DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦਲਿਤ ਹੋ... ਚੁੱਪ ਰਹੋ

ਜਾਤ-ਪਾਤ ਦਾ ਵਰਤਾਰਾ ਸਾਡੇ ਦੇਸ਼ ਵਿੱਚ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਕਥਿਤ ਨੀਵੀਆਂ ਜਾਤਾਂ ਨਾਲ ਕੀਤਾ ਜਾਂਦਾ ਦੁਰਵਿਹਾਰ ਧਰਮ ਬਦਲਣ ਨਾਲ ਵੀ ਬੰਦ ਨਹੀਂ ਹੋਇਆ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਇਹ ਸਮਾਜਿਕ ਕੁਰੀਤੀ ਖ਼ਤਮ ਨਹੀਂ ਕੀਤੀ ਜਾ ਸਕੀ। ਇਹ ਵਿਤਕਰਾ...

  • fb
  • twitter
  • whatsapp
  • whatsapp
featured-img featured-img
ਹਾਥਰਸ ਵਿੱਚ ਪੀੜਤ ਧੀ ਦਾ ਪੁਲੀਸ ਵੱਲੋਂ ਚੁੱਪ ਚੁਪੀਤੇ ਸਸਕਾਰ ਕੀਤੇ ਜਾਣ ਦਾ ਦ੍ਰਿਸ਼
Advertisement

ਜਾਤ-ਪਾਤ ਦਾ ਵਰਤਾਰਾ ਸਾਡੇ ਦੇਸ਼ ਵਿੱਚ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਕਥਿਤ ਨੀਵੀਆਂ ਜਾਤਾਂ ਨਾਲ ਕੀਤਾ ਜਾਂਦਾ ਦੁਰਵਿਹਾਰ ਧਰਮ ਬਦਲਣ ਨਾਲ ਵੀ ਬੰਦ ਨਹੀਂ ਹੋਇਆ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਇਹ ਸਮਾਜਿਕ ਕੁਰੀਤੀ ਖ਼ਤਮ ਨਹੀਂ ਕੀਤੀ ਜਾ ਸਕੀ। ਇਹ ਵਿਤਕਰਾ ਵੱਖ-ਵੱਖ ਰੂਪਾਂ ’ਚ ਅੱਜ ਵੀ ਜਾਰੀ ਹੈ। ਹਥਲਾ ਲੇਖ ਇੱਕੀਵੀਂ ਸਦੀ ਵਿੱਚ ਦਲਿਤਾਂ ਨਾਲ ਹੁੰਦੇ ਇਸ ਵਿਤਕਰੇ ਅਤੇ ਜ਼ੁਲਮਾਂ ਦੀ ਬਾਤ ਪਾਉਂਦਾ ਹੈ।

ਸੰਗਰੂਰ ਵਿੱਚ ਸਨਮਦੀਪ ਸਿੰਘ ਲਈ ਨਿਆਂ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ।
ਸੰਗਰੂਰ ਵਿੱਚ ਸਨਮਦੀਪ ਸਿੰਘ ਲਈ ਨਿਆਂ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ।

‘‘ਅਸੀਂ ਦਲਿਤ ਹਾਂ, ਏਹੀ ਹੈ ਸਾਡਾ ਗੁਨਾਹ।’’ ਇਹ ਸ਼ਬਦ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਇੱਕ ਪਿੰਡ ਦੀ ਉਸ 19 ਸਾਲਾ ਕੁੜੀ ਦੀ ਭਾਬੀ ਦੇ ਸਨ, ਜਿਸ ਦਾ ਸਤੰਬਰ 2020 ਵਿੱਚ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੇ ਅੰਗ-ਅੰਗ ਨੂੰ ਵਲੂੰਧਰਿਆ ਗਿਆ, ਰੀੜ੍ਹ ਦੀ ਹੱਡੀ ਭੰਨੀ ਗਈ, ਜੀਭ ਕੱਟੀ ਗਈ, ਜਿਹੜੀ ਅਲੀਗੜ੍ਹ ਤੇ ਦਿੱਲੀ ਦੇ ਹਸਪਤਾਲਾਂ ਵਿੱਚ ਤੜਪ-ਤੜਪ ਕੇ ਮਰੀ, ਜਿਸ ਦੇ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦਾ ਮੌਕਾ ਵੀ ਨਾ ਦਿੱਤਾ ਗਿਆ। ਉਦੋਂ ਉਪਰੋਕਤ ਸ਼ਬਦ ਜਾਤੀਵਾਦੀ ਜ਼ੁਲਮ ਦਾ ਸ਼ਿਕਾਰ ਹੋਈ ਉਸ ਕੁੜੀ ਦੀ ਭਾਬੀ ਨੇ ਪੱਤਰਕਾਰ ਜਿਗਨਾਸਾ ਸਿਨਹਾ ਨੂੰ ਕਹੇ ਸਨ।

Advertisement

ਸਾਡੇ ਦੇਸ਼ ਵਿੱਚ ਔਰਤਾਂ ’ਤੇ ਜ਼ੁਲਮ ਹੁੰਦੇ ਰਹੇ ਹਨ ਤੇ ਹਰ ਵਰਗ ਦੀਆਂ ਔਰਤਾਂ ਇਨ੍ਹਾਂ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਦਲਿਤਾਂ, ਕਾਮਿਆਂ ਤੇ ਸਮਾਜ ਵਿੱਚ ਨੀਵੀਆਂ ਗਰਦਾਨੀਆਂ ਜਾਣ ਵਾਲੀਆਂ ਜਾਤਾਂ ਦੀਆਂ ਔਰਤਾਂ ਖ਼ਾਸ ਤੌਰ ’ਤੇ ਉਨ੍ਹਾਂ ਮਰਦਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਰਹੀਆਂ ਜਿਹੜੇ ਕਥਿਤ ਉੱਚੀਆਂ ਜਾਤਾਂ ਨਾਲ ਸਬੰਧ ਰੱਖਦੇ ਅਤੇ ਕਥਿਤ ਨੀਵੀਆਂ ਜਾਤਾਂ ਦੀਆਂ ਔਰਤਾਂ ਨੂੰ ਆਪਣੀ ਹਿਰਸ ਦਾ ਨਿਸ਼ਾਨਾ ਬਣਾਉਣਾ ਆਪਣਾ ਹੱਕ ਸਮਝਦੇ ਹਨ। ਇਸ ਘਟਨਾ ਦਾ ਇੱਕ ਹੌਲਨਾਕ ਮੰਜ਼ਰ ਇਹ ਵੀ ਸੀ ਕਿ ਉਸ ਧੀ ਧਿਆਣੀ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਵੀ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਨਾ ਕੀਤੀ ਗਈ; ਹਵਾਲੇ ਕਰਨਾ ਤਾਂ ਕੀ, ਉਨ੍ਹਾਂ ਨੂੰ ਉਹਦਾ ਮੂੰਹ ਵੀ ਨਾ ਵੇਖਣ ਦਿੱਤਾ ਗਿਆ, ਲਾਸ਼ ਨੂੰ ਅੱਧੀ ਰਾਤ ਸਿਵਿਆਂ ਵਿੱਚ ਫੂਕ ਦਿੱਤਾ ਗਿਆ, ਪਰਿਵਾਰ ਵਾਲਿਆਂ ਨੂੰ ਘਰ ਅੰਦਰ ਬੰਦ ਕਰ ਦਿੱਤਾ ਗਿਆ, ਪੁਲੀਸ ਨੇ ਪਿੰਡ ਨੂੰ ਘੇਰ ਲਿਆ।

