DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮਾਜਿਕ ਬਰਾਬਰੀ ਲਈ ਬਾਬੂ ਕਾਂਸ਼ੀ ਰਾਮ ਦੀ ਜੰਗ

ਭਾਰਤ ਸਮੇਤ ਕਈ ਮੁਲਕਾਂ ਵਿੱਚ ਨਸਲ, ਰੰਗ, ਧਰਮ, ਜਾਤ ਆਦਿ ਦੇ ਆਧਾਰ ’ਤੇ ਭੇਦਭਾਵ ਹੁੰਦਾ ਰਿਹਾ ਹੈ, ਜਿਸ ਦਾ ਸ਼ਿਕਾਰ ਵਰਣ ਵਿਵਸਥਾ ਵਿੱਚ ਹਾਸ਼ੀਏ ’ਤੇ ਧੱਕੇ ਅਤੇ ਸ਼ੋਸ਼ਿਤ ਸਮਾਜ ਨੂੰ ਹੋਣਾ ਪਿਆ। ਬੇਸ਼ੱਕ ਭਾਰਤ ਕਈ ਸਦੀਆਂ ਵਿਦੇਸ਼ੀਆਂ ਦਾ ਗ਼ੁਲਾਮ ਰਿਹਾ,...

  • fb
  • twitter
  • whatsapp
  • whatsapp
Advertisement

ਭਾਰਤ ਸਮੇਤ ਕਈ ਮੁਲਕਾਂ ਵਿੱਚ ਨਸਲ, ਰੰਗ, ਧਰਮ, ਜਾਤ ਆਦਿ ਦੇ ਆਧਾਰ ’ਤੇ ਭੇਦਭਾਵ ਹੁੰਦਾ ਰਿਹਾ ਹੈ, ਜਿਸ ਦਾ ਸ਼ਿਕਾਰ ਵਰਣ ਵਿਵਸਥਾ ਵਿੱਚ ਹਾਸ਼ੀਏ ’ਤੇ ਧੱਕੇ ਅਤੇ ਸ਼ੋਸ਼ਿਤ ਸਮਾਜ ਨੂੰ ਹੋਣਾ ਪਿਆ। ਬੇਸ਼ੱਕ ਭਾਰਤ ਕਈ ਸਦੀਆਂ ਵਿਦੇਸ਼ੀਆਂ ਦਾ ਗ਼ੁਲਾਮ ਰਿਹਾ, ਪਰ ਦੇਸ਼ ਵਿੱਚ ਰਹਿਣ ਵਾਲੇ ਇੱਕ ਵਿਸ਼ੇਸ਼ ਵਰਣ ਦੇ ਲੋਕ ਵੀ ਆਪਣੇ ਹੀ ਦੇਸ਼ ਦੇ ਲੋਕਾਂ ਦੇ ਗ਼ੁਲਾਮ ਰਹੇ ਹਨ। ਇਸ ਵਰਣ ਵਿਵਸਥਾ ਅਤੇ ਜਾਤ ਆਧਾਰਿਤ ਵਿਤਕਰੇ ਖ਼ਿਲਾਫ਼ ਸਮੇਂ-ਸਮੇਂ ’ਤੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਰਹਿਬਰਾਂ ਨੇ ਆਵਾਜ਼ ਉਠਾਈ ਅਤੇ ਇਸ ਸਮਾਜਿਕ ਢਾਂਚੇ ਨੂੰ ਬਦਲਣ ਲਈ ਮੁਹਿੰਮ ਚਲਾਈ। ਇਨ੍ਹਾਂ ਰਹਿਬਰਾਂ ਵਿੱਚ ਦਲਿਤ ਆਗੂ ਅਤੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਮਾਨਿਆਵਰ ਕਾਂਸ਼ੀ ਰਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਡਕਰ ਤੋਂ ਬਾਅਦ ਭਾਰਤ ਦੇ 85 ਫ਼ੀਸਦੀ ਬਹੁਜਨ ਸਮਾਜ ਦੇ ਲੋਕਾਂ ਨੂੰ ਜਾਤੀ ਭੇਦਭਾਵ ਅਤੇ ਗ਼ਰੀਬੀ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸੰਘਰਸ਼ ਕਰਨ ਵਾਲੇ ਕਾਂਸ਼ੀ ਰਾਮ ਆਪਣੀ ਹਿੰਮਤ ਅਤੇ ਦਲੇਰੀ ਲਈ ਵੀ ਪੂਰੇ ਦੇਸ਼ ਵਿੱਚ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਗ਼ਰੀਬ ਵਰਗ ਦੇ ਲੋਕਾਂ ਨੂੰ ਆਪਣੇ ਹੱਕਾਂ ਅਤੇ ਰਾਜਨੀਤਕ ਸੱਤਾ ਲਈ ਜਾਗਰੂਕ ਕਰਨ ਕਰ ਕੇ ‘ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ’ ਵਜੋਂ ਵੀ ਜਾਣਿਆ ਜਾਂਦਾ ਹੈ। ਕਾਂਸ਼ੀ ਰਾਮ ਦਾ ਮੰਨਣਾ ਸੀ ਕਿ ਸਦੀਆਂ ਤੋਂ ਗ਼ੁਲਾਮ ਬਣਾਏ ਗਏ ਸ਼ੋਸ਼ਿਤ ਸਮਾਜ ਦਾ ਕਲਿਆਣ ਰਾਜਨੀਤੀ ਤੋਂ ਬਗ਼ੈਰ ਨਹੀਂ ਹੋ ਸਕਦਾ। ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਤੱਕ ਸ਼ੋਸ਼ਿਤ ਵਰਗ ਰਾਜਨੀਤਕ ਤੌਰ ’ਤੇ ਮਜ਼ਬੂਤ ਨਹੀਂ ਹੋਵੇਗਾ, ਉਹ ਸਮਾਜਿਕ ਬਰਾਬਰੀ ਦਾ ਹੱਕ ਹਾਸਲ ਨਹੀਂ ਕਰ ਸਕਦਾ। ਉਹ ਕਹਿੰਦੇ ਸਨ ਕਿ ਸ਼ੋਸ਼ਿਤ ਵਰਗ ਨੂੰ ਪੈਦਾ ਕਰਨ ਵਾਲੀ ਵਰਣ ਵਿਵਸਥਾ ਉਦੋਂ ਖ਼ਤਮ ਹੋ ਸਕਦੀ ਹੈ ਜਦੋਂ ਸ਼ੋਸ਼ਿਤ ਵਰਗ ਖ਼ੁਦ ਹੁਕਮਰਾਨ ਹੋਵੇਗਾ। ਸ਼ੋਸ਼ਿਤ ਵਰਗ ਨੂੰ ਖ਼ੁਦ ਹੁਕਮਰਾਨ ਬਣਾਉਣ ਲਈ ਸੰਘਰਸ਼ ਕਰਨ ਵਾਲੇ ਦਲਿਤ ਆਗੂ ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਨੂੰ ਉਨ੍ਹਾਂ ਦੇ ਨਾਨਕੇ ਘਰ ਪਿੰਡ ਪ੍ਰਿਥੀਪੁਰ (ਰੂਪਨਗਰ) ਵਿੱਚ ਹੋਇਆ। ਕਾਂਸ਼ੀ ਰਾਮ ਆਪਣੇ ਮਾਪਿਆਂ (ਮਾਤਾ ਬਿਸ਼ਨ ਕੌਰ ਅਤੇ ਪਿਤਾ ਹਰੀ ਸਿੰਘ) ਦੇ ਸੱਤ ਬੱਚਿਆਂ ਵਿੱਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦਾ ਆਪਣਾ ਪਿੰਡ ਖੁਆਸਪੁਰ (ਰੋਪੜ) ਸੀ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਪਿੰਡ ਮਲਿਕਪੁਰ ਦੇ ਸਰਕਾਰੀ ਸਕੂਲ ਅਤੇ ਇਸਲਾਮਿਕ ਸਕੂਲ ਰੋਪੜ ਤੋਂ ਕਰਨ ਉਪਰੰਤ ਸਰਕਾਰੀ ਕਾਲਜ ਰੋਪੜ ਤੋਂ 1956 ਵਿੱਚ ਵਿਗਿਆਨ ਵਿਸ਼ੇ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਦੌਰਾਨ ਉਨ੍ਹਾਂ ਦੀ ਮੰਗਣੀ ਕਾਂਗਰਸੀ ਵਿਧਾਇਕ ਦੀ ਧੀ ਨਾਲ ਹੋ ਚੁੱਕੀ ਸੀ, ਪਰ ਉਨ੍ਹਾਂ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ।

