DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਸ਼ਾਵਾਂ ਤੇ ਖਿੱਤਿਆਂ ਤੋਂ ਪਾਰ...

ਕੋਲੰਬੀਆ ਵਿੱਚ ਇਸੇ 26 ਅਪਰੈਲ ਤੋਂ 4 ਮਈ ਤੱਕ ‘ਬਗੋਤਾ ਕੌਮਾਂਤਰੀ ਪੁਸਤਕ ਮੇਲਾ 2026’ ਕਰਵਾਇਆ ਗਿਆ। ਜਦੋਂ ਮੈਂ ਇਸ ਪੁਸਤਕ ਮੇਲੇ ’ਚ ਜਾਣ ਲਈ ਹੋਟਲ ਤੋਂ ਪੰਡਾਲ ਵੱਲ ਉੱਚੇ ਸਵਾਗਤੀ ਗੇਟ ਰਾਹੀਂ ਅੰਦਰ ਲੰਘਿਆ ਤਾਂ ਲੋਕਾਂ ਦੀ ਭੀੜ ਦੇਖ ਕੇ...

  • fb
  • twitter
  • whatsapp
  • whatsapp
Advertisement

ਕੋਲੰਬੀਆ ਵਿੱਚ ਇਸੇ 26 ਅਪਰੈਲ ਤੋਂ 4 ਮਈ ਤੱਕ ‘ਬਗੋਤਾ ਕੌਮਾਂਤਰੀ ਪੁਸਤਕ ਮੇਲਾ 2026’ ਕਰਵਾਇਆ ਗਿਆ। ਜਦੋਂ ਮੈਂ ਇਸ ਪੁਸਤਕ ਮੇਲੇ ’ਚ ਜਾਣ ਲਈ ਹੋਟਲ ਤੋਂ ਪੰਡਾਲ ਵੱਲ ਉੱਚੇ ਸਵਾਗਤੀ ਗੇਟ ਰਾਹੀਂ ਅੰਦਰ ਲੰਘਿਆ ਤਾਂ ਲੋਕਾਂ ਦੀ ਭੀੜ ਦੇਖ ਕੇ ਹੈਰਤ ਹੋਈ ਕਿ ਇਹ ਕਿਤਾਬਾਂ ਦੇਖਣ-ਪੜ੍ਹਨ-ਖ਼ਰੀਦਣ ਲਈ ਏਨੀ ਭਾਰੀ ਗਿਣਤੀ ’ਚ ਆਏ ਹਨ। ਇਸ ਉਤਸਵ ਲਈ ਲੋਕਾਂ ’ਚ ਉਵੇਂ ਉਮਾਹ ਸੀ, ਜਿਵੇਂ ਪੰਜਾਬ ’ਚ ਕਿਸੇ ਵੇਲੇ ਜਗਰਾਵਾਂ ਦੀ ਰੌਸ਼ਨੀ ਦੇ ਮੇਲੇ ਦਾ ਹੁੰਦਾ ਸੀ।

ਕੋਲੰਬੀਆ ਦੇ ਬਗੋਤਾ ਕੌਮਾਂਤਰੀ ਪੁਸਤਕ ਮੇਲੇ ਵਿੱਚ ਇਸ ਵਾਰ ਭਾਰਤ ‘ਗੈਸਟ ਔਫ ਔਨਰ’ ਸੀ। ਇਸ ਦਾ ਪੰਡਾਲ ਬਹੁਤ ਵੱਡਾ ਤੇ ਖ਼ੂਬਸੂਰਤ ਸੀ। ਦਿੱਖ ਤੇ ਸਜਾਵਟ ਬਹੁਤ ਸੋਹਣੀ ਤੇ ਸੁਹਜ ਭਰੀ। ਅੰਦਰ ਜਾਂਦਿਆਂ ਹੀ ਸੱਜੇ ਤੇ ਖੱਬੇ ਕੰਧਾਂ ਉੱਤੇ ਸਾਡੇ ਮਹਾਨ ਵਿਦਵਾਨਾਂ, ਲੇਖਕਾਂ, ਸੰਤਾਂ-ਮਹਾਪੁਰਸ਼ਾਂ, ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਦੇ ਨਾਲ ਸਜਾਏ ਹੋਏ ਜੀਵਨ ਵੇਰਵੇ ਤੁਹਾਨੂੰ ਭਾਰਤੀ ਹੋਣ ਦਾ ਮਾਣ ਮਹਿਸੂਸ ਕਰਵਾਉਂਦੇ ਸਨ।

