ਬੇਬਾਕ ਤੇ ਬੁਲੰਦ ਸ਼ਾਇਰੀ
ਕਾਵਿ ਸੰਗ੍ਰਹਿ ‘ਜਜ਼ਬਾਤ’ (ਕੀਮਤ: 240 ਰੁਪਏ;) ਸੁਰਜੀਤ ਮਜਾਰੀ ਦੀ ਨਵੀਂ ਪੁਸਤਕ ਹੈ, ਜਿਸ ਦੀ ਰਚਨਾ ਦਾ ਆਧਾਰ ਉਸ ਦੇ ਜਜ਼ਬਾਤ ਹਨ। ਸਜਿਲਦ, ਸਚਿੱਤਰ ਇਹ ਪੁਸਤਕ ਗ਼ਜ਼ਲ ਸੰਗ੍ਰਹਿ ਹੈ। ਕੁੱਲ 75 ਗ਼ਜ਼ਲਾਂ ਹਨ। ਹਰ ਗ਼ਜ਼ਲ ਦਾ ਸਿਰਨਾਵਾਂ ਵੀ ਹੈ। ਪੁਸਤਕ ਵਿੱਚ...
ਕਾਵਿ ਸੰਗ੍ਰਹਿ ‘ਜਜ਼ਬਾਤ’ (ਕੀਮਤ: 240 ਰੁਪਏ;) ਸੁਰਜੀਤ ਮਜਾਰੀ ਦੀ ਨਵੀਂ ਪੁਸਤਕ ਹੈ, ਜਿਸ ਦੀ ਰਚਨਾ ਦਾ ਆਧਾਰ ਉਸ ਦੇ ਜਜ਼ਬਾਤ ਹਨ। ਸਜਿਲਦ, ਸਚਿੱਤਰ ਇਹ ਪੁਸਤਕ ਗ਼ਜ਼ਲ ਸੰਗ੍ਰਹਿ ਹੈ। ਕੁੱਲ 75 ਗ਼ਜ਼ਲਾਂ ਹਨ। ਹਰ ਗ਼ਜ਼ਲ ਦਾ ਸਿਰਨਾਵਾਂ ਵੀ ਹੈ।
ਪੁਸਤਕ ਵਿੱਚ ਸ਼ਾਮਲ ਗ਼ਜ਼ਲਾਂ ਬੇਬਾਕ, ਨਿਰਪੱਖ, ਸਪੱਸ਼ਟ ਅਤੇ ਬੁਲੰਦ ਸ਼ੈਲੀ ਵਿੱਚ ਲਿਖੀਆਂ ਗਈਆਂ ਹਨ। ਲੇਖਕ ਸਪੱਸ਼ਟ, ਨਿਰਪੱਖ ਤੇ ਨਿਡਰ ਹੈ। ਜੋ ਲਿਖਦਾ ਹੈ, ਉਸ ਨੂੰ ਸਤਿ-ਸੰਕਲਪਕ ਬਣਾ ਕੇ ਲਿਖਦਾ ਹੈ:
- ਐ ਬੰਦੇ ਤੂੰ ਬਣ ਬੰਦਾ
ਬੰਦੇ ਵਾਲੀ ਕਰ ਲੈ ਗੱਲ
- ਖੇਡ ਜਾਨ ’ਤੇ ਨਹੀਂ ਸਹਾਰਾ ਤਿਣਕੇ ਦਾ
ਡੁੱਬਦੇ ਲਾਉਣੇ ਪਾਰ ਹਲੂਣਾ ਦੇਣਾ ਹੈ
- ਵਿਕਦਾ ਪਾਣੀ ਇੱਥੇ ਦੁੱਧ ਨੂੰ ਕੋਈ ਨਾ ਪੁੱਛੇ
ਦੁੱਧ-ਮੱਖਣ ਦੇ ਨਾਲ ਨਹਾਵਣ, ਖ਼ਬਰਾਂ ਮੇਰੇ ਸ਼ਹਿਰ ਦੀਆਂ
- ਮੈਂ ਤੈਨੂੰ ਹੀ ਖ਼ੁਦ ਸਮਝਾਂ
ਮੇਰੇ ’ਚੋਂ ਤੂੰ ਖ਼ੁਦ ਨੂੰ ਪਾ ਲੈ
- ਪਿੰਡ ‘ਮਜਾਰੀ’ ਜਾ ਕੇ ਦੇਖ
ਲਾ ਕੇ ਆਪ ਬੁਝਾਉਂਦੇ ਆਪ
ਲੇਖਕ ਦੀ ਪਲੇਠੀ ਰਚਨਾ ਨਾਵਲ ਹੈ, ਜਿਸ ਦਾ ਨਾਂ ‘ਦਰਿਆ ਵਹਿੰਦੇ ਰਹੇ’ ਹੈ। ਇਸ ਤੋਂ ਇਲਾਵਾ ਉਸ ਨੇ ਸਾਹਿਤ ਦੀਆਂ ਕਈ ਵਿਧਾਵਾਂ ਉੱਪਰ ਕੰਮ ਕੀਤਾ ਹੈ। ਉਸ ਨੂੰ ਗੁਰਦਿਆਲ ਰੌਸ਼ਨ ਦਾ ਆਸ਼ੀਰਵਾਦ ਪ੍ਰਾਪਤ ਹੈ। ਕੁਝ ਗ਼ਜ਼ਲਾਂ ਦੇ ਹੋਰ ਸ਼ਿਅਰ ਪੇਸ਼ ਹਨ:
- ਮਹਿਲਾਂ ਦਾ ਸਿਰਜਕ ਸੌਂਦਾ ਫੁੱਟਪਾਥਾਂ ’ਤੇ
ਘਰ ਆਪਣੇ ਵਿੱਚ ਇਸ ਦਾ ਕਾਹਤੋਂ ਵਾਸ ਨਹੀਂ
- ਮੈਂ ਹਉਕੇ ਭੇਜੇ ਨੇ ਉਸਨੂੰ ਪੌਣਾਂ ਰਾਹੀਂ
ਜੋ ਉਸਨੇ ਦਿੱਤਾ ਹੈ, ਉਸਨੂੰ ਘੱਲ ਰਿਹਾ ਹਾਂ
- ਬਾਂਹ ’ਤੇ ਅੱਖਰ ਉਹਦੇ ਉੱਕਰੇ ‘ਰਾਰਾ ਕੰਨਾ ਜੱਜਾ’
ਉਸਦੀ ਜੀਵਨ ਸਾਥਣ ਦਾ ਪਰ ਨਾਂ ਹੈ ਆਸ਼ਾ ਰਾਣੀ
- ਮਾਰਨ ’ਤੇ ਨਹੀਂ ਮਰਦੇ ਆਸ਼ਕ, ਦੁਨੀਆ ਦੇ ਸੱਚੇ
ਸੱਚ ਦੀਆਂ ਕਸਮਾਂ ਖਾ ਕੇ ਹੀ ਜਿੱਤਣ ਦੀ ਠਾਣੀ ਹੈ
- ਅੱਜ ਨੂੰ ਜੇਕਰ ਸਾਭੇਂਗਾ
ਚੰਗਾ ਆਉਣਾ ਤੇਰਾ ਕੱਲ੍ਹ
- ਸਾਡਾ ਤਾਂ ਕੰਮ ਯਾਰ ਹਲੂਣਾ ਦੇਣਾ ਹੈ
ਹੋਵੇ ਜ਼ਰਾ ਸੁਧਾਰ ਹਲੂਣਾ ਦੇਣਾ ਹੈ
- ਉਹੀ ਨੰਗੇ ਤਨ ਢਿੱਡ ਭੁੱਖੇ, ਪੈਰੀਂ ਛਾਲੇ ਰਿਸਦੇ
ਕਿਹੜਾ ਕਹਿੰਦੈ ਦੇਸ਼ ਮੇਰੇ ਦੀ ਬਦਲੀ ਹੋਈ ਨੁਹਾਰ ਏ
- ਸਭਾ ਬਣਾਈ ਸੇਵਾ ਦੇ ਲਈ, ਹੋਟਲ ਵਿੱਚ ਇਕੱਠ
ਠੱਗੀ-ਠੋਰੀ ਕਰਨ ‘ਮਜਾਰੀ’, ਇਹ ਸਭ ਸੇਵਾਦਾਰ