Advertisement

ਦਲਿਤ ਕੁੜੀਆਂ, ਔਰਤਾਂ ਤੇ ਮਰਦਾਂ ’ਤੇ ਜ਼ੁਲਮਾਂ ਦੀ ਦਾਸਤਾਨ ਸਦੀਆਂ ਪੁਰਾਣੀ ਹੈ। ਇਹ ਸਿਲਸਿਲਾ ਕਦੇ ਵੀ ਨਹੀਂ ਰੁਕਿਆ। ਉਪਰੋਕਤ ਘਟਨਾ ਤੋਂ ਛੇ ਸਾਲ ਬਾਅਦ ਅੱਜ ਅਸੀਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਨੋਈ ਦੇ ਰੂ-ਬ-ਰੂ ਹਾਂ। ਇਨ੍ਹਾਂ ਛੇ ਵਰ੍ਹਿਆਂ ਵਿੱਚ ਦੇਸ਼ ’ਚ ਦਲਿਤਾਂ ਵਿਰੁੱਧ ਸੈਂਕੜੇ ਜੁਰਮ ਹੋਏ ਹਨ। 26 ਸਤੰਬਰ 2026 ਨੂੰ ਇਸ ਪਿੰਡ ਦੇ ਦਲਿਤ ਪਰਿਵਾਰ ਦੇ ਪੁੱਤਰ ਸਨਮਦੀਪ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਦੇ ਮੈਂਬਰਾਂ ਤੇ ਪਿੰਡ ਦੇ ਕੁਝ ਲੋਕਾਂ ਨੇ ਧਰਨਾ ਦਿੱਤਾ ਕਿ ਪਿੰਡ ਦੇ ਸਰਪੰਚ ਤੇ ਉਸ ਦੇ ਸਾਥੀਆਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਨਮਦੀਪ ਦੀ ਮਾਂ ਤੇ ਦਾਦੀ ਨੂੰ ਪੁਲੀਸ ਨੇ ਘਸੀਟਿਆ; ਬਾਅਦ ਵਿੱਚ ਪਰਿਵਾਰ ਦੇ ਅੱਠ ਮੈਂਬਰਾਂ ਤੇ ਚਾਰ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜਿਵੇਂ ਹਾਥਰਸ ਵਿੱਚ ਹੋਇਆ ਸੀ, ਸਨਮਦੀਪ ਦੀ ਮ੍ਰਿਤਕ ਦੇਹ ਪਰਿਵਾਰ ਦੇ ਹਵਾਲੇ ਨਾ ਕੀਤੀ ਗਈ ਅਤੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਦੀ ਗ਼ੈਰਹਾਜ਼ਰੀ ਵਿੱਚ ਅਗਨ ਭੇਟ ਕਰ ਦਿੱਤੀ ਗਈ।

ਇਹ ਕਿੱਡੀ ਕੁ ਵੱਡੀ ਐਮਰਜੈਂਸੀ ਸੀ? ਇਸ ਤਰ੍ਹਾਂ ਕਿਉਂ ਕੀਤਾ ਗਿਆ? ਪਰਿਵਾਰ ਦੇ ਮੈਂਬਰਾਂ ਨੂੰ ਮ੍ਰਿਤਕ ਦੇਹ ਨਾ ਸੌਂਪਣਾ, ਆਪਣੇ ਘਰ ਨਾ ਲਿਜਾਣ ਦੇਣਾ, ਸਸਕਾਰ ਵੇਲੇ ਹਾਜ਼ਰ ਨਾ ਹੋਣ ਦੇਣਾ; ਕੀ ਇਹ ਪਰਿਵਾਰ ਦੇ ਦੁੱਖ ਨੂੰ ਹੋਰ ਵਧਾਉਣ ਵਾਲੇ ਕਾਰੇ ਨਹੀਂ? ਇਹ ਕਿਸ ਨੇ ਕੀਤੇ? ਇਹ ਪੰਜਾਬ ਪੁਲੀਸ ਨੇ ਕੀਤੇ। ਪੁਲੀਸ ਕੋਈ ਕਾਰਵਾਈ ਆਜ਼ਾਦਾਨਾ ਤੌਰ ’ਤੇ ਨਹੀਂ ਕਰਦੀ; ਉਹ ਸਿਵਲ ਪ੍ਰਸ਼ਾਸਨ ਤੇ ਸਰਕਾਰ ਦੀ ਹਦਾਇਤ ’ਤੇ ਕੰਮ ਕਰਦੀ ਹੈ। ਆਖ਼ਰ ਕੀ ਸੀ ਸਨਮਦੀਪ ਦੀ ਮ੍ਰਿਤਕ ਦੇਹ ਵਿੱਚ ਜਾਂ ਇਸ ਖ਼ੁਦਕੁਸ਼ੀ ਦੀ ਤਹਿ ਵਿੱਚ ਕਿ ਮ੍ਰਿਤਕ ਦੇਹ ਨੂੰ ਇਸ ਸੰਸਾਰ ਤੋਂ ਇਸ ਤਰ੍ਹਾਂ ਖ਼ਤਮ ਕੀਤਾ ਗਿਆ?

ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਿਕ ਪੁਲੀਸ ਨੇ ਇਸ ਕਾਰਵਾਈ ਨੂੰ ਇਸ ਬਿਨਾਅ ’ਤੇ ਸਹੀ ਦਰਸਾਇਆ ਕਿ ਮ੍ਰਿਤਕ ਦੇਹ ਖ਼ਰਾਬ ਹੋਣੀ ਸ਼ੁਰੂ ਹੋ ਗਈ ਸੀ ਅਤੇ ਸੀਨੀਅਰ ਮੈਡੀਕਲ ਅਫਸਰ ਨੇ ਤੁਰੰਤ ਸਸਕਾਰ ਕਰਨ ਦੀ ਸਲਾਹ ਦਿੱਤੀ ਸੀ। ਇਹ ਇੱਕੀਵੀਂ ਸਦੀ ਹੈ। ਆਧੁਨਿਕ ਸਿਹਤ ਸਹੂਲਤਾਂ ਲਿਆਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਕੀ ਇਹ ਇੰਤਜ਼ਾਮ ਵੀ ਨਾ ਕਰ ਸਕੀ ਕਿ ਮ੍ਰਿਤਕ ਦੇਹ ਖ਼ਰਾਬ ਨਾ ਹੋਵੇ? ਉਂਜ, ਪੰਜਾਬ ਦੇ ਲਗਭਗ ਸਭ ਸ਼ਹਿਰਾਂ ਵਿੱਚ ਇਹ ਸਹੂਲਤਾਂ ਮੌਜੂਦ ਹਨ ਕਿ ਮ੍ਰਿਤਕ ਦੇਹ ਨੂੰ ਕਈ ਦਿਨਾਂ ਤੱਕ ਸਹੀ ਹਾਲਤ ਵਿੱਚ ਰੱਖਿਆ ਜਾ ਸਕਦਾ ਹੈ।