Advertisement

ਹਰ ਰੋਜ਼ ਪੱਚੀ ਤੋਂ ਪੈਂਤੀ ਹਜ਼ਾਰ ਅਤੇ ਹਫ਼ਤੇ ਦੇ ਅਖ਼ੀਰ ’ਤੇ ਛੁੱਟੀ ਵਾਲੇ ਦਿਨ ਪੰਜਾਹ ਹਜ਼ਾਰ ਦੇ ਕਰੀਬ ਵਿਦਿਆਰਥੀ, ਲੇਖਕ, ਕਲਾਕਾਰ ਤੇ ਇੱਥੋਂ ਦੇ ਵਸਨੀਕ ਆਏ। ਕਿਤਾਬਾਂ ਖਰੀਦਣ ਤੇ ਪੜ੍ਹਨ ਦੀ ਰੁਚੀ ਦੇ ਨਾਲ ਨਾਲ ਸਾਡੀ ਸੰਸਕ੍ਰਿਤੀ, ਭਾਸ਼ਾ, ਭਾਰਤ ਦੀ ਕਲਾ-ਸਾਹਿਤ-ਸੰਗੀਤ ਵਿਰਾਸਤ, ਵਾਤਾਵਰਣ-ਮੌਸਮਾਂ, ਆਰਥਿਕਤਾ, ਸੈਰ-ਸਪਾਟੇ ਦੀਆਂ ਥਾਵਾਂ, ਸਾਡੇ ਖਾਣ-ਪਹਿਨਣ, ਮੰਦਰ ਗੁਰਦੁਆਰੇ ਤੇ ਧਰਮਾਂ, ਖਜੁਰਾਹੋ ਤੇ ਅਜੰਤਾ ਏਲੋਰਾ ਦੇ ਚੱਟਾਨਾਂ ਕੱਟ ਕੇ ਬਣਾਏ ਮੰਦਰਾਂ ਤੇ ਮੂਰਤੀਆਂ ਬਾਰੇ ਜਾਣਨ ਦੀ ਜਗਿਆਸਾ ਨਾਲ ਭਰੇ ਲੋਕ ਮਿਲਦੇ ਤੇ ਸਵਾਲ ਕਰਦੇ ਸਨ। ਮੇਰੇ ਨਾਲ ਸਕੂਲਾਂ, ਕਾਲਜਾਂ ਦੇ ਹਰ ਉਮਰ ਦੇ ਵਿਦਿਆਰਥੀਆਂ, ਲੇਖਕਾਂ ਤੇ ਸਥਾਨਕ ਵਸਨੀਕਾਂ ਨੇ ਗੱਲਬਾਤਾਂ ਕੀਤੀਆਂ, ਸਵਾਲ ਪੁੱਛਣ ਦੇ ਨਾਲ ਨਾਲ ਇਜਾਜ਼ਤ ਲੈ ਕੇ ਤਸਵੀਰਾਂ ਖਿੱਚੀਆਂ ਤੇ ਇੰਟਰਵਿਊਜ਼ ਕੀਤੀਆਂ। ਮੇਰੇ ਸਪੈਨਿਸ਼ ਸਮਝਣ ਬੋਲਣ ਦੀ ਅਸਮਰੱਥਾ ਕਾਰਨ ਉਹ ਗੂਗਲ ’ਤੇ ਅੰਗਰੇਜ਼ੀ ’ਚ ਅਨੁਵਾਦ ਕਰਕੇ ਸਵਾਲ ਦਿਖਾਉਂਦੇ ਤੇ ਮੇਰੇ ਜਵਾਬਾਂ ਦਾ ਹੁੰਗਾਰਾ ਭਰਦੇ। ‘ਗਰਾਸੀਅਸ’ ਜਾਂ ‘ਗਰਾਸੀਓ’ ਕਹਿ ਵਿਦਾ ਹੁੰਦੇ। ਮੈਂ ‘ਦੇ-ਨਾਦਾ’ ਕਹਿੰਦਾ ਤੇ ਨਵਾਂ ਗਰੁੱਪ ਆ ਖੜ੍ਹਦਾ...। ਉਤਸਵ ਦੌਰਾਨ ਮੇਰੇ ਚਾਰ ਸੈਸ਼ਨ ਸਨ। ਉਨ੍ਹਾਂ ਵਿੱਚ ਪੰਜਾਬੀ ਭਾਸ਼ਾ ਦੀਆਂ ਇਤਿਹਾਸਕ-ਸੱਭਿਆਚਾਰਕ ਤੰਦਾਂ ਬਾਰੇ ਵਿਸਥਾਰ ’ਚ ਗੱਲਾਂ ਕੀਤੀਆਂ। ਸਾਡੇ ਲੋਕਾਂ ਦੇ ਨਾਲ-ਨਾਲ ਹਾਜ਼ਰ ਸਥਾਨਕ ਸਰੋਤਿਆਂ ਨੇ ਵੀ ਦਿਲਚਸਪੀ ਨਾਲ ਸੁਣੀਆਂ। ਇੱਕ ਸੈਸ਼ਨ ਵਿੱਚ ਕਵਿਤਾ ਪਾਠ ਹੋਇਆ: ਤਿੰਨ ਕਵਿਤਾਵਾਂ ਦਾ ਪਾਠ ਅਤੇ ਗੱਲਬਾਤ। ਸਮਾਜ ਵਿਚਲੀਆਂ ਕਹਾਣੀਆਂ ਦੀ ਪੇਸ਼ਕਾਰੀ ਪੰਜਾਬੀ ਸਾਹਿਤ-ਕਲਾ-ਪੇਂਟਿੰਗ ਤੇ ਸਿਨੇਮਾ ਕਿੰਜ ਕਰਦਾ ਹੈ।

