DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੇਰਾ ਕੀਆ ਮੀਠਾ ਲਾਗੈ

ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਦੱਬੇ-ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚੇਤੰਨ ਹੋਏ ਹਨ, ਪਰ ਸਜ਼ਾ ਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਵਿੱਚ ਮੁੱਖ ਰੁਕਾਵਟ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ...

  • fb
  • twitter
  • whatsapp
  • whatsapp
Advertisement

ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਦੱਬੇ-ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚੇਤੰਨ ਹੋਏ ਹਨ, ਪਰ ਸਜ਼ਾ ਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਵਿੱਚ ਮੁੱਖ ਰੁਕਾਵਟ ਹੈ। ਉਨ੍ਹਾਂ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਦ੍ਰਿੜ੍ਹ ਕਰਵਾਇਆ ਕਿ ਪਰਮਾਤਮਾ ਹੀ ਸਦੀਵੀ ਸੱਚ ਹੈ। ਜਿਹੜੇ ਪਰਮਾਤਮਾ ਦੇ ਦੱਸੇ ਰਸਤੇ ਉੱਤੇ ਤੁਰਦੇ ਹਨ ਅਤੇ ਉਸ ਉੱਤੇ ਹੀ ਭਰੋਸਾ ਕਰਦੇ ਹਨ, ਉਹ ਉਨ੍ਹਾਂ ਦੇ ਅੰਗ-ਸੰਗ ਸਹਾਈ ਰਹਿੰਦਾ ਹੈ।

ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਦੱਬੇ-ਕੁਚਲੇ ਲੋਕ ਉਦੋਂ ਹੀ ਸਿਰ ਚੁੱਕ ਕੇ ਜਿਊਂ ਸਕਦੇ ਹਨ, ਜਦੋਂ ਇਨ੍ਹਾਂ ਦੇ ਮਨਾਂ ਵਿੱਚੋਂ ਮੌਤ ਦਾ ਡਰ ਦੂਰ ਕੀਤਾ ਜਾਵੇ। ਜਾਬਰਾਂ ਦੇ ਜ਼ੁਲਮ ਤੋਂ ਡਰਦੇ ਹੀ ਇਹ ਉਨ੍ਹਾਂ ਦੀ ਗ਼ੁਲਾਮੀ ਕਰਦੇ ਹਨ। ਗੁਰੂ ਅਰਜਨ ਦੇਵ ਜੀ ਨੇ ਲੋਕਾਈ ਦੇ ਮਨਾਂ ਵਿੱਚੋਂ ਜਬਰ ਅਤੇ ਮੌਤ ਦਾ ਡਰ ਦੂਰ ਕਰਨ ਲਈ ਆਪਣੀ ਅਦੁੱਤੀ ਸ਼ਹਾਦਤ ਦਿੱਤੀ। ਦੁਨੀਆ ਵਿੱਚ ਪਹਿਲਾਂ ਕਦੇ ਕਿਸੇ ਨੇ ਇੰਝ ਸ਼ਹੀਦੀ ਪ੍ਰਾਪਤ ਨਹੀਂ ਕੀਤੀ ਸੀ। ਗੁਰੂ ਜੀ ਦੀ ਸ਼ਹਾਦਤ ਕਿਸੇ ਰਾਜ-ਪ੍ਰਾਪਤੀ ਲਈ ਨਹੀਂ ਸੀ, ਸਗੋਂ ਲੋਕ-ਹੱਕਾਂ ਦੀ ਰਾਖੀ ਲਈ ਸੀ, ਜਿਹੜੇ ਸਦੀਆਂ ਤੋਂ ਜਬਰ-ਜ਼ੁਲਮ ਸਹਿੰਦੇ ਹੋਏ ਪਸ਼ੂਆਂ ਤੋਂ ਵੀ ਭੈੜਾ ਜੀਵਨ ਜਿਊਂ ਰਹੇ ਸਨ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ 1563 ਨੂੰ ਗੋਇੰਦਵਾਲ ਸਾਹਿਬ ਵਿੱਚ ਹੋਇਆ। ਉਹ ਚੌਥੇ ਪਾਤਸ਼ਾਹ, ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਦੀ ਮਾਤਾ ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਪੰਜਵੇਂ ਗੁਰੂ ਸਿਰਫ਼ 43 ਸਾਲ ਦੀ ਉਮਰ ਵਿੱਚ 30 ਮਈ 1606 ਨੂੰ ਜੋਤੀ-ਜੋਤਿ ਸਮਾ ਗਏ। ਉਹ ਗੁਰਗੱਦੀ ’ਤੇ ਪਹਿਲੀ ਸਤੰਬਰ 1581 ਨੂੰ ਬਿਰਾਜਮਾਨ ਹੋਏ ਅਤੇ 25 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਅਜਿਹੇ ਕਾਰਜ ਕਰ ਗਏ, ਜਿਨ੍ਹਾਂ ਨੇ ਨਵਾਂ ਇਤਿਹਾਸ ਸਿਰਜਿਆ।

