DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕ ਮਨਾਂ ’ਚ ਵੱਸਦਾ ਭਗਤ ਸਿੰਘ

ਭਗਤ ਸਿੰਘ ਬਾਰੇ ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਦਿਨਾਂ ਤੋਂ ਬਹਿਸ ਛਿੜੀ ਹੋਈ ਹੈ। ਇਸ ਬਹਿਸ ਵਿੱਚ ਜ਼ਿਆਦਾਤਰ ਉਹ ਲੋਕ ਸ਼ਾਮਿਲ ਹਨ, ਜੋ ਭਗਤ ਸਿੰਘ ਅਤੇ ਉਸ ਦੀ ਵਿਚਾਰਧਾਰਾ ਬਾਰੇ ਬਹੁਤਾ ਕੁਝ ਨਹੀਂ ਜਾਣਦੇ। ਭਗਤ ਸਿੰਘ ਬਾਰੇ ਅਸੀਂ ਕਹਿ ਸਕਦੇ...

  • fb
  • twitter
  • whatsapp
  • whatsapp
Advertisement

ਭਗਤ ਸਿੰਘ ਬਾਰੇ ਸੋਸ਼ਲ ਮੀਡੀਆ ’ਤੇ ਪਿਛਲੇ ਕੁਝ ਦਿਨਾਂ ਤੋਂ ਬਹਿਸ ਛਿੜੀ ਹੋਈ ਹੈ। ਇਸ ਬਹਿਸ ਵਿੱਚ ਜ਼ਿਆਦਾਤਰ ਉਹ ਲੋਕ ਸ਼ਾਮਿਲ ਹਨ, ਜੋ ਭਗਤ ਸਿੰਘ ਅਤੇ ਉਸ ਦੀ ਵਿਚਾਰਧਾਰਾ ਬਾਰੇ ਬਹੁਤਾ ਕੁਝ ਨਹੀਂ ਜਾਣਦੇ। ਭਗਤ ਸਿੰਘ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਮਹਿਜ਼ 23 ਸਾਲ ਦੀ ਉਮਰ ਦਾ ਉਹ ਇੱਕ ਅਜਿਹਾ ਨਾਇਕ ਸੀ, ਜਿਸ ਨੇ ਜਵਾਨੀ ਨੂੰ ਦੇਸ਼ ਲਈ ਜਿਊਣ ਤੇ ਮਰਨ ਦੀ ਜਾਂਚ ਦੱਸੀ। ਇਕੱਲਾ ਭਗਤ ਸਿੰਘ ਹੀ ਨਹੀਂ ਉਹਦੇ ਪਰਿਵਾਰ ਨੇ ਵੀ ਦੇਸ਼ ਲਈ ਮਹਾਨ ਕੁਰਬਾਨੀ ਕੀਤੀ। ਘਰ ਉਹਦੇ ਵਿਆਹ ਦੀ ਗੱਲ ਤੁਰੀ ਤਾਂ ਉਸ ਕਿਹਾ, ‘ਮੈਂ ਆਜ਼ਾਦੀ ਹੀਰ ਨੂੰ ਵਿਆਹ ਕੇ ਲਿਆਵਾਂਗਾ ਤੇ ਦੇਸ਼ ਆਜ਼ਾਦ ਕਰਵਾਉਣ ਲਈ ਉਹ ਘਰੋਂ ਬੇਘਰ ਹੋ ਗਿਆ।’

