ਬਾਬਾ ਬੰਤਾ
ਮੇਰੀ ਚਿਰੋਕਣੀ ਤਾਂਘ ਸੀ ਕਿ ਮੈਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਜ਼ਰੂਰ ਜਾਵਾਂ। ਸਾਲ 2024 ਵਿੱਚ ਵਾਹਿਗੁਰੂ ਦੀ ਮਿਹਰ ਸਦਕਾ ਮੇਰੀ ਇਹ ਇੱਛਾ ਪੂਰੀ ਹੋਈ ਤੇ ਮੈਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਜੂਨ ਮਹੀਨੇ ਵਿੱਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ...
ਮੇਰੀ ਚਿਰੋਕਣੀ ਤਾਂਘ ਸੀ ਕਿ ਮੈਂ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਜ਼ਰੂਰ ਜਾਵਾਂ। ਸਾਲ 2024 ਵਿੱਚ ਵਾਹਿਗੁਰੂ ਦੀ ਮਿਹਰ ਸਦਕਾ ਮੇਰੀ ਇਹ ਇੱਛਾ ਪੂਰੀ ਹੋਈ ਤੇ ਮੈਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਜੂਨ ਮਹੀਨੇ ਵਿੱਚ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ।
ਅਟਾਰੀ ਚੈੱਕਪੋਸਟ ’ਤੇ ਪਹੁੰਚ ਕੇ ਭਾਰਤ ਵਾਲੇ ਪਾਸੇ ਤੋਂ ਇਮੀਗਰੇਸ਼ਨ ਕਰਵਾਉਣ ਉਪਰੰਤ ਅਸੀਂ ਬਾਰਡਰ ਦਾ ਗੇਟ ਲੰਘ ਕੇ ਪਾਕਿਸਤਾਨ ਵਾਲੇ ਪਾਸੇ ਦਾਖ਼ਲ ਹੋਏ ਜਿਥੇ ਸਾਡਾ ਨਿੱਘਾ ਸਵਾਗਤ ਕੀਤਾ ਗਿਆ। ਪਾਕਿਸਤਾਨ ਵਾਲੇ ਪਾਸੇ ਇਮੀਗਰੇਸ਼ਨ ਦੀ ਕਾਰਵਾਈ ਮੁਕੰਮਲ ਕਰਵਾਉਣ ਉਪਰੰਤ ਜਥੇ ਦੇ ਬਾਕੀ ਮੈਂਬਰਾਂ ਵਾਂਗ ਮੈਂ ਵੀ ਆਪਣਾ ਸ਼ਨਾਖਤੀ ਕਾਰਡ ਬਣਵਾ ਲਿਆ ਅਤੇ ਬੱਸ ਦੀ ਟਿਕਟ ਲੈ ਲਈ। ਪਾਕਿਸਤਾਨ ਦੇ ਕੁਝ ਕਰਮਚਾਰੀ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਖੇ ਰਿਹਾਇਸ਼ ਲਈ ਕਮਰਿਆਂ ਦੀ ਅਲਾਟਮੈਂਟ ਵੀ ਕਰ ਰਹੇ ਸਨ। ਉਨ੍ਹਾਂ ਨੇ ਸਾਨੂੰ ਸੱਤ ਜਣਿਆਂ ਨੂੰ ਇਕ ਗਰੁੱਪ ਬਣਾਉਣ ਲਈ ਕਿਹਾ। ਮੈਂ ਆਪਣੇ ਇਲਾਕੇ ਤੋਂ ਇਕੱਲਾ ਹੋਣ ਕਾਰਨ ਜਥੇ ਵਿੱਚ ਸ਼ਾਮਲ ਬਾਕੀ ਮੈਂਬਰਾਂ ਦਾ ਵਾਕਫ ਨਹੀਂ ਸੀ ਪਰ ਸਾਨੂੰ ਗਰੁੱਪ ਬਣਾਉਣ ਲਈ ਉਥੇ ਜਾਣ-ਪਛਾਣ ਬਣਾਉਣੀ ਪਈ ਅਤੇ ਅਸੀਂ ਸੱਤ ਮੈਂਬਰਾਂ ਦੇ ਗਰੁੱਪ ਨੇ ਰਿਹਾਇਸ਼ ਲਈ ਅਲਾਟਮੈਂਟ ਕਰਵਾ ਲਈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਲੰਗਰ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ। ਲੰਗਰ ਛਕਣ ਮਗਰੋਂ ਅਸੀਂ ਵਾਰੋ-ਵਾਰੀ ਸਾਰੇ ਬੱਸਾਂ ਵਿੱਚ ਬੈਠਣ ਲੱਗ ਪਏ। ਲਗਪਗ ਦੋ ਘੰਟੇ ਬਾਅਦ ਬੱਸਾਂ ਇਕੱਠੀਆਂ ਯਾਤਰਾ ਲਈ ਰਵਾਨਾ ਹੋਈਆਂ।
ਬੱਸਾਂ ਤੁਰਨ ਮਗਰੋਂ ਲਗਪਗ ਅੱਧੇ ਘੰਟੇ ਬਾਅਦ ਹੀ ਲਾਹੌਰ ਆ ਗਿਆ। ਅਸੀਂ ਬੱਸਾਂ ਵਿੱਚ ਬੈਠੇ ਆਲਾ-ਦੁਆਲਾ ਵੇਖਦੇ ਰਹੇ। ਲਗਪਗ ਤਿੰਨ ਕੁ ਘੰਟੇ ਮਗਰੋਂ ਅਸੀਂ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ। ਸ੍ਰੀ ਨਨਕਾਣਾ ਸਾਹਿਬ ਵਿਖੇ ਜਾ ਕੇ ਆਪਣੇ ਰਿਹਾਇਸ਼ੀ ਕਮਰੇ ਦੀਆਂ ਚਾਬੀਆਂ ਲੈ ਲਈਆਂ ਅਤੇ ਸਾਮਾਨ ਟਿਕਾ ਕੇ ਵਾਰੀ-ਵਾਰੀ ਨਹਾ ਧੋ ਕੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ। ਰਾਤ ਦਾ ਲੰਗਰ ਛਕਣ ਉਪਰੰਤ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਆ ਗਏ। ਹੌਲੀ-ਹੌਲੀ ਇਕ ਦੂਜੇ ਨਾਲ ਚੰਗਾ ਰਾਬਤਾ ਬਣਦਾ ਗਿਆ। ਸਾਡੇ ਗਰੁੱਪ ਵਿੱਚ ਇਕ 80 ਸਾਲ ਦਾ ਬਜ਼ੁਰਗ ਬੰਤ ਸਿੰਘ ਵੀ ਸ਼ਾਮਲ ਸੀ। ਜਦੋਂ ਅਸੀ ਉਸ ਬਾਰੇ ਇਕ ਦੂਜੇ ਨਾਲ ਗੱਲ ਕਰਨ ਲੱਗਦੇ ਤਾਂ ਉਸ ਨੂੰ ਬਾਬਾ ਬੰਤਾ ਕਹਿ ਕੇ ਹੀ ਸੰਬੋਧਿਤ ਹੁੰਦੇ ਸੀ। ਬਾਬਾ ਬੰਤਾ ਹਰ ਖੇਤਰ ਵਿੱਚ ਸਾਡੇ ਸਾਰਿਆਂ ਨਾਲੋਂ ਅੱਗੇ ਹੁੰਦਾ ਸੀ। ਉਹ ਸਵੇਰੇ 2 ਵਜੇ ਉੱਠ ਜਾਇਆ ਕਰਦਾ ਸੀ ਅਤੇ ਇਸ਼ਨਾਨ ਕਰਕੇ ਕਮਰੇ ਵਿੱਚ ਬੈਠ ਕੇ ਪੰਜਾਂ ਬਾਣੀਆਂ ਦਾ ਪਾਠ ਕਰਦਾ ਅਤੇ ਨਿਤਨੇਮ ਕਰਨ ਤੋਂ ਬਾਅਦ ਤਿਆਰ-ਬਰ-ਤਿਆਰ ਹੋ ਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦਾ। ਭਾਵੇਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਸਾਡੀ ਠਹਿਰ ਹੁੰਦੀ, ਪਰ ਬਾਬੇ ਬੰਤੇ ਦੀ ਰੁਟੀਨ ਕਦੇ ਨਹੀਂ ਸੀ ਬਦਲਦੀ। ਬਾਬਾ ਬੰਤਾ ਲੰਗਰ ਵਿੱਚ ਹਾਜ਼ਰ ਹੋਣ ਸਮੇਂ ਬਹੁਤ ਘੱਟ ਖਾਂਦਾ ਸੀ, ਸ਼ਾਇਦ ਗੁਰੂ ਦੀ ਬਾਣੀ ਪੜ੍ਹ ਕੇ ਹੀ ਉਸ ਦੀ ਰੂਹ ਰੱਜ ਜਾਇਆ ਕਰਦੀ ਸੀ। ਸ੍ਰੀ ਨਨਕਾਣਾ ਸਾਹਿਬ ਦੇ ਸਾਰੇ ਗੁਰਧਾਮ, ਗੁਰਦੁਆਰਾ ਸੱਚਾ ਸੌਦਾ ਚੂਹੜਕਾਣਾ, ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ, ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਦੀ ਯਾਤਰਾ ਤੋਂ ਬਾਅਦ ਅਸੀਂ ਯਾਤਰਾ ਦੇ ਆਖਰੀ ਪੜਾਅ ’ਤੇ ਲਾਹੌਰ ਆ ਗਏ। ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਸਾਰੇ ਸਿੱਖ ਯਾਤਰੀਆਂ ਦੀ ਰਿਹਾਇਸ਼ ਲਈ ਇੰਤਜ਼ਾਮ ਕੀਤੇ ਗਏ ਸਨ। ਇਕ ਰਾਤ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਗੁਜ਼ਾਰਨ ਤੋਂ ਬਾਅਦ ਅਸੀਂ ਅਗਲੇ ਦਿਨ ਲਾਹੌਰ ਦੇ ਲੋਕਲ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਨਿਕਲ ਪਏ। ਉਥੇ ਇਕ ਆਟੋ ਰਿਕਸ਼ਾ ਵਾਲਾ ਸੱਤ ਸਵਾਰੀਆਂ ਨੂੰ ਲੈ ਕੇ ਚੱਲਦਾ ਹੈ। ਬਾਬੇ ਬੰਤੇ ਨੇ ਸਭ ਤੋਂ ਅੱਗੇ ਹੋ ਕੇ ਇਕ ਆਟੋ ਰਿਕਸ਼ਾ ਵਾਲੇ ਨੂੰ ਆਪਣਾ ਰੂਟ ਦੱਸਦੇ ਹੋਏ ਉਸ ਨਾਲ ਰੇਟ ਤੈਅ ਕਰ ਲਿਆ। ਗੁਰਦੁਆਰਾ ਜਨਮ ਅਸਥਾਨ ਗੁਰੂ ਰਾਮ ਦਾਸ ਜੀ ਚੂਨਾ ਮੰਡੀ ਲਾਹੌਰ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਦਿੱਲੀ ਗੇਟ ਲਾਹੌਰ ਵਿੱਚੋਂ ਦੀ ਹੁੰਦੇ ਹੋਏ ਗੁਰਦੁਆਰਾ ਸਿੰਘ ਸਿੰਘਣੀਆਂ ਅਤੇ ਭਾਈ ਤਾਰੂ ਸਿੰਘ ਜੀ ਦੀ ਸਮਾਧ ਵੇਖਣ ਲਈ ਲੋਹਾ ਬਾਜ਼ਾਰ ਲਾਹੌਰ ਵੱਲ ਚਾਲੇ ਪਾ ਦਿੱਤੇ। ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਮਗਰੋਂ ਅਸੀਂ ਲਾਹੌਰ ਦਾ ਲਾਲ ਖੂਹੀ ਚੌਕ ਅਤੇ ਅਨਾਰਕਲੀ ਬਾਜ਼ਾਰ ਦੇਖਣ ਲਈ ਨਿਕਲ ਪਏ। ਕੁਝ ਖ਼ਰੀਦੋ-ਫਰੋਖ਼ਤ ਕਰਨ ਤੋਂ ਬਾਅਦ ਸਾਡੇ ਅੰਦਰ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਵੇਖਣ ਦੀ ਇੱਛਾ ਜਾਗੀ। ਅਸੀਂ ਇਸ ਬਾਰੇ ਆਟੋ ਰਿਕਸ਼ਾ ਵਾਲੇ ਨਾਲ ਗੱਲ ਕੀਤੀ। ਉਸ ਨੇ ਕੁਝ ਹੋਰ ਵਾਧੂ ਪੈਸੇ ਦੇਣ ਦੀ ਸ਼ਰਤ ’ਤੇ ਸਾਨੂੰ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦੇ ਦਰਸ਼ਨ ਕਰਵਾਉਣ ਦੀ ਸਹਿਮਤੀ ਦੇ ਦਿੱਤੀ।
ਉਹ ਪੁੱਛਦਾ ਪੁਛਾਉਂਦਾ ਸਾਨੂੰ ਆਪਣੇ ਆਟੋ ਰਿਕਸ਼ਾ ਵਿੱਚ ਬਿਠਾ ਕੇ ਘੁੰਮਦਾ ਰਿਹਾ ਪਰ ਉਸ ਨੂੰ ਮੰਜ਼ਿਲ ਦਾ ਪਤਾ ਨਹੀਂ ਸੀ ਲੱਗ ਰਿਹਾ। ਉਸ ਨੇ ਦੱਸਿਆ ਕਿ ਉਹ ਆਪਣੇ ਪਿੰਡੋਂ ਕੁਝ ਸਮਾਂ ਪਹਿਲਾਂ ਹੀ ਕਾਰੋਬਾਰ ਦੇ ਸਿਲਸਿਲੇ ਵਿੱਚ ਲਾਹੌਰ ਆਇਆ ਹੈ ਇਸ ਲਈ ਉਸ ਨੂੰ ਹਾਲੇ ਲਾਹੌਰ ਸ਼ਹਿਰ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਅਖੀਰ ਉਹ ਆਟੋ ਰਿਕਸ਼ਾ ਖੜ੍ਹਾ ਕਰ ਕੇ ਇਕ ਰਾਹਗੀਰ ਪਾਸੋਂ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਬਾਰੇ ਪੁੱਛਣ ਲੱਗਾ ਪਰ ਉਹ ਰਾਹਗੀਰ ਵੀ ਸਹੀ ਰਾਹ ਦੱਸਣ ਵਿੱਚ ਅਸਮਰੱਥ ਸੀ। ਇੰਨੇ ਨੂੰ ਆਟੋ ਰਿਕਸ਼ਾ ਨੂੰ ਵਰਜਿਤ ਖੇਤਰ ਵਾਲੀ ਥਾਂ ਖੜ੍ਹਾ ਦੇਖ ਕੇ ਇਕ ਥਾਣੇਦਾਰ ਉਥੇ ਆ ਗਿਆ ਅਤੇ ਆਪਣੇ ਹੱਥ ਵਿੱਚ ਫੜੇ ਹੋਏ ਡੰਡੇ ਨੂੰ ਆਟੋ ਰਿਕਸ਼ਾ ਦੇ ਅੱਗੇ ਮਾਰ ਕੇ ਠੇਠ ਪੰਜਾਬੀ ਵਿੱਚ ਰੋਅਬਦਾਰ ਢੰਗ ਨਾਲ ਬੋਲਿਆ, ‘‘ਉਏ! ਆਟੋ ਕਿੱਥੇ ਖੜ੍ਹਾਇਆ ਏ, ਔਹ ਸਾਹਮਣੇ ਬੋਰਡ ਨ੍ਹੀਂ ਪੜ੍ਹਿਆ? ਹੁਣ ਦੋ ਹਜ਼ਾਰ ਦਾ ਚਲਾਨ ਭਰਨਾ ਪਊ ਤੈਨੂੰ।’’ ਆਟੋ ਰਿਕਸ਼ਾ ਵਾਲੇ ਨੇ ਮਿੰਨਤਾਂ ਤਰਲੇ ਕੀਤੇ ਪਰ ਥਾਣੇਦਾਰ ਟੱਸ ਤੋਂ ਮੱਸ ਨਹੀਂ ਸੀ ਹੋ ਰਿਹਾ। ਜਦ ਉਸ ਨੇ ਆਟੋ ਰਿਕਸ਼ੇ ਦੇ ਪਿੱਛੇ ਵੱਲ ਘੁੰਮ ਕੇ ਸਾਨੂੰ ਬੈਠਿਆਂ ਦੇਖਿਆ ਤਾਂ ਉਸ ਦੇ ਸਖ਼ਤ ਤੇਵਰ ਕੁਝ ਢਿੱਲੇ ਜਿਹੇ ਪੈ ਗਏ ਅਤੇ ਫਿਰ ਉਸ ਨੇ ਆਟੋ ਰਿਕਸ਼ਾ ਵਾਲੇ ਨੂੰ ਸੰਬੋਧਿਤ ਹੁੰਦਿਆਂ ਕਿਹਾ, ‘‘ਅੱਜ ਤੂੰ ਮਹਿਮਾਨਾਂ ਕਰਕੇ ਬਚ ਗਿਆ ਏਂ ਬੱਚੂ! ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰੀਂ।’’
ਫਿਰ ਉਸ ਨੇ ਆਟੋ ਰਿਕਸ਼ਾ ਵਾਲੇ ਨੂੰ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦਾ ਸਹੀ ਰਾਹ ਸਮਝਾਇਆ। ਜਲਦੀ ਅਸੀਂ ਉਸ ਥਾਂ ’ਤੇ ਪੁੱਜ ਕੇ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦੇ ਦਰਸ਼ਨ ਕੀਤੇ। ਅਗਲੇ ਦਿਨ ਅਸੀਂ ਵਾਪਸ ਆਪਣੇ ਵਤਨ ਭਾਰਤ ਪਰਤਣਾ ਸੀ। ਲੰਗਰ ਪਰਸ਼ਾਦਾ ਛਕਣ ਤੋਂ ਬਾਅਦ ਆਰਾਮ ਕਰਨ ਲੱਗ ਪਏ। ਰਾਤ ਨੂੰ ਹੀ ਸਪੀਕਰ ਰਾਹੀਂ ਐਲਾਨ ਕਰ ਦਿੱਤਾ ਗਿਆ ਸੀ ਕਿ ਸਵੇਰੇ ਸਾਰੀਆਂ ਬੱਸਾਂ 8 ਵਜੇ ਵਾਹਗਾ ਬਾਰਡਰ ਲਈ ਚੱਲ ਪੈਣਗੀਆਂ, ਇਸ ਲਈ ਸਾਰੀ ਸੰਗਤ ਤਿਆਰ ਹੋ ਕੇ ਸਮੇਂ ਸਿਰ ਗੇਟ ਕੋਲ ਆ ਜਾਵੇ।
ਅਗਲੇ ਦਿਨ ਅਸੀਂ ਵਾਪਸੀ ਲਈ ਤਿਆਰੀ ਕਰ ਲਈ। ‘ਭਾਰਤ ਹੈ ਵਾਂਗ ਮੁੰਦਰੀ-ਵਿੱਚ ਨਗ ਪੰਜਾਬ ਦਾ’ ਗੀਤ ਦੇ ਬੋਲਾਂ ਵਾਂਗ ਬੇਸ਼ਕ ਜੱਥੇ ਵਿੱਚ ਬਹੁ-ਗਿਣਤੀ ਪੰਜਾਬ ਦੇ ਸ਼ਰਧਾਲੂਆ ਸੀ ਪਰ ਦਿੱਲੀ ਸਮੇਤ ਦੇਸ਼ ਦੇ ਦੂਜੇ ਰਾਜਾਂ ਦੇ ਸ਼ਰਧਾਲੂ ਵੀ ਜੱਥੇ ਵਿੱਚ ਸ਼ਾਮਲ ਸਨ। ਜਥੇ ਨਾਲ ਗਏ ਸਾਡੇ ਦੂਜੇ ਰਾਜਾਂ ਦੇ ਗੁਰਸਿੱਖ ਪ੍ਰੇਮੀਆਂ ਨਾਲ ਵੀ ਸਾਡੀ ਵਾਕਫੀ ਅਤੇ ਮਿੱਤਰਤਾ ਬਣ ਗਈ ਸੀ।
ਬਾਬਾ ਬੰਤਾ ਮੇਰੇ ਵਾਲੀ ਬੱਸ ਵਿੱਚ ਹੀ ਮੇਰੇ ਨਾਲ ਦੀ ਸੀਟ ’ਤੇ ਬੈਠ ਗਿਆ। ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਦਰਸ਼ਨਾਂ ਲਈ ਆ ਚੁੱਕਾ ਹੈ ਅਤੇ ਉਸ ਨੇ ਦੱਸਿਆ ਕਿ ਉਹ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਰਾਮਗੜ੍ਹੀਆ ਪਰਿਵਾਰ ਨਾਲ ਉਸ ਦਾ ਸਬੰਧ ਹੈ। ਬਾਬਾ ਬੰਤਾ ਸੱਤ ਸੌ ਰੁਪਏ ਦਿਹਾੜੀ ’ਤੇ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਹਰ ਰੋਜ਼ ਦਸਵੰਧ ਵਜੋਂ ਸੱਤਰ ਰੁਪਏ ਵੱਖ ਕੱਢ ਕੇ ਰੱਖ ਲੈਂਦਾ ਹੈ। ਤਿੰਨ ਮਹੀਨੇ ਦੇ ਵਕਫੇ ਮਗਰੋਂ ਉਹ ਕਿਸੇ ਨਾ ਕਿਸੇ ਗੁਰਧਾਮ ਦੀ ਯਾਤਰਾ ਲਈ ਨਿਕਲਦਾ ਹੈ ਅਤੇ ਇਸ ਦਸਵੰਧ ਦੀ ਰਕਮ ਵਿੱਚੋਂ ਧਰਮ ਅਰਥ ਵਜੋਂ ਖਰਚਾ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਕੰਮ ਦਾ ਕਦੇ ਵੀ ਠੇਕਾ ਨਹੀਂ ਲਿਆ ਉਸ ਦੇ ਮੁਤਾਬਕ ਠੇਕੇਦਾਰੀ ਸੱਚੀ ਸੁੱਚੀ ਕਿਰਤ ਨਹੀਂ, ਇਹ ਵੀ ਇਕ ਤਰ੍ਹਾਂ ਦੀ ਭ੍ਰਿਸ਼ਟਾਚਾਰੀ ਹੈ। ਜ਼ਿੰਦਗੀ ਦਾ ਇੱਕ ਬੇਸ਼ਕੀਮਤੀ ਸਬਕ ਦਿੰਦਿਆਂ ਵਾਹਗਾ ਬਾਰਡਰ ਰਾਹੀਂ ਵਤਨ ਪਰਤਦਿਆਂ ਬਾਬੇ ਬੰਤੇ ਨੇ ਫਿਰ ਮਿਲਣ ਦਾ ਵਾਅਦਾ ਕਰ ਕੇ ਸਾਥੋਂ ਵਿਦਾਇਗੀ ਲੈ ਲਈ।
ਸੰਪਰਕ: 75289-26135