Advertisement

ਦਸ ਕੁ ਸਾਲ ਦੇ ਇੱਕ ਬੱਚੇ ਨੇ ਮੇਰੀ ਪੱਗ ਵੱਲ ਇਸ਼ਾਰਾ ਕਰਕੇ ਹੈਰਾਨੀ ਭਰੀ ਉਤਸੁਕਤਾ ਨਾਲ ਇਸ ਬਾਰੇ ਪੁੱਛਿਆ। ਮੇਰੇ ਲਾਗੇ ਖੜ੍ਹੀ ਅਨੁਵਾਦਕ ਸਾਡਾ ਸੰਵਾਦ ਦੋਵਾਂ ਧਿਰਾਂ ਨੂੰ ਸਮਝਾ ਰਹੀ ਸੀ। ਮੈਂ ਦੱਸਿਆ ਕਿ ਜਿਵੇਂ ਤੁਸੀਂ ਕੈਪ (ਟੋਪੀ) ਪਹਿਨਦੇ ਹੋ ਉਵੇਂ ਹੀ ਮੈਂ ਇਹ ਟਰਬਨ / ਪੱਗ/ ਦਸਤਾਰ ਬੰਨ੍ਹਦਾ ਹਾਂ। ਉਨ੍ਹਾਂ ਨਾਲ ਖੜ੍ਹੀ ਇੱਕ ਔਰਤ, ਜੋ ਸ਼ਾਇਦ ਉਨ੍ਹਾਂ ਦੀ ਅਧਿਆਪਕ ਸੀ, ਨੇ ਪੱਗ ਬੰਨ੍ਹਣ ਦਾ ਮੰਤਵ ਪੁੱਛਿਆ ਤਾਂ ਮੈਂ ਕਿਹਾ ਕਿ ਇਹ ਦਸਤਾਰ ਮੇਰੀ ਸੱਭਿਆਚਾਰਕ ਪਛਾਣ ਤੇ ਮਾਣ ਹੈ, ਮੇਰੇ ਗੁਰੂ ਦੀ ਬਖ਼ਸ਼ਿਸ਼ ਹੈ ਤੇ ਸਤਿਕਾਰ ਦਾ ਚਿੰਨ੍ਹ ਹੈ। ਗੁਰੂ ਸਾਹਿਬਾਨ ਦਾ ਹਵਾਲਾ ਦੇ ਕੇ ਮੈਂ ਉਨ੍ਹਾਂ ਨੂੰ ਪੱਗ ਦਾ ਇਤਿਹਾਸਕ ਮਹੱਤਵ ਸਮਝਾਇਆ।

ਜਦੋਂ ਛੋਟੇ ਸਕੂਲੀ ਬੱਚੇ ਮੇਰੀ ਪੱਗ ਵੱਲ ਇਸ਼ਾਰਾ ਕਰਕੇ ਪੁੱਛਦੇ ਤਾਂ ਮੈਨੂੰ ਪਦਮ ਸ੍ਰੀ ਸੁਰਜੀਤ ਪਾਤਰ ਦੀਆਂ ਤੀਹ ਸਾਲ ਪਹਿਲਾਂ ਕੋਲੰਬੀਆ ਦੇ ਕੌਮਾਂਤਰੀ ਪੁਸਤਕ ਮੇਲੇ ਦੀਆਂ ਗੱਲਾਂ ਯਾਦ ਆਈਆਂ ਜਦੋਂ ਉਨ੍ਹਾਂ ਦੀ ਪੱਗ ਕਾਰਨ ਬੱਚੇ ਨੇ ਪੁੱਛਿਆ ਸੀ, ‘‘ਤੁਸੀਂ ਜਾਦੂਗਰ ਹੋ?’’ ਤਾਂ ਪਾਤਰ ਹੋਰਾਂ ਨੇ ਕਿਹਾ, ‘‘ਹਾਂ, ਮੈਂ ਸ਼ਬਦਾਂ ਦਾ ਜਾਦੂਗਰ ਹਾਂ...।’’

ਚੌਥਾ ਸੈਸ਼ਨ ‘Stories we owe the Society: why I write’ ਸੀ। ਪ੍ਰੋਜੈਕਟ ਮੈਨੇਜਰ ਤੇ ਅੰਗਰੇਜ਼ੀ ਦੇ ਸੰਪਾਦਕ ਤੇ ਵਿਦਵਾਨ ਕੁਮਾਰ ਵਿਕਰਮ ਹੋਰਾਂ ਇਹ ਸੈਸ਼ਨ ਚਲਾਉਂਦਿਆਂ ਤਿੰਨ ਦੌਰ ਸੁਆਲਾਂ ਦੇ ਰੱਖੇ। ਮੈਂ ਪੰਜਾਬੀ ਭਾਸ਼ਾ, ਪੰਜਾਬ, ਪਰਿਵਾਰ, ਸੱਭਿਆਚਾਰ, ਫਲਸਫ਼ੇ, ਵਿਅਕਤੀਗਤ ਤੇ ਇਤਿਹਾਸ ਦੀਆਂ ਤੰਦਾਂ ਫੜਦਿਆਂ ਕਵਿਤਾ ਤੇ ਚਿੱਤਰਕਾਰੀ ਬਾਰੇ ਗੱਲਾਂ ਕੀਤੀਆਂ।