ਭਗਤ ਸਿੰਘ ਬੰਦੇ ਮਾਰਨ ਵਿੱਚ ਵਿਸ਼ਵਾਸ ਨਹੀਂ ਸੀ ਰੱਖਦਾ। ਮਿ ਸਕਾਟ ਨੂੰ ਮਾਰਨ ਦਾ ਫ਼ੈਸਲਾ ਉਸ ਨੇ ਉਦੋਂ ਕੀਤਾ ਜਦੋਂ ਇੱਕ ਬੰਗਾਲਣ ਕੁੜੀ ਨੇ ਸਾਰੇ ਦੇਸ਼ ਦੇ ਨੌਜਵਾਨਾਂ ਨੂੰ ਇਹ ਤਾਅਨਾ ਦਿੱਤਾ ਕਿ ਅੰਗਰੇਜ਼ਾਂ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਲੋਕਾਂ, ਖ਼ਾਸ ਕਰ ਕੇ ਪੰਜਾਬੀਆਂ ’ਤੇ ਅੰਨ੍ਹੇਵਾਹ ਲਾਠੀਆਂ ਵਰ੍ਹਾਈਆਂ, ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ ਸੀ। ਉਸ ਕੁੜੀ ਨੇ ਅਖ਼ਬਾਰਾਂ ਵਿੱਚ ਇੱਕ ਚਿੱਠੀ ਲਿਖ ਕੇ ਪੁੱਛਿਆ ਕਿ ਕੀ ਦੇਸ਼ ਦੀ ਜਵਾਨੀ ਮਰ-ਮੁੱਕ ਗਈ ਹੈ? ਕਿਸੇ ਵਿੱਚ ਇੰਨੀ ਜੁਅਰੱਤ ਨਹੀਂ ਕਿ ਇਸ ਜਬਰ ਦਾ ਬਦਲਾ ਲਿਆ ਜਾਵੇ? ਤਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਜੈ ਗੋਪਾਲ ਨੇ ਲਾਹੌਰ ਵਿੱਚ ਸਾਂਡਰਸ ਨੂੰ ਮਾਰ ਕੇ ਦੱਸਿਆ ਕਿ ਦੇਸ਼ ਦੀ ਜਵਾਨੀ ਜਿਊਂਦੀ ਜਾਗਦੀ ਹੈ, ਮਰੀ ਨਹੀਂ। ਉਹਦੇ ਸਾਥੀਆਂ ਦੀਆਂ ਲਿਖ਼ਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਂਡਰਸ ਨੂੰ ਮਾਰਨ ਮਗਰੋਂ ਕਈ ਦਿਨ ਉਦਾਸ ਰਿਹਾ।

Advertisement

ਰੌਲਟ ਐਕਟ ਬਿੱਲ ਦਾ ਵਿਰੋਧ ਕਰਦਿਆਂ ਬੀ ਕੇ ਦੱਤ ਨਾਲ ਅਸੈਂਬਲੀ ਹਾਲ ਵਿੱਚ ਬੰਬ ਸੁੱਟ ਕੇ ਉਹ ਭੱਜ ਸਕਦੇ ਸਨ ਪਰ ਉਹ ਭੱਜੇ ਨਹੀਂ। ਭਗਤ ਸਿੰਘ ਨੇ ਕਿਹਾ ਕਿ ਅਸੀਂ ਸ਼ਕਤੀਸ਼ਾਲੀ ਬੰਬ ਨਾਲ ਬੰਦੇ ਵੀ ਮਾਰ ਸਕਦੇ ਸੀ ਪਰ ਸਾਡਾ ਮਕਸਦ ਬੰਦੇ ਮਾਰਨਾ ਨਹੀਂ ਸਗੋਂ ਬੋਲ਼ੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ ਹੈ।

