ਬਲਦੇਵ ਸਿੰਘ ਢਿੱਲੋਂ
ਵੀਰਇੰਦਰ ਸਿੰਘ ਸੋਹੂ
ਗੈਸਾਂ ਦੇ ਨਿਕਾਸ ਕਾਰਨ ਆਲਮੀ ਤਪਸ਼ ਵਧ ਰਹੀ ਹੈ। ਇਸ ਕਰਕੇ ਜਲਵਾਯੂ ਵਿੱਚ ਬਹੁਤ ਤਬਦੀਲੀਆਂ ਆ ਰਹੀਆਂ ਹਨ ਜਿਵੇਂ ਬੇਮੌਸਮੀ ਤੇ ਬੇਹਿਸਾਬੇ ਮੀਂਹ, ਹੜ੍ਹ, ਸੋਕਾ, ਤੂਫ਼ਾਨ, ਗਲੇਸ਼ੀਅਰਾਂ ਦਾ ਪਿਘਲਣਾ ਆਦਿ। ਇਹ ਤਬਦੀਲੀਆਂ ਬਹੁਤ ਗੰਭੀਰ ਸਮਾਜਿਕ, ਵਾਤਾਵਰਨ ਅਤੇ ਆਰਥਿਕ ਖ਼ਤਰੇ ਪੈਦਾ ਕਰਦੀਆਂ ਹਨ। ਇਨ੍ਹਾਂ ਵਿੱਚ ਖੇਤੀਬਾੜੀ ਅਤੇ ਸਾਡੀ ਭੋਜਨ ਸੁਰੱਖਿਆ ਸ਼ਾਮਲ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਜਲਵਾਯੂ ਪਰਿਵਰਤਨ ਲਈ ‘ਯੂਨਾਈਟਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਫਾਰ ਕਲਾਈਮੇਟ ਚੇਂਜ’ ਦੀ ‘ਕਾਨਫਰੰਸ ਆਫ ਪਾਰਟੀਜ਼’ ਦੀ 27ਵੀਂ ਮੀਟਿੰਗ ਵਿੱਚ ਚਿਤਾਵਨੀ ਦਿੱਤੀ ਕਿ ‘ਅਸੀਂ ਆਪਣੀਆਂ ਜ਼ਿੰਦਗੀਆਂ ਦੀ ਲੜਾਈ ਕਰ ਰਹੇ ਹਾਂ…. ਅਤੇ ਅਸੀਂ ਹਾਰ ਰਹੇ ਹਾਂ।’
ਭਾਰਤ ਵਰਗੇ ਦੇਸ਼ਾਂ ਵਿੱਚ ਜਲਵਾਯੂ ਪਰਿਵਰਤਨ ਦਾ ਖੇਤੀਬਾੜੀ ‘ਤੇ ਜ਼ਿਆਦਾ ਅਸਰ ਹੋਣ ਦਾ ਖਦਸ਼ਾ ਹੈ। ਭੋਜਨ ਸੁਰੱਖਿਆ ਤੋਂ ਇਲਾਵਾ ਖੇਤੀਬਾੜੀ ਆਰਥਿਕ ਅਤੇ ਸਮਾਜਿਕ ਤੌਰ ‘ਤੇ ਅਹਿਮ ਹੈ ਕਿਉਂਕਿ ਸਾਡੇ ਦੇਸ਼ ਦਾ ਵੱਡਾ ਹਿੱਸਾ ਇਸ ਉੱਪਰ ਨਿਰਭਰ ਹੈ। ਇਸ ਸਬੰਧੀ ਸਾਲ 2022 ਵਿੱਚ ਮੌਸਮ ਦੀ ਖਲਬਲੀ ਦਾ ਇੱਕ ਹਲੂਣਾ ਮਿਲਿਆ ਹੈ। ਮੌਸਮ ਵਿੱਚ ਬਹੁਤ ਖ਼ਰਾਬੀਆਂ ਆਈਆਂ ਜਿਵੇਂ ਉੱਚ ਤਾਪਮਾਨ ਲਹਿਰ, ਸੋਕਾ, ਬੇਮੌਸਮਾ-ਬੇਹਿਸਾਬੇ ਮੀਂਹ ਨਾਲ ਬਿਮਾਰੀਆਂ ਅਤੇ ਕੀੜਿਆਂ ਦੀ ਸਥਿਤੀ ਵੀ ਬਦਲ ਗਈ। ਇਸ ਨੇ ਫ਼ਸਲਾਂ ਦੇ ਉਤਪਾਦਨ ‘ਤੇ ਮਾੜਾ ਅਸਰ
ਪਾਇਆ ਹੈ।
ਪੰਜਾਬ ਵਿੱਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਹੈ। ਹਾੜ੍ਹੀ 2021-22 ਦੀ ਫ਼ਸਲ ਸ਼ੁਰੂ ਵਿੱਚ ਠੀਕ-ਠਾਕ ਵਧ-ਫੁੱਲ ਰਹੀ ਸੀ, ਪਰ 2022 ਵਿੱਚ ਮੌਸਮ ਖ਼ਰਾਬ ਹੋ ਗਿਆ। ਜਨਵਰੀ 2022 ਦੇ ਪਹਿਲੇ ਪੰਦਰਵਾੜੇ ਦੌਰਾਨ ਪੀਏਯੂ, ਲੁਧਿਆਣਾ ਵਿੱਚ 99.4 ਮਿਲੀਮੀਟਰ ਮੀਂਹ ਪਿਆ ਜਦੋਂਕਿ ਆਮ ਤੌਰ ‘ਤੇ ਇਸ ਸਮੇਂ 8.6 ਮਿਲੀਮੀਟਰ ਮੀਂਹ ਪੈਂਦਾ ਹੈ। 29 ਜਨਵਰੀ-4 ਫਰਵਰੀ ਦੌਰਾਨ ਆਮ 5.6 ਮਿਲੀਮੀਟਰ ਦੀ ਬਜਾਇ, 31 ਮਿਲੀਮੀਟਰ ਮੀਂਹ ਪਿਆ। ਜਨਵਰੀ ਦੌਰਾਨ ਧੁੱਪ ਦਾ ਸਮਾਂ 6.1 ਤੋਂ ਘਟ ਕੇ 1.9 ਘੰਟੇ ਪ੍ਰਤੀ ਦਿਨ ਰਹਿ ਗਿਆ। 5-11 ਮਾਰਚ ਦੌਰਾਨ ਪੀਏਯੂ ਦਾ ਹਫ਼ਤਾਵਾਰੀ ਔਸਤ ਤਾਪਮਾਨ ਆਮ ਨਾਲੋਂ 2.2 ਡਿਗਰੀ ਸੈਲਸੀਅਸ ਅਤੇ 12 ਮਾਰਚ-15 ਅਪਰੈਲ ਦੌਰਾਨ ਇਹ ਆਮ ਨਾਲੋਂ 4.6 ਤੋਂ 7.1 ਡਿਗਰੀ ਸੈਲਸੀਅਸ ਵੱਧ ਰਿਹਾ। 5 ਮਾਰਚ-15 ਅਪਰੈਲ ਦੌਰਾਨ ਮੀਂਹ ਬਿਲਕੁਲ ਨਹੀਂ ਪਿਆ।
ਜਨਵਰੀ ਵਿੱਚ ਭਾਰੀ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਨ ਅਤੇ ਧੁੱਪ ਦਾ ਸਮਾਂ ਘਟਣ ਕਾਰਨ ਫ਼ਸਲ ਉੱਪਰ ਮਾੜਾ ਅਸਰ ਪਿਆ। ਫਰਵਰੀ ਦੇ ਸ਼ੁਰੂ ਵਿਚ ਮੀਂਹ ਨੇ ਪਰਾਗਣ ‘ਤੇ ਵੀ ਮਾੜਾ ਅਸਰ ਪਾਇਆ। ਮਾਰਚ ਵਿੱਚ ਤਾਪਮਾਨ ਵਧਿਆ, ਜੋ ਕਣਕ ਦੇ ਦਾਣਿਆਂ ਦੇ ਵਧਣ-ਫੁੱਲਣ ਦਾ ਸਮਾਂ ਸੀ। ਇਸ ਸਮੇਂ ਕਣਕ ਉੱਚ ਤਾਪਮਾਨ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਉੱਚੇ ਤਾਪਮਾਨ ਨੇ ਦਾਣਿਆਂ ਦੀ ਮੋਟਾਈ ‘ਤੇ ਬੁਰਾ ਅਸਰ ਪਾਇਆ ਅਤੇ ਫ਼ਸਲ ਆਮ ਪੱਕਣ ਵਾਲੇ ਸਮੇਂ ਤੋਂ ਲਗਭਗ 10 ਦਿਨ ਅਗੇਤੀ ਪੱਕ ਗਈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਪੰਜਾਬ ਵਿੱਚ ਕਣਕ ਦਾ ਝਾੜ 2021-22 ਦੌਰਾਨ, 2020-21 ਦੇ 4868 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਘਟ ਕੇ 4216 ਕਿਲੋ ਰਹਿ ਗਿਆ। ਅਨਾਜ ਦੀ ਗੁਣਵੱਤਾ ਵੀ ਘਟ ਗਈ ਸੀ।
ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਝੋਨਾ ਹੈ। ਸੇਂਜੂ ਖੇਤੀਬਾੜੀ ਹੋਣ ਕਾਰਨ ਮੌਨਸੂਨ ਦੀ ਘਾਟ ਦੇ ਬਾਵਜੂਦ ਝੋਨੇ ਦੀ ਲਵਾਈ ਵਿੱਚ ਦੇਰੀ ਨਹੀਂ ਹੋਈ ਤੇ ਸ਼ੁਰੂ ਵਿੱਚ ਪੌਦਿਆਂ ਦਾ ਵਿਕਾਸ ਆਮ ਵਾਂਗ ਸੀ। ਜੁਲਾਈ 2022 ਦੇ ਆਖ਼ਰੀ ਹਫ਼ਤੇ ਨਵੀਂ ਵਾਇਰਲ ਬਿਮਾਰੀ ਸਦਰਨ ਰਾਈਸ ਬਲੈਕ-ਸਟਰੀਕਡ ਡਵਾਰਫ ਵਾਇਰਸ ਦਾ ਹਮਲਾ ਹੋਇਆ। ਇਹ ਪੰਜਾਬ ਵਿੱਚ ਝੋਨੇ ਦੀ ਪਹਿਲੀ ਵਾਇਰਲ ਬਿਮਾਰੀ ਹੈ ਜੋ ਸਭ ਤੋਂ ਪਹਿਲਾਂ ਦੱਖਣੀ ਚੀਨ ‘ਚ ਫੈਲੀ ਸੀ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਰਾਜ ਵਿੱਚ ਲਗਭਗ 34 ਹਜ਼ਾਰ ਹੈਕਟੇਅਰ ‘ਤੇ ਇਸ ਦਾ ਹਮਲਾ ਹੋਇਆ। ਉੱਤਰ-ਪੂਰਬੀ ਜ਼ਿਲ੍ਹਿਆਂ ਵਿੱਚ ਬਿਮਾਰੀ ਦੀ ਮਾਰ ਮੁਕਾਬਲਤਨ ਜ਼ਿਆਦਾ ਸੀ, ਉੱਥੇ ਝੋਨੇ ਦਾ ਝਾੜ 8-22 ਫ਼ੀਸਦੀ ਘਟਿਆ ਸੀ।
ਸਾਲ 2022 ਦੌਰਾਨ ਪਸ਼ੂਧਨ ‘ਤੇ ਵੀ ਬੁਰਾ ਅਸਰ ਪਿਆ। ਮੱਛਰਾਂ, ਡੰਗ ਵਾਲੀਆਂ ਮੱਖੀਆਂ ਅਤੇ ਚਿੱਚੜਾਂ ਦੁਆਰਾ ਫੈਲਣ ਵਾਲੇ ਕੈਪਰੀਪੋਕਸਵਾਇਰਸ ਨੇ ਲੰਪੀ ਸਕਿਨ ਮਹਾਮਾਰੀ ਫੈਲਾਈ। ਇਹ ਬਿਮਾਰੀ ਅਫ਼ਰੀਕਾ ਵਿੱਚ ਪ੍ਰਚਲਿਤ ਹੈ ਜੋ ਪਿਛਲੇ 2-3 ਸਾਲਾਂ ਦੌਰਾਨ ਦੱਖਣੀ ਭਾਰਤ ਵਿੱਚ ਵੀ ਦੇਖੀ ਜਾ ਰਹੀ ਹੈ। ਇਸ ਨੇ ਮੁੱਖ ਤੌਰ ‘ਤੇ ਗਾਵਾਂ, ਕੁਝ ਮੱਝਾਂ ਨੂੰ ਵੀ ਪ੍ਰਭਾਵਿਤ ਕੀਤਾ। ਪੰਜਾਬ ਵਿੱਚ ਇਹ ਜੂਨ ਤੋਂ ਨਵੰਬਰ ਤੱਕ ਫੈਲੀ ਰਹੀ। ਪੰਜਾਬ ਵਿੱਚ 1.74 ਲੱਖ ਮਾਮਲੇ ਆਏ, 17,932 ਪਸ਼ੂ ਮਰੇ। ਮੌਤਾਂ ਦੇ ਹਿਸਾਬ ਨਾਲ ਪੰਜਾਬ ਤੀਜੇ ਨੰਬਰ ‘ਤੇ ਹੈ। ਪ੍ਰਭਾਵਿਤ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ 10-15 ਫ਼ੀਸਦੀ ਘਟੀ।