ਸਨਮਦੀਪ ਨੇ ਖ਼ੁਦਕੁਸ਼ੀ ਕੀਤੀ। ਵੱਖ-ਵੱਖ ਤਰ੍ਹਾਂ ਵਾਪਰਨ ਵਾਲੇ ਵਰਤਾਰੇ ਹੋਣ ਦੇ ਬਾਵਜੂਦ ਖ਼ੁਦਕੁਸ਼ੀ ਤੇ ਕਤਲ ਵਿੱਚ ਸਾਂਝੀ ਗੱਲ ਇਹ ਹੈ ਕਿ ਦੋਹਾਂ ਵਿੱਚ ਮਨੁੱਖ ਦੀ ਹੋਂਦ ਖ਼ਤਮ ਹੁੰਦੀ ਹੈ। ਕਤਲ ਕੋਈ ਦੂਸਰਾ ਜਾਂ ਦੂਸਰੇ ਵਿਅਕਤੀ ਕਰਦੇ ਹਨ ਜਦੋਂਕਿ ਖ਼ੁਦਕੁਸ਼ੀ ਵਿੱਚ ਸਮੇਂ ਦਾ ਸਮਾਜ ਤੇ ਆਰਥਿਕ, ਰਾਜਨੀਤਕ ਤੇ ਮਨੋਵਿਗਿਆਨਕ ਵਰਤਾਰੇ, ਸੱਤਾ ਵਿਚਲੇ ਸਮੀਕਰਨ ਤੇ ਬਾਕੀ ਦਾ ਮਾਹੌਲ (ਜਿਸ ਵਿੱਚ ਸਮਾਜਿਕ ਮਾਹੌਲ ਇੱਕ ਪ੍ਰਮੁੱਖ ਹਿੱਸਾ ਹੈ) ਖ਼ੁਦਕੁਸ਼ੀ ਕਰਨ ਵਾਲੇ ਦੀ ਰੂਹ ਨੂੰ ਇਸ ਤਰ੍ਹਾਂ ਵਲੂੰਧਰਦੇ ਤੇ ਕੋਂਹਦੇ ਹਨ ਕਿ ਉਹ ਆਪਣੇ ਸਰੀਰ, ਰਿਸ਼ਤਿਆਂ-ਨਾਤਿਆਂ ਅਤੇ ਜ਼ਿੰਦਗੀ ਨੂੰ ਅਰਥਹੀਣ ਸਮਝਣ ਲੱਗ ਪੈਂਦਾ ਹੈ, ਉਹ ਏਨਾ ਮਜਬੂਰ ਹੋ ਜਾਂਦਾ ਹੈ ਕਿ ਉਹ ਆਪਣੀ ਹੋਂਦ ਖ਼ਤਮ ਕਰ ਲੈਂਦਾ ਹੈ। ਇਸ ਤਰ੍ਹਾਂ ਖ਼ੁਦਕੁਸ਼ੀ ਜ਼ਿਆਦਾ ਕਰੂਰਤਾ ਨਾਲ ਹੋਇਆ ਹੁੰਦਾ ਕਤਲ ਹੈ; ਸਨਮਦੀਪ ਦਾ ਵੀ ਕਤਲ ਹੋਇਆ ਹੈ ਅਤੇ ਇਸ ਲਈ ਜ਼ਿੰਮੇਵਾਰ ਹੁਣ ਦੇ ਸਮੇਂ ਦੇ ਸਿਆਸੀ ਸਮੀਕਰਨ, ਸਮਾਜਿਕ ਮਾਹੌਲ, ਕਥਿਤ ਉੱਚੀਆਂ ਜਾਤਾਂ ਦੇ ਫ਼ਰਦਾਂ ਦੀ ਹਉਮੈ ਤੇ ਉਨ੍ਹਾਂ ਦੇ ਕਾਰੇ ਹਨ। ਕਥਿਤ ਉੱਚੀਆਂ ਜਾਤਾਂ ਦੇ ਫ਼ਰਦ ਅਜਿਹੇ ਕਾਰੇ ਕਿਉਂ ਕਰਦੇ ਹਨ? ਇੱਕ ਤਾਂ ਸਾਡੀ ਸਮਾਜਿਕ ਸਮਝ ਉਨ੍ਹਾਂ ਨੂੰ ਦੱਸਦੀ ਹੈ ਕਿ ਉਹ ਉੱਚੀਆਂ ਜਾਤਾਂ ਦੇ ਹਨ ਤੇ ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਨਫ਼ਰਤ ਤੇ ਦੁਰਵਿਹਾਰ ਕਰਨਾ ਉਨ੍ਹਾਂ ਦਾ ਹੱਕ ਹੈ, ਦੂਸਰਾ, ਸਮੇਂ-ਸਮੇਂ ਦੀ ਸਿਆਸਤ ਤੇ ਹਕੂਮਤ ਉਨ੍ਹਾਂ ਨੂੰ ਇਹ ਹੱਕ ਦਿੰਦੀ ਹੈ ਕਿ ਉਹ ਕੁਝ ਵੀ ਕਰ ਲੈਣ, ਉਨ੍ਹਾਂ ਨੂੰ ਬਚਾਅ ਲਿਆ ਜਾਵੇਗਾ। ਇਸੇ ਤਰ੍ਹਾਂ ਸਨਮਦੀਪ ਦੀ ਖ਼ੁਦਕੁਸ਼ੀ ਤੇ ਉਸ ਦੀ ਮ੍ਰਿਤਕ ਦੇਹ ਦੇ ਨਿਰਾਦਰ ਲਈ ਸੱਤਾ ਤੇ ਸਿਆਸਤ ਕਸੂਰਵਾਰ ਹਨ।

ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਾ ਤੇ ਮਗਰੋਂ ਖ਼ੁਦਕੁਸ਼ੀ ਕਰ ਗਿਆ ਗੁਲਜ਼ਾਰ ਸਿੰਘ ਤੂਰ ਬੰਜਾਰਾ
ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਾ ਤੇ ਮਗਰੋਂ ਖ਼ੁਦਕੁਸ਼ੀ ਕਰ ਗਿਆ ਗੁਲਜ਼ਾਰ ਸਿੰਘ ਤੂਰ ਬੰਜਾਰਾ

ਇਨ੍ਹਾਂ ਹੀ ਦਿਨਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਤੂਰ ਬੰਜਾਰਾ ਪਿੰਡ ਦੇ ਇੱਕ ਹੋਰ ਦਲਿਤ ਪਰਿਵਾਰ ਦੇ ਫ਼ਰਦ ਗੁਲਜ਼ਾਰ ਸਿੰਘ ਨੇ ਵੀ ਖ਼ੁਦਕੁਸ਼ੀ ਕੀਤੀ। ਉਸ ਨੇ ਇੱਕ ਮੰਤਰੀ ਸਾਹਮਣੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਬਾਰੇ ਸਵਾਲ ਉਠਾਏ ਸਨ। ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਖ਼ੁਦ ਬਣਾਈ ਇੱਕ ਵੀਡੀਓ ਵਿੱਚ ਇਹ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਤੇ ਪਿੰਡ ਦੇ ਸਰਪੰਚ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੀ ਬੇਇੱਜ਼ਤੀ ਕੀਤੀ। ਉਪਰੋਕਤ ਘਟਨਾਵਾਂ ਵਿੱਚ ਸਮਾਜਿਕ ਦਬਾਅ ਕਾਰਨ ਕੇਸ ਦਰਜ ਕੀਤੇ ਗਏ। ਇਨ੍ਹਾਂ ਦਿਨਾਂ ਵਿੱਚ ਇੱਕ ਹੋਰ ਘਟਨਾ ਵੀ ਵਾਪਰੀ। ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿੱਚ ਪੰਜਾਬੀ ਕਹਾਣੀਕਾਰ ਤੇ ਖੇਤ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਬੇਇੱਜ਼ਤ ਕੀਤਾ ਗਿਆ, ਉਸ ਵਿਰੁੱਧ ਜਾਤੀ-ਸੂਚਕ ਸ਼ਬਦ ਵਰਤੇ ਗਏ। ਜਨਤਕ ਜਥੇਬੰਦੀਆਂ ਨੇ ਵਿਰੋਧ ਕੀਤਾ, ਪਰ ਕੁਝ ਸਥਾਨਕ ਆਗੂਆਂ ਦਾ ਦਬਦਬਾ ਏਨਾ ਹੈ ਕਿ ਇਹ ਕਾਰਾ ਅੰਜਾਮ ਦੇਣ ਵਾਲਿਆਂ ਵਿਰੁੱਧ ਹੁਣ ਤੱਕ ਕੇਸ ਦਰਜ ਨਹੀਂ ਕੀਤਾ ਗਿਆ। ਕੀ ਕੇਸ ਉਦੋਂ ਹੀ ਦਰਜ ਹੁੰਦਾ ਹੈ ਜਦੋਂ ਪੀੜਤ ਵਿਅਕਤੀ ਖ਼ੁਦਕੁਸ਼ੀ ਕਰ ਕੇ ਆਪਣੀ ਹੋਂਦ ਖ਼ਤਮ ਕਰ ਲਏ?

* * *

ਦਲਿਤਾਂ ’ਤੇ ਹੋਏ ਅੱਤਿਆਚਾਰਾਂ ਬਾਰੇ ਕੇਸ ਦਰਜ ਕਰਵਾਉਣਾ ਆਪਣੇ ਆਪ ਵਿੱਚ ਇੱਕ ਸਿਆਸੀ-ਸਮਾਜਿਕ ਸਮੱਸਿਆ ਬਣ ਜਾਂਦਾ ਹੈ। ਜਦੋਂ ਤੱਕ ਸਮਾਜਿਕ ਦਬਾਅ ਨਾ ਬਣੇ ਜਾਂ ਜਨਤਕ ਜਥੇਬੰਦੀਆਂ ਮਾਮਲੇ ਵਿੱਚ ਦਖ਼ਲ ਨਾ ਦੇਣ ਜਾਂ ਮੀਡੀਆ ਮੁੱਦਾ ਨਾ ਉਠਾਏ, ਉਦੋਂ ਤੱਕ ਕੇਸ ਦਰਜ ਨਹੀਂ ਹੁੰਦਾ। ... ਤੇ ਫਿਰ, ਜੇ ਕੇਸ ਦਰਜ ਹੋ ਵੀ ਜਾਵੇ ਤਾਂ ਕਾਰਵਾਈ ਨਹੀਂ ਹੁੰਦੀ। ਸਾਡੇ ਸਾਹਮਣੇ ਆਈ ਆਈ ਟੀ ਮੁੰਬਈ ਵਿੱਚ ਇੱਕ ਵਿਦਿਆਰਥੀ ਦੁਆਰਾ ਕੀਤੀ ਗਈ ਖ਼ੁਦਕੁਸ਼ੀ ਹੈ। ਟੀਵੀ ਦੀਆਂ ਬਹਿਸਾਂ ਵਿੱਚ ਨਿੱਤਰੇ ਮਾਹਿਰ ਲਗਾਤਾਰ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਐੱਸ ਸੀ/ ਐੱਸ ਟੀ ਐਕਟ ਦੀ ਗ਼ਲਤ ਵਰਤੋਂ ਹੁੰਦੀ ਹੈ। ਉਹ ਕਹਿ ਰਹੇ ਸਨ ਕਿ ਪੀੜਤ ਪਰਿਵਾਰ ਦੀ ਇਹ ਮੰਗ ਗ਼ਲਤ ਹੈ ਕਿ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਇਸ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਤਰ੍ਹਾਂ ਇਸ ਗੱਲ ਨੂੰ ਨਿਆਂਸੰਗਤ ਠਹਿਰਾਇਆ ਜਾਂਦਾ ਹੈ ਕਿ ਕਥਿਤ ਨੀਵੀਆਂ ਜਾਤੀਆਂ ਦੇ ਫ਼ਰਦਾਂ ਵਿਰੁੱਧ ਅਪਸ਼ਬਦ ਜਾਂ ਜਾਤੀਸੂਚਕ ਸ਼ਬਦ ਵਰਤਣਾ ਜਾਂ ਸਿੱਧੇ-ਅਸਿੱਧੇ ਢੰਗ ਨਾਲ ਉਨ੍ਹਾਂ ਨੂੰ ਹੀਣੇ ਜਾਂ ਘੱਟ ਬੌਧਿਕ ਸਮਰੱਥਾ ਵਾਲੇ ਕਹਿਣਾ, ਇੱਕ ਤਰ੍ਹਾਂ ਦਾ ‘ਸੁਭਾਵਿਕ’ ਸਮਾਜਿਕ ਵਿਹਾਰ ਹੈ।

* * *

ਅਜਿਹੇ ਵਿਹਾਰ ਨੂੰ ਸੁਭਾਵਿਕ ਕਿਉਂ ਸਮਝਿਆ ਜਾਂਦਾ ਹੈ? ਉਹ ਇਸ ਲਈ ਕਿ ਸਦੀਆਂ ਤੋਂ ਸਾਡਾ ਸਮਾਜ ਅਜਿਹੇ ਮਨੂੰਵਾਦੀ ਸ਼ਿਕੰਜੇ ਵਿੱਚ ਜਕੜਿਆ ਹੋਇਆ ਹੈ ਜਿਸ ਵਿੱਚ ਵਰਣ ਆਸ਼ਰਮ ਅਤੇ ਜਾਤੀਵਾਦ ਨੇ ਅਜਿਹੀ ਸਮੂਹਿਕ ਸਮਾਜਿਕ ਸਮਝ ਉਸਾਰੀ ਹੈ ਜਿਸ ਅਨੁਸਾਰ ਕਥਿਤ ਉੱਚੀਆਂ ਜਾਤਾਂ ਦੇ ਲੋਕਾਂ ਨੂੰ ਜਨਮ ਤੋਂ ਉੱਚਾ ਤੇ ਬਿਹਤਰ ਸਮਾਜਿਕ ਰੁਤਬੇ ਤੇ ਅਧਿਕਾਰਾਂ ਵਾਲੇ ਮੰਨਿਆ ਜਾਂਦਾ ਹੈ ਅਤੇ ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਘਟੀਆ, ਨੀਵੇਂ, ਨਿਮਾਣੇ, ਹੀਣੇ ਤੇ ਘੱਟ ਬੌਧਿਕ ਸਮਰੱਥਾ ਵਾਲੇ ਗਰਦਾਨਿਆ ਜਾਂਦਾ ਹੈ। ਇਸ ਸਮਝ ਵਿੱਚ ਇਹ ਵੀ ਨਿਹਿਤ ਹੈ ਕਿ ਉਹ (ਕਥਿਤ ਨੀਵੀਆਂ ਜਾਤਾਂ ਦੇ ਲੋਕ) ਸਮਾਜਿਕ ਪੱਧਰ ’ਤੇ ਉੱਚੀਆਂ ਜਾਤਾਂ ਦੇ ਲੋਕਾਂ ਦੇ ਨਾ ਤਾਂ ਬਰਾਬਰ ਹਨ ਅਤੇ ਨਾ ਹੀ ਅਜਿਹੀ ਕੋਈ ਮੰਗ ਕਰ ਸਕਦੇ ਹਨ। ਮਨੁਸਮਰਿਤੀ ਜਿਹੇ ਗ੍ਰੰਥ ਅਜਿਹੇ ਸਿਧਾਂਤਾਂ ਨਾਲ ਭਰੇ ਹੋਏ ਹਨ; ਉਦਾਹਰਣ ਦੇ ਤੌਰ ’ਤੇ ਮਨੁਸਮਰਿਤੀ ਦੇ ਪਹਿਲੇ ਅਧਿਆਏ ਦੇ 87ਵੇਂ ਤੋਂ 91ਵੇਂ ਸਲੋਕ ਵਿੱਚ ਵੱਖ-ਵੱਖ ਵਰਣਾਂ ਵਿੱਚ ਕੰਮ ਦੀ ਵੰਡ ਕੀਤੀ ਗਈ। ਬ੍ਰਾਹਮਣਾਂ ਨੂੰ ਗਿਆਨ ਖੇਤਰ ਦੇ ਕਾਰਜ, ਕਸ਼ੱਤਰੀਆਂ ਨੂੰ ਸੱਤਾ ਤੇ ਤਾਕਤ ਦੇ ਖੇਤਰਾਂ ਦੇ ਕਾਰਜ ਤੇ ਅਧਿਕਾਰ ਅਤੇ ਵੈਸ਼ਾਂ ਲਈ ਵਪਾਰ ਤੇ ਪਸ਼ੂ-ਪਾਲਣ ਦੇ ਕਾਰਜ ਤੇ ਅਧਿਕਾਰ ਦਿੱਤੇ ਗਏ ਹਨ; 91ਵਾਂ ਸਲੋਕ ਦੱਸਦਾ ਹੈ ਕਿ ਭਗਵਾਨ ਬ੍ਰਹਮਾ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਸ਼ੂਦਰ ਉਪਰੋਕਤ ਤਿੰਨਾਂ ਵਰਣਾਂ ਦੇ ਲੋਕਾਂ ਦੀ ਈਰਖਾ ਰਹਿਤ ਹੋ ਸੇਵਾ ਕਰਨ, ਭਾਵ ਉਨ੍ਹਾਂ ਦੇ ਗ਼ੁਲਾਮ ਹੋਣ। ਇਸ ਗ੍ਰੰਥ ਵਿੱਚ ਸ਼ੂਦਰਾਂ ਨੂੰ ਕਠੋਰ ਸਜ਼ਾਵਾਂ ਦੇਣ ਤੇ ਗਿਆਨ-ਵਿਹੂਣੇ ਰੱਖਣ ਸਬੰਧੀ ਅਨੇਕ ਸਲੋਕ ਹਨ। ਯਾਗਿਆਵਲਕਯ ਧਰਮਸ਼ਾਸਤਰ ਦੇ ਵੀ ਪਹਿਲੇ ਅਧਿਆਇ ਤੇ 118-119 ਵੇਂ ਸਲੋਕਾਂ ਵਿੱਚ ਵੀ ਅਜਿਹੇ ਸਮਾਜਿਕ ਪ੍ਰਬੰਧ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ। ਗੌਤਮ ਧਰਮਸੂਤਰਮ ਵਿੱਚ ਸ਼ੂਦਰਾਂ ਨੂੰ ਕਠੋਰ ਸਜ਼ਾਵਾਂ ਦਾ ਵਿਆਪਕ ਵਰਣਨ ਹੈ। ਇਹੀ ਨਹੀਂ, ਬਹੁਤ ਸਾਰੇ ਪੁਰਾਤਨ ਗ੍ਰੰਥਾਂ ਵਿੱਚ ਸ਼ੂਦਰਾਂ ਨਾਲ ਵਿਤਕਰਾ ਕਰਨ ਅਤੇ ਉਨ੍ਹਾਂ ਨੂੰ ਸਮਾਜਿਕ ਦਰਜਾਬੰਦੀ ਵਿੱਚ ਨੀਵੇਂ ਠਹਿਰਾਉਣ ਨੂੰ ਨਿਆਂਸੰਗਤ ਕਿਹਾ ਗਿਆ ਹੈ ਤੇ ਇਨ੍ਹਾਂ ਗ੍ਰੰਥਾਂ ਨੂੰ ਧਾਰਮਿਕ ਗ੍ਰੰਥਾਂ ਦਾ ਦਰਜਾ ਦਿੱਤਾ ਜਾਂਦਾ ਹੈ।

