ਕਾਲਾ ਧਨ
ਮੰਤਰੀ ਜੀ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਹੌਲੀ ਜਿਹੀ ਖਿਸਕਣ ਦੀ ਤਾਕ ਵਿੱਚ ਸਨ। ਉਧਰ, ਪੱਤਰਕਾਰਾਂ ਦੀ ਫ਼ੌਜ ਮੰਤਰੀ ਉੱਪਰ ਸਵਾਲਾਂ ਦੀ ਬੁਛਾੜ ਕਰਨ ਦੀ ਤਾਕ ਵਿੱਚ ਕਮਰਕੱਸੇ ਕਰੀਂ ਖੜ੍ਹੀ ਸੀ। ਪੱਤਰਕਾਰਾਂ ਨੇ ਭਾਰਤੀ ਫ਼ੌਜ ਵਾਂਗ ਹਿੰਮਤ ਕਰ...
ਮੰਤਰੀ ਜੀ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਹੌਲੀ ਜਿਹੀ ਖਿਸਕਣ ਦੀ ਤਾਕ ਵਿੱਚ ਸਨ। ਉਧਰ, ਪੱਤਰਕਾਰਾਂ ਦੀ ਫ਼ੌਜ ਮੰਤਰੀ ਉੱਪਰ ਸਵਾਲਾਂ ਦੀ ਬੁਛਾੜ ਕਰਨ ਦੀ ਤਾਕ ਵਿੱਚ ਕਮਰਕੱਸੇ ਕਰੀਂ ਖੜ੍ਹੀ ਸੀ। ਪੱਤਰਕਾਰਾਂ ਨੇ ਭਾਰਤੀ ਫ਼ੌਜ ਵਾਂਗ ਹਿੰਮਤ ਕਰ ਕੇ, ਮੰਤਰੀ ਨੂੰ ਘੇਰ ਕੇ ਮੋਰਚਾ ਮਾਰ ਲਿਆ ਅਤੇ ਆਪਣੇ ਮਾਈਕ ਤਾਣ ਕੇ ਸਵਾਲ ਦਾਗ਼ਣੇ ਸ਼ੁਰੂ ਕਰ ਦਿੱਤੇ ਤੇ
ਸ਼ੁਰੂਆਤ ‘ਘੈਂਟ ਪੰਜਾਬੀ’ ਚੈਨਲ ਦੇ ਘੈਂਟ ਪੱਤਰਕਾਰ ਨੇ ਘੈਂਟ ਸਵਾਲ ਨਾਲ ਕੀਤੀ: ‘ਮੰਤਰੀ ਜੀ ਤੁਸੀਂ ਪਿਛਲੀਆਂ ਚੋਣਾਂ ਵੇਲੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲਾ-ਧਨ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲ ਬੀਤਣ ਤੋਂ ਬਾਅਦ ਵੀ ਕਾਲੇ ਧਨ ਦੇ ਇੱਕ ਵੀ ਨੋਟ ਦੇ ਦਰਸ਼ਨ ਨਹੀਂ ਹੋਏ। ਕਾਲਾ ਧਨ ਵਾਪਸ ਲਿਆਉਣ ਨੂੰ ਅਜੇ ਹੋਰ ਕਿੰਨਾ ਕੁ ਟੈਮ ਲੱਗੇਗਾ?’
‘ਸਭ ਤੋਂ ਪਹਿਲਾਂ ‘ਘੈਂਟ ਪੰਜਾਬੀ’ ਚੈਨਲ ਦੇ ‘ਘੈਂਟ ਸਰੋਤਿਆਂ’ ਨੂੰ ‘ਜੈ ਰਾਮ ਜੀ ਕੀ।’ ਪੱਤਰਕਾਰ ਜੀ, ਤੁਸੀਂ ਪੱਤਰਕਾਰ ਤਾਂ ‘ਘੈਂਟ’ ਹੋ, ਪਰ ਤੁਹਾਡਾ ਸਵਾਲ ਘਸਿਆ-ਪਿਟਿਆ ਹੈ, ਪੂਰੇ ਪੰਜ ਸਾਲ ਪੁਰਾਣਾ। ਉਹ ਵਾਅਦੇ ਨਾ ਹੁਣ ਸਾਨੂੰ ਯਾਦ ਨੇ ਅਤੇ ਨਾ ਹੀ ਸਾਡੀ ਜਨਤਾ ਨੂੰ... ਤੁਸੀਂ ਤਾਂ ਗੱਡੇ ਮੁਰਦੇ ਪੁੱਟਣ ਵਾਲੀ ਗੱਲ ਕਰ ਰਹੇ ਹੋ। ਪੰਜ ਸਾਲਾਂ ਵਿੱਚ ਸਾਨੂੰ ਕਦੇ ਵੀ, ਕਿਸੇ ਨੇ, ਕਾਲੇ ਧਨ ਬਾਰੇ ਸਵਾਲ ਨਹੀਂ ਕੀਤਾ। ਸਾਰੀ ਜਨਤਾ ਸਾਡੇ ਰਾਜ ਵਿੱਚ ਐਸ਼ ਕਰ ਰਹੀ ਹੈ, ਮੌਜਾਂ ਮਾਣ ਰਹੀ ਹੈ। ਜਨਤਾ ਖੁਸ਼ੀ ਵਿੱਚ ਏਨੀ ਖੀਵੀ ਹੋਈ ਫਿਰਦੀ ਹੈ ਕਿ ਸਾਡੇ ਵਾਅਦੇ ਉਨ੍ਹਾਂ ਨੂੰ ਯਾਦ ਹੀ ਨਹੀਂ ਰਹੇ।’ ਪੱਤਰਕਾਰ: ‘ਮੰਤਰੀ ਜੀ ਤੁਸੀਂ ਕਹਿ ਰਹੇ ਹੋ ਜਨਤਾ ਐਸ਼ ਕਰ ਰਹੀ ਹੈ, ਮੌਜਾਂ ਮਾਣ ਰਹੀ ਹੈ... ਲੋਕ ਤਾਂ ਕੁੱਲੀ, ਗੁੱਲੀ, ਜੁੱਲੀ ਨੂੰ ਤਰਸ ਰਹੇ ਹਨ। ਰਹੀ ਗੱਲ ਸਵਾਲ ਕਰਨ ਦੀ, ਵੋਟਾਂ ਲੈਣ ਤੋਂ ਬਾਅਦ ਦੁਬਾਰਾ ਵੋਟਾਂ ਲੈਣ ਲਈ ਰਾਜਧਾਨੀ ’ਚੋਂ ਬਾਹਰ ਹੀ ਤੁਸੀਂ ਹੁਣ ਨਿਕਲੇ ਹੋ। ਹੁਣ ਵੀ ਤੁਹਾਡੇ ਨੇੜੇ-ਤੇੜੇ ਚਿੜੀ ਨ੍ਹੀਂ ਫੜਕ ਸਕਦੀ। ਸਵਾਲ ਕੋਈ ਕਦੋਂ ਤੇ ਕਿਵੇਂ ਕਰੇ?’ ‘ਪੱਤਰਕਾਰ ਸਾਬ੍ਹ ਤੁਸੀਂ ਕਿਹੜੇ ਜ਼ਮਾਨੇ ਦੀ ਗੱਲ ਕਰਦੇ ਹੋ? ਹੁਣ ਕੁੱਲੀ, ਗੁੱਲੀ, ਜੁੱਲੀ ਵਾਲਾ ਜ਼ਮਾਨਾ ਨਹੀਂ ਰਿਹਾ। ਹੁਣ ਤਾਂ ਸਾਡੀ ਜਨਤਾ ਕੋਠੀਆਂ ਦੀ ਮਾਲਕ ਹੈ... ਪਿੱਜ਼ੇ, ਬਰਗਰ ਤੇ ਹੋਰ ਪਤਾ ਨ੍ਹੀਂ ਕੀ-ਕੀ ਛਕਦੀ ਹੈ, ਬਰਾਂਡਿਡ ਕੱਪੜੇ ਪਹਿਨਦੀ ਹੈ, ਮਹਿੰਗੇ ਮੋਬਾਈਲ ਅਤੇ ਮਹਿੰਗੀਆਂ ਕਾਰਾਂ ਵਿੱਚ ਘੁੰਮਦੀ ਹੈ। ਹਾਲੇ ਤਾਂ ਅਸੀਂ ਡੀਜ਼ਲ, ਪੈਟਰੋਲ ਮਹਿੰਗਾ ਕੀਤਾ ਹੋਇਆ ਹੈ, ਨਹੀਂ ਤਾਂ ਸੜਕਾਂ ’ਤੇ ਵੀ ਗੱਡੀਆਂ ਨ੍ਹੀਂ, ਰੇਲਗੱਡੀਆਂ ਹੀ ਨਜ਼ਰ ਆਉਣੀਆਂ ਸਨ। ਸਾਡੀ ਸਰਕਾਰ ਦੇ ਹੁੰਦਿਆਂ ਤੁਸੀਂ ਚਿੰਤਾ ਨਾ ਕਰੋ। ਸਾਨੂੰ ਵੋਟਾਂ ਪੁਆਓ ਅਤੇ ਸਾਡੀ ਸਰਕਾਰ ਦੁਬਾਰਾ ਬਣਾਓ।’