ਇਸ ਸਾਲ ਖ਼ਰਾਬ ਮੌਸਮ ਨੇ ਕੌਮੀ ਪੱਧਰ ‘ਤੇ ਵੀ ਨੁਕਸਾਨ ਕੀਤਾ। ਮਾਰਚ-ਅਪਰੈਲ 2022 ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਅਸਾਧਾਰਨ ਉੱਚ ਤਾਪਮਾਨ ਅਤੇ ਅਗੇਤੀਆਂ ਗਰਮੀ ਦੀਆਂ ਲਹਿਰਾਂ ਦਾ ਹਮਲਾ ਹੋਇਆ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਨੁਸਾਰ ਕੌਮੀ ਪੱਧਰ ‘ਤੇ 2021-22 ਦੌਰਾਨ ਕਣਕ ਦਾ ਔਸਤ ਝਾੜ, 2020-21 ਦੇ 3521 ਕਿਲੋ ਪ੍ਰਤੀ ਹੈਕਟੇਅਰ ਤੋਂ ਘਟ ਕੇ 3484 ਕਿਲੋ ਰਹਿ ਗਿਆ।
ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋਣ ਮੌਕੇ ਜੂਨ ਵਿੱਚ ਮੌਨਸੂਨ ਦੇਰ ਨਾਲ ਆਈ। ਇਸ ਕਾਰਨ ਜੂਨ 2021 ਦੇ ਮੁਕਾਬਲੇ, ਜੂਨ 2022 ਵਿੱਚ ਘੱਟ ਰਕਬਾ ਬੀਜਿਆ ਗਿਆ। ਜੁਲਾਈ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਨਸੂਨ ਠੀਕ ਰਹੀ ਅਤੇ ਬੀਜੇ ਗਏ ਰਕਬੇ ਦੀ ਕੁਝ ਪੂਰਤੀ ਹੋਈ ਸੀ। ਫਿਰ ਵੀ ਪਿਛਲੇ ਸਾਲ ਦੇ ਮੁਕਾਬਲੇ ਅੰਤ-ਜੁਲਾਈ 2022 ਤੱਕ ਝੋਨੇ ਹੇਠ 13.3 ਫ਼ੀਸਦੀ ਰਕਬਾ ਘੱਟ ਸੀ।
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਨੁਸਾਰ ਅੱਧ-ਸਤੰਬਰ 2022 ਤੱਕ ਕੌਮੀ ਪੱਧਰ ‘ਤੇ ਮੌਨਸੂਨ ਆਮ ਨਾਲੋਂ 6 ਫ਼ੀਸਦੀ ਜ਼ਿਆਦਾ ਸੀ, ਪਰ ਵੰਡ ਬਰਾਬਰ ਨਹੀਂ ਸੀ। ਪੂਰਬ, ਉੱਤਰ-ਪੂਰਬ ਅਤੇ ਉੱਤਰ-ਪੱਛਮ ਭਾਰਤ ਵਿੱਚ 8 ਤੋਂ 17 ਫ਼ੀਸਦੀ ਅਤੇ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਪੰਜਾਬ ਅਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਵਿੱਚ 20 ਤੋਂ 59 ਫ਼ੀਸਦੀ ਘੱਟ ਮੀਂਹ ਪਿਆ। ਅੱਧ-ਸਤੰਬਰ 2022 ਤੱਕ 1092.9 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਈ ਕੀਤੀ ਗਈ ਜਦੋਂਕਿ ਸਾਉਣੀ 2021 ਦੌਰਾਨ ਇਹ ਰਕਬਾ 1101.9 ਲੱਖ ਹੈਕਟੇਅਰ ਸੀ। ਝੋਨੇ ਹੇਠ ਰਕਬੇ ਦਾ ਪਾੜਾ ਘਟ ਕੇ 4.5 ਫ਼ੀਸਦੀ ਰਹਿ ਗਿਆ ਸੀ ਪਰ ਪਛੇਤੀ ਬਿਜਾਈ ਨਾਲ ਝੋਨੇ ਦਾ ਝਾੜ ਘਟਣ ਦੀ ਸੰਭਾਵਨਾ ਹੈ।
ਜਲਵਾਯੂ ਪਰਿਵਰਤਨ ਅਤੇ ਇਸ ਦੇ ਮਾੜੇ ਅਸਰ ਬਾਰੇ ਸਬੂਤ ਹੁਣ ਪ੍ਰਤੱਖ ਹੋ ਗਏ ਹਨ। ਸਪੱਸ਼ਟ ਹੈ ਕਿ ਫ਼ਸਲਾਂ ਦੇ ਉਤਪਾਦਨ ਉੱਪਰ ਜਲਵਾਯੂ ਪਰਿਵਰਤਨ ਦਾ ਅਸਰ ਭੋਜਨ ਅਤੇ ਪੋਸ਼ਣ ਸੰਕਟ ਦਾ ਕਾਰਨ ਬਣ ਸਕਦਾ ਹੈ। ਵਧ ਰਹੀ ਮਨੁੱਖੀ ਆਬਾਦੀ ਦੀਆਂ ਭੋਜਨ ਲੋੜਾਂ ਪੂਰੀਆਂ ਕਰਨ ਲਈ ਦੋ-ਪੱਖੀ ਰਣਨੀਤੀ: ਜਲਵਾਯੂ ਪਰਿਵਰਤਨ ਨੂੰ ਠੱਲ੍ਹ ਪਾਉਣਾ ਅਤੇ ਖੇਤੀਬਾੜੀ ਨੂੰ ਜਲਵਾਯੂ ਦੇ ਬਦਲਦੇ ਹਾਲਾਤ ਅਨੁਕੂਲ ਢਾਲਣਾ, ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਜਲਵਾਯੂ ਪਰਿਵਰਤਨ ਦੇ ਕਾਰਕਾਂ ਵੱਲ ਧਿਆਨ ਦੇਣਾ ਪਵੇਗਾ ਜਿਵੇਂ ਗਰੀਨਹਾਊਸ ਗੈਸਾਂ ਦੇ ਨਿਕਾਸ। ਹੋਰ ਸਰੋਤਾਂ ਤੋਂ ਇਲਾਵਾ ਫ਼ਸਲਾਂ ਦੀ ਖੇਤੀ ਅਤੇ ਮਿੱਟੀ-ਪਾਣੀ ਪ੍ਰਬੰਧ ਗੈਸਾਂ ਦੇ ਨਿਕਾਸ ਵਿੱਚ ਯੋਗਦਾਨ ਪਾਉਂਦੇ ਹਨ ਜਿਸ ਨੂੰ ਘਟਾਉਣਾ ਜ਼ਰੂਰੀ ਹੋਵੇਗਾ। ਇਸ ਲਈ ‘ਕੰਜ਼ਰਵੇਸ਼ਨ ਖੇਤੀਬਾੜੀ’ ਸਹਾਈ ਹੋ ਸਕਦੀ ਹੈ ਜੋ ਮਿੱਟੀ ਦੀ ਘੱਟੋ-ਘੱਟ ਛੇੜ-ਛਾੜ, ਮਿੱਟੀ ਨੂੰ ਸਥਾਈ ਤੌਰ ‘ਤੇ ਢਕਣ ਅਤੇ ਵੱਖ-ਵੱਖ ਫ਼ਸਲਾਂ ਦੀ ਖੇਤੀ ਕਰਨ ਦੇ ਸਿਧਾਂਤਾਂ ‘ਤੇ ਆਧਾਰਿਤ ਹੈ। ਭਾਵ ਜਿੰਨਾ ਸੰਭਵ ਹੋਵੇ ਜ਼ਮੀਨ ਨੂੰ ਕੁਦਰਤੀ ਹਾਲਾਤ ਵਿੱਚ ਰੱਖਿਆ ਜਾਵੇ।
