1971: ਜਮਾਲਪੁਰ ਦੀ ਲੜਾਈ
ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਜਵਾਨਾਂ ਨਾਲ ਰਣਨੀਤੀ ਸਾਂਝੀ ਕਰਦੇ ਹੋਏ। ਸੰਨ 1971 ਵਿੱਚ ਢਾਕੇ (ਪੂਰਬੀ ਪਾਕਿਸਤਾਨ ਹੁਣ ਬੰਗਲਾਦੇਸ਼) ਵੱਲ ਸਾਡੇ ਅੱਗੇ ਦੁਸ਼ਮਣ ਦਾ ਜਮਾਲਪੁਰ ਗੈਰੀਸਨ ਇੱਕ ਮਹੱਤਵਪੂਰਨ ਡਿਫੈਂਸ ਪੁਜ਼ੀਸ਼ਨ ਸੀ, ਜਿੱਥੇ ਤਾਇਨਾਤ ਫ਼ੌਜੀਆਂ ਦਾ ਸਫ਼ਾਇਆ ਕੀਤੇ ਬਿਨਾਂ ਅੱਗੇ ਨਹੀਂ ਸੀ...
ਸੰਨ 1971 ਵਿੱਚ ਢਾਕੇ (ਪੂਰਬੀ ਪਾਕਿਸਤਾਨ ਹੁਣ ਬੰਗਲਾਦੇਸ਼) ਵੱਲ ਸਾਡੇ ਅੱਗੇ ਦੁਸ਼ਮਣ ਦਾ ਜਮਾਲਪੁਰ ਗੈਰੀਸਨ ਇੱਕ ਮਹੱਤਵਪੂਰਨ ਡਿਫੈਂਸ ਪੁਜ਼ੀਸ਼ਨ ਸੀ, ਜਿੱਥੇ ਤਾਇਨਾਤ ਫ਼ੌਜੀਆਂ ਦਾ ਸਫ਼ਾਇਆ ਕੀਤੇ ਬਿਨਾਂ ਅੱਗੇ ਨਹੀਂ ਸੀ ਵਧਿਆ ਜਾ ਸਕਦਾ। ਛੇਤੀ ਤੋਂ ਛੇਤੀ ਅਜਿਹਾ ਕਰਨ ਦੇ ਹੁਕਮ ਸਨ ਕਿਉਂਕਿ ਤੰਗੇਲ ਨਾਂ ਦੀ ਜਗ੍ਹਾ ’ਤੇ ਸਾਡੀ ਪੈਰਾ ਬਟਾਲੀਅਨ ਦਾ ਏਅਰ ਡਰਾਪ ਇਸ ਨਾਲ ਜੁੜਿਆ ਹੋਇਆ ਸੀ। ਹੈੱਡਕੁਆਰਟਰਜ਼ ਵੱਲੋਂ ਇਸ ਕਾਰਵਾਈ ਨੂੰ ਛੇਤੀ ਤੋਂ ਛੇਤੀ ਅੰਜਾਮ ਦੇਣ ਦੇ ਹੁਕਮਾਂ ਕਾਰਨ ਸਾਡੇ ’ਤੇ ਮਾਨਸਿਕ ਦਬਾਅ ਸੀ। ਸਾਡੇ ਕੋਲ ਇੱਕ ਬ੍ਰਿਗੇਡ ਅਤੇ 56 ਫੀਲਡ ਰੈਜੀਮੈਂਟ ਦਾ ਪੂਰਾ ਹਿੱਸਾ ਸੀ। ਮੈਂ (ਉਸ ਵਕਤ ਮੇਜਰ) 56 ਫੀਲਡ ਰੈਜੀਮੈਂਟ ਦਾ ਸੈਕਿੰਡ ਇਨ ਕਮਾਂਡ ਸਾਂ। ਹੈੱਡਕੁਆਰਟਰ ਵਾਲੇ ਗੁੱਸੇ ਵਿੱਚ ਸਨ ਕਿ ਸਾਡੇ ਬ੍ਰਿਗੇਡ ਦਾ ਜਮਾਲਪੁਰ ਗੈਰੀਸਨ ਨਾਲ 7 ਦਸੰਬਰ 1971 ਨੂੰ ਸਾਹਮਣਾ ਹੋਣ ਦੇ ਬਾਵਜੂਦ ਹਮਲਾ ਕਿਉਂ ਨਹੀਂ ਹੋ ਰਿਹਾ। ਇਸ ਦੇਰੀ ਕਾਰਨ ਤੰਗੇਲ ’ਤੇ ਏਅਰ ਡਰਾਪ ਦੀ ਯੋਜਨਾ, ਜੋ 11 ਦਸੰਬਰ ਨੂੰ ਸਿਰੇ ਚਾੜ੍ਹੀ ਜਾਣੀ ਸੀ, ਮੁਲਤਵੀ ਕਰਨ ਬਾਰੇ ਸੋਚਿਆ ਜਾ ਰਿਹਾ ਸੀ। ਨੌਂ ਦਸੰਬਰ ਦੀ ਰਾਤ ਨੂੰ ਦੋ ਪਲਟਨਾਂ ਕਾਹਲੀ ਵਿੱਚ ਜਮਾਲਪੁਰ ਨੂੰ ਘੇਰਾ ਪਾਉਣ ਲਈ ਭੇਜੀਆਂ ਗਈਆਂ। ਇਹ ਪਲਟਨਾਂ ਸਨ: ਛੇਵੀਂ ਸਿੱਖ ਐੱਲ ਆਈ (6th Sikh Light Infantry) ਅਤੇ ਫਸਟ ਮਰਾਠਾ ਐੱਲ ਆਈ (1st Maratha Light Infantry)। ਫਸਟ ਮਰਾਠਾ ਨਾਲ ਮੇਰੀ ਰੈਜੀਮੈਂਟ ਦਾ ਕੈਪਟਨ ਪੀ ਪੀ ਭਗਤ, ਆਰ ਟੀ ਓਪੀ (ਰੀਚ ਟਰੱਕ ਆਪਰੇਟਰ, ਜੋ ਉੱਚੀਆਂ ਥਾਵਾਂ ’ਤੇ ਸਾਜ਼ੋ-ਸਾਮਾਨ ਚੁੱਕਣ ਅਤੇ ਸੰਭਾਲਣ ਵਾਲੇ ਵਿਸ਼ੇਸ਼ ਯੰਤਰ ਚਲਾਉਣ ਦਾ ਮਾਹਿਰ ਹੁੰਦਾ ਹੈ) ਅਫ਼ਸਰ ਵਜੋਂ ਚੱਲ ਰਿਹਾ ਸੀ।
ਜਮਾਲਪੁਰ ਗੈਰੀਸਨ ਦੀ ਡਿਫੈਂਸ ਵਿੱਚ ਪਾਕਿਸਤਾਨ ਦੀ 31 ਬਲੋਚ ਬਟਾਲੀਅਨ ਤੇ ਇੱਕ ਕੰਪਨੀ ਨਾਲ ਇਮਦਾਦੀ ਦਸਤੇ ਤਾਇਨਾਤ ਸਨ। 31 ਬਲੋਚ ਦਾ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਅਹਿਮਦ ਸੁਲਤਾਨ ਪਾਕਿਸਤਾਨੀ ਫ਼ੌਜ ਦਾ ਬਹੁਤ ਡੈਕੋਰੇਟਿਡ (ਬਹਾਦਰੀ ਤਗ਼ਮਿਆਂ ਨਾਲ ਸਨਮਾਨਿਤ) ਨਿਡਰ ਅਤੇ ਦਲੇਰ ਅਫਸਰ ਗਿਣਿਆ ਜਾਂਦਾ ਸੀ, ਜਿਸ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਜੰਮੂ ਕਸ਼ਮੀਰ ਤੇ ਭਾਰਤ ਦੇ ਹੋਰ ਖੇਤਰਾਂ ਵਿੱਚ ਸੌ ਤੋਂ ਵੱਧ ਮਿਸ਼ਨ ਸਿਰੇ ਚਾੜ੍ਹੇ ਸਨ। ਉਹ ਛੇ ਫੁੱਟ ਤੋਂ ਵੱਧ ਲੰਮਾ ਅਫਸਰ ਸਾਡੇ ਹਵਾਈ ਹਮਲਿਆਂ ਵੇਲੇ ਖੁੱਲ੍ਹੇ ਆਸਮਾਨ ਹੇਠ ਬੈਠਣ ਦਾ ਸ਼ੌਕੀਨ ਸੀ।
ਜਮਾਲਪੁਰ ਗੈਰੀਸਨ ਵਿੱਚ ਕੁੱਲ ਮਿਲਾ ਕੇ 1500 ਦੇ ਕਰੀਬ ਟਰੁੱਪਸ ਸਨ। ਇਨ੍ਹਾਂ ਦੀ ਮਦਦ ਲਈ 120 ਐੱਮ.ਐੱਮ. ਮੋਰਟਾਰ ਬੈਟਰੀ ਤੇ ਕੁਝ 6 ਪਾਊਂਡਰ ਐਂਟੀ ਟੈਂਕ ਗੰਨਾਂ ਅਤੇ ਮੀਡੀਅਮ ਮਸ਼ੀਨਗੰਨਾਂ ਲੱਗੀਆਂ ਹੋਈਆਂ ਸਨ। ਇਸ ਗੈਰੀਸਨ ਦੀ ਕਿਲ੍ਹਾਬੰਦੀ (ਡਿਫੈਂਸ ਫੋਰਟੀਫਿਕੇਸ਼ਨਜ਼) ਦਰਿਆ ਦੇ ਉੱਤਰ ਵੱਲ ਦੇ ਕੰਢੇ ਅਤੇ ਦੱਖਣ ਵੱਲ ਰੇਲ ਲਾਈਨ ’ਤੇ ਆਧਾਰਿਤ ਸਨ। ਉਨ੍ਹਾਂ ਦੀਆਂ ਇਹ ਪੁਜ਼ੀਸ਼ਨਾਂ ਸਾਡੀਆਂ ਉੱਤਰ ਅਤੇ ਦੱਖਣ ਵਾਲੇ ਪਾਸੇ ਦੇ ਪਹੁੰਚ ਮਾਰਗਾਂ ਨੂੰ ਅਸਰਦਾਰ ਢੰਗ ਨਾਲ ਕਵਰ ਕਰਦੀਆਂ ਸਨ। ਵੱਡੇ ਅਤੇ ਮਾਰੂ ਹਥਿਆਰ ਪੱਕੇ ਬੰਕਰਾਂ ਹੇਠ ਪੂਰੀ ਹਿਫ਼ਾਜ਼ਤ ਵਿੱਚ ਸਨ।
ਦਸ ਦਸੰਬਰ 1971 ਨੂੰ ਸਾਡੇ ਬ੍ਰਿਗੇਡ ਕਮਾਂਡਰ ਨੇ ਇੱਕ ਸਿਵਿਲੀਅਨ ਏਲਚੀ ਹੱਥ ਇਕੱਤੀ ਬਲੋਚ ਦੇ ਸੀਓ ਲੈਫਟੀਨੈਂਟ ਕਰਨਲ ਸੁਲਤਾਨ ਦੇ ਨਾਂ ਖ਼ਤ ਭੇਜਿਆ, ਜਿਸ ਵਿੱਚ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਸੀ। ਚਿੱਠੀ ਦੀ ਇਬਾਰਤ ਇਸ ਤਰ੍ਹਾਂ ਸੀ:
“ਮੈਨੂੰ ਹਦਾਇਤ ਮਿਲੀ ਹੈ ਕਿ ਮੈਂ ਤੈਨੂੰ ਸੂਚਿਤ ਕਰ ਦਿਆਂ ਕਿ ਤੇਰਾ ਗੈਰੀਸਨ ਚਾਰ ਚੁਫ਼ੇਰੇ ਤੋਂ ਘੇਰ ਲਿਆ ਗਿਆ ਹੈ ਅਤੇ ਤੇਰੇ ਕੋਲ ਬਚ ਕੇ ਨਿਕਲਣ ਦਾ ਹੁਣ ਕੋਈ ਰਾਹ ਨਹੀਂ। ਮੇਰਾ ਪੂਰਾ ਬ੍ਰਿਗੇਡ, ਇਮਦਾਦੀ ਦਸਤਿਆਂ ਨਾਲ ਤੇਰੇ ਸਾਹਮਣੇ ਹੈ ਤੇ ਕੱਲ੍ਹ ਸਵੇਰੇ ਤੇਰੇ ਉੱਤੇ ਟੁੱਟ ਪਏਗਾ। ਇਸ ਤੋਂ ਪਹਿਲਾਂ ਸਾਡੀ ਹਵਾਈ ਫ਼ੌਜ ਨੇ ਸੁਆਦ ਚਖਾ ਦਿੱਤਾ ਹੈ ਅਤੇ ਹੋਰ ਫ਼ੌਜ ਵੀ ਆਉਣ ਵਾਲੀ ਹੈ। ਕੁੱਲ ਮਿਲਾ ਕੇ ਤੇਰੀ ਹਾਲਤ ਪਤਲੀ ਅਤੇ ਨਾਜ਼ੁਕ ਹੈ। ਤੇਰੇ ਆਪਣਿਆਂ ਨੇ ਤੈਨੂੰ ਦਗ਼ਾ ਦੇ ਦਿੱਤਾ ਹੈ। ਮੈਂ ਤੇਰਾ ਜਵਾਬ ਅੱਜ ਸ਼ਾਮ 6.30 ਵਜੇ ਤੱਕ ਉਡੀਕਾਂਗਾ। ਇਸ ਤਰ੍ਹਾਂ ਨਾ ਹੋਣ ’ਤੇ ਭਲਕੇ ਸਵੇਰ ਦੀ ਪਹਿਲੀ ਕਿਰਨ ਨਾਲ ਮੈਂ ਮਜਬੂਰ ਹੋ ਕੇ ਆਖ਼ਰੀ ਹੱਲਾ ਬੋਲ ਦਿਆਂਗਾ। ਮੈਨੂੰ 40 ਏਅਰ ਸੌਰਟੀਜ਼ ਅਲਾਟ ਹੋ ਗਈਆਂ ਹਨ ਅਤੇ ਹੋਰ ਵੀ ਮਿਲ ਜਾਣਗੀਆਂ। ਤੁਹਾਡੇ ਫੜੇ ਗਏ ਜੰਗੀ ਕੈਦੀਆਂ ਨੇ ਤੁਹਾਡੀ ਗਿਣਤੀ ਅਤੇ ਪੁਜ਼ੀਸ਼ਨਾਂ ਦੱਸ ਦਿੱਤੀਆਂ ਹਨ। ਤੇਰੇ ਕੈਦੀ ਠੀਕ ਠਾਕ ਨੇ। ਮੈਂ ਉਮੀਦ ਕਰਦਾ ਹਾਂ ਕਿ ਮੇਰੇ ਏਲਚੀ ਨੂੰ ਬਣਦੀ ਰਸਮੀ ਸੁਰੱਖਿਆ ਅਤੇ ਬਚਾਅ ਦਿੱਤਾ ਜਾਵੇਗਾ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ।”
ਲੈਫਟੀਨੈਂਟ ਅਹਿਮਦ ਸੁਲਤਾਨ ਸੀ ਓ 31 ਬਲੋਚ ਨੇ ਇੱਕ ਚੀਨੀ ਮਾਅਰਕਾ ਗੋਲੀ ਨਾਲ ਚਿੱਠੀ ਦਾ ਜੁਆਬ ਭੇਜਿਆ। ਫ਼ੌਜੀ ਰਵਾਇਤਾਂ ਮੁਤਾਬਿਕ ਬੁਲੇਟ ਭੇਜਣ ਦਾ ਭਾਵ ਹੁੰਦਾ ਹੈ ਕਿ ਮੈਂ ਜੰਗ ਲਈ ਕਾਹਲਾ ਹਾਂ, ਜੰਗ ਮਨਜ਼ੂਰ ਹੈ)। ਸੁਲਤਾਨ ਦਾ ਜਵਾਬ ਇਸ ਤਰ੍ਹਾਂ ਸੀ:
“ਉਮੀਦ ਹੈ ਮੇਰਾ ਇਹ ਖ਼ਤ ਤੁਹਾਨੂੰ ਚੜ੍ਹਦੀ ਕਲਾ ਵਿੱਚ ਲਿਆਵੇਗਾ। ਸਮਰਪਣ ਕਰ ਦੇਣ ਬਾਰੇ ਤੁਹਾਡਾ ਖ਼ਤ ਮਿਲਿਆ। ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜੋ ਲੜਾਈ ਤੁਸੀਂ ਵੇਖੀ ਹੈ, ਬਹੁਤ ਘੱਟ ਹੈ ਅਸਲ ਵਿੱਚ ਲੜਾਈ ਤਾਂ ਹਾਲੇ ਸ਼ੁਰੂ ਹੀ ਨਹੀਂ ਹੋਈ। ਇਸ ਲਈ ਹਥਿਆਰ ਸੁੱਟਣ ਦੀ ਗੱਲ ਛੱਡ ਕੇ ਲੜਨ ਦੀ ਗੱਲ ਕਰੀਏ। 40 ਏਅਰ ਸੌਰਟੀਜ਼ ਘੱਟ ਪੈਣਗੀਆਂ, ਹੋਰ ਮੰਗ ਲਵੋ। ਮੈਸੇਂਜਰ ਦਾ ਖ਼ਿਆਲ ਰੱਖਣ ਦੀ ਗੱਲ ਬੇਮਾਅਨੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਤੁਸੀਂ ਮੇਰੇ ਜਵਾਨਾਂ ਨੂੰ ਜਾਣਦੇ ਹੀ ਨਹੀਂ। ਤੁਸੀਂ ਉਨ੍ਹਾਂ ਨੂੰ ਅੰਡਰ ਐਸਟੀਮੇਟ ਕੀਤਾ ਹੈ। ਉਮੀਦ ਹੈ ਉਸ ਨੂੰ ਸਾਡੀ ਚਾਹ ਸਵਾਦ ਲੱਗੀ ਹੋਵੇਗੀ। ਮੁਕਤੀਆਂ (ਮੁਕਤੀ ਬਾਹਿਨੀ ਵਾਲਿਆਂ) ਨੂੰ ਮੇਰਾ ਪਿਆਰ ਦੇਣਾ। ਮੈਂ ਅਗਲੀ ਵਾਰ ਤੇਰੇ ਹੱਥ ਵਿੱਚ ਸਟੇਨਗੰਨ ਦੇਖਣੀ ਚਾਹਾਂਗਾ, ਨਾ ਕਿ ਕਲਮ ਜਿਸ ’ਤੇ ਤੇਰੀ ਮਾਸਟਰੀ (ਨਿਪੁੰਨਤਾ) ਹੈ।”