ਇੱਕ ਦਿਨ ਬੱਚਿਆਂ ਨਾਲ ਪੇਂਟਿੰਗ-ਡਰਾਇੰਗ ਵਰਕਸ਼ਾਪ ਸੀ। ਬੱਚੇ ਤੇ ਮਾਪੇ ਆ ਰਹੇ ਸਨ, ਬੱਚਿਆਂ ਦੀ ਉਮਰ 3 ਸਾਲ ਤੋਂ 8 ਕੁ ਸਾਲ ਸੀ। ਮੈਂ ਮਨ ਬਣਾਇਆ ਕਿ ਸਕੈੱਚ ਬਣਾ ਕੇ ਦੇਵਾਂ ਤੇ ਬੱਚੇ ਰੰਗ ਭਰਨਗੇ, ਆਪੋ ਆਪਣੇ ਮਨਾਂ ਦੇ ਰੰਗ, ਉਨ੍ਹਾਂ ਦੇ ਚਿਹਰਿਆਂ ਵਾਂਗ ਦਗਦੇ ਚਮਕਦੇ, ਸੁਪਨਈ ਅੱਖਾਂ ’ਚੋਂ ਝਰਦੇ ਸਤਰੰਗੀ ਪੀਂਘ ਜਿਹੇ ਰੰਗ...। ਮੈਂ ਤਕਰੀਬਨ 100 ਸ਼ੀਟਾਂ ਅਤੇ ਰੰਗਾਂ ਦੇ 10-12 ਡੱਬੇ ਮੰਗਵਾਏ, ਪੈਨਸਿਲ, ਪੇਸਟਲ ਸਭ। ਪੈਨਸਿਲ ਦੀ ਥਾਂ ਮਾਰਕਰ ਨਾਲ ਪਹਿਲਾ ਸਕੈੱਚ ਬਾਬਾ ਨਾਨਕ ਦਾ ਬਣਾਇਆ। ਉਹ ਸਕੈੱਚ ਅੱਠ ਕੁ ਸਾਲ ਦੇ ਬੱਚੇ ਨੇ ਫੜਿਆ ਤੇ ਰੰਗਾਂ ਕੋਲ ਬੈਠ ਗਿਆ। ਦੂਜੀ ਸ਼ੀਟ ’ਤੇ ਮੋਰਨੀ ਬਣਾਈ ਤਾਂ ਇੱਕ ਬੱਚੀ ਨੇ ਲੈ ਲਈ। ਫਿਰ ਕੀ ਸੀ ਹਰ ਬੱਚਾ ‘ਪੀਕੌਕ’ ਦੀ ਫਰਮਾਇਸ਼ ਕਰਨ ਲੱਗਾ। ਜ਼ਿਆਦਾ ਬੱਚੇ 5 ਕੁ ਸਾਲ ਦੇ ਜਾਂ ਇਸ ਤੋਂ ਘੱਟ ਉਮਰ ਦੇ ਸਨ। ਮੈਂ 10-15 ਮੋਰ ਵੱਖ-ਵੱਖ ਰੂਪਾਂ ’ਚ ਬਣਾਏ, ਫਿਰ ਡੱਕ, ਕਾਰਟੂਨ ਤੇ ਬੱਚਿਆਂ ਦੇ ਚਿਹਰੇ ਕੁੜੀ ਮੁੰਡਾ, ਲੈਂਡ ਸਕੇਪ ਆਦਿ। ਇੱਕ ਬੱਚਾ ਕਿਤਾਬ ਲੈ ਕੇ ਆ ਗਿਆ ਕਿ ‘ਆਹ ਬਣਾਓ’। ਮਾਪੇ ਵੀ ਇਹ ਦੇਖ ਕੇ ਸਕੈੱਚ ਦੀ ਫਰਮਾਇਸ਼ ਕਰਨ ਲੱਗੇ। ਮਾਪਿਆਂ ਦਾ ਚਾਅ ਦੇਖ ਕੇ ਮੈਂ ਉਨ੍ਹਾਂ ਲਈ ਵੀ ਸਕੈੱਚ ਬਣਾਏ। ਬੱਚੇ ਰੰਗ ਭਰ ਕੇ ਦਿਖਾਉਣ ਲੱਗੇ। ਇਸ ਖ਼ੂਬਸੂਰਤ ਵਰਕਸ਼ਾਪ ’ਚ 70-80 ਦੇ ਕਰੀਬ ਸਕੈੱਚ ਖ਼ੂਬਸੂਰਤ ਰੰਗਾਂ ਨਾਲ ਸ਼ਿੰਗਾਰੇ ਗਏ। ਮਾਵਾਂ ਨੇ ਵੀ ਖਿੜਵੇਂ ਰੰਗਾਂ ਦੀ ਛਹਿਬਰ ਲਾ ਦਿੱਤੀ। ਰੰਗ-ਬਰੰਗੇ ਸਕੈੱਚਾਂ ਨਾਲ ਤਸਵੀਰਾਂ ਖਿਚਾਉਣ ਵੇਲੇ ਸਭ ਦਾ ਚਾਅ ਤੇ ਖੇੜਾ ਦੇਖਣ ਵਾਲਾ ਸੀ। ਮੇਰਾ ਮਨ ਵੀ ਖਿੜ ਗਿਆ।