ਜਲਵਾਯੂ ਪਰਿਵਰਤਨ ਦੇ ਮਾੜੇ ਅਸਰ ਨੂੰ ਘੱਟ ਕਰਨ ਲਈ ਖੇਤੀਬਾੜੀ ਨੂੰ ਉੱਭਰ ਰਹੇ ਜਲਵਾਯੂ ਦੇ ਅਨੁਕੂਲ ਬਣਾਉਣਾ ਚਾਹੀਦਾ ਹੈ। ਇਸ ਬਾਰੇ ਰਣਨੀਤੀਆਂ ਵਿੱਚ ਫ਼ਸਲ ਉਤਪਾਦਨ ਦੇ ਖੇਤਰਾਂ ਅਤੇ ਫ਼ਸਲੀ ਪ੍ਰਣਾਲੀਆਂ ਨੂੰ ਬਦਲਣਾ, ਉਤਪਾਦਨ ਦੇ ਢੰਗਾਂ ਵਿੱਚ ਸੁਧਾਰ ਕਰਨਾ ਅਤੇ ਨਵੀਆਂ ਕਿਸਮਾਂ ਪੈਦਾ ਕਰਨਾ ਜਿਹੇ ਉਪਰਾਲੇ ਸ਼ਾਮਲ ਹਨ। ਜਲਵਾਯੂ ਪਰਿਵਰਤਨ ਕਾਰਨ ਫ਼ਸਲਾਂ ਦੇ ਬਿਜਾਈ ਵਾਲੇ ਸਮੇਂ ਅਤੇ ਨਵੀਆਂ ਕਿਸਮਾਂ ਦੇ ਪੱਕਣ ਲਈ ਸਮੇਂ ਵਿਚ ਬਦਲਾਅ ਨਾਲ ਫ਼ਸਲ-ਉਤਪਾਦਨ ਤਕਨਾਲੋਜੀ ਦੇ ਪੂਰੇ ਪੈਕੇਜ, ਜਿਵੇਂ ਕਿ ਸਿੰਜਾਈ ਅਤੇ ਖਾਦਾਂ ਦੀ ਵਰਤੋਂ, ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ ਆਦਿ ਨੂੰ ਪੂਰੀ ਤਰ੍ਹਾਂ ਨਵਿਆਉਣ ਦੀ ਲੋੜ ਪਵੇਗੀ। ਨਵੀਆਂ ਤਕਨਾਲੋਜੀਆਂ ਜਿਵੇਂ ਬਾਇਓ ਤਕਨਾਲੋਜੀ, ਨੈਨੋਤਕਨਾਲੋਜੀ, ਸੈਂਸਰ-ਆਧਾਰਿਤ ਸੂਖਮ-ਸਿੰਜਾਈ ਅਤੇ ਖਾਦਾਂ ਤੇ ਕੀਟਨਾਸ਼ਕਾਂ, ਮਸਨੂਈ ਬੁੱਧੀ ਆਦਿ ਦੀ ਵਰਤੋਂ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ।
ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ, ਚੰਗੇ ਮਨੁੱਖੀ ਵਸੀਲਿਆਂ ਅਤੇ ਸੰਸਥਾਗਤ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ, ਬੁਨਿਆਦੀ ਅਤੇ ਉਪਯੋਗੀ ਖੋਜਾਂ ਦਾ ਵਿਸਤਾਰ ਕਰਨ ਅਤੇ ਆਪਸ ਵਿਚ ਜੋੜਨ, ਅੰਤਰ-ਸੰਸਥਾਵਾਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ, ਅਤੇ ਖੋਜ ਅਤੇ ਵਿਕਾਸ ਫੰਡਿੰਗ ਵਧਾਉਣ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
* ਸਾਬਕਾ ਵਾਈਸ ਚਾਂਸਲਰ, ਪੀਏਯੂ
** ਮੁਖੀ, ਪਲਾਂਟ ਬਰੀਡਿਗ ਅਤੇ ਜੈਨੇਟਿਕਸ ਡਿਪਾਰਟਮੈਂਟ, ਪੀਏਯੂ
ਸੰਪਰਕ: 98761-34373