Advertisement

ਜਿੱਥੇ ਆਮ ਕਰਕੇ ਧਾਰਮਿਕ ਸਥਾਨਾਂ ਦਾ ਨਿਰਮਾਣ ਉੱਚੀ ਥਾਂ ਕੀਤਾ ਜਾਂਦਾ ਹੈ, ਉੱਥੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਨੀਵੀਂ ਥਾਂ ਕੀਤਾ ਤਾਂ ਜੋ ਪੌੜੀਆਂ ਉਤਰਦਾ ਹੋਇਆ ਇਨਸਾਨ ਆਪਣੀ ਹਉਮੈ ਤਿਆਗ ਕੇ ਨਿਮਰਤਾ ਦੀ ਮੂਰਤ ਬਣ ਜਾਵੇ। ਹਰਿਮੰਦਰ ਸਾਹਿਬ ਦੀ ਉਸਾਰੀ ਸਰੋਵਰ ਦੇ ਵਿਚਕਾਰ ਕੀਤੀ ਗਈ ਤਾਂ ਜੋ ਪਵਿੱਤਰ ਸਰੋਵਰ ਦੀ ਪਰਿਕਰਮਾ ਕਰਦਾ ਹੋਇਆ ਮਨੁੱਖ ਕ੍ਰੋਧ ਤਿਆਗ ਕੇ ਸ਼ੀਤਲ ਹੋ ਜਾਵੇ। ਗੁਰੂ ਜੀ ਨੇ ਹਰਿਮੰਦਰ ਸਾਹਿਬ ਨੂੰ ਸਾਰੀ ਮਾਨਵਤਾ ਦਾ ਪ੍ਰਤੀਕ ਬਣਾਉਣ ਲਈ ਇਸ ਦੇ ਚਾਰੇ ਪਾਸੇ ਚਾਰ ਦਰਵਾਜ਼ੇ ਰਖਵਾਏ। ਉਦੋਂ ਸਾਰੀ ਲੋਕਾਈ ਨੂੰ ਚਾਰ ਵਰਣਾਂ ਵਿੱਚ ਵੰਡਿਆ ਗਿਆ ਸੀ। ਇੰਝ ਗੁਰੂ ਜੀ ਨੇ ਊਚ-ਨੀਚ ਤੇ ਅਮੀਰ-ਗ਼ਰੀਬ ਦਾ ਭੇਦ ਮਿਟਾ ਕੇ ਸਰਬ-ਸਾਂਝੇ ਧਾਰਮਿਕ ਸਥਾਨ ਦਾ ਨਿਰਮਾਣ ਕੀਤਾ, ਜਿਸ ਨੂੰ ਅਸਲੀ ਸ਼ਬਦਾਂ ਵਿੱਚ ਰੱਬ ਦਾ ਘਰ ਆਖਿਆ ਜਾ ਸਕਦਾ ਹੈ। ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਉਸ ਸਮੇਂ ਦੇ ਪਹੁੰਚੇ ਹੋਏ ਪੀਰ, ਸਾਈਂ ਮੀਆਂ ਮੀਰ ਜੀ ਤੋਂ ਰਖਵਾ ਕੇ ਧਰਮ ਦੇ ਨਾਮ ਉੱਤੇ ਪਈਆਂ ਵੰਡੀਆਂ ਨੂੰ ਮੇਟ ਦਿੱਤਾ।