Advertisement

ਅਸੈਂਬਲੀ ਹਾਲ ਦੇ ਬੰਬ ਕਾਂਡ ਤੋਂ ਬਾਅਦ ਗ੍ਰਿਫ਼ਤਾਰ ਕਰ ਕੇ ਭਗਤ ਸਿੰਘ ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਲਿਆਂਦਾ ਗਿਆ। ਇੱਥੇ ਹੀ ਉਸ ’ਤੇ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਨ ਦਾ ਮੁਕੱਦਮਾ ਚੱਲਿਆ। ਇਸ ਮੁਕੱਦਮੇ ’ਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 7 ਅਕਤੂਬਰ 1930 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਦੀ ਸਜ਼ਾ ਸੁਣਾਏ ਜਾਣ ਮਗਰੋਂ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀਆਂ ਨੇ ਫ਼ੈਸਲਾ ਕੀਤਾ ਕਿ ਕਿਸੇ ਤਰ੍ਹਾਂ ਭਗਤ ਸਿੰਘ ਨੂੰ ਜੇਲ੍ਹ ’ਚੋਂ ਬਾਹਰ ਲਿਆਂਦਾ ਜਾਵੇ। ਜਦੋਂ ਇਸ ਗੱਲ ਦਾ ਪਤਾ ਭਗਤ ਸਿੰਘ ਨੂੰ ਲੱਗਾ ਤਾਂ ਉਸ ਨੇ ਇਹ ਕਹਿ ਕੇ ਆਪਣੇ ਸਾਥੀਆਂ ਨੂੰ ਮਨ੍ਹਾਂ ਕਰ ਦਿੱਤਾ ਕਿ ‘ਇਸ ਸਮੇਂ ਮੁਲਕ ਦੇ ਜੋ ਸਿਆਸੀ ਹਾਲਾਤ ਬਣ ਰਹੇ ਹਨ ਉਨ੍ਹਾਂ ਵਿੱਚ ਮੇਰਾ ਫਾਂਸੀ ਲੱਗਣਾ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰੇਗਾ।’ ਭਗਤ ਸਿੰਘ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਜ਼ਿੰਦਗੀ ਦਾ ਆਸ਼ਕ ਸੀ, ਪਰ ਵਤਨ ਲਈ ਇਮਤਿਹਾਨ ਦੀ ਘੜੀ ਆਈ ਤਾਂ ਉਸ ਨੇ ਮੌਤ ਤੇ ਜ਼ਿੰਦਗੀ ਦੋਹਾਂ ’ਚੋਂ ਮੌਤ ਨੂੰ ਚੁਣਿਆ।

ਭਗਤ ਸਿੰਘ ਤੇ ਉਸ ਦੇ ਸਾਥੀਆਂ ’ਤੇ ਮੁਕੱਦਮਾ ਚੱਲਿਆ ਤਾਂ ਭਗਤ ਸਿੰਘ ਨੇ ਕਿਹਾ ਕਿ ਸਾਨੂੰ ਫਾਂਸੀ ਦੀ ਬਜਾਏ ਗੋਲੀ ਨਾਲ ਉਡਾਇਆ ਜਾਵੇ। ਅਦਾਲਤ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, “ਮੈਂ ਆਪਣੇ ਦੇਸ਼ ਲਈ ਲੜ ਰਿਹਾ ਇੱਕ ਫ਼ੌਜੀ ਹਾਂ। ਤੁਸੀਂ (ਅੰਗਰੇਜ਼) ਬਾਹਰੋਂ ਆਏ ਧਾੜਵੀ ਹੋ। ਮੈਂ ਤੁਹਾਡੀ ਕੈਦ ਵਿੱਚ ਹਾਂ। ਇਸ ਲਈ ਜੰਗ ਦਾ ਅਸੂਲ ਇਹ ਕਹਿੰਦਾ ਹੈ ਕਿ ਜੰਗੀ ਕੈਦੀ ਨੂੰ ਗੋਲੀ ਮਾਰ ਕੇ ਮਾਰਿਆ ਜਾਵੇ।’’