* * *

ਪੁਰਾਤਨ ਸਮਿਆਂ ਦੀ ਸਮਾਜਿਕ, ਆਰਥਿਕ ਬਣਤਰ ਨੇ ਇਨ੍ਹਾਂ ਧਰਮ ਗ੍ਰੰਥਾਂ ਤੇ ਨਿਯਮਾਵਲੀਆਂ ਰਾਹੀਂ ਸਮਾਜ ਨੂੰ ਵਰਣ ਆਸ਼ਰਮ ਤੇ ਜਾਤ-ਪਾਤ ਦੇ ਆਧਾਰ ’ਤੇ ਵੰਡਿਆ ਤੇ ਦਲਿਤਾਂ ਨੂੰ ਦਬਾਉਣ, ਉਨ੍ਹਾਂ ਨੂੰ ਨੀਚ ਗਰਦਾਨਣ, ਉਨ੍ਹਾਂ ਦੀ ਛੋਹ ਨਾਲ ਭਿੱਟੇ ਜਾਣ ਤੇ ਉਨ੍ਹਾਂ ’ਤੇ ਜ਼ੁਲਮ ਕਰਨ ਨੂੰ ਸਹੀ ਠਹਿਰਾਉਣ ਵਾਲੇ ਵਰਤਾਰਿਆਂ ਨੂੰ ਏਨਾ ਪ੍ਰਚੱਲਿਤ ਕੀਤਾ ਕਿ ਅਜਿਹੇ ਵਰਤਾਰਿਆਂ ਤੇ ਸਮਝ ਨੂੰ ‘ਕੁਦਰਤੀ’ ਸਮਝਿਆ ਜਾਣ ਲੱਗਾ। ਇਨ੍ਹਾਂ ਵਿਤਕਰਿਆਂ ਦਾ ਵਿਰੋਧ ਹੋਇਆ। ਪੁਰਾਤਨ ਸਮਿਆਂ ਤੋਂ ਹੁੰਦਾ ਰਿਹਾ ਵਿਦਰੋਹ, ਮੱਧਕਾਲੀਨ ਸਮਿਆਂ ਵਿੱਚ ਸਿਖ਼ਰ ’ਤੇ ਪਹੁੰਚਿਆ। ਉੱਤਰੀ ਭਾਰਤ ਵਿੱਚ ਇਸ ਵਿਰੋਧ ਦਾ ਵਿਸਫੋਟ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਭਗਤ ਸਧਨਾ ਤੇ ਹੋਰ ਭਗਤਾਂ ਤੇ ਸੰਤਾਂ ਦੀ ਬਾਣੀ ਵਿੱਚ ਹੋਇਆ। ਭਗਤ ਕਬੀਰ ਨੇ ਅਤਿਅੰਤ ਵਿਦਰੋਹੀ ਸੁਰ ਵਿੱਚ ਬ੍ਰਾਹਮਣਾਂ ਨੂੰ ਪੁੱਛਿਆ, ‘‘ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।। ਤਉ ਆਨ ਬਾਟ ਕਾਹੇ ਨਹੀ ਆਇਆ।।’’ ਭਗਤ ਰਵਿਦਾਸ ਨੇ ਇਸ ਸਮਾਜਿਕ ਅਨਿਆਂ ਨੂੰ ਅਤਿਅੰਤ ਵੇਦਨਾਮਈ ਰੂਪ ਵਿੱਚ ਪ੍ਰਗਟ ਕੀਤਾ, ‘‘ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ।। ਮੇਰਾ ਕਰਮੁ ਕੁਟਿਲਤਾ ਜਨਮ ਕੁਭਾਂਤੀ।।’’ ਵੇਦਨਾ ਤੇ ਦੁੱਖ ਨਾਲ ਲੜਦਿਆਂ ਉਨ੍ਹਾਂ ਨੇ ਸਾਡੇ ਸਾਹਮਣੇ ਬੇਗਮਪੁਰੇ ਦਾ ਸੰਕਲਪ ਰੱਖਿਆ। ਗੁਰੂ ਨਾਨਕ ਦੇਵ ਜੀ ਨੇ ਵਰਣ-ਆਸ਼ਰਮ ਤੇ ਜਾਤ-ਪਾਤ ਵਿਰੁੱਧ ਸੰਘਰਸ਼ ਨੂੰ ਆਪਣੇ ਵਿਚਾਰਾਂ ਦੀ ਚੂਲ਼ ਬਣਾਉਂਦਿਆਂ ਆਖਿਆ, ‘‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।।’’ ਰਾਗ ਆਸਾ ਵਿੱਚ ਉਨ੍ਹਾਂ ਕਿਹਾ, ‘‘ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ।।’’ ਸਿੱਖ ਧਰਮ ਨੇ ਜਾਤ ਪਾਤ ਖ਼ਤਮ ਕਰਨ ਦਾ ਵੱਡਾ ਯਤਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਪੰਜਵਾਂ ਸਾਹਿਬਜ਼ਾਦਾ ਮੰਨਿਆ।

ਉਪਰੋਕਤ ਯਤਨਾਂ ਕਾਰਨ ਪੰਜਾਬੀ ਸਮਾਜ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਦੀਪ) ਦੇ ਹੋਰ ਸਮਾਜਾਂ ਤੋਂ ਜ਼ਿਆਦਾ ਜਮਹੂਰੀ ਤਾਂ ਬਣਿਆ ਪਰ ਜਾਤ ਪਾਤ ਦੀ ਵਿਸ਼-ਬੂਟੀ ਸਮਾਜ ਵਿੱਚ ਬਣੀ ਰਹੀ ਤੇ ਸਮਾਜਿਕ ਸਬੰਧਾਂ ਨੂੰ ਦੂਸ਼ਿਤ ਕਰਦੀ ਰਹੀ ਹੈ ਤੇ ਹੁਣ ਵੀ ਕਰ ਰਹੀ ਹੈ। ਆਧੁਨਿਕ ਸਮਿਆਂ ਵਿੱਚ ਮਹਾਤਮਾ ਜੋਤੀਬਾ ਫੂਲੇ, ਪੇਰੀਆਰ, ਡਾ. ਬੀ.ਆਰ. ਅੰਬੇਡਕਰ, ਗ਼ਦਰੀ ਬਾਬਾ ਮੰਗੂ ਰਾਮ ਤੇ ਹੋਰਨਾਂ ਨੇ ਜਾਤ ਪਾਤ ਵਿਰੁੱਧ ਸੰਘਰਸ਼ ਦੀ ਅਗਵਾਈ ਕੀਤੀ। ਇਨ੍ਹਾਂ ਯਤਨਾਂ ਨਾਲ ਜਾਤ-ਪਾਤ ਵਿਚਲੇ ਅਣਮਨੁੱਖੀ ਵਰਤਾਰੇ ਜਿਵੇਂ ਭਿੱਟ ਤੇ ਦਲਿਤਾਂ ਨੂੰ ਅਛੂਤ ਸਮਝਣਾ ਖ਼ਤਮ ਤਾਂ ਹੋਏ ਪਰ ਜਾਤੀਵਾਦ ਖ਼ਤਮ ਨਹੀਂ ਹੋਇਆ।