ਬੀ ਐੱਸ ਸੀ ਕਰਨ ਮਗਰੋਂ ਉਹ ਸਰਕਾਰੀ ਨੌਕਰੀ ਕਰਨ ਲਈ ਪਹਿਲਾਂ ਦੇਹਰਾਦੂਨ, ਉੱਤਰਾਖੰਡ ਅਤੇ ਫਿਰ ਪੁਣੇ, ਮਹਾਰਾਸ਼ਟਰ ਵਿੱਚ ਗਏ, ਜਿੱਥੇ ਬਤੌਰ ਵਿਗਿਆਨੀ ਕੰਮ ਕਰਨ ਲੱਗੇ। ਇੱਥੇ ਹੀ 1964 ’ਚ ਬਾਬਾ ਸਾਹਿਬ ਅੰਬੇਡਕਰ ਅਤੇ ਮਹਾਤਮਾ ਬੁੱਧ ਦੀਆਂ ਛੁੱਟੀਆਂ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਲੈ ਕੇ ਮੈਨੇਜਮੈਂਟ ਨਾਲ ਵਿਵਾਦ ਹੋ ਗਿਆ। ਦਲਿਤ ਆਗੂ ਦੀਨਾ ਭਾਨਾ ਨਾਮ ਦੇ ਰਾਜਸਥਾਨੀ ਮੁਲਾਜ਼ਮ ਨੇ ਇਸ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਜਾਤੀ ਵਿਤਕਰੇ ਦੀ ਇਸ ਘਟਨਾ ਨੇ ਕਾਂਸ਼ੀ ਰਾਮ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਹ ਦੀਨਾ ਭਾਨਾ ਦੇ ਹੱਕ ਵਿੱਚ ਅਦਾਲਤ ਗਏ। ਮੁਕੱਦਮਾ ਜਿੱਤ ਕੇ ਦੋਵੇਂ ਛੁੱਟੀਆਂ ਬਹਾਲ ਕਰਵਾਈਆਂ ਅਤੇ ਦੀਨਾ ਭਾਨਾ ਨੂੰ ਵਾਪਸ ਨੌਕਰੀ ’ਤੇ ਤਾਇਨਾਤ ਕਰਵਾਇਆ। ਮਹਾਰਾਸ਼ਟਰ ਦੇ ਡੀ ਕੇ ਖਾਪਰੜੇ ਜੋ ਉਨ੍ਹਾਂ ਨਾਲ ਕੰਮ ਕਰਦੇ ਸਨ, ਨੇ ਕਾਂਸੀ ਰਾਮ ਨੂੰ ਬਾਬਾ ਸਾਹਿਬ ਦੀ ਕਿਤਾਬ ‘ਜਾਤ-ਪਾਤ ਦਾ ਖ਼ਾਤਮਾ’ ਪੜ੍ਹਨ ਨੂੰ ਦਿੱਤੀ ਅਤੇ ਉਸ ਤੋਂ ਬਾਅਦ ਕਾਂਸ਼ੀ ਰਾਮ ਦੇ ਜੀਵਨ ਦੀ ਪੂਰੀ ਦਿਸ਼ਾ ਹੀ ਬਦਲ ਗਈ। ਜਾਤ-ਪਾਤ ਦੀ ਬਿਮਾਰੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਅਤੇ ਉਨ੍ਹਾਂ ਆਪਣਾ ਪੂਰਾ ਜੀਵਨ ਦੇਸ਼ ਵਿੱਚ ਇਸ ਗ਼ੈਰ-ਬਰਾਬਰੀ ਵਾਲੇ ਸਮਾਜ ਨੂੰ ਬਦਲ ਕੇ ਮਾਨਵਤਾਵਾਦੀ ਬਣਾਉਣ ਦੇ ਲੇਖੇ ਲਾਉਣ ਦਾ ਫ਼ੈਸਲਾ ਕੀਤਾ। ਆਪਣੇ ਪਰਿਵਾਰ ਨੂੰ ਇੱਕ ਚਿੱਠੀ ਲਿਖ ਕੇ ਸਾਰਾ ਜੀਵਨ ਆਪਣਾ ਘਰ ਨਾ ਵਸਾਉਣ ਅਤੇ ਕੋਈ ਜ਼ਮੀਨ, ਬੈਂਕ ਬੱਚਤ ਨਾ ਬਣਾਉਣ ਦੇ ਫ਼ੈਸਲੇ ਤੋਂ ਜਾਣੂ ਕਰਵਾਇਆ। ਮਹਾਰਾਸ਼ਟਰ ਅਤੇ ਦੇਸ਼ ਵਿੱਚ ਬਾਬਾ ਸਾਹਿਬ ਦੇ ਅੰਦੋਲਨ ਨੂੰ ਰਿਪਬਲਿਕਨ ਪਾਰਟੀ ਆਫ ਇੰਡੀਆ ਚਲਾ ਰਹੀ ਸੀ। ਕਾਂਸ਼ੀ ਨੇ ਉਨ੍ਹਾਂ ਨਾਲ ਕੰਮ ਸ਼ੁਰੂ ਕੀਤਾ, ਪਰ ਪਹਿਲੇ ਕੁਝ ਸਾਲਾਂ ਵਿੱਚ ਹੀ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਸ ਦੇ ਆਗੂ ਸਮਾਜ ਦੇ ਭਲੇ ਲਈ ਨਹੀਂ ਬਲਕਿ ਆਪਣੇ ਨਿੱਜੀ ਸਵਾਰਥਾਂ ਵਿੱਚ ਲੱਗੇ ਹੋਏ ਹਨ। ਚੋਣਾਂ ਵਿੱਚ ਵਾਰ-ਵਾਰ ਹੋ ਰਹੀਆਂ ਹਾਰਾਂ ਤੋਂ ਲੋਕ ਇਨ੍ਹਾਂ ਦਾ ਸਾਥ ਛੱਡ ਚੁੱਕੇ ਸਨ ਅਤੇ ਇਨ੍ਹਾਂ ਆਗੂਆਂ ਵਿੱਚ ਮਹਾਤਮਾ ਫੂਲੇ, ਛਤਰਪਤੀ ਸ਼ਾਹ ਜੀ ਮਹਾਰਾਜ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਨ ਦੀ ਕੋਈ ਚਾਹਤ ਨਹੀਂ ਬਚੀ ਸੀ। ਇਸ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਕਿਸੇ ਹੋਰ ਜਗ੍ਹਾ ਤੋਂ ਬਾਬਾ ਸਾਹਿਬ ਦੀ ਇਸ ਲਹਿਰ ਨੂੰ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਅਤੇ 1970ਵਿਆਂ ਵਿੱਚ ਕਾਂਸ਼ੀ ਰਾਮ ਨੇ ਪੰਜਾਬ ਦਾ ਰੁਖ਼ ਕੀਤਾ। ਜਾਤ ਅਤੇ ਧਰਮ ਭੇਦਭਾਵ ਦਾ ਸ਼ਿਕਾਰ ਦੇਸ਼ ਦੀਆਂ ਧਾਰਮਿਕ ਘੱਟਗਿਣਤੀਆਂ, ਪੱਛੜੀਆਂ ਜਾਤਾਂ, ਸਰਕਾਰੀ ਕਰਮਚਾਰੀਆਂ ਨੂੰ ਇਕਜੁੱਟ ਕਰਨ ਲਈ ਬਾਮਸੇਫ ਨਾਮ ਦੇ ਸੰਗਠਨ ਦੀ ਨੀਂਹ 6 ਦਸੰਬਰ 1978 ਨੂੰ ਰੱਖੀ। ਜਦੋਂ ਇਸ ਵਿੱਚ ਉਨ੍ਹਾਂ ਨੂੰ ਕਾਫੀ ਸਫ਼ਲਤਾ ਮਿਲੀ ਤਾਂ ਉਨ੍ਹਾਂ ਦੂਜਾ ਵਿਚਾਰ ਬਣਾਇਆ ਕਿ ‘ਸੱਤਾ ਸੰਘਰਸ਼ ਵਿੱਚੋਂ ਨਿਕਲਦੀ ਹੈ।’ ਜੇਕਰ ਅਸੀਂ ਹੁਕਮਰਾਨ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਸੰਘਰਸ਼ ਲਈ ਮੈਦਾਨ ਵਿੱਚ ਉੱਤਰਨਾ ਪਵੇਗਾ। ਇਸ ਵਾਸਤੇ ਉਨ੍ਹਾਂ 6 ਦਸੰਬਰ 1981 ਨੂੰ ਡੀ ਐੱਸ ਫੋਰ (ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ) ਦਾ ਗਠਨ ਕੀਤਾ। ਅਨੁਸੂਚਿਤ ਅਤੇ ਪੱਛੜੀਆਂ ਜਾਤਾਂ ਆਰਥਿਕ ਤੌਰ ’ਤੇ ਕਮਜ਼ੋਰ ਸਨ, ਇਸ ਕਰ ਕੇ ਕਾਂਸ਼ੀ ਰਾਮ ਨੇ ਸਾਈਕਲ ’ਤੇ ਪ੍ਰਚਾਰ ਕਰਨ ਦਾ ਪ੍ਰੋਗਰਾਮ ਬਣਾਇਆ। ਬਾਬੂ ਮੰਗੂ ਰਾਮ ਮੰਗੋਵਾਲੀਆ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਜਾਣ ਤੋਂ ਬਾਅਦ ਕੋਈ ਯੋਗ ਅਗਵਾਈ ਨਾ ਮਿਲਣ ਕਰ ਕੇ ਨਿਰਾਸ਼ ਹੋ ਚੁੱਕਿਆ ਪੰਜਾਬ ਦਾ ਦਲਿਤ ਭਾਈਚਾਰਾ, ਕਾਂਸ਼ੀ ਰਾਮ ਦੇ ਦੱਬੇ ਕੁਚਲੇ ਅਤੇ ਸ਼ੋਸ਼ਿਤ ਸਮਾਜ ਪ੍ਰਤੀ ਦਰਦ ਅਤੇ ਇਸ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਦੇ ਜਜ਼ਬੇ ਨੂੰ ਦੇਖ, ਮੁੜ ਜੋਸ਼ ਨਾਲ ਮੈਦਾਨ ਵਿੱਚ ਆ ਗਿਆ। ਹਜ਼ਾਰਾਂ ਲੋਕ ਸਾਈਕਲਾਂ ’ਤੇ ਕਾਂਸ਼ੀ ਰਾਮ ਨਾਲ ਦੇਸ਼ ਅੰਦਰੋਂ ਜਾਤ-ਪਾਤ ਦੇ ਕੋਹੜ ਨੂੰ ਖ਼ਤਮ ਕਰਨ ਲਈ ਤੁਰ ਪਏ। ਸੰਨ 1978 ਵਿੱਚ ਬਾਮਸੇਫ ਅਤੇ 1981 ਵਿੱਚ ਡੀ ਐੱਸ ਫੋਰ ਬਣਾਉਣ ਦੇ ਇਸ ਛੋਟੇ ਜਿਹੇ ਸਮੇਂ ਵਿੱਚ ਹੀ ਕਾਂਸ਼ੀ ਰਾਮ ਦੀ ਚਲਾਈ ਇਸ ਨਵੀਂ ਲਹਿਰ ਨੇ ਪੂਰੇ ਪੰਜਾਬ ਅਤੇ ਉੱਤਰੀ ਭਾਰਤ ਦਾ ਮਾਹੌਲ ਬਦਲ ਕੇ ਰੱਖ ਦਿੱਤਾ। ਪੰਜਾਬ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਸਾਈਕਲਾਂ ਦੇ ਝੁੰਡ ਹਰ ਪਾਸੇ ਜਾਤ-ਪਾਤ ਦੇ ਖ਼ਿਲਾਫ਼ ਨਾਅਰੇ ਲਾਉਂਦੇ ਹੋਏ ਨਜ਼ਰ ਆਉਣ ਲੱਗੇ। ਬਾਬਾ ਸਾਹਿਬ ਦਾ ਨੀਲਾ ਝੰਡਾ ਜੋ ਸਾਰਿਆਂ ਦੇ ਦਿਲ ਅਤੇ ਦਿਮਾਗ਼ ਤੋਂ ਗਾਇਬ ਹੋ ਗਿਆ ਸੀ, ਫਿਰ ਤੋਂ ਹਰ ਪਾਸੇ ਛਾ ਗਿਆ। ਜਾਤ-ਪਾਤ ਖ਼ਿਲਾਫ਼ ਪਹਿਲਾਂ ਵੀ ਕਈ ਵਾਰ ਜੰਗ ਲੜ ਚੁੱਕਿਆ ਪੰਜਾਬ ਫਿਰ ਮੋਹਰੀ ਬਣ ਕੇ ਉਭਰਿਆ। ਹਜ਼ਾਰਾਂ ਛੋਟੀਆਂ-ਵੱਢੀਆਂ ਸਭਾਵਾਂ, ਨੁੱਕੜ ਨਾਟਕਾਂ, ਸਾਈਕਲ ਯਾਤਰਾਵਾਂ ਰਾਹੀਂ ਹੁਣ ਤੱਕ ਸਮਾਜ ਦੇ ਹਾਸ਼ੀਏ ’ਤੇ ਖੜ੍ਹਾ ਐੱਸ ਸੀ ਵਰਗ, ਕਾਂਸ਼ੀ ਰਾਮ ਦੀ ਅਗਵਾਈ ਹੇਠ ਇਸ ਸਮਾਜਿਕ ਲਹਿਰ ਦਾ ਧੁਰਾ ਬਣ ਗਿਆ। ਉਨ੍ਹਾਂ ਦੇ ਜੋਸ਼ੀਲੇ ਨਾਅਰੇ ਪੂਰੇ ਪੰਜਾਬ ਅਤੇ ਭਾਰਤ ਵਿੱਚ ਗੂੰਜ ਉੱਠੇ ਅਤੇ ਹਾਕਮਾਂ ਦੇ ਤਖ਼ਤ ਡੋਲਣ ਲੱਗ ਪਏ। ਇਸ ਤੋਂ ਉਤਸ਼ਾਹਿਤ ਹੋ ਕੇ ਕਾਂਸ਼ੀ ਰਾਮ ਨੇ ਅਗਲਾ ਵੱਡਾ ਕਦਮ ਚੁੱਕਿਆ ਅਤੇ 14 ਅਪਰੈਲ 1984 ਨੂੰ ਰਾਜਨੀਤੀ ਵਿੱਚ ਦਖ਼ਲ ਦੇਣ ਲਈ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ। ਇਸ ਪਿੱਛੇ ਉਨ੍ਹਾਂ ਦੀ ਸੋਚ ਸੀ ਕਿ ਜੇਕਰ ਤੁਸੀਂ ਕਿਸੇ ਵਿਵਸਥਾ ਦਾ ਵਿਰੋਧ ਕਰਦੇ ਹੋ ਤਾਂ ਤੁਹਾਨੂੰ ਉਸ ਨੂੰ ਬਦਲ ਕੇ ਇੱਕ ਸਹੀ ਵਿਵਸਥਾ ਦੇਣ ਦਾ ਵੀ ਬੰਦੋਬਸਤ ਕਰਨਾ ਪਵੇਗਾ। ਇਸ ਲਈ ਰਾਜਨੀਤੀ ਵਿੱਚ ਕਦਮ ਰੱਖਣਾ ਜ਼ਰੂਰੀ ਹੈ।