ਆਪਣੇ ਸੈਸ਼ਨ ਦੌਰਾਨ ਮੇਰੀਆਂ ਦੋ ਵਿਧਾਵਾਂ ਸਨ: ਕਵਿਤਾ ਤੇ ਚਿੱਤਰਕਾਰੀ। ਇਹ ਸੈਸ਼ਨ ਮੇਰੀਆਂ ਪੇਂਟਿੰਗਜ਼ ਦਾ ਸੀ, ਇਤਿਹਾਸ ਮਿਥਿਹਾਸ ਦੇ ਬਿਰਤਾਂਤ ਸਾਡੀਆਂ ਕਲਾਵਾਂ, ਕਵਿਤਾ, ਸਾਹਿਤ, ਸੰਗੀਤ, ਨਾਟਕ, ਚਿੱਤਰਕਲਾ, ਸਿਨੇਮਾ ਵਿੱਚ ਕਿਵੇਂ ਆਉਂਦੇ ਹਨ? ਮੈਂ ਪੇਂਟਿੰਗਜ਼ ਦੇ ਹਵਾਲੇ ਨਾਲ ਇਸ ਬਾਰੇ ਦੱਸਿਆ।

ਗੁਰੂ ਨਾਨਕ ਦੀਆਂ ਉਦਾਸੀਆਂ ਦੀ ਚਿੱਤਰ ਲੜੀ ਦੇ ਨਾਲ ਨਾਲ ਉਸ ਰਵਾਇਤ ਦਾ ਜ਼ਿਕਰ ਕਰਨਾ ਜ਼ਰੂਰੀ ਸੀ, ਜੋ ਸਿੰਧ ਦੇ ਕੰਢਿਆਂ ’ਤੇ ਸੱਭਿਅਤਾਵਾਂ ਦੇ ਉਥਾਨ ਨਾਲ ਸ਼ੁਰੂ ਹੋਈ। ਕਲਾ ਆਰਕੀਟੈਕਚਰ, ਭਾਸ਼ਾ ਤੇ ਗਿਆਨ ਲੜੀ ਦੀ ਸ਼ੁਰੂਆਤ ਹੋਈ, ਜਿੱਥੇ ਰਿਗਵੇਦ, ਮਹਾਭਾਰਤ ਵਰਗੇ ਪੇਚੀਦਾ ਬਿਰਤਾਂਤਾਂ ਦੀ ਸਿਰਜਣਾ ਹੋਈ, ਪਾਣਿਨੀ, ਪੁਰਾਣਾਂ ਤੋਂ ਚੱਲਦੀ ਬਾਬਾ ਫ਼ਰੀਦ ਰਾਹੀਂ ਪੰਜਾਬੀ ਜ਼ੁਬਾਨ ਦੀ ਚਾਸ਼ਣੀ, ਗੁਰੂ ਨਾਨਕ ਦੀਆਂ ਚਹੁੰ-ਦਿਸ਼ਾਵਾਂ ਵੱਲ ਉਦਾਸੀਆਂ ਤੇ ਸਿੱਧਾਂ ਨਾਲ ਗੋਸ਼ਟਿ, ਮੱਠਾਂ-ਗੁਰੂਆਂ-ਪੀਰਾਂ-ਭਗਤਾਂ ਨਾਲ ਸੰਵਾਦ ਤੇ ਗਿਆਨ ਦੀਆਂ ਤੰਦਾਂ ਨੂੰ ਇਕੱਠਾ ਕਰ ਕਰਤਾਰਪੁਰ ਲਿਆਉਣਾ, ਰਾਵੀ ਦੇ ਕੰਢੇ ਖੇਤੀ (ਕਿਰਤ) ਤੇ ਗਿਆਨ ਪਸਾਰ... ਭਗਤਾਂ ਸ਼ਰਧਾਲੂਆਂ ਦਾ ਅਮਰਨਾਥ, ਕਾਰਤਿਕੇ, ਮਾਤਾ ਤੇ ਮੱਕੇ ਦੇ ਦਰਸ਼ਨਾਂ ਲਈ ਇੱਥੋਂ ਲੰਘਣਾ, ਬਾਬੇ ਦਾ ਉਦਾਸੀਆਂ ਦੌਰਾਨ ਇਕੱਤਰ ਕੀਤੀ ਬਾਣੀ ਉਸ ਸੰਗਤ ਨਾਲ ਸਾਂਝੀ ਕਰਨਾ, ਰਬਾਬ ਤੇ ਬਾਣੀ ਦਾ ਇਲਾਹੀ ਕੀਰਤਨ...।