* * *

ਸਾਡੇ ਲਈ ਇਹ ਸੋਚਣਾ ਅਤਿਅੰਤ ਜ਼ਰੂਰੀ ਹੈ ਕਿ ਸਾਡਾ ਸਮਾਜ ਜਾਤੀਵਾਦ ਤੋਂ ਮੁਕਤ ਕਿਉਂ ਨਹੀਂ ਹੋ ਸਕਿਆ। ਵਰਣ-ਵੰਡ ਤੇ ਜਾਤੀਵਾਦ ਹਿੰਦੂ ਭਾਈਚਾਰੇ ਵਿੱਚ ਤਾਂ ਮੌਜੂਦ ਹੀ ਸੀ, ਪਰ ਬਾਅਦ ਵਿੱਚ ਆਏ ਇਸਲਾਮ, ਸਿੱਖ ਤੇ ਇਸਾਈ ਧਰਮਾਂ ਵਿੱਚ ਵੀ ਇਸ ਦਾ ਖ਼ਾਤਮਾ ਨਹੀਂ ਹੋਇਆ। ਸਿਧਾਂਤਕ ਤੌਰ ’ਤੇ ਇਹ ਧਰਮ ਜਾਤ-ਪਾਤ ਨਹੀਂ ਮੰਨਦੇ ਅਤੇ ਸਮਾਜਿਕ ਬਰਾਬਰੀ ਦਾ ਹੋਕਾ ਦਿੰਦੇ ਹਨ, ਪਰ ਜਾਤੀਵਾਦ ਤੇ ਇਸ ਨਾਲ ਜੁੜੀ ਸਮਾਜਿਕ ਨਾਬਰਾਬਰੀ ਹਰ ਧਰਮ ਵਿੱਚ ਕਾਇਮ ਹੈ। ਕਿਉਂ? ਸ਼ਾਇਦ ਇਸ ਲਈ ਕਿ ਧਰਮ ਸਮਾਜ ’ਚੋਂ ਪੈਦਾ ਹੁੰਦਾ ਹੈ; ਸਮਾਜ ਪਹਿਲਾਂ ਹੈ ਤੇ ਧਰਮ ਬਾਅਦ ਵਿੱਚ ਆਉਂਦਾ ਹੈ। ਸੰਕੀਰਣਤਾ ਦਾ ਸ਼ਿਕਾਰ ਹੋ ਗਏ ਸਮਾਜ ਵਿੱਚ ਕੁਝ ਤਬਦੀਲੀਆਂ ਤਾਂ ਲਿਆਂਦੀਆਂ ਜਾ ਸਕਦੀਆਂ ਹਨ ਪਰ ਉਸ ਨੂੰ ਪੂਰੀ ਤਰ੍ਹਾਂ ਬਦਲਣਾ ਬਹੁਤ ਲੰਮੇ ਸਮੇਂ ਦਾ ਸੰਘਰਸ਼ ਹੈ। ਸਦੀਆਂ ਤੋਂ ਜਾਤੀਵਾਦ ਤੇ ਮਰਦ ਪ੍ਰਧਾਨ ਸੋਚ ਸਾਡੇ ਸਮਾਜਾਂ ਨੂੰ ਸੇਧ ਦੇਣ ਵਾਲੇ ਅਸੂਲ (Organizing Principles) ਬਣੇ ਹੋਏ ਹਨ ਅਤੇ ਕਈ ਵਾਰ ਇਨ੍ਹਾਂ ਦੁਆਰਾ ਪੈਦਾ ਕੀਤੇ ਹਾਲਾਤ ਦਾ ਸਾਹਮਣਾ ਕਰਦੇ ਹੋਏ ਮਰਦ ਤੇ ਔਰਤਾਂ ਬੇਵੱਸ ਹੋ ਜਾਂਦੇ ਹਨ ਅਤੇ ਨਿਰਾਸ਼ ਹੋ ਕੇ ਖ਼ੁਦਕੁਸ਼ੀ ਕਰ ਲੈਂਦੇ ਹਨ।

ਇੱਕ ਪਾਸੇ ਖ਼ੁਦਕੁਸ਼ੀ ਹੁੰਦੀ ਹੈ ਤੇ ਦੂਸਰੇ ਪਾਸੇ ਸਮਾਜਿਕ ਜਬਰ ਸਿਰ ਚੜ੍ਹ ਕੇ ਬੋਲਦਾ ਹੈ। ਸੰਵੇਦਨਸ਼ੀਲਤਾ ਗਾਇਬ ਹੋ ਜਾਂਦੀ ਹੈ ਜਿਵੇਂ ਕਨੋਈ ਪਿੰਡ ਵਾਲੇ ਮਸਲੇ ’ਚ ਹੋਈ। ਸਰਕਾਰ, ਪ੍ਰਸ਼ਾਸਨ, ਪੁਲੀਸ ਤੇ ਭਾਈਚਾਰੇ ਨੇ ਪੀੜਤ ਪਰਿਵਾਰ ਦੀਆਂ ਭਾਵਨਾਵਾਂ ਦਾ ਤਾਂ ਖ਼ਿਆਲ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਾਇਆ ਗਿਆ। ਦਰਜ ਕੀਤੇ ਗਏ ਕੇਸ ਦੀ ਐੱਫ ਆਈ ਆਰ ਦਾ ਤੱਤਸਾਰ ਇਹ ਹੈ ਕਿ ਪਰਿਵਾਰ ਦੇ ਮੈਂਬਰਾਂ ਨੇ ਮ੍ਰਿਤਕ ਦਾ ‘ਪੋਸਟ ਮਾਰਟਮ ਕਰਵਾਉਣ ਦਾ ਨੋਟਿਸ ਲੈਣ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ (ਪਰਿਵਾਰ ਦੇ ਮੈਂਬਰਾਂ) ਤੇ ਕਾਂਗਰਸ ਦੇ ਇੱਕ ਆਗੂ ਨੇ ਲਾਸ਼ ਦਾ ਬਣਦਾ ਸਨਮਾਨ ਅਤੇ ਕਿਰਿਆ ਕਰਮ ਕਰਨ ਵਿੱਚ ਰੁਕਾਵਟ ਪਾਈ ਹੈ। ਮ੍ਰਿਤਕ ਸਨਮਦੀਪ ਸਿੰਘ ਉਰਫ਼ ਸੰਨੀ ਉਕਤ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰਕੇ ਉਸ ਦੀ ਲਾਸ਼ ਦੀ ਨਿਰਾਦਰੀ ਕੀਤੀ ਹੈ।’ ਇਹ ਹੈ ਹਕੂਮਤ ਦੀ ਭਾਸ਼ਾ ਜੋ ਪੀੜਤ ਪਰਿਵਾਰ ’ਤੇ ਹੀ ਇਲਜ਼ਾਮ ਲਾਉਂਦੀ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਨਿਰਾਦਰ ਕੀਤਾ ਹੈ। ਇਹ ਅਸੰਵੇਦਨਸ਼ੀਲਤਾ ਦਾ ਸਿਖ਼ਰ ਹੈ।

ਇਸ ਤੋਂ ਅਗਲਾ ਸਿਖ਼ਰ ਹੈ ਪਰਿਵਾਰ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨਾ, ਪਰ ਇਸ ਨਾਲ ਵੀ ਸਰਕਾਰ, ਪ੍ਰਸ਼ਾਸਨ, ਪੁਲੀਸ ਤੇ ਸੱਤਾਮਈ ਧਿਰਾਂ ਦਾ ਢਿੱਡ ਨਹੀਂ ਭਰਦਾ। ਜਦੋਂ ਉਹ ਇਹ ਸਿੱਧ ਕਰ ਚੁੱਕੇ ਹਨ ਕਿ ਪਰਿਵਾਰ ਦੇ ਮੈਂਬਰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਦਾ ਨਿਰਾਦਰ ਕਰ ਚੁੱਕੇ ਹਨ ਤਾਂ ਉਸ ਦਾ ਸਨਮਾਨ ਕੌਣ ਕਰੇਗਾ? ਨਿਸ਼ਚੇ ਹੀ ਉਹ ‘ਸਨਮਾਨ’ ਪ੍ਰਸ਼ਾਸਨ, ਪੁਲੀਸ, ਸਰਕਾਰ ਤੇ ਪਿੰਡ ਦੇ ਕੁਝ ਮੋਹਤਬਰ ਬੰਦਿਆਂ ਦੇ ਹਿੱਸੇ ਆਉਂਦਾ ਹੈ; ਉਹ ਪਰਿਵਾਰ ਦੇ ਮੈਂਬਰਾਂ ਦੀ ਗ਼ੈਰਹਾਜ਼ਰੀ ਵਿੱਚ ਮ੍ਰਿਤਕ ਦੇਹ ਦਾ ਸਸਕਾਰ ਕਰਦੇ ਹਨ, ਦੇਹ ਨੂੰ ਘਰ ਵੀ ਨਹੀਂ ਲਿਜਾਇਆ ਜਾਂਦਾ।

ਇਸ ਤਰ੍ਹਾਂ ਅੱਜ ਪੰਜਾਬ ਆਪਣੇ ਉਸ ਪੁੱਤਰ ਦੀ ਦੇਹ ਦਾ ‘ਸਨਮਾਨ’ ਕਰ ਰਿਹਾ ਹੈ, ਜਿਸ ਨੇ ਸਮਾਜਿਕ ਜਬਰ ਤੋਂ ਤੰਗ ਆ ਕੇ ਆਪਣੀ ਜਾਨ ਖ਼ੁਦ ਲੈ ਲਈ। ਅਸੀਂ ਦੇਖ ਸਕਦੇ ਹਾਂ ਕਿ ਅਸੀਂ ਅਨੈਤਿਕਤਾ ਦੇ ਸਾਗਰ ਵਿੱਚ ਡੁੱਬ ਰਹੇ ਹਾਂ। ਸੋਸ਼ਲ ਮੀਡੀਆ ’ਤੇ ਘੁੰਮ ਰਹੀ ਇੱਕ ਹੋਰ ਪੋਸਟ ਵਿੱਚ ਕੁਝ ਪਿੰਡਾਂ ਦੇ ਮੋਹਤਬਰ ਲੋਕ ਇਕੱਠੇ ਹੋਏ ਹਨ, ਜਿਸ ਵਿੱਚ ਇੱਕ ਸੱਜਣ ਬੋਲਦਾ ਹੈ ਕਿ ਅਜਿਹੀ ਕਾਰਵਾਈ (ਖ਼ੁਦਕੁਸ਼ੀ) ਤੇ ਇਸ ਤੋਂ ਬਾਅਦ ਸਥਾਨਕ ਆਗੂਆਂ ’ਤੇ ਲੱਗ ਰਹੇ ਇਲਜ਼ਾਮ ਦਿਹਾਤੀ ਭਾਈਚਾਰੇ ਲਈ ਖ਼ਤਰਨਾਕ ਹਨ; ਜੇ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਸਰਪੰਚ ਆਪਣਾ ਕੰਮ ਕਿਵੇਂ ਚਲਾਉਣਗੇ; ਕੰਮਕਾਜ ਦੌਰਾਨ ਕਈ ਵਾਰ ਅਜਿਹੇ ਬੋਲ ਬੋਲੇ ਜਾਂਦੇ ਹਨ।

ਇਸ ਸੱਜਣ ਨੂੰ ਇਹੋ ਜਵਾਬ ਦਿੱਤਾ ਜਾ ਸਕਦਾ ਹੈ ਕਿ ਹਾਂ ਜਨਾਬ, ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ; ਹਾਕਮਾਂ ਤੇ ਮੋਹਤਬਰਾਂ ਨੂੰ ਹੱਕ ਹੈ ਕਿ ਉਹ ਕਾਮਿਆਂ ਤੇ ਦਲਿਤਾਂ ਵਿਰੁੱਧ ਜਿਵੇਂ ਜੀਅ ਕਰੇ ਬੋਲਣ; ਉਨ੍ਹਾਂ ਦਾ ਅਪਮਾਨ ਕਰਨ ਤੇ ਕਾਮੇ ਤੇ ਦਲਿਤ ਉਸ ਅਪਮਾਨ ਨੂੰ ਸਹਿ ਲੈਣ, ਗੁੱਸਾ ਨਾ ਕਰਨ, ਖ਼ੁਦਕੁਸ਼ੀਆਂ ਨਾ ਕਰਨ। ਅਸਲ ਵਿੱਚ ਕਿਹਾ ਇਹ ਜਾ ਰਿਹਾ ਹੈ ਕਿ ਤੁਸੀਂ ਸਮਾਜ ਵਿੱਚ ਆਪਣਾ ਦਰਜਾ ਪਛਾਣੋ, ਆਪਣੀ ਹਸਤੀ ਤੇ ਔਕਾਤ ਪਛਾਣੋ, ਰੌਲਾ ਨਾ ਪਾਓ, ਬੋਲੋ ਨਾ; ਵਿਦਰੋਹ ਨਾ ਕਰੋ; ਚੁੱਪ ਰਹੋ; ਚਾਹੇ ਤੁਸੀਂ ਗੁਲਜ਼ਾਰ ਸਿੰਘ ਦਾ ਪਰਿਵਾਰ ਹੋ ਜਾਂ ਸਨਮਦੀਪ ਸਿੰਘ ਦਾ ਪਰਿਵਾਰ ਜਾਂ ਬਰਨਾਲੇ ਵਿੱਚ ਕੁੱਟੇ ਗਏ ਸਫ਼ਾਈ ਸੇਵਕ ਜਾਂ ਪਿੰਡ ਦੀ ਸ਼ਾਮਲਾਟ ਵਿੱਚ ਹਿੱਸਾ ਮੰਗਦੇ ਦਲਿਤ ਜਾਂ ਖੇਤ ਮਜ਼ਦੂਰ ਆਗੂ ਹਮਰੇਸ਼ ਮਾਲੜੀ, ਤੁਸੀਂ ਚੁੱਪ ਰਹੋ। ਸਵਾਲ ਇਹ ਹੈ ਕੀ ਉਨ੍ਹਾਂ ਨੂੰ ਚੁੱਪ ਰਹਿਣਾ ਚਾਹੀਦਾ ਹੈ;

