ਬੈਲਗੱਡੀਆਂ ਦੀਆਂ ਦੌੜਾਂ
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਪੰਜਾਬੀਆਂ ਦੀ ਮਿੰਨੀ ਓਲੰਪਿਕਸ ਜਾਂ ਪੇਂਡੂ ਓਲੰਪਿਕਸ ਆਖਿਆ ਜਾਂਦਾ ਹੈ। ਬੈਲਗੱਡੀਆਂ ਦੀਆਂ ਦੌੜਾਂ ਇਨ੍ਹਾਂ ਖੇਡਾਂ ਦੀ ਸ਼ਾਨ ਹਨ, ਜੋ ਬੀਤੇ ਕੁਝ ਸਾਲਾਂ ਤੋਂ ਨਾ ਹੋਣ ਕਾਰਨ ਇਨ੍ਹਾਂ ਖੇਡਾਂ ਦੀ ਸ਼ਾਨ ਫਿੱਕੀ ਪੈਣ ਲੱਗੀ ਸੀ। ਸਾਲ...
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਪੰਜਾਬੀਆਂ ਦੀ ਮਿੰਨੀ ਓਲੰਪਿਕਸ ਜਾਂ ਪੇਂਡੂ ਓਲੰਪਿਕਸ ਆਖਿਆ ਜਾਂਦਾ ਹੈ। ਬੈਲਗੱਡੀਆਂ ਦੀਆਂ ਦੌੜਾਂ ਇਨ੍ਹਾਂ ਖੇਡਾਂ ਦੀ ਸ਼ਾਨ ਹਨ, ਜੋ ਬੀਤੇ ਕੁਝ ਸਾਲਾਂ ਤੋਂ ਨਾ ਹੋਣ ਕਾਰਨ ਇਨ੍ਹਾਂ ਖੇਡਾਂ ਦੀ ਸ਼ਾਨ ਫਿੱਕੀ ਪੈਣ ਲੱਗੀ ਸੀ। ਸਾਲ 2014 ਤੋਂ ਬੰਦ ਪਈਆਂ ਬੈਲਗੱਡੀਆਂ ਦੀਆਂ ਦੌੜਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ 11 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਵਿੱਚ ਜਾਨਵਰਾਂ ’ਤੇ ਅੱਤਿਆਚਾਰ ਦੀ ਰੋਕਥਾਮ (ਪੰਜਾਬ ਸੋਧ), 2025 ਨੂੰ ਪਾਸ ਕਰ ਕੇ ਬੈਲਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਨ ਵੱਲ ਕਦਮ ਪੁੱਟਿਆ ਗਿਆ। ਪੰਜਾਬ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 29 ਜੁਲਾਈ 2025 ਨੂੰ ਪਿੰਡ ਮਹਿਮਾ ਸਿੰਘ ਵਾਲਾ ਵਿਖੇ ਵਿਰਾਸਤੀ ਖੇਡ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਅਗਲੇ ਸਾਲ ਤੋਂ ਬੈਲਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ, ‘‘ਪੰਜਾਬ ਦੀਆਂ ਦੇਸੀ ਖੇਡਾਂ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਕਬੱਡੀ, ਬੈਲਗੱਡੀਆਂ ਦੀ ਦੌੜ ਅਤੇ ਹੋਰ ਰਵਾਇਤੀ ਖੇਡਾਂ ਸਿਰਫ਼ ਖੇਡਾਂ ਹੀ ਨਹੀਂ ਹਨ ਸਗੋਂ ਸਾਡੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ। ਇਹ ਖੇਡਾਂ ਪੰਜਾਬੀਆਂ ਦੀ ਭਾਵਨਾ, ਤਾਕਤ ਅਤੇ ਏਕਤਾ ਨੂੰ ਦਰਸਾਉਂਦੀਆਂ ਹਨ ਅਤੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਦੀਆਂ ਆਈਆਂ ਹਨ।’’ ਹੁਣ ਇਸ ਫ਼ੈਸਲੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ’ਚ ਬੈਲਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਕਾਰਨ ਖੇਡਾਂ ਪੂਰੇ ਸ਼ਬਾਬ ’ਤੇ ਹੋਣਗੀਆਂ। ਬੈਲਗੱਡੀਆਂ ਦੀਆਂ ਦੌੜਾਂ ਲਈ ਕੋਈ ਐਂਟਰੀ ਫੀਸ ਨਹੀਂ ਲਈ ਜਾਵੇਗੀ।
ਪੰਜਾਬ ਸਰਕਾਰ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਤਿੰਨੋਂ ਦਿਨ 17 ਤੋਂ 19 ਫਰਵਰੀ ਤੱਕ ਬੈਲਗੱਡੀਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਲਗਾਤਾਰ ਤੀਜੇ ਸਾਲ ਇਨ੍ਹਾਂ ਖੇਡਾਂ ਨੂੰ ਕਰਵਾ ਰਹੀ ਹੈ। ਖੇਡੇ ਮੇਲੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਕਾਨੂੰਨ ਤਹਿਤ ਬੈਲਗੱਡੀਆਂ ਦੀਆਂ ਦੌੜਾਂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਭਾਰਤੀ ਪਸ਼ੂ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੀ ਸੀ ਏ) ਐਕਟ 1960 ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਐਕਟ 2019 ਦੀ ਪਾਲਣਾ ਯਕੀਨੀ ਬਣਾਏਗੀ।