ਇਹ ਸਭ ਗੱਲਾਂ ਸੁਣਦਿਆਂ ਸਰੋਤੇ ਅਨੁਵਾਦ ਸੁਣਦੇ ਜਗਿਆਸੂ ਮਨ ਦੇ ਰਾਹ ਪੈਂਦੇ ਲੱਗੇ...।

ਇਸ ਵਾਰ ਮੇਲੇ ਵਿੱਚ ਦੋਵਾਂ ਦੇਸ਼ਾਂ ਕੋਲੰਬੀਆ ਤੇ ਭਾਰਤ ਵਿਚਕਾਰ ਸੱਭਿਆਚਾਰਕ ਸਾਂਝ ਦਾ ਅਦੁੱਤੀ ਨਮੂਨਾ ਪੇਸ਼ ਹੋਇਆ। ਭਾਰਤੀ ਸ਼ਾਸਤਰੀ ਨ੍ਰਿਤ ਅਤੇ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਕਰਨ ਵਾਲੇ ਸਾਰੇ ਕਲਾਕਾਰ ਕੋਲੰਬਿਆਈ ਮੂਲ ਦੇ ਸਨ, ਜੋ ਰਿਆਜ਼ ਅਤੇ ਨ੍ਰਿਤ ’ਚ ਮੁਹਾਰਤ ਹਾਸਲ ਕਰਨ ਲਈ ਭਾਰਤ ਰਹੇ ਤੇ ਹੁਣ ਉਨ੍ਹਾਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਤਬਲਾਵਾਦਨ, ਰਾਗ ਅਲਾਪ, ਗਾਇਨ, ਸਿਤਾਰਵਾਦਨ, ਕੱਥਕ ਦਾ ਭਾਰਤੀ-ਕੋਲੰਬਿਆਈ ਸੁਮੇਲ... ਵਾਹ! ਜਦੋਂ ਇਹ ਸਾਰੇ ਸਟੇਜ ’ਤੇ ਜਲਵਾਗਰ ਹੋ ਰਹੇ ਸਨ ਤਾਂ ਸਰੋਤੇ ਝੂਮ ਝੂਮ ਜਾਂਦੇ। ਮੇਰੇ ਮਨ ਨੂੰ ਇਹ ਬਹੁਤ ਸਾਰਥਿਕ ਤੇ ਸਾਂਝੀਵਾਲਤਾ ਦੇ ਫੈਲਾਓ ਦਾ ਪ੍ਰਤੀਕ ਜਾਪਿਆ। ਗੋਲਡ ਮਿਊਜ਼ੀਅਮ ਬਗੋਤਾ, ਜਿੱਥੇ ਮੈਂ ਹੋਟਲ ਤੋਂ 25 ਕੁ ਮਿੰਟਾਂ ’ਚ ਕੈਬ ਰਾਹੀਂ ਪਹੁੰਚਿਆ, ਵਿੱਚ 70 ਫ਼ੀਸਦੀ ਮੂਰਤੀਆਂ, ਪੰਛੀ, ਚਿਹਰੇ, ਮਾਸਕ ਆਦਿ ਸੋਨੇ ਦੇ ਬਣੇ ਹਨ। ਸੋਨੇ ਦਾ ਅਜਾਇਬਘਰ ਬੋਗੋਤਾ, ਕੋਲੰਬੀਆ ਵਿੱਚ ਸਥਿਤ ਇੱਕ ਪੁਰਾਤੱਤਵ ਅਜਾਇਬਘਰ ਹੈ। ਹਰ ਸਾਲ ਲਗਭਗ 500,000 ਸੈਲਾਨੀ ਇਹ ਅਜਾਇਬਘਰ ਦੇਖਣ ਆਉਂਦੇ ਹਨ। ਇਸ ਵਿੱਚ ਸੋਨੇ ਅਤੇ ਹੋਰ ਧਾਤਾਂ ਦੇ ਮਿਸ਼ਰਣ ਟੁੰਬਾਗਾ ਤੋਂ ਬਣੀਆਂ ਕਲਾ-ਕ੍ਰਿਤਾਂ ਪ੍ਰਦਰਸ਼ਿਤ ਹਨ ਅਤੇ ਦੂਜੀ ਤੇ ਤੀਜੀ ਮੰਜ਼ਿਲ ’ਤੇ ਇਸ ਦੇ ਕਮਰਿਆਂ ਵਿੱਚ ਸੋਨੇ ਦੀਆਂ ਕਲਾਕ੍ਰਿਤਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਸੰਗ੍ਰਹਿ ਹੈ।

ਪ੍ਰੋਗਰਾਮਾਂ ਤੋਂ ਵਿਹਲੇ ਹੋ ਕੇ ਕੈਮਰਾ ਚੁੱਕ ਦੂਸਰੇ ਪੰਡਾਲਾਂ ਦੀ ਗੇੜੀ ਮਾਰਨੀ ਮੇਰੀ ਨਿੱਤ ਦੀ ਰੁਟੀਨ ਬਣ ਗਈ ਸੀ। ਦੁਨੀਆ ਭਰ ਦੇ ਸੈਂਕੜੇ ਪ੍ਰਕਾਸ਼ਕ ਆਪਣੀਆਂ ਬੇਸ਼ਕੀਮਤੀ ਭਾਸ਼ਾਵਾਂ ਦੀਆਂ ਅਮੁੱਲ ਕਿਤਾਬਾਂ ਦਾ ਮੇਲਾ ਸਜਾਈ ਬੈਠੇ ਸਨ। ਮੇਲੇ ’ਚ ਬੇਸ਼ੁਮਾਰ ਲੋਕ ਕਿਤਾਬਾਂ ਦੇਖਦੇ, ਫਰੋਲਦੇ, ਖਰੀਦ ਰਹੇ ਸਨ। ਪੈਂਗੁਇਨ ਦਾ ਉੱਥੇ ਬਹੁਤ ਵਿਸ਼ਾਲ ਪੰਡਾਲ ਸੀ। ਇਸ ਪੁਸਤਕ ਮੇਲੇ ’ਚ ਵੱਖ-ਵੱਖ ਵਿਸ਼ਿਆਂ ਸਾਇੰਸ, ਸਪੇਸ, ਭੂਗੋਲ, ਆਰਟੀਫੀਸ਼ੀਅਲ ਇੰਟੈਲੀਜੈਂਸ, ਐਜੂਕੇਸ਼ਨ ਤੇ ਕਰੀਅਰ ਸਬੰਧੀ ਕਿਤਾਬਾਂ ਦਾ ਭੰਡਾਰ ਤੇ ਬੇਸ਼ੁਮਾਰ ਪੁਸਤਕ ਪ੍ਰੇਮੀ। ਲੋਕਾਂ ਦੇ ਖਾਣ-ਪੀਣ ਦਾ ਵੀ ਪੁਖ਼ਤਾ ਇੰਤਜ਼ਾਮ, ਥਾਂ ਥਾਂ ਸਟਾਲ, ਰੈਸਤਰਾਂ, ਬੱਚੇ ਆਈਸਕਰੀਮ ਖਾਂਦੇ ਮੇਲੇ ਦਾ ਆਨੰਦ ਮਾਣ ਰਹੇ ਸਨ। ਬੱਚਿਆਂ ਲਈ ਕਿਤਾਬਾਂ ਦੇ ਸਰਵਰਕ ਦੇਖ ਕੇ ਰੂਹ ਖ਼ੁਸ਼ ਹੁੰਦੀ ਸੀ। ਬੱਚਿਆਂ ਦਾ ਸਾਹਿਤ ਹਰ ਭਾਸ਼ਾ ਦੇ ਪੰਡਾਲ ’ਚ ਵੱਡੀ ਥਾਂ ਮੱਲੀ ਬੈਠਾ ਸੀ। ਬਾਲ ਕਿਤਾਬਾਂ ਦੀ ਡਿਜ਼ਾਈਨਿੰਗ ’ਤੇ ਬਹੁਤ ਰੂਹ ਨਾਲ ਕੰਮ ਹੋਇਆ ਸੀ, ਜਿਸ ਨੂੰ ਦੇਖ ਕੇ ਆਪਣੀ ਭਾਸ਼ਾ ’ਚ ਇਹ ਕਮੀ ਬਹੁਤ ਰੜਕੀ।