ਸਾਨੂੰ ਦੱਸਿਆ ਗਿਐ

ਅਸੀਂ ਹਾਰੇ ਹੋਏ ਹਾਂ

ਸਾਨੂੰ ਚੁੱਪ ਰਹਿਣਾ ਚਾਹੀਦੈ

ਦਲਿਤ ਹਾਂ

ਸਾਨੂੰ ਚੁੱਪ ਰਹਿਣਾ ਚਾਹੀਦੈ

ਘੱਟਗਿਣਤੀ ਵਿੱਚ ਹਾਂ

ਸਾਨੂੰ ਚੁੱਪ ਰਹਿਣਾ ਚਾਹੀਦੈ

ਕਿਸਾਨ ਮਜ਼ਦੂਰ ਹਾਂ

ਖ਼ੁਦਕੁਸ਼ੀ ਦੀਆਂ ਗਲੀਆਂ ਵਿੱਚ

ਅੰਨ੍ਹੇਵਾਹ ਦੌੜਨ ਲਈ ਮਜਬੂਰ ਹਾਂ

ਆਪਣੀ ਹਾਰ ਦੀ ਵਹਿਸ਼ਤ ਲਈ ਮਸ਼ਹੂਰ ਹਾਂ

ਸਾਡੇ ਵਿੱਚ ਅਨੁਸ਼ਾਸਨ ਨਹੀਂ

ਠੀਕ ਭਾਸ਼ਾ ਨਹੀਂ; ਭਾਸ਼ਨ ਨਹੀਂ

ਇਸ ਲਈ, ਸਾਨੂੰ ਚੁੱਪ ਰਹਿਣਾ ਚਾਹੀਦੈ

ਸਾਨੂੰ ਦੱਸਿਆ ਗਿਐ

ਸਾਨੂੰ ਚੁੱਪ ਦੀ ਬਹੁਤ ਲੋੜ ਹੈ

ਕਾਰਖ਼ਾਨਿਆਂ ਵਿੱਚ ਤੇ ਕਿਤਾਬਖ਼ਾਨਿਆਂ ਵਿੱਚ

ਖੇਤਾਂ ਵਿੱਚ ਤੇ ਮੈਖ਼ਾਨਿਆਂ ਵਿੱਚ

ਸਰੀਰਾਂ ਵਿੱਚ ਤੇ ਸਨਮਖ਼ਾਨਿਆਂ ਵਿੱਚ

ਪੈਦਾਵਾਰ ਵਧਾਉਣ ਲਈ

ਸੈਨਸੈਕਸ ਨੂੰ ਬਚਾਉਣ ਲਈ

ਦੇਸ਼ ਦੀ ਤਰੱਕੀ ਲਈ

ਹੱਡੀਆਂ ਦਾ ਸੁਰਮਾ ਬਣਾਉਂਦੀ ਚੱਕੀ ਲਈ

ਚੁੱਪ ਦੀ ਅਤਿਅੰਤ ਲੋੜ ਹੈ

ਸਾਨੂੰ ਚੁੱਪ ਰਹਿਣਾ ਚਾਹੀਦੈ

ਸਹਿਮਤੀ ਦੇ ਨਿਜ਼ਾਮ ਲਈ

ਹਰ ਸੋਹਣੀ ਸ਼ਾਮ ਲਈ

ਸਾਨੂੰ ਚੁੱਪ ਰਹਿਣਾ ਚਾਹੀਦੈ

ਕਿਸਾਨਾਂ ਨੂੰ ਚੁੱਪ ਰਹਿਣਾ ਚਾਹੀਦੈ

ਮਜ਼ਦੂਰਾਂ ਨੂੰ ਚੁੱਪ ਰਹਿਣਾ ਚਾਹੀਦੈ

ਕੁੜੀਆਂ ਤੇ ਵਿਦਿਆਰਥੀਆਂ ਨੂੰ ਚੁੱਪ ਰਹਿਣਾ ਚਾਹੀਦੈ

ਦਲਿਤਾਂ, ਦਮਿਤਾਂ ਤੇ ਮਾਹੀਗੀਰਾਂ ਨੂੰ ਚੁੱਪ ਰਹਿਣਾ ਚਾਹੀਦੈ

ਹੋਠਾਂ ਤੇ ਸਰੀਰਾਂ ਨੂੰ ਚੁੱਪ ਰਹਿਣਾ ਚਾਹੀਦੈ

ਮਰੁੰਡੇ ਹੋਏ ਰੁੱਖਾਂ

ਕਿੱਕਰਾਂ ਤੇ ਕਰੀਰਾਂ ਨੂੰ ਚੁੱਪ ਰਹਿਣਾ ਚਾਹੀਦੈ

ਸਾਨੂੰ ਸਾਰਿਆਂ ਨੂੰ ਚੁੱਪ ਰਹਿਣਾ ਚਾਹੀਦੈ

ਕੀ ਸਾਨੂੰ ਚੁੱਪ ਰਹਿਣਾ ਚਾਹੀਦੈ

ਅਸਲ ਵਿੱਚ ਸੱਤਾਧਾਰੀ ਧਿਰਾਂ ਦਲਿਤਾਂ, ਦਮਿਤਾਂ, ਕਾਮਿਆਂ ਤੇ ਮਜ਼ਦੂਰਾਂ ਨੂੰ ਇਹ ਕਹਿ ਰਹੀਆਂ ਹਨ, ‘‘ਕੀ ਹੋਇਆ ਜੇ ਤੁਹਾਡੇ ਕੋਲ ਰਵਿਦਾਸ-ਬਾਣੀ ਹੈ/ ਕੀ ਹੋਇਆ ਜੇ ਤੁਹਾਡੇ ਕੋਲ ਦੁੱਖਾਂ ਦੀ ਕਹਾਣੀ ਹੈ/ ਕੀ ਹੋਇਆ ਜੇ ਤੁਹਾਡੇ ਕੋਲ ਅੰਬੇਡਕਰ ਦੇ ਬੋਲ ਹਨ/ ... ਸਾਡੇ ਕੋਲ ਅੰਬੇਡਕਰ ਦੀ ਤਸਵੀਰ ਹੈ/ ਸੱਤਾ ਦੀ ਤਹਿਰੀਰ ਹੈ/ ਤੁਸੀਂ ਚੁੱਪ ਰਹੋ... ਤੁਸੀਂ ਚੁੱਪ ਰਹੋ।’’ ਸੱਤਾ ਇਹ ਵੀ ਕਹਿ ਰਹੀ ਹੈ, ‘‘ਤੁਸੀਂ ਕਨੋਈ, ਸ਼ੇਰੋਂ, ਬੰਜਾਰਾ ਤੂਰ ਹੋ/ ਤਲਵੰਡੀ ਸਲੇਮ, ਸ਼ਾਦੀਹਰੀ ਮੰਡੌਰ, ਜਲੂਰ ਹੋ/ ਪਰ ਚੰਡੀਗੜ੍ਹ ਤੋਂ ਬਹੁਤ ਦੂਰ ਹੋ/... ਤੁਸੀਂ ਚੁੱਪ ਰਹੋ।’’ ਸਵਾਲ ਉਹੀ ਹੈ ਕਿ ਕੀ ਸਾਨੂੰ ਚੁੱਪ ਰਹਿਣਾ ਚਾਹੀਦੈ?

ਸੁਨੇਹਾ ਇਹ ਹੈ ਕਿ ਭਾਵੇਂ ਤੁਸੀਂ ਸਨਮਦੀਪ ਦਾ ਪਰਿਵਾਰ ਹੋ ਜਾਂ ਗੁਲਜ਼ਾਰ ਸਿੰਘ ਦਾ ਪਰਿਵਾਰ ਜਾਂ ਸ਼ਾਮਲਾਟ ਵਿੱਚ ਹਿੱਸਾ ਮੰਗਦੇ ਦਲਿਤ ਜਾਂ ਖੇਤ ਮਜ਼ਦੂਰ ਆਗੂ ਹਰਮੇਸ਼ ਮਾਲੜੀ, ਸਮਾਜ ਵਿੱਚ ਆਪਣਾ ਦਰਜਾ ਪਛਾਣੋ, ਆਪਣੀ ਹਸਤੀ ਤੇ ਔਕਾਤ ਪਛਾਣੋ, ਰੌਲਾ ਨਾ ਪਾਓ, ਰੋਸ ਨਾ ਪ੍ਰਗਟਾਓ, ਵਿਦਰੋਹ ਨਾ ਕਰੋ, ਬੋਲੋ ਨਾ, ਚੁੱਪ ਰਹੋ... ਚੁੱਪ ਰਹੋ, ਤੁਸੀਂ ਦਲਿਤ ਹੋ। ਸੱਤਾ ਦਾ ਸੁਨੇਹਾ ਹੈ, ‘‘ਕੀ ਹੋਇਆ ਜੇ ਤੁਹਾਡੇ ਕੋਲ ਅੰਬੇਡਕਰ ਦੇ ਬੋਲ ਹਨ/ ਸਾਡੇ ਕੋਲ ਅੰਬੇਡਕਰ ਦੀ ਤਸਵੀਰ ਹੈ/ ਸੱਤਾ ਦੀ ਤਹਿਰੀਰ ਹੈ... ਤੁਸੀਂ ਚੁੱਪ ਰਹੋ! ਤੁਸੀਂ ਚੁੱਪ ਰਹੋ।’’

Advertisement
×