Advertisement

ਗੁਰੂ ਅਰਜਨ ਦੇਵ ਜੀ ਨੇ ਅਨੁਭਵ ਕੀਤਾ ਕਿ ਲੋਕਾਂ ਵਿੱਚ ਮਾਣ ਨਾਲ ਜਿਊਣ ਦੀ ਤਾਂਘ ਪੈਦਾ ਕਰਨੀ ਹੀ ਕਾਫ਼ੀ ਨਹੀਂ ਹੈ ਸਗੋਂ ਉਨ੍ਹਾਂ ਲਈ ਇੱਕ ਸਦੀਵੀ ਜੀਵਨ-ਜਾਚ ਬਣਾਉਣ ਦੀ ਲੋੜ ਹੈ, ਜਿਸ ਦੀ ਸੇਧ ਵਿੱਚ ਉਹ ਸੱਚ, ਹੱਕ ਅਤੇ ਬਰਾਬਰੀ ਵਾਲਾ ਜੀਵਨ ਜਿਊਂ ਸਕਣ। ਉਨ੍ਹਾਂ ਨੇ ਮਨੁੱਖਤਾ ਲਈ ਜੁਗੋ-ਜੁਗ ਅਟੱਲ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਰੂਪ ਆਦਿ ਗ੍ਰੰਥ) ਦੀ ਸੰਪਾਦਨਾ ਕੀਤੀ। ਆਦਿ ਗ੍ਰੰਥ ਦੀ ਰਚਨਾ ਅਤੇ ਸੰਪਾਦਨਾ ਲਈ ਉਨ੍ਹਾਂ ਨੇ ਤਿੰਨ ਸਾਲ ਸਖ਼ਤ ਮਿਹਨਤ ਕੀਤੀ। ਸਾਰੇ ਦੇਸ਼ ਵਿੱਚੋਂ ਸੰਤਾਂ ਅਤੇ ਭਗਤਾਂ ਦੀ ਸਰਬ-ਸਾਂਝੀ ਬਾਣੀ (ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਇਕੱਤਰ ਕੀਤਾ ਸੀ) ਦੇ ਨਾਲ-ਨਾਲ ਹੋਰ ਭਗਤਾਂ, ਭੱਟਾਂ ਤੇ ਮਹਾਂਪੁਰਖਾਂ ਦੀ ਬਾਣੀ ਇਕੱਠੀ ਕੀਤੀ। ਉਸ ਨੂੰ ਪਰਖਿਆ ਅਤੇ ਸੱਚੀ ਬਾਣੀ ਨੂੰ ਨਿਖੇੜਿਆ। ਸੰਪਾਦਨਾ ਲਈ ਵਿਆਕਰਨ ਦਾ ਨਿਰਮਾਣ ਕੀਤਾ ਅਤੇ ਉਸੇ ਵਿਆਕਰਨ ਦੇ ਆਧਾਰ ਉੱਤੇ ਬਾਣੀ ਨੂੰ ਤਰਤੀਬ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜਿਹਾ ਮਹਾਨ ਧਾਰਮਿਕ ਗ੍ਰੰਥ ਹੈ, ਜੋ ਸਾਰੀ ਮਾਨਵਤਾ ਲਈ ਹੈ ਕਿਉਂਕਿ ਉਸ ਵਿੱਚ ਚਾਰੇ ਵਰਣਾਂ ਦੇ ਸੰਤਾਂ ਅਤੇ ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਬਾਣੀ ਮਹਾਰਾਸ਼ਟਰ ਤੋਂ ਲੈ ਕੇ ਬੰਗਾਲ ਤੱਕ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਬਾਣੀ ਦੀ ਰਚਨਾ ਇੱਕ ਸਮੇਂ ਵਿੱਚ ਨਹੀਂ ਸਗੋਂ ਪੰਜ ਸਦੀਆਂ ਵਿੱਚ ਹੋਈ ਹੈ। ਇੰਝ ਇਹ ਬਾਣੀ ਸਰਬ ਸਾਂਝੀ ਅਤੇ ਸਦੀਵੀ ਹੈ। ਸ਼ਬਦ ਨੂੰ ਜਦੋਂ ਸੰਗੀਤ ਰਾਹੀਂ ਸਰਵਣ ਕੀਤਾ ਜਾਵੇ ਤਾਂ ਉਸ ਦਾ ਪ੍ਰਭਾਵ ਲਾਸਾਨੀ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਸ਼ਬਦਾਂ ਦੇ ਗਾਇਨ ਲਈ ਗੁਰੂ ਜੀ ਨੇ ਰਾਗ ਨਿਰਧਾਰਤ ਕੀਤੇ ਤਾਂ ਜੋ ਨਿਰਧਾਰਤ ਰਾਗਾਂ ਵਿੱਚ ਢੁਕਵੇਂ ਸਮੇਂ ਹੋਏ ਗੁਰਬਾਣੀ ਦੇ ਕੀਰਤਨ ਦਾ ਸਰੋਤਿਆਂ ਉੱਤੇ ਅਸਰ ਹੋ ਸਕੇ। ਗੁਰੂ ਅਰਜਨ ਦੇਵ ਜੀ ਵੱਲੋਂ ਸ਼ੁਰੂ ਕੀਤੀ ਲੋਕ-ਚੇਤਨਾ ਦੀ ਲਹਿਰ ਦਿਨੋ-ਦਿਨ ਮਜ਼ਬੂਤ ਹੋ ਰਹੀ ਸੀ। ਲੋਕੀਂ ਜਾਤ-ਪਾਤ, ਛੂਤ-ਛਾਤ ਅਤੇ ਅਮੀਰੀ-ਗ਼ਰੀਬੀ ਨੂੰ ਭੁੱਲ ਕੇ ਸੰਗਤ ਅਤੇ ਪੰਗਤ ਵਿੱਚ ਬਰਾਬਰ ਬੈਠਣ ਲੱਗ ਪਏ ਸਨ। ਨੀਵੀਆਂ ਧੌਣਾਂ ਉੱਚੀਆਂ ਹੋਣ ਲੱਗੀਆਂ। ਧਾਰਮਿਕ ਕਰਮ-ਕਾਂਡ ਬੰਦ ਹੋਣ ਲੱਗੇ। ਧਰਮ ਦੇ ਅਖੌਤੀ ਠੇਕੇਦਾਰਾਂ ਦੀਆਂ ਕੂੜ ਦੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਤਾਂ ਉਨ੍ਹਾਂ ਦਾ ਗੁੱਸਾ ਕੁਦਰਤੀ ਸੀ। ਉਨ੍ਹਾਂ ਨੇ ਮੌਕੇ ਦੇ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਗੁਰੂ ਜੀ ਦੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦਾ ਸੇਕ ਸ਼ਾਹੀ ਮਹਿਲਾਂ ਤੀਕ ਵੀ ਪੁੱਜ ਗਿਆ। ਬਾਦਸ਼ਾਹ ਜਹਾਂਗੀਰ ਨੂੰ ਆਪਣੇ ਵਿਰੁੱਧ ਬਗ਼ਾਵਤ ਦਾ ਭੈਅ ਹੋਣ ਲੱਗਿਆ। ਬਾਦਸ਼ਾਹ ਮੌਕੇ ਦੀ ਤਲਾਸ਼ ਵਿੱਚ ਸੀ ਤਾਂ ਜੋ ਗੁਰੂ ਜੀ ਵਿਰੁੱਧ ਕੋਈ ਕਾਰਵਾਈ ਕੀਤੀ ਜਾ ਸਕੇ। ਉਸ ਨੂੰ ਇਹ ਬਹਾਨਾ ਵੀ ਜਲਦੀ ਹੀ ਮਿਲ ਗਿਆ। ਉਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਪੰਜਾਬ ਵਿੱਚੋਂ ਲੰਘ ਰਿਹਾ ਖੁਸਰੋ ਮਿਰਜ਼ਾ, ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਉਸ ਨੇ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਬਾਦਸ਼ਾਹ ਜਹਾਂਗੀਰ ਨੇ ਇੱਕ ਬਾਗ਼ੀ ਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਗੁਰੂ ਜੀ ਦੀ ਗ੍ਰਿਫ਼ਤਾਰੀ ਦਾ ਹੁਕਮ ਦੇ ਦਿੱਤਾ। ਮਨੁੱਖਤਾ ਦੇ ਮਨੋਂ ਜ਼ੁਲਮ ਅਤੇ ਮੌਤ ਦਾ ਡਰ ਦੂਰ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿੱਚ ਅਦੁੱਤੀ ਸ਼ਹਾਦਤ ਦਿੱਤੀ। ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਸੀਸ ਉੱਤੇ ਤੱਤੀ ਰੇਤ ਪਾਈ ਗਈ, ਉੱਬਲਦੀ ਦੇਗ ਵਿੱਚ ਉਬਾਲਿਆ ਗਿਆ ਤੇ ਮੁੜ ਰਾਵੀ ਦੇ ਠੰਢੇ ਪਾਣੀ ਵਿੱਚ ਡੁਬੋਇਆ ਗਿਆ। ਉਨ੍ਹਾਂ ਨੇ ਜਾਬਰ ਦੇ ਤਸ਼ੱਦਦ ਨੂੰ ਸ਼ਾਂਤੀ ਨਾਲ ਰੱਬ ਦਾ ਸਿਮਰਨ ਕਰਦੇ ਹੋਏ ਝੱਲਿਆ। ਜਦੋਂ ਉਨ੍ਹਾਂ ਉੱਤੇ ਜ਼ੁਲਮ ਹੋ ਰਿਹਾ ਸੀ ਤਾਂ ਸਾਈਂ ਮੀਆਂ ਮੀਰ ਜੀ ਤੋਂ ਇਹ ਵੇਖਿਆ ਨਾ ਗਿਆ। ਉਨ੍ਹਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ‘‘ਗੁਰੂ ਸਾਹਿਬ, ਤੁਸੀਂ ਇਜਾਜ਼ਤ ਦੇਵੋ ਤਾਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ।’’ ਗੁਰੂ ਜੀ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਮੁਗ਼ਲ ਹਕੂਮਤ ਨੂੰ ਯਕੀਨ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਇਹ ਲਹਿਰ ਖ਼ਤਮ ਹੋ ਜਾਵੇਗੀ, ਪਰ ਇਸ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਸਿੱਖਾਂ ਦੇ ਮਨਾਂ ਵਿੱਚੋਂ ਮੌਤ ਦਾ ਭੈਅ ਦੂਰ ਹੋ ਗਿਆ। ਇਉਂ ਜਬਰ ਅੱਗੇ ਡਟਦਿਆਂ ਪੰਜਵੇਂ ਗੁਰੂ ਦੀ ਸ਼ਹੀਦੀ ਨਾਲ ਸ਼ੁਰੂ ਹੋਏ ਸ਼ਹਾਦਤਾਂ ਦੇ ਸਿਲਸਿਲੇ ਨੇ ਨਿਵੇਕਲਾ ਇਤਿਹਾਸ ਸਿਰਜਿਆ।

Advertisement
×