ਜੇਲ੍ਹ ਵਿੱਚ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਜਾਇਜ਼ ਮੰਗਾਂ ਲਈ ਉਸ ਨੇ ਭੁੱਖ ਹੜਤਾਲ ਕੀਤੀ। ਉਹ 63 ਦਿਨ ਭੁੱਖ ਹੜਤਾਲ ’ਤੇ ਰਿਹਾ, ਸੋਹਣਾ ਸੁਨੱਖਾ 6 ਫੁੱਟ ਲੰਮਾ ਜਵਾਨ ਭਗਤ ਸਿੰਘ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਗਿਆ। ਉਸ ਨੂੰ ਅਦਾਲਤ ਵਿੱਚ ਸਟਰੈਚਰ ’ਤੇ ਪਾ ਕੇ ਲਿਜਾਇਆ ਜਾਣ ਲੱਗਾ। ਇਨਕਲਾਬੀਆਂ ਦੀ ਭੁੱਖ ਹੜਤਾਲ ਦੀ ਗੱਲ ਦੇਸ਼ ਦੇ ਲੋਕਾਂ ਤੱਕ ਪੁੱਜੀ ਤਾਂ ਥਾਂ-ਥਾਂ ਵਿਰੋਧ ਹੋਣ ਲੱਗ ਪਿਆ। ਲੋਕ ਰੋਹ ਤੋਂ ਡਰੀ ਅੰਗਰੇਜ਼ ਸਰਕਾਰ ਨੇ ਦੇਸ਼ਭਗਤਾਂ ਨੂੰ ਜ਼ਬਰਦਸਤੀ ਖਾਣਾ ਖਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੇ। ਫਿਰ ਅੰਗਰੇਜ਼ ਸਿਪਾਹੀ ਜ਼ਬਰਦਸਤੀ ਉਨ੍ਹਾਂ ਨੂੰ ਨਾਲੀ ਲਾ ਕੇ ਦੁੱਧ ਪਿਆਉਂਦੇ। ਭਗਤ ਸਿੰਘ ਦੇ ਇੱਕ ਸਾਥੀ ਜਤਿੰਦਰ ਨਾਥ ਦਾਸ (ਉਸ ਨੂੰ ਜਤਿਨ ਦਾਸ ਵੀ ਕਿਹਾ ਜਾਂਦਾ ਸੀ) ਦੇ ਪੇਟ ਦੀ ਬਜਾਏ ਛਾਤੀ ਵਿੱਚ ਦੁੱਧ ਭਰ ਜਾਣ ਕਾਰਨ ਸਾਹ ਬੰਦ ਹੋ ਗਿਆ। ਕੁਝ ਦਿਨ ਬੇਹੋਸ਼ ਰਹਿਣ ਮਗਰੋਂ ਇਹ ਦੇਸ਼ਭਗਤ ਸ਼ਹੀਦ ਹੋ ਗਿਆ। ਉਸ ਦੀ ਦੇਹ ਨੂੰ ਲਾਹੌਰ ਤੋਂ ਕਲਕੱਤੇ ਲੈ ਜਾਣ ਲਈ ਰੇਲ ਗੱਡੀ ਵਿੱਚ ਰੱਖਿਆ ਗਿਆ। ਇਹ ਰੇਲ ਜਿੱਥੇ ਵੀ ਖੜ੍ਹਦੀ ਲੋਕਾਂ ਦੀ ਭੀੜ ਗੱਡੀ ਨੂੰ ਛੂੰਹਦੀ, ਦੇਖਦੀ ਤੇ ਚੁੰਮਦੀ ਕਿ ਇਸ ਗੱਡੀ ਵਿੱਚ ਭਾਰਤ ਮਾਤਾ ਦਾ ਸਪੂਤ ਸਦਾ ਦੀ ਨੀਂਦੇ ਸੁੱਤਾ ਪਿਆ ਹੈ। ਇਸ ਤਰ੍ਹਾਂ ਦੀਆਂ ਕੁਰਬਾਨੀ ਨਾਲ ਦੇਸ਼ ਆਜ਼ਾਦ ਹੋਇਆ ਸੀ ਤੇ ਸਾਨੂੰ ਵੋਟ ਪਾਉਣ ਤੇ ਚੋਣ ਲੜਨ ਇਜਾਜ਼ਤ ਅਜਿਹੀਆਂ ਕੁਰਬਾਨੀਆਂ ਸਦਕਾ ਮਿਲੀ ਸੀ।

ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਸੱਤ ਕੁ ਦਿਨ ਪਹਿਲਾਂ ਉਸ ਦੇ ਸਾਥੀ ਸ਼ਿਵ ਵਰਮਾ, ਜਿਸ ਨੇ ਇੱਕ ਕਿਤਾਬ ਸ਼ਹੀਦਾਂ ਦੇ ਅੰਗਸੰਗ ਲਿਖੀ ਸੀ, ਨੂੰ ਜਦੋਂ ਅੰਗਰੇਜ਼ ਮੀਆਂਵਾਲੀ ਜੇਲ੍ਹ ਲਿਜਾ ਰਹੇ ਸਨ ਤਾਂ ਉਹ ਭਗਤ ਸਿੰਘ ਨੂੰ ਮਿਲ ਕੇ ਅੱਖਾਂ ਭਰ ਆਇਆ। ਭਗਤ ਸਿੰਘ ਨੇ ਕਿਹਾ, ‘‘ਦਿਲ ਹੌਲਾ ਨਹੀਂ ਕਰਨਾ। ਮੈਂ ਤਾਂ ਕੁਝ ਦਿਨਾਂ ਤੱਕ ਫਾਂਸੀ ਦੇ ਤਖ਼ਤੇ ’ਤੇ ਝੂਲ ਜਾਣਾ ਹੈ, ਪਰ ਤੁਸੀਂ ਤਾਂ ਅਜੇ ਲੰਮੀ ਲੜਾਈ ਲੜਨੀ ਹੈ।’’ ਸ਼ਿਵ ਵਰਮਾ ਲਿਖਦਾ ਹੈ ਕਿ ਮੈਂ ਪੁੱਛਿਆ, “ਸਰਦਾਰ, ਦਿਲ ਵਿੱਚ ਕੋਈ ਮਲਾਲ ਤਾਂ ਨਹੀਂ?” ਸਰਦਾਰ ਨੇ ਕਿਹਾ, “ਵਰਮਾ ਸਾਬ੍ਹ, ਮੈਂ ਆਪਣੇ ਵਤਨ ਲਈ ਜੋ ਕੁਝ ਕਰਨਾ ਚਾਹੁੰਦਾ ਹਾਂ ਉਸ ਦਾ ਇੱਕ ਹਜ਼ਾਰਵਾਂ ਹਿੱਸਾ ਵੀ ਨਹੀਂ ਕਰ ਸਕਿਆ।’’ ਇਹ ਸੀ ਭਗਤ ਸਿੰਘ ਦੀ ਸ਼ਖ਼ਸੀਅਤ। ਕੈਦ ਦੌਰਾਨ ਉਸ ਨੇ ਇੱਕ ਚਿੱਠੀ ਪੰਜਾਬ ਦੇ ਗਵਰਨਰ ਨੂੰ ਲਿਖੀ। ਉਸ ਨੇ ਲਿਖਿਆ, “ਜੰਗ ਜਾਰੀ ਹੈ ਅਤੇ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਤੁਹਾਡੇ ਤੇ ਸਾਡੇ ਵਿੱਚ ਫ਼ਰਕ ਬਰਕਰਾਰ ਹੈ। ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਤੁਹਾਡੀਆਂ ਸਾਮਰਾਜੀ ਨੀਤੀਆਂ ਦਾ ਅੰਤ ਨਹੀਂ ਹੁੰਦਾ।’’

ਅੰਗਰੇਜ਼ਾਂ ਤੋਂ ਸਿਰਦਾਰ (ਸਰਦਾਰ ਨਹੀਂ) ਦੀਆਂ ਉਪਾਧੀਆਂ ਲੈਣ ਵਾਲੇ ਤਾਂ ਇਹ ਵੀ ਗੁੰਮਰਾਹਕੁੰਨ ਪ੍ਰਚਾਰ ਕਰਦੇ ਰਹੇ ਕਿ ਭਗਤ ਸਿੰਘ ਆਖ਼ਰੀ ਸਮੇਂ ਮੌਤ ਤੋਂ ਡਰ ਗਿਆ ਸੀ, ਪਰ ਫਾਂਸੀ ਦੌਰਾਨ ਜੇਲ੍ਹ ਤੇ ਜੇਲ੍ਹ ਤੋਂ ਬਾਹਰ ਇਕੱਠੇ ਹੋਏ ਲੋਕ ਆਖਦੇ ਹਨ ਕਿ ਉਨ੍ਹਾਂ ਸੂਰਬੀਰਾਂ ਨੂੰ ਫਾਂਸੀ ਦੇ ਤਖ਼ਤੇ ਵੱਲ ਤੋਰਿਆ ਗਿਆ ਤਾਂ ਉਨ੍ਹਾਂ ਉੱਚੀ ਆਵਾਜ਼ ਵਿੱਚ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਮਾਰਿਆ ਤੇ ਫਿਰ ਇਹ ਨਾਅਰਾ ਦੇ ਜਵਾਬ ਵਿੱਚ ਸਾਰੀ ਜੇਲ੍ਹ ’ਚੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ, ਜੋ ਇੱਕ ਕਿਲੋਮੀਟਰ ਸੁਣਾਈ ਦੇਣ ਲੱਗੇ। ਫਾਂਸੀ ਦੇ ਤਖ਼ਤੇ ’ਤੇ ਖੜ੍ਹ ਕੇ ਉਸ ਅੰਗਰੇਜ਼ ਮੈਜਿਸਟ੍ਰੇਟ ਨੂੰ ਕਿਹਾ ਸੀ, ‘‘ਤੁਸੀਂ ਬੜੇ ਖੁਸ਼ਕਿਸਮਤ ਹੋ ਮੈਜਿਸਟ੍ਰੇਟ ਸਾਬ੍ਹ। ਤੁਸੀਂ ਅੱਜ ਆਪਣੀਆਂ ਅੱਖਾਂ ਨਾਲ ਦੇਖੋਗੇ ਕਿ ਕਿਵੇਂ ਇੱਕ ਕ੍ਰਾਂਤੀਕਾਰੀ ਆਪਣੇ ਦੇਸ਼ ਲਈ ਹੱਸਦਾ-ਹੱਸਦਾ ਕੁਰਬਾਨ ਹੁੰਦਾ ਹੈ।’’ ਫਾਂਸੀ ਦਾ ਰੱਸਾ ਚੁੰਮ ਕੇ ਆਪਣੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਆਜ਼ਾਦੀ ਦਾ ਇਹ ਪਰਵਾਨਾ ਫਾਂਸੀ ਦੇ ਤਖ਼ਤੇ ’ਤੇ ਝੂਲ ਗਿਆ। ਭਗਤ ਸਿੰਘ ਵੱਡਾ ਦਾਨਿਸ਼ਵਰ ਤੇ ਦਾਰਸ਼ਨਿਕ ਸੀ। ਉਹ ਅਤੇ ਉਸ ਦੇ ਸਾਥੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਰਹਿ ਕੇ ਵੀ ਸੋਚਦੇ ਸਨ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਆਜ਼ਾਦ ਹੋਵੇਗਾ। ਬਸਤੀਵਾਦੀ ਅੰਗਰੇਜ਼ੀ ਹਕੂਮਤ ਦਾ ਸਫ਼ਾਇਆ ਹੋ ਜਾਵੇਗਾ। ਦੇਸ਼ ਦੇ ਲੋਕ ਆਪਣੀ ਤਕਦੀਰ ਆਪਣੇ ਹੱਥਾਂ ਨਾਲ ਲਿਖਣ ਦੇ ਸਮਰੱਥ ਹੋਣਗੇ। ਆਮ ਲੋਕ ਰਾਜ ਭਾਗ ਦੇ ਹਿੱਸੇਦਾਰ ਹੋਣਗੇ। ਦੇਸ਼ ’ਚੋਂ ਅਮੀਰੀ ਗ਼ਰੀਬੀ ਦਾ ਪਾੜਾ ਖ਼ਤਮ ਹੋਵੇਗਾ। ਦੇਸ਼ ਦੇ ਲੋਕਾਂ ਨੂੰ ਜ਼ਲਾਲਤ ਭਰੀ ਗ਼ੁਲਾਮੀ ਤੋਂ ਨਿਜਾਤ ਮਿਲੇਗੀ। ਸਿੱਖਿਆ, ਸਿਹਤ ਸਹੂਲਤਾਂ, ਨਿਆਂ ਪ੍ਰਬੰਧ ਅਤੇ ਰੁਜ਼ਗਾਰ ’ਤੇ ਹਰ ਵਿਅਕਤੀ ਦਾ ਅਧਿਕਾਰ ਹੋਵੇਗਾ। ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਵਰਗੇ ਮਹਾਨ ਦੇਸ਼ ਭਗਤਾਂ ਨੇ ਜਾਤਾਂ, ਮਜ਼ਹਬਾਂ ਤੇ ਧਰਮਾਂ ਤੋਂ ਉੱਪਰ ਉੱਠ ਕੇ ਵਤਨ ਦੀ ਗ਼ੁਲਾਮੀ ਦਾ ਖ਼ਾਤਮਾ ਕਰਨ ਲਈ ਉੱਚੇ ਸੁੱਚੇ ਆਦਰਸ਼ਾਂ ਲਈ ਕੁਰਬਾਨੀ ਦਿੱਤੀ। ਸੁਫ਼ਨਾ ਇਹ ਸੀ ਕਿ ਇਸ ਧਰਤੀ ਨੂੰ ਇਨਸਾਨਾਂ ਦੇ ਰਹਿਣਯੋਗ ਬਣਾਇਆ ਜਾਵੇ। ਲਾਹੌਰ ਜੇਲ੍ਹ ਵਿੱਚ ਕੈਦ ਦੌਰਾਨ ਹੀ ਭਗਤ ਸਿੰਘ ਲੋਕਾਂ ਦਾ ਚਹੇਤਾ ਬਣ ਗਿਆ ਸੀ। ਉਸ ਦੀ ਸ਼ਹਾਦਤ ਮਗਰੋਂ ਦਿਨੋਂ-ਦਿਨ ਲੋਕ ਮਨਾਂ ਵਿੱਚ ਉਸ ਦੀ ਸਾਖ ਹੋਰ ਨਿਖਰਦੀ ਗਈ। ਬਹੁਤ ਥੋੜ੍ਹੇ ਕਿਰਦਾਰ ਹੋਣਗੇ, ਜਿਨ੍ਹਾਂ ਲਈ ਪੰਜਾਬੀ ਸਮਾਜ ਨੇ ਲੋਕਗੀਤ ਘੜੇ। ਭਗਤ ਸਿੰਘ ਇਨ੍ਹਾਂ ’ਚੋਂ ਇੱਕ ਹੈ। ਉਸ ਲਈ ਲੋਕਧਾਰਾ ਆਖਦੀ ਹੈ:

ਅਸੰਬਲੀ ’ਚੋਂ ਬੰਬ ਚਲਾਇਆ ਭਗਤ ਸਿੰਘ ਸੂਰਮੇ ਨੇ।

ਰਹੇ ਕੱਖ ਨਾ ਫਿਰੰਗੀਆ ਤੇਰਾ ਭਗਤ ਸਿੰਘ ਕੋਹ ਸੁੱਟਿਆ।

ਵਰਗੇ ਲੋਕਗੀਤ ਭਗਤ ਸਿੰਘ ਬਾਰੇ ਕਿਸੇ ਲੇਖਕ ਨੇ ਨਹੀਂ, ਲੋਕਾਂ ਨੇ ਘੜੇ। ਫਾਂਸੀ ਤੋਂ ਕੁਝ ਅਰਸੇ ਮਗਰੋਂ ਝੰਗ ਸ਼ਹਿਰ (ਹੁਣ ਪਾਕਿਸਤਾਨ) ਵਿੱਚ ਇਨ੍ਹਾਂ ਤਿੰਨਾਂ ਆਜ਼ਾਦੀ ਪ੍ਰਵਾਨਿਆਂ ਨੂੰ ਯਾਦ ਕਰਨ ਲਈ ਇੱਕ ਵੱਡਾ ਜਲਸਾ ਹੋਇਆ। ਲੱਖਾਂ ਲੋਕਾਂ ਦੀ ਭੀੜ ਜੁੜੀ। ਇਸ ਦੌਰਾਨ ਕਵੀ ਮੇਲਾ ਰਾਮ ਤਾਹਿਰ ਨੇ ਭਗਤ ਸਿੰਘ ਦੀ ਘੋੜੀ ਗਾਈ, ਜੋ ਮਗਰੋਂ ਲੋਕਗੀਤ ਹੀ ਬਣ ਗਈ:

ਆਓ ਨੀਂ ਭੈਣੋਂ ਰਲ ਗਾਵੀਏ ਘੋੜੀਆਂ,

ਜੰਞ ਤਾਂ ਹੋਈ ਏ ਤਿਆਰ ਵੇ ਹਾਂ।

ਮੌਤ ਕੁੜੀ ਨੂੰ ਪਰਣਾਵਣ ਚੱਲਿਆ,

ਭਗਤ ਸਿੰਘ ਸਰਦਾਰ ਵੇ ਹਾਂ।

ਹੰਝੂਆਂ ਦੇ ਪਾਣੀ ਨਾਲ ਭਰ ਕੇ ਘੜੋਲੀ,

ਲਹੂ ਦੀ ਰਾਖੀ ਮੌਲੀ ਤਾਰ ਵੇ ਹਾਂ।

ਖ਼ੂਨੀ ਮਹਿੰਦੀ ਚਾ ਤੈਨੂੰ ਲਾਈ ਫਿਰੰਗੀਆਂ,

ਹੱਥਕੜੀਆਂ ਦਾ ਗਾਨਾ ਤਿਆਰ ਵੇ ਹਾਂ।

ਫ਼ਾਂਸੀ ਦੇ ਤਖ਼ਤੇ ਨੂੰ ਖਾਰਾ ਬਣਾ ਕੇ,

ਬੈਠਾ ਤਾਂ ਚੌਂਕੜੀ ਮਾਰ ਵੇ ਹਾਂ।

ਦਰਅਸਲ, ਭਗਤ ਸਿੰਘ ਨੂੰ ਅੰਗਰੇਜ਼ ਮਾਰ ਕੇ ਵੀ ਮਾਰ ਨਹੀਂ ਸਕੇ। ਫਾਂਸੀ ਲੱਗਣ ਮਗਰੋਂ ਉਸ ਦਾ ਕੱਦ ਹੋਰ ਬੁਲੰਦ ਹੋ ਗਿਆ ਅਤੇ ਉਹ ਸ਼ਹੀਦ-ਏ-ਆਜ਼ਮ ਵਜੋਂ ਜਾਣਿਆ ਜਾਣ ਲੱਗਾ। ਅੱਜ ਵੀ ਉਹ ਲੋਕਾਂ ਦੇ ਮਨਾਂ ’ਚ ਵੱਸਿਆ ਆਜ਼ਾਦੀ ਸੰਗਰਾਮ ਦਾ ਮਹਾਂਨਾਇਕ ਹੈ।

ਸੰਪਰਕ: 98550-51099

Advertisement
×