Advertisement

ਠੀਕ ਅਗਲੇ ਸਾਲ 1985 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ। ਹੁਣ ਤੱਕ ਕੀਤੀ ਗਈ ਮਿਹਨਤ ਦਾ ਰਾਜਨੀਤੀ ਵਿੱਚ ਨਤੀਜਾ ਦੇਖਣ ਦਾ ਵਕਤ ਸੀ। ਇਸ ਦੇ ਨਤੀਜਿਆਂ ਨੇ ਨਾ ਸਿਰਫ਼ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਬਦਲੀ, ਪਰ ਸਿਆਸੀ ਵਿਸ਼ਲੇਸ਼ਕਾਂ ਨੂੰ ਵੀ ਹੈਰਾਨ ਕਰ ਦਿੱਤਾ। ਹੁਣ ਤੱਕ ਦਲਿਤਾਂ ਦੀਆਂ ਵੋਟਾਂ ਦੇ ਸਹਾਰੇ ਪੰਜਾਬ ’ਚ ਸੱਤਾਧਾਰੀ ਰਹੀ ਕਾਂਗਰਸ ਪਾਰਟੀ ਦੇ ਹੱਥੋਂ ਰਾਜ ਖੁੱਸ ਗਿਆ ਅਤੇ ਅਕਾਲੀ ਦਲ ਸੱਤਾ ਵਿੱਚ ਆ ਗਿਆ। ਇਸ ਸਾਰੀ ਫੇਰਬਦਲ ਪਿੱਛੇ ਕਾਂਸ਼ੀ ਰਾਮ ਦੀ ਚਲਾਈ ਹੋਈ ਲਹਿਰ ਕੰਮ ਕਰ ਰਹੀ ਸੀ। ਉਨ੍ਹਾਂ ਦੇ ਉਮੀਦਵਾਰ ਖ਼ੁਦ ਤਾਂ ਨਹੀਂ ਜਿੱਤ ਸਕੇ, ਪਰ ਉਹ ਇੰਨੀਆਂ ਵੋਟਾਂ ਲੈਣ ਵਿੱਚ ਕਾਮਯਾਬ ਹੋ ਗਏ ਕਿ ਕਾਂਗਰਸ ਵੀ ਜਿੱਤ ਨਾ ਸਕੀ। ਪਹਿਲੀ ਵਾਰ ਪੰਜਾਬ ਦੀ ਆਬਾਦੀ ਦੇ ਤੀਜੇ ਹਿੱਸੇ ਨੂੰ ਕਾਂਸ਼ੀ ਰਾਮ ਨੇ ਆਪਣੀ ਵੋਟ ਦੀ ਤਾਕਤ ਦਾ ਅਹਿਸਾਸ ਕਰਵਾਇਆ। ਇਹ ਗੱਲ ਯਕੀਨੀ ਬਣਾਈ ਕਿ ਪੰਜਾਬ ਦੇ ਤਖ਼ਤ ’ਤੇ ਭਾਵੇਂ ਕੋਈ ਵੀ ਬੈਠੇ, ਉਸ ਦੀ ਚਾਬੀ ਉਨ੍ਹਾਂ ਦੇ ਹੀ ਹੱਥਾਂ ਵਿੱਚ ਹੈ, ਬਸ਼ਰਤੇ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਸਿੱਖਣ। ਹੁਣ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਕਾਂਗਰਸ-ਅਕਾਲੀ ਦਲ ਵਿਚਾਲੇ ਹੋਣ ਵਾਲੇ ਸਿੱਧੇ ਮੁਕਾਬਲੇ, ਜੋ ਧਨਾਢ ਹੱਥਾਂ ਵਿੱਚ ਸਨ, ਨੂੰ ਇਸ ਇਤਿਹਾਸਕ ਚੋਣ ਨੇ ਤਿਕੋਣਾ ਬਣਾ ਦਿੱਤਾ।

Advertisement

ਕਾਂਸ਼ੀ ਰਾਮ ਦੀ ਅਗਵਾਈ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਇੱਕ ਤੀਜੀ ਧਿਰ ਜ਼ਮੀਨੀ ਤੌਰ ’ਤੇ ਸਥਾਪਤ ਹੋਈ। ਜਦੋਂ 1992 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਨੌਂ ਵਿਧਾਇਕ ਜਿੱਤ ਕੇ ਚੰਡੀਗੜ੍ਹ ਵਿਧਾਨ ਸਭਾ ਵਿੱਚ ਪਹੁੰਚੇ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਵਿਰੋਧੀ ਧਿਰ ਬਣੀ। ਹੁਣ ਤੱਕ ਸਿਆਸਤ ਵਿੱਚ ਪਿਛਲੱਗ ਸਮਝੇ ਜਾਣ ਵਾਲੇ ਲੋਕ ਹੁਕਮਰਾਨਾਂ ਨੂੰ ਸਵਾਲ ਕਰਨ ਲੱਗੇ। ਕਾਂਸ਼ੀ ਰਾਮ ਦੀ ਅਗਵਾਈ ਵਿੱਚ ਇਹ ਕਾਫ਼ਲਾ ਅੱਗੇ ਵਧਦਾ ਗਿਆ ਅਤੇ ਜਦੋਂ 1996 ਵਿੱਚ ਲੋਕ ਸਭਾ ਚੋਣਾਂ ਹੋਈਆਂ ਤਾਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰ ਕੇ ਚੋਣਾਂ ਲੜੀਆਂ ਅਤੇ ਤਿੰਨ ਸੀਟਾਂ ਹੁਸ਼ਿਆਰਪੁਰ, ਫਿਲੌਰ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਖੜ੍ਹੇ ਕੀਤੇ ਅਤੇ ਸਾਰੀਆਂ ’ਤੇ ਜਿੱਤ ਪ੍ਰਾਪਤ ਕੀਤੀ। ਸਾਲ 1993 ਵਿੱਚ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਨੇ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਕੀਤਾ ਅਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ।

ਸਾਲ 1995 ਵਿੱਚ ਖ਼ੁਦ ਭਾਜਪਾ ਦੇ ਸਹਿਯੋਗ ਨਾਲ ਯੂ ਪੀ ਸਰਕਾਰ ਬਣਾਈ ਅਤੇ ਸਾਲ 1996 ਵਿੱਚ ਫਿਰ ਚੋਣਾਂ ਹੋਈਆਂ। ਇਸ ਕਰ ਕੇ ਉਹ ਪੰਜਾਬ ਨੂੰ ਜ਼ਿਆਦਾ ਸਮਾਂ ਨਾ ਦੇ ਸਕੇ ਅਤੇ ਉਨ੍ਹਾਂ ਦੀ ਗ਼ੈਰ-ਮੌਜੂਦਗੀ ਵਿੱਚ ਪੰਜਾਬ ਦੇ ਆਗੂ ਉਨ੍ਹਾਂ ਦੀ ਸੋਚ ਮੁਤਾਬਕ ‘ਬਹੁਜਨ ਸਮਾਜ’ ਨੂੰ ਨਾਲ ਜੋੜਨ ਵਿੱਚ ਕਾਮਯਾਬ ਨਹੀਂ ਹੋਏ ਅਤੇ ਪੰਜਾਬ ਵਿੱਚ ਬੀ ਐੱਸ ਪੀ ਦਾ ਗ੍ਰਾਫ ਡਿੱਗਣਾ ਸ਼ੁਰੂ ਹੋ ਗਿਆ। ਸਾਲ 2002 ਦੀਆਂ ਚੋਣਾਂ ਵਿੱਚ ਹਾਲਾਂਕਿ ਉਹ ਕੁਝ ਹੱਦ ਤੱਕ ਹੋਏ ਨੁਕਸਾਨ ਨੂੰ ਘਟਾ ਸਕੇ, ਪਰ ਉਹ ਚੋਣ ਵੀ ਨਤੀਜਿਆਂ ਵਿੱਚ ਤਬਦੀਲ ਨਹੀਂ ਹੋ ਸਕੀ। ਇਸ ਤੋਂ ਬਾਅਦ ਉਹ ਦੱਖਣੀ ਭਾਰਤ ਵਿੱਚ ਇਸ ਲਹਿਰ ਨੂੰ ਖੜ੍ਹੀ ਕਰਨ ਵਿੱਚ ਰੁਝੇ ਰਹੇ। ਸਤੰਬਰ 2003 ਨੂੰ ਹੈਦਰਾਬਾਦ ਜਾਂਦਿਆਂ ਉਨ੍ਹਾਂ ਨੂੰ ਦਿਮਾਗ਼ੀ ਦੌਰਾ ਪਿਆ ਅਤੇ 9 ਅਕਤੂਬਰ 2006 ਨੂੰ ਮੌਤ ਹੋਣ ਤੱਕ ਉਹ ਬਿਮਾਰ ਹੀ ਰਹੇ। ਇਸ ਤਰ੍ਹਾਂ ਪੰਜਾਬ ਅਤੇ ਪੂਰੇ ਭਾਰਤ ਨੂੰ ਜਗਾਉਣ ਵਾਲਾ ਇਹ ਗ਼ਰੀਬਾਂ ਦਾ ਮਸੀਹਾ ਸਦਾ ਲਈ ਸਾਨੂੰ ਅਲਵਿਦਾ ਕਹਿ ਗਿਆ। ਅੱਜ ਭਾਵੇਂ ਕਾਂਸ਼ੀ ਰਾਮ ਸਾਡੇ ਵਿੱਚ ਮੌਜੂਦ ਨਹੀਂ ਹਨ ਅਤੇ ਉਨ੍ਹਾਂ ਦਾ ਰਾਜਨੀਤਕ ਅੰਦੋਲਨ ਪੰਜਾਬ ਵਿੱਚ ਲਗਪਗ ਖ਼ਤਮ ਹੋ ਚੁੱਕਿਆ ਹੈ ਪਰ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਸਮਾਜਿਕ ਕ੍ਰਾਂਤੀ ਨਾ ਸਿਰਫ਼ ਜ਼ਿੰਦਾ ਹੈ ਸਗੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਚੁੱਕੀ ਹੈ। ਆਪਣੇ ਮਹਾਂਪੁਰਸ਼ਾਂ ਦੇ ਜਨਮ ਦਿਹਾੜਿਆਂ ਨੂੰ ਇੱਕ ਮੇਲੇ ਵਜੋਂ ਮਨਾਉਣ ਦੀ ਤੋਰੀ ਉਨ੍ਹਾਂ ਦੀ ਰੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਨੁਸੂਚਿਤ ਜਾਤੀ ਦਾ ਪੱਛੜੀਆਂ ਜਾਤਾਂ ਅਤੇ ਧਾਰਮਿਕ ਘੱਟਗਿਣਤੀਆਂ ਨਾਲ ਭਾਈਚਾਰਾ ਮਜ਼ਬੂਤ ਹੋਇਆ ਹੈ। ਉਨ੍ਹਾਂ ਦੀ ਬਹੁਜਨ ਸਮਾਜ ਦੀ ਵਿਚਾਰਧਾਰਾ ਅੱਗੇ ਵਧ ਰਹੀ ਹੈ। ਪੰਜਾਬ ਦੇ ਉਹ ਲੋਕ, ਜੋ ਕਾਂਸ਼ੀ ਰਾਮ ਨੂੰ ਉਨ੍ਹਾਂ ਦੇ ਜਿਉਂਦਿਆਂ ਬਣਦਾ ਮਾਣ-ਸਤਿਕਾਰ ਨਾ ਦੇ ਸਕੇ, ਵੀ ਅੱਜ ਉਨ੍ਹਾਂ ਦੀ ਕੌਮ ਲਈ ਕੀਤੀ ਕੁਰਬਾਨੀ ਦੇ ਸਾਹਮਣੇ ਨਤਮਸਤਕ ਹਨ। ਅੱਜ ਜ਼ਰੂਰਤ ਹੈ ਇਮਾਨਦਾਰ ਅਤੇ ਸੂਝਵਾਨ ਨੌਜਵਾਨ ਆਗੂਆਂ ਦੀ, ਜੋ ਕਾਂਸੀ ਰਾਮ ਵਾਂਗ ਸਮਾਜ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਦਾ ਜਜ਼ਬਾ ਰੱਖਦੇ ਹੋਣ ਤਾਂ ਕਿ ਉਨ੍ਹਾਂ ਦਾ ਅਧੂਰਾ ਰਹਿ ਗਿਆ ਸੁਪਨਾ ਪੂਰਾ ਹੋ ਸਕੇ ਅਤੇ ਸਦੀਆਂ ਤੋਂ ਜਾਤੀ ਵਿਵਸਥਾ ਦੀ ਮਾਰ ਝੱਲ ਰਹੇ ਲੋਕ ਬਰਾਬਰੀ ਦੀ ਜ਼ਿੰਦਗੀ ਬਸਰ ਕਰ ਸਕਣ।

ਸੰਪਰਕ: 94179-90040

Advertisement
×