ਲੜਾਈ ਲਈ ਹੁਣ ਮੈਦਾਨ ਤਿਆਰ ਸੀ। ਦਸ ਦਸੰਬਰ ਦੀ ਰਾਤ ਨੂੰ ਸਾਡੇ ਬ੍ਰਿਗੇਡ ਨੇ ਇੱਕ ਪਾਸੇ ਦੀ ਹੋ ਕੇ ਜਮਾਲਪੁਰ ਗੈਰੀਸਨ ਘੇਰ ਲਿਆ। ਹਮਲਾ ਰਾਤ ਸਾਢੇ ਦਸ ਵਜੇ ਸ਼ੁਰੂ ਹੋਇਆ। ਜਦੋਂ ਅਸੀਂ ਕਰਨਲ ਸੁਲਤਾਨ ਦੀ ਪੁਜ਼ੀਸ਼ਨ ਦੇ ਪਿੱਛੇ ਜਾ ਕੇ ਰਾਹ ਰੋਕ ਲਿਆ ਅਤੇ ਫਸਟ ਮਰਾਠਾ ਲਾਈਟ ਇਨਫੈਂਟਰੀ ਪਿੱਛੇ ਨਿਕਲਣ ਵਾਲੇ ਰਾਹ ’ਤੇ ਲੱਗ ਗਈ ਤਾਂ ਸੀ ਓ 31 ਬਲੋਚ ਨੇ ਮਰਾਠਿਆਂ ’ਤੇ ਜ਼ਬਰਦਸਤ ਹਮਲਾ ਕਰ ਦਿੱਤਾ। ਉਸ ਰਾਤ ਸਿਵਾਏ ਤੋਪਖਾਨੇ ਦੇ ਨੈੱਟ ਦੇ ਬਾਕੀ ਕੁੱਲ ਵਾਇਰਲੈੱਸ ਸਾਇਲੈਂਸ ਚੱਲ ਰਹੇ ਸਨ, ਭਾਵ ਅਗਲੇ ਹੁਕਮਾਂ ਤੱਕ ਇਸ ’ਤੇ ਗੱਲਬਾਤ ਦੀ ਮਨਾਹੀ ਸੀ। ਕਰਨਲ ਸੁਲਤਾਨ ਦਾ ਹਮਲਾ ਬਹੁਤ ਜ਼ੋਰਦਾਰ ਸੀ ਅਤੇ ਉਸ ਨੇ ਫਸਟ ਮਰਾਠਾ ਨੂੰ ਤਕਰੀਬਨ ਦਰੜ ਹੀ ਦਿੱਤਾ ਸੀ।
ਫਸਟ ਮਰਾਠਾ ਰੈਜੀਮੈਂਟ ਨਾਲ ਗਏ ਸਾਡੇ ਆਰ ਟੀ ਓਪੀ ਅਫਸਰ ਕੈਪਟਨ ਪੀ ਪੀ ਭਗਤ, ਜਿਸ ਨੂੰ ਅਸੀਂ ਹਾਸੇ ਵਿੱਚ ਪੱਪੂ ਕਹਿੰਦੇ ਸਾਂ, ਨੇ ਛੇਤੀ ਤੋਂ ਛੇਤੀ ‘ਰੈੱਡ ਓਵਰ ਰੈੱਡ’ ਮੰਗਿਆ, ਭਾਵ ਮੇਰੀ ਆਪਣੀ ਪੁਜ਼ੀਸ਼ਨ ’ਤੇ ਗੋਲੇ ਦਾਗੋ। ਪਹਿਲਾਂ ਇੱਕ ਗੰਨ ਰਾਹੀਂ ਸਮੋਕ ਬੰਬ (ਧੂੰਆਂ ਕਰਨ ਵਾਲਾ) ਸੁੱਟਿਆ ਗਿਆ ਤੇ ਇਸ ਮਗਰੋਂ ਛੇ ਦੀਆਂ ਛੇ ਤੋਪਾਂ ਨੇ ਹਾਈ ਐਕਸਪਲੋਸਿਵ ਦਾਗੇ। ਹਮਲਾ ਲਗਾਤਾਰ ਤੇ ਬਹੁਤ ਤੇਜ਼ੀ ਨਾਲ ਕੀਤਾ ਗਿਆ। ਇੱਕ ਮੌਕਾ ਤਾਂ ਅਜਿਹਾ ਆਇਆ ਜਦੋਂ ਸਾਡੇ ਗੰਨ ਪੁਜ਼ੀਸ਼ਨ ਅਫਸਰ (ਜੋ ਗੰਨਾਂ ਕੋਲ ਹੁੰਦਾ ਹੈ) ਨੇ ‘ਗੰਨਾਂ ਗਰਮ’ ਦਾ ਸੰਦੇਸ਼ ਦਿੱਤਾ। ਇਹ ਹਾਲਾਤ ਕਦੇ ਕਦਾਈਂ ਹੀ ਬਣਦੇ ਹਨ।
ਇਸ ਲੜਾਈ ’ਚ ਤੋਪਖਾਨੇ ਦੇ ਗੋਲਿਆਂ ਨੇ ਸੁਲਤਾਨ ਦੇ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਅਗਲੀ ਸਵੇਰ ਜਦ ਮੈਂ ਮੌਕੇ ’ਤੇ ਪਹੁੰਚਿਆ ਤਾਂ ਚਿੱਕੜ ਅਤੇ ਮਿੱਟੀ ਨਾਲ ਲੱਥਪਥ ਕੈਪਟਨ ਭਗਤ ਮੋਰਚੇ ’ਚੋਂ ਨਿਕਲਿਆ ਤੇ ਕਿਹਾ, “ਡੈਡੀ (ਉਹ ਮੈਨੂੰ ਲਾਡ ਵਿੱਚ ਡੈਡੀ ਕਹਿੰਦਾ ਹੁੰਦਾ ਸੀ) ਵੇਖ ਲਓ, ਇਹ ਜੋ ਮਰੇ ਹਨ ਗਿਣ ਲਵੋ- ਕਿੰਨੇ ਗੋਲੀ ਨਾਲ ਅਤੇ ਕਿੰਨੇ ਸਾਡੇ ਬੰਬਾਂ ਨਾਲ ਮਰੇ ਹਨ।” ਲੜਾਈ ਦਾ ਮੈਦਾਨ, ਲਾਸ਼ਾਂ ਅਤੇ ਹਥਿਆਰਾਂ ਨਾਲ ਭਰਿਆ ਪਿਆ ਸੀ। ਅਸੀਂ 235 ਲਾਸ਼ਾਂ, 23 ਜ਼ਖ਼ਮੀ, 61 ਜੰਗੀ ਕੈਦੀ ਅਤੇ ਕਈ ਕਿਸਮ ਦੇ ਹਥਿਆਰ ਇਕੱਠੇ ਕੀਤੇ।
ਜਦੋਂ ਅਸੀਂ ਢਾਕਾ ਪਹੁੰਚੇ ਅਤੇ ਪੂਰਬੀ ਪਾਕਿਸਤਾਨ ਵਿਚਲੀ ਫ਼ੌਜ ਨੇ ਹਥਿਆਰ ਸੁੱਟ ਕੇ ਸਮਰਪਣ ਕਰ ਦਿੱਤਾ ਤਾਂ ਮੈਨੂੰ ਪਾਕਿਸਤਾਨੀ ਫ਼ੌਜ ਦੇ ਲੈਫਟੀਨੈਂਟ ਕਰਨਲ ਅਹਿਮਦ ਸੁਲਤਾਨ ਨੂੰ ਮਿਲਣ ਦਾ ਮੌਕਾ ਮਿਲਿਆ। ਉਹ ਛੇ ਫੁੱਟ ਤੋਂ ਉੱਚਾ, ਤਕੜੇ ਜੁੱਸੇ ਵਾਲਾ, ਇੱਕ ਵਧੀਆ ਫ਼ੌਜੀ ਅਫਸਰ ਅਤੇ ਚੰਗੇ ਘਰ ਦਾ ਸਾਊ ਆਦਮੀ ਲੱਗਿਆ। ਉਸ ਨੇ ਮੈਨੂੰ ਕਿਹਾ, “ਮੈਂ ਉਸ ਅਫਸਰ ਨੂੰ ਮਿਲਣਾ ਚਾਹੁੰਦਾ ਹਾਂ, ਜੋ 10 ਦਸੰਬਰ 1971 ਦੀ ਰਾਤ ਨੂੰ ਮੇਰੇ ਟਰੁੁੱਪਸ ’ਤੇ ਤੋਪਖਾਨੇ ਦਾ ਫਾਇਰ ਡਾਇਰੈਕਟ ਕਰ ਰਿਹਾ ਸੀ।’’ ਮੈਂ ਕੈਪਟਨ ਭਗਤ ਨੂੰ ਸੱਦਿਆ, ਜੋ ਪੰਜ ਫੁੱਟ ਤੋਂ ਮਾੜਾ ਜਿੰਨਾ ਉੱਚਾ ਸੀ ਤੇ ਕਰਨਲ ਸੁਲਤਾਨ ਦੇ ਲੰਮੇ ਉੱਚੇ ਕੱਦ ਅੱਗੇ ਨਿਕਚੂ ਜਿਹਾ ਲੱਗ ਰਿਹਾ ਸੀ।
ਕਰਨਲ ਸੁਲਤਾਨ ਨੇ ਕੈਪਟਨ ਭਗਤ ਨੂੰ ਪੁੱਛਿਆ, ‘‘ਨੌਜਵਾਨ ਕੀ ਤੈਨੂੰ ਕੋਈ ਬਹਾਦਰੀ ਦਾ ਤਗ਼ਮਾ ਜਾਂ ਡੈਕੋਰੇਸ਼ਨ ਮਿਲੀ ਹੈ?’’ ਭਗਤ ਦੇ ਨਾਂਹ ਵਿੱਚ ਜੁਆਬ ਦੇਣ ’ਤੇ ਉਸ ਨੇ ਹੈਰਾਨੀ ਵਿੱਚ ਕਿਹਾ, ‘‘ਕੋਈ ਇਨਾਮ ਨਹੀਂ ਮਿਲਿਆ? ਜੇਕਰ ਮੈਂ ਤੇਰਾ ਸੀ ਓ ਹੁੰਦਾ ਤਾਂ ਸਰਵਉੱਚ ਬਹਾਦਰੀ ਦਾ ਇਨਾਮ ਲੈ ਕੇ ਦਿੰਦਾ। ਉਸ ਰਾਤ ਮੇਰਾ ਅਟੈਕ ਤੇਰੇ ਕਰਕੇ ਫੇਲ੍ਹ ਹੋਇਆ ਸੀ, ਨਹੀਂ ਮੈਂ ਤਾਂ ਤੁਹਾਡੀ ਪੁਜ਼ੀਸ਼ਨ ਓਵਰ-ਰਨ (ਦਰੜ) ਕਰ ਹੀ ਦਿੱਤੀ ਸੀ।’’
ਫਿਰ ਸੁਲਤਾਨ ਅਤੇ ਮੈਂ ਦੋਵੇਂ ਅਫ਼ਸਰਾਂ ਵਜੋਂ ਵੀ ਅਤੇ ਪੰਜਾਬੀਆਂ ਵਜੋਂ ਵੀ ਹੋਰ ਗੱਲਾਂ ਕਰਦੇ ਰਹੇ, ਭਾਵੇਂ ਕਿ ਅਸੀਂ ਅੱਡ ਅੱਡ ਦੇਸ਼ਾਂ ਦੇ ਸੈਨਿਕ ਹੋ ਕੇ ਲੜੇ ਸਾਂ।
(ਪੁਸਤਕ ‘ਸਿੱਖ ਪਾਇਨਿਅਰਜ਼ ਤੋਂ ਕਾਲੀਧਾਰ ਪਲਟਨ’ ਵਿੱਚੋਂ)
- ਅਨੁਵਾਦ: ਕਰਨਲ ਬਲਬੀਰ ਸਿੰਘ ਸਰਾਂ (ਸੇਵਾਮੁਕਤ)