ਸੁਰਜੀਤ ਮਜਾਰੀ ਆਪਣੀ ਗੱਲ ਨਿਡਰ ਹੋ ਕੇ ਕਹਿੰਦਾ ਹੈ। ਉਸ ਨੇ ਸਮਾਜਿਕ, ਰਾਜਨੀਤਕ, ਧਾਰਮਿਕ ਕਮਜ਼ੋਰੀਆਂ ਬਾਰੇ ਨਿਡਰ ਹੋ ਕੇ ਲਿਖਿਆ ਹੈ। ਜੋ ਸਤਿ ਹੈ, ਉਸ ਨੂੰ ਪੇਸ਼ ਕੀਤਾ ਹੈ। ਸਿਆਸੀ ਨੇਤਾਵਾਂ ਦੇ ਕਿਰਦਾਰ ਨੂੰ ਨੰਗਾ ਕੀਤਾ ਹੈ। ਭ੍ਰਿਸ਼ਟ ਲੋਕਾਂ ਉੱਪਰ ਕਟਾਖਸ਼ ਕੀਤਾ ਹੈ:
- ਝੂਠ ਬੋਲਦੇ ਹੋ ਗਰਜਾਂ ਦੀ ਖ਼ਾਤਿਰ ਐ ਲੋਕੋ
ਸੱਚ ਜਦੋਂ ਆਉਂਦਾ ਸਾਹਮਣੇ, ਫਿਰ ਕਿਉਂ ਸੜਦੇ
- ਇਤਰ ਫੁਲੇਲਾਂ ਛੱਡਦੇ ਚੰਗਾ ਰਹਿਣਾ ਜੇ
ਧੀ ਹੋ ਗਈ ਮੁਟਿਆਰ, ਰਗੜਿਆ ਜਾਵੇਂਗਾ
- ਗਾਜਰ ਬੂਟੀ ਨਾਲ ਭਰੇ ਹਨ ਸਾਡੇ ਹਸਪਤਾਲ
ਇੱਕ ਅੱਧ ਡਾਕਟਰ ਹੈ ਉੱਥੇ, ਤੇ ਉਹ ਵੀ ਹੈ ਬੀਮਾਰ
- ਤੇਰੀ ਦੇਖ ਜਵਾਨੀ ਦਿਲ ਹਾਰ ਗਏ
ਜੋਬਨ ਮਰਨ ਵਿਚਾਰੇ, ਚਾਨਣ ਕਰ ਨਾ ਤੂੰ
- ਕੀਮਤ ਵਿੱਚ ਵੀ ਵਾਧਾ ਹੋਇਆ
ਕਦਰਾਂ ਦਾ ਵੀ ਹੋਇਆ ਘਾਣ
- ਦੀਵੇ ਹੇਠ ਹਨੇਰਾ ਦੇਖ
ਆਪਣੇ ਅੰਦਰ ਦੀਵਾ ਲਾ
ਹਰ ਗ਼ਜ਼ਲ ਦਾ ਸਿਰਲੇਖ ਹੈ। ਗੁਰਦਿਆਲ ਰੌਸ਼ਨ ਦਾ ਕਥਨ ਹੈ ਕਿ ‘ਜਜ਼ਬਾਤ’ ਦਾ ਖਰੜਾ ਉਸ ਨੇ ਕਈ ਸਾਲ ਸੰਭਾਲ ਕੇ ਰੱਖਿਆ ਸੀ। ਉਹ ਬੇਬਾਕ ਹੈ। ਕੋਈ ਵੀ ਜੰਗ ਬਿਨਾਂ ਲੜੇ ਜਿੱਤੀ ਨਹੀਂ ਜਾ ਸਕਦੀ। ਉਸ ਦੀਆਂ ਗ਼ਜ਼ਲਾਂ ਦਾ ਸਿਰਲੇਖ ‘ਜਜ਼ਬਾਤ’ ਹੈ, ਉਸ ਦੀਆਂ ਗ਼ਜ਼ਲਾਂ ਅੰਦਰ ਵੀ ਜਜ਼ਬਾਤ ਹਨ।
ਸੰਪਰਕ: 84378-73565