ਫਰੈਂਚ ਪੰਡਾਲ ’ਚ ਪੋਰਟਰੇਟ ਬਣਾਉਂਦੇ ਆਰਟਿਸਟ ਇੱਕ ਕਤਾਰ ’ਚ ਬੈਠੇ ਸਨ, ਜੋ ਸਾਹਮਣੇ ਬੈਠੇ ਬੱਚਿਆਂ ਤੇ ਜਵਾਨਾਂ ਦੇ ਚਿੱਤਰ ਤੇ ਕਾਰਟੂਨਨੁਮਾ ਆਕਾਰ ਬਣਾ ਰਹੇ ਸਨ। ਮੈਂ ਸਭ ਨੂੰ ਨੀਝ ਲਾ ਕੇ ਦੇਖਦਾ ਰਿਹਾ, ਉਨ੍ਹਾਂ ਦੇ ਕੰਮ ਦਾ ਅੰਦਾਜ਼ ਦੇਖਦਾ ਉਨ੍ਹਾਂ ਵਿਚਕਾਰ ਘੁੰਮ ਰਿਹਾ ਸੀ ਤਾਂ ਇੱਕ ਮਹਿਲਾ ਕਲਾਕਾਰ ਨੇ ਮੈਨੂੰ ਵੀ ਬੈਠਣ ਤੇ ਸਕੈੱਚ ਬਣਾਉਣ ਲਈ ਕਿਹਾ। ਮੈਂ ਇਸ਼ਾਰੇ ਨਾਲ ਕਿਹਾ ਕਿ ਅਜੇ ਮੈਂ ਘੁੰਮਣਾ ਹੈ, ਕੱਲ੍ਹ ਜ਼ਰੂਰ ਆਵਾਂਗਾ ਤੇ ਬੈਠਾਂਗਾ। ਏਨੇ ਨੂੰ ਇੱਕ ਅੰਗਰੇਜ਼ੀ/ਫਰੈਂਚ ਬੋਲਣ ਵਾਲਾ ਦੁਭਾਸ਼ੀਆ ਕੋਲ ਆਇਆ ਤੇ ਮੇਰੇ ਬਾਰੇ ਪੁੱਛਣ ਲੱਗਾ। ਮੈਂ ਦੱਸਿਆ ਕਿ ਮੈਂ ਕਵੀ ਹਾਂ ਤੇ ਆਰਟਿਸਟ ਵੀ ਤਾਂ ਉਸ ਨੇ ਸਾਰੇ ਆਰਟਿਸਟਾਂ ਨੂੰ ਦੱਸਿਆ ਕਿ ਮੈਂ ਇੰਡੀਆ ਤੋਂ ਕਵੀ ਤੇ ਆਰਟਿਸਟ ਹਾਂ। ਸਭ ਮੇਰੇ ਨਾਲ ਗੱਲਾਂ ਕਰਨ ਲੱਗੇ ਤੇ ਪੁੱਛਣ ਲੱਗੇ ਕਿ ਮੈਂ ਕਿਸ ਤਰ੍ਹਾਂ ਦੀ ਪੇਂਟਿੰਗ ਕਰਦਾ ਹਾਂ। ਮੈਂ ਆਪਣੇ ਬੈਗ ਵਿੱਚੋਂ ਆਪਣੀਆ ਪੇਂਟਿੰਗਜ਼ ਅਤੇ ਫੋਟੋਗ੍ਰਾਫ ਦੇ ਪੋਸਟ ਕਾਰਡ, ਜੋ ਮੈਂ ਵਿਸ਼ੇਸ਼ ਤੌਰ ’ਤੇ ਬਣਾ ਕੇ ਲਿਆਇਆ ਸਾਂ, ਕੱਢੇ ਤੇ ਸਭ ਨੂੰ ਇੱਕ ਇੱਕ ਕਾਰਡ ਦੇ ਦਿੱਤਾ। ਦੋ ਕਲਾਕਾਰਾਂ ਨੇ ਆਪਣੀਆਂ ਪੇਂਟਿੰਗਜ਼ ਦੀਆਂ ਕਾਪੀਆਂ ਮੈਨੂੰ ਭੇਟ ਕੀਤੀਆਂ। ਸਭ ਨੇ ਮੇਰੇ ਪੋਸਟ ਕਾਰਡ ਹੱਥਾਂ ’ਚ ਫੜ ਕੇ ਦਿਖਾਉਂਦਿਆਂ ਤਸਵੀਰਾਂ ਖਿਚਵਾਈਆਂ। ਅਗਲੇ ਦਿਨ ਦਾ ਵਾਅਦਾ ਕਰਕੇ ਮੈਂ ਹੋਰ ਪੰਡਾਲ ਦੇਖਣ ਲਈ ਤੁਰ ਪਿਆ।

