾਂ ਇਸ ਮਹਾਂਦੀਪ ਤੋਂ ਕਿਤੇ ਦੂਰ ਆਈਆਂ ਜਲਵਾਯੂ ਤਬਦੀਲੀਆਂ ਵਿੱਚ ਸਨ। ਅੱਜ ਦੀ ਐਲ ਨੀਨੋ ਵਾਂਗ ਪ੍ਰਸ਼ਾਂਤ ਮਹਾਂਸਾਗਰ ਦੇ ਪਾਣੀ ਦਾ ਤਾਪਮਾਨ ਵਧਣ ਨਾਲ ਮੌਨਸੂਨ ਕਮਜ਼ੋਰ ਪੈ ਗਈ। ਉੱਤਰੀ ਐਟਲਾਂਟਿਕ ਦੇ ਤਾਪਮਾਨ ਦੇ ਘਟਣ ਨਾਲ ਊਸ਼ਣ ਕਟੀਬੰਧੀ ਵਰਖਾ ਪੱਟੀ ਦੱਖਣ ਵੱਲ ਖਿਸਕ ਗਈ, ਜਿਸ ਨਾਲ ਧਰਤੀ ਅਤੇ ਸਮੁੰਦਰ ਵਿਚਲੇ ਤਾਪਮਾਨ ਦਾ ਪਾੜਾ ਘਟ ਗਿਆ ਜਿਸ ਨਾਲ ਮੌਨਸੂਨ ਪੌਣ ਨੂੰ ਜ਼ੋਰ ਮਿਲਦਾ ਸੀ।
ਇਹ ਵੱਡ-ਪੱਧਰੀ ਜਲਵਾਯੂ ਅੰਤਰਕ੍ਰਿਆਵਾਂ ਧੀਮੀਆਂ ਪਰ ਤਾਕਤਵਰ ਅਤੇ ਮਨੁੱਖੀ ਜ਼ੋਰ ਤੋਂ ਬਾਹਰੀਆਂ ਸਨ। ਇਨ੍ਹਾਂ ਸਦਕਾ ਲੰਮੇ ਸਮੇਂ ਚੱਲਣ ਵਾਲੇ ਮੌਸਮੀ ਵਰਤਾਰੇ ਵਾਪਰੇ ਜਿਨ੍ਹਾਂ ਦੌਰਾਨ ਮੌਨਸੂਨ ਲੋੜੀਂਦੀ ਨਮੀ ਦੇਣ ਵਿੱਚ ਅਸਫ਼ਲ ਰਹੀ, ਜਿਸ ਨਾਲ ਹੜੱਪਾ ਖੇਤਰ ਦਾ ਪੁਰਾਣਾ ਵਾਤਾਵਰਣ ਸਬੰਧੀ ਸੰਤੁਲਨ ਬਣਿਆ ਰਹਿੰਦਾ ਸੀ।
ਦਰਿਆਵਾਂ ਦੇ ਘਟਦੇ ਵਹਾਅ ਅਤੇ ਕਮਜ਼ੋਰ ਪੈਂਦੀ ਮੌਨਸੂਨ ਨਾਲ ਨਜਿੱਠਣ ਲਈ ਹੜੱਪਾ ਵਾਸੀਆਂ ਨੇ ਮਨੁੱਖੀ ਇਤਿਹਾਸ ਦੀ ਪ੍ਰਚੱਲਿਤ ਰਾਹ, ਅਨੁਕੂਲਤਾ ਚੁਣਿਆ। ਪੁਰਾਤੱਤਵ ਖੋਜਾਂ ਉਨ੍ਹਾਂ ਦੇ ਪੂਰਬ ਨੂੰ ਗੰਗਾ ਦੇ ਮੈਦਾਨ ਵੱਲ ਪਲਾਇਨ ਕਰਨ ਦਾ ਇਸ਼ਾਰਾ ਕਰਦੀਆਂ ਹਨ, ਜਿੱਥੇ ਮੌਨਸੂਨ ਵੱਧ ਭਰੋਸੇਯੋਗ ਸੀ ਅਤੇ ਦਰਿਆਵਾਂ ਵਿੱਚ ਪਾਣੀ ਦਾ ਵਹਾਅ ਵੀ ਮਾਕੂਲ ਸੀ। ਪਰਵਾਸ ਦੀ ਦੂਜੀ ਦਿਸ਼ਾ ਦੱਖਣ ਵਿੱਚ ਸੌਰਾਸ਼ਟਰ ਵੱਲ ਸੀ, ਜਿੱਥੇ ਦਰਿਆਵਾਂ ਦਾ ਪਾਣੀ ਨਿਸਬਤਨ ਬਿਹਤਰ ਮਿਕਦਾਰ ਵਿੱਚ ਸੀ। ਖੇਤੀਬਾੜੀ ਪ੍ਰਬੰਧ ਵਿੱਚ ਵੀ ਤਬਦੀਲੀਆਂ ਆਈਆਂ। ਕਣਕ ਅਤੇ ਜੌਂ, ਜਿਨ੍ਹਾਂ ਨੂੰ ਜ਼ਿਆਦਾ ਪਾਣੀ ਚਾਹੀਦਾ ਸੀ, ਦੀ ਬਜਾਏ ਮਾਰੂ ਫ਼ਸਲਾਂ ਬਾਜਰਾ ਆਦਿ ਬੀਜੀਆਂ ਜਾਣ ਲੱਗੀਆਂ। ਹੜੱਪਾ ਸੱਭਿਅਤਾ ਦਾ ਬੱਝਵਾਂ ਸ਼ਹਿਰੀ ਚਿਹਰਾ ਮੋਹਰਾ ਹੁਣ ਖੇਤਰੀ ਵੰਨਗੀਆਂ ਅਖ਼ਤਿਆਰ ਕਰਨ ਲੱਗਿਆ, ਜਿਹੜੀਆਂ ਇਲਾਕਾਈ ਵਾਤਾਵਰਣ ਅਨੁਸਾਰ ਢਲ ਰਹੀਆਂ ਸਨ। ਦੂਰ ਦੁਰਾਡੇ ਦਾ ਵਣਜ ਵਪਾਰ, ਖ਼ਾਸ ਤੌਰ ’ਤੇ ਅਰਬ ਸਾਗਰ ਰਾਹੀਂ ਦੂਜੇ ਦੇਸ਼ਾਂ ਨਾਲ ਸੰਬੰਧਾਂ ਨੇ ਕੁਝ ਸਮੇਂ ਲਈ ਵਾਫਰ ਭੰਡਾਰਾਂ ਦਾ ਲਾਭ ਦਿੱਤਾ ਹੋਵੇਗਾ।
ਇੰਝ ਹੜੱਪਾ ਸੱਭਿਅਤਾ ਕਿਸੇ ਡਰਾਮਾਈ ਅੰਦਾਜ਼ ਵਿੱਚ ਨਹੀਂ ਮੁੱਕੀ। ਦਰਅਸਲ ਇਸ ਦਾ ਮੁਹਾਂਦਰਾ ਬਦਲਿਆ। ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਆਈਆਂ ਤੀਬਰ ਤਬਦੀਲੀਆਂ ਦੇ ਅਨੁਕੂਲ ਉਨ੍ਹਾਂ ਨੇ ਆਪਣਾ ਆਰਥਿਕ ਅਤੇ ਸਮਾਜਿਕ ਢਾਂਚਾ ਉਸਾਰ ਲਿਆ। ਵੱਡੇ ਸ਼ਹਿਰ ਲੋਪ ਹੋ ਗਏ। ਪਰ ਲੋਕ ਮੁੜ ਸੰਗਠਤ ਹੋਏ, ਨਵੀਆਂ ਥਾਵਾਂ ਵਿੱਚ ਵੰਡੇ ਗਏ ਅਤੇ ਆਪਣੇ ਨਾਲ ਇੱਥੋਂ ਦੀ ਸੱਭਿਅਤਾ ਦੇ ਤੱਤ ਕਿਸੇ ਬਦਲੇ ਰੂਪ ਵਿੱਚ ਨਾਲ ਲੈ ਗਏ।
ਇਸ ਖੋਜ ਦਾ ਸਭ ਤੋਂ ਗੰਭੀਰ ਸੁਨੇਹਾ ਇਹ ਹੈ ਕਿ ਸੱਭਿਆਚਾਰ ਅਤੇ ਵਾਤਾਵਰਣ ਦਾ ਰਿਸ਼ਤਾ ਬਹੁਤ ਡੂੰਘਾ ਹੈ। ਹੜੱਪਾ ਵਾਸੀ ਸੂਝਵਾਨ, ਲਚਕਦਾਰ ਅਤੇ ਨਵੇਂ ਰਾਹ ਲੱਭਣ ਵਾਲੇ ਸਨ। ਪਰ ਉਹ ਲੋਕ ਸਦੀਆਂ ਦੇ ਖੁਸ਼ਕ ਮੌਸਮ ਅਤੇ ਦਰਿਆਵਾਂ ਵਿੱਚ ਘਟਦੀ ਪਾਣੀ ਦੀ ਮਿਕਦਾਰ ਨਾਲ ਬਹੁਤ ਲੰਮਾ ਸਮਾਂ ਨਾ ਜੂਝ ਸਕੇ। ਪਾਣੀ ਦੀ ਬਹੁਤਾਤ ’ਤੇ ਹੀ ਉਨ੍ਹਾਂ ਦੀ ਸੱਭਿਅਤਾ ਉਸਰੀ ਸੀ, ਇਸ ਦੀ ਕਮੀ ਹੋ ਜਾਣ ਨਾਲ ਲੋਕਾਂ ਦਾ ਹਿੱਲਣਾ ਲਾਜ਼ਮੀ ਸੀ। ਇਨ੍ਹਾਂ ਤਬਦੀਲੀਆਂ ਦਾ ਮੁਕਾਬਲਾ ਉਨ੍ਹਾਂ ਸ਼ਹਿਰੀ ਜ਼ਿੰਦਗੀ ’ਤੇ ਉਸਰੀ ਸਭਿਅਤਾ ਦਾ ਤਿਆਗ ਕਰ ਕੇ, ਪੇਂਡੂ ਵਸੇਬਾ ਚੁਣ ਕੇ ਕੀਤਾ, ਖੇਤੀ ਵਿੱਚ ਤਬਦੀਲੀ ਲਿਆਂਦੀ ਅਤੇ ਮਾਰੂ ਫ਼ਸਲਾਂ ਨੂੰ ਤਰਜੀਹ ਦਿੱਤੀ ਅਤੇ ਇੱਥੋਂ ਲਗਾਤਾਰ ਪਲਾਇਨ ਕਰਦੇ ਰਹੇ। ਲੰਮੇ ਸਮੇਂ ਦੇ ਵਾਤਾਵਰਣ ਦੇ ਸੰਕਟ ਨਾਲ ਮਨੁੱਖ ਆਪਣੀ ਸੂਝ-ਸਮਝ ਨਾਲ ਹਾਲਾਤ ’ਤੇ ਕਾਬੂ ਪਾਉਂਦਾ ਰਿਹਾ ਹੈ।
ਅੱਜ ਜਦੋਂ ਦੁਨੀਆ ਫਿਰ ਮੌਸਮੀ ਅਸਥਿਰਤਾ ਦੇ ਕੰਢੇ ਖੜ੍ਹੀ ਹੈ ਤਾਂ ਹੜੱਪਾ ਸੱਭਿਅਤਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਮਹਾਨ ਸੱਭਿਅਤਾਵਾਂ ਕਿਸੇ ’ਕੱਲੀ ਇਕਹਿਰੀ ਘਟਨਾ ਨਾਲ ਢਹਿ-ਢੇਰੀ ਨਹੀਂ ਹੁੰਦੀਆਂ। ਉਹ ਲੰਮੇ ਸਮੇਂ ਤੋਂ ਪੈ ਰਹੇ ਦਬਾਅ, ਆ ਰਹੀਆਂ ਤਬਦੀਲੀਆਂ ਅਤੇ ਸਦੀਆਂ ਤੋਂ ਝੱਲੇ ਜਾ ਰਹੇ ਤਣਾਅ ਦੀ ਮਾਰ ਹੇਠ ਡਿੱਗਦੀਆਂ ਹਨ। ਉਨ੍ਹਾਂ ਦਾ ਇਤਿਹਾਸ ਕਿਸੇ ਅਚਨਚੇਤ ਵਾਪਰੀ ਭਿਆਨਕ ਤਬਾਹੀ ਦਾ ਨਹੀਂ ਹੁੰਦਾ, ਪਰ ਸਮੇਂ ਅਤੇ ਹਾਲਾਤ ਨਾਲ ਢਲ ਜਾਣ ਦਾ ਹੁੰਦਾ ਹੈ। ਇਸ ਖੋਜ ਨੇ ਇਸ ਸਦੀਵੀ ਸਚਾਈ ਨੂੰ ਇੱਕ ਵਾਰ ਫਿਰ ਰੌਸ਼ਨ ਕਰ ਦਿੱਤਾ ਹੈ ਕਿ ਸੱਭਿਅਤਾਵਾਂ ਮਿਟਦੀਆਂ ਨਹੀਂ, ਆਪਣਾ ਰੂਪ ਵਟਾ ਲੈਂਦੀਆਂ ਹਨ ਜਿਵੇਂ ਆਸਮਾਨ ’ਤੇ ਬੱਦਲ ਅਤੇ ਦਰਿਆਵਾਂ ਦੀ ਧਾਰ ਬਦਲਦੀ ਹੈ।
ਸੰਪਰਕ: 98150-00873