ਪੱਤਰਕਾਰ: ‘ਪਰ ਮੰਤਰੀ ਜੀ ਸਾਡੇ ਲੋਕ ਅਤੇ ਸਾਡਾ ਦੇਸ਼ ਕਰਜ਼ੇ ਵਿੱਚ ਡੁੱਬ ਰਿਹਾ ਹੈ। ਕਾਲਾ ਧਨ ਸਾਡੇ ਦੇਸ਼ ਦੀ ਅਮਾਨਤ ਹੈ। ਬਾਹਰ ਪਿਆ ਅਰਬਾਂ/ਖਰਬਾਂ ਰੁਪਏ ਵਾਪਸ ਲਿਆਓ ਅਤੇ ਦੇਸ਼ ਬਚਾਓ?’ ‘ਪੱਤਰਕਾਰ ਜੀ, ਪੰਜ ਸਾਲ ਤਾਂ ਸਾਡੀ ਸਰਕਾਰ ਬਣੀ ਨੂੰ ਹੋਗੇ। ਉਸ ਤੋਂ ਪਹਿਲਾਂ ਪਤਾ ਨ੍ਹੀਂ ਕਦੋਂ ਦਾ ਕਾਲਾ ਧਨ ਉੱਥੇ ਪਿਐ। ਹੁਣ ਤਾਂ ਉਸ ਨੂੰ ਉੱਲੀ ਵੀ ਲੱਗ ਗਈ ਹੋਵੇਗੀ। ਧਨ ਵੈਸੇ ਹੀ ਹੱਥਾਂ ਦੀ ਮੈਲ਼ ਹੁੰਦੈ। ਜਿਹੜਾ ਧਨ ਹੈ ਹੀ ਕਾਲਾ, ਉਹ ਕਿਸ ਕੰਮ ਦਾ? ... ਤੇ ਤੁਸੀਂ ਵਾਰ-ਵਾਰ ਕਾਲੇ ਧਨ ਦੀ ਗੱਲ ਛੇੜ ਰਹੇ ਹੋ। ਧਨ ਨੂੰ ਚਿੱਟਾ ਕਰਨ ਲਈ ਤਾਂ ਅਸੀਂ ਨੋਟਬੰਦੀ ਵੀ ਕਰ ਦਿੱਤੀ। ਫਟੇ-ਪੁਰਾਣੇ, ਮੈਲ਼ੇ ਨੋਟ ਲੈ ਕੇ ਅਸੀਂ ਜਨਤਾ ਨੂੰ ਨਵੇਂ-ਨਕੋਰ, ਖੋਤੇ ਦੇ ਕੰਨਾਂ ਵਰਗੇ ਨੋਟ ਦੇ ਦਿੱਤੇ। ਪੱਤਰਕਾਰ ਜਨੋਂ ਹੁਣ ਤਾਂ ਗੱਲ ਉਸ ਤੋਂ ਵੀ ਅੱਗੇ ਚਲੀ ਗਈ ਹੈ। ਦੁਨੀਆ ਬਹੁਤ ਤਰੱਕੀ ਕਰ ਗਈ ਹੈ। ਹੁਣ ਨੋਟਾਂ-ਨੂਟਾਂ ਦੀ ਗੱਲ ਛੱਡੋ, ਹੁਣ ਤਾਂ ਡਿਜੀਟਲ ਕਰੰਸੀ ਦਾ ਜ਼ਮਾਨਾ ਆ ਗਿਆ ਹੈ। ਹੁਣ ਥੋਨੂੰ ਨੋਟਾਂ ਦੇ ਭਰੇ ਝੋਲ਼ੇ ਜਾਂ ਬੋਰੀਆਂ ਨ੍ਹੀਂ ਚੁੱਕਣੀਆਂ ਪੈਣਗੀਆਂ। ਹੁਣ ਸਿਰਫ਼ ਥੋਨੂੰ ਨੋਟਾਂ ਦੇ ਝਾਉਲ਼ੇ ਹੀ ਪੈਣਗੇ। ਨਾ ਧਨ ਆਉਂਦੇ ਦਾ ਪਤਾ ਲੱਗੇਗਾ ਅਤੇ ਨਾ ਹੀ ਧਨ ਜਾਂਦੇ ਦਾ। ਜਿਵੇਂ ਸਾਡੇ ਹੱਥਾਂ ਵਿੱਚੋਂ ਭਾਨ ਗਾਇਬ ਹੋਗੀ, ਐਵੇਂ ਆਉਣ ਵਾਲੇ ਸਮੇਂ ਵਿੱਚ ਨੋਟ ਵੀ ਗਾਇਬ ਹੋ ਜਾਣਗੇ। ਹੁਣ ਤੁਹਾਨੂੰ ਕਰੰਸੀ ਦੇ ਰੂਪ ਵਿੱਚ ਕੁੱਝ ਹਿੰਦਸੇ ਅਤੇ ਜ਼ੀਰੋਆਂ ਹੀ ਦਿਸਣਗੀਆਂ। ਨੋਟ ਤਾਂ ਤੁਹਾਨੂੰ ਕਿਤੇ ਸੁਫ਼ਨੇ ਵਿੱਚ ਹੀ ਦਿਸਣਗੇ। ਹੁਣ ਥੋਨੂੰ ਬਾਪੂ ਗਾਂਧੀ ਜੀ ਦੀ ਫੋਟੋ ਵੀ ਸਿਰਫ਼ ਕੈਲੰਡਰਾਂ ’ਤੇ ਹੀ ਦਿਸੇਗੀ।’ ਹੁਣ ਸਾਰੇ ਪੱਤਰਕਾਰ ਇਕੱਠੇ ਬੋਲੇ: ‘ਮੰਤਰੀ ਜੀ ਫਿਰ ਕਾਲੇ ਧਨ ਦੇ ਮੁੱਦੇ ਦਾ ਮੁੱਦਾ ਖ਼ਤਮ ਹੀ ਸਮਝੀਏ?’ ‘ਪੱਤਰਕਾਰ ਬੰਧੂ ਜੀ, ਸਾਡਾ ਦੇਸ਼ ਗੁਰੂਆਂ, ਪੀਰਾਂ, ਫ਼ਕੀਰਾਂ, ਸਾਧੂ, ਸੰਤਾਂ, ਮਹੰਤਾਂ ਅਤੇ ਮਹਾਂਪੁਰਸ਼ਾਂ ਦਾ ਦੇਸ਼ ਹੈ ਅਤੇ ਸਾਰਿਆਂ ਨੇ ਹੀ ਸਾਨੂੰ ਧਨ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਹੈ। ਤੇ ਤੁਸੀਂ ਮੁੜ-ਮੁੜ ਧਨ ਦੀ ਰੱਟ ਲਾ ਰੱਖੀ ਹੈ, ਉਹ ਵੀ ਕਾਲੇ ਧਨ ਦੀ। ਹੁਣ ਤੁਸੀਂ ਧਨ ਦੀ ਗੱਲ ਛੱਡੋ, ਹੁਣ ਤੁਸੀਂ ‘ਮਨ ਕੀ ਬਾਤ’ ਸੁਣਿਆ ਕਰੋ। ਹੁਣ ਤੁਸੀਂ ਕੈਮਰਿਆਂ ਦੇ ਨਾਲ-ਨਾਲ ਇੱਕ-ਇੱਕ ਰੇਡੂਆ ਵੀ ਖ਼ਰੀਦੋ। ਜੇ ਤੁਸੀਂ ਨਹੀਂ ਖ਼ਰੀਦ ਸਕਦੇ ਤਾਂ ਮੈਂ ਆਪਣੇ ਐੱਮ ਪੀ ਕੋਟੇ ਵਿੱਚੋਂ ਲੈ ਦਿਆਂਗਾ। ਹਰ ਮਹੀਨੇ, ਹਰ ਰੇਡੂਏ ’ਤੇ ਜਾਣੀ ਹਰ ਟੇਸ਼ਣ ’ਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਆਪਣੇ ‘ਮਨ ਕੀ ਬਾਤ’ ਸੁਣਾਉਂਦੇ ਨੇ। ਉੱਥੇ ਥੋਨੂੰ ਥੋਡੇ ਸਾਰੇ ਸਵਾਲਾਂ ਦੇ ਜਵਾਬ ਬਿਨ ਸਵਾਲ ਕੀਤੇ ਹੀ ਮਿਲ ਜਾਣਗੇ। ਅੱਜ ਵਾਂਗ ਤੁਹਾਨੂੰ ਮੇਰੇ ਵਰਗੇ ਮੰਤਰੀਆਂ, ਲੀਡਰਾਂ ਨੂੰ ਘੇਰ ਕੇ ਸਵਾਲ ਨਹੀਂ ਪੁੱਛਣੇ ਪੈਣਗੇ। ਹਰ ਮਹੀਨੇ ‘ਮਨ ਕੀ ਬਾਤ’ ਬੱਸ ਮਨ ਲਾ ਕੇ ਸੁਣਿਆ ਕਰੋ। ਤੁਹਾਡੇ, ਸਾਡੇ, ਜਨਤਾ ਦੇ ਸਾਰੇ ਮਸਲੇ ਹੱਲ ਹੋ ਜਾਣਗੇ।
ਸੰਪਰਕ: +91-9915995505, +1-236-622-7799