ਹਰ ਵੱਡੇ ਪੰਡਾਲ ਨਾਲ ਸਟੇਜ ’ਤੇ ਸ਼ਾਮ ਨੂੰ ਬੈਲੇ, ਨਾਟ ਜਾਂ ਕੋਈ ਸੰਗੀਤਕ ਪੇਸ਼ਕਾਰੀ ਹੁੰਦੀ। ਇੱਕ ਥਾਂ ਇਰਾਨੀ ਡਾਂਸ ਹੋ ਰਿਹਾ ਸੀ, ਪਰ ਪਿੱਛੇ ਸਕਰੀਨ ’ਤੇ ਉੱਜੜੇ ਸ਼ਹਿਰਾਂ ਦੀਆਂ ਤਸਵੀਰਾਂ ਦਿਸਦੀਆਂ ਤੇ ਨਾਚ ਵਿੱਚ ਉਜਾੜੇ ਦਾ ਰੁਦਨ ਸਾਫ਼ ਝਲਕ ਰਿਹਾ ਸੀ...।

ਅਸੀਂ ਕਲਾਕਾਰ, ਕਵੀ ਕਿਸੇ ਵੀ ਦੇਸ਼ ਜਾਂ ਭਾਸ਼ਾ ਦੇ ਕਿਉਂ ਨਾ ਹੋਈਏ, ਪਰ ਸੰਵੇਦਨਾ ਸਾਡੀ ਸਾਂਝੀ ਹੀ ਹੁੰਦੀ ਹੈ। ਅਸੀਂ ਸਾਰੀ ਦੁਨੀਆ ਦੇ ਸਾਂਝੇ ਲੋਕ ਹਾਂ, ਕਲਾ-ਸੰਵੇਦਨਾ ਨੂੰ ਪ੍ਰਣਾਏ ਹੋਏ। ਦੁੱਖਾਂ-ਖ਼ੁਸ਼ੀਆਂ, ਸਮਾਜ ਨੂੰ ਦਰਪੇਸ਼ ਕਸ਼ਟਾਂ ਨੂੰ ਗੀਤਾਂ ਦੀ ਜ਼ੁਬਾਨ ਦਿੰਦੇ, ਹਾਅ ਦਾ ਨਾਅਰਾ ਮਾਰਦੇ, ਅੱਲੇ ਜ਼ਖ਼ਮਾਂ ’ਤੇ ਸੰਵੇਦਨਾ ਦੀ ਮੱਲ੍ਹਮ ਲਾਉਂਦੇ; ਧਰਤੀ, ਮਨੁੱਖਾਂ, ਪੰਛੀਆਂ, ਜਾਨਵਰਾਂ, ਨਦੀਆਂ-ਪਹਾੜਾਂ, ਮਿਜ਼ਾਈਲਾਂ ਦੇ ਫੁੰਡੇ ਬੇਦੋਸ਼ੇ ਲੋਕਾਂ, ਘਰਾਂ ਤੇ ਦੇਹਾਂ ਦੇ ਥੇਹਾਂ ਤੇ ਕਸ਼ਟਾਂ ਦੇ ਗੀਤ ਗਾਉਂਦੇ, ਦੁੱਖਾਂ ਦੇ ਜ਼ਖ਼ਮਾਂ ’ਤੇ ਉਦਾਸ ਰੰਗ ਭਰਦੇ ਅਸੀਂ ਸੰਸਾਰ ਦੇ ਸਾਂਝੇ ਕਵੀ, ਕਲਾਕਾਰ, ਗਵੱਈਏ, ਰੰਗਕਰਮੀ, ਲੇਖਕ, ਚਿੰਤਕ, ਦਾਨਿਸ਼ਵਰ...। ਅਸੀਂ ਦੇਸ਼ਾਂ, ਭਾਸ਼ਾਵਾਂ ਤੇ ਖਿੱਤਿਆਂ ਤੋਂ ਪਾਰ ਇਸ ਧਰਤੀ ਦੇ ਸੰਵੇਦਨਾ ਭਰਪੂੁਰ ਵਾਰਿਸ...।

ਸੰਪਰਕ: 98766-68999

Advertisement
×