ਦਰਅਸਲ, ਕਿਲ੍ਹਾ ਰਾਏਪੁਰ ਖੇਡਾਂ ਦੀ ਸ਼ਾਨ ਰਹੀਆਂ ਬੈਲਗੱਡੀਆਂ ਦੀਆਂ ਦੌੜਾਂ ਉੱਪਰ 2014 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਪਾਬੰਦੀ ਲੱਗ ਗਈ ਸੀ। ਇਸ ਪਿੱਛੇ ਮੁੱਖ ਕਾਰਨ ਇਹ ਦੱਸਿਆ ਗਿਆ ਕਿ ਬਲਦਾਂ ਨੂੰ ਤੇਜ਼ ਦੌੜਾਉਣ ਲਈ ਉਨ੍ਹਾਂ ਉੱਤੇ ਅੱਤਿਆਚਾਰ ਹੁੰਦਾ ਹੈ, ਜਿਵੇਂ ਕਿ ਪੂਛਾਂ ਮਰੋੜਨਾ, ਬੈਲਗੱਡੀ ਦੌੜਾਉਣ ਵਾਲੇ ਚਾਲਕ ਵੱਲੋਂ ਸੋਟੀ ਨਾਲ ਬਲਦ ਨੂੰ ਹੱਕਣਾ (ਆਰ ਦੀ ਵਰਤੋਂ), ਗਰਮੀ ਵਿੱਚ ਦੌੜਾਉਣਾ ਆਦਿ। ਤਾਮਿਲਨਾਡੂ ਦੀ ਵਿਰਾਸਤੀ ਖੇਡ ਜਲੀਕੱਟੂ ਉੱਪਰ ਵੀ ਇਸੇ ਤਰ੍ਹਾਂ ਪਾਬੰਦੀ ਲੱਗੀ ਸੀ। ਪੰਜਾਬ ਸਰਕਾਰ ਨੇ ਇਸ ਦਾ ਹੱਲ ਕੱਢਦਿਆਂ ਸੂਬੇ ਵਿੱਚ ਬਲਦਾਂ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕੀਤਾ। 11 ਜੁਲਾਈ 2025 ਨੂੰ ਪੰਜਾਬ ਵਿਧਾਨ ਸਭਾ ਵਿੱਚ ਜਾਨਵਰਾਂ ’ਤੇ ਅੱਤਿਆਚਾਰ ਦੀ ਰੋਕਥਾਮ (ਪੰਜਾਬ ਸੋਧ), 2025 ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਬਿੱਲ ਪਾਸ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਹ ਕਾਨੂੰਨ ਜਿੱਥੇ ਪੰਜਾਬ ਦੀਆਂ ਦੇਸੀ ਪਸ਼ੂ ਨਸਲਾਂ ਨੂੰ ਬਚਾਉਣ ਵਿੱਚ ਮਦਦ ਕਰੇਗਾ, ਉੱਥੇ ਬੈਲਗੱਡੀਆਂ ਦੀ ਦੌੜ ਮੁੜ ਸ਼ੁਰੂ ਕਰਵਾਉਣ ਲਈ ਵੀ ਰਾਹ ਪੱਧਰਾ ਕਰੇਗਾ। ਨਵੇਂ ਕਾਨੂੰਨ ਦਾ ਮੁੱਖ ਉਦੇਸ਼ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਜਾਨਵਰਾਂ ਲਈ ਸੁਰੱਖਿਆ ਉਪਾਅ, ਜਾਨਵਰਾਂ ਦੀ ਵੈਟਰਨਰੀ ਨਿਗਰਾਨੀ, ਸੁਰੱਖਿਆ ਮਾਪਦੰਡ, ਰਜਿਸਟ੍ਰੇਸ਼ਨ ਅਤੇ ਦਸਤਾਵੇਜ਼ੀਕਰਨ ਤੋਂ ਇਲਾਵਾ ਉਲੰਘਣਾਵਾਂ ਲਈ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਬੇਜ਼ੁਬਾਨਾਂ ਨੂੰ ਕਿਸੇ ਕਿਸਮ ਦੇ ਜ਼ੁਲਮ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਕਰਕੇ ਇਹ ਖੇਡਾਂ ਹੁਣ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਵੈਟਰਨਰੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਕਿਲ੍ਹਾ ਰਾਏਪੁਰ ਖੇਡਾਂ ਵਿੱਚ ਪੰਜਾਬ ਦੇ ਪੁਰਾਣੇ ਸਮੇਂ ਦੇ ਹਰ ਵੱਡੇ ਖਿਡਾਰੀ ਨੇ ਆਪਣੇ ਜੌਹਰ ਵਿਖਾਏ ਹਨ, ਖ਼ਾਸ ਕਰਕੇ ਹਾਕੀ ਤੇ ਅਥਲੈਟਿਕਸ ਵਿੱਚ। ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਇਨ੍ਹਾਂ ਖੇਡਾਂ ਵਿੱਚ ਹਾਜ਼ਰੀ ਭਰਦੇ ਰਹੇ ਹਨ। ਡਿਸਕਵਰੀ ਤੋਂ ਲੈ ਕੇ ਬੀ.ਬੀ.ਸੀ. ਤੱਕ ਵੱਡੇ ਚੈਨਲਾਂ ਨੇ ਇਨ੍ਹਾਂ ਖੇਡਾਂ ਦੀ ਕਵਰੇਜ ਕੀਤੀ ਹੈ। ਖੇਡ ਮੁਕਾਬਲਿਆਂ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਨਾਮੀ ਪੰਜਾਬੀ ਗਾਇਕ ਵੀ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਰਹੇ ਹਨ।
ਸੰਪਰਕ: 97800-36216

